ਜੱਟ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੱਟ (ਨਾਂ,ਪੁ) 1 ਕਿਰਸਾਣ 2 ਇੱਕ ਸਿੰਗੜ ਵਾਲਾ ਜਟਕਾ ਸੰਦ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 27692, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਜੱਟ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੱਟ [ਨਾਂਪੁ] ਭਾਰਤ ਵਿੱਚ ਖੇਤੀ-ਬਾੜੀ ਕਰਨ ਵਾਲ਼ੀ ਇੱਕ ਪ੍ਰਸਿੱਧ ਜਾਤੀ; ਜ਼ਿਮੀਂਦਾਰ, ਕਿਸਾਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 27656, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜੱਟ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੱਟ. ਇੱਕ ਜਾਤਿ, ਜੋ ਕਿਤਨਿਆਂ ਦੇ ਖ਼ਯਾਲ ਅਨੁਸਾਰ ਰਾਜਪੂਤਾਂ ਦੀ ਸ਼ਾਖ਼ ਹੈ. ਜੱਟ, ਹਿੰਦ ਵਿੱਚ ਮੱਧ ਏਸ਼ੀਆ ਤੋਂ ਆਕੇ ਪੱਛਮੀ ਹਿੰਦੁਸਤਾਨ ਵਿੱਚ ਆਬਾਦ ਹੋਏ ਸਨ. ਕਰਨਲ ਟਾਡ ਨੇ ਜੱਟਾਂ ਨੂੰ ਯਦੁਵੰਸ਼ੀ ਦੱਸਿਆ ਹੈ. ਇਤਿਹਾਸਕਾਰਾਂ ਨੇ ਇਸੇ ਜਾਤਿ ਦੇ ਨਾਮ Jit—Jute—Getae ਆਦਿ ਲਿਖੇ ਹਨ. ਇਸ ਜਾਤਿ ਦੇ ਬਹੁਤ ਲੋਕ ਖੇਤੀ ਦਾ ਕੰਮ ਕਰਦੇ ਹਨ. ਫ਼ੌਜੀ ਕੰਮ ਲਈ ਭੀ ਇਹ ਬਹੁਤ ਪ੍ਰਸਿੱਧ ਹਨ. ਜੱਟ ਕੱਦਾਵਰ, ਸੁਡੌਲ, ਬਲਵਾਨ, ਨਿ੄ਕਪਟ, ਸ੍ਵਾਮੀ ਦੇ ਭਗਤ ਅਤੇ ਉਦਾਰ ਹੁੰਦੇ ਹਨ.1 


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 27353, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੱਟ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜੱਟ : ਭਾਰਤ ਦੀ ਇਕ ਮਹੱਤਵਪੂਰਨ ਜਾਤ ਹੈ। ਆਮ ਕਰਕੇ ਜੱਟ ਪੰਜਾਬ ਵਿਚ ਖੇਤੀਬਾੜੀ ਕਰਨ ਵਾਲੇ ਸਿੱਖ ਕਿਸਾਨਾਂ ਨੂੰ ਹੀ ਸਮਝਿਆ ਜਾਂਦਾ ਹੈ ਪਰ ਅਸਲ ਵਿਚ ਜੱਟ ਮੁਸਲਮਾਨ ਵੀ ਹਨ ਅਤੇ ਹਿੰਦੂ ਵੀ ਅਤੇ ਇਹ ਪਾਕਿਸਤਾਨ ਵਿਚ ਤੇ ਭਾਰਤ ਦੇ ਹੋਰਨਾਂ ਰਾਜਾਂ ਵਿਚ ਵੀ ਵਸਦੇ ਹਨ। ਜੱਟਾਂ ਦੇ ਮੂਲ ਬਾਰੇ ਇਤਿਹਾਸਕਾਰਾਂ ਦੀ ਰਾਇ ਵੱਖ-ਵੱਖ ਹੈ। ਮੇਜਰ ਟੋਡ, ਜਿਸਨੇ ਭਾਰਤੀ ਜਾਤਾਂ ਸਬੰਧੀ ਕਈ ਖੋਜਾਂ ਕੀਤੀਆਂ ਹਨ, ਅਤੇ ਜਨਰਲ ਕਨਿੰਘਮ ਵਰਗੇ ਖੋਜੀ ਜੱਟਾਂ ਨੂੰ ਇੰਡੋਸਿਥੀਅਨ ਵਰਗ ਦੇ ਲੋਕਾਂ ਵਿਚੋਂ ਮੰਨਦੇ ਹਨ। ਉਨ੍ਹਾਂ ਅਨੁਸਾਰ ਇਹ ਲੋਕ ਈਸਾ ਤੋਂ ਇਕ ਸੌ ਸਾਲ ਪਹਿਲਾਂ ਮੰਡ ਕਬੀਲੇ ਨਾਲ ਸਿੰਧ ਰਾਹੀਂ ਪੰਜਾਬ ਵਿਚ ਦਾਖ਼ਲ ਹੋਏ। ਹੌਲੀ ਹੌਲੀ ਇਨ੍ਹਾਂ ਨੇ ਲਗਭਗ ਸਾਰੀ ਸਿੰਧ ਘਾਟੀ ਤੇ ਕਬਜ਼ਾ ਕਰ ਲਿਆ। ਮਗਰੋਂ ਇਹ ਦੂਜੇ ਇਲਾਕਿਆਂ ਉਪਰ ਵੀ ਕਾਬਜ਼ ਹੁੰਦੇ ਗਏ ਅਤੇ ਇੰਜ ਮੁਸਲਮਾਨਾਂ ਦੇ ਹਮਲਿਆਂ ਤੋਂ ਪਹਿਲਾਂ ਇਹ ਸਾਰੇ ਭਾਰਤ ਵਿਚ ਫੈਲ ਚੁੱਕੇ ਸਨ। ਗਿਆਰ੍ਹਵੀਂ ਸਦੀ ਦੇ ਆਰੰਭ ਵਿਚ ਇਥੇ ਇਨ੍ਹਾਂ ਨੇ ਪੂਰੀ ਤਰ੍ਹਾਂ ਆਪਣੇ ਪੈਰ ਪੱਕੇ ਕਰ ਲਏ ਸਨ।

          ਮੇਜਰ ਟੋਡ ਜੱਟਾਂ ਨੂੰ ਪ੍ਰਸਿੱਧ ਰਾਜਪੂਤ ਕਬੀਲਿਆਂ ਵਿਚੋਂ ਇਕ ਕਬੀਲਾ ਮੰਨਦਾ ਹੈ। ਪਰ ਜਨਰਲ ਕਨਿੰਘਮ ਇਸ ਮੱਤ ਨਾਲ ਸਹਿਮਤ ਨਹੀਂ। ਉਸ ਅਨੁਸਾਰ ਜੱਟ ਉੱਤਰ-ਪੱਛਮੀ ਖੇਤਰ ਤੋਂ ਆਉਣ ਵਾਲੇ ਸਿਥੀਅਨਾਂ ਦਾ ਹੀ ਔਲਾਦ ਹਨ ਪਰ ਡੀਲ ਡੌਲ ਅਤੇ ਨੈਣ ਨਕਸ਼ ਇਕੋ ਜਿਹੇ ਹੋਣ ਕਾਰਨ ਰਾਜਪੂਤ ਅਤੇ ਜੱਟ ਦੋਵੇਂ ਇਕੋ ਨਸਲ ਦੇ ਹੀ ਦੋ ਵਰਗ ਲਗਦੇ ਹਨ ਅਤੇ ਇਨ੍ਹਾਂ ਨੂੰ ਆਪਸ ਵਿਚ ਨਿਖੇੜਨਾ ਕਾਫ਼ੀ ਔਖਾ ਹੈ। ਮਾਨ, ਹੇਰ ਅਤੇ ਭੁੱਲਰ ਆਪਣੇ ਆਪ ਨੂੰ ਰਾਜਪੂਤਾਂ ਨਾਲੋਂ ਨਿਖੇੜਦੇ ਹਨ ਅਤੇ ਆਪਣੇ ਆਪ ਨੂੰ ਹੀ ਅਸਲੀ ਜੱਟ ਮੰਨਦੇ ਹਨ। ਇਨ੍ਹਾਂ ਦੇ ਮੂਲ ਬਾਰੇ ਕਈ ਵਿਦਵਾਨਾਂ ਦਾ ਇਹ ਮੱਤ ਵੀ ਹੈ ਕਿ ਇਨ੍ਹਾਂ ਦੀ ਉਤਪਤੀ ਸ਼ਿਵ ਜੀ ਦੀਆਂ ‘ਜਟਾਂ’ ਵਿਚੋਂ ਹੋਈ। ਦੱਖਣ-ਪੂਰਬੀ ਇਲਾਕਿਆਂ ਦੇ ਜੱਟ ਦੋ ਵਰਗਾਂ ਵਿਚ ਵੰਡੇ ਹੋਏ ਹਨ। ਇਕ ਸ਼ਿਵਗੋਤਰੀ, ਜੋ ਆਪਣਾ ਸਬੰਧ ਸ਼ਿਵ ਜੀ ਨਾਲ ਮੰਨਦੇ ਹਨ, ਅਤੇ ਦੂਜੇ ਕਸਬਗੋਤਰੀ ਜੋ ਆਪਣੇ ਆਪ ਨੂੰ ਰਾਜਪੂਤਾਂ ਨਾਲ ਸਬੰਧਤ ਮੰਨਦੇ ਹਨ।

          ਪੰਜਾਬ ਦੇ ਜੱਟਾਂ ਦੇ ਕਈ ਰਸਮਾਂ ਰਿਵਾਜਾਂ ਤੋਂ ਇਸ ਬਾਰੇ ਵਿਸ਼ਵਾਸ ਹੁੰਦਾ ਹੈ ਕਿ ਇਹ ਆਰੀਆ ਮੂਲ ਦੇ ਨਹੀਂ ਹਨ। ਸਿੱਖਾਂ ਦੇ ਰਾਜਕਾਲ ਸਮੇਂ ਜੱਟ ਲੋਕ ਰਾਜਪੂਤਾਂ ਉਪਰ ਹਾਵੀ ਰਹੇ ਅਤੇ ਆਪਣੇ ਆਪ ਨੂੰ ਜੱਟ ਸਿੱਖ ਹੀ ਅਖਵਾਉਂਦੇ ਸਨ। ਖੇਤੀਬਾੜੀ ਕਰਨ ਵਾਲੇ ਤਬਕੇ ਨੂੰ ਅਕਸਰ ਜੱਟ ਕਿਹਾ ਜਾਣ ਲੱਗਾ। ਪੰਜਾਬ ਦੇ ਲੋਕਾਂ ਵਿਚੋਂ ਜੱਟ ਹਰ ਪੱਖੋਂ ਮਹੱਤਵ ਰੱਖਦੇ ਹਨ। ਇਹ ਰਾਜਪੂਤਾਂ ਨਾਲੋਂ ਗਿਣਤੀ ਵਿਚ ਵੱਧ ਹਨ ਅਤੇ ਪੰਜਾਬ ਵਿਚ ਸਿੱਖ ਰਾਜ ਤੋਂ ਪਹਿਲਾਂ ਬਹੁਤਾ ਕਰਕੇ ਇਨ੍ਹਾਂ ਦੇ ਸਰਦਾਰ ਹੀ ਵੱਖ ਵੱਖ ਥਾਵਾਂ ਤੇ ਰਾਜ ਕਰਦੇ ਸਨ। ਇਹ ਮਿਹਨਤੀ, ਮਜ਼ਬੂਤ ਅਤੇ ਦ੍ਰਿੜ ਨਿਸ਼ਚੇ ਵਾਲੇ ਮਨੁਖ ਮੰਨੇ ਜਾਂਦੇ ਹਨ। ਇਹ ਆਪਣੇ ਆਪ ਨੂੰ ਜ਼ਿਮੀਂਦਾਰ ਵੀ ਕਹਿੰਦੇ ਹਨ। ਇਨ੍ਹਾਂ ਵਿਚ ਵਿਧਵਾ ਵਿਆਹ ਦੀ ਪ੍ਰਥਾ ਆਮ ਹੈ। ਪੰਜਾਬ ਦੀ ਜੱਟ ਜਾਤ ਦੱਖਣ ਦੀ ਜਾਟ ਜਾਤ ਨਾਲੋਂ ਬਿਲਕੁਲ ਵੱਖਰੀ ਹੀ ਹੈ।

          ਜੱਟ ਨਾ ਸਿਰਫ਼ ਪੰਜਾਬ ਵਿਚ ਹੀ ਰਹਿੰਦੇ ਹਨ ਸਗੋਂ ਸਿੰਧ ਦੇ ਖੇਤਰ ਵਿਚ ਵੀ ਇਹ ਬਹੁ-ਗਿਣਤੀ ਵਿਚ ਰਹਿੰਦੇ ਹਨ। ਬੀਕਾਨੇਰ, ਜੈਸਲਮੇਰ, ਮਾਰਵਾੜ, ਗੰਗਾ, ਜਮੁਨਾ ਦਰਿਆ ਦੀਆਂ ਉਪਰਲੀਆਂ ਵਾਦੀਆਂ ਕੇਂਦਰੀ ਜ਼ਿਲ੍ਹੇ ਅਤੇ ਡੇਰਾਜਾਤ ਦੇ ਇਲਾਕੇ ਵਿਚ ਵੀ ਬਹੁ ਗਿਣਤੀ ਇਨ੍ਹਾਂ ਦੀ ਹੀ ਹੈ। ਪੂਰਬੀ ਪੰਜਾਬ ਦੇ ਜੱਟ ਸਤਲੁਜ ਵਾਦੀ ਦੇ ਉਪਰ ਤਕ ਪਹੁੰਚ ਗਏ ਹਨ ਅਤੇ ਬੀਕਾਨੇਰ ਤੋਂ ਵੀ ਸਿੱਧੇ ਹੀ ਮਾਲਵੇ ਦੇ ਇਲਾਕੇ ਵਿਚ ਆ ਵਸੇ ਹਨ। ਡੇਰਾ ਗਾਜ਼ੀ ਖ਼ਾਨ ਦੇ ਇਲਾਕੇ ਵਿਚ ਮਾਛੀ ਜਾਂ ਮੱਛੀਆਂ ਫੜਨ ਵਾਲੇ ਲੋਕ ਵੀ ਆਪਣੇ ਆਪ ਨੂੰ ਜੱਟ-ਮਾਛੀ ਆਖਦੇ ਹਨ।

          ਤਹੀਮ, ਭੁੱਟਾ, ਲੰਗਾਹ, ਛੀਨਾ, ਸਮਰਾ ਆਦਿ ਜੱਟ ਗੋਤ ਪੱਛਮੀ ਮੈਦਾਨੀ ਇਲਾਕਿਆਂ ਵਿਚ ਮਿਲਦੇ ਹਨ। ਸਿੰਧ ਅਤੇ ਲੋਅਰ ਚਨਾਬ ਦੇ ਜੱਟ ਖੇਤੀ ਕਰਦੇ ਹਨ, ਪਰ ਪੱਛਮੀ ਮੈਦਾਨਾਂ ਦੇ ਜੱਟ ਅਰਾਈਆਂ ਆਦਿ ਤੋਂ ਖੇਤੀ ਦਾ ਕੰਮ ਕਰਵਾਉਂਦੇ ਹਨ ਅਤੇ ਆਪ ਵਧੇਰੇ ਧਿਆਨ ਪਸ਼ੂ ਪਾਲਣ ਵੱਲ ਹੀ ਲਾਉਂਦੇ ਹਨ। ਅਪਰ ਸਿੰਧ ਦੇ ਇਲਾਕੇ ਵਿਚ ਜੱਟ ਨੂੰ ਹਿੰਦਕੀ ਵੀ ਆਖਦੇ ਹਨ। ਸਿੰਧ ਤੋਂ ਪਾਰ ਦੇ ਇਲਾਕਿਆਂ ਵਿਚ ਜੱਟਾਂ ਜਾਂ ਹਿੰਦਕੀਆਂ ਵਿਚ ਰਾਜਪੂਤ ਅਤੇ ‘ਅਵਾਨ’ ਲੋਕ ਵੀ ਰਲੇ ਮਿਲੇ ਹਨ। ਸਾਲਟ ਰੇਂਜ ਖੇਤਰ ਵਿਚ ਹਰ ਖੇਤੀ ਕਰਨ ਵਾਲੇ, ਭਾਵੇਂ ਉਹ ਹਿੰਦੂ ਮੂਲ ਦਾ ਹੈ ਜਾਂ ਮੁਸਲਮਾਨ ਮੂਲ ਦਾ, ਨੂੰ ‘ਜੱਟ’ ਹੀ ਸਮਝਿਆ ਜਾਂਦਾ ਹੈ ਪਰ ਇਨ੍ਹਾਂ ਵਿਚ ਅਵਾਨ, ਗਾਖੜ ਪਠਾਣ, ਸੱਯਦ, ਕੁਰੈਸ਼ੀ ਅਤੇ ਰਾਜਪੂਤਾਂ ਨੂੰ ਸ਼ੁਮਾਰ ਨਹੀਂ ਕੀਤਾ ਜਾਂਦਾ।

          ਸੰਨ 1947 ਤੋਂ ਪਹਿਲਾਂ ਅਣਵੰਡੇ ਪੰਜਾਬ ਦੇ ਗੁਜਰਾਤ, ਗੁਜਰਾਂਵਾਲਾ ਅਤੇ ਸਿਆਲਕੋਟ ਜ਼ਿਲ੍ਹਿਆਂ ਵਿਚ ਜੱਟਾਂ ਦੀਆਂ ਕਈ ਗੋਤਾਂ ਸਨ। ਇਨ੍ਹਾਂ ਵਿਚ ਕੁਝ ਰਾਜਪੂਤਾਂ ਵਿਚੋਂ ਨਿਕਲਣ ਦੇ ਬਾਵਜੂਦ ਵੀ ਜੱਟਾਂ ਵਿਚ ਹੀ ਗਿਣੇ ਜਾਂਦੇ ਹਨ। ਧਨਿਆਲ, ਭਖਰਾਲ, ਜੰਜੂਆ, ਮਿਹਨਾਸ ਆਦਿ ਗੋਤ ਅਜਿਹੇ ਹੀ ਗੋਤ ਹਨ।

          ਜੱਟਾਂ ਅਤੇ ਰਾਜਪੂਤਾਂ ਵਿਚ ਆਪਸੀ ਮਤ-ਭੇਦ ਖਾਲਸੇ ਦੀ ਸਿਰਜਣਾ ਤੋਂ ਬਾਅਦ ਹੀ ਆਇਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਜਾਤ-ਪਾਤ ਦਾ ਅੰਤਰ ਖ਼ਤਮ ਕਰਕੇ ਖ਼ਾਲਸਾ ਪੰਥ ਬਣਾਇਆ ਤਾਂ ਰਾਜਪੂਤ ਇਸ ਗੱਲ ਨਾਲ ਸਹਿਮਤ ਨਹੀਂ ਸਨ, ਜਦੋਂ ਕਿ ਬਹੁ-ਗਿਣਤੀ ਵਿਚ ਜੱਟ ਇਸ ਪੰਥ ਦੇ ਸ਼ਰਧਾਲੂ ਸਨ। ਸਿੱਟੇ ਵਜੋਂ ਇਹੀ ਰਾਜਪੂਤ ਖਾਲਸਾ ਰਾਜ ਸਮੇਂ ਜੱਟਾਂ ਦੀ ਈਰਖ਼ਾ ਅਤੇ ਨਫ਼ਰਤ ਦੇ ਪਾਤਰ ਬਣੇ।

          ਪੱਛਮੀ ਇਲਾਕਿਆਂ ਵਿਚ ਸਿਆਲਕੋਟ ਦੇ ਜੱਟ ਹੀ ਅਜਿਹੇ ਹਨ, ਜਿਨ੍ਹਾਂ ਨੇ ਆਪਣੇ ਪ੍ਰਾਚੀਨ ਰਸਮ ਰਿਵਾਜ ਕਾਇਮ ਰੱਖੇ। ਦਿਓ, ਸਰਾਇ, ਗੋਰਾਇਆ, ਕਾਹਲੋਂ ਅਤੇ ਘੁੰਮਣ ਗੋਤ ਸਿਆਲਕੋਟ, ਗੁਰਦਾਸਪੁਰ ਅਤੇ ਗੁਜਰਾਂਵਾਲਾ ਜ਼ਿਲ੍ਹਿਆਂ ਵਿਚ ਮਿਲਦੇ ਹਨ। ਇਨ੍ਹਾਂ ਤੋਂ ਇਲਾਵਾ ਕੁਝ ਸਾਹੀ, ਹਿੰਜਰਾ, ਬਾਜਵਾ ਆਦਿ ਗੋਤ ਵੀ ਇਸੇ ਇਲਾਕੇ ਦੇ ਹਨ। ਇਨ੍ਹਾਂ ਤੋਂ ਇਲਾਵਾ ਗਰੇਵਾਲ, ਢਿਲੋਂ, ਸੰਧਾਵਾਲੀਆ, ਸੇਖੋਂ ਵੀ ਜੱਟਾਂ ਦੀਆਂ ਮਸ਼ਹੂਰ ਗੋਤਾਂ ਹਨ।

          ਪੰਜਾਬ ਦੇ ਕੇਂਦਰੀ ਜ਼ਿਲ੍ਹਿਆਂ, ਸਤਲੁਜ ਦੇ ਉਪਰੀ ਹਿੱਸੇ ਅਤੇ ਪੂਰਬੀ ਮੈਦਾਨਾਂ ਵਿਚ ਰਹਿਣ ਵਾਲੇ ਕੁਝ ਕੁ ਜੱਟ ਕਬੀਲਿਆਂ ਦਾ ਪੰਜਾਬ ਦੇ ਇਤਿਹਾਸ ਵਿਚ ਆਪਣਾ ਹੀ ਯੋਗਦਾਨ ਹੈ। ਇਥੋਂ ਦੇ ਇਕ ਉੱਘੇ ਗੋਤ ਸਿੱਧੂ-ਬਰਾੜ ਜੋ ਆਪਣਾ ਮੂਲ ਰਾਜਪੂਤਾਂ ਨੂੰ ਮੰਨਦੇ ਸਨ, ਹੁਣ ਜੱਟ ਹੀ ਅਖਵਾਉਂਦੇ ਹਨ। ਪਟਿਆਲਾ, ਨਾਭਾ ਅਤੇ ਜੀਂਦ ਦਾ ਸ਼ਾਹੀ ਪਰਿਵਾਰ ਇਸੇ ਹੀ ਗੋਤ ਨਾਲ ਸਬੰਧਤ ਹੈ। ਵਿਰਕ ਇਕ ਅਜਿਹਾ ਗੋਤ ਹੈ, ਜੋ ਹੁਣ ਵੀ ਰਾਜਪੂਤਾਂ ਨੂੰ ਹੀ ਆਪਣਾ ਮੂਲ ਮੰਨਦਾ ਹੈ। ਇਹ ਲੋਕ ਮਿਹਨਤੀ, ਦ੍ਰਿੜ ਨਿਸ਼ਚੇ ਵਾਲੇ ਅਤੇ ਸਖ਼ਤ ਜੀਵਨ ਬਤੀਤ ਕਰਨ ਵਾਲੇ ਮੰਨੇ ਜਾਂਦੇ ਹਨ।

          ਲਾਹੌਰ ਅਤੇ ਫ਼ਿਰੋਜ਼ਪੁਰ ਜ਼ਿਲ੍ਹਿਆਂ ਵਿਚ ਰਹਿਣ ਵਾਲੇ ਜੱਟਾਂ ਵਿਚੋਂ ਗਿੱਲ ਇਕ ਉੱਘਾ ਗੋਤ ਹੈ। ਸਿੱਖ ਰਾਜ ਸਮੇਂ ਇਨ੍ਹਾਂ ਨੂੰ ਕਾਫ਼ੀ ਪ੍ਰਸਿੱਧੀ ਹਾਸਲ ਹੋਈ।

          ਮਾਨ ਜੱਟਾਂ ਦਾ ਇਕ ਹੋਰ ਉੱਘਾ ਗੋਤ ਹੈ। ਭੁੱਲਰ, ਮਾਨ, ਹੇਰ, ਓਡੀ, ਬੱਲ, ਪੰਨੂ, ਮਾਹਲ, ਔਲਖ, ਧਾਰੀਵਾਲ, ਸਰਾਂ, ਮਾਂਗਟ, ਢੀਂਡਸਾ, ਚਹਿਲ ਆਦਿ ਇਸ ਇਲਾਕੇ ਦੇ ਕੁਝ ਹੋਰ ਉੱਘੇ ਗੋਤ ਹਨ।

          ਰੰਧਾਵਾ, ਕੰਗ, ਸੋਹਲ, ਬੂਟਾ, ਬੈਂਸ, ਅਠਵਾਲ ਆਦਿ ਗੋਤ ਅੰਬਾਲੇ ਤੋਂ ਗੁਰਦਾਸਪੁਰ ਤੱਕ ਦੇ ਪਹਾੜਾਂ ਦੀ ਤਰਾਈ ਵਾਲੇ ਇਲਾਕਿਆਂ ਵਿਚ ਮਿਲਦੇ ਹਨ। ਸਿੱਖ ਇਲਾਕਿਆਂ ਵਿਚ ਜੱਟਾਂ ਦੀ ਵਧੇਰੇ ਮਾਨਤਾ ਹੋਣ ਕਾਰਨ ਇਹ ਆਪਣੇ ਆਪ ਨੂੰ ਰਾਜਪੂਤ ਨਹੀਂ ਅਖਵਾਉਂਦੇ ਸਨ। ਮੰਜ ਇਕ ਅਜਿਹਾ ਗੋਤ ਹੈ, ਜੋ ਗੁਰਦਾਸਪੁਰ ਵਿਚ ਮਿਲਦਾ ਹੈ ਅਤੇ ਇਸ ਵਿਚ ਜੱਟ ਅਤੇ ਰਾਜਪੂਤ ਦੋਵੇਂ ਹੀ ਮਿਲਦੇ ਹਨ।

          ਜਮੁਨਾ ਦਰਿਆ ਦੇ ਨੇੜੇ ਦੇ ਜ਼ਿਲ੍ਹਿਆਂ ਜੀਂਦ, ਰੋਹਤਕ ਅਤੇ ਹਿਸਾਰ ਵਿਚ ਮਿਲਦੇ ਜੱਟ ਕਬੀਲੇ ਜਾਟ ਅਖਵਾਉਂਦੇ ਹਨ। ਇਹ ਲੋਕ ਆਮ ਤੌਰ ਤੇ ਹਿੰਦੂ ਧਰਮ ਨੂੰ ਮੰਨਦੇ ਹਨ। ਇਨ੍ਹਾਂ ਦੇ ਰਸਮ-ਰਿਵਾਜ ਇਨ੍ਹਾਂ ਨੂੰ ਬੀਕਾਨੇਰ ਤੋਂ ਇਥੇ ਆ ਕੇ ਵਸਿਆ ਦਰਸਾਉਂਦੇ ਹਨ। ਇਹ ਲੋਕ ਵੀ ਖੇਤੀ ਕਰਦੇ ਹਨ ਅਤੇ ਇਨ੍ਹਾਂ ਨਾਲ ਇਨ੍ਹਾਂ ਦੀਆਂ ਔਰਤਾਂ ਖੇਤੀ ਦੇ ਕੰਮ ਵਿਚ ਪੂਰੀ ਮਦਦ ਕਰਦੀਆਂ ਹਨ। ਗੁੱਜਰ, ਅਹੀਰ ਆਦਿ ਗੋਤਾਂ ਵਿਚ ਵਿਧਵਾ ਵਿਆਹ ਦੀ ਰਸਮ ਆਮ ਪ੍ਰਚੱਲਤ ਹੈ। ਅਟਵਾਲ, ਡਗਰ, ਜਾਖੜ, ਸੰਗਵਾਨ, ਦੇਹੀਆ, ਗੋਲੀਆ, ਰਥੀ, ਅਹਿਲਾਵਤ, ਦੇਸਵਾਸ, ਧਨਕਰ, ਬੈਹਨੀਵਾਲ, ਨੈਕ ਆਦਿ ਇਨ੍ਹਾਂ ਦੇ ਕੁਝ ਗੋਤ ਹੋਰ ਹਨ ਜੋ ਦੱਖਣ-ਪੂਰਬੀ ਜ਼ਿਲ੍ਹਿਆਂ ਵਿਚ ਆਮ ਮਿਲਦੇ ਹਨ।

          ਹ. ਪੁ.––ਗ. ਟ੍ਰਾ. ਕਾ. 357; ਪੰ. ਕਾ. 97


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 18953, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no

ਜੱਟ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਜੱਟ : ਇਸ ਜਾਤ ਦੇ ਮੁੱਢ ਸਬੰਧੀ ਵੱਖ ਵੱਖ ਇਤਿਹਾਸਕਾਰਾਂ ਦੇ ਵੱਖੋ-ਵੱਖਰੇ ਵਿਚਾਰ ਹਨ। ਕਨਿੰਘਮ ਅਤੇ ਮੇਜਰ ਟੋਡ ਨੇ ਜੱਟਾਂ ਨੂੰ ਇੰਡੋ-ਸਿਥੀਅਨ ਵਰਗ ਦੇ ਲੋਕਾਂ ਵਿਚੋਂ ਮੰਨਿਆ ਹੈ। ਉਨ੍ਹਾਂ ਨੇ ਇਹ ਵੀ ਲਿਖਿਆ ਕਿ ਇਹ ਈਸਾ ਤੋਂ ਇਸ ਸੌ ਸਾਲ ਬਾਅਦ ਮੰਡ ਕਬੀਲੇ ਨਾਲ ਪੰਜਾਬ ਵਿਚ ਦਾਖਲ ਹੋਏ। ਜੱਟਾਂ ਨੇ ਪਹਿਲਾਂ ਪਹਿਲ ਲਗਭਗ ਸਾਰੀ ਸਿੰਧ ਵਾਦੀ ਉੱਤੇ ਕਬਜ਼ਾ ਕਰ ਲਿਆ ਅਤੇ ਮੁਗ਼ਲਾਂ ਦੇ ਹਮਲਿਆਂ ਤੋਂ ਪਹਿਲਾਂ ਹੀ ਸਾਰੇ ਪੰਜਾਬ ਵਿਚ ਫੈਲ ਚੁੱਕੇ ਸਨ। ਇਥੇ ਗਿਆਰ੍ਹਵੀਂ ਸਦੀ ਦੇ ਅਰੰਭ ਤਕ ਇਹ ਪੱਕੇ ਪੈਰ ਜਮਾ ਚੁੱਕੇ ਸਨ। ਸੱਤਵੀਂ ਸਦੀ ਤਕ ਇਨ੍ਹਾਂ ਉੱਪਰ ਬ੍ਰਾਹਮਣ ਘਰਾਣੇ ਰਾਜ ਕਰਦੇ ਸਨ। ਮੇਜਰ ਟੋਡ ਨੇ ਜੱਟਾਂ ਨੂੰ ਇਕ ਪ੍ਰਸਿੱਧ ਰਾਜਪੂਤ ਕਬੀਲਾ ਦੱਸਿਆ ਹੈ।ਜਨਰਲ ਕਨਿੰਘਮ ਨੇ ਰਾਜਪੂਤਾਂ ਨੂੰ ਆਰੀਅਨ ਫਿਰਕੇ ਵਿਚੋਂ ਦੱਸਿਆ ਹੈ ਅਤੇ ਜੱਟਾਂ ਬਾਰੇ ਲਿਖਿਆ ਹੈ ਕਿ ਉਹ ਸਿਥੀਅਨ ਵਰਗ ਦੇ ਲੋਕ ਉੱਤਰ-ਦੱਖਣ ਵੱਲੋਂ ਆ ਕੇ ਇਥੇ ਵਸੇ ਸਨ। ਡੀਲ ਡੌਲ ਅਤੇ ਨੈਣ-ਨਕਸ਼ ਇਕੋ ਜਿਹੇ ਹੋਣ ਕਾਰਨ ਵੀ ਇਹ ਇਕੋ ਨਸਲ ਦੇ ਦੋ ਵਰਗ ਲਗਦੇ ਹਨ। ਇਹ ਆਪਸ ਵਿਚ ਬਹੁਤ ਘੁਲੇ ਮਿਲੇ ਹੋਏ ਵਰਗ ਹਨ ਅਤੇ ਇਨ੍ਹਾਂ ਨੂੰ ਨਿਖੇੜਨਾ ਬਹੁਤ ਔਖਾ ਕੰਮ ਹੈ। ਮਾਨ, ਹੇਹਰ ਅਤੇ ਭੁੱਲਰ ਆਪਣੇ ਆਪ ਨੂੰ ਅਸਲੀ ਜੱਟ ਮੰਨਦੇ ਹਨ ਕਿਉਂਕਿ ਉਹ ਆਪਣਾ ਪਿੱਛਾ ਰਾਜਪੂਤਾਂ ਵਿਚੋਂ ਨਹੀਂ ਦਸਦੇ। ਇਹ ਸ਼ਿਵ ਜੀ ਦੀਆਂ ‘ਜਟਾਂ’ ਵਿਚੋਂ ਉਤਪੰਨ ਹੋਏ ਮੰਨੇ ਜਾਂਦੇ ਹਨ। ਦੱਖਣ-ਪੂਰਬੀ ਜ਼ਿਲ੍ਹਿਆਂ ਦੇ ਵਾਸੀ ਦੋ ਗਰੁੱਪਾਂ ਵਿਚ ਵੰਡੇ ਹੋਏ ਹਨ-ਸ਼ਿਵ ਜੀ ਦੇ ਪਰਿਵਾਰ ਵਿਚੋਂ ਸ਼ਿਵ ਗੋਤਰੀ ਅਤੇ ਰਾਜਪੂਤਾਂ ਨਾਲ ਸਬੰਧਤ ਕਸਬ ਗੋਤਰੀ। ਪੰਜਾਬ ਦੇ ਜੱਟਾਂ ਵਿਚ ਕਈ ਕਬੀਲੇ ਆਪਣੇ ਆਪ ਨੂੰ ਆਰੀਅਨ ਲੋਕਾਂ ਤੋਂ ਉਤਪੰਨ ਹੋਏ ਨਹੀਂ ਮੰਨਦੇ।

ਜੱਟਾਂ ਅਤੇ ਰਾਜਪੂਤਾਂ ਵਿਚਕਾਰ ਸਮਾਜਿਕ ਵਖਰੇਵਾਂ ਹੋ ਸਕਦਾ ਹੈ ਪਰ ਇਨ੍ਹਾਂ ਦੀ ਨਸਲ ਇਕੋ ਹੈ। ਸਿੱਖਾਂ ਦੇ ਰਾਜਕਾਲ ਸਮੇਂ ਜੱਟ ਲੋਕ ਰਾਜਪੂਤਾਂ ਉੱਪਰ ਹਾਵੀ ਰਹੇ ਅਤੇ ਆਪਣੇ ਆਪ ਨੂੰ ਜੱਟ ਸਿੱਖ ਹੀ ਅਖਵਾਉਂਦੇ ਸਨ। ਦਿੱਲੀ ਅਤੇ ਗੁੜਗਾਉਂ ਦੇ ਗੌਰਵ ਰਾਜਪੂਤ ਆਪਣੇ ਆਪ ਨੂੰ ਰਾਜਪੂਤ ਹੀ ਅਖਵਾਉਂਦੇ ਹਨ ਅਤੇ ਇਨ੍ਹਾਂ ਵਿਚ ਜਾਤੀ ਭਾਵਨਾ ਬਹੁਤ ਦ੍ਰਿੜ੍ਹ ਹੁੰਦੀ ਹੈ। ਹੁਸ਼ਿਆਰਪੁਰ ਦੇ ਸਹਿੰਸਰ ਗੋਤ ਦੇ ਲੋਕ ਵੀ ਪਿਛਲੀਆਂ ਕਈ ਪੀੜ੍ਹੀਆਂ ਤਕ ਰਾਜਪੂਤ ਹੀ ਅਖਵਾਉਂਦੇ ਸਨ ਪਰ ਇਹ ਹੁਣ ਅਰਾਈਆਂ ਵਾਂਗ ਸਬਜ਼ੀਆਂ ਉਗਾਉਣ ਕਾਰਨ ਰਾਜਪੂਤ ਨਹੀ ਅਖਵਾਉਂਦੇ। ਕਰਨਾਲ ਵਿਚ ਮਿਲਦੇ ਰਾਜਪੂਤ ਹੁਣ ਸ਼ੇਖ ਅਖਵਾਉਂਦੇ ਹਨ ਕਿਉਂਕਿ ਗ਼ਰੀਬੀ ਕਾਰਨ ਇਨ੍ਹਾਂ ਲੋਕਾਂ ਨੇ ਕੱਪੜਾ ਬੁਣਨ ਦਾ ਕਿੱਤਾ ਅਪਣਾ ਲਿਆ ਸੀ। ਖੇਤੀ-ਬਾੜੀ ਕਰਨ ਵਾਲੇ ਪੇਂਡੂ ਤਬਕੇ ਨੂੰ ਅਕਸਰ ਜੱਟ ਕਿਹਾ ਜਾਂਦਾ ਹੈ।

ਪੰਜਾਬ ਦੇ ਲੋਕਾਂ ਵਿਚ ਜੱਟ ਕਾਫ਼ੀ ਮਹੱਤਵ ਰਖਦੇ ਹਨ। ਇਹ ਰਾਜਪੂਤਾਂ ਨਾਲੋਂ ਵਧੇਰੇ ਗਿਣਤੀ ਵਿਚ ਹਨ। ਇਹ ਬਹੁਤ ਇਮਾਨਦਾਰ, ਮਿਹਨਤੀ, ਮਜ਼ਬੂਤ ਅਤੇ ਦ੍ਰਿੜ੍ਹ ਨਿਸ਼ਚੇ ਵਾਲੇ ਮਨੁੱਖ ਗਿਣੇ ਜਾਂਦੇ ਹਨ। ਅਸਲੀ ਜੱਟ ਉਸ ਨੂੰ ਮੰਨਦੇ ਹਨ ਜੋ ਆਪਣੀ ਸਮਝ ਮੁਤਾਬਕ ਕੰਮ ਕਰੇ ਅਤੇ ਕਿਸੇ ਤੋਂ ਕੰਮ ਲਈ ‘ਨਾਂਹ’ ਸ਼ਬਦ ਨਾ ਸੁਣੇ। ਇਹ ਆਪਣੇ ਆਪ ਨੂੰ ਜ਼ਿਮੀਦਾਰ ਵੀ ਕਹਿੰਦੇ ਹਨ (ਇਹ ਸ਼ਬਦ ਜ਼ਮੀਨ ਦੇ ਮਾਲਕ ਹੋਣ ਤੋਂ ਬਣਿਆ ਹੈ) । ਇਨ੍ਹਾਂ ਵਿਚ ਵਿਧਵਾ-ਵਿਆਹ ਦੀ ਪ੍ਰਥਾ ਆਮ ਹੈ। ਪੰਜਾਬ ਦੀ ਜੱਟ ਜਾਤੀ ਦੱਖਣ ਦੀ ਜਾਟ ਜਾਤੀ ਨਾਲੋਂ ਵੱਖਰੀ ਹੈ।

ਪੰਜਾਬ ਤੋਂ ਬਾਹਰ ਜੱਟ ਲੋਕ ਸਿੰਧ ਦੇ ਖੇਤਰ ਵਿਚ ਭਾਰੀ ਗਿਣਤੀ ਵਿਚ ਮਿਲਦੇ ਹਨ ਅਤੇ ਬੀਕਾਨੇਰ, ਜੈਸਲਮੇਰ, ਮਾਰਵਾੜ, ਗੰਗਾ ਅਤੇ ਜਮਨਾ ਦਰਿਆਵਾਂ ਦੀਆਂ ਉਪ ਵਾਦੀਆਂ ਵਿਚ ਵੀ ਮਿਲਦੇ ਹਨ। ਇਹ ਕੇਂਦਰੀ ਸਿੱਖ ਜ਼ਿਲ੍ਹਿਆਂ ਅਤੇ ਡੇਰਾਜਾਤ ਦੇ ਇਲਾਕੇ ਵਿਚ ਵੀ ਭਾਰੀ ਗਿਣਤੀ ਵਿਚ ਮਿਲਦੇ ਹਨ। ਕੇਂਦਰੀ ਅਤੇ ਪੂਰਬੀ ਪੰਜਾਬ ਦੇ ਜੱਟ ਸਤਲੁਜ ਵਾਦੀ ਦੇ ਉੱਪਰ ਤਕ ਪਹੁੰਚ ਗਏ ਹਨ,ਬੀਕਾਨੇਰ ਤੋਂ ਵੀ ਸਿੱਧੇ ਹੀ ਮਾਲਵੇ ਦੇ ਇਲਾਕੇ ਵਿਚ ਆ ਵਸੇ ਹਨ। ਡੇਰਾ ਗਾਜ਼ੀ ਖ਼ਾਨ ਦੇ ਇਲਾਕੇ ਵਿਚ ਮਾਛੀ (ਮੱਛੀਆਂ ਫੜਨ ਵਾਲੇ ਲੋਕ) ਵੀ ਆਪਣੇ ਵਿਚੋਂ ਇਕ ਵਰਗ ਨੂੰ ਜੱਟ ਮਾਛੀ ਆਖਦੇ ਹਨ।

ਜੱਟ ਅਤੇ ਰਾਜਪੂਤ ਲੋਕਾਂ ਨੂੰ ਨਿਖੇੜਨਾ ਕਾਫ਼ੀ ਮੁਸ਼ਕਿਲ ਹੈ। ਸਿਆਲ ਗੋਤ ਦੇ ਲੋਕ ਰਾਜਪੂਤ ਹਨ ਅਤੇ ਸਮਰਾ ਗੋਤ ਦੇ ਲੋਕ ਰਾਜਪੂਤਾਂ ਵਿਚੋਂ ਹੁੰਦੇ ਹੋਏ ਵੀ ਜੱਟਾਂ ਵਿਚ ਗਿਣੇ ਜਾਂਦੇ ਹਨ। ਸਿੰਧ ਅਤੇ ਲੋਅਰ-ਚਨਾਬ ਦੇ ਜੱਟ ਖੇਤੀ ਕਰਦੇ ਹਨ ਪਰ ਪੱਛਮੀ ਮੈਦਾਨਾਂ ਦੇ ਜੱਟ, ਅਰਾਈਆਂ ਅਤੇ ਮਹਿਤਮਾਂ ਤੋਂ ਖੇਤੀ ਕਰਵਾਉਂਦੇ ਹਨ। ਅਪਰ-ਸਿੰਧ ਇਲਾਕੇ ਵਿਚ ਜੱਟ ਨੂੰ ਹਿੰਦਕੀ ਵੀ ਕਹਿੰਦੇ ਹਨ। ਸਿੰਧ ਤੋਂ ਪਾਰ ਜੱਟ ਜਾਂ ਹਿੰਦਕੀ ਰਾਜਪੂਤ ਅਤੇ ਅਵਾਣ ਲੋਕ ਹਨ। ਇਸ ਦੇ ਨਾਲ ਹੀ ਪਸ਼ਤੋ ਨਾ ਬੋਲ ਕੇ ਜੋ ਲੋਕ ਪੰਜਾਬੀ ਬੋਲਦੇ ਹਨ ਉਹ ਜੱਟ ਹੀ ਅਖਵਾਉਂਦੇ ਹਨ। ਤਰੀਮ, ਭੁੱਟਾ, ਲੰਗਾਹ, ਛੀਨਾ ਅਤੇ ਸਮਰਾ ਜੱਟ ਗੋਤਾਂ ਹਨ ਜੋ ਪੱਛਮੀ ਮੈਦਾਨੀ ਇਲਾਕਿਆਂ ਵਿਚ ਮਿਲਦੀਆਂ ਹਨ।

ਗੁਜਰਾਤ, ਗੁਜਰਾਂਵਾਲਾ ਅਤੇ ਸਿਆਲਕੋਟ ਜ਼ਿਲ੍ਹਿਆਂ ਵਿਚ ਜੱਟਾਂ ਦੀਆਂ ਬਹੁਤ ਸਾਰੀਆਂ ਗੋਤਾਂ ਮਿਲਦੀਆਂ ਹਨ। ਇਹ ਗੋਤਾਂ ਅਸਲ ਵਿਚ ਰਾਜਪੂਤਾਂ ਵਿਚੋਂ ਨਿਕਲੀਆਂ ਹਨ ਪਰ ਇਹ ਜੱਟਾਂ ਵਿਚ ਹੀ ਗਿਣੀਆਂ ਜਾਂਦੀਆਂ ਹਨ। ਧਾਲੀਵਾਲ, ਭਖਰਾਲ, ਜੰਜੂਆ ਤੇ ਮਨਿਹਾਸ ਗੋਤ ਅਜਿਹੇ ਹੀ ਗੋਤਾਂ ਵਿਚੋਂ ਹਨ। ਬਰਾੜ, ਵੜੈਚ ਅਤੇ ਚੀਮਾ ਅਸਲੀ ਜੱਟ ਗੋਤਾਂ ਕਹੀਆਂ ਜਾਂਦੀਆਂ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਜਦੋਂ ਖ਼ਾਲਸਾ ਸਾਜਿਆ ਗਿਆ ਤਾਂ ਜਿਨ੍ਹਾਂ ਰਾਜਪੂਤ ਗੋਤਾਂ ਨੇ ਇਸ ਨਵੇਂ ਵਰਗ ਦੀ ਅਧੀਨਗੀ ਸਵੀਕਾਰ ਨਾ ਕੀਤੀ, ਉਹ ਪਿੱਛੋਂ ਖ਼ਾਲਸਾ ਰਾਜ ਸਮੇਂ ਉਨ੍ਹਾਂ ਦੀ ਈਰਖਾ ਅਤੇ ਨਫ਼ਰਤ ਦੇ ਪਾਤਰ ਬਣੇ।

ਸਿਆਲਕੋਟ ਦੇ ਜੱਟ ਕਬੀਲਿਆਂ ਨੇ ਜੋ ਰਸਮ-ਰਿਵਾਜ ਸੰਭਾਲ ਕੇ ਰਖੇ ਉਹ ਕਿਸੇ ਵੀ ਹੋਰ ਇਲਾਕੇ ਵਿਚ ਨਹੀਂ ਮਿਲਦੇ। ਸਾਹੀ, ਹਿੰਜਰਾਂ, ਬਾਜਵਾ ਆਦਿ ਅਜਿਹੀਆਂ ਹੀ ਕੁਝ ਗੋਤਾਂ ਹਨ ਜੋ ਪੱਛਮੀ ਇਲਾਕਿਆਂ ਵਿਚ ਮਿਲਦੀਆਂ ਹਨ। ਦਿਓਲ, ਘੁੰਮਣ, ਕਾਹਲੋਂ, ਸਰਾਇ, ਗੋਰਾਇਆ ਗੋਤ ਵੀ ਸਿਆਲਕੋਟ, ਗੁਰਦਾਸਪੁਰ ਅਤੇ ਗੁਜਰਾਂਵਾਲਾ ਜ਼ਿਲ੍ਹਿਆਂ ਵਿਚ ਮਿਲਦੇ ਹਨ।

ਪੰਜਾਬ ਦੇ ਇਤਿਹਾਸ ਵਿਚ ਸਿੱਖ-ਜੱਟ ਕਬੀਲਿਆਂ ਨੂੰ ਪ੍ਰਸਿੱਧੀ ਦਿਵਾਉਣ ਵਿਚ ਕੁਝ ਵਿਸ਼ੇਸ਼ ਗੋਤਾਂ ਦਾ ਹੱਥ ਹੈ। ਇਹ ਪੰਜਾਬ ਦੇ ਕੇਂਦਰੀ ਜ਼ਿਲ੍ਹਿਆਂ, ਸਤਲੁਜ ਦੇ ਉੱਪਰਲੇ ਹਿੱਸੇ ਅਤੇ ਪੂਰਬੀ ਮੈਦਾਨਾਂ ਦੇ ਸਿੱਖ ਰਾਜਾਂ (1947 ਈ. ਤੋਂ ਪਹਿਲਾਂ) ਵਿਚ ਵਸੇ ਹੋਏ ਹਨ। ਅਜਿਹੀ ਹੀ ਇਕ ਗੋਤ ਸਿੰਧੂ ਹੈ ਜੋ ਆਪਣਾ ਮੁੱਢ ਰਾਜਪੂਤਾਂ ਨੂੰ ਮੰਨਦੇ ਹਨ ਪਰ ਹੁਣ ਸਿੱਧੂ ਜੱਟ ਅਖਵਾਉਂਦੇ ਹਨ। ਵਿਰਕ ਇਕ ਅਜਿਹਾ ਗੋਤ ਹੈ ਜੋ ਹੁਣ ਵੀ ਰਾਜਪੂਤਾਂ ਵਿਚ ਗਿਣੇ ਜਾਂਦੇ ਹਨ। ਭੁੱਲਰ, ਮਾਨ ਅਤੇ ਹੇਹਰ ਕਬੀਲੇ ਬਹੁਤ ਅਜੀਬ ਰਿਵਾਜ ਅਜੇ ਤੀਕ ਕਾਇਮ ਰਖੀ ਬੈਠੇ ਹਨ। ਢਿੱਲੋਂ, ਓਡੀ, ਬੱਲ, ਮਾਨ, ਪੰਨੂੰ, ਰੋਮਾਣਾ, ਰੰਧਾਵਾ, ਕੰਗ, ਬਰਾੜ, ਮਾਹਲ, ਔਲਖ, ਗਿੱਲ, ਧਾਲੀਵਾਲ, ਸਰਾਂ, ਭੁੱਲਰ, ਮਾਂਗਟ, ਢੀਂਡਸਾ, ਸੰਧੂ, ਡੋਡ, ਗੋਂਦਾਰਾ, ਗਾਂਧੀ, ਚਹਿਲ, ਗਰੇਵਾਲ ਆਦਿ ਸਿੱਖ ਇਲਾਕਿਆਂ ਦੀਆਂ ਪ੍ਰਸਿੱਧ ਜੱਟ ਗੋਤਾਂ ਹਨ।

ਅੰਬਾਲੇ ਤੋਂ ਗੁਰਦਾਸਪੁਰ ਤਕ ਪਹਾੜਾਂ ਦੀ ਤਰਾਈ ਦੇ ਇਲਾਕੇ ਵਿਚ ਮਿਲਣ ਵਾਲੇ ਜੱਟ ਗੋਤ ਹਨ-ਰੰਧਾਵਾ, ਕੰਗ, ਸੋਹਲ, ਬੈਂਸ ਅਤੇ ਬੂਟਾ। ਸਿੱਖ ਇਲਾਕਿਆਂ ਵਿਚ ਜੱਟਾਂ ਦੀ ਵਧੇਰੇ ਮਾਨਤਾ ਕਾਰਨ ਉਹ ਰਾਜਪੂਤ ਨਹੀਂ ਸਨ ਅਖਵਾਉਂਦੇ ਅਤੇ ਪਹਾੜੀ ਇਲਾਕੇ ਵਿਚ ਰਾਜਪੂਤਾਂ ਦੀ ਮਾਨਤਾ ਕਾਰਨ ਜੱਟ ਲੋਕ ਰਾਜਪੂਤ ਨਹੀਂ ਸਨ ਅਖਵਾ ਸਕਦੇ। ਗੁਰਦਾਸਪੁਰ ਵਿਚ ਮੰਜ ਇਕ ਅਜਿਹਾ ਗੋਤ ਹੈ ਜਿਸ ਵਿਚ ਜੱਟ ਅਤੇ ਰਾਜਪੂਤ ਦੋਵੇਂ ਮਿਲਦੇ ਹਨ।

ਜਮਨਾ ਦਰਿਆ ਦੇ ਨੇੜਲੇ ਜ਼ਿਲ੍ਹਿਆਂ, ਜੀਂਦ, ਰੋਹਤਕ ਅਤੇ ਹਿਸਾਰ ਵਿਚ ਮਿਲਦੇ ਜੱਟ ਕਬੀਲੇ ‘ਜਾਟ’ ਅਖਵਾਉਂਦੇ ਹਨ। ਇਹ ਲੋਕ ਆਮ ਤੌਰ ਤੇ ਹਿੰਦੂ ਧਰਮ ਨੂੰ ਮੰਨਦੇ ਹਨ। ਇਨ੍ਹਾਂ ਦੇ ਰਸਮ ਰਿਵਾਜ ਇਨ੍ਹਾਂ ਨੂੰ ਬੀਕਾਨੇਰ ਤੋਂ ਆ ਕੇ ਇਥੇ ਵਸੇ ਦਰਸਾਉਂਦੇ ਹਨ। ਘਟਵਾਲ, ਡੋਗਰ, ਜਾਖੜ, ਸੰਗਵਾਲ, ਸਹਿਰਾਵਤ, ਦੇਹੀਆ, ਗੋਲੀਆਂ, ਰਥੀ, ਖੱਤਰੀ, ਦਲਾਲ, ਅਹਿਲਾਵਤ, ਦੇਸਵਾਲ, ਧਨਕਰ, ਪਠਾਨੀਆ, ਬਹਿਨੀਵਾਲ ਅਤੇ ਨੈਨ ਅਜਿਹੀਆਂ ਹੀ ਕੁਝ ਰਾਜਪੂਤ ਗੋਤਾਂ ਹਨ ਜੋ ਦੱਖਣ-ਪੂਰਬੀ ਜ਼ਿਲ੍ਹਿਆਂ ਵਿਚ ਆਮ ਮਿਲਦੀਆਂ ਹਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 13961, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-29-11-51-11, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਕਾ. : 97; ਗ.ਟ੍ਰਾ. ਕਾ. : 357

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.