ਅਟਕ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਟਕ 1 [ਨਾਂਪੁ] ਰੋਕ , ਰੁਕਾਵਟ , ਵਿਘਨ, ਅੜਚਨ, ਬੰਧਨ 2 ਸਿੰਧ ਦਰਿਆ; ਸਿੰਧ ਦਰਿਆ ਦੇ ਕੰਢੇ ਵੱਸਿਆ ਹੋਇਆ ਇਕ ਸ਼ਹਿਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11327, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਅਟਕ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਟਕ. ਸੰਗ੍ਯਾ—ਰੁਕਾਵਟ. ਰੋਕ. Prohibition. “ਜਿਸ ਕੀ ਅਟਕ ਤਿਸਤੇ ਛੂਟੀ, ਤਉ ਕਹਾਕਰੈ ਕੋਟਵਾਰ?” (ਮਾਰੂ ਮ: ੫) ੨ ਵਿਘਨ. ਵਾਧਾ। ੩. ਸੰਕੋਚ. ਝਿਜਕ. “ਜਾਂ ਕੇ ਮਨ ਮੇ ਅਟਕ ਹੈ ਸੋਈ ਅਟਕ ਰਹਾ.” (ਲੋਕੋ) ੪ ਅਟਕ (ਸਿੰਧ) ਦਰਿਆ । ੫ ਅਟਕ ਦਰਿਆ ਦੇ ਕੰਢੇ ਇੱਕ ਨਗਰ1 ਅਤੇ ਇਸੇ ਨਾਉਂ ਦਾ ਜਿਲਾ, ਜੋ ਰਾਵਲਪਿੰਡੀ ਡਿਵੀਜ਼ਨ ਵਿੱਚ ਹੈ. ਇਸ ਦਾ ਨਾਉਂ. ਕੈਂਬਲਪੁਰ Campbell pur ਭੀ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11267, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no
ਅਟਕ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਅਟਕ (ਨਦੀ): ਇਕ ਵੱਡਾ ਦਰਿਆ ਜੋ ਪਾਕਿਸਤਾਨੀ ਜਾਂ ਪੱਛੀ ਪੰਜਾਬ ਨੂੰ ਸਰਹੱਦੀ ਸੂਬੇ ਨਾਲੋਂ ਨਿਖੇੜਦਾ ਹੈ। ਇਸ ਦਾ ਇਕ ਨਾਮਾਂਤਰ ਸਿੰਧ ਜਾਂ ਸਿੰਧੂ ਨਦੀ ਵੀ ਹੈ। ਅਸਲ ਵਿਚ, ਇਸ ਦੇ ਉਪਰਲੇ ਹਿੱਸੇ ਨੂੰ ‘ਅਟਕ’ ਅਤੇ ਹੇਠਲੇ ਹਿੱਸੇ ਨੂੰ ‘ਸਿੰਧ’ ਆਖਿਆ ਜਾਂਦਾ ਹੈ। ਪੰਜਾਬ ਦੇ ਸਾਰੇ ਦਰਿਆ—ਜੇਹਲਮ, ਚਨਾਬ, ਰਾਵੀ , ਬਿਆਸ ਅਤੇ ਸਤਲੁਜ— ਇਕੱਠੇ ਹੋ ਕੇ ਅੰਤ ਵਿਚ ਇਸ ਵੱਡੇ ਦਰਿਆ ਵਿਚ ਮਿਠਨਕੋਟ ਦੇ ਨੇੜੇ ਜਾ ਰਲਦੇ ਹਨ।
ਇਹ ਦਰਿਆ ਤਿੱਬਤ ਤੋਂ ਨਿਕਲ ਕੇ ਕਸ਼ਮੀਰ ਦੀਆਂ ਪਹਾੜੀਆਂ ਵਿਚ ਉੱਤਰ-ਪੱਛਮੀ ਦਿਸ਼ਾ ਵਲ ਵਗਦਾ ਹੈ। ਹਾਰਾਮੋਸ਼ ਦੀ ਡੂੰਘੀ ਘਾਟੀ ਨੂੰ ਪਾਰ ਕਰਨ ਉਪਰੰਤ ਦੱਖਣ-ਪੱਛਮੀ ਦਿਸ਼ਾ ਵਲ ਮੁੜਦਾ ਹੈ ਅਤੇ ਗਿਲਗਿਤ ਨਦੀ ਨੂੰ ਨਾਲ ਲੈ ਕੇ ਚਿਲਾਸ ਤੋਂ ਇਹ ਪਾਕਿਸਤਾਨ ਦੇ ਪਹਾੜੀ ਖੇਤਰ ਵਿਚ ਦਾਖ਼ਲ ਹੁੰਦਾ ਹੈ। ਫਿਰ ਹਜ਼ਾਰਾ ਜ਼ਿਲ੍ਹੇ ਵਿਚੋਂ ਲਿੰਘਦਾ ਹੋਇਆ ਅਟਕ ਕਿਲ੍ਹੇ ਦੇ ਨੇੜੇ ਦਰਿਆਏ ਕਾਬਲ ਨੂੰ ਨਾਲ ਲੈਂਦਾ ਹੋਇਆ ਮੈਦਾਨੀ ਇਲਾਕੇ ਵਿਚ ਪ੍ਰਵੇਸ਼ ਕਰਦਾ ਹੈ ਅਤੇ ਕਾਲਾਬਾਗ਼ ਦੀਆਂ ਪਹਾੜੀਆਂ ਨਾਲ ਖਹਿੰਦਾ ਹੋਇਆ ਥਲ-ਖੇਤਰ ਵਿਚ ਦਾਖ਼ਲ ਹੁੰਦਾ ਹੈ। ਡੇਰਾ ਇਸਮਾਇਲ ਖ਼ਾਨ ਦੇ ਜ਼ਿਲ੍ਹੇ ਦੇ ਨਾਲ ਨਾਲ ਵਗਦਾ ਹੋਇਆ ਸਿੰਧ ਪ੍ਰਾਂਤ ਵਿਚ ਪਹੁੰਚ ਜਾਂਦਾ ਹੈ। ਹੈਦਰਾਬਾਦ ਨਗਰ ਕੋਲ ਪਹੁੰਚ ਕੇ ਇਹ ਲਗਭਗ ਅੱਠ ਹਜ਼ਾਰ ਵਰਗ ਕਿ.ਮੀ. ਦਾ ਡੈਲਟਾ ਬਣਾਉਂਦਾ ਹੋਇਆ ਅਰਬ ਸਾਗਰ ਵਿਚ ਸਮਾ ਜਾਂਦਾ ਹੈ। ਮਾਰਚ ਤੋਂ ਸਤੰਬਰ ਦੇ ਮਹੀਨਿਆਂ ਵਿਚ ਇਸ ਵਿਚ ਪਾਣੀ ਦਾ ਨਿਕਾਸ ਬਹੁਤ ਅਧਿਕ ਹੁੰਦਾ ਹੈ, ਪਰ ਸਰਦੀਆਂ ਵਿਚ ਪਾਣੀ ਦੀ ਮਿਕਦਾਰ ਘਟ ਜਾਂਦੀ ਹੈ।
ਇਸ ਦਾ ਨਾਂ ‘ਅਟਕ’ ਕਿਉਂ ਪਿਆ ? ਇਸ ਬਾਰੇ ਵਖ ਵਖ ਮਤ ਪ੍ਰਚਲਿਤ ਹਨ। ਇਕ ਮਤ ਅਨੁਸਾਰ ਮੱਧ ਏਸ਼ੀਆ ਤੋਂ ਆਉਣ ਵਾਲੇ ਹਮਲਾਵਰਾਂ ਦੇ ਰਾਹ ਵਿਚ ਰੁਕਾਵਟ ਬਣਨ ਕਾਰਣ ਇਸ ਨੂੰ ‘ਅਟਕ’ ਕਿਹਾ ਜਾਣ ਲਗਿਆ। ਦੂਜੇ ਮਤ ਅਨੁਸਾਰ ਟਕ ਜਾਤੀ ਦੇ ਅਧਿਕਾਂਸ਼ ਕਬੀਲੇ ਇਸ ਨਦੀ ਦੇ ਨੇੜੇ ਵਸਣ ਕਾਰਣ ਬਾਹਰਲੇ ਹਮਲਾਵਰਾਂ ਨੇ ਗ਼ਲਤ ਉੱਚਾਰਣ ਵਸ ਇਸ ਨੂੰ ‘ਅਟਕ’ ਕਹਿਣਾ ਸ਼ੁਰੂ ਕਰ ਦਿੱਤਾ। ਤੀਜੇ ਮਤ ਅਨੁਸਾਰ ਦਰਿਆਏ ਕਾਬਲ (ਲੁੰਡਾ ਦਰਿਆ) ਦੇ ਪ੍ਰਵਾਹ ਨੂੰ ਇਸ ਤਕ ਪਹੁੰਚ ਕੇ ਰੋਕ (ਅਟਕ) ਲਗ ਗਈ , ਇਸ ਕਰਕੇ ਇਸ ਦਾ ਨਾਂ ‘ਅਟਕ’ ਪ੍ਰਚਲਿਤ ਹੋ ਗਿਆ। ਭਾਈ ਵੀਰ ਸਿੰਘ ਦੀ ਜਿਗਿਆਸਾ ਅਨੁਸਾਰ — ‘ਅਟਕ ਕੋਈ ਪਾਈ ਨਾ, ਜ਼ਾਲਮ ਅਟਕਾਏ ਨਾ। ਫੇਰ ਅਟਕ ਨਾਉਂ ਤੇਰਾ, ਗਲ ਦਸ ਕੀ ਹੋਈ।’
ਇਸ ਦੇ ਕੰਢੇ ਉਤੇ ਸਰਹੱਦੀ ਚੌਕੀ ਵਜੋਂ ਅਕਬਰ ਬਾਦਸ਼ਾਹ ਨੇ ਸੰਨ 1581 ਈ. ਵਿਚ ਇਕ ਕਿਲ੍ਹਾ ਬਣਵਾਇਆ ਜਿਸ ਦਾ ਨਾਂ ਵੀ ‘ਅਟਕ’ ਪ੍ਰਚਲਿਤ ਹੋਇਆ। ਇਸ ਦੇ ਨਾਲ ਹੀ ਕਾਲਾਂਤਰ ਵਿਚ ਇਕ ਕਸਬਾ ਵਸ ਗਿਆ। ਮਹਾਰਾਜਾ ਰਣਜੀਤ ਸਿੰਘ ਨੇ ਇਸ ਕਿਲ੍ਹੇ ਨੂੰ ਹੋਰ ਵੀ ਮਜ਼ਬੂਤ ਕੀਤਾ। ਇਕ ਵਾਰ ਪਠਾਣਾਂ ਦੁਆਰਾ ਬੇੜੀਆਂ ਦੇ ਪੁਲ ਨੂੰ ਕਟ ਦੇਣ ਕਾਰਣ ਅਟਕ ਦਰਿਆ ਤੋਂ ਪਾਰਲੇ ਪਾਸੇ ਘਿਰ ਚੁਕੀ ਸਿੱਖ ਫ਼ੌਜ ਨੂੰ ਫ਼ੌਰੀ ਮਦਦ ਪਹੁੰਚਾਉਣ ਲਈ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸੈਨਾ ਨਾਲ ਖ਼ੁਦ ਇਸ ਦਰਿਆ ਨੂੰ ਘੋੜੇ ਉਤੇ ਸਵਾਰ ਹੋ ਕੇ ਪਾਰ ਕੀਤਾ। ਸਤੰਬਰ 1845 ਈ. ਵਿਚ ਮੁੱਖ ਵਜ਼ੀਰ ਜਵਾਹਰ ਸਿੰਘ ਨੇ ਫਤਹਿਖ਼ਾਨ ਟਿਵਾਣਾ ਦੁਆਰਾ ਕੰਵਲ ਪਿਸ਼ੌਰਾ ਸਿੰਘ ਨੂੰ ਗਲਾ ਘੁਟਵਾ ਕੇ ਕਿਲ੍ਹੇ ਅੰਦਰ ਮਰਵਾ ਦਿੱਤਾ। ਇਸ ਕਿਲ੍ਹੇ ਦੇ ਨੇੜੇ 1883 ਈ. ਵਿਚ ਅੰਗ੍ਰੇਜ਼ ਸਰਕਾਰ ਨੇ ਇਕ ਲੋਹੇ ਦਾ ਪੁਲ ਬਣਵਾਇਆ। ਇਸ ਦੇ ਨਾਂ’ਤੇ ‘ਅਟਕ’ ਜ਼ਿਲ੍ਹਾ ਬਣਾਇਆ ਗਿਆ ਜਿਸ ਵਿਚ ਚਾਰ ਤਹਿਸੀਲਾਂ (ਅਟਕ, ਫਤਹਿਜੰਗ, ਤਲਾਗੰਗ ਅਤੇ ਪਿੰਡੀਘੇਬ) ਸ਼ਾਮਲ ਹਨ ਅਤੇ ਜ਼ਿਲ੍ਹੇ ਦਾ ਸਦਰ ਮੁਕਾਮ ਕੈਂਬਲਪੁਰ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11166, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no
ਅਟਕ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਅਟਕ : ਇਹ ਪਾਕਿਸਤਾਨ ਵਿਚ ਪਿਸ਼ਾਵਰ ਤੋਂ 76 ਕਿ. ਮੀ. ਦੂਰ ਦੱਖਣ-ਪੂਰਬ ਵਿਚ ਇਕ ਸ਼ਹਿਰ ਹੈ, ਜਿਹੜਾ ਆਪਣੀ ਸਰਹੱਦੀ ਸਥਿਤੀ ਅਤੇ ਇਤਿਹਾਸਕ ਕਿਲ੍ਹੇ ਲਈ ਪ੍ਰਸਿੱਧ ਹੈ। ਇਸ ਪੁਰਾਤਨ ਕਿਲ੍ਹੇ ਨੂੰ ਸ਼ਹਿਨਸ਼ਾਹ ਅਕਬਰ ਨੇ 1581 ਈ. ਵਿਚ ਬਣਵਾਇਆ ਸੀ। ਇਥੋਂ ਦੀ ਕੁਦਰਤੀ ਸੁੰਦਰਤਾ ਵਚਿੱਤਰ ਹੈ। ਇਥੇ 1883 ਈ. ਵਿਚ ਦਰਿਆ ਉੱਤੇ ਲੋਹੇ ਦਾ ਪੁੱਲ ਬਣਾ ਦਿੱਤਾ ਗਿਆ ਸੀ ਜਿਸ ਤੋਂ ਉੱਤਰ-ਪੱਛਮੀ ਰੇਲਵੇ ਪਿਸ਼ਾਵਰ ਤਕ ਪੁੱਜਦੀ ਹੈ। ਅਫ਼ਗਾਨਿਸਤਾਨ ਅਤੇ ਹੋਰ ਕਈ ਦੇਸ਼ਾਂ ਨਾਲ ਵਪਾਰ ਦੇ ਰਸਤੇ ਉੱਤੇ ਹੋਣ ਕਰਕੇ ਇਹ ਸ਼ਹਿਰ ਉੱਨਤੀ ਕਰ ਗਿਆ ਹੈ।
33° 50' ਉ. ਵਿਥ.; 72° 15' ਪੂ. ਲੰਬ.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8917, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-16, ਹਵਾਲੇ/ਟਿੱਪਣੀਆਂ: no
ਅਟਕ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਅਟਕ : ਇਹ ਪਾਕਿਸਤਾਨ ਵਿਚ ਪਿਸ਼ਾਵਰ ਤੋਂ 76 ਕਿ. ਮੀ. ਦੂਰ ਦੱਖਣ-ਪੂਰਬ ਵਿਚ ਇਕ ਸ਼ਹਿਰ ਹੈ ਜਿਹੜਾ ਆਪਣੀ ਸਰਹੱਦੀ ਸਥਿਤੀ ਅਤੇ ਇਤਿਹਾਸਕ ਕਿਲੇ ਲਈ ਪ੍ਰਸਿੱਧ ਹੈ। ਇਸ ਪੁਰਾਤਨ ਕਿਲੇ ਨੂੰ ਸ਼ਹਿਨਸ਼ਾਹ ਅਕਬਰ ਨੇ 1581 ਈ. ਵਿਚ ਬਣਵਾਇਆ ਸੀ। ਇਥੋਂ ਦੀ ਕੁਦਰਤੀ ਸੁੰਦਰਤਾ ਵਚਿੱਤਰ ਹੈ। ਇਥੇ 1883 ਈ. ਵਿਚ ਦਰਿਆ ਉੱਤੇ ਲੋਹੇ ਦਾ ਪੁਲ ਬਣਾ ਦਿੱਤਾ ਗਿਆ ਸੀ ਜਿਸ ਤੋਂ ਉੱਤਰ-ਪੱਛਮੀ ਰੇਲਵੇ ਪਿਸ਼ਾਵਰ ਤਕ ਪੁਜਦੀ ਹੈ। ਅਫ਼ਗਾਨਿਸਤਾਨ ਅਤੇ ਹੋਰ ਕਈ ਦੇਸ਼ਾਂ ਨਾਲ ਵਪਾਰ ਦੇ ਰਸਤੇ ਉੱਤੇ ਹੋਣ ਕਰ ਕੇ ਇਹ ਸ਼ਹਿਰ ਉੱਨਤੀ ਕਰ ਗਿਆ ਹੈ। ਇਸ ਸ਼ਹਿਰ ਨੂੰ ਹੁਣ ਕੈਂਬਲਪੁਰ ਕਿਹਾ ਜਾਂਦਾ ਹੈ।
ਸਥਿਤੀ –33º 50' ਉ. ਵਿਥ.; 72º 15' ਪੂ. ਲੰਬ.
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8061, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-25-03-13-06, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਵਿ. ਕੋ.; ਮ. ਕੋ.
ਅਟਕ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਅਟਕ, ਪੁਲਿੰਗ : ੧. ਸਿੰਧ ਦਰਿਆ ਅਤੇ ਉਹਦੇ ਉੱਤੇ ਵੱਸਿਆ ਇਕ ਸ਼ਹਿਰ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4402, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-04-04-44-45, ਹਵਾਲੇ/ਟਿੱਪਣੀਆਂ:
ਅਟਕ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਅਟਕ, ਇਸਤਰੀ ਲਿੰਗ : ਰੋਕ, ਬੰਧੇਜ, ਬਨ੍ਹੇਜ, ਠਹਿਰਾਉ, ਵਿਘਨ, ਰੁਕਾਵਟ, ਅੜਚਨ, ਉਲਝਣ
–ਅਟਕ ਜਾਣਾ, ਕਿਰਿਆ ਅਕਰਮਕ : ਰੁਕ ਜਾਣਾ, ਟਿਕ ਜਾਣਾ, ਫਸ ਜਾਣਾ (ਸੰਘ ਵਿਚ), ਰੁਕਣਾ (ਪੜ੍ਹਦੇ ਪੜ੍ਹਦੇ), ਨਾ ਉਘਰਨਾ (ਰੁਪਿਆਂ ਦਾ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4402, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-04-04-45-02, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First