ਬਿੰਬ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬਿੰਬ [ਨਾਂਪੁ] ਸ਼ਾਬਦਿਕ ਚਿੱਤਰ, ਕਵਿਤਾ ਵਿੱਚ ਸ਼ਬਦਾਂ ਦੀ ਕਲਾਤਮਿਕ ਵਰਤੋਂ ਦੁਆਰਾ ਗਿਆਨ ਇੰਦਰੀਆਂ ਨੂੰ ਕਰਾਇਆ ਜਾਣ ਵਾਲ਼ਾ ਅਹਿਸਾਸ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13544, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਬਿੰਬ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਬਿੰਬ (ਸੰ.। ਪੰਜਾਬੀ* ੧. ਜਲ। ਯਥਾ-‘ਬਿੰਬ ਬਿਨਾ ਕੈਸੇ ਕਪਰੇ ਧੋਈ’।

੨. (ਦੇਸ਼ ਭਾਸ਼ਾ) ਬੁਦ ਬੁਦਾ। ਯਥਾ-‘ਅਗਨਿ ਬਿੰਬ ਜਲ ਭੀਤਰਿ ਨਿਪਜੇ’। ਅੱਗ ਦੇ ਵਿਚ ਅਸੀਂ ਜਲ ਦੇ ਬੁਦਬੁਦੇ ਉਤਪਤ ਹੋਏ। ਭਾਵ ਮਾਤਾ ਦੀ ਜਠਰਾਗਨ ਵਿਖੇ। ਤਥਾ-‘ਸਾਹਿਬ ਰੰਗਿ ਰਾਤਾ ਸਚ ਕੀ ਬਾਤਾ ਜਿਨਿ ਬਿੰਬ ਕਾ ਕੋਟੁ ਉਸਾਰਿਆ’। ਜਿਸ (ਪਰਮੇਸ਼ਰ) ਨੇ ਜਲ ਦਾ ਕੋਟਿ ਉਸਾਰਿਆ, ਉਸ ਦੇ ਰੰਗ ਵਿਚ ਰੱਤਾ ਮੈਂ ਸੱਚ ਦੀਆਂ ਗੱਲਾਂ (ਕਹਿੰਦਾ ਹਾਂ)।

੩. (ਸੰਸਕ੍ਰਿਤ) ਛਾਇਆ, ਅਕਸ। ਚਾਨਣ ਦੀਆਂ ਕਿਰਨਾਂ ਨਾਲ ਦੂਸਰੇ ਥਾਂ ਪਦਾਰਥ ਦੀ ਮੂਰਤ ਬਣਨੀ। ਯਥਾ-‘ਜਲ ਹਰਿ ਬਿੰਬ ਜੁਗਤਿ ਜਗੁ ਰਚਾ’। ਹਰਿ ਨੇ ਜਗਤ ਨੂੰ ਐਸੀ ਜੁਗਤੀ ਨਾਲ ਰਚਿਆ ਹੈ ਜਿਕੁਰ ਜਲ ਵਿਚ ਅਕਸ ਪੈਂਦਾ ਹੈ।

----------

* ਦੇਖੋ , ਪੰਜਾਬੀ ਕੋਸ਼ , ਬਿੰਬ=ਪਾਣੀ ਦਾ ਹੜ੍ਹ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 13479, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਬਿੰਬ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਬਿੰਬ: ਬਿੰਬ ਕਿਸੇ ਸਾਹਿਤਕਾਰ ਵੱਲੋਂ ਭਾਵ ਪ੍ਰਗਟਾਵੇ ਦਾ ਸਾਧਨ ਹੁੰਦੇ ਹਨ। ਸਾਧਾਰਣ ਤੌਰ ਤੇ ਬਿੰਬ ਦਾ ਅਰਥ ਕਿਸੇ ਮੂਲ ਵਸਤੂ ਦੀ ਪ੍ਰਤਿਕ੍ਰਿਤ, ਪ੍ਰਤਿਛਾਇਆ ਹੁੰਦਾ ਹੈ। ਕਾਲਰਿਜ ਅਨੁਸਾਰ ਬਿੰਬ ਕਿਸੇ ਸੰਵੇਦਨਾ ਦੀ ਅਨੁਕ੍ਰਿਤੀ, ਕੋਈ ਭਾਵ, ਕੋਈ ਮਾਨਸਿਕ ਘਟਨਾ, ਕੋਈ ਅਲੰਕਾਰ ਜਾਂ ਵਸਤੂਆਂ ਦੀ ਤੁਲਨਾਤਮਕ ਇਕਾਈ ਤਕ ਹੋ ਸਕਦਾ ਹੈ, ਕੇਵਲ ਇਸ ਵਿਚ ਕਿਸੇ ਤੱਥ ਨੂੰ ਪੇਸ਼ ਕਰਨ ਦੀ ਸਮਰੱਥਾ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਬਿੰਬ ਸਾਡੀਆਂ ਪਹਿਲੀਆਂ ਅਨੁਭੂਤੀਆਂ ਅਤੇ ਭਾਵਨਾਵਾਂ ਦਾ ਮੂਰਤੀਕਰਣ ਹੁੰਦਾ ਹੈ ਜਿਸ ਵਿਚ ਆਵੇਗ, ਸੰਵੇਦਨਾ ਅਤੇ ਭਾਵਨਾ ਦਾ ਹੋਣਾ ਜ਼ਰੂਰੀ ਹੈ। ਇਹ ਅਲੰਕਾਰਾਂ, ਉਪਮਾਨਾਂ, ਰੂਪਕਾਂ, ਮੁਹਾਵਰਿਆਂ ਆਦਿ ਵਿਚ ਜਾਂ ਇਨ੍ਹਾਂ ਸਭਨਾਂ ਤੋਂ ਵੱਖ ਹੋ ਕੇ ਵੀ ਅਭਿਵਿਅਕਤ ਹੁੰਦਾ ਹੈ। ਬਿੰਬਾਂ ਨੂੰ ਕਾਵਿ ਦਾ ਪ੍ਰਮੁੱਖ ਗੁਣ ਜਾਂ ਵਿਸ਼ੇਸ਼ਤਾ ਮੰਨਣ ਵਾਲੇ ਸਿਧਾਂਤਾਂ ਨੂੰ ਬਿੰਬਵਾਦ ਦਾ ਨਾਂ ਦਿੱਤਾ ਜਾਂਦਾ ਹੈ। ਇਸ ਵਿਚ ਬਿੰਬਾਂ ਰਾਹੀਂ ਜੀਵਨ ਦੇ ਬੌਧਿਕ, ਸਦਾਚਾਰਕ ਤੇ ਭਾਵੁਕ ਅਰਥ ਪ੍ਰਗਟ ਕੀਤੇ ਜਾ ਸਕਦੇ ਹਨ।

          ਭਾਵੇਂ ਸ਼ਬਦ ਅਸੀਂ ਸਾਧਾਰਣ ਤੌਰ ਤੇ ਹੀ ਵਰਤਦੇ ਹਾਂ ਪਰ ਉਹ ਕਿਸੇ ਖ਼ਾਸ ਹਵਾਲੇ (reference) ਦੇ ਬਿੰਬ ਹੁੰਦੇ ਹਨ। ਉਦਾਹਰਣ ਲਈ ਜਦੋਂ ਕਿਸੇ ਸ਼ੇਰ ਨਾਲ ਤੁਲਨਾ ਦਿੰਦੇ ਹਾਂ ਤਾਂ ਸਾਡਾ ਭਾਵ ਉਸ ਵਿਅਕਤੀ ਵਿਚਲੀ ਸੂਰਬੀਰਤਾ ਨੂੰ ਸ਼ੇਰ ਦੇ ਰੂਪ ਵਿਚ ਪ੍ਰਗਟਾਉਣਾ ਦਾ ਹੁਦਾ ਹੈ ਨਾ ਕਿ ਇਹ ਦੱਸਣਾ ਕਿ ਉਹ ਵਿਅਕਤੀ ਸਰੀਰਿਕ ਤੌਰ ਤੇ ਸ਼ੇਰ ਹੈ। ਬਿੰਬਾਂ ਦਾ ਬਹੁਤਾ ਪ੍ਰਯੋਗ ਕਵਿਤਾ ਵਿਚ ਹੀ ਕੀਤਾ ਜਾਂਦਾ ਹੈ। ਇਸ ਦਾ ਪਹਿਲਾ ਕਾਰਣ ਤਾਂ ਇਹ ਹੈ ਕਿ ਬਿੰਬਵਾਦੀ, ਸ਼ਬਦਾਂ ਦੇ ਸੰਜਮ ਵੱਲ ਖ਼ਾਸ ਧਿਆਨ ਦਿੰਦੇ ਹਨ ਅਤੇ ਇਹ ਸ਼ਬਦਾਂ ਦਾ ਸੰਜਮ ਹੀ ਕਵਿਤਾ ਦੀ ਇਕ ਜ਼ਰੂਰੀ ਵਿਸ਼ੇਸ਼ਤਾ ਸਮਝੀ ਜਾਂਦੀ ਹੈ। ਦੂਜਾ ਕਾਰਣ ਹੈ ਕਿ ਬਿੰਬ ਪ੍ਰਯੋਗ ਨਾਲ ਰਚਨਾ ਵਿਚ ਅਸਪਸ਼ਟਤਾ ਆ ਜਾਂਦੀ ਹੈ ਤੇ ਕਵਿਤਾ ਅਸਪਸ਼ਟ ਹੋ ਜਾਂਦੀ ਹੈ।

          ਬਿੰਬਵਾਦੀ ਕਲਾਕਾਰ ਅਸੀਂ ਉਸ ਨੂੰ ਕਹਿੰਦੇ ਹਾਂ ਜਿਹੜਾ ਆਪਣੇ ਹਾਵ–ਭਾਵ ਕੁਝ ਬਿੰਬਾਂ ਰਾਹੀਂ ਪ੍ਰਗਟ ਕਰੇ। ਸਾਹਿੱਤ ਰਚਨਾ ਵਿਚ ਬਿੰਬ–ਵਿਧਾਨ ਦਾ ਸਰੂਪ ਬਹੁਤ ਕੁਝ ਕਵੀ ਜਾਂ ਲੇਖਕ ਦੇ ਆਪਣੇ ਵਿਅਕਤਿਤ੍ਵ ’ਤੇ ਨਿਰਭਰ ਹੁੰਦਾ ਹੈ।

          ਬਿੰਬਵਾਦ ਦੀ ਧਾਰਣਾ ਪਲੇਟੋ ਦੇ ਸਮੇਂ ਤੋਂ ਚਲੀ ਆ ਰਹੀ ਹੈ। ਪੰਜਾਬੀ ਸਾਹਿੱਤ ਵਿਚ, ਖ਼ਾਸ ਕਰਕੇ ਕਵਿਤਾ ਵਿਚ ਵੀ ਬਿੰਬਾਂ ਦਾ ਪ੍ਰਯੋਗ ਮੁੱਢ ਤੋਂ ਹੀ ਹੁੰਦਾ ਆਇਆ ਹੈ। ਬਾਬਾ ਫ਼ਰੀਦ ਨੇ ਆਪਣੀ ਕਵਿਤਾ ਵਿਚ ਬਿੰਬਾਂ ਅਤੇ ਪ੍ਰਤੀਕਾਂ ਦਾ ਚੋਖਾ ਪ੍ਰਯੋਗ ਕੀਤਾ ਹੈ। ਲਗਭਗ ਹਰ ਕਾਲ ਦੀ ਪੰਜਾਬੀ ਕਵਿਤਾ ਵਿਚ ਸਾਨੂੰ ਬਿੰਬ–ਵਿਧਾਨ ਦੇ ਦਰਸ਼ਨ ਹੁੰਦੇ ਹਨ।

          [ਸਹਾ. ਗ੍ਰੰਥ––ਡਾ. ਸੁਧਾ ਸਕਸੇਨਾ : ‘ਜਾਇਸੀ ਕੀ ਬਿੰਬ–ਯੋਜਨਾ’ (ਹਿੰਦੀ); ਹਿ. ਸ. ਕੋ.]


ਲੇਖਕ : ਡਾ. ਰਾਜਿੰਦਰ ਸਿੰਘ ਲਾਂਬਾ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 10689, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

ਵਿਚਾਰ


Mehak, ( 2022/11/26 07:2002)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.