ਆਰਥਿਕਤਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਆਰਥਿਕਤਾ [ਨਾਂਇ] ਅਰਥ-ਵਿਵਸਥਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4191, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਆਰਥਿਕਤਾ ਸਰੋਤ :
ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ
ਆਰਥਿਕਤਾ : ਅਰਥ-ਸ਼ਾਸਤਰ ਦੀ ਪਰਿਭਾਸ਼ਾ ਅਨੁਸਾਰ ਮਨੁੱਖੀ ਲੋੜਾਂ ਅਣਗਿਣਤ ਹਨ ਅਤੇ ਇਹਨਾਂ ਲੋੜਾਂ ਨੂੰ ਪੂਰਾ ਕਰਨ ਦੇ ਸਾਧਨ ਸੀਮਿਤ ਹਨ। ਸਾਧਨਾਂ ਦੀ ਵਰਤੋਂ ਕਰਨ ਸਮੇਂ ਚੋਣ ਕੀਤੀ ਜਾ ਸਕਦੀ ਹੈ। ਭਾਵ ਸਾਧਨ ਵੱਖ-ਵੱਖ ਲੋੜਾਂ ਪੂਰੀਆਂ ਕਰਨ ਲਈ ਲਾਏ ਜਾ ਸਕਦੇ ਹਨ। ਇਸ ਤਰ੍ਹਾਂ ਮਨੁੱਖ ਆਪਣੇ ਵਿਹਾਰ ਰਾਹੀਂ ਥੋੜ੍ਹੇ ਸਾਧਨਾਂ ਤੋਂ ਵੱਧ ਤੋਂ ਵੱਧ ਲੋੜਾਂ ਪੂਰੀਆਂ ਕਰਨ ਦਾ ਯਤਨ ਕਰਦਾ ਹੈ। ਇਸ ਵਿਹਾਰ ਨੂੰ ਆਰਥਿਕ ਵਿਹਾਰ ਕਿਹਾ ਜਾਂਦਾ ਹੈ। ਦੇਸ ਦੇ ਸੀਮਿਤ ਸਾਧਨਾਂ ਦੀ ਵਰਤੋਂ ਨਾਲ ਅਣਗਿਣਤ ਲੋੜਾਂ ਦੀ ਪੂਰਤੀ, ਜਿਸ ਸੰਗਠਨ ਤਹਿਤ ਕੀਤੀ ਜਾਂਦੀ ਹੈ ਉਸ ਨੂੰ ਆਰਥਿਕਤਾ ਦਾ ਨਾਂ ਦਿੱਤਾ ਗਿਆ ਹੈ ਜਿਵੇਂ ਕਿ ਭਾਰਤ, ਅਮਰੀਕਾ, ਚੀਨ ਆਦਿ ਦੀ ਆਰਥਿਕਤਾ। ਇਸ ਸੰਗਠਨ ਵਿੱਚ ਉਤਪਾਦਨ, ਵੰਡ ਅਤੇ ਉਪਭੋਗ ਇੱਕ ਖ਼ਾਸ ਪ੍ਰਨਾਲੀ ਅਧੀਨ ਹੁੰਦੇ ਹਨ। ਸਪਸ਼ਟ ਹੈ ਕਿ ਕਿਸੇ ਵੀ ਦੇਸ ਦੀ ਆਰਥਿਕਤਾ ਉਸ ਦੀਆਂ ਭੂਗੋਲਿਕ ਅਤੇ ਰਾਜਨੀਤਿਕ ਹੱਦਾਂ ਦੇ ਅੰਦਰ ਹੁੰਦੀ ਹੈ। ਆਰਥਿਕਤਾ ਦਾ ਇੱਕ ਹੋਰ ਭਾਵ ਕਿਸੇ ਵੀ ਦੇਸ ਦੀ ਆਰਥਿਕ ਪ੍ਰਨਾਲੀ ਤੋਂ ਹੈ ਜਿਸਦਾ ਸਰੂਪ ਪੂੰਜੀਵਾਦੀ ਜਾਂ ਸਮਾਜਵਾਦੀ ਜਾਂ ਮਿਸ਼ਰਤ ਅਰਥ-ਵਿਵਸਥਾ ਹੋ ਸਕਦਾ ਹੈ। ਹਰੇਕ ਅਰਥ-ਵਿਵਸਥਾ ਦੇ ਤਿੰਨ ਮੁੱਖ ਆਰਥਿਕ ਖੇਤਰ ਹੁੰਦੇ ਹਨ :
(ੳ) ਮੁਢਲਾ ਜਾਂ ਪ੍ਰਾਇਮਰੀ ਖੇਤਰ
(ਅ) ਗੌਣ ਜਾਂ ਸੈਕੰਡਰੀ ਖੇਤਰ
(ੲ) ਟਰਸ਼ਰੀ ਜਾਂ ਸੇਵਾਵਾਂ ਦਾ ਖੇਤਰ
ਮੁਢਲੇ ਖੇਤਰ ਵਿੱਚ ਅਸੀਂ ਮੁੱਖ ਤੌਰ ’ਤੇ ਖੇਤੀ-ਬਾੜੀ, ਪਸੂ ਧਨ, ਜੰਗਲਾਤ ਉਤਪਾਤਨ, ਖਣਿਜ ਪਦਾਰਥ ਅਤੇ ਪੱਥਰ ਕੱਢਣਾ, ਆਦਿ ਸ਼ਾਮਲ ਕਰਦੇ ਹਾਂ। ਗੌਣ ਖੇਤਰ ਵਿੱਚ ਉਦਯੋਗ (ਰਜਿਸਟਰਡ ਅਤੇ ਗ਼ੈਰ-ਰਜਿਸਟਰਡ ਦੋਵੇਂ ਕਿਸਮ ਦੇ) ਬਿਜਲੀ, ਗੈਸ ਤੇ ਜਲ ਪ੍ਰਬੰਧ, ਅਤੇ ਉਸਾਰੀ, ਆਦਿ ਸ਼ਾਮਲ ਕਰਦੇ ਹਾਂ। ਟਰਸ਼ਰੀ ਖੇਤਰ ਵਿੱਚ ਵਪਾਰ, ਹੋਟਲ ਅਤੇ ਰੈਸਟੋਰੈਂਟ, ਟ੍ਰਾਂਸਪੋਰਟ, ਸਟੋਰੇਜ਼ ਅਤੇ ਸੰਚਾਰ, ਬੈਂਕਿੰਗ ਅਤੇ ਬੀਮਾ, ਵਾਸਤਵਿਕ ਸੰਪਤੀ, ਘਰਾਂ ਦੀ ਮਲਕੀਅਤ ਅਤੇ ਵਪਾਰਿਕ ਸੇਵਾਵਾਂ, ਲੋਕ ਪ੍ਰਸ਼ਾਸਨ, ਹੋਰ ਸੇਵਾਵਾਂ ਅਤੇ ਸਫ਼ਾਈ, ਆਦਿ ਨੂੰ ਸ਼ਾਮਲ ਕੀਤਾ ਜਾਂਦਾ ਹੈ। ਇਹਨਾਂ ਤਿੰਨਾਂ ਖੇਤਰਾਂ ਤੋਂ ਪ੍ਰਾਪਤ ਉਤਪਾਦਨ/ਆਮਦਨ ਨੂੰ ਉਸ ਆਰਥਿਕਤਾ ਦਾ ਕੁੱਲ ਰਾਜ ਘਰੇਲੂ ਉਤਪਾਦਨ ਕਿਹਾ ਜਾਂਦਾ ਹੈ।
ਕਿਸੇ ਦੇਸ ਦੀ ਆਰਥਿਕਤਾ ਵਿੱਚ ਉਸ ਦੇਸ ਦੇ ਵੱਖ-ਵੱਖ ਖਿੱਤਿਆਂ ਦੀਆਂ ਅਰਥ-ਵਿਵਸਥਾਵਾਂ ਵੀ ਸ਼ਾਮਲ ਹੁੰਦੀਆਂ ਹਨ। ਜਿਵੇਂ ਕਿ ਭਾਰਤ ਅੰਦਰ ਪੰਜਾਬ ਦੀ ਆਰਥਿਕਤਾ, ਬੰਗਾਲ ਦੀ ਆਰਥਿਕਤਾ, ਆਦਿ। ਆਰਥਿਕਤਾ ਜਾਂ ਅਰਥ-ਵਿਵਸਥਾ ਅੰਦਰ ਉਪਲਬਧ ਸੀਮਿਤ ਸਾਧਨਾਂ ਦੀ ਵਰਤੋਂ ਨਾਲ ਵੱਧ ਤੋਂ ਵੱਧ ਲੋੜਾਂ ਪੂਰੀਆਂ ਕਰਨ ਦੀ ਵਿਧੀ ਨੂੰ ਆਰਥਿਕ ਪ੍ਰਨਾਲੀ ਆਖਦੇ ਹਨ। ਇਸ ਦੀਆਂ ਮੁੱਖ ਤੌਰ ’ਤੇ ਤਿੰਨ ਕਿਸਮਾਂ ਭਾਵ ਪੂੰਜੀਵਾਦੀ ਆਰਥਿਕ ਪ੍ਰਨਾਲੀ, ਸਮਾਜਵਾਦੀ ਆਰਥਿਕ ਪ੍ਰਨਾਲੀ ਅਤੇ ਮਿਸ਼ਰਤ ਆਰਥਿਕ ਪ੍ਰਨਾਲੀ ਹੁੰਦੀਆਂ ਹਨ। ਇਹ ਤਿੰਨੇ ਪ੍ਰਣਾਲੀਆਂ ਆਰਥਿਕਤਾ ਵਿੱਚ ਸਾਧਨਾਂ ਦੀ ਵੰਡ ਤੇ ਵਰਤੋਂ ਕਰਨ ਦੇ ਢੰਗ ਤੇ ਆਧਾਰਿਤ ਹਨ। ਪੂੰਜੀਵਾਦੀ ਆਰਥਿਕਤਾ ਵਿੱਚ ਸਾਧਨ ਨਿੱਜੀ ਹੱਥਾਂ ਵਿੱਚ ਹੁੰਦੇ ਹਨ। ਸਾਧਨਾਂ ਦੀ ਵੰਡ ਬਜ਼ਾਰ-ਤਾਕਤਾਂ (ਮੰਗ ਅਤੇ ਪੂਰਤੀ) ਤਹਿ ਕਰਦੀਆਂ ਹਨ। ਇਸ ਦੇ ਉਲਟ ਸਮਾਜਵਾਦੀ ਅਰਥ-ਵਿਵਸਥਾ ਵਿੱਚ ਉਤਪਾਦਨ ਸਾਧਨ ਕਿਸੇ ਦੀ ਨਿੱਜੀ ਮਲਕੀਅਤ ਨਾ ਹੋ ਕੇ ਸਾਰੇ ਸਮਾਜ ਦੀ ਜਾਇਦਾਦ ਹੁੰਦੇ ਹਨ। ਇਹਨਾਂ ਸਾਧਨਾਂ ਦੀ ਵਰਤੋਂ ਦਾ ਫ਼ੈਸਲਾ ਕੇਂਦਰੀ ਯੋਜਨਾ ਕਮਿਸ਼ਨ ਕਰਦਾ ਹੈ। ਮਿਸ਼ਰਤ ਆਰਥਿਕ ਪ੍ਰਨਾਲੀ ਪੂੰਜੀਵਾਦੀ ਅਤੇ ਸਮਾਜਵਾਦੀ ਆਰਥਿਕ ਪ੍ਰਣਾਲੀਆਂ ਦੇ ਮੱਧ ਦਾ ਮਾਰਗ ਹੈ। ਇਸ ਅੰਦਰ ਸਾਧਨਾਂ ਦੀ ਵੰਡ ਅਤੇ ਵਰਤੋਂ ਦਾ ਫ਼ੈਸਲਾ ਮੰਡੀ-ਪ੍ਰਨਾਲੀ ਅਤੇ ਯੋਜਨਾ-ਪ੍ਰਨਾਲੀ ਦੋਵੇਂ ਮਿਲ ਕੇ ਕਰਦੀਆਂ ਹਨ। ਇਸ ਪ੍ਰਨਾਲੀ ਵਿੱਚ ਸਰਬ-ਜਨਿਕ ਖੇਤਰ ਅਤੇ ਨਿੱਜੀ ਖੇਤਰ ਦੋਵੇਂ ਹੁੰਦੇ ਹਨ। ਅਮਰੀਕਾ ਦੀ ਆਰਥਿਕ ਪ੍ਰਨਾਲੀ ਮੁੱਖ ਤੌਰ ’ਤੇ ਪੂੰਜੀਵਾਦੀ ਹੈ। ਚੀਨ ਦੀ ਆਰਥਿਕ ਪ੍ਰਨਾਲੀ ਮੁੱਖ ਰੂਪ ਵਿੱਚ ਸਮਾਜਵਾਦੀ ਹੈ ਅਤੇ ਭਾਰਤ ਦੀ ਆਰਥਿਕ ਪ੍ਰਨਾਲੀ ਨੂੰ ਆਮ ਤੌਰ ’ਤੇ ਮਿਸ਼ਰਤ ਆਰਥਿਕ ਪ੍ਰਨਾਲੀ ਆਖਿਆ ਜਾਂਦਾ ਹੈ। 1991 ਤੋਂ ਨਵੀਂ ਆਰਥਿਕ ਨੀਤੀ ਅਪਣਾਉਣ ਤੋਂ ਬਾਅਦ ਭਾਰਤ ਦੀ ਆਰਥਿਕਤਾ ਦਾ ਸਰੂਪ ਵੀ ਪੂੰਜੀਵਾਦੀ ਆਰਥਿਕਤਾ ਵਾਲਾ ਬਣਦਾ ਜਾ ਰਿਹਾ ਹੈ।
ਉਪਰੋਕਤ ਤੋਂ ਇਲਾਵਾ ਆਰਥਿਕਤਾ ਨੂੰ ਕਈ ਹੋਰ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ ਜਿਵੇਂ ਕਿ ਬੰਦ ਅਰਥ-ਵਿਵਸਥਾ ਅਤੇ ਖੁੱਲ੍ਹੀ ਅਰਥ-ਵਿਵਸਥਾ, ਘੱਟ ਵਿਕਸਿਤ ਜਾਂ ਵਿਕਾਸਸ਼ੀਲ ਅਤੇ ਵਿਕਸਿਤ ਅਰਥ-ਵਿਵਸਥਾ, ਸਥਿਰ ਅਤੇ ਗਤੀਸ਼ੀਲ ਅਰਥ-ਵਿਵਸਥਾ, ਆਦਿ। ਜਿਸ ਅਰਥ-ਵਿਵਸਥਾ ਦਾ ਕਿਸੇ ਹੋਰ ਦੇਸ ਜਾਂ ਹੋਰ ਅਰਥ-ਵਿਵਸਥਾ ਨਾਲ ਵਪਾਰ ਜਾਂ ਹੋਰ ਕਿਸੇ ਕਿਸਮ ਦਾ ਲੈਣ ਦੇਣ ਨਾ ਹੋਵੇ ਉਸ ਨੂੰ ਬੰਦ ਅਰਥ-ਵਿਵਸਥਾ ਕਿਹਾ ਜਾਂਦਾ ਹੈ। ਜਿਸ ਅਰਥ-ਵਿਵਸਥਾ ਦਾ ਵਿਦੇਸ਼ੀ ਵਪਾਰ ਅਤੇ ਹੋਰ ਦੇਸਾਂ ਨਾਲ ਲੈਣ ਦੇਣ ਹੋਵੇ ਉਸ ਨੂੰ ਖੁੱਲ੍ਹੀ ਅਰਥ-ਵਿਵਸਥਾ ਆਖਦੇ ਹਨ। ਜਿਸ ਅਰਥ-ਵਿਵਸਥਾ ਵਿੱਚ ਉਤਪਾਦਨ, ਆਮਦਨ ਅਤੇ ਲੋਕਾਂ ਦੇ ਰਹਿਣ ਸਹਿਣ ਦਾ ਪੱਧਰ (ਵਿਕਸਿਤ ਦੇਸਾਂ ਦੇ ਮੁਕਾਬਲੇ) ਨੀਵਾਂ ਹੁੰਦਾ ਹੈ ਉਸ ਨੂੰ ਘੱਟ ਵਿਕਸਿਤ ਆਰਥਿਕਤਾ ਕਿਹਾ ਜਾਂਦਾ ਹੈ। ਇਸ ਵਿੱਚ ਲੋਕਾਂ ਦਾ ਮੁੱਖ ਕਿੱਤਾ ਖੇਤੀ ਹੁੰਦਾ ਹੈ ਅਤੇ ਉਦਯੋਗ, ਵਪਾਰ ਆਦਿ ਪਛੜੇਪਨ ਦੀ ਸਥਿਤੀ ਵਿੱਚ ਹੁੰਦੇ ਹਨ। ਭਾਰਤ, ਪਾਕਿਸਤਾਨ, ਬੰਗਲਾਦੇਸ਼, ਆਦਿ ਘੱਟ ਵਿਕਸਿਤ ਅਰਥ-ਵਿਵਸਥਾਵਾਂ ਹਨ। ਜਿਨ੍ਹਾਂ ਦੇਸਾਂ ਵਿੱਚ ਉਤਪਾਦਨ ਆਮਦਨ ਅਤੇ ਲੋਕਾਂ ਦੇ ਰਹਿਣ ਸਹਿਣ ਦਾ ਪੱਧਰ ਉੱਚਾ ਹੁੰਦਾ ਹੈ, ਉਹ ਅਰਥ-ਵਿਵਸਥਾਵਾਂ ਵਿਕਸਿਤ ਅਰਥ-ਵਿਵਸਥਾਵਾਂ ਹੁੰਦੀਆਂ ਹਨ। ਇਹਨਾਂ ਅਰਥ-ਵਿਸਥਾਵਾਂ ਵਿੱਚ ਜਨ-ਸੰਖਿਆ ਦਾ ਵੱਡਾ ਹਿੱਸਾ ਉਦਯੋਗ ਅਤੇ ਸੇਵਾਵਾਂ ਤੇ ਨਿਰਭਰ ਹੁੰਦਾ ਹੈ ਨਾ ਕਿ ਖੇਤੀ ਤੇ। ਅਮਰੀਕਾ, ਜਰਮਨੀ, ਜਪਾਨ, ਆਦਿ ਵਿਕਸਿਤ ਅਰਥ-ਵਿਵਸਥਾਵਾਂ ਹਨ। ਸੰਸਾਰ ਬੈਂਕ ਨੇ ਇਹਨਾਂ ਅਰਥ-ਵਿਵਸਥਾਵਾਂ ਦਾ ਵਰਗੀਕਰਨ ਨੀਵੀਂ ਆਮਦਨ, ਦਰਮਿਆਨੀ ਆਮਦਨ ਅਤੇ ਉਚੇਰੀ ਆਮਦਨ ਵਾਲੀਆਂ ਅਰਥ-ਵਿਵਸਥਾਵਾਂ ਦੇ ਤੌਰ ’ਤੇ ਕੀਤਾ ਹੈ। ਜਿਸ ਅਰਥ-ਵਿਵਸਥਾ ਵਿੱਚ ਉਤਪਾਦਨ, ਆਮਦਨ, ਜਨ-ਸੰਖਿਆ, ਆਦਿ ਵਧਦੇ ਜਾਂ ਘਟਦੇ ਨਹੀਂ ਉਹਨਾਂ ਨੂੰ ਸਥਿਰ ਅਰਥ-ਵਿਵਸਥਾਵਾਂ ਆਖਦੇ ਹਨ। ਇਸ ਦੇ ਉਲਟ ਗਤੀਸ਼ੀਲ ਅਰਥ-ਵਿਵਸਥਾਵਾਂ ਵਿੱਚ ਇਹਨਾਂ ਚੀਜ਼ਾਂ ਵਿੱਚ ਲਗਾਤਾਰ ਬਦਲਾਅ ਆਉਂਦਾ ਰਹਿੰਦਾ ਹੈ। ਅੱਜ- ਕੱਲ੍ਹ ਤਕਰੀਬਨ ਹਰ ਇੱਕ ਅਰਥ-ਵਿਵਸਥਾ ਗਤੀਸ਼ੀਲ ਹੈ ਫ਼ਰਕ ਸਿਰਫ਼ ਇਹੀ ਹੈ ਕਿ ਬਦਲਾਅ ਘੱਟ ਜਾਂ ਵੱਧ ਤੇਜ਼ੀ ਨਾਲ ਹੋ ਰਹੇ ਹਨ।
ਅਰਥ-ਵਿਵਸਥਾ ਦੇ ਪ੍ਰਬੰਧਕਾਂ ਨੂੰ ਅਰਥ-ਵਿਵਸਥਾ ਦੇ ਕੁਸ਼ਲ ਪ੍ਰਬੰਧ ਅਤੇ ਇਸ ਨੂੰ ਗਤੀਸ਼ੀਲਤਾ ਪ੍ਰਦਾਨ ਕਰਨ ਲਈ ਕੁਝ ਨਿਰਨੇ ਲੈਣੇ ਪੈਂਦੇ ਹਨ ਜਿਵੇਂ ਕਿ ਕਿਹੜੀਆਂ ਵਸਤੂਆਂ ਦਾ ਉਤਪਾਦਨ ਕੀਤਾ ਜਾਵੇ ਅਤੇ ਕਿੰਨੀ ਮਾਤਰਾ ਵਿੱਚ ਕੀਤਾ ਜਾਵੇ? ਉਤਪਾਦਨ ਲਈ ਕਿਹੜਾ ਢੰਗ ਅਪਣਾਇਆ ਜਾਵੇ? ਕੀ ਉਤਪਾਦਨ ਲਈ ਉਹ ਢੰਗ ਅਪਣਾਇਆ ਜਾਵੇ ਜਿਸ ਵਿੱਚ ਕਿਰਤ ਦੀ ਵਰਤੋਂ ਜ਼ਿਆਦਾ ਹੁੰਦੀ ਹੈ ਜਾਂ ਪੂੰਜੀ ਦੀ ਵਰਤੋਂ ਜ਼ਿਆਦਾ ਹੁੰਦੀ ਹੈ। ਪੈਦਾਵਾਰ ਅਤੇ ਆਮਦਨ ਦੀ ਵੰਡ ਕਿਸ ਤਰ੍ਹਾਂ ਕੀਤੀ ਜਾਵੇ? ਕਿੰਨੀ ਬੱਚਤ ਕੀਤੀ ਜਾਵੇ ਅਤੇ ਬੱਚਤ ਨੂੰ ਕਿਹੜੀਆਂ ਵਸਤੂਆਂ ਜਾਂ ਸੇਵਾਵਾਂ ਦੇ ਉਤਪਾਦਨ ਵਧਾਉਣ ਲਈ ਲਾਇਆ ਜਾਵੇ? ਉਤਪਾਦਨ ਸਮਰੱਥਾ ਵਿੱਚ ਵਾਧਾ ਅਤੇ ਆਰਥਿਕ ਵਿਕਾਸ ਕਿਸ ਤਰ੍ਹਾਂ ਕੀਤਾ ਜਾਵੇ? ਬਾਹਰਲੇ ਦੇਸਾਂ ਨਾਲ ਆਰਥਿਕ ਸੰਬੰਧ ਕਿਸ ਤਰ੍ਹਾਂ ਦੇ ਕਾਇਮ ਕੀਤੇ ਜਾਣ? ਹੁਣੇ ਜਿਹੇ ਇਹ ਸਵਾਲ ਵੀ ਸਾਮ੍ਹਣੇ ਆਇਆ ਹੈ ਕਿ ਉਤਪਾਦਨ ਵਧਾਉਣ ਅਤੇ ਤਰੱਕੀ ਦੇ ਨਾਲ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਕਿਵੇਂ ਬਚਾਇਆ ਜਾਵੇ? ਆਰਥਿਕ ਉਨਤੀ ਦੇ ਨਾਲ-ਨਾਲ ਸਮਾਜਿਕ ਵਿਕਾਸ ਕਿਵੇਂ ਕੀਤਾ ਜਾਵੇ? ਇਹ ਸਾਰੇ ਸਵਾਲ ਆਰਥਿਕਤਾ ਨਾਲ ਜੁੜੇ ਹੋਏ ਹਨ ਜਿਨ੍ਹਾਂ ਦੇ ਅਰਥ-ਵਿਵਸਥਾ ਦੇ ਪ੍ਰਬੰਧਕ ਵਿਚਾਰ ਕਰਕੇ ਨਿਰਨੇ ਲੈਂਦੇ ਹਨ।
ਲੇਖਕ : ਅਮਰਜੀਤ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 3185, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-02-26-10-54-06, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First