ਕਲਮਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਲਮਾ [ਨਾਂਪੁ] ਸਾਰਥਿਕ ਸ਼ਬਦ , ਵਾਕ; ਇਸਲਾਮ ਧਰਮ ਦਾ ਮੂਲ ਆਧਾਰ ‘ਲਾ ਇਲਾਹਾ ਇੱਲ-ਲੱਲਾਹ ਮੁਹੰਮਦੁਰ-ਰਸੂ-ਲੱਲਾਹ’ ਅਰਥਾਤ ਅੱਲਾਹ ਤੋਂ ਬਿਨਾਂ ਕੋਈ ਇਬਾਦਤ ਦੇ ਯੋਗ ਨਹੀਂ ਅਤੇ ਹਜ਼ਰਤ ਮੁਹੰਮਦ ਅੱਲਾਹ ਦੇ ਪੈਗ਼ੰਬਰ ਹਨ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3100, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਲਮਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਲਮਾ. ਅ਼. ਕਲਿਮਾ. ਸੰਗ੍ਯਾ—ਮੁਸਲਮਾਨਾਂ ਦਾ ਮੁੱਖਮੰਤ੍ਰ. “ਲਾ ਇਲਾਹ ਇੱਲਲਾਹੁ ਮੁਹ਼ੰਮਦੁੱਰਸੂਲੱਲਾਹ.” ਅਰਥਾਤ-ਕਰਤਾਰ ਬਿਨਾ ਕੋਈ ਪੂਜਣੇ ਯੋਗ੍ਯ ਨਹੀਂ, ਮੁਹੰਮਦ ਉਸ ਦਾ ਭੇਜਿਆ ਪੈਗੰਬਰ ਹੈ. “ਤਵ ਤੁਰਕ ਜਨਮ ਕਲਮਾ ਉਚਾਰ.” (ਗੁਪ੍ਰਸੂ) ੨ ਅਰਥਾਂ ਵਾਲਾ ਪਦ. ਉਹ ਵਾਕ , ਜੋ ਅਰਥ ਰਖਦਾ ਹੈ। ੩ ਬਾਤ. ਗੱਲ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3060, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਲਮਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਕਲਮਾ (ਸੰ.। ਅ਼ਰਬੀ ਕਲਿਮਹ) ਮੁਸਲਮਾਨਾਂ ਦਾ ਮੂਲ ਮੰਤ੍ਰ , ਜੋ ਐਊਂ ਹੈ-‘ਲਾ ਇੱਲਾਹ ਇੱਲਿੱਲਾਹ ਮੁਹੰਮਦੁ ਰਸੂਲਿੱਲਾਹ’ ਅਰਥਾਤ ਕੋਈ ਨਹੀਂ ਹੈ ਪੂਜ ਸਿਵਾ ਅੱਲਾ ਦੇ ਤੇ ਮੁਹੰਮਦ ਉਸਦਾ ਰਸੂਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਇਸ ਕਲਮੇ ਦੇ ਉਚਾਰਨ ਮਾਤ੍ਰ ਦੇ ਅਭਿਮਾਨ ਦੀ ਥਾਂ ਸ਼ੁਭ ਗੁਣਾਂ ਨੂੰ ਧਾਰਨ ਕਰਨ ਦੇ ਰੂਪਕ ਵਿਚ ਉਪਦੇਸ਼ ਆਉਂਦੇ ਹਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3025, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕਲਮਾ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਕਲਮਾ : ‘ਕਲਮਾ’ ਅਰਬੀ ਸ਼ਬਦ ਹੈ। ਇਸ ਦੇ ਅਰਥ ਹਨ ਬੋਲ, ਬਚਨ, ਸ਼ਬਦ, ਕਲਾਮ ਦਾ ਇਕ ਹਿੱਸਾ। ਇਸ ਦਾ ਪ੍ਰਚਲਿਤ ਭਾਵ ਇਸਲਾਮ ਦੇ ਬੀਜ–ਮੰਤਰ ਤੇ ਬੁਨਿਆਦੀ ਸਿਧਾਂਤ ਤੋਂ ਹੈ। ਇਸ ਦੇ ਪੂਰੇ ਸ਼ਬਦ ਹਨ–‘ਲਾ ਇਲ੍ਹਾ ਇਲਲੱਲ੍ਹਾ, ਮੁਹੰਮਦ ਰਸੂਲਿਲ੍ਹਾ’ ਭਾਵ ਸਿਵਾਏ ਇਕ ਪਰਮਾਤਮਾ ਦੇ ਹੋਰ ਕੋਈ ਪੂਜਣਯੋਗ ਨਹੀਂ ਅਤੇ (ਹਜ਼ਰਤ) ਮੁਹੰਮਦ ਉਸ ਪਰਤਮਾਤਮਾ ਦਾ ਰਸੂਲ ਹੈ।
ਇਸ ਨੂੰ ‘ਕਲਮਾ ਸ਼ਹਾਦਤ’ ਵੀ ਕਹਿੰਦੇ ਹਨ। ਪ੍ਰਭੂ ਦੀ ਏਕਤਾ ਤੇ ਮੁਹੰਮਦ ਸਾਹਿਬ ਦੀ ਰਸਾਲਤ ਪੁਰ ਕੁਰਾਨ ਸ਼ਰੀਫ ਵਿਚ ਥਾਂ ਥਾਂ ਤੇ ਸੰਕੇਤ ਮਿਲਦੇ ਹਨ। ਹਾਂ, ਪੂਰਣ ਰੂਪ ਵਿਚ ਉਪਰੋਕਤ ਇਬਾਰਤ ਕਿਤੇ ਦਰਜ ਨਹੀਂ। ਅਰਬੀ ਭਾਸ਼ਾ ਵਿਚ ਇਸ ਦਾ ਸਹੀ ਉੱਚਾਰਣ ‘ਕਲਿਮਾ’ ਹੈ।
ਇਹੀ ਵਾਕ ਇਸਲਾਮ ਦਾ ਜੁਜ਼ੀਵ–ਈਮਾਨ ਹੈ ਤੇ ਬੁਨਿਆਦੀ ਕਲਮਾ ਹੈ (ਵੇਖੋ ਮੌਲਾਨਾ ਆਜ਼ਾਦ ਲਿਖਤ ‘ਤਰਜਮਾਨੁਲ’, ਪੰਨਾ 119) । ਪ੍ਰੋਫੈਸਰ ਫਿਲਪ ਹਿੱਤੀ ਨੇ ਆਪਣੀ ਜਗਤ ਪ੍ਰਸਿੱਧ ਪੁਸਤਕ ‘ਤਾਰੀਖ਼ ਮਿੱਲਤਿ ਅਰਬੀ’ ਵਿਚ ਇਸ ਨੂੰ ਇਸਲਾਮ ਦੇ ਪੰਜਾਂ ਸਿਧਾਂਤਾਂ ਵਿਚੋਂ ਪਹਿਲਾ ਸਿਧਾਂਤ ਮੰਨਿਆ ਹੈ। ਹਰ ਮੁਸਲਮਾਨ ਲਈ ਜ਼ਰੂਰੀ ਹੈ ਕਿ ਉਹ ਕਲਮੇ ਵਿਚ ਪੱਕਾ ਨਿਸ਼ਚਾ ਰੱਖਦਾ ਹੋਵੇ, ਭਾਵ ਉਹ ਅਲ੍ਹਾ ਤਾਅਲਾ ਦੀ ਵਾਹਦਤ, ਹਜ਼ਰਤ ਮੁਹੰਮਦ ਸਾਹਿਬ ਦੀ ਰਸਾਤਲ ਅਤੇ ਉਸ ਦੇ ਅੰਤਿਮ ਨਬੀ ਹੋਣ ਪਰ ਪੂਰਾ ਯਕੀਨ ਰੱਖਦਾ ਹੋਵੇ ਤੇ ਗਵਾਹੀ (ਸ਼ਹਾਦਤ) ਭਰਦਾ ਹੋਵੇ।
[ਸਹਾ. ਗ੍ਰੰਥਡਾ. ਨਫੀਸੀ: ‘ਫ਼ਰਹੰਗੇ ਨਫ਼ੀਸੀ’ (ਭਾਗ 4) ; ਮੌਲਾਨਾ ਅਬੁਲ ਕਲਾਮ ਆਜ਼ਾਦ : ‘ਤਰਜਮਾਨੁਲ ਕੁਰਾਨ’ (ਉਰਦੂ)]
ਲੇਖਕ : ਪ੍ਰਿੰ. ਗੁਰਦਿਤ ਸਿੰਘ ਪ੍ਰੇਮੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2880, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-10, ਹਵਾਲੇ/ਟਿੱਪਣੀਆਂ: no
ਕਲਮਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ
ਕਲਮਾ : ਮੁਸਲਮਾਨੀ ਧਰਮ ਵਿਚ ਇਸ ਨੂੰ ਮੁੱਖ ਮੰਤਰ ਜਾਣਿਆ ਜਾਂਦਾ ਹੈ। ਇਸ ਦੀ ਮੂਲ ਭਾਸ਼ਾ ਹੈ :––‘ਲਾ ਇਲਾਹ ਇੱਲਲਾਹੁ ਮੁਹੰਮਦੁੱਰਸੂਲੱਲਾਹ’। ਇਸ ਦੇ ਅਰਥ ਹਨ––‘ਕਰਤਾਰ (ਖੁਦਾ) ਬਿਨਾਂ ਕੋਈ ਪੂਜਣਯੋਗ ਦੇਵਤਾ ਨਹੀਂ ਹੈ, ਮੁਹੰਮਦ ਉਸਦਾ ਭੇਜਿਆ ਪੈਗ਼ੰਬਰ ਹੈ।’ ਇਹ ਪੂਰੇ ਦਾ ਪੂਰੇ ਫ਼ਿਕਰਾ ਇਸ ਤਰ੍ਹਾਂ ਕੁਰਾਨ ਵਿਚ ਨਹੀਂ ਮਿਲਦਾ ਸਗੋਂ ਇਸ ਮਤ ਦਾ ਪਹਿਲਾ ਹਿੱਸਾ ‘ਕਰਤਾਰ ਬਿਨਾਂ ਕੋਈ ਪੂਜਣ ਯੋਗ (ਦੇਵਤਾ) ਨਹੀਂ ਹੈ’ ਸੂਰਤ ਮੁਹੰਮਦ ਵਿਚ ਜਾਂ ਕੁਰਾਨ ਸ਼ਰੀਫ਼ ਦੇ ਅਧਿਆਏ 47 ਦੀ ਆਇਤ 21 ਵਿਚ ਮਿਲਦਾ ਹੈ ਅਤੇ ਦੂਜੇ ਭਾਗ ‘ਮੁਹੰਮਦ ਉਸ ਦਾ ਭੇਜਿਆ ਪੈਗ਼ੰਬਰ ਹੈ, ਸੂਰਤ ਅਲ-ਫਤਹ ਜਾਂ ਕੁਰਾਨ ਸ਼ਰੀਫ਼ ਅਧਿਆਏ 48 ਦੀ ਆਇਤ 29 ਵਿਚ ਮਿਲਦਾ ਹੈ। ਪਹਿਲੇ ਫ਼ਿਕਰੇ ਨੂੰ ਨਫ਼ੀ ਅਤੇ ਇਸਬਾਤ ਜਾਂ ਰੱਦ ਕਰਨਾ (ਕੋਈ ਦੇਵਤਾ ਨਹੀਂ ਹੈ) ਕਿਹਾ ਜਾਂਦਾ ਹੈ ਅਤੇ ਹਾਂ ਵਾਚਕ (ਰੱਬ ਬਿਨਾਂ) ਸੂਫੀ ਫ਼ਕੀਰਾਂ ਦੇ ਧਾਰਮਕ ਕੇਂਦਰਾਂ ਵਿਚ ਆਮ ਗਾਇਆ ਜਾਂਦਾ ਹੈ।
ਇਹ ਸਾਰਾ ਫ਼ਿਕਰਾ ਆਮ ਕਰਕੇ ਜਿੱਤ ਦੀ ਨਿਮਾਜ਼ ਵਿਚ ਪੜ੍ਹਿਆ ਜਾਂਦਾ ਹੈ।
ਕਲਮਾ ਪੜ੍ਹਨਾ ਮੁਸਲਮਾਨੀ ਧਰਮ ਦੇ ਮੁਢਲੇ ਪੰਜ ਅਸੂਲਾਂ ਵਿਚੋਂ ਪ੍ਰਥਮ ਹੈ। ਫਵਾਇਦੁੱ-ਸ਼ਰਹ ਅਨੁਸਾਰ ਹਰ ਮੁਸਲਮਾਨ ਲਈ ਇਹ ਜ਼ਰੂਰੀ ਹੈ ਕਿ ਉਹ ਆਪਣੇ ਜੀਵਨ ਵਿਚ ਘੱਟੋ ਘੱਟ ਇਕ ਵਾਰੀ ਉੱਚੀ ਆਵਾਜ਼ ਵਿਚ ਕਲਮੇ ਦਾ ਉਚਾਰਣ ਕਰੇ ਅਤੇ ਇਸ ਦੇ ਅਰਥ ਉਸ ਨੂੰ ਪਤਾ ਹੋਣ।
ਹ. ਪੁ.––ਮ. ਕੋ. ; ਡਿ. ਇਸ. 261.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2879, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-23, ਹਵਾਲੇ/ਟਿੱਪਣੀਆਂ: no
ਕਲਮਾ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਕਲਮਾ : ਇਸ ਦਾ ਮੂਲ ਅਰਬੀ ਭਾਸ਼ਾ ਦਾ ਸ਼ਬਦ ਕਲਿਮਾ ਹੈ ਜਿਸ ਦਾ ਅਰਥ ਹੈ ਸੁਖਨ; ਭਾਵ ਇਨਸਾਨ ਦੇ ਮੂੰਹ ਵਿਚੋਂ ਨਿਕਲੇ ਉਹ ਸ਼ਬਦ ਜਾਂ ਵਾਕ ਜਿਨ੍ਹਾਂ ਦਾ ਕੋਈ ਅਰਥ ਹੋਵੇ।
ਮੁਸਲਮਾਨ ਧਰਮ ਦੇ ਮੂਲ ਮੰਤਰ ਨੂੰ ਕਲਮਾ ਕਿਹਾ ਜਾਂਦਾ ਹੈ ਜੋ ਇਸ ਤਰ੍ਹਾਂ ਹੈ, ਇਲਾਹਾ ਇੱਲ ਮੁਹੰਮਦ ਰਸੂਲ ਅਲਾਹ ਅਰਥਾਤ ਅੱਲਾ ਤੋਂ ਬਿਨਾਂ ਹੋਰ ਕੋਈ ਪੂਜਣ ਯੋਗ ਨਹੀਂ ਹੈ ਅਤੇ ਹਜ਼ਰਤ ਮੁਹੰਮਦ ਉਸ ਦਾ ਪੈਗ਼ੰਬਰ ਹੈ। ਕਲਮਾ ਸ਼ਬਦ ਇਸਲਾਮ ਵਿਚ ਈਮਾਨ ਧਾਰਨ ਕਰਨ ਦੇ ਇਕਰਾਰ ਲਈ ਵੀ ਵਰਤਿਆ ਜਾਂਦਾ ਹੈ। ਕਿਸੇ ਦੂਜੇ ਧਰਮ ਦੇ ਵਿਅਕਤੀ ਨੂੰ ਵੀ ਇਸਲਾਮ ਵਿਚ ਸ਼ਾਮਲ ਕਰਨ ਵੇਲੇ ਉਸ ਨੂੰ ਕਲਮਾ ਪੜ੍ਹਨ ਲਈ ਕਿਹਾ ਜਾਂਦਾ ਹੈ। ਕਲਮਾ ਪੜ੍ਹਨ ਦਾ ਭਾਵ ਹੈ ਮੁਸਲਮਾਨ ਧਰਮ ਧਾਰਨ ਕਰ ਲੈਣਾ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2268, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-26-03-12-56, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ; ਪੰ. ਪ. ਕੋ; ਜਾਮੇ ਲੁਗਾਤ; ਪੰ. ਲੋ. ਵਿ. ਕੋ.
ਕਲਮਾ ਸਰੋਤ :
ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ
ਕਲਮਾ : ਅਰਬੀ ਭਾਸ਼ਾ ਦੇ “ਕਾਲਿਮਾ” ਸ਼ਬਦ ਦਾ ਪੰਜਾਬੀ ਰੂਪ ਹੈ ਅਤੇ ਜਿਸ ਦਾ ਅਰਥ ਹੈ ਵੇਖਣ, ਜਾਂ ਸੁਣਨ ਸ਼ਕਤੀ ਰਾਹੀਂ ਗ੍ਰਹਿਣ ਕੀਤਾ ਜਾਂ ਮਹਿਸੂਸ ਹੁੰਦਾ ਪ੍ਰਭਾਵ। ਇਸ ਦਾ ਕੋਸ਼ਗਤ ਅਰਥ ‘ਇੱਕ ਅੱਖਰ’ ਜਾਂ ‘ਇੱਕ ਸ਼ਬਦ’ ਵੀ ਹੈ ਤੇ ਇਸ ਦੇ ਸਮੂਹ ਨੂੰ ‘ਕਲਾਮ’ ਆਖਿਆ ਜਾਂਦਾ ਹੈ। ਅਰਬੀ ਵਿਆਕਰਨ ਵਿੱਚ ‘ਕਾਲਿਮਾ’ ਤੋਂ ਭਾਵ ਉਹ ਅੱਖਰ ਸਮੂਹ ਹੈ ਜਿਹੜਾ ਕਿਸੇ ਇਕੱਲੇ ਅਰਥ ਲਈ ਬਣਾਇਆ ਗਿਆ ਹੋਵੇ। ਸਾਹਿਤਿਕ ਪ੍ਰਸੰਗ ਵਿੱਚ ਸ਼ਬਦ ‘ਕਾਲਿਮਾ’ ਸੰਪੂਰਨ ਕਸੀਦੇ ਜਾਂ ਪ੍ਰਵਚਨ ਦੇ ਅਰਥਾਂ ਵਿੱਚ ਹੀ ਵਰਤਿਆ ਜਾਂਦਾ ਹੈ।
ਕੁਰਾਨ ਵਿੱਚ ਸ਼ਬਦ ‘ਕਾਲਿਮਾ’ ਦੀ ਵਰਤੋਂ ਵੱਖੋ-ਵੱਖਰੀਆਂ ਥਾਵਾਂ ਤੇ ਵੱਖੋ-ਵੱਖਰੇ ਭਾਵ-ਅਰਥਾਂ ਨੂੰ ਪ੍ਰਗਟਾਉਣ ਲਈ ਕੀਤੀ ਗਈ ਹੈ ਜਿਵੇਂ ਕਿ ਵਾਕ ਲਈ, ਵਾਰਤਾਲਾਪ ਲਈ, ਤਰਕ ਲਈ, ਸ਼ਰਾਅ ਦੇ ਹੁਕਮਾਂ ਲਈ, ਰੱਬੀ ਵਾਅਦੇ ਲਈ, ਰੱਬੀ ਕਰਾਮਾਤ ਲਈ, ਇਲਾਹੀ ਭਾਣੇ ਲਈ, ਦੀਨ ਜਾਂ ਇਸਲਾਮੀ ਧਾਰਮਿਕ ਵਿਧਾਨ ਲਈ, ਹਜ਼ਰਤ ਈਸਾ ਜਾਂ ਯਸੂ ਮਸੀਹ ਲਈ ਆਦਿ। ਇਸ ਦੇ ਮੁਕਾਬਲੇ ਹਦੀਸ ਵਿੱਚ ਇਹ ਸ਼ਬਦ ਰੱਬੀ ਆਦੇਸ਼ਾਂ ਦੇ ਅਰਥਾਂ ਲਈ ਵਰਤਿਆ ਹੈ। ਤਰਕ ਗਿਆਨ ਅਤੇ ਸੂਫ਼ੀ ਸ਼ਬਦਾਵਲੀਆਂ ਵਿੱਚ ‘ਕਾਮਿਲਾ’ ਦੀਆਂ ਹੋਰ ਵੀ ਪਰਿਭਾਸ਼ਾਵਾਂ ਅਤੇ ਅਰਥ ਦਰਜ਼ ਕੀਤੇ ਗਏ ਹਨ ਪਰੰਤੂ ਇੱਥੇ ਉਹਨਾਂ ਦਾ ਵਰਣਨ ਅਪ੍ਰਸੰਗਕ ਹੋਵੇਗਾ।
ਆਮ ਲੋਕ ‘ਕਾਲਿਮਾ’ ਜਾਂ ‘ਕਲਮਾ’ ਦਾ ਜਿਹੜਾ ਅਰਥ ਸਮਝਦੇ ਹਨ ਉਹ ਹੈ ‘ਮੂਲ ਮੰਤਰ’। ਇਹਨਾਂ ਹੀ ਅਰਥਾਂ ਵਿੱਚ ਇਹ ਸ਼ਬਦ ਇਸਲਾਮੀ ਧਰਮ-ਗਿਆਨ ਦੀਆਂ ਅਨੇਕਾਂ ਪੁਸਤਕਾਂ ਵਿੱਚ ਵਰਤਿਆ ਗਿਆ ਹੈ ਜਿੱਥੇ ਇਹ ਜ਼ਿਕਰ ਦਾ ਭਾਗ ਜਾਂ ਇਕਾਈ ਹੈ। ਇਸਲਾਮੀ ਇਬਾਦਤਾਂ ਵਿੱਚ ਜ਼ਿਕਰ ਦੀ ਬੜੀ ਮਹੱਤਤਾ ਹੈ। ਜ਼ਿਕਰ ਆਪਣੇ ਪੈਦਾ ਕਰਨ ਵਾਲੇ ਤੇ ਪਾਲਣਹਾਰ ਪ੍ਰਭੂ ਦੀ ਨੇੜਤਾ ਪ੍ਰਾਪਤੀ ਦਾ ਇੱਕ ਪ੍ਰਤੱਖ ਸਾਧਨ ਹੈ। ‘ਜ਼ਿਕਰ’ ਪ੍ਰਭੂ ਜਾਂ ਰੱਬ ਦੇ ਨਾਮ ਸਿਮਰਨ ਨੂੰ ਆਖਿਆ ਜਾਂਦਾ ਹੈ, ਇਸੇ ਲਈ ਨਮਾਜ਼ ਨੂੰ ਵੀ ‘ਜ਼ਿਕਰ’ ਦਾ ਭਾਗ ਸਮਝਿਆ ਜਾਂਦਾ ਹੈ। ਜਿਹੜੇ ਸ਼ਬਦ ਜਾਂ ਸ਼ਬਦ-ਸਮੂਹਾਂ (ਵਾਕ) ਦਾ ਜਾਪ ਕੀਤਾ ਜਾਂਦਾ ਹੈ, ਉਹਨਾਂ ਨੂੰ ‘ਕਲਮਾ’ ਆਖਿਆ ਜਾਂਦਾ ਹੈ। ਕੁਰਾਨ ਵਿੱਚ ਅੱਲਾਹ ਦੇ ਜ਼ਿਕਰ ਦੀ ਬਹੁਤ ਤਾਕੀਦ ਕੀਤੀ ਗਈ ਹੈ ਅਤੇ ਜ਼ਿਕਰ ਨਾ ਕਰਨ ਵਾਲਿਆਂ ਨੂੰ ਬੜਾ ਮੰਦਭਾਗਾ ਅਤੇ ਘਾਟੇ ਵਾਲਾ ਦੱਸਿਆ ਗਿਆ ਹੈ। ਅਨੇਕਾਂ ਥਾਵਾਂ ਤੇ ਅੱਲਾਹ ਦੇ ਜ਼ਿਕਰ ਦੀ ਮਹੱਤਤਾ ਦੱਸਦੇ ਹੋਏ ਇਸ ਦੇ ਲਾਭ ਗਿਣਾਏ ਗਏ ਹਨ ਅਤੇ ਇਸ ਤੋਂ ਅਵੇਸਲੇ ਹੋਣ ਵਾਲਿਆਂ ਲਈ ਡਰਾਵੇ ਅਤੇ ਦੰਡਾਂ ਦਾ ਵਰਣਨ ਹੈ।
ਨਿਰਧਾਰਿਤ ਨਮਾਜ਼ਾਂ ਜਾਂ ਹੋਰ ਇਬਾਦਤਾਂ ਤੋਂ ਛੁਟ ਉਂਞ ਤਾਂ ਕਿਸੇ ਵੀ ਤਰ੍ਹਾਂ ਕਿਸੇ ਵੀ ਅਵਸਥਾ, ਕਿਸੇ ਵੀ ਭਾਸ਼ਾ ਅਤੇ ਕਿਨ੍ਹਾਂ ਵੀ ਸ਼ਬਦਾਂ ਰਾਹੀਂ ਅੱਲਾਹ ਦਾ ਸਿਮਰਨ ਕੀਤਾ ਜਾ ਸਕਦਾ ਹੈ, ਸੂਰਤ ਕੇਵਲ ਸਿਦਕ ਤੇ ਸੁਹਿਰਦਤਾ ਦੀ ਹੈ ਪਰ ਕੁਝ ਇੱਕ ਸ਼ਬਦ ਜਾਂ ਵਾਕ, ਜਿਨ੍ਹਾਂ ਬਾਰੇ ਕੁਰਾਨ ਜਾਂ ਹਦੀਸਾਂ ਰਾਹੀਂ ਇਸ਼ਾਰਾ ਕੀਤਾ ਗਿਆ ਹੈ ਅੱਲਾਹ-ਤਾਅਲਾ ਨੂੰ ਵਧੇਰੇ ਪਸੰਦ ਹਨ ਅਤੇ ਜ਼ਿਕਰ ਲਈ ਵਧੇਰੇ ਢੁਕਵੇਂ ਹਨ ਜਾਂ ਫਿਰ ਆਪਣੇ ਅਰਥਾਂ ਅਤੇ ਪ੍ਰਭਾਵ ਸਦਕਾ ਉਹਨਾਂ ਦੀ ਮੌਲਿਕ ਹੈਸੀਅਤ ਹੈ ਜਿਵੇਂ ਕਿ ਅੱਲਾਹੁ ਅਕਬਰ (ਅੱਲਾਹ ਸਭ ਤੋਂ ਮਹਾਨ ਹੈ) ਜਾਂ ਅਲਹਮਦੂ ਲਿੱਲਾਹ (ਸਾਰੀ ਉਸਤਤ ਅੱਲਾ ਲਈ ਹੈ, ਉਸੇ ਨੂੰ ਸ਼ੋਭਦੀ ਹੈ) ਜਾਂ ਸੁਬਹਾਨਲਾੱਹ (ਅੱਲਾਹ ਹਰ ਪੱਖੋਂ ਪਵਿੱਤਰ ਤੇ ਪਾਕ ਹੈ) ਆਦਿ।
ਕੁਝ ਲੇਖਕਾਂ ਵੱਲੋਂ ‘ਕੁਝ ਕਲਮਿਆਂ ਦੀ ਵਿਸ਼ੇਸ਼ ਮਹੱਤਤਾ ਦੱਸਦੇ ਹੋਏ ਉਹਨਾਂ ਦਾ ਜਾਪ ਵਿਸ਼ੇਸ਼ ਮੌਕਿਆਂ ਤੇ ਕਰਨ ਨੂੰ ਚੰਗਾ ਦੱਸਿਆ ਗਿਆ ਹੈ। ਕਈਆਂ ਵੱਲੋਂ ਇਹਨਾਂ ਦਾ ਕ੍ਰਮ ਵੀ ਬਿਆਨ ਕੀਤਾ ਗਿਆ ਹੈ ਜਿਵੇਂ ਕਿ ਪਹਿਲਾ ਕਲਮਾ ਤੱਯਬ, ਦੂਜਾ ਕਲਮਾ ਸ਼ਹਾਦਤ, ਤੀਜਾ ਕਲਮਾ ਤਮਜੀਦ ਆਦਿ। ਇਸ ਤਰ੍ਹਾਂ ਕੁਝ ਵਿਦਵਾਨਾਂ ਵੱਲੋਂ 5 ਕੁਝ ਵੱਲੋਂ 6 ਅਤੇ ਕੁਝ ਵੱਲੋਂ 7 ਕਲਮਿਆਂ ਦਾ ਕੰਮ ਦਰਜ਼ ਕੀਤਾ ਗਿਆ ਹੈ ਪਰੰਤੂ ਕੁਰਾਨ ਜਾਂ ਹਦੀਸ ਵਿੱਚ ਇਸ ਕ੍ਰਮ ਬਾਰੇ ਜਾਂ ਇਸ ਗਿਣਤੀ ਬਾਰੇ ਕੋਈ ਵੀ ਇਸ਼ਾਰਾ ਮੌਜੂਦ ਨਹੀਂ ਹੈ। ਸ਼ਾਇਦ ਇਹੀ ਤੱਥ ਕ੍ਰਮ ਅਤੇ ਗਿਣਤੀ ਬਾਰੇ ਮੱਤ-ਭੇਦ ਦਾ ਕਾਰਨ ਹੈ। ਜਿਨ੍ਹਾਂ ਕਲਮਿਆਂ ਬਾਰੇ ਲੇਖਕਾਂ ਵਿੱਚ ਆਮ ਸਹਿਮਤੀ ਮਿਲਦੀ ਹੈ, ਉਹ ਨਿਮਨ ਅਨੁਸਾਰ ਹੈ:
1. ਕਲਮਾ-ਏ-ਤੱਯਬ/ਤੱਯਬਾ (ਸ਼ੁੱਭ ਤੇ ਪਵਿੱਤਰ ਕਲਮਾ) : ਤੱਯਬ ਦਾ ਅਰਥ ਹੁੰਦਾ ਹੈ ਪਵਿੱਤਰ, ਸ਼ੁੱਭ ਅਤੇ ਸ੍ਵਛ। ਇਸ ਨੂੰ ਇਹ ਨਾਂ ਇਸ ਲਈ ਦਿੱਤਾ ਗਿਆ ਹੈ ਕਿ ਬੰਦੇ ਦੇ ਮਨ ਨੂੰ ਸ੍ਵਛਤਾ ਪ੍ਰਦਾਨ ਕਰਦਾ ਹੈ। ਇਹ ਕਲਮਾ ਹੈ : ਲਾ ਇਲਾਹਾ ਇਲੱਲਾਹੁ ਮੁਹੱਮਦੁਨ ਰਸੂਲੱਲਾਹ (ਕੋਈ ਰੱਬ ਨਹੀਂ ਛੁੱਟ ਅੱਲਾਹ ਤੋਂ ਅਤੇ ਮੁਹੰਮਦ ਅੱਲਾਹ ਦੇ ਪੈਗ਼ੰਬਰ ਹਨ) ਇਸ ਕਲਮੇ ਨੂੰ ਤੱਯਬ ਦਾ ਨਾਂ ਇਸੇ ਕਰਕੇ ਦਿੱਤਾ ਗਿਆ ਹੈ ਕਿ ਇਹ ਉਹਨਾਂ ਦੇ ਅਕੀਦਿਆਂ ਨੂੰ ਬਿਆਨ ਕਰਦਾ ਹੈ ਜਿਨ੍ਹਾਂ ਤੇ ਇਸਲਾਮ ਦੀ ਨੀਂਹ ਰੱਖੀ ਹੋਈ ਹੈ।
2. ਕਲਮਾ-ਏ-ਸ਼ਹਾਦਤ : ਸ਼ਹਾਦਤ ਦਾ ਅਰਥ ਹੈ ਗਵਾਹੀ। ਜਦੋਂ ਕੋਈ ਵਿਅਕਤੀ ਕਿਸੇ ਤੱਥ ਦੀ ਗਵਾਹੀ ਦਿੰਦਾ ਹੈ ਤਾਂ ਇਸ ਦਾ ਮਤਲਬ ਇਹ ਵੀ ਹੁੰਦਾ ਹੈ ਕਿ ਉਹ ਆਪ ਉਸ ਬਾਰੇ ਪੂਰਨ ਤੌਰ ’ਤੇ ਵਿਸ਼ਵਾਸ ਰੱਖਦਾ ਹੈ। ਕਲਮਾ-ਏ-ਸ਼ਹਾਦਤ ਦੇ ਸ਼ਬਦ ਇਹ ਹਨ : ਅੱਸ਼ਹਦੁ ਅਨ ਲਾ ਇਲਾਹਾ ਇਲੱਲਾਹੁ ਵ ਅਸ਼ਹਦੂ ਅੰਨਾ ਮੁਹੱਮਦਨ ਅਬਦੁਹੂ ਵ ਰਸੂਲੂਹੂ। ਇਸ ਦਾ ਭਾਵ ਇਹ ਕਿ (ਮੈਂ ਗਵਾਹੀ ਦਿੰਦਾ ਹਾਂ ਕਿ ਅੱਲਾਹ ਤੋਂ ਛੁੱਟ ਕੋਈ ਹੋਰ (ਇਬਾਦਤ ਦੇ ਲਾਇਕ) ਰੱਬ ਨਹੀਂ ਅਤੇ ਮੈਂ ਗਵਾਹੀ ਦਿੰਦਾ ਹਾਂ ਕਿ ਹਜ਼ਰਤ ਮੁਹੰਮਦ ਅੱਲਾਹ ਦੇ ਪੈਗ਼ੰਬਰ ਅਤੇ ਉਸ ਦੇ ਬੰਦੇ ਹਨ) ਇਸ ਤਰ੍ਹਾਂ ਕਲਮਾ-ਏ-ਸ਼ਹਾਦਤ ਵਿੱਚ ਉਹਨਾਂ ਹੀ ਤੱਥਾਂ ਦੀ ਗਵਾਹੀ ਹੈ ਜਿਹੜੇ ਕਲਮਾ-ਏ-ਤੱਯਬ ਦਾ ਭਾਗ ਹਨ ਪਰ ਇੱਕ ਵਾਧਾ ਹੈ ਉੱਥੇ ਹਜ਼ਰਤ ਮੁਹੰਮਦ (ਸ) ਨੂੰ ਕੇਵਲ ਅੱਲਾਹ ਦਾ ਪੈਗ਼ੰਬਰ ਹੀ ਆਖਿਆ ਗਿਆ ਸੀ ਇੱਥੇ ਨਾਲ ਉਸ ਦਾ ਬੰਦਾ ਵੀ ਆਖਿਆ ਗਿਆ ਹੈ।
ਇਸਲਾਮ ਆਪਣੇ ਮੰਨਣ ਵਾਲਿਆਂ ਲਈ ਜਿਹੜੇ ਪੰਜ ਕਰਤੱਵ ਬਿਆਨ ਕਰਦਾ ਹੈ, ਜਿਨ੍ਹਾਂ ਵਿੱਚ ਨਮਾਜ਼, ਜ਼ਕਾਤ, ਰੋਜ਼ਾ, ਅਤੇ ਹੱਜ ਸ਼ਾਮਲ ਹਨ, ਉਹਨਾਂ ਵਿੱਚ ਪਹਿਲਾਂ ਸ਼ਹਾਦਤ ਹੈ ਅਰਥਾਤ ਕੁਝ ਤੱਥਾਂ ਨੂੰ ਮੰਨ ਲੈਣਾ ਅਤੇ ਉਸ ਦੀ ਗਵਾਹੀ ਦੇਣੀ ਅਤੇ ਇਸ ਸ਼ਹਾਦਤ ਦਾ ਆਧਾਰ ਇਹੀ ਕਲਮ-ਏ-ਸ਼ਹਾਦਤ ਹੈ।
3. ਕਲਮਾ-ਏ-ਤਮਜ਼ੀਦ : ਹਜ਼ਰਤ ਸਮੁਰਾ ਬਿਨ ਜੁੰਦਬ ਦਾ ਕਥਨ ਹੈ ਕਿ ਅੱਲਾਹ ਦੇ ਰਸੂਲ ਹਜ਼ਰਤ ਮੁਹੰਮਦ ਨੇ ਫ਼ਰਮਾਇਆ ਸਭੇ ਕਲਮਿਆਂ (ਵਾਕਾਂ) ਵਿੱਚੋਂ ਚਾਰ ਵਾਕ ਸਭ ਤੋਂ ਉੱਤਮ ਹਨ, ਇਹ ਹਨ: ਸੁਬਹਾਨ ਅੱਲਾਹ (ਅੱਲਾਹ ਪਵਿੱਤਰ ਤੇ ਪਾਕ ਹੈ ਅਤੇ ਅਲਹਮਦੁ ਲਿੱਲਾਹ (ਸਾਰੀ ਉਸਤਤੀ ਅੱਲਾਹ ਲਈ ਹੈ) ਅਤੇ ਲਾ ਇਲਾਹਾ ਇਲਾਲਾੱਹ (ਕੋਈ ਇਸ਼ਟ ਨਹੀਂ ਛੁੱਟ ਅੱਲਾਹ ਤੋਂ) ਅਤੇ ਅੱਲਾਹੁ-ਅਕਬਰ (ਅੱਲਾਹ ਸਭ ਤੋਂ ਮਹਾਨ ਹੈ)। ਇਸ ਹਦੀਸ ਨੂੰ ਇੰਞ ਵੀ ਬਿਆਨ ਕੀਤਾ ਗਿਆ ਏ ਕਿ ਇਹ ਚਾਰ ਵਾਕ ਸਭ ਵਾਕਾਂ ਵਿੱਚੋਂ ਅੱਲਾਹ ਤਾਅਲਾ ਨੂੰ ਸਭ ਤੋਂ ਵੱਧ ਪਿਆਰੇ ਹਨ।
4. ਕਲਮਾ-ਏ-ਤੌਹੀਦ : ਤੌਹੀਦ ਦਾ ਮਤਲਬ ਹੁੰਦਾ ਹੈ (ਰੱਬ ਨੂੰ) ਇੱਕ ਮੰਨਣਾ ਅਤੇ ਇਹ ਇਸਲਾਮ ਦਾ ਮੌਲਿਕ ਸਿਧਾਂਤ ਹੈ। ਉਂਞ ਤਾਂ ਪਹਿਲੇ ਅਤੇ ਦੂਜੇ ਕਲਮੇ ਵਿੱਚ ਵੀ ਇਸ ਸਿਧਾਂਤ ਦਾ ਸਾਰ ਮੌਜੂਦ ਹੈ ਪਰ ਕਲਮਾ-ਏ-ਤੌਹੀਦ ਦਾ ਇੱਕੋ-ਇੱਕ ਵਿਸ਼ਾ ਤੌਹੀਦ ਹੀ ਹੈ ਜਿਸ ਨੂੰ ਇਸ ਕਲਮੇ ਵਿੱਚ ਵਧੇਰੇ ਵਿਸਥਾਰ ਨਾਲ ਤੇ ਵਧੇਰੇ ਵਿਆਖਿਆ ਪੂਰਵਕ ਢੰਗ ਨਾਲ ਬਿਆਨਿਆ ਗਿਆ ਹੈ।
ਉਪਰੋਕਤ ਤੋਂ ਛੁੱਟ ਕੁਝ ਵਿਦਵਾਨਾਂ ਕਲਮਾ-ਏ-ਤਮਹੀਦ, ਕਲਮਾ-ਏ-ਇਸਤਿਗ਼ਫਾਰ, ਕਲਮਾ-ਏ-ਰੱਦ-ਏ-ਕੁਫ਼ਰ ਨੂੰ ਵੀ ਮੰਨਣਾ ਜ਼ਰੂਰੀ ਸਮਝਦੇ ਹਨ। ਪਰ ਜਿਵੇਂ ਕਿ ਪਹਿਲਾਂ ਲਿਖਿਆ ਗਿਆ ਹੈ ਇਹਨਾਂ ਕਲਮਿਆਂ ਦੀ ਸ਼ਬਦਾਵਲੀ ਅਤੇ ਕ੍ਰਮ ਪਿੱਛੇ ਕੋਈ ਮੂਲ ਧਾਰਮਿਕ ਮਾਨਤਾ ਨਹੀਂ ਹੈ। ਵੱਧ ਤੋਂ ਵੱਧ ਇਹਨਾਂ ਨੂੰ ਰੀਤੀ-ਮਰਯਾਦਾ ਦਾ ਨਾਂ ਦਿੱਤਾ ਜਾ ਸਕਦਾ ਹੈ। ਰਸਮ ਵਜੋਂ ਵੀ ਕੁਝ ਇਲਾਕਿਆਂ ਵਿੱਚ ਨਿਕਾਹ ਦੇ ਸਮੇਂ ਮੌਲਵੀ/ਕਾਜ਼ੀ ਵੱਲੋਂ ਵਰ ਨੂੰ ਇਹ ਕਲਮੇ ਉਚਾਰਨ ਕਰਾਉਣ ਦੀ ਰਸਮ ਵੀ ਮੌਜੂਦ ਹੈ। ਆਮ ਕਾਰ-ਵਿਹਾਰ ਵਿੱਚ ਕਲਮੇ ਨੂੰ ਈਮਾਨ ਦਾ ਪਰਿਆਇਵਾਚੀ ਸਮਝਿਆ ਜਾਂਦਾ ਹੈ ਇਸ ਕਰਕੇ ‘ਕਲਮਾ ਪੜ੍ਹਨ ਤੋਂ’ ਭਾਵ ਈਮਾਨ ਲਿਆਉਣਾ ‘ਕਲਮਾ ਪੜ੍ਹਾਉਣਾ’ ਤੋਂ ‘ਮੁਸਲਮਾਨ ਬਣਾਉਣਾ’ ਅਤੇ ‘ਕਲਮਾ ਗੋ’ ਤੋਂ ‘ਮੁਸਲਮਾਨਾਂ ਵਿੱਚ ਸ਼ਾਮਲ’ ਲਿਆ ਜਾਂਦਾ ਹੈ।
ਲੇਖਕ : ਤਾਰਿਕ ਕਿਫ਼ਾਇਤਉੱਲਾ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 2165, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-25-04-23-54, ਹਵਾਲੇ/ਟਿੱਪਣੀਆਂ:
ਕਲਮਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਲਮਾ, (ਅਰਬੀ: ਕਲਿਮਾ=ਸੁਖ਼ਨ) \ ਪੁਲਿੰਗ : ੧. ਸ਼ਬਦ, ਵਾਕ, ਅਰਥ ਜਾਂ ਭਾਵ ਵਾਲਾ ਵਾਕ, ਉਹ ਸ਼ਬਦ ਜਿਸਦਾ ਅਰਥ ਭਾਵ ਹੋਵੇ: ੨. ਮੁਸਲਮਾਨਾਂ ਦਾ ਮੂਲ ਮੰਤਰ : ‘ਲਾ ਇਲਾਹਾ ਇੱਲਲਿੱਲਾ ਮੁਹੰਮਦ ਰਸੂਲ ਲਿੱਲਾ’ ਅਰਥਾਤ ਅੱਲਾ ਤੋਂ ਬਿਨਾਂ ਕੋਈ ਹੋਰ ਅਲਾਹ ਨਹੀਂ, ਮੁਹੰਮਦ ਉਸ ਦਾ ਪੈਗੰਬਰ ਹੈ
–ਕਲਮਾਈ ਗੜੂੰਦ ਹੋਣਾ, ਮੁਹਾਵਰਾ : ਮੁੱਢ ਜਾਂ ਆਦਿ ਵਾਲੀ ਉਸ ਚੀਜ਼ ਦਾ ਗਾਇਬ ਹੋਣਾ ਜਿਸ ਦੇ ਉਤੇ ਹੋਰ ਗੱਲਾਂ ਨਿਰਭਰ ਹੁੰਦੀਆਂ ਹਨ
–ਕਲਮਾ ਪੜ੍ਹਨਾ, ਮੁਹਾਵਰਾ : ੧. ਮੁਸਲਮਾਨ ਹੋਣਾ; ੨. ਅਧੀਨ ਹੋਣਾ; ੩. ਸ਼ਰਧਾਵਾਨ ਹੋਣਾ, ਅਨੁਸਾਰੀ ਹੋਣਾ
–ਕਲਮਾ ਪੜ੍ਹਾਉਣਾ, ਮੁਹਾਵਰਾ : ੧. ਮੁਸਲਮਾਨ ਕਰ ਲੈਣਾ; ੨. ਅਧੀਨ ਕਰ ਲੈਣਾ
–ਕੁਫ਼ਰ ਦਾ ਕਲਮਾ, ਪੁਲਿੰਗ : ਉਹ ਕਲਮਾ ਜਿਸ ਨਾਲ ਦੀਨ ਜਾਂ ਰਸੂਲ ਦੀ ਨਿੰਦਿਆ ਹੋਵੇ, ਹੁਕਮ ਦੀ ਅਵੱਗਿਆ ਦਾ ਬਚਨ, ਨਾਸਤਕਤਾ ਦੀ ਗੱਲਬਾਤ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 361, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-07-03-57-34, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First