ਅਕਲ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਕਲ (ਨਾਂ,ਇ) ਬੁੱਧ; ਸਮਝ; ਸੂਝ; ਸਿਆਣਪ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8578, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਅਕਲ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਕਲ [ਨਾਂਪੁ] ਮੱਤ , ਬੁੱਧ, ਸੁਰਤ, ਸਮਝ , ਸੂਝ , ਸਿਆਣਪ, ਤਮੀਜ਼, ਇਲਮ , ਗਿਆਨ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8567, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਅਕਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਕਲ. ਅ਼ ਅ਼ਕ਼ਲ. ਸੰਗ੍ਯਾ—ਬੁੱਧਿ. ਅਸਲ ਵਿੱਚ ਅ਼ਕ਼ਲ ਦਾ ਅਰਥ ਉੱਠ ਦਾ ਨਿਉਲ ਹੈ, ਜੋ ਨਿਉਲ ਦੀ ਤਰਾਂ ਆਦਮੀ ਦੀ ਵ੍ਰਿੱਤੀ ਨੂੰ ਨਿਯਮਾਂ ਵਿੱਚ ਲੈ ਆਵੇ, ਸੋ ਅ਼ਕ਼ਲ ਹੈ। ੨ ਸਿਮ੍ਰਿਤਿ. ਯਾਦਦਾਸ਼ਤ। ੩ ਸੰ. ਵਿ—ਅਖੰਡ. “ਸਦਾ ਅਕਲ ਲਿਵ ਰਹੈ.” (ਸਵੈਯੇ ਮ: ੨ ਕੇ) ੪ ਅਵਯਵ (ਅੰਗ) ਬਿਨਾ। ੫ ਕਲਾ ਰਹਿਤ. ਭਾਵ—ਨਿਰਗੁਣ. “ਅਕਲ ਕਲਾਧਰ ਸੋਈ.” (ਸਿਧਗੋਸਟਿ) ੬ ਕਰਤਾਰ. “ਜਿਸੁ ਗੁਰੁ ਤੇ ਅਕਲਗਤਿ ਜਾਣੀ.” (ਗਉ ਅ: ਮ: ੫) ੭ ਸਿੰਧੀ. ਵਿ—ਨਾ ਜਾਣਿਆ ਹੋਇਆ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8477, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no
ਅਕਲ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਅਕਲ ( ) : ਇਹ ਜ਼ਰਬ ਬਜ਼ਰਬੁ ਦੇ ਬਾਬ ਵਿਚੋਂ ਹੈ, ਜਿਸ ਦਾ ਅਰਥ ਸਮਝਦਾਰ ਹੋਣਾ ਹੈ। ‘ਅਕਲ’ ਸ਼ਬਦ ਦੇ ਅਰਥਾਂ ਦਾ ਘੇਰਾ ਵਧੇਰੇ ਵਿਸ਼ਾਲ ਹੈ। ਨਿਰੀਖਣ ਕਰਨ, ਸੋਚਣ, ਸਮਝਣ, ਯਾਦ ਕਰਨ ਅਤੇ ਗਿਆਨ ਪ੍ਰਾਪਤ ਕਰਨ ਦੇ ਸਭ ਤਰੀਕਿਆਂ ਲਈ ਇਹ ਇਕ ਵਿਆਪਕ ਸ਼ਬਦ ਹੈ। ਇਸ ਦੇ ਸਮਾਨ ਅਰਥਕ ਸ਼ਬਦ ‘ਬੁੱਧੀ’ ਅਤੇ ‘ਸਮਝ’ ਹਨ। ਅੰਗਰੇਜ਼ੀ ਵਿਚ ਇਸ ਦਾ ਸਮਾਨ ਅਰਥਕ ਸ਼ਬਦ ‘ਇੰਟੈਲੀਜੈਂਸ’ ਹੈ। ਭਾਰਤੀ ਸ਼ਾਸਤਰਾਂ ਵਿਚ ਬੁੱਧੀ ਦਾ ਵਿਸ਼ਲੇਸ਼ਣ ਪਰਾ-ਪਦਾਰਥਕ ਪੱਖ ਤੋਂ ਕੀਤਾ ਗਿਆ ਹੈ। ਸਤ, ਰਜ ਅਤੇ ਤਮ ਤਿੰਨ ਮੂਲ ਗੁਣਾਂ ਅਨੁਸਾਰ ਬੁੱਧੀ ਤਿੰਨ ਪ੍ਰਕਾਰ ਦੀ ਦੱਸੀ ਗਈ ਹੈ। ਆਮ ਵਿਹਾਰ ਵਿਚ ਬੁੱਧੀ ਨੂੰ ਹਿਰਦੇ ਦਾ ਪੂਰਕ ਆਖਿਆ ਜਾਂਦਾ ਹੈ ਜਿਵੇਂ ਹਿਰਦੇ ਦਾ ਖੇਤਰ ਵਿਸ਼ਵਾਸ, ਸ਼ਰਧਾ ਤੇ ਪ੍ਰੇਮ ਹੈ ਉਵੇਂ ਹੀ ਬੁੱਧੀ ਦਾ ਖੇਤਰ ਤਰਕ ਅਤੇ ਦਲੀਲ ਹੈ। ਇਸੇ ਤਰ੍ਹਾਂ ਦਾ ਫ਼ਰਕ ਸਾਮੀ ਦਰਸ਼ਨਾਂ ਵਿਚ ‘ਅਕਲ’ ਅਤੇ ‘ਦਿਲ’ ਵਿਚਕਾਰ ਕੀਤਾ ਗਿਆ ਹੈ।
ਅਕਲ ਦਾ ਵਿਗਿਆਨਕ ਪੱਖ ਤੋਂ ਵਿਸ਼ਲੇਸ਼ਣ ਆਧੁਨਿਕ ਸਦੀ ਦੀ ਹੀ ਕਾਢ ਹੈ। ਸੰਨ 1904 ਵਿਚ ਸਪੀਅਰਮੈਨ ਨਾਂ ਦੇ ਇਕ ਉੱਘੇ ਵਿਦਵਾਨ ਨੇ ਇਹ ਸਿਧਾਂਤ ਕਾਇਮ ਕੀਤਾ ਸੀ ਕਿ ਅਕਲ ਦੇ ਦੋ ਕਾਰਕ ਹਨ : (1) ਸਾਧਾਰਨ ਕਾਰਕ (General Factor) ਅਤੇ (2) ਵਿਸ਼ੇਸ਼ ਕਾਰਕ (Specific Factor)। ਵਿਸ਼ੇਸ਼ ਕਾਰਕਾਂ ਦੇ ਕੁਝ ਕੁ ਗਰੁੱਪ ਹੁੰਦੇ ਹਨ। ਹਰ ਇਕ ਬੌਧਕ ਕੰਮ ਵਿਚ ਅਕਲ ਦਾ ਸਾਧਾਰਨ ਕਾਰਕ ਤਾਂ ਜ਼ਰੂਰ ਹੀ ਮੌਜੂਦ ਹੁੰਦਾ ਹੈ ਪਰ ਵਿਸ਼ੇਸ਼ ਕਾਰਕਾਂ ਵਿਚੋਂ ਕੁਝ ਥੋੜ੍ਹੇ ਜਿਹੇ ਹੀ ਇਕ ਵਿਸ਼ੇਸ਼ ਗਰੁੱਪ ਅਨੁਸਾਰ ਮੌਜੂਦ ਰਹਿੰਦੇ ਹਨ। ਉਦਾਹਰਨ ਵਜੋਂ, ਪੜ੍ਹਨਾ ਇਕ ਬੌਧਿਕ ਅਮਲ ਹੈ, ਇਸ ਵਿਚ ਅਕਲ ਦਾ ਸਾਧਾਰਨ ਕਾਰਕ ਤਾਂ ਅਵੱਸ਼ ਹੀ ਮੌਜੂਦ ਹੋਵੇਗਾ। ਵਿਸ਼ੇਸ਼ ਕਾਰਕਾਂ ਵਿਚ ਇਕ ਅਨੁਕੂਲ ਗਰੁੱਪ ਵੀ ਹੋਵੇਗਾ ਜਿਵੇਂ ਕਿ ਛਪੇ ਹੋਏ ਸ਼ਬਦਾਂ ਨੂੰ ਕਬੂਲ ਕਰਨ ਦੀ ਦ੍ਰਿਸ਼ਟਿਕ ਯੋਗਤਾ, ਉਚਾਰਨ ਅਤੇ ਸਣਨ ਦੀ ਯੋਗਤਾ, ਸ਼ਬਦਾਂ ਸਬੰਧੀ ਯੋਗਤਾ ਆਦਿ। ਬੋਰਨਡਾਇਕ ਨੇ ਸਪੀਅਰਮੈਨ ਦੇ ਇਸ ਸਿਧਾਂਤ ਦਾ ਵਿਰੋਧ ਕੀਤਾ ਅਤੇ ਉਸ ਨੇ ਇਹ ਸਿਧਾਂਤ ਕਾਇਮ ਕੀਤਾ ਕਿ ਮਨੁੱਖ ਦੇ ਨਾੜੀ-ਤੰਤਰ ਦੇ ਖ਼ਾਸ ਢੰਗ ਦਾ ਪੈਟਰਨ ਹੀ ਅਕਲ ਹੈ। ਮਨੁੱਖ ਨੇ ਨਾੜੀ-ਤੰਤਰ ਦਾ ਸੋਮਾਂ ਉਸ ਦਾ ਦਿਮਾਗ਼ ਹੈ। ਦਿਮਾਗ਼ ਵਿਚ ਮਹਿਸੂਸ ਕਰਨ ਵਾਲੀਆਂ ਨਾੜੀਆਂ (Sensory Nerves) ਅਤੇ ਅਮਲ ਨਾੜੀਆਂ (Motor Nerves) ਦਾ ਸੰਗਮ ਹੈ। ਇਨ੍ਹਾਂ ਦੋ ਤਰ੍ਹਾਂ ਦੀਆਂ ਨਾੜੀਆਂ ਦਾ ਇਕ ਖ਼ਾਸ ਢਾਂਚਾ ਹੀ ਅਕਲ ਅਖਵਾਉਂਦਾ ਹੈ। ਇਹ ਖ਼ਾਸ ਢਾਂਚਾ ਬਾਹਰਲੀਆਂ ਹਾਲਤਾਂ ਅਨੁਸਾਰ ਬਦਲਦਾ ਰਹਿੰਦਾ ਹੈ। ਨਾੜੀ-ਤੰਤਰ ਅਕਲ ਦਾ ਵਿਹਾਰਕ ਰੂਪ ਸਮਝ ਹੈ। ਬਰਸਟੋਨ (1938) ਨੇ ਅਕਲ ਦਾ ਵਿਸ਼ਲੇਸ਼ਣ ਇਕ ਹੋਰ ਤਰੀਕੇ ਨਾਲ ਕੀਤਾ ਹੈ। ਉਸ ਨੇ ਕੁਝ ਕੁ ਮੁੱਢਲੇ ਕਾਰਕ ਮੰਨੇ ਹਨ, ਜਿਨ੍ਹਾਂ ਨੂੰ ਉਹ ਮੁੱਢਲੀਆਂ ਮਾਨਸਿਕ ਯੋਗਤਾਵਾਂ ਆਖਦਾ ਹੈ। ਇਨ੍ਹਾਂ ਦੀ ਗਿਣਤੀ ਉਸ ਨੇ ਨੌਂ ਦੱਸੀ ਹੈ––(1) ਦ੍ਰਿਸ਼ਟਿਕ ਯੋਗਤਾ (Visual ability) ; (2) ਇੰਦਰੀ-ਗਿਆਨ (Perceptual ability) ; (3) ਅੰਕੜਾ-ਯੋਗਤਾ (Numerical ability) ; (4) ਤਰਕ-ਯੋਗਤਾ ; (5) ਸ਼ਬਦਾਂ ਦੀ ਲਗਾਤਾਰ ਵਰਤੋਂ ਕਰਨ ਦੀ ਯੋਗਤਾ ; (6) ਯਾਦ-ਦਾਸ਼ਤ ; (7) ਨਿਗਮਨਾਤਮਕ-ਯੋਗਤਾ (Inductive ability) ; (8) ਆਗ-ਮਾਨਤਮਕ ਯੋਗਤਾ (Deductive ability) ; (9) ਸਮੱਸਿਆ ਦੇ ਸੁਲਝਾਉ ਨੂੰ ਕਿਸੇ ਨਿਸ਼ਚਿਤ ਘੇਰੇ ਵਿਚ ਰੱਖਣ ਦੀ ਯੋਗਤਾ। ਬੁੱਧੀ ਸਬੰਧੀ ਹਰ ਇਕ ਬੌਧਿਕ ਅਮਲ ਵਿਚ ਇਨ੍ਹਾਂ ਮੁੱਢਲੀਆਂ ਨੌਂ ਯੋਗਤਾਵਾਂ ਦਾ ਸੰਯੋਗ ਹੁੰਦਾ ਹੈ। ਪਰ ਸੰਯੋਗ ਅਨੁਪਾਤ ਅਨੁਸਾਰ ਹੁੰਦਾ ਹੈ, ਅਰਥਾਤ ਹਾਲਤ ਦੇ ਅਨੁਸਾਰ ਜਿਹੜਾ ਕੰਮ ਕਰਨਾ ਲੋੜੀਂਦਾ ਹੋਵੇ ਉਸ ਦੀਆਂ ਲੋੜਾਂ ਅਨੁਸਾਰ ਇਨ੍ਹਾਂ ਮੁੱਢਲੀਆਂ ਯੋਗਤਾਵਾਂ ਦਾ ਵੱਖੋ-ਵੱਖਰੇ ਅਨੁਪਾਤ ਵਿਚ ਸੰਯੋਗ ਹੁੰਦਾ ਹੈ। ਇਸ ਸਿਧਾਂਤ ਨੂੰ ਕਾਰਕ ਵਿਸ਼ਲੇਸ਼ਣ (Factor analysis) ਆਖਿਆ ਜਾਂਦਾ ਹੈ।
ਜਦ ਅਸੀਂ ਇਹ ਆਖਦੇ ਹਾਂ ਕਿ ਮਨੁੱਖਾਂ ਦੀ ਅਕਲ ਵੱਖੋ-ਵੱਖਰੀ ਹੁੰਦੀ ਹੈ ਤਾਂ ਉਸ ਦਾ ਇਹ ਭਾਵ ਹੁੰਦਾ ਹੈ ਕਿ ਹਰ ਮਨੁੱਖ ਦੀ ਨਵੇਂ ਹਾਲਤ ਦੇ ਅਨੁਕੂਲ ਹੋਣ ਦੀ ਸਮਰਥਾ ਅਤੇ ਲੋਕਾਂ ਦੇ ਭਾਵਾਂ ਨੂੰ ਠੀਕ ਤਰ੍ਹਾਂ ਪਰਗਟ ਕਰਨ ਦੀ ਯੋਗਤਾ ਦੂਜੇ ਮਨੁੱਖ ਨਾਲੋਂ ਵੱਖਰੀ ਹੁੰਦੀ ਹੈ। ਅਕਲ ਦੇ ਘੱਟ ਵੱਧ ਹੋਣ ਨਾਲ ਹੀ ਮਨੁੱਖ ਸਿਆਣਾ ਜਾਂ ਮੂਰਖ ਅਖਵਾਉਂਦਾ ਹੈ। ਇਸ ਗੱਲ ਨੂੰ ਸਾਹਮਣੇ ਰੱਖ ਕੇ ਮਨੋ-ਵਿਗਿਆਨੀਆਂ ਨੇ ਅਕਲ ਨਾਪਣ ਲਈ ਕੁਝ ਢੰਗ ਕੱਢੇ ਹਨ। ਇਸ ਵਿਸ਼ੇ ਤੇ ਇਕ ਫ਼ਰਾਂਸੀਸੀ ਵਿਦਵਾਨ ਐਲਫ਼੍ਰੈਡ ਬੀਨੇ (Aelfred Binet) ਨੇ ਪੰਦਰਾਂ ਸਾਲ ਦੀ ਕਠਨ ਮਿਹਨਤ ਮਗਰੋਂ ਸੰਨ 1905 ਵਿਚ ਅਕਲ ਨੂੰ ਪਰਖਣ ਦੇ ਕੁਝ ਕੁ ਟੈਸਟ ਪ੍ਰਕਾਸ਼ਤ ਕੀਤੇ ਸਨ। ਇਨ੍ਹਾਂ ਟੈਸਟਾਂ ਵਿਚ ਅਜਿਹੀਆਂ ਸੂਚਨਾਵਾਂ ਹਨ ਜਿਨ੍ਹਾਂ ਤੋਂ ਜਾਣੂ ਹੋਣ ਦੇ ਬੱਚਿਆਂ ਨੂੰ ਕਈ ਮੌਕੇ ਮਿਲ ਸਕਦੇ ਹਨ ਅਤੇ ਅਜਿਹੀਆਂ ਗੁੰਝਲਾਂ ਹਨ ਜਿਨ੍ਹਾਂ ਤੋਂ ਬੱਚੇ ਪਹਿਲਾਂ ਪਹਿਲਾਂ ਆਮ ਜ਼ਿੰਦਗੀ ਵਿਚ ਜਾਣੂ ਨਹੀਂ ਹੋਏ ਹੁੰਦੇ। ਟਰਮੈਨ ਅਤੇ ਹੋਰ ਵਿਦਵਾਨਾਂ ਨੇ ਇਨ੍ਹਾਂ ਟੈਸਟਾ ਨੂੰ ਸੋਚ ਕੇ ਪ੍ਰਕਾਸ਼ਤ ਕੀਤਾ ਹੈ। ਇਸ ਤਰ੍ਹਾਂ ਕੁਝ ਕੁ ਵਿਅਕਤੀਗਤ ਟੈਸਟ ਵੀ ਬਣੇ। ਇਹ ਟੈਸਟ ਦੋ ਸਾਲ ਤੋਂ ਲੈ ਕੇ ਪੰਦਰਾਂ ਸਾਲ ਤਕ ਦੇ ਬੱਚਿਆਂ ਲਈ ਹਨ। 2 ਸਾਲ ਤੋਂ 15 ਸਾਲ ਵਿਚ ਅਕਲ ਦੇ ਕਾਰਕ ਵਿਕਾਸ ਕਰਦੇ ਹਨ। ਇਸ ਤਰ੍ਹਾਂ ਦੇ ਟੈਸਟਾ ਨਾਲ ਅਕਲ ਦਾ ਅੰਦਾਜ਼ਾ ਲਾਇਆ ਜਾਂਦਾ ਹੈ ਅਤੇ ਉਸ ਸਿੱਟੇ ਨੂੰ ਤੁਲਨਾਤਮਕ ਢੰਗ ਨਾਲ ਦੱਸਣ ਲਈ ਮਾਨਸਿਕ ਉਮਰ ਦੀ ਧਾਰਨਾ ਕੱਢੀ ਗਈ ਹੈ। ਮਾਨਸਿਕ ਉਮਰ ਦਾ ਅੰਕੜਾ ਕਿਸੇ ਬੱਚੇ ਦੀ ਮਾਨਸਿਕ ਯੋਗਤਾ ਦਾ ਸੂਚਕ ਹੁੰਦਾ ਹੈ। ਮਾਨਸਿਕ ਉਮਰ ਨੂੰ ਅਸਲੀ ਉਮਰ ਤੇ ਤਕਸੀਮ ਕਰ ਕੇ ਜਿਹੜਾ ਵੰਡ-ਫਲ ਆਉਂਦਾ ਹੈ, ਉਸ ਨੂੰ ਅਕਲ-ਵੰਡ ਫਲ (Intelligence quotient) ਆਖਦੇ ਹਨ। ਉਦਾਹਰਨ ਵਜੋਂ ਜੇ ਅੱਠ ਸਾਲ ਦੀ ਉਮਰ ਦੇ ਬੱਚੇ ਦੀ ਮਾਨਸਿਕ ਯੋਗਤਾ ਦਸ ਸਾਲ ਦੇ ਬੱਚੇ ਦੀ ਮਾਨਸਿਕ ਯੋਗਤਾ ਜਿੰਨੀ ਹੋਵੇ ਤਾਂ ਉਸ ਬੱਚੇ ਦੀ ਮਾਨਸਿਕ ਉਮਰ ਦਸ ਸਾਲ ਹੋਈ ਅਤੇ ਅਕਲ-ਵੰਡ ਫਲ 10/8 ਅਰਥਾਤ 1.25 ਹੋਇਆ। ਇਹ ਅਕਲ-ਵੰਡ ਫਲ ਕਿਉਂਕਿ ਇਕ ਤੋਂ ਵੱਧ ਹੈ, ਇਸ ਲਈ ਇਹ ਭਵਿੱਖ ਬਾਣੀ ਕੀਤੀ ਜਾ ਸਕਦੀ ਹੈ ਕਿ ਉਹ ਬੱਚਾ ਹੋਣਹਾਰ ਹੋਵੇਗਾ।
ਲੇਖਕ : ਹਰੀ ਚੰਦ ਪਰਾਸ਼ਰ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6947, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-15, ਹਵਾਲੇ/ਟਿੱਪਣੀਆਂ: no
ਅਕਲ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਅਕਲ, ਅਰਬੀ / ਇਸਤਰੀ ਲਿੰਗ : ਬੁਧ, ਸਮਝ, ਸੂਝ, ਸਿਆਣਪ, (ਲਾਗੂ ਕਿਰਿਆ : ਦੇਣਾ, ਲੈਣਾ)
–ਅਕਲ ਉਤੇ ਪੜਦਾ ਪੈਣਾ, ਮੁਹਾਵਰਾ : ਸਮਝ ਦਾ ਕੰਮ ਨਾ ਕਰਨਾ, ਉਕਾਂਈ ਖਾਣਾ, ਬੇਵਕੂਫ਼ੀ ਜਾਂ ਗ਼ਲਤੀ ਕਰਨਾ
–ਅਕਲ ਆਉਣਾ, ਮੁਹਾਵਰਾ : ਸਿਆਣਪ ਆ ਜਾਣਾ, ਸਮਝ ਜਾਣਾ, ਸੋਝੀ ਪੈਣਾ, ਸਿੱਧੇ ਹੋ ਜਾਣਾ, ਭੁਲ ਨਿਕਲ ਜਾਣਾ
–ਅਕਲਈਆ, ਵਿਸ਼ੇਸ਼ਣ : ਅਕਲ ਵਾਲਾ, ਸਿਆਣਾ
–ਅਕਲ ਸਿੱਖਾਉਣਾ, ਮੁਹਾਵਰਾ : ਮੱਤ ਦੇਣਾ, ਮਾਰਨਾ, ਸਜ਼ਾ ਦੇਣਾ
–ਅਕਲ ਗਿੱਟਿਆਂ ਵਿਚ ਹੋਣਾ, ਮੁਹਾਵਰਾ : ੧. ਬੇਅਕਲ ਹੋਣਾ, ਜਦੋਂ ਕੋਈ ਲੰਮਾ ਆਦਮੀ ਮੂਰਖਤਾਈ ਦੀ ਗੱਲ ਕਰੇ ਤਦੇਂ ਕਹਿੰਦੇ ਹਨ।
–ਅਕਲ ਤੇ ਪੱਥਰ ਪੈਣਾ, ਮੁਹਾਵਰਾ : ਅਕਲ ਮਾਰੀ ਜਾਣਾ, ਕੁਝ ਨਾ ਸੁੱਝਣਾ
–ਅਕਲ ਦਾ ਅੰਨ੍ਹਾ, ਪੁਲਿੰਗ : ਬੇਵਕੂਫ਼, ਮੂਰਖ, ਜੋ ਕੁਝ ਸੋਚ ਨਾ ਸਕੇ
–ਅਕਲ ਦਾ ਅੰਨ੍ਹਾ ਗੰਢ ਦਾ ਪੂਰਾ, ਅਖੌਤ : ਬੇਵਕੂਫ਼, ਬੁੱਧੂ ਅਮੀਰ, ਅਮੀਰ ਜਿਸ ਨੂੰ ਰੁਪਏ ਪੈਸੇ ਦੀ ਕਦਰ ਨਾ ਹੋਵੇ
–ਅਕਲ ਦਾ ਕੋਤੇ, ਪੁਲਿੰਗ : ਥੋੜ੍ਹੀ ਅਕਲ ਵਾਲਾ
–ਅਕਲ ਦਾ ਖਾਵੰਦ, ਵਿਸ਼ੇਸ਼ਣ : ਬਿਲਕੁਲ ਬੇਸਮਝ, ਬਾਹਲਾ ਮੂਰਖ
–ਅਕਲ ਦਾ ਪੁਤਲਾ, ਪੁਲਿੰਗ : ਬਹੁਤ ਅਕਲ ਵਾਲਾ, ਵਿਅੰਗ ਭਾਵ ਨਾਲ ਬੇਵਕੂਫ਼
–ਅਕਲ ਦਾ ਪੂਰਾ, ਵਿਸ਼ੇਸ਼ਣ : ਅਕਲ ਵਾਲਾ, ਵਿਅੰਗ ਭਾਵ ਨਾਲ ਬੇਵਕੂਫ਼
–ਅਕਲ ਦੁੜਾਉਣਾ, ਮੁਹਾਵਰਾ : ਸੋਚਣਾ, ਵਿਚਾਰ ਕਰਨਾ, ਦੂਰ ਦੀ ਨਜ਼ਰ ਨਾਲ ਵੇਖਣਾ
–ਅਕਲ ਦੇ ਘੋੜੇ ਦੜਾਉਣਾ, ਮੁਹਾਵਰਾ : ਕਲਪਨਾ, ਅਮਲ ਦਾ ਕੰਮ ਦਲੀਲਾਂ ਤੋਂ ਲੈਣਾ, ਖਿਆਲੀ ਪੁਲਾ ਪਕਾਉਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3808, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-01-01-27-22, ਹਵਾਲੇ/ਟਿੱਪਣੀਆਂ:
ਅਕਲ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਅਕਲ ਦੇ ਨਹੁੰ ਲਹਾਉਣਾ, ਮੁਹਾਵਰਾ : ਸਮਝ ਸੋਚ ਥੋਂ ਕੰਮ ਲੈਣਾ, ਅਕਲ ਨਾਲ ਵਰਤਣਾ, ਹੋਸ਼ ਨਾਲ ਚਲਣਾ
–ਅਕਲ ਨੂੰ ਜੰਦਰਾ ਮਾਰਨਾ, ਅਕਲ ਨੂੰ ਜੰਦਰਾ ਵਜਣਾ, ਅਕਲ ਨੂੰ ਤਲਾਕ ਦੇਣਾ, ਅਕਲ ਨੂੰ ਤਲਾਂਜਲੀ ਦੇਣਾ ਮੁਹਾਵਰਾ : ਬਿਨਾਂ ਸੋਚੇ ਸਮਝੇ ਕੰਮ ਕਰਨਾ, ਅਕਲ ਤੋਂ ਕੰਮ ਨਾ ਲੈਣਾ
–ਅਕਲ ਮਾਰੀ ਜਾਣਾ, ਮੁਹਾਵਰਾ : ਕੁਝ ਸਮਝ ਵਿਚ ਨਾ ਆਉਣਾ, ਸਿਆਣੀ ਜਾਂ ਠੀਕ ਗੱਲ ਨਾ ਸੁੱਝਣਾ
–ਅਕਲ ਵੱਡੀ ਕਿ ਮ੍ਹੈਂਸ, ਅਖੌਤ : ਬੇਤੁਕੀਆ ਗੱਲਾਂ ਦਾ ਹਾਸਾ ਉਡਾਉਣ ਲਈ ਕਹਿੰਦੇ ਹਨ
–ਅਕਲਮੰਦ, ਫਾਰਸੀ / ਵਿਸ਼ੇਸ਼ਣ : ਸਿਆਣਾ, ਦਾਨਾ, ਬੁਧੀਮਾਨ, ਚਤਰ, ਹੁਸ਼ਿਆਰ, ਸਮਝਦਾਰ
–ਅਕਲਮੰਦੀ, ਇਸਤਰੀ ਲਿੰਗ : ਚਤਰਾਈ, ਸਮਝ, ਸ਼ਊਰ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3807, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-01-01-27-38, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First