ਅੰਗੂਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੰਗੂਰ (ਨਾਂ,ਪੁ) 1 ਫੋੜੇ ਦਾ ਖਰੀਂਢ 2 ਬੀਜ ਵਿੱਚੋਂ ਫੁੱਟ ਕੇ ਨਿਕਲੀ ਬਰੀਕ ਸਬਜ਼ ਤੂਈ 3 ਗੁੱਛੇ ਦੀ ਸ਼ਕਲ ਵਿੱਚ ਵੇਲ ਨੂੰ ਲੱਗਣ ਵਾਲਾ ਮਿੱਠਾ ਫਲ਼


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8793, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਅੰਗੂਰ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Grape (ਗਰੇਇਪ) ਅੰਗੂਰ: ਹਰੇ ਅਤੇ ਜਾਮਨੀ ਰਸ ਭਰਪੂਰ ਅੰਗੂਰ, ਅੰਗੂਰਾਂ ਦੀਆਂ ਵੇਲਾਂ ਨੂੰ ਅੰਗੂਰ ਗੁੱਛਿਆਂ ਵਿੱਚ ਲੱਗੇ ਹੁੰਦੇ ਹਨ। ਇਹਨਾਂ ਦਾ ਕੁਝ ਹਿੱਸਾ ਦਾਖਾਂ (ਕਿਸ਼ਮਿਸ਼) ਤਿਆਰ ਕਰਨ ਲਈ ਅੰਗੂਰਾਂ ਨੂੰ ਸ਼ਰਾਬ (wine) ਬਣਾਉਣ ਲਈ ਵੀ ਵਰਤਿਆ ਜਾਂਦਾ ਹੈ। ਇਹ ਅਧਿਕਤਰ ਮੱਧ ਅਕਸ਼ਾਂਸ਼ਾਂ ਵਿੱਚ ਉਗਾਏ ਜਾਂਦੇ ਹਨ ਪਰ ਵਧੇਰੇ ਅਨੁਕੂਲ ਜਲਵਾਯੂ ਰੂਮ ਸਾਗਰੀ ਖ਼ਿੱਤਾ ਜਾਣਿਆ ਜਾਂਦਾ ਹੈ (see viticulture)।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8790, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਅੰਗੂਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੰਗੂਰ 1 [ਨਾਂਪੁ] ਇਕ ਫਲ਼ 2 ਜ਼ਖ਼ਮ ਦਾ ਕੂਲ਼ਾ ਖਰੀਂਡ, ਫੋੜਾ ਠੀਕ ਹੋਣ ਦੀ ਹਾਲਤ 3 ਬੀਜ ਦੀ ਪਹਿਲੀ ਫੋਟ ਜਾਂ ਤੂਈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8783, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅੰਗੂਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੰਗੂਰ. ਦੇਖੋ, ਅੰਕੁਰ. “ਪਾਛੈ ਹਰਿਓ ਅੰਗੂਰ.” (ਸ੍ਰੀ ਮ: ੧) ੨ ਫ਼ਾ ਦਾਖ. ਮਧੁਰਸਾ. ਆਨਾਬ. grape. Vitis vinifera. ਬੇਦਾਣਾ ਅੰਗੂਰ ਸੁੱਕਿਆ ਹੋਇਆ ਕਿਸ਼ਮਿਸ਼, ਅਤੇ ਦਾਣੇ ਦਾਰ ਮੁਨੱਕਾ ਕਹਾਉਂਦਾ ਹੈ. ਅੰਗੂਰ ਤੋਂ ਸ਼ਰਾਬ ਅਤੇ ਸਿਰਕਾ ਭੀ ਉਮਦਾ ਬਣਦਾ ਹੈ. ਭਾਰਤ ਵਿੱਚ ਕੋਇਟੇ (Quetta) ਅਤੇ ਕੰਧਾਰ ਦੇ ਅੰਗੂਰ ਬਹੁਤ ਚੰਗੇ ਹੁੰਦੇ ਹਨ। ੩ ਅੰਗੂਰ ਦੀ ਬੇਲ.1 


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8722, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਅੰਗੂਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅੰਗੂਰ : ਇਹ ਇਕ ਬਹੁਤ ਹੀ ਸੁਆਦਲਾ ਫਲ ਹੈ ਜਿਸ ਦਾ ਖ਼ਿਆਲ  ਆਉਂਦੀਆਂ ਹੀ ਹਰੇਕ ਦੇ ਮੂੰਹ ਵਿਚ ਪਾਣੀ ਆ ਜਾਂਦਾ ਹੈ। ਇਸ ਦਾ ਬਨਸਪਤੀ ਵਿਗਿਆਨਕ ਨਾਂ ਵਾਈਟਿਸ ਵਿਨੀਫੈਰਾ (Vitis vinifera) ਅਤੇ ਕੁਲ ‘Vitiaceae’ ਹੈ। ਇਹ ਪੌਦੇ ਵੇਲਾਂ ਦੇ ਰੂਪ ਵਿਚ ਉਗਾਏ ਅਤੇ ਵਿਕਸਿਤ ਕੀਤੇ ਜਾਂਦੇ ਹਨ। ਇਸ ਦੀਆਂ ਲਗ-ਭਗ 60 ਕਿਸਮਾਂ ਹਨ ਜੋ ਉੱਤਰੀ ਸੀਤ-ਊਸ਼ਣ ਖੰਡ ਵਿਚ ਮਿਲਦੀਆਂ ਹਨ। ਅੰਗੂਰ ਦਾ ਇਤਿਹਾਸ ਮਨੁੱਖ ਦੇ ਇਤਿਹਾਸ ਜਿੰਨਾਂ ਹੀ ਪੁਰਾਣਾ ਹੈ। ਅੰਜੀਲ ਦਸਦੀ ਹੈ ਕਿ ਹਜ਼ਰਤ ਨੂਹ ਨੇ ਅੰਗੂਰਾਂ ਦਾ ਬਾਗ਼ ਲਾਇਆ ਸੀ। ਹੋਮਰ ਦੇ ਸਮੇਂ ਵੀ ਯੂਨਾਨੀ ਹਰ ਰੋਜ਼ ਅੰਗੂਰਾਂ ਦੀ ਸ਼ਰਾਬ ਪੀਂਦੇ ਸਨ। ਇਹ ਕਾਕੇਸ਼ੀਆ ਅਤੇ ਕੈਸਪੀਅਨ ਸਾਗਰ ਤੋਂ ਪੱਛਮੀ ਭਾਰਤ ਤਕ ਦੇਸ਼ਾਂ ਵਿਚ ਪੈਦਾ ਹੁੰਦਾ ਸੀ। ਇਥੋਂ ਇਹ ਏਸ਼ੀਆ ਕੋਚਕ, ਯੂਨਾਨ ਅਤੇ ਸਿਸਲੀ ਵੱਲ ਫੈਲ ਗਿਆ। ਇਹ 600 ਈ. ਪੂ. ਵਿਚ ਫ਼ਰਾਂਸ ਪੁੱਜ ਗਿਆ।

          ਅੰਗੂਰ ਦੀ ਵੇਲ ਦੇ ਪੱਤੇ ਹੱਥ ਦੇ ਆਕਾਰ ਦੇ ਅਤੇ ਦੰਦੇਦਾਰ ਹੁੰਦੇ ਹਨ। ਇਹ ਟਾਹਣੀਆਂ ਉੱਤੇ ਬਦਲਵੇਂ ਲਗੇ ਹੁੰਦੇ ਹਨ। ਛੋਟੇ ਛੋਟੇ, ਹਰੇ ਰੰਗ ਦੇ ਫੁੱਲ ਗੁੱਛਿਆਂ ਵਿਚ ਲਗਦੇ ਹਨ।

          ਅੰਗੂਰ ਜ਼ਿਆਦਾਤਰ ਤਾਜ਼ਾ ਹੀ ਖਾਧਾ ਜਾਂਦਾ ਹੈ। ਸੁਕਾਇਆ ਹੋਇਆ ਅੰਗੂਰ ਸੌਗੀ ਅਤੇ ਮੁਨੱਕੇ ਦੇ ਰੂਪ ਵਿਚ ਵਰਤਿਆ ਜਾਂਦਾ ਹੈ। ਰੋਗੀਆਂ ਲਈ ਤਾਜਾਂ ਅੰਗੂਰ ਬਹੁਤ ਗੁਣਕਾਰੀ ਹੈ। ਸੌਗੀ ਨੂੰ ਖੀਰ, ਹਲਵੇ ਆਦਿ ਭਾਂਤ ਭਾਂਤ ਦੇ ਖਾਣਿਆਂ ਅਤੇ ਚਟਣੀ ਵਿਚ ਪਾਇਆ ਜਾਂਦਾ ਹੈ ਅਤੇ ਮੁਨੱਕੇ ਨੂੰ ਦਵਾਈਆਂ ਵਿਚ ਵੀ ਵਰਤਿਆ ਜਾਂਦਾ ਹੈ। ਅੰਗੂਰ ਵਿਚ ਗਲੂਕੋਸ ਲਗਭਗ 11 ਤੋਂ 22 ਫ਼ੀ ਸਦੀ ਹੁੰਦਾ ਹੈ। ਇਸ ਵਿਚ ਵਿਟਾਮਿਨ ਬਹੁਤ ਘੱਟ ਹੁੰਦੇ ਹਨ ਪਰ ਲੋਹਾ ਆਦਿਕ ਖਣਿਜ ਕਾਫ਼ੀ ਹੁੰਦੇ ਹਨ। ਭਾਰਤ ਵਿਚ ਇਸ ਦੀ ਪੈਦਾਵਾਰ ਨਾ ਹੋਣ ਦੇ ਬਰਾਬਰ ਹੈ। ਇਥੇ ਇਸ ਦੀ ਸਭ ਤੋਂ ਚੰਗੀ ਫਸਲ ਮਹਾਰਾਸ਼ਟਰ ਵਿਚ ਹੁੰਦੀ ਹੈ ਅਤੇ ਉੱਤਰੀ ਭਾਰਤ ਵਿਚ ਇਹ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਿਚ ਉਗਾਇਆ ਜਾਂਦਾ ਹੈ। ਬਹੁਤਾ ਅੰਗੂਰ ਪੈਦਾ ਕਰਨ ਵਾਲੇ ਦੇਸ਼ਾਂ ਵਿਚੋਂ ਫ਼ਰਾਂਸ ਇਟਲੀ, ਸਪੇਨ, ਸੰਯੁਕਤ ਰਾਜ ਅਮਰੀਕਾ, ਤੁਰਕੀ, ਯੂਨਾਨ, ਈਰਾਨ ਅਤੇ ਅਫ਼ਗਾਨਿਸਤਾਨ ਹਨ। ਸੰਸਾਰ ਵਿਚ ਅੰਗੂਰ ਦੀ ਜਿੰਨੀ ਪੈਦਾਵਾਰ ਹੁੰਦੀ ਹੈ ਉਸ ਵਿਚੋਂ 82 ਫ਼ੀ ਸਦੀ ਸ਼ਰਾਬ ਬਣਾਉਣ ਦੇ ਕੰਮ ਆਉਂਦੀ ਹੈ।

          ਅੰਗੂਰ ਬਹੁਤਾ ਕਰਕੇ ਸੀਤ-ਊਸ਼ਣ ਖੰਡ ਦਾ ਪੌਦਾ ਹੈ, ਪਰ ਗਰਮ ਖੰਡ ਦੇ ਦੇਸ਼ਾਂ ਵਿਚ ਵੀ ਇਹ ਚੰਗਾ ਫਲਦਾ ਫੁਲਦਾ ਹੈ। ਇਸ ਨੂੰ ਬਹੁਤ ਦਿਨਾਂ ਲਈ ਦਰਮਿਆਨੀ ਤੋਂ ਲੈ ਕੇ ਗਰਮ ਅਤੇ ਖ਼ੁਸ਼ਕ ਪੌਣ-ਪਾਣੀ ਦੀ ਬਹੁਤ ਹੀ ਲੋੜ ਹੁੰਦੀ ਹੈ। ਅੰਗੂਰ ਵਾਸਤੇ ਗਰਮੀ ਦੀ ਰੁੱਤ ਖ਼ੁਸ਼ਕ ਅਤੇ ਸਿਆਲ ਦੀ ਬਹੁਤ ਠੰਢੀ ਹੋਣੀ ਚਾਹੀਦੀ ਹੈ। ਫੁੱਲ ਪੈਣ ਅਤੇ ਫਲ ਪੱਕਣ ਸਮੇਂ ਵਾਯੂ-ਮੰਡਲ ਗਰਮ ਅਤੇ ਖ਼ੁਸ਼ਕ ਰਹਿਣਾ ਚਾਹੀਦਾ ਹੈ। ਇਸ ਸਮੇਂ ਦੇ ਵਿਚਕਾਰ ਮੀਂਹ ਪੈਣ ਨਾਲ ਨੁਕਸਾਨ ਹੋਣ ਦਾ ਡਰ ਹੈ। ਬਲੋਚਿਸਤਾਨ ਵਿਚ ਗਰਮੀ ਦੀ ਰੁੱਤੇ ਤਾਪਮਾਨ 38˚ ਤੋਂ 46˚ ਸੈਂ. ਤਕ ਪੁੱਜ ਜਾਂਦਾ ਹੈ। ਅੰਗੂਰ ਲਈ ਇਹ ਤਾਪਮਾਨ ਲਾਭ-ਦਾਇਕ ਸਾਬਤ ਹੋਇਆ ਹੈ। ਬੰਬਈ ਵਿਚ ਅੰਗੂਰ ਸਿਆਲ ਨਾਲ ਵਿਚ ਹੁੰਦਾ ਹੈ। ਦੋਹਾਂ ਥਾਵਾਂ ਤੇ ਵੱਖੋ ਵੱਖਰੇ ਪੌਣ-ਪਾਣੀ ਦੇ ਹੁੰਦਿਆਂ ਹੋਇਆਂ ਵੀ ਫਲ ਦੇਣ ਦੇ ਸਮੇਂ ਰੁੱਤ ਗਰਮ ਅਤੇ ਖ਼ੁਸ਼ਕ ਰਹਿੰਦੀ ਹੈ। ਇਸ ਕਰਕੇ ਪੌਣ-ਪਾਣੀ ਵਿਚ ਫ਼ਰਕ ਹੁੰਦਿਆਂ ਹੋਇਆਂ ਵੀ ਅੰਗੂਰ ਦੀ ਫ਼ਸਲ ਦੋਹਾਂ ਥਾਵਾਂ ਤੇ ਚੰਗੀ ਹੁੰਦੀ ਹੈ। ਭਰਵੇਂ ਸਿਆਲੇ ਵਿਚ ਵੀ ਜਦੋਂ ਕਿ ਅੰਗੂਰ ਸਿਥਲ ਅਵਸਥਾ ਵਿਚ ਹੁੰਦਾ ਹੈ ਵੇਲ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ ਪਰ ਜੇ ਫਲ ਦੇਣ ਵਾਲੀਆਂ ਟਾਹਣੀਆਂ ਦੇ ਵਧਣ ਸਮੇਂ ਜ਼ਿਆਦਾ ਠੰਢ ਹੋਵੇ ਤਾਂ ਵੇਲ ਨੂੰ ਨੁਕਸਾਨ ਪਹੁੰਚਦਾ ਹੈ। ਇਸ ਦੀ ਫ਼ਸਲ ਲਈ ਉਹ ਜ਼ਮੀਨ ਸਭ ਤੋਂ ਵਧੀਆ ਹੁੰਦੀ ਹੈ ਜਿਸ ਵਿਚ ਪਾਣੀ ਦੇ ਨਿਕਾਸ ਦਾ ਪੂਰਾ ਪੂਰਾ ਪ੍ਰਬੰਧ ਹੋਵੇ। ਰੇਤਲੀ ਮੈਰਾ ਇਸ ਲਈ ਸਭ ਤੋਂ ਚੰਗੀ ਹੈ। ਨਾਸਿਕ ਵਿਚ ਚੂਨੇ ਵਾਲੀ ਧਰਤੀ ਅੰਗੂਰ ਦੀ ਫ਼ਸਲ ਲਈ ਚੰਗੀ ਸਮਝੀ ਜਾਂਦੀ ਹੈ।

          ਵਪਾਰ ਦੇ ਪੱਖ ਤੋਂ ਇਨ੍ਹਾਂ ਅੰਗੂਰਾਂ ਦੀ ਸ਼੍ਰੇਣੀ ਵੰਡ ਕੀਤੀ ਗਈ ਹੈ। ਇਸ ਵੰਡ ਅਨੁਸਾਰ ਇਨ੍ਹਾਂ ਨੂੰ ਚਾਰ ਸ਼੍ਰੇਣੀਆਂ ਵਿਚ ਵੰਡਿਆ ਗਿਆ ਹੈ : (1) ਸ਼ਰਾਬ ਵਾਲਾ ਅੰਗੂਰ–ਇਸ ਵਿਚ ਗੁਲੂਕੋਸ ਦੀ ਮਾਤਰਾ ਦਰਮਿਆਨੀ ਅਤੇ ਖਟਿਆਈ ਬਹੁਤ ਹੁੰਦੀ ਹੈ। ਇਸ ਕਿਸਮ ਦੇ ਅੰਗੂਰ ਸ਼ਰਾਬ ਬਣਾਉਣ ਦੇ ਕੰਮ ਆਉਂਦੇ ਹਨ ; (2) ਖਾਣ ਵਾਲਾ ਅੰਗੂਰ–ਇਸ ਵਿਚ ਗੁਲੂਕੋਸ ਦੀ ਮਾਤਰਾ ਵਧੇਰੇ ਅਤੇ ਖਟਾਸ ਘੱਟ ਹੁੰਦੀ ਹੈ। ਇਸ ਕਿਸਮ ਦੇ ਪੱਕੇ ਅੰਗੂਰ ਖਾਣ ਦੇ ਕੰਮ ਆਉਂਦੇ ਹਨ। ਇਸ ਦਾ ਰੰਗ ਰੂਪ ਅਤੇ ਆਕਾਰ ਮਨ ਨੂੰ ਮੋਹਣ ਵਾਲਾ ਹੋਣਾ ਜ਼ਰੂਰੀ ਹੈ। ਬੇਦਾਨਾ ਅੰਗੂਰ ਵਧੀਆ ਗਿਣਿਆ ਜਾਂਦਾ ਹੈ ; (3) ਸੁੱਕਾ ਹੋਇਆ ਅੰਗੂਰ–ਇਸ ਵਿਚ ਗੁਲੂਕੋਸ ਬਹੁਤੀ ਅਤੇ ਖਟਾਸ ਘੱਟ ਹੁੰਦੀ ਹੈ। ਇਸ ਕਿਸਮ ਦੇ ਅੰਗੂਰ ਦੀ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਇਸ ਵਿਚ ਬੀਜ ਨਹੀਂ ਹੁੰਦੇ। ਇਨ੍ਹਾਂ ਅੰਗੂਰਾਂ ਨੂੰ ਸੁਕਾ ਕੇ ਸੌਗੀ ਅਤੇ ਮੁਨੱਕਾ ਬਣਾਉਂਦੇ ਹਨ ; (4) ਰਸਿਆ ਹੋਇਆ ਅੰਗੂਰ–ਇਸ ਵਿਚ ਗੁਲੂਕੋਸ ਦਰਮਿਆਨੀ, ਖਟਾਸ ਵਧੇਰੇ ਅਤੇ ਸੁਗੰਧ ਹੁੰਦੀ ਹੈ। ਇਸ ਅੰਗੂਰ ਤੋਂ ਸ਼ਰਬਤ ਆਦਿ ਬਣਾਏ ਜਾਂਦੇ ਹਨ।

          ਕਿਸਮਾਂ––ਭਾਰਤ ਵਿਚ ਇਸ ਦੀਆਂ ਕਾਸ਼ਤ ਯੋਗ ਕਿਸਮਾਂ ਇਹ ਹਨ :

          ਉੱਤਰੀ ਭਾਰਤ––ਬਲੈਕ ਪ੍ਰਿੰਸ, ਬੇਦਾਨਾ, ਫਾਸਟਰੇਜ਼ ਸੀਡਲਿੰਗ, ਕੰਧਾਰੀ, ਦਾਖ਼ ਅਤੇ ਮਸਕਟ ਆਫ਼ ਅਲੈਗਜ਼ਾਂਦਰੀਆ।

          ਖ਼ੁਸ਼ਕ ਅਤੇ ਸੀਤ ਖੰਡ––ਥਾਮਸਨ ਸੀਡਲਿੰਗ, ਸੁਲਤਾਨਾ ਅਤੇ ਕਿਸ਼ਮਿਸ਼ ਚਿੱਟਾ।

          ਦੱਖਣੀ ਭਾਰਤ––ਬੰਗਲੌਰ ਬਲੂ, ਪਚਾਦਰਕਸ਼ਾ ਅਤੇ ਅਨਾਬ-ਇ-ਸ਼ਾਹੀ।

          ਅੰਗੂਰ ਦੇ ਨਵੇਂ ਬੂਟੇ ਕਲਮਾਂ ਲਾ ਕੇ ਤਿਆਰ ਕੀਤੇ ਜਾਂਦੇ ਹਨ। ਵਪਾਰ ਲਈ ਜੋ ਬਾਗ਼ ਲਾਇਆ ਜਾਵੇ ਉਸ ਵਾਸਤੇ ਇਹੋ ਢੰਗ ਵਧੀਆ ਹੈ। ਦਸੰਬਰ-ਜਨਵਰੀ ਵਿਚ ਛਾਂਟੀਆਂ ਹੋਈਆਂ ਪੱਕੀਆਂ ਟਾਹਣੀਆਂ ਕਲਮਾਂ ਲਈ ਚੁਣੀਆਂ ਜਾਂਦੀਆਂ ਹਨ। ਅੰਗੂਰ ਦੇ ਬੂਟੇ ਦਾਬ ਅਤ ਪਿਉਂਦ ਰਾਹੀਂ ਵੀ ਤਿਆਰ ਕੀਤੇ ਜਾ ਸਕਦੇ ਹਨ। ਇਸ ਤਰ੍ਹਾਂ ਤਿਆਰ ਹੋਏ ਬੂਟੇ ਵਰ੍ਹੇ ਪਿੱਛੋਂ ਸੁਰੱਖਿਅਤ ਥਾਂ ਤੇ ਲਗਾਏ ਜਾਂਦੇ ਹਨ। ਅਪ੍ਰੈਲ ਜਾਂ ਮਈ ਵਿਚ 3×3 ਮੀ. ਦੀ ਵਿੱਥ ਉੱਤੇ 0.6 ਮੀ. ਡੂੰਘੇ ਟੋਏ ਪੁੱਟੇ ਜਾਂਦੇ ਹਨ। ਫਿਰ ਬਰਸਾਤ ਵਿਚ ਇਨ੍ਹਾਂ ਟੋਇਆਂ ਨੂੰ ਮਿੱਟੀ ਤੇ ਖਾਦ ਨਾਲ ਬਰਾਬਰ ਬਰਾਬਰ ਭਰ ਦਿੱਤਾ ਜਾਂਦਾ ਹੈ। ਜਦ ਮਿੱਟੀ ਚੰਗੀ ਤਰ੍ਹਾਂ ਬੈਠ ਜਾਂਦੀ ਹੈ ਤਾਂ ਜ਼ਖ਼ੀਰੇ ਵਿਚੋਂ ਤਿਆਰ ਹੋਏ ਬੂਟੇ ਲਿਆ ਕੇ ਇਨ੍ਹਾਂ ਟੋਇਆਂ ਵਿਚ ਲਾ ਦਿੱਤੇ ਜਾਂਦੇ ਹਨ। ਇਹ ਵੇਲਾਂ ਵਾਂਗ ਕਿਸੇ ਆਸਰੇ ਉਪਰ ਚੜ੍ਹ ਕੇ ਫੈਲ ਜਾਂਦੇ ਹਨ। ਇਨ੍ਹਾਂ ਵੇਲਾਂ ਦੇ ਪੂਰੇ ਵਾਧੇ ਅਤੇ ਚੰਗੀ ਤਰ੍ਹਾਂ ਫਲਣ ਲਈ ਇਨ੍ਹਾਂ ਦੀ ਕਾਟ-ਛਾਂਗ ਕਰਨਾ ਅਤੇ ਠੀਕ ਤੌਰ ਤੇ ਆਸਰੇ ਤੇ ਚੜ੍ਹਾਉਣਾ ਜ਼ਰੂਰੀ ਹੈ। ਇਨ੍ਹਾਂ ਦੋਹਾਂ ਕੰਮਾਂ ਦਾ ਇਕ ਦੂਜੇ ਨਾਲ ਡੂੰਘਾ ਸੰਬੰਧ ਹੈ। ਕਾਟ-ਛਾਂਗ ਕਰਨ ਅਤੇ ਵੇਲਾਂ ਚੜ੍ਹਾਉਣ ਦੇ ਕਈ ਢੰਗ ਹਨ ਅਤੇ ਇਹ ਢੰਗ ਉਸ ਥਾਂ ਦੇ ਪੌਣ-ਪਾਣੀ, ਬੂਟੇ ਦੀ ਕਿਸਮ ਅਤੇ ਬਾਗ਼ ਦੇ ਮਾਲਕ ਦੀ ਸਹੂਲਤ ਅਨੁਸਾਰ ਵਰਤੇ ਜਾਂਦੇ ਹਨ। ਵਰਤੇ ਜਾ ਰਹੇ ਮੋਟੇ ਮੋਟੇ ਢੰਗ ਇਹ ਹਨ : (1) ਥੰਮੀ ਵਾਲਾ ਢੰਗ–ਅੰਗੂਰ ਦੀ ਵੇਲ ਨੂੰ ਕਿਸੇ ਥੰਮ੍ਹੀ ਦੇ ਆਸਰੇ ਉਤਾਂਹ ਚੜ੍ਹਾਉਂਦੇ ਹਨ; (2) ਬਿਨਾਂ ਥੰਮ੍ਹੀ ਦੇ–ਇਸ ਵਿਚ ਤੇ ਥੰਮ੍ਹੀ ਵਾਲੇ ਢੰਗ ਵਿਚ ਬਸ ਇੰਨਾ ਹੀ ਫ਼ਰਕ ਹੈ ਕਿ ਇਸ ਢੰਗ ਨਾਲ ਤਣਾ ਛੋਟਾ (1-1.25 ਮੀ.) ਰਖਿਅ ਜਾਂਦਾ ਹੈ। ਲਾਉਣ ਤੋਂ 5,6 ਵਰ੍ਹੇ ਪਿੱਛੋਂ ਜਦ ਤਣਾ ਤਕੜਾ ਹੋ ਜਾਂਦਾ ਹੈ, ਤਦ ਅੰਗੂਰ ਨੂੰ ਕਿਸੇ ਸਹਾਰੇ ਦੀ ਲੋੜ ਨਹੀਂ ਰਹਿੰਦੀ ; (3) ਢੇਰੀ ਵਾਲਾ ਢੰਗ–ਪਹਿਲਾਂ ਖਾਈ ਪੱਟੀ ਜਾਂਦੀ ਹੈ ਤੇ ਫਿਰ ਖਾਈ ਵਿਚ ਮਿੱਟੀ ਦੀਆਂ ਵੱਡੀਆਂ ਵੱਡੀਆਂ ਫੇਰੀਆਂ ਬਣਾਈਆਂ ਜਾਂਦੀਆਂ ਹਨ। ਇਨ੍ਹਾਂ ਫੇਰੀਆਂ ਦੇ ਕੋਲ ਅੰਗੂਰ ਦੇ ਪੌਦੇ ਲਾਏ ਜਾਂਦੇ ਹਨ ਅਤੇ ਇਨ੍ਹਾਂ ਦੀਆਂ ਵੇਲਾਂ ਇਨ੍ਹਾਂ ਫੇਰੀਆਂ ਉੱਤੇ ਚੜ੍ਹ ਕੇ ਫੈਲ ਜਾਂਦੀਆਂ ਹਨ ; (4) ਪੰਡਾਲ ਵਾਲਾ ਢੰਗ–ਇਕ ਗੋਲ ਥੜ੍ਹੇ ਦੇ ਚੁਫ਼ੇਰੇ ਬੱਲੀਆਂ ਗਡ ਕੇ ਉਨ੍ਹਾਂ ਉੱਤੇ ਅੰਗੂਰ ਦੀਆਂ ਵੇਲਾਂ ਚੜ੍ਹਾਉਂਦੇ ਹਨ ਅਤੇ ਇਹ ਵੇਲਾਂ ਉਪਰਲੇ ਢਾਂਚੇ ਤੇ ਫੈਲ ਜਾਂਦੀਆਂ ਹਨ ; (5) ਜਾਲੀ ਵਾਲਾ ਢੰਗ–ਲਕੜੀ ਜਾਂ ਲੋਹੇ ਦੇ ਖੰਭਿਆਂ ਵਿਚ ਤਾਰ ਬੰਨ੍ਹ ਕੇ ਜਾਲੀ ਵਰਗਾ ਢਾਂਚਾ ਬਣਾਉਂਦੇ ਹਨ ਅਤੇ ਇਸ ਦੇ ਉਪਰ ਵੇਲਾਂ ਚੜ੍ਹਾਉਂਦੇ ਹਨ ; (6) ਨਿਫ਼ਿਨ ਢੰਗ (Kniffen of Espalier System)––ਲੋਹੇ ਦੀਆਂ ਤਾਰਾਂ ਇਨ੍ਹਾਂ ਉਪਰ ਤਾਣ ਦਿੱਤੀਆਂ ਜਾਂਦੀਆਂ ਹਨ। ਇਹ ਤਾਰਾਂ ਇਕ ਦੂਜੇ ਦੇ ਉਪਰ ਕਈ ਕਤਾਰਾਂ ਵਿਚ ਲਾਈਆਂ ਜਾਂਦੀਆਂ ਹਨ। ਪਹਿਲੀ ਤਾਰ ਜ਼ਮੀਨ ਤੋਂ ਇਕ ਮੀ. ਉੱਚੀ ਹੁੰਦੀ ਹੈ ਅਤੇ ਇਸ ਦੇ ਉਪਰ ਵਾਲੀ ਹਰ ਇਕ ਤਾਰ ਅੱਧੇ ਅੱਧੇ ਮੀ. ਤੇ ਹੁੰਦੀ ਹੈ। ਇਨ੍ਹਾਂ ਤਾਰਾਂ ਉਪਰ ਹੀ ਵੇਲ੍ਹਾਂ ਚੜ੍ਹ ਜਾਂਦੀਆਂ ਹਨ।

          ਇਨ੍ਹਾਂ ਹੀ ਤਰੀਕਿਆਂ ਨਾਲ ਵੇਲ ਦਾ ਖ਼ਾਸ ਆਕਾਰ ਕਾਇਮ ਰੱਖਣ ਲਈ ਲੋੜੀਂਦੀ ਕਾਟ-ਛਾਂਗ ਕੀਤੀ ਜਾਂਦੀ ਹੈ। ਹਰ ਵਰ੍ਹੇ ਸਿਆਲ ਵਿਚ ਜਦ ਵੇਲ ਸਿਥਲ ਹਾਲਤ ਵਿਚ ਹੁੰਦੀ ਹੈ, ਛਾਂਟੀ ਚੰਗੀ ਤਰ੍ਹਾਂ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਨਵੀਆਂ ਟਾਹਣੀਆਂ ਨਿਕਲ ਆਉਂਦੀਆਂ ਹਨ। ਚੰਗੀ ਫ਼ਸਲ ਲਈ ਇਨ੍ਹਾਂ ਟਾਹਣੀਆਂ ਦਾ ਨਿਕਲਣਾ ਜ਼ਰੂਰੀ ਹੈ।

          ਅੰਗਰੂ ਦੀ ਵੇਲ ਨੂੰ ਚੰਗੀ ਤਰ੍ਹਾਂ ਵਧਾਉਣ ਅਤੇ ਇਸ ਤੋਂ ਚੰਗੀ ਫ਼ਸਲ ਲੈਣ ਵਾਸਤੇ ਹਰ ਵਰ੍ਹੇ ਜਨਵਰੀ ਵਿਚ ਛਾਂਟੀ ਕਰਨ ਵੇਲੇ ਹਰ ਪੌਦੇ ਨੂੰ 14 ਤੋਂ 18.5 ਕਿ. ਗ੍ਰਾ. ਤਕ ਗੋਹੇ ਦੀ ਸੜੀ ਹੋਈ ਖਾਦ ਜਾਂ ਕੰਪੋਸਟ ਪਾਉਣੀ ਚਾਹੀਦੀ ਹੈ। ਜੇ ਮੱਛੀ ਦੀ ਖਾਦ ਮਿਲ ਸਕੇ ਤਾਂ ਇਕ ਜਾਂ ਡੇਢ ਕਿ. ਗ੍ਰਾ. ਹੀ ਕਾਫ਼ੀ ਹੈ ਪਰ ਖਾਦ ਦੀ ਮਿਕਦਾਰ ਅਤੇ ਖਾਦ ਪਾਉਣ ਦਾ ਸਮਾਂ ਅੱਡ ਅੱਡ ਥਾਵਾਂ ਅਨੁਸਾਰ ਉਥੋਂ ਦੀ ਜ਼ਮੀਨ, ਉਪਜਾਊ-ਸ਼ਕਤੀ ਅਤੇ ਪੌਣ-ਪਾਣੀ ਦੇ ਮੁਤਾਬਕ ਬਦਲਦੇ ਰਹਿੰਦੇ ਹਨ। ਕਿਤੇ ਕਿਤੇ ਲੋਕੀ ਮੀਂਹ ਦੇ ਪਿੱਛੋਂ ਸਿਆਲ ਵਿਚ ਪਾਣੀ ਦੇਣ ਦੀ ਲੋੜ ਨਹੀਂ ਸਮਝਦੇ ਪਰ ਦੋ ਤਿੰਨ ਵਾਰ ਪਾਣੀ ਦੇਣਾ ਲਾਹੇਵੰਦ ਹੀ ਹੁੰਦਾ ਹੈ, ਖ਼ਾਸ ਕਰਕੇ ਉਨ੍ਹਾਂ ਥਾਵਾਂ ਤੇ ਜਿਥੇ ਕੁਹਰਾ ਪੈਣ ਦਾ ਡਰ ਹੋਵੇ। ਗਰਮੀ ਦੀ ਰੱਤੇ ਲੋੜ ਅਨੁਸਾਰ ਹਰ ਹਫ਼ਤੇ ਸਿੰਜਾਈ ਕੀਤੀ ਜਾਂਦੀ ਹੈ ਪਰ ਕੁਝ ਲੋਕਾਂ ਦੀ ਰਾਏ ਹੈ ਕਿ ਫਲ ਲਗਣ ਅਤੇ ਪੱਕਣ ਵਾਲੇ ਪਾਣੀ ਦੇਣ ਨਾਲ ਫਲ ਦੀ ਮਿਠਾਸ ਘੱਟ ਹੋ ਜਾਂਦੀ ਹੈ।

          ਪੌਦਾ ਲਾਉਣ ਤੋਂ ਚਾਰ ਕੁ ਵਰ੍ਹੇ ਪਿੱਛੋਂ ਵੇਲ ਫਲ ਦੇਣ ਲਗਦੀ ਹੈ। ਉਂਜ ਤਾਂ ਦੂਜੇ ਹੀ ਵਰ੍ਹੇ ਫੁੱਲ ਪੈਣ ਤੇ ਫਲ ਲਗਣ ਲਗ ਪੈਂਦੇ ਹਨ ਪਰ ਉਹ ਚੰਗੇ ਨਹੀਂ ਹੁੰਦੇ ਅਤੇ ਹੁੰਦੇ ਵੀ ਥੋੜ੍ਹੇ ਹਨ। ਉੱਤਰ-ਪ੍ਰਦੇਸ਼ ਵਿਚ ਮਾਰਚ-ਅਪ੍ਰੈਲ ਦੇ ਮਹੀਨੇ ਵੇਲਾਂ ਫੁੱਲ ਦੇਣ ਲਗ ਪੈਂਦੀਆਂ ਹਨ ਅਤੇ ਅੱਧ ਜੂਨ ਤੋਂ ਲੈ ਕੇ ਜੁਲਾਈ ਤਕ ਫਲ ਪਕਦਾ ਰਹਿੰਦਾ ਹੈ। ਜੁਲਾਈ ਵਿਚ ਮੀਂਹ ਕਰਕੇ ਫਲ ਫੁੱਟ ਜਾਂਦਾ ਹੈ ਅਤੇ ਸੜਨ ਲਗ ਪੈਂਦਾ ਹੈ। ਭਾਰਤ ਇਕ ਵਿਸ਼ਾਲ ਦੇਸ਼ ਹੈ ਅਤੇ ਵੱਖ ਵੱਖ ਇਲਾਕਿਆਂ ਦਾ ਜਲਵਾਯੂ ਵੱਖ ਵੱਖ ਹੋਣ ਕਰਕੇ ਇਥੇ ਅੰਗੂਰਾਂ ਦੀ ਫ਼ਸਲ ਸਾਰਾ ਸਾਲ ਹੀ ਕਿਤੇ ਨਾ ਕਿਤੇ ਹੁੰਦੀ ਰਹਿੰਦੀ ਹੈ। ਜਦ ਫਲ ਪਕਣੇ ਸ਼ੁਰੂ ਹੋਣ ਤਦ ਗੁੱਛਿਆਂ ਨੂੰ ਕੈਂਚੀ ਨਾਲ ਕੱਟ ਲੈਣਾ ਚਾਹੀਦਾ ਹੈ। ਨਰੋਏ ਫਲ ਦੇ ਗੁੱਛਿਆਂ ਨੂੰ ਆਮ ਕਰਕੇ ਲੱਕੜ ਦੇ ਛੋਟੇ ਛੋਟੇ ਬਕਸਿਆਂ ਜਾਂ ਟੋਕਰੀਆਂ ਵਿਚ ਬੰਦ ਕਰ ਕੇ ਮੰਡੀ ਵਿਚ ਭੇਜਿਆ ਜਾਂਦਾ ਹੈ। ਅੰਗੂਰ ਦੀ ਉਪਜ 37.320 ਤੋਂ 140 ਕੁਇੰਟਲ ਪ੍ਰਤਿ ਏਕੜ ਹੁੰਦੀ ਹੈ। ਇਸ ਦੇ ਫਲ ਨੂੰ ਸੁਕਾ ਕੇ ਸੌਗੀ ਅਤੇ ਮੁਨੱਕਾ ਤਿਆਰ ਕੀਤਾ ਜਾਂਦਾ ਹੈ।

          ਅੰਗੂਰ ਦੀਆਂ ਵੇਲਾਂ ਨੂੰ ਹੇਠ ਲਿਖੇ ਕੀੜਿਆਂ ਅਤੇ ਰੋਗਾਂ ਤੋਂ ਹਾਨੀ ਹੋ ਸਕਦੀ ਹੈ : (1) ਫ਼ਾਇਲੋਕਸੀਰਾ ਵਸਟਾਟਰਿਕਸ (Phylloxera vastatrix)–ਇਹ ਕੀੜਾ ਪੌਦਿਆਂ ਦੀਆਂ ਜੜ੍ਹਾਂ ਨੂੰ ਲਗਦਾ ਹੈ ਜਿਸ ਨਾਲ ਪੌਦਾ ਮਰ ਜਾਂਦਾ ਹੈ। ਜਿਸ ਮਿੱਟੀ ਵਿਚ ਕੀੜਾ ਹੋਵੇ, ਉਸ ਵਿਚ ਅੰਗੂਰ ਫਲ ਹੀ ਨਹੀਂ ਦੇ ਸਕਦਾ। ਅਜਿਹੀ ਜ਼ਮੀਨ ਵਿਚ ਉਸ ਕਿਸਮ ਦਾ ਅੰਗੂਰ ਬੀਜਣਾ ਚਾਹੀਦਾ ਹੈ ਜਿਸ ਦਾ ਇਹ ਕੀੜਾ ਕੁਝ ਵੀ ਵਿਗਾੜ ਨਾ ਸਕੇ ; (2) ਏਰੀਥ੍ਰੋਨਿਊਰਾ ਕੌਮੀਜ਼ (Erythroneura comes)–ਇਹ ਇਕ ਛੋਟਾ ਕਾਲੇ ਰੰਗ ਦਾ ਕੀੜਾ ਹੈ ਜਿਹੜਾ ਪੱਤਿਆਂ ਵਿਚ ਛੇਕ ਕਰ ਦਿੰਦਾ ਹੈ ਅਤੇ ਕੂਲੀਆਂ ਕੂਲੀਆਂ ਕਲੀਆਂ ਨੂੰ ਖ਼ਾ ਜਾਂਦਾ ਹੈ। ਇਸ ਨੂੰ ਫੜ ਫੜ ਕੇ ਮਾਰ ਸੁਟਣਾ ਚਾਹੀਦਾ ਹੈ ਜਾਂ ਵੇਲ ਉੱਤੇ ਲੈੱਡ ਜਾਂ ਕੈਲਸੀਅਮ ਆਰਸਨੇਟ ਛਿੜਕ ਦੇਣਾ ਚਾਹੀਦਾ ਹੈ ; (3) ਕਾਕ ਚੇਫਰ–ਇਹ ਕੀੜਾ ਪੱਤਿਆਂ ਨੂੰ ਖਾ ਜਾਂਦਾ ਹੈ। ਕਦੇ ਕਦੇ ਤਾਂ ਵੇਲ ਉੱਤੇ ਇਕ ਪੱਤਾ ਵੀ ਨਹੀਂ ਰਹਿਣ ਦਿੰਦਾ। ਲੈੱਡ ਆਰਸਟੇਟ ਜਾਂ ਬੇਰਡਿਊ ਮਿਸ਼ਰਨ ਛਿੜਕਣ ਨਾਲ ਇਸ ਦੀ ਰੋਕ ਥਾਮ ਹੋ ਜਾਂਦੀ ਹੈ ; (4) ਗਰਡਲਰ ਕੀੜਾ–ਇਹ ਟਾਹਣੀਆਂ ਉੱਤੇ ਵਲ ਪਾ ਲੈਂਦਾ ਹੈ ਜਿਸ ਨਾਲ ਉਹ ਤਬਾਹ ਹੋ ਜਾਂਦੀਆਂ ਹਨ। ਅਜਿਹੇ ਕੀੜੇ ਨੂੰ ਲੱਭ ਲੱਭ ਕੇ ਮਾਰ ਦੇਣਾ ਚਾਹੀਦਾ ਹੈ ਅਤੇ ਸੁੱਕੀਆਂ ਟਾਹਣੀਆਂ ਨੂੰ ਅੱਗ ਲਾ ਕੇ ਸਾੜ ਦੇਣਾ ਚਾਹੀਦਾ ਹੈ ; (5) ਲੀਫ ਰੋਲਰ–ਇਹ ਕੀੜਾ ਪੱਤਿਆਂ ਨੂੰ ਲਪੇਟ ਕੇ ਵੇਲਣੇ ਵਾਂਗ ਬਣਾ ਦਿੰਦਾ ਹੈ ਅਤੇ ਪੱਤੇ ਦੇ ਹਰੇ ਹਰੇ ਹਿੱਸੇ ਨੂੰ ਖਾ ਜਾਂਦਾ ਹੈ। ਲੈੱਡ ਆਰ ਸਨੇਟ ਜਾਂ ਡੀ. ਡੀ. ਟੀ. ਛਿੜਕਣ ਨਾਲ ਇਸ ਦੀ ਰੋਕਥਾਮ ਹੋ ਜਾਂਦੀ ਹੈ ; (6) ਗ੍ਰੇਪ ਥ੍ਰਿਪਸ (Rhipiphorothrips cruentatus)–ਇਹ ਕੀੜਾ ਪੱਤਿਆਂ ਦਾ ਰਸ ਚੂਸ ਲੈਂਦਾ ਹੈ। ਇਨ੍ਹਾਂ ਨੂੰ ਖ਼ਤਮ ਕਰਨ ਲਈ ਤੰਮਾਕੂ ਦੇ ਪੱਤਿਆਂ ਦੇ ਅਰਕ ਦਾ ਘੋਲ ਬਣਾ ਕੇ ਛਿੜਕਣਾ ਚਾਹੀਦਾ ਹੈ ; (7) ਪਾਊਡਰੀ ਮਿਲਡਿਊ–ਇਹ ਇਕ ਕਿਸਮ ਦੀ ਉੱਲੀ ਤੋਂ ਪੈਦਾ ਹੋਣ ਵਾਲਾ ਰੋਗ ਹੈ। ਇਹ ਅੰਗੂਰ ਦੇ ਹਰ ਇਕ ਹਿੱਸੇ ਉੱਤੇ ਮਾਰ ਕਰਦਾ ਹੈ। ਪੱਤਿਆਂ ਉੱਤੇ ਸਫ਼ੈਦ ਦਾਗ਼ ਪੈ ਜਾਂਦੇ ਹਨ, ਇਥੋਂ ਤੀਕ ਕਿ ਇਹ ਫੁੱਲ ਅਤੇ ਫਲ ਨੂੰ ਵੀ ਨਹੀਂ ਛੱਡਦਾ। ਬੋਰਡਿਊ ਮਿਕਸਚਰ ਜਾਂ ਗੰਧਕ ਦਾ ਬਾਰੀਕ ਪਾਊਡਰ ਤਿੰਨ ਵਾਰ ਛਿੜਕਣ ਨਾਲ ਇਹ ਰੋਗ ਜਾਂਦਾ ਰਹਿੰਦਾ ਹੈ; (8) ਡਾਊਨੀ ਮਿਲਡਿਊ–ਇਹ ਵੀ ਇਕ ਕਿਸਮ ਦੀ ਉੱਲੀ ਹੈ। ਇਸ ਦਾ ਹਮਲਾ, ਅਸਰ ਅਤੇ ਇਲਾਜ ਪਾਊਡਰੀ ਮਿਲਡਿਊ ਵਾਂਗ ਹੀ ਹੁੰਦੇ ਹਨ।

          ਅੰਗੂਰ ਤੋਂ ਇਹ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਹਨ : ਕਿਸ਼ਮਿਸ਼, ਮੁਨੱਕਾ, ਜੂਸ, ਸ਼ਰਾਬ, ਸਿਰਕਾ ਅਤੇ ਜੈਲੀ। ਪਹਿਲੀਆਂ ਦੋਹਾਂ ਚੀਜ਼ਾਂ ਦੀ ਮੰਗ ਭਾਰਤ ਵਿਚ ਬਹੁਤ ਹੈ। ਪੱਕਿਆਂ ਹੋਇਆ ਫਲ ਆਮ ਤਾਪਮਾਨ ਤੇ ਬਹੁਤਾ ਚਿਰ ਠੀਕ ਨਹੀਂ ਰਹਿ ਸਕਦਾ, ਪਰ ਕੋਲਡ-ਸਟੋਰੇਜ ਵਿਚ 0° ਸੈਂ. ਤੇ ਇਹ ਕਾਫ਼ੀ ਦੇਰ ਤਕ ਤਾਜ਼ਾ ਰਖਿਆ ਜਾ ਸਕਦਾ ਹੈ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5865, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-15, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.