ਅਫ਼ੀਮ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਫ਼ੀਮ (ਨਾਂ,ਇ) ਪੋਸਤ ਦੇ ਡੋਡਿਆਂ ਦਾ ਪੱਛਾਂ ਨਾਲ ਦੁੱਧ ਕੱਢ ਕੇ ਜਮਾਇਆ ਨਸ਼ੀਲਾ ਪਦਾਰਥ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5634, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਅਫ਼ੀਮ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਫ਼ੀਮ [ਨਾਂਇ] ਪੋਸਤ ਦੇ ਡੋਡੇ ਨੂੰ ਪੱਛ ਕੇ ਬਣਾਇਆ ਨਸ਼ੀਲਾ ਪਦਾਰਥ, ਫੀਮ, ਹਫੀਮ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5615, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਅਫ਼ੀਮ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਅਫ਼ੀਮ : ਇਹ ਪੋਸਤ ਦੇ ਪੌਦੇ ਤੋ ਨਿਕਲਦੀ ਹੈ। ਲਾਤੀਨੀ ਵਿਚ ਇਸ ਪੌਦੇ ਨੂੰ ਪੈਪੇਵਰ ਸੋਮਨੀਫ਼ੈਰਮ (Papaver somniferum) ਕਹਿੰਦੇ ਹਨ। ਇਹ ਪੌਦਾ ਤਿੰਨ ਤੋਂ ਪੰਜਾ ਫੁੱਟ ਤਕ ਉੱਚਾ ਹੁੰਦਾ ਹੈ। ਇਸ ਦੀ ਕੱਚੀ ਡੋਡੀ ਨੂੰ ਥੋੜਾ ਜਿਹਾ ਪੱਛ ਦਿੱਤਾ ਜਾਂਦਾ ਹੈ। ਇਸ ਅਮਲ ਨੂੰ ਨਿਸ਼ਤਰ ਲਗਾਉਣਾ ਆਖਦੇ ਹਨ। ਪੱਛਾਂ ਵਿਚੋਂ ਨਿਕਲਣ ਵਾਲੇ ਰਸ ਨੂੰ ਸੁਕਾ ਤੇ ਤੇ ਸਾਫ਼ ਕਰਕੇ ਅਫ਼ੀਮ ਬਣਾਉਂਦੇ ਹਨ।
ਪੈਦਾਵਾਰ––ਦੁਨੀਆਂ ਵਿਚ ਸਭ ਤੋਂ ਵੱਧ ਅਫ਼ੀਮ ਭਾਰਤ ਵਿਚ ਪੈਦਾ ਹੁੰਦੀ ਹੈ। ਅਫ਼ੀਮ ਪੈਦਾ ਕਰਨ ਵਾਲੇ ਦੂਜੇ ਦੇਸ਼ ਤੁਰਕੀ, ਯੂਨਾਨ, ਈਰਾਨ ਅਤੇ ਚੀਨ ਹਨ। ਭਾਰਤ ਵਿਚ ਆਮ ਤੌਰ ਤੇ ਚਿੱਟੇ ਫੁੱਲ ਵਾਲਾ ਪੋਸਤ ਬੀਜਿਆ ਜਾਂਦਾ ਹੈ। ਬੀਜ ਨਵੰਬਰ ਵਿਚ ਬੀਜਦੇ ਹਨ, ਲਗਭਗ ਜਨਵਰੀ ਦੇ ਅਖੀਰ ਵਿਚ ਇਸ ਨੂੰ ਫੁੱਲ ਲਗ ਜਾਂਦੇ ਹਨ ਅਤੇ ਤਕਰੀਬਨ ਇਕ ਮਹੀਨੇ ਮਗਰੋਂ ਜਦੋਂ ਡੋਡੀ ਮੁਰਗੀ ਦੇ ਅੰਡੇ ਜਿੰਨੀ ਹੋ ਜਾਂਦੀ ਹੈ ਤਾਂ ਉਸ ਨੂੰ ਨਿਸ਼ਤਰ ਲਗਾਉਂਦੇ ਹਨ। ਇਹ ਕੰਮ ਤੀਜੇ ਪਹਿਰ ਤੋਂ ਲੈ ਕੇ ਹਨੇਰਾ ਹੋਣ ਤਕ ਕੀਤਾ ਜਾਂਦਾ ਹੈ। ਡੋਡੀ ਵਿਚੋਂ ਨਿਕਲਣ ਵਾਲੇ ਦੁੱਧ ਵਰਗੇ ਰਸ ਨੂੰ ਦੂਜੇ ਦਿਨ ਸਵੇਰੇ ਹੀ ਉਂਗਲਾਂ ਨਾਲ ਬਾਹਰ ਕੱਢ ਲੈਂਦੇ ਹਨ। ਤਿੰਨ-ਚਾਰ ਹਫ਼ਤਿਆਂ ਤਕ ਹਵਾ ਵਿਚ ਸੁਕਾਉਣ ਤੋਂ ਮਗਰੋਂ ਇਹ ਰਸ ਸਾਫ਼ ਕਰਨ ਲਈ ਕਾਰਖ਼ਾਨਿਆਂ ਵਿਚ ਭੇਜ ਦਿੱਤਾ ਜਾਂਦਾ ਹੈ। ਗਾਜ਼ੀ ਪੁਰ (ਉੱਤਰ ਪ੍ਰਦੇਸ਼) ਵਿਚ ਇਸ ਕੰਮ ਲਈ ਇਕ ਵੱਡਾ ਸਰਕਾਰੀ ਕਾਰਖ਼ਾਨਾ ਲੱਗਾ ਹੋਇਆ ਹੈ। ਇਥੇ ਇਕ ਵੱਡੇ ਭਾਂਡੇ ਵਿਚ ਪਾ ਕੇ ਅਫ਼ੀਮ ਨੂੰ ਗੁੰਨ੍ਹਦੇ ਹਨ। ਫਿਰ ਉਸ ਦਾ ਗੋਲਾ ਬਣਾ ਕੇ ਵੇਚਿਆ ਜਾਂਦਾ ਹੈ।
ਭਾਰਤ ਦੀ ਅਫ਼ੀਮ ਜ਼ਿਆਦਾਤਰ ਬਾਹਰਲੇ ਦੇਸ਼ਾਂ ਨੂੰ ਹੀ ਭੇਜੀ ਜਾਂਦੀ ਹੈ, ਕਿਉਂਕਿ ਇੱਥੋਂ ਦੇ ਲੋਕੀਂ ਅਫ਼ੀਮ ਨੂੰ ਖਾਣ ਜਾਂ ਉਸ ਨੂੰ ਤੰਬਾਕੂ ਵਾਂਗ ਪੀਣ ਨੂੰ ਬਹੁਤ ਬੁਰਾ ਸਮਝਦੇ ਹਨ। ਯੂਰਪ ਵਿਚ ਅਫ਼ੀਮ ਵਿਚੋਂ ਰਸਾਇਣਿਕ ਤੱਤ ਵੱਖ ਕਰਕੇ ਮਾਰਫ਼ੀਨ, ਕੋਡੀਨ ਆਦਿ ਦਵਾਈਆਂ ਬਣਾਈਆਂ ਜਾਂਦੀਆਂ ਹਨ।
ਗੁਣ––ਅਫ਼ੀਮ ਦਾ ਸੁਆਦ ਕੌੜਾ ਹੁੰਦਾ ਹੈ ਅਤੇ ਇਸ ਨੂੰ ਖਾਣ ਤੇ ਦਿਲ ਕੱਚਾ ਹੋਣ ਲਗ ਪੈਂਦਾ ਹੈ। ਇਹਦੀ ਗੰਧ ਬਹੁਤ ਨਸ਼ੀਲੀ ਅਤੇ ਭਾਰੀ ਹੁੰਦੀ ਹੈ। ਇਕ ਚੌਥਾਈ ਤੋਂ ਤਿੰਨ ਗ੍ਰੇਨ ਤਕ ਅਫ਼ੀਮ ਦਵਾਈ ਦੀ ਇਕ ਖ਼ੁਰਾਕ ਸਮਝੀ ਜਾਂਦੀ ਹੈ। ਇਸ ਨੂੰ ਖਾਣ ਨਾਲ ਪੀੜ ਹਟ ਜਾਂਦੀ ਹੈ, ਬੜੀ ਮਿੱਠੀ ਨੀਂਦ ਆਉਂਦੀ ਹੈ ਅਤੇ ਅੱਖਾਂ ਦੀਆਂ ਪੁਤਲੀਆਂ ਛੋਟੀਆਂ ਹੋ ਜਾਂਦੀਆਂ ਹਨ। ਨੀਂਦ ਖੁੱਲ੍ਹਣ ਤੇ ਭੁੱਖ ਮਿੱਟ ਜਾਂਦੀ ਹੈ, ਦਿਲ ਥੋੜ੍ਹਾ ਜਿਹਾ ਕੱਚਾ ਹੁੰਦਾ ਹੈ, ਕਬਜ਼ ਹੋ ਜਾਂਦੀ ਹੈ, ਸਿਰ ਭਾਰੀ ਮਾਲੂਮ ਹੁੰਦਾ ਹੈ ਜਾਂ ਦੁਖਣ ਲੱਗ ਪੈਂਦਾ ਹੈ। ਬਹੁਤ ਥੋੜ੍ਹੀ ਮਿਕਦਾਰ ਵਿਚ ਖਾਣ ਨਾਲ ਇਹਦਾ ਅਸਰ ਉਤੇਜਕ ਅਤੇ ਕਲਪਨਾ-ਸ਼ਕਤੀ ਨੂੰ ਵਧਾਉਣ ਵਾਲਾ ਹੁੰਦਾ ਹੈ। ਲਗਾਤਾਰ ਅਫ਼ੀਮ ਖਾਂਦੇ ਰਹਿਣ ਨਾਲ ਇਸ ਦਾ ਅਸਰ ਘਟਦਾ ਜਾਂਦਾ ਹੈ। ਪਹਿਲਾਂ ਵਾਂਗ ਤੇਜ਼ੀ ਪੈਦਾ ਕਰਨ ਲਈ ਹੋਰ ਜ਼ਿਅਦਾ ਅਫ਼ੀਮ ਖਾਣ ਦੀ ਲੋੜ ਪੈਂਦੀ ਹੈ। ਵਧੇਰੇ ਖਾਣ ਤੇ ਦਿਨ ਦਿਨ ਲੋੜ ਵਧਦੀ ਜਾਂਦੀ ਹੈ। ਆਦਤ ਪੈ ਜਾਣ ਤੇ ਇਸ ਨੂੰ ਛੱਡਣਾ ਮੁਸ਼ਕਲ ਹੋ ਜਾਂਦਾ ਹੈ। ਅਜਿਹੇ ਅਫ਼ੀਮੀ ਵੀ ਵੇਖਣ ਵਿਚ ਆਏ ਹਨ ਜਿਹੜੇ 80 ਗ੍ਰਾ ਤਕ ਅਫ਼ੀਮ ਇਕ ਦਿਨ ਵਿਚ ਖਾ ਜਾਂਦੇ ਹਨ।
ਬਹੁਤੇ ਲੋਕੀਂ ਅਫ਼ੀਮ ਦੀ ਗੋਲੀ ਖਾਂਦੇ ਹਨ ਜਾਂ ਉਸ ਨੂੰ ਘੋਲ ਕੇ ਪੀਂਦੇ ਹਨ ਪਰ ਬਦੇਸ਼ਾਂ ਵਿਚ ਕੁਝ ਲੋਕ ਅਫ਼ੀਮ ਤੋਂ ਨਿਕਲੀ ਰਸਾਇਣ ਮਾਰਫ਼ੀਨ ਦਾ ਟੀਕਾ ਲੁਆਉਂਦੇ ਹਨ। ਕੁਝ ਲੋਕ ਤਾਂ ਅਫ਼ੀਮ ਖਾਣ ਤੋਂ ਮਿਲਣ ਵਾਲੇ ਅਨੰਦ ਲਈ ਇਸ ਦੀ ਵਰਤੋਂ ਕਰਦੇ ਹਨ ਪਰ ਜ਼ਿਆਦਾਤਰ ਪੀੜ ਤੋਂ ਛੁਟਕਾਰਾ ਪਾਉਣ ਲਈ ਡਾਕਟਰ ਦੀ ਰਾਏ ਨਾਲ ਜਾਂ ਆਪੇ ਹੀ ਇਸ ਦੀ ਵਰਤੋਂ ਸ਼ੁਰੂ ਕਰ ਦਿੰਦੇ ਹਨ, ਪਰ ਮਹੀਨੇ ਵੀਹ ਦਿਨਾਂ ਪਿੱਛੋਂ ਉਹ ਇਸ ਨੂੰ ਛੱਡ ਹੀ ਨਹੀਂ ਸਕਦੇ। ਇਸੇ ਵਿਸ਼ੇ ਉੱਤੇ ਬਹੁਤ ਅਧਿਐਨ ਕੀਤਾ ਗਿਆ ਹੈ। ਇਹ ਕਿਹਾ ਜਾਂਦਾ ਹੈ ਕਿ ਅਫ਼ੀਮ ਖਾਣ ਵਾਲਿਆਂ ਵਿਚੋਂ ਤਕਰੀਬਨ 50 ਫ਼ੀ ਸਦੀ ਮਨੁੱਖ ਸਰੀਰਕ ਪੀੜ ਤੋਂ ਛੁਟਕਾਰਾ ਪਾਉਣ ਲਈ 20, 25 ਫ਼ੀ ਸਦੀ ਮਾਨਸਕ ਦੁੱਖਾਂ ਜਾਂ ਫ਼ਿਕਰਾਂ ਨੂੰ ਦੂਰ ਕਰਨ ਲਈ ਅਤੇ 15, 25 ਫ਼ੀ ਸਦੀ ਸ਼ੇਕ ਦੇ ਤੌਰ ਤੇ ਇਸ ਦੀ ਵਰਤੋਂ ਕਰਦੇ ਹਨ।
ਚੰਡੂ––ਕੁਝ ਲੋਕੀ ਅਫ਼ੀਮ ਨੂੰ ਤੰਬਾਕੂ ਵਾਂਗ ਅੱਗ ਉੱਤੇ ਰਖ ਕੇ ਪੀਂਦੇ ਹਨ। ਇਸ ਕੰਮ ਲਈ ਬਣਾਈ ਗਈ ਅਫ਼ੀਮ ਨੂੰ ਚੰਡੂ ਕਿਹਾ ਜਾਂਦਾ ਹੈ। ਇਹ ਕੰਮ ਲਈ ਪਹਿਲਾਂ ਅਫ਼ੀਮ ਨੂੰ ਪਾਣੀ ਵਿਚ ਉਬਾਲਦੇ ਹਨ ਤੇ ਉੱਪਰ ਦੀ ਮੈਲ ਲਾਹ ਕੇ ਸੁੱਟ ਦਿੰਦੇ ਹਨ। ਫਿਰ ਉਸ ਨੂੰ ਸੁਕਾ ਲੈਂਦੇ ਹਨ। ਪੀਣ ਵੇਲੇ ਲੋਹੇ ਦੀ ਸੀਖ ਉੱਤੇ ਥੋੜ੍ਹੀ ਜਿਹੀ ਅਫ਼ੀਮ ਕੱਢ ਕੇ ਉਸ ਨੂੰ ਦੀਵੇ ਦੀ ਲੋ ਉੱਤੇ ਗਰਮ ਕਰਦੇ ਹਨ (ਭੁੰਨਦੇ ਹਨ)। ਤਦ ਇਕ ਖ਼ਾਸ ਨਲੀ ਵਿਚ ਰਖ ਕੇ ਇਸ ਨੂੰ ਲੇਟੇ ਹੋਏ ਹੀ ਪੀਂਦੇ ਹਨ। ਇਕ ਸੂਟੇ ਵਿਚ ਹੀ ਸਾਰਾ ਧੂੰਆ ਖਿੱਚਿਆ ਜਾਂਦਾ ਹੈ। ਉਸ ਵੇਲੇ ਨਸ਼ਾ ਹੋ ਜਾਂਦਾ ਹੈ। ਜੇ ਹੋਰ ਲੋੜ ਹੋਵੇ ਤਾਂ ਇਹ ਅਮਲ ਦੁਹਰਾਇਆ ਜਾਂਦਾ ਹੈ।
ਅਫ਼ੀਮ ਦੇ ਐਲਕਲਾਇਡ––ਅਫ਼ੀਮ ਵਿਚੋਂ ਵੱਖ ਵੱਖ ਤਰ੍ਹਾਂ ਦੇ ਲਗਭਗ 16 ਰਸਾਇਣਿਕ ਤੱਤ ਕੱਢੇ ਜਾਂਦੇ ਹਨ ਜਿਨ੍ਹਾਂ ਵਿਚੋਂ ਵੱਡੇ ਵੱਡੇ ਮਾਰਫ਼ੀਨ, ਕੋਡੀਨ, ਨਾਰਸੀਨ ਅਤੇ ਥੀਬੇਨ ਹਨ। ਇਨਸਾਨ ਦੇ ਸਰੀਰ ਉੱਤੇ ਮਾਰਫ਼ੀਨ ਦਾ ਅਸਰ ਤਕਰੀਬਨ ਉਹੀ ਹੁੰਦਾ ਹੈ ਜੋ ਬਿਨਾ ਸਾਫ਼ ਕੀਤੀ ਅਫ਼ੀਮ ਦਾ। ਇਸ ਮਾਰਫ਼ੀਨ ਨੂੰ ਸੋਧੀ ਹੋਈ ਅਫ਼ੀਮ ਸਮਝਿਆ ਜਾ ਸਕਦਾ ਹੈ। ਨੌਂ ਫ਼ੀ ਸਦੀ ਤੋਂ ਘੱਟ ਦੀ ਮਾਰਫ਼ੀਨ ਅਮਰੀਕਾ ਵਿਚ ਦਵਾਈ ਲਈ ਚੰਗੀ ਨਹੀਂ ਸਮਝੀ ਜਾਂਦੀ। ਗਭਰੂ ਲਈ 1/8 ਤੋਂ 1/4 ਗ੍ਰੇਨ ਤਕ ਮਾਰਫ਼ੀਨ ਦਵਾਈ ਇਕ ਖੁਰਾਕ ਹੁੰਦੀ ਹੈ। ਕੋਡੀਨ ਦਾ ਅਸਰ ਬਹੁਤ ਕੁਝ ਮਾਰਫ਼ੀਨ ਜਿਹਾ ਹੀ ਹੁੰਦਾ ਹੈ ਪਰ ਉਤਨਾ ਤੇਜ਼ ਨਹੀਂ। ਥੀਬੇਨ ਤੋਂ ਭਾਰੀ ਜ਼ਹਿਰ ਹੈ। ਇਹ ਕੰਗਰੋੜ ਵਿਚ ਜੋਸ਼ ਪੈਦਾ ਕਰਦੀ ਹੈ ਅਤੇ ਉਸਨੂੰ ਜ਼ਹਿਰੀਲੀ ਬਣਾ ਦੇਂਦੀ ਹੈ। ਹੱਥਾਂ ਪੈਰਾਂ ਵਿਚ ਅਕੜਾਉ ਅਤੇ ਛਟਪਟੀ ਪੈਦਾ ਕਰਦੀ ਹੈ।
ਸਰਕਾਰੀ ਕੰਟਰੋਲ––ਅਫ਼ੀਮੀ ਦਾ ਆਚਰਨ ਇੰਨਾ ਗਿਰ ਜਾਂਦਾ ਹੈ ਕਿ ਹਰ ਇਕ ਭਲਾ ਆਦਮੀ ਚਾਹੁੰਦਾ ਹੈ ਕਿ ਅਫ਼ੀਮ ਦੀ ਵਰਤੋਂ ਦੁਨੀਆ ਭਰ ਵਿਚ ਬੰਦ ਕਰ ਦਿੱਤਾ ਜਾਵੇ। ਭਾਰਤ ਵਿਚ ਤਾਂ ਲੋਕੀ ਇਸ ਨੂੰ ਨਫ਼ਰਤ ਦੀ ਨਜ਼ਰ ਨਾਲ ਦੇਖਦੇ ਹੀ ਹਨ, ਸੰਨ 1843 ਵਿਚ ਇੰਗਲੈਂਦ ਦੀ ਸੰਸਦ ਵਿਚ ਵੀ ਇਕ ਮਤਾ ਪੇਸ਼ ਹੋਇਆ ਸੀ ਜਿਸ ਵਿਚ ਅਫ਼ੀਮ ਦਾ ਵਪਾਰ ਬੰਦ ਕਰਨ ਲਈ ਸਰਕਾਰ ਨੂੰ ਪ੍ਰੇਰਿਆ ਗਿਆ ਸੀ, ਕਿਉਂਕਿ “ਇਹ ਈਸਾਈ ਸਰਕਾਰ ਦੇ ਸਨਮਾਨ ਅਤੇ ਫ਼ਰਜ਼ਾਂ ਦੇ ਇਕ ਦਮ ਉਲਟ ਹੈ।” ਪਰ ਇਹ ਮਤਾ ਸਿਰੇ ਨਾ ਚੜ੍ਹ ਸਕਿਆ। ਸੰਨ 1840 ਵਿਚ ਚੀਨ ਸਰਕਾਰ ਨੇ ਅਫ਼ੀਮ ਦੇ ਆਯਾਤ ਤੇ ਰੋਕ ਲਾ ਦਿੱਤੀ ਅਤੇ ਇਸੇ ਕਰਕੇ ਚੀਨ ਅਤੇ ਬਰਤਾਨੀਆ ਦੇ ਵਿਚਕਾਰ ਲੜਾਈ ਛਿੜ ਪਈ। ਪੰਦਰਾਂ ਸਾਲਾਂ ਪਿੱਛੋਂ ਇਸੇ ਗੱਲ ਨੂੰ ਲੈ ਕੇ ਮੁੜ ਦੋਹਾਂ ਦੇਸ਼ਾਂ ਵਿਚ ਜੰਗ ਸ਼ੁਰੂ ਹੋ ਗਈ, ਜਿਸ ਵਿਚ ਫ਼ਰਾਂਸ ਵੀ ਬਰਤਾਨੀਆ ਨਾਲ ਸ਼ਾਮਲ ਹੋਇਆ। ਭਾਵੇਂ ਚੀਨ ਹਾਰ ਤਾਂ ਗਿਆ ਪਰ ਇਹ ਸਵਾਲ ਦੱਬ ਨਹੀਂ ਸਕਿਆ। ਸੰਨ 1907 ਵਿਚ ਹਿੰਦੁਸਤਾਨ ਦੀ ਅੰਗਰੇਜ਼ੀ ਸਰਕਾਰ ਅਤੇ ਚੀਨ ਦੀ ਸਰਕਾਰ ਵਿਚਕਾਰ ਇਹ ਸਮਝੌਤਾ ਹੋਇਆ ਕਿ ਹਿੰਦੁਸਤਾਨ ਦਸ ਸਾਲਾਂ ਵਿਚ ਅਫ਼ੀਮ ਭੇਜਣਾ ਬੰਦ ਕਰ ਦੇਵੇਗਾ। ਇਸ ਸਮਝੌਤੇ ਅਨੁਸਾਰ ਕੁਝ ਵਰਿQਆਂ ਤਕ ਚੀਨ ਵਿਚ ਅਫੀਮ ਘੱਟ ਰਹੀ, ਪਰ ਅੰਤ ਤਕ ਇਸ ਸਮਝੌਤੇ ਤੇ ਪੂਰੀ ਤਰ੍ਹਾਂ ਅਮਲ ਨਾ ਹੋਇਆ। ਸੰਨ 1909 ਵਿਚ ਅਮਰੀਕਾ ਦੇ ਪ੍ਰਧਾਨ ਮੰਤਰੀ ਥੀਉਡੋਰ ਰੂਜ਼ਵੈਲਟ ਨੇ ਇਕ ਕਮਿਸ਼ਨ ਬਣਾਇਆ। ਫਿਰ 1913, 1914, 1919, 1924, 1925, 1930 ਵਿਚ ਵੀ ਕਈ ਮੁਲਕਾਂ ਦੇ ਪ੍ਰਤੀਨਿਧਾਂ ਦੀਆਂ ਬੈਠਕਾਂ ਹੋਈਆਂ, ਪਰ ਇਸ ਮਸਲੇ ਦਾ ਕੋਈ ਹੱਲ ਨਾ ਨਿਕਲਿਆ। ਚੀਨ ਵਿਚ ਕਮਿਊਨਿਸਟ ਗਣਤੰਤਰ ਰਾਜ ਹੋਣ ਮਗਰੋਂ ਹੁਣ ਇਸ ਦੀ ਵਰਤੋਂ ਬਾਰੇ ਬਹੁਤ ਕਰੜਾਈ ਵਰਤੀ ਜਾ ਰਹੀ ਹੈ ਜਿਸ ਕਰਕੇ ਅਫ਼ੀਮੀਆਂ ਦੀ ਗਿਣਤੀ ਬਹੁਤ ਘੱਟ ਗਈ ਹੈ। ਭਾਰਤ ਸਰਕਾਰ ਦੇ ਦੇਸ਼ ਵਿਚ ਅਫ਼ੀਮ ਦੀ ਖਪਤ ਘੱਟ ਕਰਨ ਲਈ ਇਹ ਹੁਕਮ ਜਾਰੀ ਕੀਤਾ ਹੈ ਕਿ ਅਫ਼ੀਮੀ ਡਾਕਟਰੀ ਮੁਆਇਨੇ ਪਿੱਛੋਂ ਰਜਿਸਟਰ ਕੀਤੇ ਜਾਣਗੇ। ਉਨ੍ਹਾਂ ਦੀ ਜ਼ਰੂਰਤ ਲਈ ਘੱਟ ਤੋਂ ਘੱਟ ਮਿਕਦਾਰ ਵਿਚ ਅਫ਼ੀਮ ਦਿੱਤੀ ਜਾਵੇਗੀ। ਅੰਤ ਨੂੰ ਹੌਲੀ ਹੌਲੀ ਇਸ ਮਿਕਦਾਰ ਵਿਚ ਵੀ ਕਮੀ ਕਰ ਦਿੱਤੀ ਜਾਵੇਗੀ।
ਅਫ਼ੀਮ ਖਾਣ ਵਾਲੇ ਦਾ ਇਲਾਜ––ਛੇ ਗ੍ਰੇਨ ਜਾਂ ਵੱਧ ਅਫ਼ੀਮ ਖਾਣ ਨਾਲ ਮਨੁੱਖ ਮਰ ਸਕਦਾ ਹੈ। ਅਫ਼ੀਮ ਖਾਣ ਵਾਲੇ ਦੇ ਮੁੱਢਲੇ ਲੱਛਣ ਜ਼ਿਆਦਾ ਸ਼ਰਾਬ ਪੀਣ ਵਾਲੇ ਵਾਂਗੂੰ ਦਿਮਾਗ ਵਿਚੋਂ ਖ਼ੂਨ ਵਗਣ ਦੇ ਜਾਂ ਕੁਝ ਹੋਰ ਬਿਮਾਰੀਆਂ ਦੇ ਰੂਪ ਵਿਚ ਪ੍ਰਗਟ ਹੁੰਦੇ ਹਨ, ਪਰ ਇਨ੍ਹਾਂ ਸਾਰੀਆਂ ਦੀਆਂ ਅਲਾਮਤਾਂ ਵਿਚ ਥੋੜ੍ਹੇ ਥੋੜ੍ਹੇ ਫ਼ਰਕ ਹੁੰਦੇ ਹਨ, ਜਿਨ੍ਹਾਂ ਨੂੰ ਡਾਕਟਰ ਹੀ ਪਛਾਣ ਸਕਦਾ ਹੈ। ਅਫ਼ੀਮ ਖਾਣ ਨਾਲ ਬੇਹੋਸ਼ ਹੋਏ ਆਦਮੀ ਦੀ ਚਮੜੀ ਠੰਢੀ ਅਤੇ ਪਸੀਨੇ ਨਾਲ ਚਿਪਚਿਪੀ ਹੋ ਜਾਂਦੀ ਹੈ। ਅੱਖਾਂ ਦੀਆਂ ਪੁਤਲੀਆਂ ਸੂਈ ਦੇ ਛੇਦ ਵਾਂਗ ਛੋਟੀਆਂ ਹੋ ਜਾਂਦੀਆਂ ਹਨ ਅਤੇ ਬੁਲ੍ਹ ਨੀਲੇ ਹੋ ਜਾਂਦੇ ਹਨ। ਸਾਹ ਹੌਲੀ ਹੌਲੀ ਚਲਦਾ ਹੈ ਅਤੇ ਨਬਜ਼ ਵੀ ਮੱਧਮ ਹੋ ਜਾਂਦੀ ਹੈ। ਇਸ ਦੀ ਚਾਲ ਵੀ ਇਕੋ ਜਿਹੀ ਨਹੀਂ ਰਹਿੰਦੀ। ਸਾਹ ਰੁਕ ਜਾਣ ਤੇ ਆਦਮੀ ਦੀ ਮੌਤ ਹੋ ਜਾਂਦੀ ਹੈ। ਇਲਾਜ ਲਈ ਪੇਟ ਵਿਚ ਅੱਧ ਅੱਧ ਘੰਟੇ ਮਗਰੋਂ ਪਾਣੀ ਚੜ੍ਹਾ ਕੇ ਉਸ ਨੂੰ ਧੋਇਆ ਜਾਂਦਾ ਹੈ। ਦਵਾਈ ਪਿਲਾ ਕੇ ਉਲਟੀ ਕਰਾਈ ਜਾਂਦੀ ਹੈ। ਕਾਹਵਾ ਪਿਲਾਉਣਾ ਲਾਭਦਾਇਕ ਹੁੰਦਾ ਹੈ। ਕਾਹਵੇ ਵਿਚ ਪਾਈਆਂ ਜਾਣ ਵਾਲੀਆਂ ਰਸਾਇਣਿਕ ਚੀਜ਼ਾਂ ਨੂੰ ਡਾਕਟਰ ਪਖਾਨੇ ਦੇ ਰਸਤਿਉਂ ਚੜ੍ਹਾਉਂਦੇ ਹਨ। ਸਾਹ ਤੇਜ਼ ਕਰਨ ਲਈ ਐਟਰੋਪੀਨ ਸਲਫ਼ੇਟ ਦੇ ਟੀਕੇ ਲਾਏ ਜਾਂਦੇ ਹਨ। ਰੋਗੀ ਨੂੰ ਜਾਗਦਿਆਂ ਰੱਖਣ ਲਈ ਸਾਰੇ ਉਪਾ ਕਰਨੇ ਚਾਹੀਦੇ ਹਨ। ਇਸ ਲਈ ਉਸ ਨੂੰ ਤੋਰਨਾ ਚਾਹੀਦਾ ਹੈ, ਅਮੋਨੀਆ ਸੁੰਘਾਉਣਾ ਜਾਂ ਬਿਜਲੀ ਦਾ ਹਲਕਾ ਝਟਕਾ ਲਗਾਉਣਾ ਚਾਹੀਦਾ ਹੈ। ਸਾਹ ਰੁਕਣ ਤੇ ਬਣਾਉਟੀ ਸਾਹ ਚਾਲੂ ਕਰਨਾ ਚਾਹੀਦਾ ਹੈ। ਜਦ ਤਕ ਦਿਲ ਧੜਕਦਾ ਰਹੇ, ਤਦ ਤਕ ਨਿਰਾਸ਼ ਨਹੀਂ ਹੋਣਾ ਚਾਹੀਦਾ ਅਤੇ ਬਣਾਉਟੀ ਸਾਹ ਜਾਰੀ ਰਖਣਾ ਚਾਹੀਦਾ ਹੈ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4587, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-16, ਹਵਾਲੇ/ਟਿੱਪਣੀਆਂ: no
ਅਫ਼ੀਮ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਅਫ਼ੀਮ, ਇਸਤਰੀ ਲਿੰਗ : ਫੀਮ, ਪੋਸਤ ਦੇ ਡੋਡੇ ਨੂੰ ਪੱਛ ਕੇ ਕੱਢਿਆ ਦੁੱਧ, ਹਫੀਮ, ਜ਼ਹਿਰ
–ਅਫ਼ੀਮ ਕਰ ਕੇ ਜਾਣਨਾ, ਮੁਹਾਵਰਾ : ਜ਼ਹਿਰ ਦੀ ਨਿਆਈਂ ਸਮਝਣਾ, ਬੁਰਾ ਜਾਣਨਾ
–ਅਫ਼ੀਮ ਦੇਣਾ, ਕਿਰਿਆ ਸਕਰਮਕ : ਕਿਸੇ ਨੂੰ ਮਾਰਨ ਦੀ ਨਿਯਤ ਨਾਲ ਅਫ਼ੀਮ ਖੁਆਉਣਾ, ਜ਼ਹਿਰ ਦੇਣਾ
–ਅਫ਼ੀਮ ਲੱਗ ਜਾਣਾ, ਅਫ਼ੀਮ ਲੱਗਣਾ, ਅਫ਼ੀਮ ਲਾਉਣਾ, ਅਫ਼ੀਮ ਲਾ ਲੈਣਾ, ਮੁਹਾਵਰਾ : ਅਫ਼ੀਮ ਖਾਣ ਦੇ ਆਦੀ ਹੋਣਾ, ਅਫ਼ੀਮ ਖਾਏ ਬਿਨਾਂ ਨਾ ਰਹਿ ਸਕਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2112, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-07-03-00-40, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First