ਆਤਸ਼ਕ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਆਤਸ਼ਕ (ਨਾਂ,ਪੁ) ਇਸਤਰੀ ਪੁਰਸ਼ ਦੇ ਗੁਪਤਾਂਗ ਦਾ ਇੱਕ ਰੋਗ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2804, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਆਤਸ਼ਕ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਆਤਸ਼ਕ [ਨਾਂਪੁ] ਔਰਤਾਂ ਅਤੇ ਮਰਦਾਂ ਦੇ ਗੁਪਤ ਅੰਗਾਂ ਦੀ ਇਕ ਬਿਮਾਰੀ , ਗਰਮੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2794, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਆਤਸ਼ਕ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਆਤਸ਼ਕ. ਦੇਖੋ, ਬਾਦ ਫਿਰੰਗ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2760, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no
ਆਤਸ਼ਕ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਆਤਸ਼ਕ (Syphilis) : ਇਸ ਰੋਗ ਬਾਰੇ ਇਤਿਹਾਸ ਸਪੱਸ਼ਟ ਨਹੀਂ। ਯੂਰਪ ਵਿਚ ਕੋਲੰਬਸ ਦੇ ਅਮਰੀਕਾ ਜਾਣ ਤੋਂ ਪਹਿਲਾਂ ਇਸ ਬੀਮਾਰੀ ਦਾ ਕੋਈ ਜ਼ਿਕਰ ਨਹੀਂ ਮਿਲਦਾ। ਕਿਹਾ ਜਾਂਦਾ ਹੈ ਕਿ ਕੋਲੰਬਸ ਦੇ ਅਮਰੀਕਾ ਤੋਂ ਯੂਰਪ ਮੁੜਨ ਮਗਰੋਂ ਇਸ ਬੀਮਾਰੀ ਦੇ ਕਈ ਕੇਸ ਬਹੁਤ ਸਾਰੇ ਯੂਰਪੀ ਮੁਲਕਾਂ ਵਿਚ ਹੋ ਗਏ। ਇਸ ਤੋਂ ਇਹ ਸਿੱਟਾ ਕੱਢਿਆ ਜਾਂਦਾ ਹੈ ਇਹ ਬੀਮਾਰੀ ਕੋਲੰਬਸ ਅਤੇ ਉਸ ਦੇ ਸਾਥੀਆਂ ਰਾਹੀਂ ਅਮਰੀਕਾ ਤੋਂ ਯੂਰਪ ਵਿਚ ਆਈ ਪਰ ਹਡਸਨ ਕਹਿੰਦਾ ਹੈ ਕਿ ਉਪਰੋਕਤ ਵਿਚਾਰਧਾਰਾ ਗ਼ਲਤ ਹੈ। ਉਸ ਦਾ ਕਹਿਣਾ ਹੈ ਕਿ ਕੋਲੰਬਸ ਦੇ ਅਮਰੀਕਾ ਜਾਣ ਤੋ਼ ਪਹਿਲਾਂ ਇਹ ਸਮਝਿਆ ਜਾਂਦਾ ਸੀ ਕਿ ਕੋੜ੍ਹ ਦੀ ਬੀਮਾਰੀ ਇਕ ਦੂਜੇ ਨਾਲ ਲੱਗਣ ਤੇ ਭੋਗ ਕਰਨ ਨਾਲ ਹੋ ਜਾਂਦੀ ਹੈ ਪਰ ਅਸਲ ਵਿਚ ਇਹ ਕੋੜ੍ਹ ਦੀ ਬੀਮਾਰੀ ‘ਆਤਸ਼ਕ’ ਹੀ ਸੀ। ਕੋਲੰਬਸ ਦੇ ਯੂਰਪ ਮੁੜ ਆਉਣ ਦੇ ਤਿੰਨ ਸੌ ਸਾਲ ਮਗਰੋਂ ਤੱਕ ਇਸ ਰੋਗ ਬਾਰੇ ਕਾਫ਼ੀ ਖੋਜ ਕੀਤੀ ਜਾਂਦੀ ਰਹੀ। ਸੰਨਾ 1934 ਵਿਚ ਪੋਟਾਸ਼ੀਅਮ ਆਇਉਡਾਈਡ ਦੀ ਵਰਤੋਂ ਕੀਤੀ ਗਈ। ਸੰਨ 1905 ਵਿਚ ਰੋਗ ਦੇ ਮੂਲ ਕਾਰਨ ਅਰਥਾਤ ਆਤਸ਼ਕ ਦੇ ਜਰਮ ਨੂੰ ਲੱਭਿਆ ਗਿਆ ਤੇ 1906 ਵਿਚ ਇਸ ਦੀ ਤਸੱਲੀਬਖ਼ਸ਼ ਪਛਾਣ ਲਈ ਖ਼ੂਨ ਨੂੰ ਟੈੱਸਟ ਕਰਨ ਦੀ ਇਕ ਖ਼ਾਸ ਵਿਧੀ ਲੱਭੀ ਗਈ ਜਿਸ ਨੂੰ ਵਾਸਰਮੈਨ ਟੈੱਸਟ ਕਹਿੰਦੇ ਹਨ। ਕਿਹਾ ਜਾਂਦਾ ਹੈ ਕਿ 1955 ਵਿਚ ਇਸ ਰੋਗ ਦੇ ਲਗਭਗ 2,00,00,000 ਕੇਸ ਸਾਰੀ ਦੁਨੀਆ ਵਿਚ ਸਨ ਤੇ ਡੈਨਮਾਰਕ, ਸਵਿਟਜ਼ਰਲੈਂਡ, ਕੈਨੇਡਾ, ਫ਼ਿਨਲੈਂਡ, ਫਰਾਂਸ, ਇਟਲੀ ਪੋਲੈਂਡ, ਇੰਗਲਿਸ਼ਤਾਨ ਤੇ ਅਮਰੀਕਾ ਵਿਚ ਇਹ ਰੋਗ ਅੱਗੇ ਨਾਲੋਂ ਕਾਫ਼ੀ ਘਟ ਗਿਆ ਹੈ ਪਰ ਅਫ਼ਰੀਕਾ ਤੇ ਏਸ਼ੀਆ ਦੇ ਦੇਸ਼ਾਂ ਵਿਚ ਇਸ ਉੱਤੇ ਸਫ਼ਲਤਾ ਨਾਲ ਕਾਬੂ ਨਹੀਂ ਪਾਇਆ ਜਾ ਸਕਿਆ।
ਆਤਸ਼ਕ ਸ਼ਬਦ ਫ਼ਾਰਸੀ ਦਾ ਹੈ ਜੋ ਆਤਿਸ਼ (–ਅੱਗ + –ਨਿਸਬਤੀ) ਤੋਂ ਬਣਿਆ ਹੈ। ਕਿਉਂਕਿ ਇਸ ਰੋਗ ਵਿਚ ਅੱਗ ਵਾਂਗ ਜਲਣ ਹੁੰਦੀਹੈ ਇਸ ਲਈ ਇਸ ਦਾ ਇਹ ਨਾਂ ਪੈ ਗਿਆ। ਇਸ ਬੀਮਾਰੀ ਦੇ ਯੂਰਪ ਵੱਲੋਂ ਆਉਣ ਕਾਰਨ ਇਸ ਨੂੰ ਬਾਦਿ–ਫ਼ਰੰਗ ਵੀ ਕਹਿੰਦੇ ਹਨ।
ਇਹ ਇਕ ਛੂਤ ਦਾ ਰੋਗ ਹੈ। ਇਸ ਦਾ ਕਾਰਨ ਇਕ ਕਿਸਮ ਦੇ ਜਰਾਸੀਮ ਹੁੰਦੇ ਹਨ ਜਿਨ੍ਹਾਂ ਦਾ ਪਤਾ ਜਰਮਨ ਦੇ ਇਕ ਖੋਜੀ ਡਾਕਟਰ ਐਫ਼. ਸਕਾਊਡੀਨ ਨੇ ਪਹਿਲੀ ਵਾਰ 1905 ਲਾਇਆ ਤੇ ਇਸ ਦਾ ਨਾਂ ਟ੍ਰੀਪੋਨੀਮਾ ਪੈਲੀਡਮ ਰਖਿਆ ਪਰ ਅੱਜਕਲ੍ਹ ਇਸ ਦਾ ਪ੍ਰਚਲਤ ਨਾਂ ਸਪਾਈਰੋਕੀਟਾ ਪੈਲੀਡਾ ਹੈ। ਇਹ ਜਰਾਸੀਮ ਇਕ ਸਰ੍ਹੋਂ ਦੇ ਦਾਣੇ ਵਰਗਾ ਅਤੇ ਬਹੁਤ ਬਾਰੀਕ ਹੁੰਦਾ ਹੈ ਜਿਸ ਦੀ ਲੰਬਾਈ 5 ਤੋਂ ਲੈ ਕੇ 25 ਮਾਈਕ੍ਰੋਨ ਤੱਕ ਹੁੰਦੀ ਹੈ।
ਇਹ ਰੋਗ ਕਿਸੇ ਰੋਗੀ ਮਰਦ ਜਾਂ ਤੀਵੀਂ ਨਾਲ ਭੋਗ ਕਰਨ ਤੇ ਹੀ ਲਗਦਾ ਹੈ। ਸਿਰਫ ਥੋੜ੍ਹੀ ਜਿਹੀ ਗਿਣਤੀ ਦੇ ਰੋਗੀਆਂ ਨੂੰ ਇਹ ਬੀਮਾਰੀ ਕਿਸੇ ਆਤਸ਼ਕ ਦੇ ਰੋਗੀ ਦੇ ਕਪੜੇ ਵਰਤਣ ਨਾਲ ਲਗਦੀ ਹੈ।
ਜਮਾਂਦਰੂ ਆਤਸ਼ਕ – ਜੇ ਜਨਮ ਲੈਣ ਵਾਲੇ ਬੱਚੇ ਦੇ ਮਾਂ, ਪਿਉ ਜਾਂ ਦੋਹਾਂ ਨੂੰ ਹੀ ਇਹ ਬੀਮਾਰੀ ਲੱਗੀ ਹੋਈ ਹੋਵੇ ਤਾਂ ਉਸ ਉੱਤੇ ਗਰਭ ਵਿਚ ਹੀ ਇਸ ਦਾ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ। ਗਰਭ ਵਿਚ ਇਹ ਰੋਗ ਮਾਂ ਤੋਂ ਬੱਚੇ ਨੂੰ ਔਲ ਦੇ ਰਾਹੀਂ ਜਾਂਦਾ ਹੈ। ਗਰਭ ਦੇ ਪਹਿਲੇ ਤਿੰਨ ਮਹੀਨੇ ਇਹ ਰੋਗ ਬੱਚੇ ਨੂੰ ਨਹੀਂ ਲਗਦਾ, ਉਸ ਤੋਂ ਮਗਰੋਂ ਹੀ ਲਗਦਾ ਹੈ। ਅੱਵਲ ਤਾਂ ਇਹ ਗਰਭ ਸਿਰੇ ਹੀ ਨਹੀਂ ਚੜ੍ਹਦਾ ਜਾਂ ਬੱਚੇ ਜੰਮਣ ਤੋਂ ਥੋੜ੍ਹੀ ਦੇਰ ਜਾਂ ਥੋੜ੍ਹੇ ਦਿਨਾਂ ਮਗਰੋਂ ਮਰ ਜਾਂਦੇ ਹਨ। ਇਸ ਦੇ ਪਿੱਛੇ ਚੌਥਾ ਜਾਂ ਪੰਜਵਾਂ ਬੱਚਾ ਬਚ ਤਾਂ ਜਾਂਦਾ ਹੈ ਪਰ ਰੋਗ ਜੰਮਦੇ ਬੱਚੇ ਉੱਤੇ ਹੀ ਆਪਣਾ ਅਸਰ ਕਰ ਦਿੰਦਾ ਹੈ।
ਨਿਸ਼ਾਨੀਆਂ ਅਤੇ ਅਲਾਮਤਾਂ ਨੂੰ ਅਸੀਂ ਤਿੰਨਾਂ ਭਾਗਾਂ ਵਿਚ ਵੰਡ ਸਕਦੇ ਹਾਂ : (1) ਜਲਦੀ ਜ਼ਾਹਰ ਹੋ ਜਾਣ ਵਾਲੀਆਂ (2) ਦੇਰ ਨਾਲ ਜ਼ਾਹਰ ਹੋਣ ਵਾਲੀਆਂ ਅਤੇ (3) ਬੀਮਾਰੀ ਦੇ ਰਹਿਣ ਵਾਲੇ ਨਿਸ਼ਾਨ ਜਾਂ ਦਾਗ਼
-
ਸ਼ੁਰੂ ਵਿਚ ਬੀਮਾਰੀ ਦੇ ਲੱਛਣ ਛੂਤ ਵਾਲੇ ਹੁੰਦੇ ਹਨ ਅਤੇ ਜਵਾਨ ਪੁਰਸ਼ ਵਿਚ ਸਹੇੜੇ ਹੋਏ ਰੋਗ ਦੀ ਦੂਜੀ ਸਟੇਜ ਨਾਲ ਮਿਲਦੇ ਜੁਲਦੇ ਹਨ।
-
ਦੇਰ ਨਾਲ ਜ਼ਹਰ ਹੋਣ ਵਾਲੇ ਲੱਛਣ ਗੁਮਾਟਸ ਕਿਸਮ ਦੇ ਹੁੰਦੇ ਹਨ ਅਤੇ ਸਹੇੜੇ ਹੋਏ ਰੋਗ ਦੀ ਤੀਸਰੀ ਸਟਜ ਨਾਲ ਮਿਲਦੇ ਜੁਲਦੇ ਹਨ।
-
ਦਾਗ਼ ਤੇ ਰਹਿਣ ਵਾਲੇ ਨਿਸ਼ਾਨਾਂ ਵਿਚ ਫਿਸਿਆ ਹੋਇਆ ਨੱਕ, ਤਾਲੂ ਦੀ ਹੱਡੀ ਵਿਚ ਛੇਕ, ਮੂੰਹ ਦੇ ਅੰਦਰ ਸੜੇ ਹੋਏ ਮਾਸ ਦੇ ਨਿਸ਼ਾਨ, ਅੱਖ ਦੇ ਕਾਰਨੀਆ ਵਿਚ ਚਿੱਟੇ ਦਾਗ਼, ਸਥਾਈ ਦੰਦਾਂ ਵਿਚੋਂ ਉੱਪਰਲੇ ਮਖ਼ਲੇ ਦੰਦਾਂ ਦੇ ਕੱਟਣ ਵਾਲੇ ਕੰਢੇ ਤੇ ਚੰਦ ਦੀ ਸ਼ਕਲ ਵਾਲੀ ਕਾਟ (Hutchinson's teeth) ਬਣਨਾ ਅਤੇ ਕਈ ਹੱਡੀਆਂ ਦੀਆਂ ਸ਼ਕਲਾਂ ਵਿਗੜਨਾ ਸ਼ਾਮਲ ਹਨ। ਤਾਲੂ ਵਿਚ ਛੇਕ ਹੋਣ ਦੇ ਕਾਰਨ ਅਜਿਹਾ ਬੱਚਾ ਦੁੱਧ ਵੀ ਨਹੀਂ ਚੁੰਘ ਸਕਦਾ। ਇਸ ਦੇ ਮਗਰੋਂ ਜੰਮਣ ਵਾਲੇ ਬੱਚਿਆਂ ਉੱਤੇ ਇਸ ਰੋਗ ਦਾ ਅਸਰ ਘਟਦਾ ਜਾਂਦਾ ਹੈ ਪਰ ਇਨ੍ਹਾਂ ਨੂੰ ਵੀ ਵਡੇਰੀ ਉਮਰ ਵਿਚ ਜਾ ਕੇ ਸਾਧਾਰਨ ਪੈਰੇਸਿਸ ਤੇ ਟੇਬਜ਼ ਡੋਰਸੈਲਿਸ ਵਰਗੀਆਂ ਦਿਮਾਗ਼ੀ ਤੇ ਕੇਂਦਰੀ ਨਾੜੀ–ਪ੍ਰਣਾਲੀ ਦੀਆਂ ਕਈ ਬੀਮਾਰੀਆਂ ਲੱਗ ਜਾਂਦੀਆਂ ਹਨ।
ਸਹੇੜਿਆਂ ਹੋਇਆ ਆਤਸ਼ਕ – ਇਸ ਭਿਆਨਕ ਰੋਗ ਦੇ ਕਾਰਨ ਰੋਗੀ ਦਾ ਹਰ ਅੰਗ ਤੇ ਹਰ ਹਿੱਸਾ ਇਸ ਦੀ ਮਾਰ ਵਿਚ ਆ ਜਾਂਦਾ ਹੈ ਤੇ ਰੋਗੀ ਉਮਰ ਭਰ ਕਾਫ਼ੀ ਦੁੱਖ ਉਠਾਉਂਦਾਹੈ। ਆਤਸ਼ਕ ਦਾ ਰੋਗੀ ਸਮਾਜ ਦੀਆਂ ਨਜ਼ਰਾਂ ਵਿਚੋਂ ਗਿਰ ਜਾਂਦਾ ਹੈ। ਇਸ ਨਮੋਸ਼ੀ ਤੋਂ ਬਚਣ ਲਈ ਰੋਗ ਨੂੰ ਲੁਕਾਉਣ ਦਾ ਜਤਨ ਕਰਦਾ ਰਹਿੰਦਾ ਹੈ। ਇਸ ਲਈ ਇਲਾਜ ਵੀ ਲੁਕ ਛਿਪ ਕੇ ਹੀ ਕਰਾਉਂਦਾ ਹਿੈ ਪਰ ਅਧੂਰਾ ਤੇ ਠੀਕ ਇਲਾਜ ਨਾ ਹੋਣ ਦੇ ਕਾਰਨ ਰੋਗ ਠੀਕ ਨਹੀਂ ਹੁੰਦਾ ਤੇ ਹੌਲੀ ਹੌਲੀ ਰੋਗ ਦਾ ਅਸਰ ਅੰਡਕੋਸ਼ਾਂ ਤੇ ਪਤਾਲੂਆਂ ਉੱਤੇ ਵੀ ਹੋ ਜਾਂਦਾ ਹੈ। ਇਸ ਤਰ੍ਹਾਂ ਇਹ ਰੋਗ ਅੱਗੋਂ ਹੋਣ ਵਾਲੇ ਬੱਚਿਆਂ ਨੂੰ ਵੀ ਆਪਣੀ ਪਕੜ ਵਿਚ ਲੈ ਲੈਂਦਾ ਹੈ। ਇਸ ਰੋਗ ਦੀ ਇਕ ਅਨੋਖੀ ਗੱਲ ਇਹ ਹੈ ਕਿ ਇਸ ਦੇ ਸਾਰੇ ਹੀ ਚਿੰਨ੍ਹ ਦਰਦ ਨਹੀਂ ਕਰਦੇ ਤੇ ਇਹ ਗੱਲ ਜਿਥੇ ਰੋਗੀ ਨੂੰ ਰੋਗ ਦੇ ਲੁਕਾਉਣ ਵਿਚ ਸਹਾਇਕ ਹੁੰਦੀ ਹੈ ਉਥੇ ਪੂਰੀ ਤਰ੍ਹਾਂ ਠੀਕ ਨਾ ਹੋਣ ਦਾ ਕਾਰਨ ਵੀ ਬਣਦੀ ਹੈ।
ਅਲਾਮਤਾਂ – ਆਤਸ਼ਕ ਦੇ ਜਰਾਸੀਮ ਸਰੀਰ ਵਿਚ ਦਾਖ਼ਲ ਹੋਣ ਤੇ ਪਹਿਲੀ ਨਿਸ਼ਾਨੀ ਦਿਸਣ ਵਿਚ ਘੱਟ ਤੋਂ ਘੱਟ ਦਸ ਦਿਨ ਤੇ ਵੱਧ ਤੋਂ ਵੱਧ 90 ਦਿਨ, ਪਰ ਆਮ ਤੌਰ ਤੇ ਚਾਰ ਤੋਂ ਪੰਜਾ ਹਫ਼ਤੇ ਦਾ ਸਮਾਂ ਲਗਦਾ ਹੈ; ਇਸ ਸਮੇਂ ਨੂੰ ਇਨਕਿਊਬੇਸ਼ਨ ਪੀਰੀਅਡ ਕਹਿੰਦੇ ਹਨ। ਜਿਸ ਥਾਂ ਜਰਾਸੀਮ ਦਾਖ਼ਲ ਹੋ ਜਾਂਦੇ ਹਨ ਉਸ ਥਾਂ ਤੇ ਇਕ ਲਾਲ ਜਿਹੀ ਗੁਮੜੀ ਬਣ ਜਾਂਦੀ ਹੈ ਜਿਹੜੀ ਫਟ ਕੇ ਜ਼ਖ਼ਮ ਬਣ ਜਾਂਦੀ ਹੈ। ਇਹ ਜ਼ਖ਼ਮ ਲਗਭਗ ਇਕ ਸੈਂ.ਮੀ. ਜਿੰਨਾ ਹੁੰਦਾ ਹੈ। ਇਸਦਾ ਵਿਚਲਾ ਹਿੱਸਾ ਗਲਿਆ ਹੋਇਆ ਨਜ਼ਰ ਆਉਂਦਾ ਹੈ ਪਰ ਆਸੇ ਪਾਸੇ ਦਾ ਹਿੱਸਾ ਕਰੜਾ ਹੋ ਜਾਂਦਾ ਹੈ। ਇਸ ਕਰੜਾਈ ਤੋਂ ਇਸ ਦੀ ਪਛਾਣ ਵਿਚ ਮਦਦ ਮਿਲਦੀ ਹੈ। ਇਸ ਨੂੰ ਖੁਰਚਿਆ ਵੀ ਜਾਏ ਤਾਂ ਖ਼ੂਨ ਨਹੀਂ ਨਿਕਲਦਾ ਤੇ ਇਸ ਦੀ ਥਾਂ ਮੈਲਾ ਜਿਹਾ ਪਾਣੀ ਨਿਕਲਦਾ ਹੈ। ਇਸ ਵਿਚ ਆਤਸ਼ਕ ਦੇ ਬਹੁਤ ਸਾਰੇ ਜਰਾਸੀਮ ਹੁੰਦੇ ਹਨ ਜੋ ਰੋਗ ਨੂੰ ਫੈਲਾਉਣ ਦਾ ਕਾਰਨ ਬਣਦੇ ਹਨ। ਮਰਦ ਨੂੰ ਇਹ ਜ਼ਖ਼ਮ ਇੰਦਰੀ ਦੀ ਸੁਪਾਰੀ ਦੇ ਆਸੇ ਪਾਸੇ ਜਾਂ ਉਸ ਦੀ ਚਮੜੀ ਦੇ ਹੇਠ੍ਹਾਂ ਤੇ ਔਰਤ ਦੀ ਯੋਨੀ ਦੇ ਬੁਲ੍ਹਾਂ ਦੇ ਅੰਦਰ ਵਲ ਹੋ ਜਾਂਦੇ ਹਨ। ਇਨ੍ਹਾਂ ਥਾਵਾਂ ਤੇ ਜ਼ਖ਼ਮ ਉਦੋਂ ਹੁੰਦੇ ਹਨ ਜਦੋਂ ਇਹ ਰੋਗ ਭੋਗ ਕਰਨ ਦੇ ਕਾਰਨ ਲੱਗੇ ਪਰ ਜੇ ਰੋਗ ਕਿਸੇ ਛੂਤ ਵਾਲੇ ਰੋਗੀ ਦੇ ਕਪੜਿਆਂ ਵਰਤਣ ਨਾਲ ਜਾਂ ਚੁੰਮੀ ਲੈਣ ਨਾਲ ਲੱਗੇ ਤਾਂ ਜ਼ਖ਼ਮ ਆਮ ਤੌਰ ਤੇ ਮੂੰਹ ਜਾਂ ਬੁੱਲਾਂ ਉੱਤੇ ਹੋ ਜਾਂਦੇ ਹਨ। ਇਸ ਦਾ ਜ਼ਖ਼ਮ ਇੰਨਾਂ ਮਾਮੂਲੀ ਜਿਹਾ ਵੀ ਹੋ ਸਕਦਾ ਹੈ ਜਿਸ ਦਾ ਪਤਾ ਵੀ ਨਾ ਲੱਗੇ। ਜਿਹੜੇ ਰੋਗੀ ਠੀਕ ਤਰ੍ਹਾਂ ਇਲਾਜ ਨਾ ਵੀ ਕਰਵਾਉਣ ਤਾਂ ਆਮ ਤੌਰ ਤੇ ਇਹ ਜ਼ਖ਼ਮ ਇਕ ਮਹੀਨੇ ਤੱਕ ਰਹਿੰਦਾ ਹੈ ਤੇ ਜੇ ਪੀਕ ਵਾਲੇ ਜਰਾਸੀਮ ਪੈ ਕੇ ਜ਼ਖ਼ਮ ਗੰਦਾ ਨਾ ਹੋਵੇ ਤਾਂ ਕੋਈ ਬਹੁਤੀ ਤਕਲੀਫ਼ ਵੀ ਨਹੀਂ ਹੁੰਦੀ। ਜ਼ਖ਼ਮ ਦੇ ਨਾਲ ਨਾਲ ਉਹ ਗਦੂਦਾਂ ਜਿਨ੍ਹਾਂ ਵਿਚ ਇਨ੍ਹਾਂ ਹਿੱਸਿਆਂ ਦਾ ਰਸ ਜਾਂਦਾ ਹੈ, ਵਧ ਜਾਂਦੀਆਂ ਹਨ। ਇਸ ਜ਼ਖ਼ਮ ਦੇ ਆਮ ਕਰਕੇ ਜਣਨ–ਇੰਦਰੀਆਂ ਉੱਤੇ ਹੋਣ ਦੇ ਕਾਰਨ ਚੱਡਿਆਂ ਦੀਆਂ ਗਦੂਦਾਂ (inguinal glands) ਉੱਤੇ ਇਸ ਦਾ ਅਸਰ ਫੌਰਨ ਹੁੰਦਾ ਹੈ। ਭਾਵੇਂ ਇਹ ਗਦੂਦਾਂ ਕਾਫ਼ੀ ਮੋਟੀਆਂ ਹੋ ਜਾਂਦੀਆਂ ਹਨ ਪਰ ਨਾ ਤਾਂ ਇਹ ਦਰਦ ਕਰਦੀਆਂ ਹਨ ਤੇ ਨਾ ਹੀ ਪੱਕਦੀਆਂ ਹਨ। ਇਨ੍ਹਾਂ ਤੋਂ ਆਤਸ਼ਕ ਦੀ ਤਸ਼ਖ਼ੀਸ਼ ਵਿਚ ਕਾਫ਼ੀ ਮਦਦ ਮਿਲਦੀ ਹੈ ਪਰ ਜੇ ਜ਼ਖ਼ਮ ਵਿਚ ਪੀਕ ਦੇ ਜਰਾਸੀਮ ਪੈ ਜਾਣ ਤਾਂ ਫਿਰ ਗਦੂਦਾਂ ਵਿਚ ਵੀ ਪੀਕ ਪੈ ਜਾਂਦੀ ਹੈ ਜਿਹੜੀ ਆੱਪਰੇਸ਼ਨ ਨਾਲ ਕੱਢਣੀ ਪੈਂਦੀ ਹੈ। ਆਤਸ਼ਕ ਕਾਰਨ ਸੜੀਆਂ ਹੋਈਆਂ ਗਦੂਦਾਂ ਬਗ਼ੈਰ ਕਿਸੇ ਬਹੁਤੀ ਤਕਲੀਫ ਦੇ ਠੀਕ ਹੋ ਜਾਂਦੀਆਂ ਹਨ। ਇਸ ਜ਼ਖ਼ਮ ਵਾਲੀ ਸਟੇਜ ਨੂੰ ਮੁੱਢਲੀ ਸਟੇਜ ਕਿਹਾ ਜਾਂਦਾ ਹੈ।
ਦੂਜੀ ਸਟੇਜ ਵਿਚ ਜ਼ਖ਼ਮ ਹੋਣ ਦੇ ਤਿੰਨ ਜਾਂ ਚਾਰ ਹਫ਼ਤੇ ਮਗਰੋਂ ਸਾਰੇ ਜਿਸਮ ਉੱਤੇ ਹਲਕੇ ਗੁਲਾਬੀ ਰੰਗ ਦੇ ਮਟਰ ਦੇ ਛੋਟੇ ਦਾਣੇ ਤੋਂ ਲੈ ਕੇ ਛੋਟੀ ਉਂਗਲੀ ਦੇ ਨਹੁੰ ਜਿੰਨੇ ਦਾਣੇ ਨਿਕਲ ਆਉਂਦੇ ਹਨ। ਇਹ ਆਮ ਤੌਰ ਤੇ ਢਿੱਡ ਅਤੇ ਛਾਤੀ ਤੋਂ ਸ਼ੁਰੂ ਹੁੰਦੇ ਹਨ। ਇਹ ਦਾਣੇ ਮੂੰਹ ਤੇ ਨਹੀਂ ਨਿਕਲਦੇ। ਕੁਝ ਹਫ਼ਤਿਆਂ ਵਿਚ ਇਹ ਦਾਣੇ ਪਿੰਡੇ ਉੱਤੇ ਕੋਈ ਨਿਸ਼ਾਨ ਛੱਡੇ ਬਗ਼ੈਰ ਮੁੜ ਜਾਂਦੇ ਹਨ ਪਰ ਥੋੜ੍ਹੇ ਚਿਰ ਮਗਰੋਂ ਰੋਗਦੀ ਚਮੜੀ ਦੇ ਰੰਗ ਵਿਚ ਤਬਦੀਲੀ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਛੋਟੀ ਉਂਗਲ ਦੇ ਸਿਰੇ ਜਿੰਨੇ ਗੰਦੇ ਸਫ਼ੈਦ ਰੰਗ ਦੇ ਦਾਗ਼ ਜਿਹੇ ਗਰਦਨ ਦੇ ਆਸੇ ਪਾਸੇ ਨਜ਼ਰ ਆਉਣ ਲਗ ਪੈਂਦੇ ਹਨ। ਇਸ ਦੇ ਮਗਰੋਂ ਭੱਦੇ ਜਿਹੇ ਤੇ ਲਾਲ ਰੰਗ ਦੇ ਗੁੰਬਦ ਵਰਗੇ ਛਾਲੇ ਧੜ, ਬਾਹਾਂ ਅਤੇਮੂੰਹ ਉੱਤੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ। ਇਹ ਕਈ ਤਰ੍ਹਾਂ ਦੇ ਰੂਪਾਂ ਵਿਚ ਨਿਕਲਦੇ ਹਨ ਜਿਵੇਂ ਕਿ ਪੀਕ ਤੇ ਖਰੀਂਢ ਵਾਲਾ (papula-syuamous), ਖਰੀਂਢ ਵਾਲਾ (squamous), ਪੀਕਦਾਰ ਛਾਲਾ (papulo-pustular) ਤੇ ਪੀਕ ਵਾਲਾ ਨੰਗਾ ਹੋਇਆ ਛਾਲਾ (pustular)। ਕਈ ਥਾਵਾਂ ਤੇ ਜਿਵੇਂ ਕਿ ਅੰਡਕੋਸ਼ ਦੀ ਥੈਲੀ ਦੇ ਬਾਹਰਲੇ ਪਾਸੇ, ਇਹ ਛਾਲੇ ਖ਼ਾਸ ਢੰਗ ਵਿਚ ਨਿਕਲਦੇ ਹਨ ਜਿਸ ਨਾਲ ਇਹ ਕਹਿਣਾ ਸੌਖਾ ਹੋ ਜਾਂਦਾ ਹੈ ਕਿ ਇਹ ਛਾਲੇ ਯਕੀਨੀ ਹੀ ਆਤਸ਼ਕ ਦੇ ਹਨ। ਕਈ ਥਾਵਾਂ ਤੇ ਤਾਂ ਬਹੁਤ ਸਾਰੇ ਦਾਣੇ ਇਕੋ ਥਾਂ ਹੀ ਨਿਕਲ ਆਉਂਦੇ ਹਨ। ਜਿਸ ਕਰਕੇ ਉਸ ਦੀ ਥਾਂ ਦੀ ਚਮੜੀ ਫੱਟ ਜਾਂਦੀ ਹੈ ਤੇ ਉਸ ਥਾਂ ਤੋਂ ਗੰਦਾ ਜਿਹਾ ਪਾਣੀ ਰਿਸਦਾ ਰਹਿੰਦਾ ਹੈ, ਨਹੁੰਆਂ ਦੀ ਚਮਕ ਘੱਟ ਜਾਂਦੀ ਹੈ, ਬੁਲ੍ਹਾਂ ਦੇ ਅੰਦਰ, ਕਾਂ ਦੇ ਆਸੇ ਪਾਸੇ ਤੇ ਗਲੇ ਵਿਚ ਵੀ ਇਹ ਛਾਲੇ ਨਿਕਲ ਆਉਂਦੇ ਹਨ ਜਿਹੜੇ ਵਿਚੋਂ ਤਾਂ ਸਫ਼ੈਦ ਗੰਦੇ ਰੰਗ ਦੇ ਹੁੰਦੇ ਹਨ ਪਰ ਇਨ੍ਹਾਂ ਦੇ ਆਸੇ ਪਾਸੇ ਇਕ ਸੁਰਖ਼ੀ ਦਾ ਚੱਕਰ ਜਿਹਾ ਹੁੰਦਾ ਹੈ। ਵਾਲ ਝੜ ਜਾਂਦੇ ਹਨਟ ਤੇ ਸਿਰ ਇਉਂ ਮਾਲੂਮ ਹੁੰਦਾ ਹੈ ਜਿਉਂ ਚੂਹਿਆਂ ਦਾ ਖਾਧਾ ਹੋਇਆ ਹੋਵੇ। ਇਸ ਸਟੇਜ ਵਿਚ ਜੋੜਾਂ ਉੱਤੇ ਤਾਂ ਇਸ ਰੋਗ ਦਾ ਅਸਰ ਨਹੀਂ ਹੁੰਦਾ ਪਰ ਹੱਡੀਆਂ ਦੀ ਉਤਲੀ ਝਿੱਲੀ ਸੁੱਜ ਜਾਂਦੀ ਹੈ। ਕਈ ਰੋਗੀਆਂ ਵਿਚ ਤਾਂ ਇਹੋ ਜਿਹੀਆਂ ਅਲਾਮਤਾਂ ਛੇ ਸੱਤਾਂ ਮਹੀਨਿਆਂ ਵਿਚ ਹੀ ਨਜ਼ਰ ਆਉਣ ਲਗ ਪੈਂਦੀਆਂ ਹਨ ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਕੇਂਦਰੀ ਨਾੜੀ–ਪ੍ਰਣਾਲੀ ਵੀ ਰੋਗ ਦੀ ਮਾਰ ਵਿਚ ਆ ਗਈ ਹੈ। ਮੁੱਢਲੀ ਸਟੇਜ ਵਿਚ ਥੋੜ੍ਹਾ ਥੋੜ੍ਹਾ ਬੁਖ਼ਾਰ ਵੀ ਹੋ ਜਾਂਦਾ ਹੈ ਤੇ ਲੱਤਾਂ ਵਿਚ ਦਰਦ ਵੀ ਹੁੰਦੀ ਰਹਿੰਦੀ ਹੈ ਤੇ ਇਸ ਸਟੇਜ ਦੇ ਅਖ਼ੀਰ ਵਿਚ ਬੁਖ਼ਾਰ ਕਦੀ ਘੱਟ, ਕਦੀ ਜ਼ਿਆਦਾ ਅਰਥਾਤ ਬੇਤਰਤੀਬਾ ਜਿਹਾ ਚੜ੍ਹਦਾ ਹੈ। ਦੂਜੀ ਸਟੇਜ ਵਿਚ ਵੀ ਮਾਮੂਲੀ ਜਿਹਾ ਬੁਖ਼ਾਰ ਰਹਿੰਦਾ ਹੈ ਪਰ ਇਸ ਸਟੇਜ ਵਿਚ ਕਿਸੇ ਕਿਸੇ ਪੱਠੇ ਵਿਚ ਥੋੜ੍ਹੀ ਦੇਰ ਲਈ ਇਸ ਤਰ੍ਹਾਂ ਦੀ ਜ਼ੋਰ ਦੀ ਪੀੜ ਹੁੰਦੀ ਹੈ ਜਿਸ ਤਰ੍ਹਾਂ ਬਿਜਲੀ ਦਾ ਕਰੰਟ ਪੱਠੇ ਵਿੱਚੋਂ ਲੰਘ ਗਿਆ ਹੋਵੇ। ਖ਼ੂਨ ਵੀ ਪਤਲਾ ਪੈ ਜਾਂਦਾ ਹੈ ਪਰ ਇਸ ਰੋਗ ਦਾ ਵਧੇਰਾ ਅਸਰ ਆਮ ਤੌਰ ਤੇ ਖ਼ੂਨ ਵਿਚਲੇ ਸੁਰਖ਼ੀ ਵਾਲੇ ਅੰਸ਼ ਅਰਥਾਤ ਹੀਮਗਲੋਬਿਨ ਉੱਤੇ ਪੈਂਦਾ ਹੈ। ਖ਼ੂਨ ਦੇ ਸਫ਼ੈਦ ਸੈੱਲ ਗਿਣਤੀ ਵਿਚ 20,000 ਤੱਕ ਵਧ ਜਾਂਦੇ ਹਨ।
ਤੀਜੀ ਸਟੇਜ ਅਤੇ ਦੂਜੀ ਸਟੇਜ ਦੇ ਵਿਚਕਾਰ ਕੋਈ ਵਧੇਰਾ ਫ਼ਰਕ ਨਹੀਂ ਲਗਦਾ ਤੇ ਇਨ੍ਹਾਂ ਦੋਹਾਂ ਨੂੰ ਵੱਖ ਵੱਖ ਕਰਨਾ ਵੀ ਔਖਾ ਹੋ ਜਾਂਦਾ ਹੈ। ਇਸ ਸਟੇਜ ਵਿਚ ਕਈ ਛਾਲੇ ਇਕੋ ਥਾਂ ਇਕੱਠੇ ਨਿਕਲ ਆਉਂਦੇ ਹਨ ਤੇ ਇਨ੍ਹਾਂ ਦੀ ਗਲਣ ਅਤੇ ਫੁੱਟਣ ਦੀ ਰੁਚੀ ਵਧ ਜਾਂਦੀ ਹੈ। ਇਹ ਚਮੜੀ ਦੇ ਥੱਲਵੇਂ ਹਿੱਸੇ ਵਿਚ, ਪੱਠਿਆਂ ਅਤੇ ਹੱਡੀਆਂ ਉੱਤੇ, ਜੋੜਾਂ ਵਿਚ, ਅੰਡਕੋਸ਼ ਤੇ ਪਤਾਲੂਆਂ ਅੰਦਰ, ਮੂੰਹ ਵਿਚ, ਗਲੇ ਵਿਚ, ਜੀਭ ਅਤੇ ਜਿਗਰ ਉੱਤੇ ਵੀ ਹੋ ਜਾਂਦੇ ਹਨ। ਦਿਮਾਗ਼ ਵੀ ਇਸ ਰੋਗ ਦੀ ਲਪੇਟ ਵਿਚ ਆ ਜਾਂਦਾ ਹੈ।
ਇਲਾਜ – ਇਸ ਰੋਗ ਦੇ ਇਲਾਜ ਵਿਚ ਸੰਖੀਆ, ਪਾਰਾ, ਬਿਸਮਥ ਅਤੇ ਆਇਉਡੀਨ ਤੋਂ ਬਣੀਆਂ ਦਵਾਈਆਂ ਦਾ ਬਹੁਤ ਹੱਥ ਹੈ। ਅੱਜਕੱਲ੍ਹ ਇਸ ਦੇ ਇਲਾਜ ਵਿਚ ਪੈਨਸਲੀਨ ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਇਸ ਗੁੰਝਲਦਾਰ ਰੋਗ ਦੇ ਜਰਾਸੀਮਾਂ ਨੂੰ ਲੱਭਣ ਲਈ ਰੋਗੀ ਦੇ ਖ਼ੂਨ ਦਾ ਇਕ ਖ਼ਾਸ ਟੈਸੱਟ ਕੀਤਾ ਜਾਂਦਾ ਹੈ, ਜਿਸ ਨੂੰ ਕਾਨ੍ਹ ਟੈੱਸਟ ਕਹਿੰਦੇ ਹਨ। ਇਲਾਜ ਦੇ ਨਾਲ ਨਾਲ ਇਹ ਟੈੱਸਟ ਕਰਾਉਣਾ ਵੀ ਬਹੁਤ ਜ਼ਰੂਰੀ ਹੈ। ਓਨੀ ਦੇਰ ਰੋਗੀ ਨੂੰ ਠੀਕ ਹੋਇਆ ਨਹੀਂ ਸਮਝਣਾ ਚਾਹੀਦਾ ਜਿੰਨਾ ਚਿਰ ਛੇ–ਛੇ ਮਹੀਨਿਆਂ ਮਗਰੋਂ ਕੀਤੇ ਗਏ ਤਿੰਨ, ਕਾਨ੍ਹ ਟੈਸੱਆਂ ਵਿਚ ਆਤਸ਼ਕ ਦੀ ਅਣਹੋਂਦ ਸਾਬਤ ਨਾ ਹੋ ਜਾਵੇ।
ਆਤਸ਼ਕ ਦੀ ਰੋਕਥਾਮ – ਹਰ ਦੇਸ਼ ਵਿਚ ਤੇ ਖ਼ਾਸ ਕਰਕੇ ਭਾਰਤ ਵਿਚ ਆਤਸ਼ਕ ਦੇ ਰੋਗੀਆਂ ਨੂੰ ਸਮਾਜ ਬੁਰੀ ਨਜ਼ਰ ਨਾਲ ਵੇਖਦਾ ਹੈ ਤੇ ਸ਼ਾਇਦ ਇਹ ਗੱਲ ਹੀ ਇਸ ਰੋਗ ਦੇ ਵਧਣ ਫੈਲਣ ਤੇ ਕਈਆਂ ਰੋਗੀਆਂ ਦੀ ਜ਼ਿੰਦਗੀ ਦੀ ਬਰਬਾਦੀ ਦਾ ਕਾਰਨ ਹੈ। ਕਾਮ–ਚੇਸ਼ਟਾ ਇਕ ਅਜਿਹੀ ਚੀਜ਼ ਹੈ ਜਿਸ ਉਤੇ ਹਰ ਕਿਸੇ ਦਾ ਕਾਬੂ ਪਾ ਲੈਣਾ ਬਹੁਤ ਔਖਾ ਕੰਮ ਹੈ। ਦੂਜੀ ਵੱਡੀ ਲੜਾਈ ਵਿਚ ਜਵਾਨਾਂ ਦੀ ਇਕ ਕਮਜ਼ੋਰੀ ਨੂੰ ਮਹਿਸੂਸ ਕਰਦਿਆਂ ਹੋਇਆਂ ਫ਼ੌਜ ਦੇ ਅਧਿਕਾਰੀਆਂ ਨੇ ਇਹੋ ਜਿਹੇ ਪ੍ਰਬੰਧ ਕੀਤੇ ਜਿਨ੍ਹਾਂ ਨਾਲ ਇਹ ਰੋਗ ਜਵਾਨਾਂ ਨੂੰ ਨਾ ਲੱਗੇ। ਹਰ ਯੂਨਿਟ ਵਿਚ ਇਕ ਵੱਖਰਾ ਤੰਬੂ ਲੱਗਾ ਹੁੰਦਾ ਸੀ ਜਿਸ ਵਿਚ ਇਹੋ ਜਿਹੀਆਂ ਦਵਾਈਆਂ ਰੱਖ ਦਿੱਤੀਆਂ ਜਾਂਦੀਆਂ ਸਨ ਜਿਨ੍ਹਾਂ ਨੂੰ ਜਵਾਨ ਕੈਂਪ ਤੋਂ ਬਾਹਰ ਜਾਣ ਤੋਂ ਪਹਿਲੋਂ ਤੇ ਬਾਜ਼ਾਰੋਂ ਹੋ ਆਉਣ ਤੋਂ ਮਗਰੋਂ ਪਹਿਲਾਂ ਹੀ ਦੱਸੇ ਤਰੀਕੇ ਨਾਲ ਵਰਤ ਲੈਂਦੇ ਸਨ।
ਲੇਖਕ : ਡਾ. ਸੀ.ਐਲ. ਸ਼ਰਮਾ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2162, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-20, ਹਵਾਲੇ/ਟਿੱਪਣੀਆਂ: no
ਆਤਸ਼ਕ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਆਤਸ਼ਕ, (ਫ਼ਾਰਸੀ) / ਪੁਲਿੰਗ : ਇਸਤਰੀ ਮਰਦ ਦੇ ਗੁਪਤ ਅੰਗਾਂ ਦੀ ਬੀਮਾਰੀ, ਬਾਦਫਰੰਗ, ਗਰਮੀ, ਸਿਫਲਿਸ
–ਆਤਸ਼ਕੀਆ, ਵਿਸ਼ੇਸ਼ਣ / ਪੁਲਿੰਗ : ਜਿਸ ਨੂੰ ਆਤਸ਼ਕ ਹੋ ਗਿਆ ਹੋਵੇ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 769, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-13-10-47-47, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First