ਆਯੂ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਆਯੂ (ਨਾਂ,ਇ)ਉਮਰ; ਜੀਵਨ ਅਵਧੀ; ਆਰਬਲਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6067, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਆਯੂ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਆਯੂ [ਨਾਂਇ] ਉਮਰ , ਜੀਵਨ-ਕਾਲ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6058, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਆਯੂ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਆਯੂ : ਜੀਵਨ ਦੇ ਸਮੇਂ ਨੂੰ ਆਯੂ ਜਾਂ ਉਮਰ ਕਹਿੰਦੇ ਹਨ। ਵੱਖ ਵੱਖ ਜੀਵਾਂ ਦੀਆਂ ਉਮਰਾਂ ਵਿਚ ਬੜਾ ਫ਼ਰਕ ਹੈ। ਇਕ ਕਿਸਮ ਦੀ ਮੱਖੀ ਦੀ ਉਮਰ ਕੁਝ ਘੰਟਿਆਂ ਦੀ ਹੀ ਹੁੰਦੀ ਹੈ ਪਰ ਕੱਛੂ ਦੀ ਉਮਰ ਦੋ ਸੌ ਵਰ੍ਹਿਆਂ ਤਕ ਵੀ ਹੁੰਦੀ ਹੈ। ਉਮਰ ਦੀ ਹੱਦ ਮੋਟੇ ਹਿਸਾਬ ਨਾਲ, ਸਰੀਰ ਦੇ ਵਜ਼ਨ ਦੇ ਅਨੁਪਾਤ ਨਾਲ ਮਿਥੀ ਜਾਂਦੀ ਹੈ ਪਰ ਕਈ ਵਾਰ ਇਸ ਦੇ ਉਲਟ ਵੀ ਹੁੰਦਾ ਹੈ। ਕੁਝ-ਕੁ ਪੰਛੀ ਕਈ ਥਣਾਂ ਵਾਲੇ ਜੀਵਾਂ ਨਾਲੋਂ ਬਹੁਤੀ ਦੇਰ ਤਕ ਜੀਉਂਦੇ ਰਹਿੰਦੇ ਹਨ। ਕੁਝ-ਕੁ ਮੱਛੀਆਂ ਦੀ ਉਮਰ 150 ਤੋਂ 200 ਵਰ੍ਹੇ ਤਕ ਹੁੰਦੀ ਹੈ ਪਰ ਘੋੜਾ 30 ਵਰ੍ਹੇ ਵਿਚ ਹੀ ਮਰ ਜਾਂਦਾ ਹੈ। ਦਰਖ਼ਤਾਂ ਦੀ ਬਣਤਰ ਹੋਰ ਤਰ੍ਹਾਂ ਦੀ ਹੋਣ ਕਰਕੇ ਉਨ੍ਹਾਂ ਦੀ ਉਮਰ ਦੀ ਕੋਈ ਨਿਸ਼ਚਿਤ ਮਰਿਆਦਾ ਨਹੀਂ। ਅਮਰੀਕਾ ਵਿਚ ਕੁਝ ਦਰਖ਼ਤਾਂ ਨੂੰ ਗਿਰਾਉਣ ਤੋਂ ਪਿਛੋਂ ਉਨ੍ਹਾਂ ਦੇ ਵਲਾਂ ਤੋਂ ਪਤਾ ਲੱਗਾ ਹੈ ਕਿ ਉਹ ਦੋ ਹਜ਼ਾਰ ਸਾਲਾਂ ਤੋਂ ਵੀ ਵੱਧ ਉਮਰ ਦੇ ਸਨ।
ਅਮੀਬਾ ਅਤੇ ਪਰੋਟੋਜ਼ੋਆ ਨੇ ਮੌਤ ਨੂੰ ਜਿੱਤ ਲਿਆ ਹੈ। ਇਕ ਤੋਂ ਦੋ ਵਿਚ ਵੰਡੇ ਜਾਣ ਕਾਰਨ ਇਨ੍ਹਾਂ ਨੇ ਉਮਰ ਦੀ ਹੱਦ ਨੂੰ ਪਾਰ ਕਰ ਲਿਆ ਹੈ (ਵੇਖੋ ਅਮੀਬਾ)। ਇਨ੍ਹਾਂ ਦੀ ਲੰਮੀ ਜੀਵਨ-ਲੜੀ ਦੇ ਕਾਰਨ ਇਨ੍ਹਾਂ ਨੂੰ ਅਮਰ ਵੀ ਕਿਹਾ ਜਾਂਦਾ ਹੈ ਪਰ ਉੱਨਤ ਸ਼ਰੇਣੀਆਂ ਦੇ ਜੀਵਾਂ ਲਈ ਮੌਤ ਤੇ ਜਿੱਤ ਅਸੰਭਵ ਹੈ, ਇਸ ਲਈ ਉਨ੍ਹਾਂ ਸਾਰਿਆਂ ਦੀ ਉਮਰ ਦੀ ਹੱਦ ਨਿਸ਼ਚਿਤ ਹੈ। ਇਹ ਵੇਖ ਕੇ, ਕਿ ਇਕ ਜੀਵ ਨੂੰ ਬਾਲਗ ਹੋਣ ਵਿਚ ਕਿੰਨਾ ਸਮਾਂ ਲਗਦਾ ਹੈ, ਉਸ ਦੀ ਪੂਰੀ ਉਮਰ ਦਾ ਅਨੁਮਾਨ ਲਾਇਆ ਜਾ ਸਕਦਾ ਹੈ। ਮਨੁੱਖ ਦਾ ਜੀਵਨ ਕਾਲ 100 ਵਰ੍ਹਿਆਂਤਕ ਦਾ ਮੰਨਿਆ ਗਿਆ ਹੈ।
ਪਿਛਲੇ ਕਈ ਸਾਲਾਂ ਵਿਚ ਕਈ ਕਾਰਨਾਂ ਕਰਕੇ ਮਨੁੱਖ ਦੇ ਜੀਵਨ ਕਾਲ ਵਿਚ ਤਾਂ ਬਹੁਤਾ ਵਾਧਾ ਨਹੀਂ ਹੋਇਆ ਪਰ ਇਸ ਦੀ ਔਸਤ ਉਮਰ ਜ਼ਰੂਰ ਵੱਧ ਗਈ ਹੈ। ਇਹ ਵਾਧਾ ਇਸ ਲਈ ਹੋਇਆ ਹੈ ਕਿਉਂਕਿ ਬੱਚਿਆਂ ਨੂੰ ਮੌਤ ਤੋਂ ਬਚਾਉਣ ਵਿਚ ਡਾਕਟਰੀ ਵਿਦਿਆ ਨੇ ਬੜੀ ਉੱਨਤੀ ਕੀਤੀ ਹੈ। ਬੁਢਾਪੇ ਦੇ ਰੋਗਾਂ ਵਿਚ, ਖ਼ਾਸ ਕਰਕੇ ਆਰਟਰੀਜ਼ ਦੇ ਸਖ਼ਤ ਹੋ ਜਾਣ ਦੇ ਇਲਾਜ ਵਿਚ ਕੋਈ ਖ਼ਾਸ ਸਫ਼ਲਤਾ ਨਹੀਂ ਮਿਲੀ।
ਵੰਸ਼ ਅਤੇ ਵਾਤਾਵਰਣ ਦਾ ਮਨੁੱਖ ਦੀ ਉਮਰ ਤੇ ਬਹੁਤ ਅਸਰ ਪੈਂਦਾ ਹੈ। ਖੋਜਾਂ ਤੋਂ ਪਤਾ ਲਗਦਾ ਹੈ ਕਿ ਜੇਕਰ ਪਰਸੂਤ ਸਮੇਂ ਦੀ ਮੌਤ ਦੀ ਗਿਣਤੀ ਨਾ ਕੀਤੀ ਜਾਵੇ ਤਾਂ ਮਰਦਾਂ ਨਾਲੋਂ ਇਸਤਰੀਆਂ ਵਧੇਰੇ ਸਮੇਂ ਤਕ ਜਿਊਂਦੀਆਂ ਰਹਿੰਦੀਆਂ ਹਨ। ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਅਕਸਰ ਲੰਮੀ ਉਮਰ ਵਾਲੇ ਮਾਂ ਬਾਪ ਦੀ ਔਲਾਦ ਵੀ ਲੰਮੀ ਉਮਰ ਵਾਲੀ ਹੁੰਦੀ ਹੈ। ਅਰੋਗ ਵਾਤਾਵਰਣ ਵਿਚ ਜੀਵ ਲੰਮੀ ਉਮਰ ਵਾਲਾ ਹੁੰਦਾ ਹੈ। ਜੀਵ ਦੀ ਪੈਦਾਇਸ਼ੀ ਜੀਵਨ ਸ਼ਕਤੀ ਬਾਹਰ ਦੇ ਭੈੜੇ ਵਾਤਾਵਰਨ ਦੇ ਅਸਰ ਤੋਂ ਜੀਵ ਦੀ ਬਹੁਤ ਹੱਦ ਤਕ ਰਖਿਆ ਕਰਦੀ ਹੈ ਪਰ ਬਹੁਤ ਭੈੜਾ ਵਾਤਾਵਰਨ ਰੋਗਾਂ ਰਾਹੀਂ ਉਸ ਉਤੇ ਅਸਰ ਪਾਉਂਦਾ ਹੈ। ਇਸ ਤੋਂ ਇਲਾਵਾ ਵੇਖਿਆ ਗਿਆ ਹੈ ਕਿ ਚਿੰਤਾ, ਮਾੜੀ ਖ਼ੁਰਾਕ ਅਤੇ ਗ਼ੈਰ ਸਿਹਤਮੰਦ ਵਾਤਾਵਰਨ ਉਮਰ ਘਟਾਉਂਦੇ ਹਨ। ਦੂਜੇ ਪਾਸੇ ਹਰ ਰੋਜ਼ ਦਾ ਮਾਨਸਕ ਜਾਂ ਸਰੀਰਕ ਕੰਮ ਬੁਢਾਪੇ ਦੇ ਡਰਾਉਣੇ ਰੂਪ ਨੂੰ ਦੂਰ ਰੱਖਦਾ ਹੈ। ਵਿਹਲੇ ਰਹਿਣ ਕਾਰਨ ਅੰਗਾਂ ਦੇ ਸਿਥਲ ਹੋਣ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ। ਦੁਨੀਆ ਦੇ ਕਈ ਲੇਖਕ ਅਤੇ ਚਿੱਤਰਕਾਰ ਲੰਮੀ ਉਮਰ ਵਾਲੇ ਹੋਏ ਹਨ ਅਤੇ ਅੰਤ ਤਕ ਉਹ ਨਵੇਂ ਚਿੱਤਰਾਂ ਅਤੇ ਪੁਸਤਕਾਂ ਦੀ ਰਚਨਾ ਕਰਦੇ ਰਹੇ ਹਨ। ਕੁਵੇਲੇ ਦੀ ਖ਼ੁਰਾਕ, ਸ਼ਰਾਬ ਦੀ ਵਧੇਰੇ ਵਰਤੋਂ ਅਤੇ ਵਧੇਰੇ ਖ਼ੁਰਾਕ ਉਮਰ ਨੂੰ ਘਟਾਉਂਦੇ ਹਨ। ਸੌ ਸਾਲਾਂ ਤੋਂ ਵੱਧ ਉਮਰ ਤਕ ਜੀਊਣ ਵਾਲੇ ਮਨੁੱਖਾਂ ਵਿਚੋਂ ਬਹੁਤੇ ਥੋੜ੍ਹੀ ਖ਼ੁਰਾਕ ਖਾਣ ਵਾਲੇ ਹਨ। ਬਹੁਤੀ ਖ਼ੁਰਾਕ ਖਾਣ ਨਾਲ ਆਮ ਤੌਰ ਤੇ ਸ਼ੱਕਰ ਜਾਂ ਅਥਾਰਟੀ, ਦਿਲ ਤੇ ਗੁਰਦੇ ਦੇ ਰੋਗ ਹੋ ਜਾਂਦੇ ਹਨ।
ਬੁਢਾਪਾ ਸਿਹਤਮੰਦ ਤੇ ਸੁਖਦਾਈ ਵੀ ਹੋ ਸਕਦਾ ਹੈ ਅਤੇ ਰੋਗਾਂ, ਪੀੜਾਂ ਭਰਿਆ ਅਤੇ ਦੁਖਦਾਈ ਵੀ। ਅਰੋਗ ਬੁਢਾਪੇ ਵਿਚ ਕੰਮ ਕਰਨ ਦੀ ਤਾਕਤ ਤਾਂ ਘੱਟ ਜਾਂਦੀ ਹੈ ਅਤੇ ਕੁਝ ਕਮਜ਼ੋਰੀ ਜ਼ਰੂਰ ਆ ਜਾਂਦੀ ਹੈ ਪਰ ਮਨ ਸ਼ਾਂਤ ਰਹਿੰਦਾ ਹੈ। ਮਾਨਸਿਕ ਦ੍ਰਿਸ਼ਟੀਕੋਣ ਆਮ ਕਰਕੇ ਮਨੁੱਖ ਦੇ ਪਹਿਲੇ ਦ੍ਰਿਸ਼ਟੀਕੋਣ ਤੇ ਨਿਰਭਰ ਰਹਿੰਦਾ ਹੈ, ਜਿਸ ਨਾਲ ਕੁਝ ਲੋਕ ਸੁਖੀ ਅਤੇ ਦਿਆਲੂ ਰਹਿੰਦੇ ਹਨ ਅਤੇ ਕੁਝ ਨਿਰਾਸ਼ਾਵਾਦੀ ਅਤੇ ਨੁਕਤਾਚੀਨ ਹੋ ਜਾਂਦੇ ਹਨ। ਸਟਾਈਨਾਖ ਅਤੇ ਵੋਰੋਨਾਫ ਨੇ ਬਾਂਦਰ ਦੇ ਗਲੈਂਡ ਨੂੰ ਮਨੁੱਖ ਵਿਚ ਲਾ ਕੇ ਉਨ੍ਹਾਂ ਵਿਚ ਥੋੜ੍ਹੇ ਸਮੇਂ ਲਈ ਮੁੜ ਜਵਾਨੀ ਲਿਆ ਦਿੱਤੀ ਸੀ ਪਰ ਉਨ੍ਹਾਂ ਦੇ ਢੰਗਾਂ ਨੂੰ ਹੁਣ ਕੋਈ ਵੀ ਨਹੀਂ ਪੁਛਦਾ ਤੇ ਉਨ੍ਹਾਂ ਦੀ ਸਰਜਰੀ ਨਾਲ ਮਨੁੱਖ ਦਾ ਜੀਵਨ ਵੱਧ ਨਹੀਂ ਸਕਿਆ।
ਕੁਝ ਰੋਗਾਂ ਨਾਲ ਮਨੁੱਖ ਸਮੇਂ ਤੋਂ ਪਹਿਲਾਂ ਹੀ ਬਹੁਤ ਬੁੱਢਾ ਲੱਗਣ ਲੱਗ ਜਾਂਦਾ ਹੈ। ਪਰੋਜੀਰੀਆ ਨਾਂ ਦੇ ਰੋਗ ਨਾਲ ਤਾਂ ਬੱਚੇ ਵੀ ਬੁੱਢਿਆਂ ਵਰਗੇ ਹੋ ਜਾਂਦੇ ਹਨ ਪਰ ਖ਼ੁਸ਼ਕਿਸਮਤੀ ਦੀ ਗੱਲ ਇਹ ਹੈ ਕਿ ਇਹ ਰੋਗ ਬਹੁਤ ਘੱਟ ਹੁੰਦਾ ਹੈ। ਕੁਝ ਰੋਗ ਖ਼ਾਸ ਕਰਕੇ ਬੁੱਢਿਆਂ ਨੂੰ ਹੀ ਹੁੰਦੇ ਹਨ। ਉਨ੍ਹਾਂ ਵਿਚ ਜ਼ਿਆਬਤੀਸ, ਕੈਂਸਰ, ਦਿਲ ਦੀਆਂ ਬਿਮਾਰੀਆਂ ਅਤੇ ਗੁਰਦੇ ਦੀ ਕਮਜ਼ੋਰੀ ਵੱਡੇ ਵੱਡੇ ਰੋਗ ਹਨ।
ਮੈਡੀਕੋ-ਲੀਗਲ ਕੰਮਾਂ ਵਿਚ ਸਹੀ ਉਮਰ ਬੜੀ ਮਹੱਤਤਾ ਦੀ ਗੱਲ ਹੈ। ਉਮਰ ਦੱਸਣ ਵਿਚ ਦੰਦਾਂ, ਵਾਲਾਂ ਦਿਮਾਗ਼ ਅਤੇ ਹੱਡੀਆਂ ਦੀ ਪ੍ਰੀਖਿਆ ਕੀਤੀ ਜਾਂਦੀ ਹੈ ਅਤੇ ਐੱਕਸ-ਰੇ ਆਦਿ ਤੋਂ ਸਹਾਇਤਾ ਲਈ ਜਾਂਦੀ ਹੈ ਪਰ 24 ਸਾਲ ਤੋਂ ਉੱਪਰ ਉਮਰ ਦਾ ਯਕੀਨੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ।
ਕਾਨੂੰਨ ਵਿਚ ਉਮਰ – ਸਰੀਰ-ਵਿਗਿਆਨ ‘ਉਮਰ’ ਸ਼ਬਦ ਦੀ ਵਰਤੋਂ ਮਨੁੱਖ ਦੇ ਵਿਕਾਸ ਦੀ ਅਵਸਥਾ ਦੇ ਅਰਥ ਵਿਚ ਕਰਦੇ ਹਨ, ਜਿਸ ਤਰ੍ਹਾਂ ਬਾਲਪਨ ਪੰਜ ਵਰ੍ਹੇ ਤਕ, ਬਚਪਨ 14 ਵਰ੍ਹੇ ਤਕ, ਚੜ੍ਹਦੀ ਜਵਾਨੀ 21 ਵਰ੍ਹੇ ਤੱਕ, ਜਵਾਨੀ 50 ਵਰ੍ਹੇ ਤਕ ਅਤੇ ਇਸ ਤੋਂ ਪਿਛੋਂ ਬੁਢੇਪਾ।
ਕਾਨੂੰਨੀ ਨੁਕਤੇ ਤੋਂ ਵੱਖ ਵੱਖ ਕੰਮਾਂ ਲਈ ਅੱਡ ਅੱਡ ਉਮਰਾਂ ਸਰਕਾਰ ਵਲੋਂ ਨਿਸ਼ਚਿਤ ਕੀਤੀਆਂ ਜਾਂਦੀਆਂ ਹਨ, ਜਿਵੇਂ ਵੋਟ ਦੇਣ ਲਈ ਕਿਧਰੇ 18 ਸਾਲ ਅਤੇ ਕਿਧਰੇ 21 ਸਾਲ ਦੀ ਉਮਰ ਰਖੀ ਗਈ ਹੈ। ਕੁਝ ਆਸਾਮੀਆਂ ਲਈ ਵੀ ਉਮਰ ਦੀ ਹੱਦ ਰੱਖ ਦਿਤੀ ਜਾਂਦੀ ਹੈ। ਕੁਝ ਸੰਸਥਾਵਾਂ ਆਪਣੀ ਮੈਂਬਰੀ ਲਈ ਉਮਰ ਦੀ ਨਿਸ਼ਚਿਤ ਹੱਦ ਤੇ ਜ਼ਿਆਦਾ ਜ਼ੋਰ ਦਿੰਦੀਆਂ ਹਨ।
ਵੀਹਵੀਂ ਸਦੀ ਦੇ ਸ਼ੁਰੂ ਵਿਚ ਮਾਨਸਿਕ ਉਮਰ ਬਾਰੇ ਤਜਰਬਾ ਕੀਤਾ ਗਿਆ ਹੈ। ਭਾਵੇਂ ਇਸ ਵੱਲ ਸੰਨ 1887 ਵਿਚ ਵੀ ਇਸ਼ਾਰਾ ਕੀਤਾ ਗਿਆ ਹੈ ਪਰ ਇਸ ਦਾ ਸਿਹਰਾ ਫ਼ਰਾਂਸ ਦੇ ਮਨੋ-ਵਿਗਿਆਨੀ ਐਲਫਰੈਡ ਬੈਠੇ (1857-1911) ਦੇ ਸਿਰ ਹੈ। ਮਾਨਸਿਕ ਉਮਰ ਦਾ ਭਾਵ ਕੁਝ ਬਰਾਬਰ ਉਮਰ ਵਾਲੇ ਬੱਚਿਆਂ ਦੀ ਔਸਤ ਮਾਨਸਿਕ ਯੋਗਤਾ ਤੋਂ ਹੈ। ਇਸ ਤੋਂ ਬੱਚੇ ਦੀ ਆਮ ਮਾਨਸਿਕ ਯੋਗਤਾ ਦਾ ਪਤਾ ਲਗਦਾ ਹੈ। ਮਾਨਸਿਕ ਉਮਰ ਦੀ ਪ੍ਰੋੜ੍ਹਤਾ ਦਾ ਸਮਾਂ 14 ਤੋਂ 22 ਸਾਲ ਦੀ ਉਮਰ ਵਿਚਕਾਰ ਆ ਸਕਦਾ ਹੈ। ਕੁਝ ਲੋਕਾਂ ਵਿਚ ਇਸ ਦੀ ਪ੍ਰੌਢ ਅਵਸਥਾ 22 ਸਾਲ ਦੇ ਮਗਰੋਂ ਵੀ ਆ ਸਕਦੀ ਹੈ।
ਲੇਖਕ : ਲੋਕ ਚੰਦ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4667, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-21, ਹਵਾਲੇ/ਟਿੱਪਣੀਆਂ: no
ਆਯੂ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਆਯੂ, (ਸੰਸਕ੍ਰਿਤ) / ਇਸਤਰੀ ਲਿੰਗ : ਉਮਰ, ਅਵਸਥਾ, ਆਰਬਲਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2560, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-18-10-23-24, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First