ਆਰਥਿਕ ਵਿਕਾਸ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਆਰਥਿਕ ਵਿਕਾਸ : ਆਰਥਿਕ ਵਿਕਾਸ ਦੀ ਧਾਰਨਾ ਨੂੰ ਸਮਝਣ ਤੋਂ ਪਹਿਲਾਂ ਆਰਥਿਕ ਵਿਕਾਸ ਅਤੇ ਆਰਥਿਕ ਵਾਧੇ ਵਿੱਚ ਫ਼ਰਕ ਨੂੰ ਸਮਝਣਾ ਜ਼ਰੂਰੀ ਹੈ। ਆਮ ਤੌਰ ’ਤੇ ਅਰਥ-ਸ਼ਾਸਤਰੀ ‘ਆਰਥਿਕ ਵਾਧਾ’ ਸ਼ਬਦ ਦੀ ਵਰਤੋਂ ਵਿਕਸਿਤ ਦੇਸਾਂ ਲਈ ਕਰਦੇ ਹਨ ਜਿੱਥੇ ਬਹੁਤ ਸਾਰੇ ਸਾਧਨਾਂ ਦਾ ਪੂਰਨ-ਗਿਆਨ ਹੁੰਦਾ ਹੈ ਅਤੇ ਉਹ ਵਿਕਸਿਤ ਹੁੰਦੇ ਹਨ। ਜਦ ਕਿ ‘ਆਰਥਿਕ ਵਿਕਾਸ’ ਸ਼ਬਦ ਦੀ ਵਰਤੋਂ ਘੱਟ ਵਿਕਸਿਤ ਦੇਸਾਂ ਲਈ ਕੀਤੀ ਜਾਂਦੀ ਹੈ ਜਿੱਥੇ ਅਜੇ ਤੱਕ ਵਰਤੋਂ ਵਿੱਚ ਨਾ ਲਿਆਂਦੇ ਗਏ ਸਾਧਨਾਂ ਦਾ ਉਪਯੋਗ ਅਤੇ ਵਿਕਾਸ ਕਰਨ ਦੀ ਸੰਭਵਾਨਾ ਹੁੰਦੀ ਹੈ।

ਸ੍ਰੀਮਤੀ ਉਰਸਲਾ ਹਿਕਸ ਦੇ ਸ਼ਬਦਾਂ ਵਿੱਚ “ਵਿਕਾਸ ਦਾ ਸੰਬੰਧ ਪਛੜੇ ਹੋਏ ਦੇਸਾਂ ਨਾਲ ਹੋਣਾ ਚਾਹੀਦਾ ਹੈ ਜਿੱਥੇ ਅਜੇ ਤੱਕ ਵਰਤੋਂ ਵਿੱਚ ਨਾ ਲਿਆਂਦੇ ਗਏ ਸਾਧਨਾਂ ਦਾ ਉਪਯੋਗ ਅਤੇ ਵਿਕਾਸ ਕਰਨ ਦੀ ਸੰਭਾਵਨਾ ਹੋਵੇ। ਆਰਥਿਕ ‘ਵਾਧਾ’ ਸ਼ਬਦ ਦੀ ਵਰਤੋਂ ਆਰਥਿਕ ਦ੍ਰਿਸ਼ਟੀਕੋਣ ਤੋਂ ਉਨਤ ਦੇਸਾਂ ਲਈ ਹੁੰਦੀ ਹੈ, ਜਿੱਥੇ ਉਤਪਾਦਨ ਦੇ ਸਾਧਨ ਵਿਕਸਿਤ ਹੁੰਦੇ ਹਨ।” ਇਸੇ ਪ੍ਰਕਾਰ ਦਾ ਫ਼ਰਕ ਪ੍ਰੋਫ਼ੈਸਰ ਸੂੰਪੀਟਰ ਨੇ ਕੀਤਾ ਹੈ। ਉਹਨਾਂ ਦੇ ਸ਼ਬਦਾਂ ਵਿੱਚ “ਵਿਕਾਸ ਇੱਕ ਸੁਭਾਵਿਕ ਅਤੇ ਨਿਰੰਤਰ ਤਬਦੀਲੀ ਹੈ, ਜੋ ਵਿਸਥਾਰ ਦੀ ਪ੍ਰੇਰਕ ਸ਼ਕਤੀ ਤੋਂ ਗਤੀ ਪ੍ਰਾਪਤ ਕਰਦੀ ਹੈ। ਵਾਧਾ ਲੰਬੇ ਕਾਲ ਵਿੱਚ ਇਕਸਾਰ ਅਤੇ ਸਥਿਰਤਾ ਨਾਲ ਹੁੰਦਾ ਹੈ ਅਤੇ ਜਨ-ਸੰਖਿਆ ਅਤੇ ਬੱਚਤਾਂ ਵਰਗੇ ਸਾਧਨਾਂ ਦੇ ਆਮ ਵਾਧੇ ਦੁਆਰਾ ਪ੍ਰਾਪਤ ਹੁੰਦਾ ਹੈ।” ਪਰੰਤੂ ਬਹੁਤ ਸਾਰੇ ਆਧੁਨਿਕ ਅਰਥ-ਸ਼ਾਸਤਰੀ ਜਿਸ ਤਰ੍ਹਾਂ ਕਿ ਆਰਥਰ ਲੁਈਸ, ਮਾਇਰ ਅਤੇ ਬਾਲਡਵਿਨ ਆਰਥਿਕ ਵਿਕਾਸ ਅਤੇ ਵਾਧਾ ਸ਼ਬਦਾਂ ਵਿੱਚ ਕੋਈ ਫ਼ਰਕ ਨਹੀਂ ਕਰਦੇ ਉਹਨਾਂ ਦੇ ਅਨੁਸਾਰ ਆਰਥਿਕ ਵਾਧਾ ਜਾਂ ਵਿਕਾਸ ਦਾ ਕ੍ਰਮ ਇੱਕ ਹੀ ਹੈ ਜਿਸ ਦਾ ਮੁੱਖ ਉਦੇਸ਼ ਰਾਸ਼ਟਰੀ ਆਮਦਨ ਵਿੱਚ ਲਗਾਤਾਰ ਲੰਬੇ ਸਮੇਂ ਤੱਕ ਵਾਧਾ ਕਰਨਾ ਹੈ। ਮਾਇਰ ਅਤੇ ਬਾਲਡਵਿਨ ਦੇ ਸ਼ਬਦਾਂ ਵਿੱਚ, “ਆਰਥਿਕ ਵਿਕਾਸ ਇੱਕ ਪ੍ਰਕਿਰਿਆ ਹੈ ਜਿਸ ਵਿੱਚ ਅਰਥ-ਵਿਵਸਥਾ ਦੀ ਅਸਲ ਰਾਸ਼ਟਰੀ ਆਮਦਨ ਵਿੱਚ ਲੰਬੇ ਸਮੇਂ ਦਾ ਵਾਧਾ ਹੁੰਦਾ ਹੈ।” ਇਸ ਦਾ ਮਤਲਬ ਇਹ ਹੈ ਕਿ ਆਰਥਿਕ ਵਿਕਾਸ ਵਿੱਚ ਤਿੰਨ ਤੱਤ ਸ਼ਾਮਲ ਹਨ: ਪ੍ਰਕਿਰਿਆ, ਅਸਲ ਰਾਸ਼ਟਰੀ ਆਮਦਨ ਅਤੇ ਲੰਬਾ ਸਮਾਂ। ਜਦੋਂ ਰਾਸ਼ਟਰੀ ਆਮਦਨ ਵਧਦੀ ਹੈ ਤਾਂ ਇਸ ਨਾਲ ਵਸਤੂਆਂ ਅਤੇ ਸੇਵਾਵਾਂ ਦੇ ਉਤਪਾਦਨ ਵਿੱਚ ਵਾਧਾ ਹੁੰਦਾ ਹੈ ਜਿਸ ਨਾਲ ਦੇਸ ਦੇ ਆਰਥਿਕ ਕਲਿਆਣ ਵਿੱਚ ਸੁਧਾਰ ਹੁੰਦਾ ਹੈ। ਵਿਲਿਅਮਸਨ ਅਤੇ ਬਟ੍ਰਿਕ ਨੇ ਠੀਕ ਹੀ ਕਿਹਾ ਹੈ, “ਆਰਥਿਕ ਵਿਕਾਸ ਜਾਂ ਵਾਧੇ ਦਾ ਉਸ ਪ੍ਰਕਿਰਿਆ ਨਾਲ ਸੰਬੰਧ ਹੁੰਦਾ ਹੈ, ਜਿਸ ਵਿੱਚ ਦੇਸ ਅਤੇ ਖੇਤਰ ਦੇ ਨਿਵਾਸੀ ਪ੍ਰਤਿ ਵਿਅਕਤੀ ਵਸਤੂਆਂ ਅਤੇ ਸੇਵਾਵਾਂ ਦੇ ਨਿਰੰਤਰ ਉਤਪਾਦਨ ਵਿੱਚ ਵਾਧਾ ਕਰਨ ਲਈ ਪ੍ਰਾਪਤ ਸਾਧਨਾਂ ਦੀ ਵਰਤੋਂ ਕਰਦੇ ਹਨ।”

ਆਰਥਿਕ ਵਾਧੇ ਦੀਆਂ ਉੱਪਰ ਦਿੱਤੀਆਂ ਸਾਰੀਆਂ ਪਰਿਭਾਸ਼ਾਵਾਂ ਸੰਕੁਚਿਤ ਹਨ ਕਿਉਂਕਿ ਉਹ ਵਸਤੂਆਂ ਅਤੇ ਸੇਵਾਵਾਂ ਅਤੇ ਅਸਲ ਰਾਸ਼ਟਰੀ ਆਮਦਨ ਵਿੱਚ ਨਿਰੰਤਰ ਦੀਰਘਕਾਲੀਨ ਵਾਧੇ ਨਾਲ ਅਰਥ-ਵਿਵਸਥਾ ਦੇ ਆਰਥਿਕ ਅਤੇ ਸਮਾਜਿਕ ਢਾਂਚੇ ਵਿੱਚ ਹੋਣ ਵਾਲੀਆਂ ਤਬਦੀਲੀਆਂ ਵੱਲ ਨਿਰਦੇਸ਼ ਨਹੀਂ ਕਰਦੀ। ਇਸ ਲਈ ਅਸੀਂ ਆਰਥਿਕ ਵਾਧੇ ਦੀ ਪਰਿਭਾਸ਼ਾ ਇਹਨਾਂ ਸ਼ਬਦਾਂ ਨਾਲ ਕਰਦੇ ਹਾਂ, “ਆਰਥਿਕ ਵਾਧਾ ਇੱਕ ਬਹੁਪੱਖੀ ਦੀਰਘਕਾਲੀਨ ਰੁਚੀ ਹੈ, ਜਿਸ ਵਿੱਚ ਅਸਲ ਰਾਸ਼ਟਰੀ ਆਮਦਨ ਵਿੱਚ ਚੀਜ਼ਾਂ ਅਤੇ ਸੇਵਾਵਾਂ ਦੇ ਉਤਪਾਦਨ ਵਿੱਚ ਵਾਧਾ ਹੋਣ ਨਾਲ ਸਮਾਜ ਦੇ ਆਰਥਿਕ ਅਤੇ ਸਮਾਜਿਕ ਢਾਂਚੇ ਵਿੱਚ ਅਨੇਕਾਂ ਤਬਦੀਲੀਆਂ ਹੁੰਦੀਆਂ ਹਨ, ਜੋ ਆਰਥਿਕ ਕਲਿਆਣ ਵਿੱਚ ਵਾਧਾ ਕਰਦੀਆਂ ਹਨ ਅਤੇ ਲੋਕਾਂ ਦੇ ਜੀਵਨ ਨੂੰ ਸੁਖਮਈ ਬਣਾਉਂਦੀਆਂ ਹਨ।

ਆਰਥਿਕ ਵਿਕਾਸ ਨੂੰ ਮਾਪਣ ਦੇ ਲਈ ਅਰਥ-ਸ਼ਾਸਤਰੀਆਂ ਨੇ ਭਿੰਨ-ਭਿੰਨ ਤਰੀਕਿਆਂ ਦੀ ਵਰਤੋਂ ਕੀਤੀ ਹੈ ਜਿਵੇਂ ਕਿ ਉਤਪਾਦਨ ਸਾਧਨਾਂ ਵਿੱਚ ਵਾਧਾ, ਆਰਥਿਕ ਕਲਿਆਣ ਵਿੱਚ ਵਾਧਾ, ਰਾਸ਼ਟਰੀ ਆਮਦਨ ਅਤੇ ਪ੍ਰਤਿ ਵਿਅਕਤੀ ਆਮਦਨ ਵਿੱਚ ਵਾਧਾ। ਆਰਥਿਕ ਵਿਕਾਸ ਦਾ ਇੱਕ ਸੂਚਕ ਕਿਸੇ ਦੇਸ ਵਿੱਚ ਉਤਪਾਦਕ ਸਾਧਨਾਂ ਦੀ ਮਾਤਰਾ ਹੁੰਦੀ ਹੈ ਜੋ ਕੁਦਰਤੀ ਅਤੇ ਮਨੁੱਖੀ ਸਾਧਨਾਂ ਦੀ ਵੱਧ ਤੋਂ ਵੱਧ ਮਾਤਰਾ ਦੇ ਪ੍ਰਯੋਗ ਨਾਲ ਵਧਦੀ ਹੈ। ਜਿੰਨੇ ਉਤਪਾਦਨ ਸਾਧਨ ਵੱਧ ਹੋਣਗੇ ਓਨਾ ਹੀ ਦੇਸ ਵਿੱਚ ਆਰਥਿਕ ਵਿਕਾਸ ਵੱਧ ਹੋਵੇਗਾ। ਪਰ ਕਈ ਅਰਥ-ਸ਼ਾਸਤਰੀ ਆਰਥਿਕ ਕਲਿਆਣ ਨੂੰ ਆਰਥਿਕ ਵਿਕਾਸ ਦਾ ਸੂਚਕ ਮੰਨਦੇ ਹਨ ਉਹਨਾਂ ਦੇ ਅਨੁਸਾਰ ਜਦੋਂ ਦੇਸ ਵਿੱਚ ਸਮਾਜਿਕ, ਸੱਭਿਆਚਾਰਿਕ, ਰਾਜਨੀਤਿਕ ਅਤੇ ਆਰਥਿਕ ਤਬਦੀਲੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ, ਜਿਸ ਨਾਲ ਲੋਕਾਂ ਦਾ ਰਹਿਣ-ਸਹਿਣ ਦਾ ਪੱਧਰ ਉੱਚਾ ਹੁੰਦਾ ਹੈ ਅਤੇ ਉਹਨਾਂ ਦੇ ਕਲਿਆਣ ਵਿੱਚ ਵਾਧਾ ਹੁੰਦਾ ਹੈ ਤਾਂ ਇਹ ਆਰਥਿਕ ਵਿਕਾਸ ਦਾ ਹੀ ਸੂਚਕ ਮੰਨਿਆ ਜਾਂਦਾ ਹੈ। ਬਹੁਤ ਸਾਰੇ ਅਰਥ-ਸ਼ਾਸਤਰੀ ਆਰਥਿਕ ਵਿਕਾਸ ਨੂੰ ਰਾਸ਼ਟਰੀ ਆਮਦਨ ਵਿੱਚ ਲੰਬੇ ਸਮੇਂ ਲਈ ਵਾਧਾ ਮੰਨਦੇ ਹਨ। ਉੱਪਰ ਦਿੱਤੇ ਆਰਥਿਕ ਵਿਕਾਸ ਦੇ ਸੂਚਕਾਂ ਦੇ ਕੁਝ ਦੋਸ਼ ਹਨ, ਇਸ ਲਈ ਜ਼ਿਆਦਾਤਰ ਅਰਥ-ਸ਼ਾਸਤਰੀ ਅਸਲ ਪ੍ਰਤਿ ਵਿਅਕਤੀ ਆਮਦਨ ਵਿੱਚ ਦੀਰਘ ਕਾਲੀਨ ਵਾਧੇ ਨੂੰ ਆਰਥਿਕ ਵਿਕਾਸ ਦਾ ਸਰਬ-ਪ੍ਰਵਾਨਿਤ ਮਾਪ-ਦੰਡ ਮੰਨਦੇ ਹਨ। ਆਰਥਿਕ ਵਿਕਾਸ ਦਾ ਇੱਕ ਹੋਰ ਸੂਚਕ ਜੋ ਅੱਜ-ਕੱਲ੍ਹ ਪ੍ਰਚਲਿਤ ਹੋ ਰਿਹਾ ਹੈ। ਉਹ ਹੈ, “ਮਨੁੱਖੀ ਵਿਕਾਸ ਸੂਚਕ-ਅੰਕ।” ਮਨੁੱਖੀ ਵਿਕਾਸ ਸੂਚਕ ਅੰਕ ਪ੍ਰਤਿ ਵਿਅਕਤੀ ਆਮਦਨ ਤੋਂ ਇਲਾਵਾ ਕੁਝ ਹੋਰ ਮਹੱਤਵਪੂਰਨ ਤੱਤਾਂ ਉੱਪਰ ਆਧਾਰਿਤ ਹੈ। ਉਹ ਤੱਤ ਹਨ: ਸਾਖ਼ਰਤਾ ਦਰ, ਜਿਊਣ ਆਸ, ਬੱਚਿਆਂ ਦੀ ਮਰਨ ਦਰ ਅਤੇ ਪੀਣ ਵਾਲੇ ਸਾਫ਼ ਪਾਣੀ ਦੀ ਉਪਲਬਧਤਾ। ਸਪਸ਼ਟ ਹੈ ਕਿ ਅਜਿਹਿਆਂ ਨੁਕਤਿਆਂ ਉੱਪਰ ਆਧਾਰਿਤ ਸੂਚਕ ਅੰਕ ਇਕੱਲੀ ਪ੍ਰਤਿ ਵਿਅਕਤੀ ਆਮਦਨ ਨਾਲੋਂ ਆਰਥਿਕ ਵਿਕਾਸ ਦਾ ਜ਼ਿਆਦਾ ਵਧੀਆ ਸੂਚਕ ਹੈ।

ਕਿਸੇ ਦੇਸ ਦੇ ਆਰਥਿਕ ਵਿਕਾਸ ਹੋਣ ਵਿੱਚ ਬਹੁਤ ਸਾਰੇ ਤੱਤ ਸਹਾਈ ਹੁੰਦੇ ਹਨ। ਅਰਥ-ਸ਼ਾਸਤਰੀਆਂ ਨੇ ਆਰਥਿਕ ਵਿਕਾਸ ਦੇ ਨਿਰਧਾਰਨ ਕਰਨ ਵਾਲੇ ਕਾਰਕਾਂ ਦਾ ਕਈ ਪ੍ਰਕਾਰ ਨਾਲ ਵਰਗੀਕਰਨ ਕੀਤਾ ਹੈ। ਸਧਾਰਨ ਤੌਰ ’ਤੇ ਅਰਥ-ਸ਼ਾਸਤਰੀ ਇਹਨਾਂ ਨੂੰ ਆਰਥਿਕ ਅਤੇ ਗ਼ੈਰ-ਆਰਥਿਕ ਤੱਤਾਂ ਵਿੱਚ ਵੰਡਦੇ ਹਨ ਆਰਥਿਕ ਤੱਤਾਂ ਵਿੱਚ ਕੁਦਰਤੀ ਸਾਧਨ, ਮਨੁੱਖੀ ਸਾਧਨ, ਪੂੰਜੀ, ਉੱਦਮੀ ਅਤੇ ਤਕਨੀਕੀ ਪ੍ਰਗਤੀ ਆਦਿ ਸ਼ਾਮਲ ਕੀਤੇ ਜਾਂਦੇ ਹਨ। ਗ਼ੈਰ-ਆਰਥਿਕ ਤੱਤਾਂ ਵਿੱਚ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਤੱਤ ਵੀ ਆਰਥਿਕ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ।


ਲੇਖਕ : ਰਾਕੇਸ਼ ਕੁਮਾਰ ਬਾਂਸਲ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 1847, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-02-26-10-59-43, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.