ਆਉਲਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਆਉਲਾ (ਨਾਂ,ਪੁ) ਵੇਖੋ : ਅਉਲਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1570, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਆਉਲਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਆਉਲਾ. ਸੰ. ਆਮਲਕ. ਸੰਗ੍ਯਾ—ਇੱਕ ਬਿਰਛ ਅਤੇ ਉਸ ਦਾ ਫਲ, ਜੋ ਖੱਟਾ ਹੁੰਦਾ ਹੈ. ਆਂਵਲਾ. ਆਉਲੇ ਦਾ ਅਚਾਰ ਅਤੇ ਮੁਰੱਬਾ ਭੀ ਪਾਈਦਾ ਹੈ. ਇਸ ਦੀ ਤਾਸੀਰ ਸਰਦ ਖੁਸ਼ਕ ਹੈ. ਕਬਜ ਕਰਦਾ ਹੈ. ਮੇਦੇ ਅਤੇ ਜਿਗਰ ਦੇ ਰੋਗਾਂ ਨੂੰ ਦੂਰ ਕਰਦਾ ਹੈ. ਦਿਲ ਨੇਤ੍ਰ ਦਿਮਾਗ਼ ਅਤੇ ਪੱਠਿਆਂ ਨੂੰ ਤਾਕਤ ਦਿੰਦਾ ਹੈ. ਨਕਸੀਰ ਬੰਦ ਕਰਦਾ ਹੈ. ਇਸ ਦਾ ਮੁਰੱਬਾ ਦਿਲ ਅਤੇ ਦਿਮਾਗ ਨੂੰ ਖਾਸ ਕਰਕੇ ਪੁ ਕਰਦਾ ਹੈ. ਇਹ ਤ੍ਰਿਫਲੇ ਦਾ ਇੱਕ ਜੁਜ਼ਵ ਹੈ. ਦਾਹ, ਪਿੱਤ , ਪ੍ਰਮੇਹ ਆਦਿ ਰੋਗਾਂ ਨੂੰ ਦੂਰ ਕਰਦਾ ਹੈ. L. Emblic Myrobalan.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1545, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no
ਆਉਲਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਆਉਲਾ : ਇਹ ਇਸੇ ਨਾਂ ਦੇ ਦਰਖ਼ਤ ਦਾ ਫ਼ਲ ਹੈ। ਇਸ ਦੀ ਕੁਲ ਯੂਫ਼ੋਰਬੀਏਸੀ, ਪ੍ਰਜਾਤੀ ਫ਼ਾਇਲੈਂਥਸ ਅਤੇ ਜਾਤੀ ਐਂਬਲਿਕਾ ਹੈ। ਇਸ ਦਾ ਸੁਆਦ ਬਕਬਕਾ ਤੇ ਖੱਟਾ ਹੁੰਦਾ ਹੈ। ਤਾਜ਼ਾ ਫ਼ਲ ਅਲੂਚੇ ਵਰਗਾ ਗੋਲ ਗੋਲ ਹੁੰਦਾ ਹੈ। ਬਨਾਰਸੀ ਆਉਲਾ ਅਖਰੋਟ ਜਿੰਨਾ ਵੱਡਾ ਹੁੰਦਾ ਹੈ। ਕਈ ਆਉਲੇ ਛੋਟੇ ਵੀ ਹੁੰਦੇ ਹਨ। ਵੱਡਾ ਆਉਲਾ ਵਧੀਆ ਸਮਝਿਆ ਜਾਂਦਾ ਹੈ। ਇਸ ਵਿਚ ਰੇਸ਼ੇ ਨਹੀਂ ਹੁੰਦੇ। ਇਸ ਦਾ ਦਰਖ਼ਤ ਅਖਰੋਟ ਦੇ ਦਰਖ਼ਤ ਜਿੰਨਾ ਵੱਡਾ ਹੁੰਦਾ ਹੈ। ਇਸ ਦੇ ਪੱਤੇ ਹਰੇ ਅਤੇ ਬਹੁਤ ਛੋਟੇ ਹੁੰਦੇ ਹਨ। ਪੱਤੇ ਪਤਝੜੀ ਤੇ ਡੰਡੀ-ਰਹਿਤ ਹੁੰਦੇ ਹਨ, ਇਹ ਛੋਟੀਆਂ ਟਾਹਣੀਆਂ ਦੇ ਦੋਵੇਂ ਪਾਸੇ ਦੋ ਲਾਈਨਾਂ ਵਿਚ ਇਸ ਤਰ੍ਹਾਂ ਲੱਗੇ ਹੁੰਦੇ ਹਨ ਜਿਵੇਂ ਖੰਡ ਆਕਾਰੀ (ਪਿੰਨੇਟ) ਪੱਤੇ ਵਿਚ ਪੱਤੀਆਂ ਲੱਗੀਆਂ ਹੁੰਦੀਆਂ ਹਨ। ਫ਼ੁੱਲ ਪੀਲੇ ਹੁੰਦੇ ਹਨ ਪਰ ਰੰਗਦਾਰ ਪੱਤੀਆਂ ਨਹੀਂ ਹੁੰਦੀਆਂ। ਹਰੀਆਂ ਪੱਤੀਆਂ 6 ਹੁੰਦੀਆਂ ਹਨ। ਪੁੰਕੇਸਰ 3 ਹੁੰਦੇ ਹਨ ਜਿਹੜੇ ਇਕ ਦੂਜੇ ਨਾਲ ਜੁੜ ਕੇ ਇਕ ਥੰਮ੍ਹ ਬਣਾਉਂਦੇ ਹਨ। ਬੀਜ 6 ਹੁੰਦੇ ਹਨ। ਅੰਡ-ਕੋਸ਼ ਦੇ ਹਰ ਖਾਨੇ ਵਿਚ ਦੋ ਦੋ ਬੀਜ ਅਤੇ ਫ਼ਲ ਬਾਹਰੋਂ 6 ਭਾਗਾਂ ਵਿਚ ਵੰਡਿਆ ਹੋਇਆ ਲਗਦਾ ਹੈ।
ਗੁਣ – ਗਿਟਕ ਕੱਢ ਕੇ ਦੁੱਧ ਵਿਚ ਭਿਉਂ ਕੇ ਖ਼ੁਸ਼ਕ ਕੀਤਾ ਆਉਲਾ ਕਬਜ਼ ਵਾਸਤੇ ਬਹੁਤ ਗੁਣਕਾਰੀ ਹੈ। ਇਹ ਦੂਜੇ ਦਰਜੇ ਵਿਚ ਠੰਢਾ ਹੈ ਤੇ ਪਹਿਲੇ ਤੇ ਤੀਸਰੇ ਦਰਜੇ ਵਿਚ ਖ਼ੁਸ਼ਕ ਹੁੰਦਾ ਹੈ। ਦੁੱਧ ਵਿਚ ਭਿਉਂ ਕੇ ਵਰਤਿਆ ਆਉਲਾ ਪਹਿਲੇ ਦਰਜੇ ਵਿਚ ਠੰਢਾ ਤੇ ਦੂਜੇ ਦਰਜੇ ਵਿਚ ਖ਼ੁਸ਼ਕ ਹੁੰਦਾ ਹੈ। ਆਉਲਾ ਮਿਹਦੇ ਅਤੇ ਅੰਤੜੀਆਂ ਉੱਤੇ ਮੈਲ ਨੂੰ ਡਿੱਗਣ ਤੋਂ ਰੋਕਦਾ ਹੈ ਅਤੇ ਖ਼ਿਲਤਾਂ ਵਿਚ ਸੜਾਂਦ ਨਹੀਂ ਪੈਣ ਦਿੰਦਾ। ਪੇਟ ਵਿਚੋਂ ਸੁੱਡਿਆਂ ਨੂੰ ਕੱਢਦਾ ਹੈ। ਇਸ ਦੇ ਖਾਣ ਨਾਲ ਬੁੱਧੀ ਤੇਜ਼ ਹੁੰਦੀ ਹੈ। ਇਹ ਦਿਲ ਨੂੰ ਖੁਸ਼ੀ ਤੇ ਤਾਕਤ ਦਿੰਦਾ ਹੈ। ਜੇ ਸਰਦ ਸੁਭਾਅ ਵਾਲਾ ਇਸ ਦੀ ਵਰਤੋਂ ਕਰਨੀ ਚਾਹੇ ਤਾਂ ਆਉਲੇ ਨੂੰ ਸ਼ਹਿਦ ਜਾਂ ਦਾਲਚੀਨੀ ਨਾਲ ਰਲਾਕੇ ਖਾਣਾ ਚਾਹੀਦਾ ਹੈ। ਇਹ ਮੈਥੁਨ-ਸ਼ਕਤੀ ਵਧਾਉਂਦਾ ਹੈ। ਕੈ, ਪਿਆਸ ਤੇ ਮੂੰਹ ਵਿਚੋਂ ਪਾਣੀ ਦੇ ਵਗਣ ਨੂੰ ਰੋਕਦਾ ਹੈ। ਇਹ ਬਵਾਸੀਰ ਦੇ ਖ਼ੂਨ ਨੂੰ ਬੰਦ ਕਰਦਾ ਹੈ। ਇਹ ਸੁੱਦਾ ਅਤੇ ਬਲਗ਼ਮ ਦਾ ਮੁਸਹਲ ਹੈ। ਮਿਹਦੇ ਤੇ ਅੰਤੜੀਆਂ ਨੂੰ ਤਾਕਤ ਦਿੰਦਾ ਹੈ ਅਤੇ ਭੁੱਖ ਲਾਉਂਦਾ ਹੈ।
ਬੇਰ ਦੇ ਆਟੇ ਤੇ ਦਹੀਂ ਦੇ ਪਾਣੀ ਵਿਚ ਆਉਲਾ ਖਾਣ ਨਾਲ ਪੁਰਾਣੇ ਦਸਤ ਰੁਕ ਜਾਂਦੇ ਹਨ। ਇਹ ਖ਼ੂਨ ਦੀ ਗਰਮੀ ਨੂੰ ਸ਼ਾਂਤ ਕਰਦਾ ਹੈ ਤੇ ਅੱਖਾਂ ਤੇ ਦਿਲ ਨੂੰ ਤਾਕਤ ਦਿੰਦਾ ਹੈ। ਇਹ ਪੱਠਿਆਂ ਨੂੰ ਤਕੜਾ ਕਰਦਾ ਹੈ। ਖ਼ਾਸ ਕਰ ਮਾਲੀ-ਖੋਲੀਆ ਅਤੇ ਮਿਰਗੀ ਲਈ ਜੋ ਸਫ਼ਰਾ ਦੇ ਜਲਦ ਕਾਰਨ ਪੈਦਾ ਹੋਵੇ, ਲਈ ਵੀ ਗੁਣਕਾਰੀ ਹੈ। ਇਹ ਯਾਦਸ਼ਕਤੀ ਦੀ ਕਮਜ਼ੋਰੀ, ਅਧਰੰਗ, ਲਕਵਾ ਤੇ ਅੰਗਾਂ ਦੇ ਢਿੱਲਾ ਹੋ ਜਾਣ ਆਦਿ ਰੋਗਾਂ ਲਈ ਲਾਭਦਾਇਕ ਹੈ। ਆਉਲੇ ਦਾ ਖ਼ਿਸ਼ਾਂਦਾ ਮਿਹਦੇ ਤੋਂ ਸਿਰ ਵੱਲ ਨੂੰ ਬੁਖ਼ਾਰ ਚੜ੍ਹਨ ਤੋਂ ਰੋਕਦਾ ਹੈ। ਜੇ ਆਉਲੇ ਨੂੰ ਬਾਰੀਕ ਕੁੱਟ ਕੇ ਤੇ ਪਾਣੀ ਵਿਚ ਭਿਉਂਕੇ ਮੱਥੇ ਤੇ ਲੇਪ ਕੀਤਾ ਜਾਵੇ ਤਾਂ ਇਹ ਨਕਸੀਰ ਨੂੰ ਬੰਦ ਕਰਦਾ ਹੈ। ਆਉਲਿਆਂ ਦਾ ਦਰੜ ਕਰ ਕੇ ਜੇ ਪਾਣੀ ਵਿਚ ਖ਼ਿਸਾਂਦਾ ਕੀਤਾ ਜਾਵੇ ਅਤੇ ਪਾਣੀ ਨੂੰ ਅੱਖ ਵਿਚ ਟਪਕਾਇਆ ਜਾਵੇ ਤਾਂ ਅੱਖ ਦਾ ਚਿੱਟਾ ਮੋਤੀਆ ਦੂਰ ਹੋ ਜਾਂਦਾ ਹੈ। ਇਸ ਕੰਮ ਲਈ ਆਉਲਿਆਂ ਨੂੰ ਦੋ ਤਿੰਨ ਘੰਟੇ ਮਗਰੋਂ ਬਦਲ ਦੇਣਾ ਚਾਹੀਦਾ ਹੈ। ਖੰਡ ਅਤੇ ਆਉਲੇ ਮਿਲਾ ਕੇ ਜੇ ਬਦਾਮ ਰੋਗਨ ਵਿਚ ਝੱਸਕੇ ਪੰਜ ਦਿਰਮ ਨੂੰ 16 ਮਾਸੇ ਪਾਣੀ ਨਾਲ ਨਿਰਨੇ ਕਾਲਜੇ ਖਾਧਾ ਜਾਵੇ ਤਾਂ ਅੱਖਾਂ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ। ਜ਼ੀਰੇ ਅਤੇ ਸ਼ਹਿਦ ਵਿਚ ਕੁੱਟੇ ਹੋਏ ਆਉਲਿਆਂ ਦੀ ਚਟਣੀ ਖਾਣ ਨਾਲ ਬਿਸਤਰੇ ਵਿਚ ਪਿਸ਼ਾਬ ਕਰਨ ਦਾ ਰੋਗ ਦੂਰ ਹੁੰਦਾ ਹੈ। ਮਹਿੰਦੀ ਨਾਲ ਆਉਲੇ ਦਾ ਕੀਤਾ ਖ਼ਿਸਾਂਦਾ ਵਾਲਾਂ ਨੂੰ ਕਾਲਾ ਕਰਦਾ ਹੈ। ਆਉਲੇ ਦਾ ਤੇਲ ਵੀ ਵਾਲਾਂ ਨੂੰ ਕਾਲੇ ਤੇ ਲੰਮੇ ਕਰਦਾ ਹੈ।
ਇਸ ਦੀ ਖ਼ੁਰਾਕ ਤਿੰਨ ਦਿਰਮ ਤੋਂ ਪੰਜ ਦਿਰਮ ਤੱਕ ਅਤੇ ਜੋਸ਼ਾਂਦੇ ਵਿਚ 10 ਦਿਰਮ ਤੱਕ ਹੈ। ਆਉਲਾ ਤਿੱਲੀ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਦਾ ਸੋਧਕ ਸ਼ਹਿਦ ਤੇ ਬਾਲਛੜ ਹਨ। ਆਉਲੇ ਦੀ ਖ਼ੁਸਕੀ ਨੂੰ ਦੂਰ ਕਰਨ ਵਾਸਤੇ ਬਦਾਮ-ਰੋਗਨ ਵਰਤਣਾ ਚਾਹੀਦਾ ਹੈ। ਆਉਦਾ ਨੋਸ਼ ਦਾਰੂਆਂ, ਜਵਾਰਸ਼ਾਂ, ਗਲੀਆਂ, ਚੂਰਨਾਂ, ਜੋਸ਼ਾਂਦਿਆਂ, ਅਤਰੀਫ਼ਲਾਂ ਤੇ ਮਾਜੂਨਾਂ ਵਿਚ ਆਮ ਵਰਤਿਆ ਜਾਂਦਾ ਹੈ। ਇਸ ਤੋਂ ਸ਼ਰਾਬ ਵੀ ਬਣਦੀ ਹੈ। ਆਉਲੇ ਦਾ ਅਚਾਰ ਤੇ ਮੁਰੱਬਾ ਵੀ ਤਿਆਰ ਕੀਤਾ ਜਾਂਦਾ ਹੈ।
ਹ. ਪੁ.– ਮਖਜੁਨੁਲ ਅਦਵੀਆ-ਨੂਰ ਕਰੀਮ.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1150, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-20, ਹਵਾਲੇ/ਟਿੱਪਣੀਆਂ: no
ਆਉਲਾ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਆਉਲਾ : ਇਹ ਇਸੇ ਨਾਂ ਦੇ ਇਕ ਦਰਖ਼ਤ ਦਾ ਫਲ ਹੈ ਜਿਸ ਦਾ ਬਨਸਪਤੀ ਵਿਗਿਆਨਕ ਨਾਂ ਐਂਬਲਿਕਾ ਓਫੀਸੀਨੇਲਿਸ ਹੈ। ਇਸ ਦਾ ਸੁਆਦ ਬਕਬਕਾ ਅਤੇ ਖੱਟਾ ਹੁੰਦਾ ਹੈ। ਔਸ਼ਧੀਜਨਕ ਹੋਣ ਕਾਰਨ ਇਹ ਕਈ ਬੀਮਾਰੀਆਂ ਦਾ ਇਲਾਜ ਲਈ ਲਾਹੇਵੰਦ ਹੈ।
ਗਿਟਕ ਕੱਢ ਕੇ ਦੁੱਧ ਵਿਚ ਭਿਉਂ ਕੇ ਖੁਸ਼ਕ ਕੀਤਾ ਆਉਲਾ ਕਬਜ਼ ਵਾਸਤੇ ਬਹੁਤ ਗੁਣਕਾਰੀ ਸਿੱਧ ਹੁੰਦਾ ਹੈ । ਇਹ ਦੂਜੇ ਦਰਜੇ ਵਿਚ ਠੰਢਾ ਹੈ ਅਤੇ ਪਹਿਲੇ ਤੇ ਤੀਸਰੇ ਦਰਜੇ ਵਿਚ ਖੁਸ਼ਕ ਹੁੰਦਾ ਹੈ। ਬੇਰ ਦੇ ਆਟੇ ਤੇ ਦਹੀਂ ਦੇ ਪਾਣੀ ਨਾਲ ਆਉਲਾ ਖਾਣ ਤੇ ਪੁਰਾਣੇ ਦਸਤ ਰੁਕ ਜਾਂਦੇ ਹਨ। ਜੇ ਆਉਲੇ ਨੂੰ ਬਰੀਕ ਪੀਸ ਕੇ ਪਾਣੀ ਵਿਚ ਭਿਉਂ ਕੇ ਮੱਥੇ ਤੇ ਲੇਪ ਕੀਤਾ ਜਾਵੇ ਤਾਂ ਇਹ ਨਕਸੀਰ ਰੋਕਦਾ ਹੈ। ਮਹਿੰਦੀ ਨਾਲ ਆਉਲੇ ਦਾ ਕੀਤਾ ਖਿਸ਼ਾਂਦਾ ਵਾਲਾਂ ਨੂੰ ਕਾਲਾ ਕਰਦਾ ਹੈ। ਆਉਲੇ ਦਾ ਤੇਲ ਵੀ ਵਾਲਾਂ ਨੂੰ ਕਾਲੇ ਤੇ ਲੰਮੇ ਕਰਦਾ ਹੈ। ਆਉਲਾ ਨੋਸ਼ ਦਾਰੂਆਂ, ਜਵਾਰਸ਼ਾਂ, ਚੂਰਨਾਂ, ਜੋਸ਼ਾਦਿਆਂ , ਅਤਰੀਫ਼ਲਾਂ ਤੇ ਮਾਜੂਨਾਂ ਵਿਚੋ ਵਰਤਿਆ ਜਾਂਦਾ ਹੈ। ਇਸ ਵਿਚ ਵਿਟਾਮਿਨ 'ਸੀ' ਕਾਫ਼ੀ ਹੁੰਦਾ ਹੈ।
ਆਉਲਾ ਪੁਰਾਣੀ ਖਾਂਸੀ, ਮਾਸ-ਖੋਰਾ ਰੋਗ (ਸਕਰਵੀ), ਮਿਹਦੇ ਅਤੇ ਜਿਗਰ ਦੇ ਰੋਗ, ਬਵਾਸੀਰ, ਬਲਗ਼ਮ, ਅਧਰੰਗ, ਲਕਵਾ ਆਦਿ ਰੋਗਾਂ ਨੂੰ ਦੂਰ ਕਰਦਾ ਹੈ। ਦਿਲ, ਅੱਖਾਂ, ਦਿਮਾਗ਼ ਅਤੇ ਪੱਠਿਆਂ ਨੂੰ ਤਾਕਤ ਦਿੰਦਾ ਹੈ। ਆਉਲਾ ਤਿੱਲੀ ਨੂੰ ਨੁਕਸਾਨ ਪਹੁੰਚਾਉਦਾ ਹੈ। ਇਸ ਦੇ ਸੋਧਕ ਸ਼ਹਿਦ ਤੇ ਬਾਲਛੜ ਹਨ। ਆਉਲਾ ਅਚਾਰ ਅਤੇ ਮੁਰੱਬੇ ਦੇ ਰੂਪ ਵਿਚ ਵੀ ਵਰਤਿਆ ਜਾਂਦਾ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1011, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-31-03-00-40, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਵਿ. ਕੋ. 2 : 150. ਮ. ਕੋ. : 90; ਗ. ਇੰ. ਮ. ਪ. : 106
ਆਉਲਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਆਉਲਾ, ਸੰਸਕ੍ਰਿਤ / ਪੁਲਿੰਗ : ਇਕ ਬੂਟਾ ਅਤੇ ਉਹਦਾ ਖੱਟੇ ਸੁਆਦ ਵਾਲਾ ਫਲ ਜਿਸ ਨੂੰ ਦਵਾਈਆਂ ਵਿਚ ਵਰਤਦੇ ਹਨ ਤੇ ਕੱਚੇ ਦਾ ਅਚਾਰ ਪੈਂਦਾ ਹੈ, ਆਮਲਾ ਆਂਵਲਾ
–ਆਉਲੇ ਦੇ ਖਾਧੇ ਦਾ ਤੇ ਸਿਆਣੇ ਦੇ ਆਖੇਦਾ ਪਿੱਛੋਂ ਸੁਆਦ ਆਉਂਦਾ ਹੈ, ਅਖੌਤ : ਸਿਆਣੇ ਦੀ ਮੱਤ ਪਹਿਲੇ ਨਹੀਂ ਭਾਉਂਦੀ ਪਰ ਪਿੱਛੇ ਉਸ ਦਾ ਫਲ ਵੇਖ ਕੇ ਉਸ ਨੂੰ ਸਲਾਹੀਦਾ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 451, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-08-05-00-42, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First