ਅੱਗ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੱਗ (ਨਾਂ,ਇ) ਪੰਜਾਂ ਤੱਤਾਂ ਵਿੱਚੋ ਇੱਕ ਗ਼ਰਮ ਤੱਤ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26469, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਅੱਗ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੱਗ [ਨਾਂਇ] ਪੰਜਾਂ ਤੱਤਾਂ ਵਿਚੋਂ ਇਕ ਤੱਤ, ਅਗਨੀ , ਬਸੰਤਰ , ਆਤਿਸ਼; ਕਾਮ , ਹਵਸ; ਈਰਖਾ , ਸਾੜਾ; ਡਾਢੀ ਭੁੱਖ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26453, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅੱਗ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

          ਅੱਗ : ਰਸਾਇਣਿਕ ਪੱਖ ਤੋਂ ਅੱਗ ਆਰਗੈਨਿਕ ਪਰਾਰਥਾਂ ਦੇ ਕਾਰਬਨ ਦੇ ਹੋਰ ਕਈ ਤੱਤਾਂ ਦਾ ਆਕਸੀਜਨ ਨਾਲ ਇਸ ਤਰ੍ਹਾਂ ਦਾ ਮੇਲ ਹੈ ਕਿ ਉਸ ਤੋਂ ਗਰਮੀ ਤੇ ਚਾਨਣਾ ਪੈਦਾ ਹੋਵੇ। ਅੱਗੇ ਬੜੇ ਕੰਮ ਕਰਦੀ ਹੈ। ਸਰਦੀਆਂ ਵਿਚ ਹੱਥ ਪੈਰ ਸੇਕਣ ਤੋਂ ਲੈ ਕੇ ਐਟਮ ਬੰਬ ਨਾਲ ਸ਼ਹਿਰਾਂ ਦੇ ਸ਼ਹਿਰ ਭਸਮ ਕਰ ਦੇਣਾ ਸਭ ਅੱਗ ਦੇ ਹੀ ਕੰਮ ਹਨ। ਇਸੇ ਨਾਲ ਹੀ ਸਾਡੀ ਰੋਟੀ ਪੱਕਦੀ ਹੈ, ਇਸੇ ਨਾਲ ਹੀ ਕੱਚੇ ਖਣਿਜਾਂ ਵਿਚੋਂ ਧਾਤਾਂ ਕੱਢੀਆਂ ਜਾਂਦੀਆਂ ਹਨ ਅਤੇ ਇਸੇ ਨਾਲ ਸ਼ਕਤੀ ਪੈਦਾ ਕਰਨ ਵਾਲੇ ਇੰਜਣ ਚਲਦੇ ਹਨ। ਧਰਤੀ ਵਿਚ ਦੱਬੇ ਖੰਡਰਾਂ ਤੋਂ ਪਤਾ ਲਗਦਾ ਹੈ ਕਿ ਆਮ ਕਰਕੇ ਧਰਤੀ ਉੱਤੇ ਮਨੁੱਖ ਦੇ ਜਨਮ ਤੋਂ ਹੀ ਉਸ ਨੂੰ ਅੱਗ ਦਾ ਪਤਾ ਸੀ। ਅੱਜ ਦੀ ਧਰਤੀ ਉੱਤੇ ਵੀ ਬਿਲਕੁਲ ਮੁਢਲੀ ਸਭਿਅਤਾ ਵਾਲੀਆਂ ਬਹੁਤ ਸਾਰੀਆਂ ਵਹਿਸ਼ੀ ਕੌਮਾਂ ਹਨ, ਪਰ ਇਹੋ ਜਿਹੀ ਕੋਈ ਕੌਮ ਨਹੀਂ ਜਿਸ ਨੂੰ ਅੱਗ ਦਾ ਪਤਾ ਨਾ ਹੋਵੇ। ਮੁਢਲੇ ਮਨੁੱਖ ਨੇ ਪੱਥਰਾਂ ਦੇ ਟਕਰਾਉਣ ਤੋਂ ਪੈਦਾ ਹੋਈਆਂ ਚਿੰਗਾਰੀਆਂ ਨੂੰ ਵੇਖਿਆ ਹੋਵੇਗਾ। ਬਹੁਤ ਸਾਰੇ ਵਿਦਵਾਨਾਂ ਦਾ ਖ਼ਿਆਲ ਹੈ ਕਿ ਮਨੁੱਖ ਨੇ ਸਭ ਤੋਂ ਪਹਿਲਾਂ ਸਖ਼ਤ ਪੱਥਰਾਂ ਨੂੰ ਇਕ ਦੂਜੇ ਉੱਤੇ ਮਾਰ ਕੇ ਅੱਗ ਪੈਦਾ ਕੀਤੀ ਹੋਵੇਗੀ।

          ਪੱਥਰਾਂ ਦੇ ਹਥਿਆਰ ਬਣ ਚੁੱਕਣ ਪਿੱਛੋਂ ਉਨ੍ਹਾਂ ਨੂੰ ਚਮਕੀਲੇ ਤੇ ਤਿੱਖੇ ਕਰਨ ਲਈ ਰਗੜਿਆ ਗਿਆ ਹੋਵੇਗਾ। ਇਸ ਤਰ੍ਹਾਂ ਜਿਹੜੀ ਗਰਮੀ ਪੈਦਾ ਹੋਈ ਹੋਵੇਗੀ ਉਸ ਤੋਂ ਮਨੁੱਖ ਨੇ ਰਗੜ ਨਾਲ ਅੱਗ ਪੈਦਾ ਕਰਨ ਦਾ ਤਰੀਕਾ ਕੱਢਿਆ ਹੋਵੇਗਾ।

          ਰਗੜ ਤੇ ਟੱਕਰ, ਇਨ੍ਹਾਂ ਦੋਹਾਂ ਤਰੀਕਿਆਂ ਨਾਲ ਅੱਗ ਪੈਦਾ ਕਰਨ ਦਾ ਢੰਗ ਅੱਜ ਕਲ੍ਹ ਵੀ ਵਰਤਿਆ ਜਾਂਦਾ ਹੈ। ਹੁਣ ਵੀ ਲੋੜ ਪੈਣ ਤੇ ਇਸਪਾਤ ਤੇ ਚਕਮਕ ਪੱਥਰ ਨਾਲ ਅੱਗ ਪੈਦਾ ਕੀਤੀ ਜਾਂਦੀ ਹੈ। ਇਕ ਖ਼ਾਸ ਕਿਸਮ ਦਾ ਸੁੱਕਾ ਘਾਹ ਜਾਂ ਰੂੰ ਚਕਮਕ ਦੇ ਨਾਲ ਘੁੱਟ ਕੇ ਫੜ ਲੈਂਦੇ ਹਨ ਤੇ ਇਸਪਾਤ ਦੇ ਟੋਟੇ ਨਾਲ ਚਕਮਕ ਉੱਪਰ ਸੱਟ ਮਾਰਦੇ ਹਨ। ਟੱਕਰ ਨਾਲ ਪੈਦਾ ਹੋਈ ਚਿਣਗ ਤੋਂ ਘਾਹ ਜਾਂ ਰੂੰ ਧੁਖਣ ਲੱਗ ਪੈਂਦੀ ਹੈ ਤੇ ਇਸ ਨੂੰ ਫੂਕ ਫੂਕ ਤੇ ਮੁੜ ਪਤਲੀ ਲਕੜੀ ਤੇ ਸੁੱਕੇ ਪੱਤਰਾਂ ਵਿੱਚ ਰੱਖ ਕੇ ਅੱਗ ਮਘਾ ਲਈ ਜਾਂਦੀ ਹੈ। ਰਗੜ ਕੇ ਅੱਗ ਪੈਦਾ ਕਰਨ ਦੇ ਤਰੀਕਿਆਂ ਵਿੱਚੋਂ ਸਭ ਤੋਂ ਸੌਖਾ ਤੇ ਆਮ ਤਰੀਕਾ ਲੱਕੜੀ ਦੇ ਪਟੜੇ ਉੱਤੇ ਲੱਕੜੀ ਦੀ ਸੋਟੀ ਰਗੜਨ ਦਾ ਹੈ।

          ਇਕ ਹੋਰ ਤਰੀਕੇ ਵਿੱਚ ਅੱਗ ਪੈਦਾ ਕਰਨ ਲਈ ਇਕ ਛੇਕ ਵਾਲੀ ਲੱਕੜੀ ਵਰਤੀ ਜਾਂਦੀ ਹੈ। ਇਹ ਛੇਕ ਬਹੁਤ ਡੂੰਘਾ ਨਹੀਂ ਹੁੰਦਾ। ਇਸ ਛੇਕ ਉੱਤੇ ਲੱਕੜੀ ਦੀ ਸੋਟੀ ਨੂੰ ਮਧਾਣੀ ਵਾਂਗ ਜ਼ੋਰ ਨਾਲ ਘੁਮਾਇਆ ਜਾਂਦਾ ਹੈ। ਭਾਰਤ ਵਿਚ ਪੁਰਾਣੇ ਸਮੇਂ ਵਿਚ ਵੀ ਇਹੋ ਤਰੀਕਾ ਵਰਤਿਆ ਜਾਂਦਾ ਸੀ। ਇਸ ਯੰਤਰ ਨੂੰ ‘ਅਰਣੀ’ ਕਹਿੰਦੇ ਸਨ। ਸੋਟੀ ਨੂੰ ‘ਉਤਰਾ’ ਅਤੇ ਫੱਟੇ ਨੂੰ ‘ਅਧਰਾ’ ਕਿਹਾ ਜਾਂਦਾ ਸੀ। ਅੱਗ ਪੈਦਾ ਕਰਨ ਲਈ ਭਾਰਤ ਦੇ ਨਾਲ ਲੰਕਾ, ਸੁਮਾਟਰਾ, ਆਸਟ੍ਰੇਲੀਆ ਦੇ ਦੱਖਣੀ ਅਫ਼ਰੀਕਾ ਵਿਚ ਵੀ ਇਹੋ ਤਰੀਕਾ ਵਰਤਿਆ ਜਾਂਦਾ ਸੀ। ਉੱਤਰੀ ਅਮਰੀਕਾ ਦੇ ਰੈੱਡ ਇੰਡੀਅਨ ਤੇ ਮੱਧ ਅਮਰੀਕਾ ਦੇ ਵਸਨੀਕ ਵੀ ਇਹੋ ਤਰੀਕਾ ਵਰਤਦੇ ਸਨ। ਦੱਖਣੀ ਸ਼ਾਂਤ ਮਹਾਸਾਗਰ ਦਾ ਟਾਹਿਟੀ (Tahiti) ਨਾਂ ਦਾ ਇਕ ਟਾਪੂ ਹੈ ਜਿੱਥੇ ਸਥਾਨਕ ਆਦਿ ਵਾਸੀ ਹੀ ਵਸਦੇ ਹਨ। ਇਕ ਵਾਰੀ ਚਾਰਲਸ ਡਾਰਵਿਨ ਨੇ ਵੇਖਿਆ ਕਿ ਉਥੋਂ ਦੇ ਲੋਕ ਇਸ ਤਰ੍ਹਾਂ ਕੁਝ ਸੈਕੰਡਾਂ ਵਿਚ ਅੱਗ ਪੈਦਾ ਕਰ ਲੈਂਦੇ ਹਨ ਪਰ ਆਪ ਉਸ ਨੂੰ ਇਸ ਕੰਮ ਵਿਚ ਸਫ਼ਲਤਾ ਬਹੁਤ ਮਿਹਨਤ ਮਗਰੋਂ ਮਿਲੀ। ਫ਼ਾਰਸੀ ਦੀ ਮਸ਼ਹੂਰ ਕਿਤਾਬ ‘ਸ਼ਾਹਨਾਮੋ’ ਅਨੁਸਾਰ ਹੋਸ਼ਿੰਗ ਦੇ ਸਮੇਂ ਵਿਚ ਅੱਗ ਈਜਾਦ ਹੋਈ।

          ਉੱਤਰੀ ਅਮਰੀਕਾ ਦਾ ਇਕ ਲੋਕ-ਕਹਾਣੀ ਅਨੁਸਾਰ ਇਕ ਵੱਡੇ ਸਾਰੇ ਸੰਢੇ ਦੇ ਦੌੜਣ ਨਾਲ ਉਸ ਦੇ ਖੁਰ ਜਦੋਂ ਪੱਥਰਾਂ ਨਾਲ ਟਕਰਾਏ ਤਾਂ ਉਸ ਨਾਲ ਚਿਣਗਾਂ ਨਿਕਲੀਆਂ। ਉਨ੍ਹਾਂ ਚਿਣਗਾਂ ਵਿੱਚੋਂ ਭਿਆਨਕ ਅੱਗ ਭੜਕ ਪਈ ਤੇ ਇਸ ਤੋਂ ਮਨੁੱਖ ਨੇ ਸਭ ਤੋਂ ਪਹਿਲਾਂ ਅੱਗ ਲਈ।

          ਮਨੁੱਖ ਦੇ ਸਭਿਆਚਾਰ ਅਤੇ ਵਿਗਿਆਨ ਦੀ ਉੱਨਤੀ ਵਿਚ ਅੱਗ ਦਾ ਬਹੁਤ ਸਾਰਾ ਹੱਥ ਰਿਹਾ ਹੈ। ਲਾਤੀਨੀ ਵਿਚ ਅੱਗ ਨੂੰ ‘ਪਾਇਰ’ ਕਹਿੰਦੇ ਹਲ ਅਤੇ ਇਸ ਨੂੰ ਪਿਉਰਸ (Puras) ਅਰਥਾਤ ਪਵਿੱਤਰ ਮੰਨਿਆ ਜਾਂਦਾ ਹੈ। ਸੰਸਕ੍ਰਿਤ ਵਿਚ ਅੱਗ ਦਾ ਇਕ ਸਮਾਨ-ਅਰਥਕ ‘ਪਾਵਕ’ ਵੀ ਹੈ ਜਿਸ ਦਾ ਅਰਥ ਹੈ ‘ਪਵਿੱਤਰ ਕਰਨ ਵਾਲਾ’। ਅੱਗ ਨੂੰ ਪਵਿੱਤਰ ਮੰਨ ਕੇ ਕਈ ਕੌਮਾਂ ਵਿਚ ਇਸ ਦੀ ਪੂਜਾ ਸ਼ੁਰੂ ਹੋਈ ਤੇ ਹੁਣ ਵੀ ਹੁੰਦੀ ਹੈ।

          ਸਦੀਵੀ ਅੱਗ––ਅੱਗ ਪੈਦਾ ਕਰਨ ਵਿਚ ਪਹਿਲਾਂ ਆਮ ਤੌਰ ਤੇ ਇੰਨੀ ਤਕਲੀਫ਼ ਹੁੰਦੀ ਸੀ ਕਿ ਆਦਿ-ਕਾਲ ਦਾ ਮਨੁੱਖ ਇਕ ਵਾਰੀ ਪੈਦਾ ਕੀਤੀ ਅੱਗ ਨੂੰ ਸਦਾ ਬਲਦਿਆਂ ਰੱਖਣ ਦੀ ਇੱਛਾ ਰਖਦਾ ਸੀ। ਯੂਨਾਨ ਤੇ ਫ਼ਰਾਂਸ ਦੇ ਲੋਕ ਆਪਣੇ ਹਰ ਸ਼ਹਿਰ ਤੇ ਪਿੰਡ ਵਿਚ ਅੱਗ ਨੂੰ ਹਮੇਸ਼ਾ ਬਲਦਿਆਂ ਰਖਦੇ ਸਨ। ਰੋਮ ਦੇ ਇਕ ਪਵਿੱਤਰ ਮੰਦਰ ਵਿਚ ਅੱਗ ਸਦਾ ਬਲਦੀ ਰੱਖੀ ਜਾਂਦੀ ਸੀ ਪਰ ਜੇ ਕਿਸੇ ਕਾਰਨ ਮੰਦਰ ਦੀ ਅੱਗ ਬੁਝ ਜਾਂਦੀ ਸੀ ਤਾਂ ਇਸ ਨੂੰ ਬੜਾ ਭੈੜਾ ਸ਼ਗਨ ਮੰਨਿਆ ਜਾਂਦਾ ਸੀ ਅਤੇ ਪੁਜਾਰੀ ਪਹਿਲਾਂ ਵਾਂਗ ‘ਮੁੜ’ ਅੱਗ ਪੈਦਾ ਕਰਦੇ ਸਨ। ਸੰਨ 1827 ਤੋਂ ਪਿੱਛੋਂ ਮਾਚਸ ਦੀ ਕਾਢ ਨਿਕਲਨ ਮਗਰੋਂ ਅੱਗ ਨੂੰ ਬਲਦੇ ਰਖਣ ਦੀ ਲੋੜ ਨਾ ਰਹੀ। ਤੀਲੀ ਦੀ ਵਰਤੋਂ ਵੀ ਰਗੜ ਦੀ ਹੀ ਉਦਾਹਰਨ ਹੈ। ਫ਼ਰਕ ਇਤਨਾ ਹੀ ਹੈ ਕਿ ਮਾਚਸ ਵਿਚ ਫ਼ਾਸਫੋਰਸ, ਸ਼ੋਰਾ ਆਦਿ ਛੇਤੀ ਬਲਣ ਵਾਲੇ ਮਸਾਲੇ ਵਰਤੇ ਜਾਂਦੇ ਹਨ।

          ਪਹਿਲੇ ਸਮੇਂ ਦਾ ਮਨੁੱਖ ਜੰਗਲੀ ਜਾਨਵਰਾਂ ਨੂੰ ਭਜਾਉਣ ਜਾਂ ਉਨ੍ਹਾਂ ਤੋਂ ਬਚਕੇ ਰਹਿਣ ਲਈ ਅੱਗ ਦੀ ਵਰਤੋਂ ਕਰਦਾ ਰਿਹਾ ਹੋਵੇਗਾ। ਉਹ ਸਰਦੀਆਂ ਵਿਚ ਅੱਗ ਸੇਕਦਾ ਵੀ ਸੀ। ਅਸਲ ਵਿਚ ਜਿਉਂ ਜਿਉਂ ਆਬਾਦੀ ਵਧੀ, ਲੋਕੀ ਅੱਗ ਦੇ ਸਹਾਰੇ ਹੀ ਜ਼ਿਆਦਾ ਤੋਂ ਜ਼ਿਆਦਾ ਠੰਢੇ ਦੇਸ਼ਾਂ ਵਿਚ ਜਾ ਵਸੇ। ਅੱਗ, ਗਰਮ ਕਪੜੇ ਅਤੇ ਮਕਾਨਾਂ ਦੇ ਆਸਰੇ ਮਨੁੱਖ ਬਹੁਤੇ ਠੰਢੇ ਦੇਸ਼ਾਂ ਵਿਚ ਵੀ ਰਹਿ ਸਕਦਾ ਹੈ ਅਤੇ ਇਸ ਤਰ੍ਹਾਂ ਉਸ ਨੂੰ ਸਿਆਲ ਵਿਚ ਸਰਦੀ ਨਾਲ ਤਕਲੀਫ਼ ਨਹੀਂ ਹੁੰਦੀ।

          ਬਿਜਲੀ ਦੇ ਜ਼ਮਾਨੇ ਵਿਚ ਅੱਗ––ਮੋਟਰਕਾਰ ਦੇ ਇੰਜਣਾਂ ਵਿਚ ਪੈਟਰੋਲ ਨੂੰ ਬਾਲਣ ਲਈ ਬਿਜਲੀ ਦੀ ਚਿਣਗ ਦੀ ਵਰਤੋਂ ਹੁੰਦੀ ਹੈ ਕਿਉਂਕਿ ਇਹੋ ਜਿਹੀ ਚਿਣਗ ਲੋੜ ਅਨੁਸਾਰ ਝੱਟ ਪੈਦਾ ਕੀਤੀ ਜਾ ਸਕਦੀ ਹੈ। ਮਕਾਨਾਂ ਵਿਚ ਕਦੇ ਕਦੇ ਬਿਜਲੀ ਦੀ ਤਾਰ ਵਿਚ ਖ਼ਰਾਬੀ ਆ ਜਾਣ ਕਰਕੇ ਅੱਗ ਲਗ ਜਾਂਦੀ ਹੈ। ਆਤਸ਼ੀ ਸ਼ੀਸ਼ੇ ਜਾਂ ਉੱਤਲ ਲੈੱਨਜ਼ ਤੇ ਅਵਤਲ ਦਰਪਣ ਨਾਲ ਸੂਰਜ ਦੀਆਂ ਕਿਰਨਾਂ ਨੂੰ ਇਕੱਠਾ ਕਰਕੇ ਵੀ ਅੱਗ ਪੈਦਾ ਕੀਤੀ ਜਾ ਸਕਦੀ ਹੈ। ਯੂਨਾਨ ਤੇ ਚੀਨ ਦੇ ਇਤਿਹਾਸ ਵਿਚ ਇਹ ਤਰੀਕੇ ਲਿਖੇ ਹੋਏ ਹਨ।

          ਅੱਗ ਨਾਲ ਨੁਕਸਾਨ––ਹਰ ਸਾਲ ਅਖ਼ਬਾਰਾਂ ਵਿਚ ਆਉਂਦਾ ਹੈ ਕਿ ਅੱਗ ਨਾਲ ਇੰਨੇ ਘਰ ਸੜ ਗਏ ਜਾਂ ਇੰਨੇ ਲੱਖ ਰੁਪਏ ਦਾ ਨੁਕਸਾਨ ਹੋਇਆ ਜਾਂ ਇਤਨੇ ਬੰਦੇ ਮਰੇ। ਸੰਨ 1944 ਵਿਚ ਬੰਬਈ ਦੀ ਬੰਦਰਗਾਹ ਵਿਚ ਇਕ ਜਹਾਜ਼ ਵਿਚ ਧਮਾਕਾ ਹੋਇਆ ਜਿਸ ਨਾਲ ਬੰਦਰਗਾਹ ਦੇ ਲਾਗੇ ਦੇ ਮਕਾਨ ਸੜ ਗਏ ਅਤੇ ਲਗਭਗ ਤੀਹ ਕਰੋੜ ਰੁਪਏ ਦਾ ਨੁਕਸਾਨ ਹੋਇਆ। ਸੰਨ 1666 ਵਿਚ ਜਿਹੜੀ ਅੱਗ ਲੰਡਨ ਵਿਚ ਲੱਗੀ ਸੀ ਉਹ ਲਗਾਤਾਰ ਤਿੰਨ ਦਿਨਾਂ ਤਕ ਬਲਦੀ ਰਹੀ ਅਤੇ 13 ਹਜ਼ਾਰ ਮਕਾਨ, ਸੇਂਟਪਾਲ ਦਾ ਵੱਡਾ ਗਿਰਜਾ, 93 ਆਮ ਗਿਰਜੇ, ਜੇਲ੍ਹ-ਖ਼ਾਨੇ ਅਤੇ ਚਾਰ ਪੱਥਰ ਦੇ ਪੁਲ ਆਦਿ ਤਬਾਹ ਹੋ ਗਏ। ਭਾਵੇਂ ਸਸਤਾ ਜ਼ਮਾਨਾ ਸੀ ਪਰ ਫਿਰ ਵੀ ਅੰਦਾਜ਼ਾ ਲਾਇਆ ਗਿਆ ਹੈ ਕਿ 15 ਕਰੋੜ ਰੁਪਏ ਦਾ ਨੁਕਸਾਨ ਹੋਇਆ। ਪਿਛਲੀ ਵੱਡੀ ਲੜਾਈ ਵਿਚ ਜਰਮਨੀ ਦੇ ਮਕਾਨ ਇਸ ਤਰ੍ਹਾਂ ਬਣੇ ਸਨ ਕਿ ਇਕ ਨੂੰ ਅੱਗ ਲਗਣ ਨਾਲ ਲਾਗਲੇ ਮਕਾਨਾਂ ਨੂੰ ਅੱਗ ਨਹੀਂ ਸੀ ਲਗਦੀ। ਤਦ ਵੀ 1943 ਵਿਚ 27-28 ਜੁਲਾਈ ਨੂੰ ਬਹੁਤ ਸਾਰੇ ਬੰਬ ਸੁੱਟੇ ਜਾਣ ਤੇ ਹਜ਼ਾਰਾਂ ਮਕਾਨ ਇਕੱਠੇ ਸੜਨ ਲੱਗੇ ਅਤੇ ਸੱਤਰ ਅੱਸੀ ਹਜ਼ਾਰ ਬੰਦੇ ਮਾਰੇ ਗਏ। ਤਿੰਨ ਵਾਰ ਕੀਤੇ ਗਏ ਅਗਨੀ ਬੰਬਾਂ ਦੇ ਹਮਲਿਆਂ ਨਾਲ ਤਿੰਨ ਲੱਖ ਤੋਂ ਵੱਧ ਮਕਾਨ ਸੜ ਗਏ। ਸੰਨ 1945 ਵਿਚ ਜਰਮਨੀ ਦੇ ਡਰੈੱਜ਼ਡੈਨ ਸ਼ਹਿਰ ਵਿਚ ਇਸੇ ਤਰ੍ਹਾਂ ਬੰਬਾਂ ਨਾਲ ਅੱਗ ਲਾਈ ਗਈ ਸੀ। ਇਸ ਤਰ੍ਹਾਂ ਜਾਪਦਾ ਸੀ ਜਿਵੇਂ ਅੱਗ ਦਾ ਤੂਫ਼ਾਨ ਆ ਗਿਆ ਹੋਵੇ। ਇਸ ਅੱਗ ਨਾਲ ਘੱਟ ਤੋਂ ਘੱਟ ਤਿੰਨ ਲੱਖ ਬੰਦਿਆਂ ਦੀਆਂ ਜਾਨਾ ਗਈਆਂ।

          ਅੱਗ ਤੋਂ ਰੱਖਿਆ––ਆਪਣੀ ਰੱਖਿਆ ਲਈ ਅੱਗ ਤੋਂ ਸਦਾ ਖ਼ਬਰਦਾਰ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਕਿ ਬੱਚੇ ਅੱਗ ਤਕ ਨਾ ਪਹੁੰਚ ਸਕਣ ਅਤੇ ਦੀਵੇ, ਲਾਲਟੇਨ ਆਦਿ ਨੂੰ ਨਾ ਛੋਹ ਸਕਣ। ਸਰਦੀਆਂ ਵਿਚ ਰੂੰ ਵਾਲੇ ਕਪੜੇ ਪਹਿਨਣ ਦੀ ਥਾਂ ਊਨੀ ਕਪੜੇ ਪਹਿਨਣ ਨਾਲ ਅੱਗ ਲੱਗਣ ਦਾ ਡਰ ਘੱਟ ਜਾਂਦਾ ਹੈ। ਪੱਲੇ ਨਾਲ ਪਤੀਲੇ ਜਾਂ ਕੜਾਹੀ ਨੂੰ ਫੜ ਕੇ ਅੱਗ ਤੋਂ ਲਾਹੁਣ ਦੀ ਆਦਤ ਕੁਝ ਤੀਵੀਆਂ ਨੂੰ ਹੁੰਦੀ ਜੋ ਮਾੜੀ ਹੈ ਕਿਉਂਕਿ ਪੱਲੇ ਨੂੰ ਅੱਗ ਲਗਣ ਦਾ ਡਰ ਹੁੰਦਾ ਹੈ। ਜਿਥੋਂ ਤਕ ਹੋ ਸਕੇ ਮਕਾਨ ਫ਼ਾਇਰ ਪਰੂਫ਼ ਹੋਣੇ ਚਾਹੀਦੇ ਹਨ। ਜੇਕਰ ਛੱਤ ਘਾਹ ਫੂਸ ਦੀ ਹੋਵੇ ਤਾਂ ਬਹੁਤ ਉੱਚੀ ਹੋਣੀ ਚਾਹੀਦੀ ਹੈ। ਜੇਕਰ ਰਸੋਈ ਵਿਚ ਕੱਖ ਕਾਨਿਆਂ ਦੀ ਕੰਧਾਂ ਜਾਂ ਛੱਤ ਹੋਵੇ ਤਾਂ ਖ਼ਾਸ ਧਿਆਨ ਰਖਣਾ ਚਾਹੀਦਾ ਹੈ। ਗਰਮ ਤੇਲ ਜਾਂ ਘਿਉ ਵਿਚ ਸਬਜ਼ੀ ਤੜਕਣ ਲਗਿਆਂ ਕਈ ਵਾਰੀ ਅਚਾਨਕ ਲਾਟਾਂ ਨਿਕਲ ਆਉਂਦੀਆਂ ਹਨ। ਇਸ ਤਰ੍ਹਾਂ ਦੀਆਂ ਲਾਟਾਂ ਨਾਲ ਅੱਗ ਲੱਗਣ ਦੀਆਂ ਹਜ਼ਾਰਾਂ ਵਾਰਦਾਤਾਂ ਹੋ ਚੁਕੀਆਂ ਹਨ। ਬਿਜਲੀ ਦੀਆਂ ਤਾਰਾਂ ਦੀ ਪੜਤਾਲ ਸਾਲ ਦੋ ਸਾਲ ਪਿੱਛੋਂ ਹੁੰਦੀ ਰਹਿਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਜ਼ਰੂਰ ਠੀਕ ਕਰਵਾਉਂਦੇ ਰਹਿਣਾ ਚਾਹੀਦਾ ਹੈ। ਘਰਾਂ ਵਿਚੋਂ ਨੱਸਣ ਲਈ ਅੱਗੇ ਤੇ ਪਿੱਛੇ ਦੋਵੇਂ ਪਾਸੇ ਬੂਹੇ ਹੋਣੇ ਚਾਹੀਦੇ ਹਨ। ਕੋਠੇ ਉੱਪਰੋਂ ਉਤਰਨ ਲਈ ਦੋ ਪੌੜੀਆਂ ਹੋਣ ਤਾਂ ਚੰਗਾ ਹੈ।

          ਬੀਮਾ––ਆਦਮੀ ਦੇ ਘਰ ਜਾਂ ਦੁਕਾਨ ਵਿਚ ਅੱਗ ਲੱਗ ਜਾਣ ਨਾਲ ਉਹ ਪੂਰੀ ਤਰ੍ਹਾਂ ਕੰਗਾਲ ਹੋ ਜਾਂਦਾ ਹੈ। ਇਸ ਤਰ੍ਹਾਂ ਬਚਣ ਲਈ ਮਕਾਨ, ਖ਼ਾਸ ਕਰਕੇ ਦੁਕਾਨ ਦਾ ਬੀਮਾ ਕਰਵਾ ਲੈਣਾ ਚੰਗਾ ਹੁੰਦਾ ਹੈ।

          ਅੱਗ ਬੁਝਾਉਣਾ––ਅੱਗ ਬੁਝਾਉਣ ਲਈ ਆਮ ਤੌਰ ਤੇ ਸਾਰਿਆਂ ਤੋਂ ਚੰਗਾ ਤਰੀਕਾ ਅੱਗ ਉੱਤੇ ਪਾਣੀ ਡੋਲ੍ਹਣਾ ਹੈ। ਰੇਤ ਜਾਂ ਮਿੱਟੀ ਨਾਲ ਵੀ ਥੋੜ੍ਹੀ ਜਿਹੀ ਅੱਗ ਬੁਝ ਸਕਦੀ ਹੈ। ਦੂਰ ਤੋਂ ਅੱਗ ਉੱਤੇ ਪਾਣੀ ਪਾਉਣ ਲਈ ਰਕਾਬਦਾਰ ਪੰਪ ਚੰਗਾ ਹੁੰਦਾ ਹੈ। ਛੋਟੀ ਮੋਟੀ ਅੱਗ ਨੂੰ ਥਾਲੀ ਜਾਂ ਪਰਾਤ ਨਾਲ ਕੱਜ ਕੇ ਵੀ ਬੁਝਾਇਆ ਜਾ ਸਕਦਾ ਹੈ। ਅੱਗ ਲੱਗ ਜਾਣ ਤੇ ਘਬਰਾਉਣ ਨਾਲ ਕੰਮ ਵਿਗੜ ਜਾਂਦਾ ਹੈ। ਕਾਰਖ਼ਾਨੇ ਵਿਚ ਜੇਕਰ ਪਹਿਲੇ ਤੋਂ ਅਭਿਆਸ ਕਰਵਾ ਦਿੱਤਾ ਜਾਵੇ ਕਿ ਅੱਗ ਲੱਗਣ ਤੇ ਕੀ ਕਰਨਾ ਚਾਹੀਦਾ ਹੈ ਤੇ ਕਿਧਰੋਂ ਨਸਣਾ ਚਾਹੀਦਾ ਹੈ ਤਾਂ ਚੰਗਾ ਹੈ।

       .   ਸ਼ੁਰੂ ਵਿਚ ਅੱਗ ਬੁਝਾਉਣੀ ਸੌਖੀ ਹੁੰਦੀ ਹੈ। ਅੱਗ ਦੇ ਭੜਕ ਜਾਣ ਤੇ ਉਸਨੂੰ ਬੁਝਾਉਣਾ ਔਖਾ ਹੋ ਜਾਂਦਾ ਹੈ। ਅੱਗ ਨੂੰ ਝਟ ਪਟ ਬੁਝਾਉਣ ਲਈ ਅੱਗ ਬੁਝਾਉ ਯੰਤਰ ਮਿਲਦੇ ਹਨ। ਇਹ ਲੋਹੇ ਦੀ ਚਾਦਰ ਦੇ ਬਰਤਨ ਹੁੰਦੇ ਹਨ ਜਿਨ੍ਹਾਂ ਵਿਚ ਸੋਡੇ (ਸੋਡੀਅਮ ਕਾਰਬੋਨੇਟ) ਦੇ ਘੋਲ ਹੁੰਦਾ ਹੈ। ਇਕ ਸ਼ੀਸ਼ੀ ਵਿਚ ਤੇਜ਼ਾਬ ਹੁੰਦਾ ਹੈ। ਬਰਤਨ ਵਿਚ ਇਕ ਘੁੰਡੀ ਹੁੰਦੀ ਹੈ ਜੋ ਠੋਕਣ ਨਾਲ ਅੰਦਰ ਧੱਸ ਕੇ ਤੇਜ਼ਾਬ ਦੀ ਸ਼ੀਸ਼ੀ ਨੂੰ ਤੋੜ ਦਿੰਦੀ ਹੈ। ਫਿਰ ਤੇਜ਼ਾਬ ਸੋਡੇ ਦੇ ਘੋਲ ਵਿਚ ਰਲ ਕੇ ਕਾਰਬਨ ਡਾਈਆੱਕਸਾਈਡ ਗੈਸ ਪੈਦਾ ਕਰਦਾ ਹੈ। ਇਸ ਦੀ ਦਾਬ ਨਾਲ ਘੋਲ ਦੀ ਧਾਰ ਤੇਜ਼ੀ ਨਾਲ ਬਾਹਰ ਨਿਕਲਦੀ ਹੈ ਅਤੇ ਅੱਗ ਉਤੇ ਪਾਈ ਜਾ ਸਕਦੀ ਹੈ। ਅੱਗ ਬੁਝਾਉਣ ਵਾਲੇ ਬਹੁਤ ਵਧੀਆ ਯੰਤਰਾਂ ਵਿਚੋਂ ਸਾਬਣ ਦੀ ਝੱਗ ਵਗਦੀ ਝੱਗ ਨਿਕਲਦੀ ਹੈ, ਜਿਸ ਵਿਚ ਕਾਰਬਨ ਡਾਈਆੱਕਸਾਈਡ ਦੇ ਬੁਲਬੁਲੇ ਹੁੰਦੇ ਹਨ। ਇਹ ਜਦੋਂ ਬਲਦੀ ਹੋਈ ਚੀਜ਼ ਤੇ ਪੈਂਦੀ ਹੈ ਤਾਂ ਅੱਗ ਕਾਬੂ ਵਿਚ ਆ ਜਾਂਦੀ ਹੈ। ਦੁਕਾਨ, ਗੁਦਾਮ ਆਦਿ ਵਿਚ ਆੱਟੋਮੈਟਿਕ ਅਲਾਰਮ ਲਾ ਦੇਣਾ ਚੰਗਾ ਹੁੰਦਾ ਹੈ। ਇਉਂ ਅੱਗ ਲਗਣ ਤੇ ਘੰਟੀ ਵੱਜਣ ਲਗ ਪੈਂਦੀ ਹੈ। ਜਿੱਥੇ ਟੈਲੀਫੋਨ ਹੁੰਦਾ ਹੈ ਉਥੇ ਇਹੋ ਜਿਹਾ ਪ੍ਰਬੰਧ ਹੋ ਸਕਦਾ ਹੈ। ਜਿੱਥੇ ਟੈਲੀਫੋਨ ਹੁੰਦਾ ਹੈ ਉਥੇ ਇਹੋ ਜਿਹਾ ਪ੍ਰਬੰਧ ਹੋ ਸਕਦਾ ਹੈ ਕਿ ਅੱਗ ਲਗਦਿਆਂ ਸਾਰ ਹੀ ਫਾਇਰ ਬ੍ਰਿਗੇਡ ਨੂੰ ਖ਼ਬਰ ਕਰ ਦਿਤੀ ਜਾਵੇ।

          ਹਰ ਇਕ ਵੱਡੇ ਸ਼ਹਿਰ ਵਿਚ ਸਰਕਾਰ ਜਾਂ ਨਗਰ ਪਾਲਕਾ ਵਲੋਂ ਫਾਇਰ ਬ੍ਰਿਗੇਡ ਹੁੰਦਾ ਹੈ। ਇਸ ਵਿਚ ਤਨਖ਼ਾਹਦਾਰ ਕਰਮਚਾਰੀ ਕੰਮ ਕਰਦੇ ਹਨ ਜਿਨ੍ਹਾਂ ਦਾ ਕੰਮ ਅੱਗ ਬੁਝਾਉਣਾ ਹੀ ਹੁੰਦਾ ਹੈ। ਖ਼ਬਰ ਮਿਲਦੇ ਸਾਰ ਇਹ ਲੋਕ ਮੋਟਰ ਉੱਤੇ ਅੱਗ ਲੱਗਣ ਵਾਲੀ ਥਾਂ ਅੱਪੜ ਕੇ ਆਪਣਾ ਕੰਮ ਸ਼ੁਰੂ ਕਰ ਦਿੰਦੇ ਹਨ। ਆਮ ਤੌਰ ਤੇ ਅੱਗ ਬੁਝਾਉਣ ਦਾ ਸਾਰਾ ਸਾਮਾਨ ਗੱਡੀ ਵਿਚ ਹੁੰਦਾ ਹੈ ਜਿਵੇਂ ਕਿ ਪਾਣੀ ਨਾਲ ਭਰੀ ਹੋਈ ਟੈਂਕੀ, ਪੰਪ, ਕੈਨਵਸ ਪਾਈਪ ਦੇ ਮੂੰਹ ਉੱਤੇ ਲਗਣ ਵਾਲੀ ਟੂਟੀ, ਅਜਿਹੀ ਪੌੜੀ ਜਿਹੜੀ ਕੰਧ ਦਾ ਸਹਾਰਾ ਲਏ ਬਿਨਾਂ ਵੀ ਖੜੀ ਹੋ ਸਕਦੀ ਹੈ ਤੇ ਲੋੜ ਅਨੁਸਾਰ ਉੱਚੀ ਨੀਵੀਂ ਜਾਂ ਤਿਰਛੀ ਕੀਤੀ ਜਾ ਸਕਦੀ ਹੈ ਜਾਂ ਘੁਮਾਈ ਜਾ ਸਕਦੀ ਹੈ, ਬਿਜਲੀ ਦੀ ਤੇਜ਼ ਰੌਸ਼ਨੀ ਤੇ ਲਾਊਡ-ਸਪੀਕਰ ਆਦਿ। ਜਿਥੇ ਪਾਣੀ ਦੀ ਪਾਈਪ ਨਹੀਂ ਹੁੰਦੀ ਉਥੇ ਇਕ ਵੱਖਰੀ ਲਾਰੀ ਉੱਤੇ ਰੱਖੀ ਪਾਣੀ ਦੀ ਵੱਡੀ ਟੈਂਕੀ ਹੁੰਦੀ ਹੈ। ਕਈ ਬਦੇਸ਼ੀ ਸ਼ਹਿਰਾਂ ਵਿਚ ਸਰਕਾਰੀ ਪ੍ਰਬੰਧ ਤੋਂ ਬਿਨਾਂ ਬੀਮਾ ਕੰਪਨੀਆਂ ਅੱਗ ਬੁਝਾਉਣ ਦਾ ਆਪਣਾ ਨਿੱਜੀ ਪ੍ਰਬੰਧ ਕਰਦੀਆਂ ਹਨ। ਜਿੱਥੇ ਸਰਕਾਰੀ ਫਾਇਰ ਬ੍ਰਿਗੇਡ ਨਹੀਂ ਹੁੰਦਾ ਉੱਥੇ ਸੇਵਾ ਦਲ ਹੁੰਦੇ ਹਨ ਜੋ ਮਹੱਲੇ ਵਿਚ ਅੱਗ ਲੱਗਣ ਤੇ ਝਟ ਹਾਜ਼ਰ ਹੋ ਕੇ ਅੱਗ ਬੁਝਾਉਂਦੇ ਹਨ। ਅਕਸਰ ਸਰਕਾਰ ਵਲੋਂ ਉਨ੍ਹਾਂ ਨੂੰ ਸਿੱਖਿਆ ਮਿਲਦੀ ਹੈ ਤੇ ਸਰਕਾਰ ਉਨ੍ਹਾਂ ਨੂੰ ਲੋੜੀਂਦਾ ਸਾਮਾਨ ਵੀ ਦਿੰਦੀ ਹੈ। ਰਾਤ ਦੇ ਸਮੇਂ ਦੇਖ ਭਾਲ ਲਈ ਚੌਕੀਦਾਰ ਰਖਣਾ ਵੀ ਲਾਭਦਾਇਕ ਰਹਿੰਦਾ ਹੈ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 18830, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-15, ਹਵਾਲੇ/ਟਿੱਪਣੀਆਂ: no

ਅੱਗ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅੱਗ, ਸੰਸਕ੍ਰਿਤ (ਅਗ੍ਹਿਨ) / ਇਸਤਰੀ ਲਿੰਗ : ੧. ਪੰਜਾਂ ਤੱਤਾਂ ਵਿੱਚੋਂ ਇਕ ਤੱਤ, ਅਗਨੀ ਬਸੰਤਰ, ਗਰਮੀ; ੨. ਪਿਆਰ, ਮੋਹ, ਮਮਤਾ; ੩. ਕਾਮ; ੪. ਈਰਖਾ, ਮਾੜਾ; ੫. ਡਾਢੀ ਭੁੱਖ

–ਅੱਗ ਸੌਂ ਜਾਣਾ, ਮੁਹਾਵਰਾ : ਅੱਗ ਉੱਤੇ ਸੁਆਹ ਆ ਕੇ ਸੇਕ ਘੱਟ ਹੋ ਜਾਣਾ ਤੇ ਛੇਕੜ ਨੂੰ ਬੁਝ ਜਾਣਾ

–ਅੱਗ ਖਾਣਾ ਅੰਗਿਆਰ ਹੱਗਣਾ, ਅਖੌਤ : ਬੁਰੀ ਗੱਲ ਦਾ ਬੁਰਾ ਫਲ

–ਅੱਗ ਜਾਗਣਾ, ਮੁਹਾਵਰਾ : ਅੱਗ ਦਾ ਮੁੜ ਬਲ ਪੈਣਾ, ਫਸਾਦ ਫੇਰ ਖੜਾ ਹੋ ਜਾਣਾ

–ਅੱਗ ਤੇ ਤੇਲ ਪਾਉਣਾ, ਮੁਹਾਵਰਾ : ਬਲਦੀ ਤੇ ਤੇਲ ਪਾਉਣਾ, ਮਚਦੀ ਨੂੰ ਹੋਰ ਮਚਾਉਣਾ, ਕੌੜੀਆਂ ਗੱਲਾਂ ਕਹਿ ਕੇ ਫਸਾਦ ਨੂੰ ਹੋਰ ਵਧਾ ਦੇਣਾ

–ਅੱਗ ਤੇ ਪਾਣੀ ਪਾਉਣਾ, ਮੁਹਾਵਰਾ : ਗੁੱਸੇ ਨੂੰ ਠੰਡਾ ਕਰਨਾ, ਸਮਾਈ ਕਰਾਉਣਾ

–ਅੱਗ ਤੇ ਲਿਟਣਾ, ਮੁਹਾਵਰਾ : ਨਿਹੈਤ ਦੁਖੀ ਹੋਣਾ, ਈਰਖਾ ਕਰਨਾ

–ਅੱਗ ਤੇ ਲਿਟਾਉਣਾ, ਮੁਹਾਵਰਾ : ਬਹੁਤ ਦੁੱਖ ਦੇਣਾ, ਤੜਫਾਉਣਾ

–ਅੱਗ ਤੋਂ ਪਾਣੀ ਹੋ ਜਾਣਾ, ਮੁਹਾਵਰਾ : ਗੁੱਸਾ ਠੰਡਾ ਹੋ ਜਾਣਾ, ਇਕ ਦਮ ਦੁਸ਼ਮਣ ਤੋਂ ਦੋਸਤ ਬਣ ਜਾਣਾ

–ਅੱਗ ਦਾ ਭਾਂਬੜ, ਪੁਲਿੰਗ : ੧. ਅੱਗ ਦੀ ਉੱਚੀ ਲਾਟ, ਅੱਗ ਦਾ ਸ਼ੁਹਲਾ; ੨. ਬੜੇ ਗੁੱਸੇ ਵਾਲਾ ਆਦਮੀ, ਐਸਾ ਆਦਮੀ ਜੇ ਥੋੜੀ ਗੱਲੋਂ ਹੀ ਮੱਚ ਉਠੇ

–ਅੱਗ ਦਾ ਲੂੰਬਾ, ਮੁਹਾਵਰਾ / ਪੁਲਿੰਗ : ਅੱਗ ਦੀ ਨਾੜ, ਬਹੁਤ ਗੁਸੈਲਾ ਮਨੁੱਖ

–ਅੱਗ ਦੀ ਨਾੜ, ਮੁਹਾਵਰਾ : ਬਹੁਤ ਗੁੱਸੇ ਵਾਲਾ

–ਅੱਗ ਦੀਆਂ ਲਾਟਾਂ ਨਿਕਲਣਾ, ਮੁਹਾਵਰਾ : ੧. ਪਿੰਡਾ ਬਹੁਤ ਤਪਣਾ, ਸਖਤ ਬੁਖਾਰ ਦੀ ਹਾਲਤ ਹੋਣਾ, ਪੰਜ ਭਠ ਤਾਪ ਹੋਣਾ

–ਅੱਗ ਦੇਣਾ, ਮੁਹਾਵਰਾ : ੧. ਅੱਗ ਲਾਉਣਾ, ਸੇਕ ਕਰਨਾ; ੨. ਲੋਥ ਦੇ ਸੰਸਕਾਰ ਲਈ ਲੰਥੂ ਲਾਉਣਾ; ੩. ਭੱਠੇ ਦੀ ਅੱਗ ਅਰੰਭਣਾ

–ਅੱਗ ਦੇ ਭਾ, ਮੁਹਾਵਰਾ : ਬਹੁਤ ਮਹਿੰਗਾ

–ਅੱਗ ਦਾ ਮੁੂਲ, ਮੁਹਾਵਰਾ : ਬਹੁਤ ਮਹਿੰਗਾ

–ਅੱਗ ਨਿਕਲਣਾ, ਮੁਹਾਵਰਾ : ਸੇਕ ਨਿਕਲਣਾ (ਪਿੰਡੇ ਵਿੱਚੋਂ) ਦਾਲ ਭਾਜੀ ਥੱਲੇ ਲੱਗਣਾ

–ਅੱਗ ਨੂੰ ਕੱਖੀਂ ਲੁਕਾਉਣਾ, ਮੁਹਾਵਰਾ : ਅਸੰਭਵ ਗੱਲ ਕਰਨਾ

–ਅੱਗ ਪਕੜਨਾ, ਅੱਗ ਕਬੂਲਣਾ, ਮੁਹਾਵਰਾ / ਪੁਲਿੰਗ : ਸੜਨ ਲੱਗ ਜਾਣਾ, ਅੱਗ ਪਾਣੀ ਦਾ ਮੇਲ, ਅਸੰਭਵ ਗੱਲ, ਸੁਭਾਵਕ ਵਿਰੋਧੀਆਂ ਦੀ ਦੋਸਤੀ

–ਅੱਗ ਪਾਣੀ ਦਾ ਵੈਰ, ਪੁਲਿੰਗ : ਸੁਭਾਵਕ ਵੈਰ, ਬੜਾ ਸਖ਼ਤ ਵਿਰੋਧ ਮਿਲ ਕੇ ਰਹਿਣਾ ਅਸੰਭਵ ਹੋਣਾ

–ਅੱਗ ਪੈਣਾ, ਮੁਹਾਵਰਾ : ਬਹੁਤ ਗਰਮੀ ਹੋਣਾ

–ਅੱਗ ਫੱਕਣਾ, ਮੁਹਾਵਰਾ : ਭੜਕਾਊ ਗੱਲਾਂ ਸੁਣਨਾ

–ਅੱਗ ਫੜਨਾ, ਮੁਹਾਵਰਾ : ਅੱਗ ਨਾਲ ਮੱਚਣ ਲੱਗ ਜਾਣਾ

–ਅੱਗ ਫੂਕਣਾ, ਅੱਗ ਫੂਕ ਦੇਣਾ, ਮੁਹਾਵਰਾ : ੧. ਗਰਮੀ ਕਰਨਾ, ਬਹੁਤ ਗਰਮੀ ਹੋ ਜਾਣੀ; ੨. ਗੁੱਸੇ ਨਾਲ ਭੜਕਾ ਦੇਣਾ, ਫ਼ਸਾਦ ਪੁਆ ਦੇਣਾ

–ਅੱਗ ਬਗੋਲਾ ਹੋਣਾ, ਮੁਹਾਵਰਾ : ਗੁੱਸੇ ਦੇ ਮਾਰਿਆਂ ਲਾਲ ਪੀਲੇ ਹੋ ਜਾਣਾ

–ਅੱਗ ਬਣ ਜਾਣਾ, ਮੁਹਾਵਰਾ : ਗੁੱਸੇ ਨਾਲ ਲਾਲ ਪੀਲੇ ਹੋ ਜਾਣਾ

–ਅੱਗ ਬਣਾਉਣਾ, ਮੁਹਾਵਰਾ : ਅੱਗ ਮਚਾਉਣਾ, ਗੁੱਸਾ ਚੜ੍ਹਾਉਣਾ

–ਅੱਗ ਬਲ ਉਠਣਾ, ਮੁਹਾਵਰਾ : ਇਕ ਦਮ ਸਖ਼ਤ ਰੰਜ ਵਿਚ ਆ ਜਾਣਾ, ਭੜਕ ਉਠਣਾ, ਫਸਾਦ ਹੋ ਜਾਣਾ

–ਅੱਗ ਬਾਲਣਾ, ਅੱਗ ਬਾਲ ਦੇਣਾ, ਮੁਹਾਵਰਾ : ਅੱਗ ਮਚਾਉਣਾ, ਜੋਸ਼ ਚੜ੍ਹਾਉਣਾ ਫਸਾਦ ਖੜਾ ਕਰ ਦੇਣਾ

–ਅੱਗ ਬਿਨਾਂ ਧੂੰ ਕਿਥੇ, ਅਖੌਤ : ਹਰ ਗਲ ਦੀ ਕੋਈ ਵਜ੍ਹਾ ਜ਼ਰੂਰ ਹੁੰਦੀ ਹੈ

–ਅੱਗ ਬੁਝਣਾ, ਮੁਹਾਵਰਾ : ਅੱਗ ਦਾ ਨਾ ਰਹਿਣਾ, ਤ੍ਰੇਹ ਮਿਟਣਾ, ਸ਼ਾਂਤੀ ਹੋਣਾ ਸੰਤੋਖ ਆ ਜਾਣਾ

–ਅੱਗ ਬੁਝਾਉਣਾ, ਅੱਗ ਬੁਝਾਣਾ, ਮੁਹਾਵਰਾ : ਅੱਗ ਨੂੰ ਠੰਢਾ ਕਰਨਾ, ਤ੍ਰੇਹ ਮਿਟਾਉਣਾ ਖਾਹਸ਼ ਪੂਰੀ ਕਰਨਾ, ਝਗੜਾ ਬਖੌੜਾ ਮਿਟਾਉਣਾ, ਗੁੱਸਾ ਦੂਰ ਕਰਨਾ

–ਅੱਗ ਭਖਾਉਣਾ, ਕਿਰਿਆ ਸਕਰਮਕ / ਮੁਹਾਵਰਾ : ਭਾਂਬੜ ਮਚਾਉਣਾ, ਅੱਗ ਨੂੰ ਤੇਜ਼ ਕਰਨਾ, ਲਾਟਾਂ ਕੱਢਣਾ, ਫਸਾਦ ਪੁਆਉਣਾ, ਲੜਾਈ ਕਰਾਉਣਾ

–ਅੱਗ ਭਬੂਕਾ ਹੋਣਾ, ਅੱਗ ਭਬੂਕਾ ਬਣਨਾ, ਮੁਹਾਵਰਾ : ਗੁੱਸੇ ਨਾਲ ਮੱਚ ਉਠਣਾ, ਗੁੱਸੇ ਨਾਲ ਚਿਹਰੇ ਦਾ ਲਾਲ ਹੋ ਜਾਣਾ

–ਅੱਗ ਭੜਕਣਾ, ਮੁਹਾਵਰਾ : ਅੱਗ ਬਹੁਤੀ ਬਲ ਉਠਣਾ, ਫਸਾਦ ਖੜੇ ਹੋ ਜਾਣਾ

–ਅੱਗ ਲੱਗ ਜਾਣਾ, ਮੁਹਾਵਰਾ : ਕਿਸੇ ਚੀਜ਼ ਦਾ ਅੱਗ ਲੱਗ ਕੇ ਸੜਨ ਲੱਗ ਜਾਣਾ, ਅੱਗ ਪਕੜਨਾ, ਭੜਕ ਜਾਣਾ, ਗੁੱਸਾ ਆ ਜਾਣਾ, ਉਤੇਜਤ ਹੋ ਜਾਣਾ

–ਅੱਗ ਲੱਗਣਾ, ਮੁਹਾਵਰਾ : ਸੜਨ ਲੱਗ ਜਾਣਾ, ਮੱਚਣ ਲੱਗ ਜਾਣਾ, ੧. ਡਾਢੀ ਭੁੱਖ ਲਗਣਾ; ੨. ਕ੍ਰੋਧ ਆਉਣਾ

–ਅੱਗ ਲਗਾਉਣਾ, ਮੁਹਾਵਰਾ : ਅੱਗ ਦੇਣਾ, ਭੜਕਾ ਦੇਣਾ, ਫਸਾਦ ਪੁਆ ਦੇਣਾ

–ਅੱਗ ਲੱਗੀ ਤੇ ਖੂਹ ਪੁਟਣਾ,  ਮੁਹਾਵਰਾ : ਪਹਿਲਾਂ ਹੋਣ ਵਾਲਾ ਕੰਮ ਪਹਿਲਾਂ ਨਾ ਕਰਨਾ ਤੇ ਮੌਕੇ ਤੇ ਭੱਜ ਨੱਠ ਕਰਨਾ, ਬੂਹੇ ਬੈਠੀ ਜੰਞ ਵਿੰਨ੍ਹੋ ਕੁੜੀ ਦੇ ਕੰਨ

–ਅੱਗ ਲਾਉਣਾ, ਮੁਹਾਵਰਾ : ੧. ਸਾੜਨਾ, ਫੂਕਣਾ, ਨਾਸ ਕਰਨਾ; ੨. ਝਗੜਾ ਪਵਾਉਣਾ, ਫਸਾਦ ਕਰਾਉਣਾ, ਭੜਕਾਉਣਾ, ਉਕਸਾਉਣਾ, ਗੁੱਸਾ ਚਾੜ੍ਹਨਾ

–ਅੱਗ ਲਾ ਤਮਾਸ਼ਾ ਵੇਖਣਾ, ਅਖੌਤ : ਫਸਾਦੀ ਆਦਮੀ ਵਾਸਤੇ ਕਹਿੰਦੇ ਹਨ ਜੋ ਲੜਾਈ ਪੁਆ ਕੇ ਵੱਖਰਾ ਹੋ ਬਹਿੰਦਾ ਹੈ

–ਅੱਗ ਲਾ ਕੇ ਪਾਣੀ ਨੂੰ ਭੱਜਣਾ, ਅਖੌਤ : ਜਾਣ ਬੁਝ ਕੇ ਝਗੜਾ ਪੁਆਉਣਾ ਤੇ ਫੇਰ ਉਸ ਨੂੰ ਝੂਠੀ ਮੂਠੀ ਮਿਟਾਉਣ ਦਾ ਜਤਨ ਕਰਨਾ

–ਅੱਗ ਲਾ ਦੇਣਾ, ਮੁਹਾਵਰਾ : ਭੜਕਾ ਦੇਣਾ, ਗੁੱਸਾ ਚੜ੍ਹਾ ਦੇਣਾ, ਫਸਾਦ ਪੁਆ ਦੇਣਾ

–ਅੱਗ ਲੈਣ ਆਉਣਾ, ਮੁਹਾਵਰਾ : ਆਉਂਦਿਆਂ ਹੀ ਛੇਤੀ ਨਾਲ ਮੁੜ ਜਾਣਾ

–ਅੱਗ ਲੈਣ ਆਈ ਘਰ ਵਾਲੀ ਬਣ ਬੈਠੀ, ਅਖੌਤ : ਜਦੋਂ ਕੋਈ ਕਿਸੇ ਦੀ ਚੀਜ਼ ਉੁਤੇ ਥੋੜਾ ਜੇਹਾ ਸਮਾਂ ਪਾ ਕੇ ਖਾਹਮਖਾਹ ਕਬਜ਼ਾ ਕਰ ਬੈਠੇ ਤਾਂ ਬੋਲਦੇ ਹਨ

–ਅੱਗ ਵੱਸਣਾ, ਮੁਹਾਵਰਾ : ਬਹੁਤ ਗਰਮੀ ਪੈਣਾ, ਬੰਬਬਾਰੀ ਹੋਣਾ, ਗੋਲੀ ਬਰੂਦ ਚਲਣਾ

–ਅੱਗ ਵਰ੍ਹਨਾ, ਮੁਹਾਵਰਾ : ਬਹੁਤ ਗਰਮੀ ਪੈਣਾ, ਸਖ਼ਤ ਬੰਬਬਾਰੀ ਹੋਣਾ, ਗੋਲੀ ਬਰੂਦ ਚਲਦਾ ਹੋਣਾ

–ਅੱਗ ਵਿਚ ਕੁੱਦਣਾ, ਮੁਹਾਵਰਾ : ਫਸਾਦਾਂ ਵਿਚ ਸ਼ਾਮਲ ਹੋਣਾ, ਲੜਾਈ ਹੁੰਦੀ ਦੇ ਨੇੜੇ ਜਾਣਾ

–ਅੱਗ ਵਿਚ ਅੱਗ ਲਾਉਣਾ, ਮੁਹਾਵਰਾ : ਤੇਜ਼ੀ ਦੇ ਮੌਕੇ ਹੋਰ ਤੇਜੀ ਦੀ ਗੱਲ ਕਰਨਾ

–ਅੱਗ ਵਿਚ ਪਾਣੀ ਪਾਉਣਾ, ਮੁਹਾਵਰਾ : ਸਮਾਈ ਕਰਾਉਣਾ, ਫਸਾਦ ਰਫ਼ਾ ਕਰਨਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 8343, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-01-03-39-07, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.