ਅਖ਼ਲਾਕ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਖ਼ਲਾਕ (ਨਾਂ,ਪੁ) ਆਚਰਣ; ਚਾਲ-ਚਲਨ; ਸੁਭਾਓ; ਤਹਿਜ਼ੀਬ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3291, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਅਖ਼ਲਾਕ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

          ਅਖ਼ਲਾਕ : ਇਹ ਅਰਬੀ ਦੇ ਸ਼ਬਦ ‘ਖ਼ੁਲਕ’ ਦਾ ਬਹੁਵਚਨ ਹੈ। ਇਸਲਾਮੀ ਅਖ਼ਲਾਕ ਹੌਲੀ ਹੌਲੀ ਆਪਣੇ ਅਜੋਕੇ ਰੂਪ ਤੱਕ ਪੁੱਜਾ ਹੈ ਅਤੇ ਜਿਹੜੇ ਵੱਖ-ਵੱਖ ਤੱਤ ਇਸ ਦਾ ਆਧਾਰ ਹਨ ਉਨ੍ਹਾਂ ਦੀ ਪਰੰਪਰਾ ਗਿਆਰ੍ਹਵੀਂ ਸਦੀ. ਈ. ਤੋਂ ਪਹਿਲਾਂ ਸਪੱਸ਼ਟ ਨਹੀਂ ਸੀ। ਯੂਨਾਨੀ ਆਚਾਰ-ਵਿਹਾਰ ਦੀ ਨੀਂਹ ਬਹੁਤ ਕਰਕੇ ਫ਼ਲਸਫ਼ੇ ਅਤੇ ਤਰਕ ਉੱਤੇ ਰੱਖੀ ਗਈ ਸੀ ਪਰ ਇਸਲਾਮੀ ਅਖ਼ਲਾਕ ਜੋ ਆਪਣੀ ਮੌਜੂਦਾ ਪਕੇਰੀ ਸੂਰਤ ਵਿਚ ਸਾਡੇ ਸਾਹਮਣੇ ਆਇਆ ਹੈ ਅਸਲ ਵਿਚ ਇਸਲਾਮ ਤੋਂ ਪਹਿਲਾਂ ਦੀਆਂ ਅਰਬੀ ਰਵਾਇਤਾਂ, ਕੁਰਾਨ ਦੇ ਸਿਧਾਂਤਾਂ ਅਤੇ ਅਰਬ ਤੋਂ ਇਲਾਵਾ ਈਰਾਨੀ ਅਤੇ ਯੂਨਾਨੀ ਤੱਤਾਂ ਦੇ ਸੁਮੇਲ ਤੋਂ ਬਣਿਆ ਹੈ।

          ਸਿਧਾਂਤਵਾਦੀਆਂ, ਸੂਫ਼ੀਆਂ, ਫ਼ਿਲਾਸਫ਼ਰਾਂ ਅਤੇ ਹੁਕਮਰਾਨਾਂ ਨੂੰ ਸਿੱਖਿਆ ਦੇਣ ਵਾਲੇ ਲਿਖਾਰੀਆਂ ਵੱਲੋਂ ਇਕਮੱਤ ਹੋ ਕੇ ਚੰਗੇ ਆਚਾਰ-ਵਿਹਾਰ (ਹੁਸਨੁਲ-ਖ਼ੁਲਕ) ਦੀ ਸ਼ਲਾਘਾ ਕੀਤੀ ਗਈ ਹੈ ਅਤੇ ਉਸ ਦੀ ਮਹਾਨਤਾ ਨੂੰ ਮੰਨਿਆ ਗਿਆ ਹੈ।

          ਇਸਲਾਮ ਦੇ ਆਉਣ ਨਾਲ, ਉਸ ਤੋਂ ਪਹਿਲਾਂ ਦੇ ਮੰਨੇ ਜਾਣ ਵਾਲੇ ਮਨੁੱਖੀ ਗੁਣਾਂ ਦਾ ਅੰਤ ਨਹੀਂ ਹੋਇਆ ਸਗੋਂ ਇਸਲਾਮੀ ਸਾਹਿਤ ਰਾਹੀਂ ਸਵੈ ਅਭਿਮਾਨ, ਦਲੇਰੀ, ਕਬੀਲੇ ਦਾ ਆਪਸੀ ਸੰਗਠਨ ਆਦਿ ਅਰਬ ਦੀਆਂ ਅਖ਼ਲਾਕੀ ਪਰੰਪਰਾਵਾਂ ਆਦਿ ਨੂੰ ਵੀ ਇਨ੍ਹਾਂ ਅੰਦਰ ਸ਼ਾਮਲ ਕਰ ਲਿਆ ਗਿਆ। ਹਜ਼ਰਤ ਮੁਹੰਮਦ ਦੇ ਅਖ਼ਲਾਕੀ ਸਿਧਾਂਤਾਂ ਅੰਦਰ ਨਵੇਂ ਧਰਮ ਦੀ ਪ੍ਰਵਾਨਗੀ, ਰੱਬੀ ਭੈ, ਕਿਆਮਤ ਦੇ ਦਿਨ ਦਾ ਇਨਸਾਫ਼, ਮਿਹਰਬਾਨੀ ਅਤੇ ਬਰਾਬਰੀ, ਬਖ਼ਸ਼ਿਸ਼, ਸਵੈ-ਕਾਬੂ ਆਦਿ ਅਜਿਹੇ ਗੁਣ ਸਨ ਜਿਨ੍ਹਾਂ ਤੋਂ ਨਵੇਂ ਸਮਾਜ ਦੀ ਉਸਾਰੀ ਹੋਈ।

          ਕੁਰਾਨ ਦੀਆਂ ਧਾਰਮਕ ਨੀਤੀਆਂ ਦੀ ਵਿਸਥਾਰ ਸਹਿਤ ਵਿਆਖਿਆ ‘ਹਦੀਸਾਂ’ ਦੇ ਰੂਪ ਵਿਚ ਕੀਤੀ ਗਈ ਜਿਨ੍ਹਾਂ ਦਾ ਆਧਾਰ ਜਾਂ ਤਾਂ ਸੁੰਨਤ ਦੀ ਵਿਆਖਿਆ ਹੈ ਜਾਂ ਪੈਗ਼ੰਬਰ ਦੇ ਆਦਰਸ਼-ਵਿਹਾਰ ਹਨ। ਮੁਸਲਮਾਨਾਂ ਦੇ ਆਮ ਅਖ਼ਲਾਕੀ ਵਿਚਾਰਾਂ ਦੇ ਬਣਾਉਣ ਅਤੇ ਨਿਭਾਉਣ ਲਈ ਹਦੀਸਾਂ ਦਾ ਬੜਾ ਮਹੱਤਵ ਹੈ ਪਰ ਇਸ ਤੋਂ ਛੁੱਟ ਨੀਤੀਆਂ ਦੀ ਨੀਂਹ ਰੱਖਣ ਦਾ ਕੰਮ ਬਹੁਤਾ ਕਰਕੇ ਸ਼ਰ੍ਹਾ ਦੇ ਵਿਕਾਸ ਤੇ ਵੀ ਨਿਰਭਰ ਸੀ।

          ਹਦੀਸ ਤੇ ਆਧਾਰਤ ਇਨ੍ਹਾਂ ਅਖ਼ਲਾਕੀ ਵਿਚਾਰਾਂ ਦਾ ਵਿਕਾਸ ਅਤੇ ਸੁਧਾਰ ਸੁੰਨੀਆਂ ਵਿਚ ਨੌਵੀਂ ਸਦੀ. ਈ. ਤੱਕ ਚਲਦਾ ਰਿਹਾ। ਇਕ ਪਾਸੇ ਮੁਅਤਜ਼ਲਾ ਲਹਿਰ ਅਤੇ ਦੂਜੇ ਪਾਸੇ ਸੂਫ਼ੀਵਾਦ ਰਾਹੀਂ ਅਖ਼ਲਾਕੀ ਵਿਚਾਰਾਂ ਦਾ ਇਸਲਾਮ ਵਿਚ ਸੁਮੇਲ ਕੀਤਾ ਗਿਆ। ਸੂਫ਼ੀ ਉਪਦੇਸ਼ਕਾਂ ਦੇ ਵਿਚਾਰ ਅਨੁਸਾਰ ਗ਼ਰੀਬੀ ਅਤੇ ਆਤਮ-ਤਿਆਗ ਆਦਿ ਜੀਵਨ ਦਾ ਸਭ ਤੋਂ ਵੱਡਾ ਆਦਰਸ਼ ਬਣ ਗਏ।

          ਇਸਲਾਮੀ ਅਖ਼ਲਾਕ ਵਿਚ ਈਰਾਨੀ ਅਖ਼ਲਾਕੀ ਵਿਚਾਰ ਯੂਨਾਨੀ ਆਚਾਰ-ਵਿਹਾਰ ਤੋਂ ਪਹਿਲਾਂ ਸ਼ਾਮਲ ਹੋਏ। ਇਸ ਦਾ ਮੁੱਖ ਪ੍ਰਤੀਨਿਧ ਇਬਨੁ-ਮੁਕੱਫ਼ਾ ਹੈ। ਕਲੀਲਾ-ਵਾ ਦਿਮਨਾ ਤੋਂ ਛੁੱਟ ਉਸ ਦੀਆਂ ਅਦਬ ਸਬੰਧੀ ਦੋ-ਕਿਤਾਬਾਂ ‘ਅਦਬੁਲ-ਕਬੀਰ’ ਅਤੇ ‘ਅਦਬੁਲ-ਸਗ਼ੀਰਾਂ’ ਦਾ ਨਾਂ ਇਸ ਸਬੰਧ ਵਿਚ ਲਿਆ ਜਾ ਸਕਦਾ ਹੈ।

          ਯੂਨਾਨ ਤੋਂ ਲਏ ਦਾਰਸ਼ਨਿਕ ਵਿਚਾਰਾਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਫ਼ਲਸਫ਼ੇ ਦੀ ਰੁਚੀ ਵਾਲਿਆਂ ਵੱਲੋਂ ਕਰਾਈ ਗਈ। ਇਬਨ ਮਿਸਕੋਇਆ ਅਤੇ ਇਮਾਮ ਗ਼ਜ਼ਾਲੀ ਦਾ ਨਾਂ ਇਸ ਸਬੰਧ ਵਿਚ ਖ਼ਾਸ ਤੌਰ ਤੇ ਮਹੱਤਵ ਰਖਦਾ ਹੈ।

          ਪਿਛਲੀ ਸਦੀ ਵਿਚ ਸੂਫ਼ੀਵਾਦ ਦੇ ਵਿਰੋਧ ਦੀ ਲਹਿਰ ਨੇ ਇਸਲਾਮੀ ਸਿਧਾਂਤਾਂ ਵਿਚ ਕਾਫ਼ੀ ਤਬਦੀਲੀ ਲਿਆਂਦੀ ਹੈ। ਇਸ ਦੇ ਆਗੂ ਜਾਮਲੁੱ-ਦੀਨ ਅਫ਼ਗਾਨੀ ਅਤੇ ਮੁਹੰਮਦ ਅਬਦੂਹ ਹਨ। ਅਜੋਕੀ ਇਸਲਾਮੀ ਵਿਚਾਰਧਾਰਾ ਦੇ ਪ੍ਰਤੀਨਿਧ ਮੁਖ ਰੂਪ ਵਿਚ ਤੁਰਕੀ ਦੇ ਸਮਾਜ-ਸ਼ਾਸਤ੍ਰੀ ਜ਼ੀਯਾ ਗੋਕਾਲਪ (Ziya Gokalp) ਅਤੇ ਹਿੰਦੁਸਤਾਨੀ ਕਵੀ ਸਰ ਮੁਹੰਮਦ ਇਕਬਾਲ ਆਦਿ ਹਨ।

          ਦਰਸ਼ਨ ਦੀਆਂ ਵੱਖ ਵੱਖ ਸ਼ਾਖ਼ਾਂ ਵਿਚ ਅਖ਼ਲਾਕ ਨੂੰ ਰਾਜਨੀਤੀ ਤੇ ਅਰਥ-ਸ਼ਾਸ਼ਤਰ ਦੇ ਨਾਲ ਇਕ ਵਿਹਾਰਿਕ-ਦਰਸ਼ਨ ਸਮਝਿਆ ਜਾਂਦਾ ਹੈ।

          ਯੂਨਾਨੀ ਅਖ਼ਲਾਕੀ ਫ਼ਲਾਸਫ਼ਾ ਕਈ ਰੂਪਾਂ ਵਿਚ ਅਰਬਾਂ ਤੱਕ ਪੁੱਜਿਆ ਜਿਨ੍ਹਾਂ ਵਿਚ ਅਫ਼ਲਾਤੂਨ ਅਤੇ ਅਰਸਤੂ ਆਦਿ ਦੀਆਂ ਕਈ ਕਿਤਾਬਾਂ ਵਰਣਨ-ਯੋਗ ਹਨ।

          ਦਾਰਸ਼ਨਿਕ ਨੀਤੀ ਸ਼ਾਸਤਰਾਂ ਬਾਰੇ ਸਭ ਤੋਂ ਮਹੱਤਵ ਵਾਲੀ ਕਿਤਾਬ ਇਬਨ ਮਿਸਕੋਇਆ ਦੀ ‘ਤਹਜ਼ੀਬੁਲ ਅਖ਼ਲਾਕ’ ਹੈ। ਉਸ ਨੇ ਇਸਲਾਮ ਤੋਂ ਪਹਿਲਾਂ ਦੇ ਅਰਬ-ਵਿਚਾਰਾਂ ਦਾ ਤਾਂ ਵਿਰੋਧ ਕੀਤਾ ਹੈ ਪਰ ਈਰਾਨੀ ਅਖ਼ਲਾਕੀ ਵਿਚਾਰਾਂ ਦੀ ਪਰੰਪਰਾ ਵਲ ਉਸ ਦਾ ਝੁਕਾ ਵਧੇਰੇ ਜਾਪਦਾ ਹੈ। ਉਸ ਦੇ ਕਈ ਥਾਵਾਂ ਤੇ ਇਸਲਾਮੀ ਫ਼ਲਸਫ਼ੇ ਦਾ ਯੂਨਾਨੀ ਫ਼ਲਸਫ਼ੇ ਨਾਲ ਸਬੰਧ ਜੋੜਿਆ ਹੈ।

          ਇਮਾਮ ਗ਼ਜ਼ਾਲੀ ਵੱਲੋਂ ਅਖ਼ਲਾਕੀ ਵਿਚਾਰਧਾਰਾ ਦਾ ਜਿਹੜਾ ਨਵਾਂ ਸੁਮੇਲ ਕੀਤਾ ਗਿਆ, ਉਹ ਵਡੇਰੇ ਖੇਤਰ ਉੱਤੇ ਅਸਰ ਪਾਉਣ ਵਾਲਾ ਸੀ। ਉਸ ਨੇ ਇਬਨ ਮਿਸਕੋਇਆ ਦੀ ਵਿਚਾਰਧਾਰਾ ਦਾ ਵੀ ਆਦਰ ਕੀਤਾ ਅਤੇ ਸੂਫ਼ੀਆਂ ਦੇ ਅਧਿਆਤਮਕ ਵਿਚਾਰਾਂ ਨੂੰ ਵੀ ਆਪਣੇ ਵਿਚਾਰਾਂ ਦਾ ਆਧਾਰ ਬਣਾਇਆ।

          ਅਖ਼ਲਾਕ ਦੇ ਸਬੰਧ ਵਿਚ ਫ਼ਾਰਸੀ ਦੀਆਂ ਕੁਝ ਮਹਾਨ ਪੁਸਤਕਾਂ ਦਾ ਨਾਂ ਲਿਆ ਜਾ ਸਕਦਾ ਹੈ। ਨਸੀਰੁਦੀਨ ਤੁਸੀ ਦੀ ਕਿਤਾਬ ‘ਅਖ਼ਲਾਕੇ-ਨਾਸਿਰੀ’ (1233 ਈ.) ਉਤੇ ਇਬਨ ਮਿਸਕੋਇਆ ਦਾ ਅਸਰ ਸਾਫ਼ ਦਿਸਦਾ ਹੈ। ਕੋਈ ਦੋ ਸੌ ਸਾਲ ਮਗਰੋਂ ਇਸੇ ਕਿਤਾਬ ਨੂੰ ਸਾਹਮਣੇ ਰੱਖਦੇ ਹੋਏ ਜਲਾਲੁੱਦੀਨ ਦਿੱਵਾਨੀ ਨੇ ਇਕ ਅਖ਼ਲਾਕੀ ਵਿਧਾਨ ਲਿਖਿਆ ਜਿਹੜਾ ਆਮ ਤੌਰ ਤੇ ‘ਅਖ਼ਲਾਕੇ-ਜਲਾਲੀ’ (1501 ਈ.) ਦੇ ਨਾਂ ਨਾਲ ਮਸ਼ਹੂਰ ਹੈ। ਇਸ ਦਾ ਅਸਲੀ ਨਾਂ ‘ਲਵਾਮਿ-ੳਲ-ਇਸ਼ਰਾਕ ਫ਼ੀ-ਮਕਾਰਮ-ਉਲ ਅਲਖ਼ਾਕ ਹੈ। ਇਸ ਦਾ ਅੰਗਰੇਜ਼ੀ ਅਨੁਵਾਦ ‘ਪ੍ਰੈਕਟੀਕਲ ਫ਼ਿਲਾਸਫ਼ੀ ਆਫ਼ ਦੀ ਮੁਹੰਮਡਨ ਪੀਪਲ’ ਦੇ ਨਾਂ ਹੇਠ ਮਿ. ਟਾਮਸਨ ਨੇ ਕੀਤਾ। ਮੁੱਲਾਂ ਹੁਸੈਨ ਵਾਇਜ਼ ਕਾਸ਼ਿਫ਼ੀ ਦੀ ਰਚਨਾ ‘ਅਖ਼ਲਾਕੇ-ਮੁਹਸਨੀ’ (1494-95) ਇਸ ਸਬੰਧ ਵਿਚ ਇਕ ਹੋਰ ਮਸ਼ਹੂਰ ਕਿਤਾਬ ਹੈ।


ਲੇਖਕ : ਯੋਗ ਧਿਆਨ ਅਹੂਜਾ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2788, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-15, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.