ਆਸ਼ਰਮ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਸ਼ਰਮ [ਨਾਂਪੁ] ਸਾਧੂ ਸੰਤਾਂ ਦਾ ਡੇਰਾ; ਸਥਾਨ, ਥਾਂ, ਪਾਠਸ਼ਾਲਾ; ਹਿੰਦੂ-ਮੱਤ ਅਨੁਸਾਰ ਜੀਵਨ ਦੀ ਇਕ ਅਵਸਥਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6801, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਆਸ਼ਰਮ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

          ਆਸ਼ਰਮ : ਵਰਣ ਤੇ ਆਸ਼ਰਮ ਪ੍ਰਾਚੀਨ ਭਾਰਤ ਵਿਚ ਸਮਾਜਕ ਢਾਂਚੇ ਦੇ ਦੋ ਥੰਮ੍ਹ ਸਨ। ਮਨੁੱਖ ਦੀ ਪ੍ਰਕਿਰਤੀ, ਗੁਣ, ਕਰਮ ਅਤੇ ਸੁਭਾਅ ਦੇ ਆਧਾਰ ਤੇ ਮਨੁੱਖ ਜਾਤੀ ਦੀ ਵੰਡ ਚਾਰ ਵਰਣਾਂ ਵਿਚ ਕੀਤੀ ਗਈ ਸੀ। ਜਾਤੀਗਤ ਸੰਸਕਾਰ ਲਈ ਉਸ ਦੇ ਜੀਵਨ ਦੀ ਵੰਡ ਚਾਰ ਆਸ਼ਰਮਾਂ ਵਿਚ ਕੀਤੀ ਗਈ ਸੀ। ਇਹ ਚਾਰ ਆਸ਼ਰਮ ਸਨ– (1) ਬ੍ਰਹਮਚਰਜ, (2) ਗ੍ਰਿਹਸਤ, (3) ਬਾਨਪ੍ਰਸਥ (4) ਸੰਨਿਆਸ। ਅਮਰਕੋਸ਼ (7.4) ਉੱਤੇ ਟੀਕਾ ਕਰਦਿਆਂ ਹੋਇਆਂ ਭਾਨੂੰਜੀ ਦੀਕਸ਼ਿਤ ਨੇ ‘ਆਸ਼ਰਮ’ ਸ਼ਬਦ ਦੀ ਵਿਆਖਿਆ ਇਉਂ ਕੀਤੀ ਹੈ :- ਆਸ਼੍ਰਾਮਯਨਤਯਤ੍ਰ ਅਨੇਨ ਵਾ। ਸ਼੍ਰਮੁ ਤਪਸਿ। ਘਲ। ਯਦ੍ਵਾ ਆ ਸਮੰਤਾਛਮੋਗਤ੍ਰਸ੍ਵਧਰਮਸਾਧਨ ਕਲੇਸ਼ਤ। ਅਰਥਾਤ ਜਿਸ ਵਿਚ ਹਰ ਤਰ੍ਹਾਂ ਨਾਲ ਮਿਹਨਤ ਕੀਤੀ ਜਾਵੇ ਉਹ ਆਸ਼ਰਮ ਹੈ, ਜਾਂ ਆਸ਼ਰਮ ਜੀਵਨ ਦੀ ਉਹ ਸਥਿਤੀ ਹੈ ਜਿਸ ਵਿਚ ਕਰਤੱਵ-ਪਾਲਣ ਲਈ ਪੂਰੀ ਮਿਹਨਤ ਕੀਤੀ ਜਾਵੇ। ਆਸ਼ਰਮ ਦਾ ਅਰਥ ‘ਅਵਸਥਾ ਵਿਸ਼ੇਸ਼’, ‘ਵਿਸ਼ਰਾਮ ਦਾ ਸਥਾਨ’, ‘ਰਿਸ਼ੀਆਂ ਮੁਨੀਆਂ ਦੇ ਰਹਿਣ ਦੀ ਪਵਿੱਤਰ ਥਾਂ’ ਆਦਿ ਵੀ ਕੀਤਾ ਗਿਆ ਹੈ।

          ਆਸ਼ਰਮ ਸੰਸਥਾ ਦਾ ਆਰੰਭ ਵੈਦਿਕ ਕਾਲ ਵਿਚ ਹੋ ਚੁੱਕਿਆ ਸੀ ਪਰ ਉਸ ਦੇ ਵਿਕਸਿਤ ਅਤੇ ਸਥਾਪਤ ਹੋਣ ਵਿਚ ਕਾਫ਼ੀ ਸਮਾਂ ਲੱਗਿਆ। ਵੈਦਿਕ-ਸਾਹਿਤ ਵਿਚ ਬ੍ਰਹਮਚਰਜ ਅਤੇ ਗ੍ਰਿਹਸਤ ਆਸ਼ਰਮਾਂ ਦਾ ਸੁਤੰਤਰ ਵਿਕਾਸ ਹੋਇਆ ਪਰ ਬਾਨਪ੍ਰਸਥ ਅਤੇ ਸੰਨਿਆਸ, ਇਨ੍ਹਾਂ ਦੋਹਾਂ ਆਸ਼ਰਮਾਂ ਦੇ ਸੁਤੰਤਰ ਵਿਕਾਸ ਦਾ ਹਵਾਲਾ ਨਹੀਂ ਮਿਲਦਾ। ਇਨ੍ਹਾਂ ਦੋਹਾਂ ਦੀ ਸਾਂਝੀ ਹਸਤੀ ਕਾਫ਼ੀ ਸਮੇਂ ਤਕ ਕਾਇਮ ਰਹੀ ਅਤੇ ਇਨ੍ਹਾਂ ਨੂੰ ਵੈਖਾਨਸ, ਪਰਿਵ੍ਰਾਟ, ਯਤੀ, ਮੁਨੀ, ਸ਼੍ਰਮਣ ਆਦਿ ਨਾਂ ਦਿੱਤੇ ਜਾਂਦੇ ਹਨ। ਵੈਦਿਕ ਕਾਲ ਵਿਚ ਕਰਮ ਅਤੇ ਕਰਮ-ਕਾਂਡ ਦੀ ਪ੍ਰਧਾਨਤਾ ਹੋਣ ਦੇ ਕਾਰਨ ਨਿਵਿਰਤੀ ਮਾਰਗ ਜਾਂ ਸੰਨਿਆਸ ਨੂੰ ਖ਼ਾਸ ਉਤਸ਼ਾਹ ਨਹੀਂ ਸੀ ਮਿਲ ਸਕਿਆ। ਵੈਦਿਕ ਸਾਹਿਤ ਦੇ ਅਖ਼ੀਰਲੇ ਭਾਗ ਉਪਨਿਸ਼ਦਾਂ ਵਿਚ ਨਿਵਿਰਤੀ ਅਤੇ ਸੰਨਿਆਸ ਉੱਪਰ ਜ਼ੋਰ ਦਿੱਤਾ ਜਾਣ ਲਗ ਪਿਆ ਅਤੇ ਇਹ ਮੰਨ ਲਿਆ ਗਿਆ ਸੀ ਕਿ ਜਦੋਂ ਜੀਵਨ ਵਿਚ ਵੈਰਾਗ ਚੰਗੀ ਤਰ੍ਹਾਂ ਪੈਦਾ ਹੋ ਜਾਵੇ ਉਸ ਸਮੇਂ ਤੋਂ ਵੈਰਾਗ ਦੀ ਪ੍ਰੇਰਨਾ ਨਾਲ ਸੰਨਿਆਸ ਲਿਆ ਜਾ ਸਕਦਾ ਹੈ। ਫਿਰ ਵੀ ਸੰਨਿਆਸ ਵੱਲ ਬੇਰੁਖ਼ੀ ਦੀ ਰੁਚੀ ਬਣੀ ਹੀ ਰਹੀ।

          ਸੂਤਰਾਂ ਦੇ ਯੁੱਗ ਵਿਚ ਚਾਰ ਆਸ਼ਰਮਾਂ ਦੀ ਗਿਣਤੀ ਹੋਣ ਲੱਗ ਪਈ ਸੀ, ਭਾਵੇਂ ਉਨ੍ਹਾਂ ਦੇ ਨਾਮ-ਕ੍ਰਮ ਵਿਚ ਅਜੇ ਵੀ ਮੱਤ-ਭੇਦ ਸੀ। ਆਪਸਤੰਬ ਧਰਮ ਸੂਤਰ (2.9.21.1) ਅਨੁਸਾਰ ਗ੍ਰਿਹਸਤ, ਆਚਾਰੀਆ-ਕੁਲ (ਬ੍ਰਹਮਚਰਜ), ਮੌਨ ਅਤੇ ਬਾਨਪ੍ਰਸਥ ਚਾਰ ਆਸ਼ਰਮ ਸਨ। ਗੌਤਮ ਧਰਮ-ਸੂਤਰ (3.2) ਵਿਚ ਬ੍ਰਹਮਚਾਰੀ, ਗ੍ਰਿਹਸਤੀ, ਭਿਕਸ਼ੂ ਅਤੇ ਵੈਖਾਨਸ ਚਾਰ ਆਸ਼ਰਮ ਦੱਸੇ ਗਏ ਹਨ। ਵਸ਼ਿਸ਼ਠ ਧਰਮ-ਸੂਤਰ (7.1.2) ਵਿਚ ਗ੍ਰਿਹਸਤੀ, ਬ੍ਰਹਮਚਾਰੀ, ਬਾਨਪ੍ਰਸਥ ਅਤੇ ਪਰਿਵਰਾਜਕ ਚਾਰ ਆਸ਼ਰਮਾਂ ਦਾ ਵਰਣਨ ਹੈ। ਬੌਧਾਯਨ ਧਰਮ-ਸੂਤਰ (2.6.17) ਨੇ ਵਸ਼ਿਸ਼ਠ ਦਾ ਅਨੁਸਰਣ ਕੀਤਾ ਹੈ ਪਰ ਆਸ਼ਰਮ ਦੀ ਉੱਤਪਤੀ ਦੇ ਸਬੰਧ ਵਿਚ ਦੱਸਿਆ ਹੈ ਕਿ ਅਖ਼ੀਰਲੇ ਦੋ ਆਸ਼ਰਮਾਂ ਦਾ ਭੇਦ ਪ੍ਰਹਿਲਾਦ ਦੇ ਪੁੱਤਰ ਕਪਿਲ ਨੇ ਇਸ ਲਈ ਕੀਤਾ ਸੀ ਕਿ ਦੇਵਤਿਆਂ ਨੂੰ ਯੱਗਾਂ ਤੋ ਮਿਲਣ ਵਾਲਾ ਹਿੱਸਾ ਨਾ ਮਿਲੇ ਅਤੇ ਉਹ ਕਮਜ਼ੋਰ ਹੋ ਜਾਣ (6.29-31)। ਇਸ ਦਾ ਇਹ ਅਰਥ ਹੋ ਸਕਦਾ ਹੈ ਕਿ ਸਰੀਰਕ ਕਸ਼ਟ ਵਾਲਾ ਨਿਵਿਰਤੀ ਮਾਰਗ ਪਹਿਲਾਂ ਦੈਂਤਾਂ ਵਿਚ ਪ੍ਰਚਲਤ ਸੀ ਅਤੇ ਆਰੀਆਂ ਨੇ ਉਨ੍ਹਾਂ ਤੋਂ ਇਸ ਮਾਰਗ ਦਾ ਕੁਝ ਅੰਸ਼ ਗ੍ਰਹਿਣ ਕੀਤਾ ਪਰ ਫਿਰ ਵੀ ਉਨ੍ਹਾਂ ਨੂੰ ਇਹ ਆਸ਼ਰਮ ਪੂਰੀ ਤਰ੍ਹਾਂ ਪਸੰਦ ਅਤੇ ਪਰਵਾਨ ਨਹੀਂ ਸਨ।

          ਬੋਧੀ ਅਤੇ ਜੈਨੀ ਵਿਚਾਰਾਂ ਨੇ ਆਸ਼ਰਮ ਦਾ ਵਿਰੋਧ ਨਹੀਂ ਕੀਤਾ ਪਰ ਪਹਿਲੇ ਦੋ ਆਸ਼ਰਮਾਂ ਬ੍ਰਹਮਚਰਜ ਅਤੇ ਗ੍ਰਿਹਸਤ ਨੂੰ ਲਾਜ਼ਮੀ ਨਹੀਂ ਮੰਨਿਆ, ਜਿਸ ਦਾ ਸਿੱਟਾ ਇਹ ਹੋਇਆ ਕਿ ਮੁਨੀ ਅਤੇ ਯਤੀ ਬਿਰਤੀ ਨੂੰ ਬੜਾ ਉਤਸ਼ਾਹ ਮਿਲਿਆ ਅਤੇ ਸਮਾਜ ਵਿਚ ਭਿਕਸ਼ੂਆਂ ਦਾ ਬਹੁਤ ਵਾਧਾ ਹੋਇਆ। ਇਸ ਨਾਲ ਸਮਾਜ ਤਾਂ ਕਮਜ਼ੋਰ ਹੋਇਆ ਹੀ, ਨਾਲ ਨਾਲ ਇਸ ਤੁਰਤ ਸੰਨਿਆਸ ਅਤੇ ਤਿਆਗ ਨਾਲ ਭ੍ਰਿਸ਼ਟਾਚਾਰ ਵੀ ਵਧਿਆ। ਇਸ ਦੇ ਉਲਟ ਵਿਚਾਰ ਅਤੇ ਪ੍ਰਤਿਕਰਮ ਦੂਸਰੀ ਸਦੀ ਈ. ਪੂ. ਅਥਵਾ ਸ਼ੁੰਗ ਬੰਸ ਦੀ ਸਥਾਪਨਾ ਨਾਲ ਹੋਇਆ। ਮਨੂ ਆਦਿ ਸਿਮ੍ਰਿਤੀਆਂ ਵਿਚ ਆਸ਼ਰਮ ਧਰਮ ਦਾ ਪੂਰਾ ਜ਼ੋਰ ਅਤੇ ਸੰਗਠਨ ਦਿਖਾਈ ਦਿੰਦੀ ਹੈ। ਪੂਰੇ ਆਸ਼ਰਮ ਧਰਮ ਦੀ ਪਰਤਿਸ਼ਠਾ ਅਤੇ ਉਨ੍ਹਾਂ ਦੇ ਕੰਮ ਦੀ ਅਟੱਲਤਾ ਵੀ ਸਵੀਕਾਰ ਕਰ ਲਈ ਗਈ। ‘ਆਸ਼੍ਰਮਾਤ ਆਸ਼੍ਰਮ ਗਚਛੇਤ’ ਅਰਥਾਤ ਇਕ ਆਸ਼ਰਮ ਤੋਂ ਦੂਜੇ ਆਸ਼ਰਮ ਵੱਲ ਜਾਣਾ ਚਾਹੀਦਾ ਹੈ, ਇਸ ਸਿਧਾਂਤ ਨੂੰ ਮਨੂ ਨੇ ਦ੍ਰਿੜ੍ਹ ਕਰ ਦਿੱਤਾ ਹੈ।

          ਸਿਮ੍ਰਿਤੀਆਂ ਵਿਚ ਚਾਰੇ ਆਸ਼ਰਮਾਂ ਦੇ ਕਰਤਵਾਂ ਦਾ ਵਿਸਥਾਰ ਨਾਲ ਵਰਣਨ ਮਿਲਦਾ ਹੈ। ਮਨੂ ਨੇ ਮਨੁੱਖੀ ਉਮਰ ਔਸਤਨ ਇਕ ਸੌ ਸਾਲ ਦੀ ਮੰਨ ਕੇ ਉਸ ਨੂੰ ਚਾਰ ਬਰਾਬਰ ਹਿੱਸਿਆਂ (ਆਸ਼ਰਮਾਂ) ਵਿਚ ਵੰਡਿਆ ਹੈ। ਪਹਿਲਾ ਹਿੱਸਾ ਬ੍ਰਹਮਚਰਜ ਹੈ। ਇਸ ਆਸ਼ਰਮ ਵਿਚ ਗੁਰੂਕੁਲ ਵਿਚ ਰਹਿ ਕੇ ਬ੍ਰਹਮਚਰਜ ਦਾ ਪਾਲਣ ਕਰਨਾ ਹੀ ਕਰਤੱਵ ਹੈ। ਇਸ ਦਾ ਮੁੱਖ ਉਦੇਸ਼ ਵਿੱਦਿਆ ਪ੍ਰਾਪਤ ਕਰਨਾ ਅਤੇ ਵਰਤ ਦਾ ਪਾਲਣ ਕਰਨਾ ਹੈ। ਮਨੂ ਦੇ ਬ੍ਰਹਮਚਾਰੀ ਦੇ ਜੀਵਨ ਅਤੇ ਉਸ ਦੇ ਕਰਤਵਾਂ ਦਾ ਵਰਣਨ ਵਿਸਥਾਰ ਨਾਲ ਕੀਤਾ ਹੈ (ਅਧਿਆਇ 2, ਸ਼ਲੋਕ 41-244)। ਬ੍ਰਹਮਚਰਜ ਆਸ਼ਰਮ ਜਨੇਊ ਪਹਿਨਣ ਦੇ ਸਮੇਂ ਤੋਂ ਸ਼ੁਰੂ ਹੁੰਦਾ ਹੈ ਅਤੇ ਸਿੱਖਿਆ ਲੈ ਕੇ ਮੁੜਨ ਨਾਲ ਸਮਾਪਤ ਹੁੰਦਾ ਹੈ। ਇਸ ਤੋਂ ਪਿੱਛੋਂ ਵਿਆਹ ਕਰਾ ਕੇ ਮਨੁੱਖ ਦੂਜੇ ਆਸ਼ਰਮ ਅਰਥਾਤ ਗ੍ਰਹਿਸਤ ਵਿਚ ਦਾਖਲ ਹੁੰਦਾ ਹੈ। ਗ੍ਰਹਿਸਤ ਸਮਾਜ ਦੀ ਆਧਾਰ-ਸ਼ਿਲਾ ਹੈ। “ਜਿਸ ਤਰ੍ਹਾਂ ਹਵਾ ਦੇ ਸਹਾਰੇ ਸਾਰੇ ਪ੍ਰਾਣੀ ਜੀਉਂਦੇ ਹਨ, ਉਸੇ ਤਰ੍ਹਾਂ ਗ੍ਰਹਿਸਤ ਆਸ਼ਰਮ ਦੇ ਸਹਾਰੇ ਹੋਰ ਸਾਰੇ ਆਸ਼ਰਮ ਕਾਇਮ ਰਹਿੰਦੇ ਹਨ” (ਮਨੂ-377)। ਇਸ ਆਸ਼ਰਮ ਵਿਚ ਮਨੁੱਖ ਰਿਸ਼ੀਆਂ ਦਾ ਕਰਜ਼ਾ ਵੇਦਾਂ ਦਾ ਅਧਿਐਨ ਕਰਕੇ, ਦੇਵਤਿਆਂ ਦਾ ਕਰਜ਼ਾ ਯੱਗ ਕਰ ਕੇ ਅਤੇ ਆਪਣੇ ਪਿਤਰਾਂ ਦਾ ਕਰਜ਼ਾ ਸੰਤਾਨ ਉਤਪਤੀ ਕਰ ਕੇ ਚੁਕਾਉਂਦਾ ਹੈ। ਇਸ ਤਰ੍ਹਾਂ ਲਗਾਤਾਰ ਪੰਜ ਮਹਾਂਯੱਗ- ਬ੍ਰਹਮ-ਯੱਗ, ਦੇਵ-ਯੱਗ, ਪਿਤ੍ਰੀ-ਯੱਗ, ਅਤਿਥੀ-ਯੱਗ ਅਤੇ ਭੂਤ-ਯੱਗ-ਕਰ ਕੇ ਉਹ ਸੰਸਾਰ ਅਤੇ ਸਮਾਜ ਪ੍ਰਤੀ ਆਪਣੇ ਕਰਤੱਵ ਪੂਰੇ ਕਰਦਾ ਹੈ। ਮਨੂ ਸਿਮ੍ਰਿਤੀ ਦੇ ਚੌਥੇ ਅਤੇ ਪੰਜਵੇਂ ਅਧਿਆਇ ਵਿਚ ਗ੍ਰਹਿਸਤ ਦੇ ਕਰਤੱਵ ਦਾ ਵਰਣਨ ਮਿਲਦਾ ਹੈ। ਉਮਰ ਦਾ ਚੌਥਾਈ ਹਿੱਸਾ ਗ੍ਰਹਿਸਤ ਵਿਚ ਬਿਤਾ ਕੇ ਮਨੁੱਖ ਜਦੋਂ ਦੇਖਦਾ ਹੈ ਕਿ ਉਸ ਦੇ ਸਿਰ ਦੇ ਵਾਲ ਸਫ਼ੈਦ ਹੋ ਰਹੇ ਹਨ ਅਤੇ ਉਸ ਦੇ ਸ਼ਰੀਰ ਉੱਪਰ ਝੁਰੜੀਆਂ ਪੈ ਰਹੀਆਂ ਹਨ ਤਾਂ ਉਹ ਜੀਵਨ ਦੇ ਤੀਜੇ ਆਸ਼ਰਮ, ਬਾਨਪ੍ਰਸਥ ਵਿਚ ਦਾਖ਼ਲ ਹੁੰਦਾ ਹੈ (ਮਨੂ 5,169)। ਨਿਵਿਰਤੀ-ਮਾਰਗ ਦਾ ਇਹ ਪਹਿਲਾ ਅੰਗ ਹੈ। ਇਸ ਵਿਚ ਤਿਆਗ ਦਾ ਥੋੜ੍ਹਾ ਜਿਹਾ ਪਾਲਣ ਹੁੰਦਾ ਹੈ। ਮਨੁੱਖ ਅਮਲੀ ਜੀਵਨ ਤੋਂ ਦੂਰ ਹੋ ਜਾਂਦਾ ਹੈ ਪਰ ਉਸ ਦੇ ਗ੍ਰਹਿਸਤ ਦਾ ਮੂਲ, ਪਤਨੀ, ਉਸ ਦੇ ਨਾਲ ਰਹਿੰਦੀ ਹੈ ਅਤੇ ਉਹ ਯੱਗ ਆਦਿ ਗ੍ਰਹਿਸਤ ਧਰਮ ਦਾ ਕੁਝ ਪਾਲਣ ਵੀ ਕਰਦਾ ਹੈ ਪਰ ਨਾਲ ਹੀ ਸੰਸਾਰ ਦਾ ਹੌਲੀ ਹੌਲੀ ਤਿਆਗ ਅਤੇ ਜਤੀ-ਕਰਮ ਦਾ ਆਰੰਭ ਹੋ ਜਾਂਦਾ ਹੈ (ਮਨੂ-6)। ਬਾਨਪ੍ਰਸਥ ਤੋਂ ਪਿੱਛੋਂ ਸ਼ਾਂਤ-ਚਿਤ, ਪੱਕੀ ਉਮਰ ਵਾਲੇ ਮਨੁੱਖ ਦਾ ਸੰਨਿਆਸ ਆਰੰਭ ਹੁੰਦਾ ਹੈ (ਮਨੂ-6,33)। ਜਿਵੇਂ ਪਹਿਲਾਂ ਦੱਸਿਆ ਗਿਆ ਹੈ, ਪਹਿਲੇ ਤਿੰਨ ਆਸ਼ਰਮਾਂ ਅਤੇ ਉਨ੍ਹਾਂ ਦੇ ਕਰਤੱਵਾਂ ਦੇ ਪਾਲਣ ਦੇ ਪਿੱਛੋਂ ਹੀ ਮਨੂ ਅਨੁਸਾਰ ਸੰਨਿਆਸ ਦੀ ਅਵਸਥਾ ਸ਼ੁਰੂ ਹੁੰਦੀ ਹੈ। “ਇਕ ਆਸ਼ਰਮ ਤੋਂ ਦੂਜੇ ਆਸ਼ਰਮ ਵਿਚ ਜਾ ਕੇ ਇੰਦਰੀਆਂ ਨੂੰ ਜਿਤ ਕੇ, ਬ੍ਰਹਮਚਰਜ, ਗ੍ਰਹਿਸਤ ਅਤੇ ਬਾਨਪ੍ਰਸਥ ਵਿਚੋਂ ਲੰਗ ਕੇ ਜਿਹੜਾ ਮਨੁੱਖ ਸੰਨਿਆਸ ਧਾਰਨ ਕਰਦਾ ਹੈ, ਉਹ ਮੌਤ ਤੋਂ ਪਿੱਛੋਂ ਮੁਕਤ ਹੋ ਕੇ ਆਪਣੀ ਪਰਮਾਰਥਕ ਉੱਨਤੀ ਕਰਦਾ ਹੈ।” (ਮਨੂ-6,34)। “ਜਿਹੜਾ ਸਭ ਪ੍ਰਾਣੀਆਂ ਨੂੰ ਆਸਰਾ ਦੇ ਕੇ ਸੰਨਿਆਸ ਲੈ ਲੈਂਦਾ ਹੈ ਉਸ ਬ੍ਰਹਮਵਾਦੀ ਦੇ ਤੇਜ ਨਾਲ ਸਾਰੇ ਲੋਕ ਪ੍ਰਕਾਸ਼ਮਾਨ ਹੁੰਦੇ ਹਨ” (ਮਨੂ-6,39)। “ਇਕਾਂਤ ਵਿਚ ਹੀ ਮਨੁੱਖ ਨੂੰ ਮੁਕਤੀ ਮਿਲਦੀ ਹੈ, ਇਹ ਸਮਝਦਾ ਹੋਇਆ ਸੰਨਿਆਸੀ ਸਿੱਧੀ ਪ੍ਰਾਪਤ ਕਰਨ ਲਈ ਸਦਾ ਬਿਨਾਂ ਕਿਸੇ ਸਹਾਇਕ ਦੇ ਇਕੱਲਾ ਹੀ ਫਿਰੇ। ਇਸ ਤਰ੍ਹਾਂ ਨਾ ਉਹ ਕਿਸੇ ਨੂੰ ਛੱਡਦਾ ਹੈ ਅਤੇ ਨਾ ਕਿਸੇ ਤੋਂ ਛੱਡਿਆ ਜਾਂਦਾ ਹੈ” (ਮਨੂ-6,42)।

          “ਕਪਾਲ (ਮਿੱਟੀ ਦੇ ਟੁੱਟੇ ਹੋਏ ਭਾਂਡਿਆਂ ਦੇ ਟੁਕੜੇ) ਵਿਚ ਖਾਣਾ ਦਰਖ਼ਤਾਂ ਹੇਠ ਰਹਿਣਾ, ਪਾਏ ਕੱਪੜੇ ਪਹਿਨਣਾ, ਇਕੱਲਿਆਂ ਘੁੰਮਣਾ ਅਤੇ ਸਾਰੇ ਪ੍ਰਾਣੀਆਂ ਨਾਲ ਬਰਾਬਰ ਦਾ ਸਲੂਕ ਕਰਨਾ-ਸੰਨਿਆਸੀ ਦੇ ਲੱਛਣ ਹਨ” (ਮਨੂ-6,44)।

          ਆਸ਼ਰਮ-ਪ੍ਰਬੰਧ ਦਾ ਜਿੱਥੇ ਸਰੀਰਕ ਅਤੇ ਸਮਾਜਕ ਆਧਾਰ ਹੈ, ਉੱਥੇ ਉਸ ਦਾ ਅਧਿਆਤਮਕ ਅਤੇ ਦਾਰਸ਼ਨਿਕ ਆਧਾਰ ਵੀ ਹੈ। ਭਾਰਤੀ ਰਿਸ਼ੀਆ ਨੇ ਮਨੁੱਖੀ ਜੀਵਨ ਨੂੰ ਕੇਵਲ ਇਕ ਵਹਿਣ ਹੀ ਨਹੀਂ ਸੀ ਮੰਨਿਆ, ਸਗੋਂ ਉਹ ਇਸ ਦਾ ਕੋਈ ਉਦੇਸ਼ ਮੰਨਦੇ ਸਨ, ਇਸ ਲਈ ਉਨ੍ਹਾਂ ਨੇ ਇਸ ਦਾ ਇਕ ਉਦੇਸ਼ ਮਿਥਿਆ ਸੀ। ਜੀਵਨ ਨੂੰ ਸਾਰਥਕ ਬਣਾਉਣ ਲਈ ਉਨ੍ਹਾਂ ਨੇ ਚਾਰ ਪੁਰਸ਼ਾਰਥਾਂ-ਧਰਮ, ਅਰਥ, ਕਾਮ ਅਤੇ ਮੋਖ ਦੀ ਕਲਪਨਾ ਕੀਤੀ ਸੀ। ਪਹਿਲੇ ਤਿੰਨ ਤਾਂ ਸਾਧਨ ਸਨ ਪਰ ਅਖ਼ੀਰਲੇ ਨੂੰ ਨਿਸ਼ਾਨਾ ਮਿਥਿਆ ਗਿਆ। ਮੋਖ ਮਨੁੱਖੀ ਜੀਵਨ ਦਾ ਅੰਤਮ ਲਖ਼ਸ਼ ਸੀ ਪਰ ਉਹ ਐਵੇਂ ਜਾਂ ਕਲਪਨਾ ਨਾਲ ਨਹੀਂ ਸੀ ਪ੍ਰਾਪਤ ਹੋ ਸਕਦਾ। ਉਹਦੇ ਲਈ ਸਾਧਨਾ ਰਾਹੀਂ ਇਕ ਸਿਲਸਲੇਵਾਰ ਜੀਵਨ ਦਾ ਵਿਕਾਸ ਅਤੇ ਪਰਪੱਕਤਾ ਜ਼ਰੂਰੀ ਹੈ। ਇਸੇ ਉਦੇਸ਼ ਦੀ ਪੂਰਤੀ ਲਈ ਭਾਰਤੀ ਸਮਾਜ-ਸ਼ਾਸਤ੍ਰੀਆਂ ਨੇ ਆਸ਼ਰਮ ਸੰਸਥਾ ਦਾ ਪ੍ਰਬੰਧ ਕੀਤਾ ਸੀ। ਆਸ਼ਰਮ ਅਸਲ ਵਿਚ ਮਨੁੱਖ ਦਾ ਸਿੱਖਿਆ-ਸਥਾਨ ਜਾਂ ਵਿਦਿਆਲਾ ਹੈ। ਬ੍ਰਹਮਚਰਜ ਆਸ਼ਰਮ ਵਿਚ ਧਰਮ ਦੀ ਪਾਲਣਾ ਕੀਤੀ ਜਾਂਦੀ ਹੈ। ਬ੍ਰਹਮਚਾਰੀ ਸਰੀਰੋਂ ਤਕੜਾ, ਅਕਲੋਂ ਬਲਵਾਨ, ਮਨੋਂ ਸ਼ਾਂਤ, ਸ਼ਰਧਾਲੂ ਤੇ ਸਾਊ ਹੋਣ ਦੇ ਨਾਲ ਨਾਲ ਨਿਮਰ ਹੋ ਕੇ ਜੁੱਗਾਂ ਤੋਂ ਪੈਦਾ ਹੋਏ ਗਿਆਨ, ਸ਼ਾਸਤਰ, ਵਿਦਿੱਆ ਅਤੇ ਅਨੁਭਵ ਨੂੰ ਪ੍ਰਾਪਤ ਕਰਦਾ ਹੈ। ਸਨਿਮਰ ਅਤੇ ਪਵਿੱਤਰ ਆਤਮਾ ਵਾਲਾ ਮਨੁੱਖ ਹੀ ਮੁਕਤੀ-ਮਾਰਗ ਦਾ ਪਾਂਧੀ ਬਣ ਸਕਾਦ ਹੈ। ਗ੍ਰਹਿਸਤ ਵਿਚ ਧਰਮ ਪੂਰਵਕ ਕੀਤੀ ਕਮਾਈ ਅਤੇ ਕਾਮ ਦੀ ਪੂਰਤੀ ਹੁੰਦੀ ਹੈ। ਸੰਸਾਰ ਵਿਚ ਅਰਥ ਅਤੇ ਕਾਮ ਦੀ ਪ੍ਰਾਪਤੀ ਅਤੇ ਇਸ ਨੂੰ ਭੋਗਣ ਤੋਂ ਪਿੱਛੋਂ ਹੀ ਤਿਆਗ ਅਤੇ ਸੰਨਿਆਸ ਦੀ ਭੂਮਿਕਾ ਬਝਦੀ ਹੈ। ਸੰਜਮ ਦਾ ਅਭਿਆਸ ਤੋਂ ਬਗ਼ੈਰ ਤਿਆਗ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਬਾਨਪ੍ਰਸਥ ਆਸ਼ਰਮ ਵਿਚ ਅਰਥ ਅਤੇ ਕਾਮ ਦੇ ਕ੍ਰਮਵਾਰ ਤਿਆਗ ਰਾਹੀਂ ਮੁਕਤੀ ਦਾ ਪਿਛੋਕੜ ਤਿਆਰ ਹੁੰਦਾ ਹੈ। ਸੰਨਿਆਸ ਵਿਚ ਸੰਸਾਰ ਦੇ ਸਾਰੇ ਬੰਧਨਾਂ ਦਾ ਤਿਆਗ ਕਰ ਕੇ ਪੂਰੀ ਤਰ੍ਹਾਂ ਮੋਖ ਧਰਮ ਦਾ ਪਾਲ੍ਹਣ ਹੁੰਦਾ ਹੈ। ਇਸ ਤਰ੍ਹਾਂ ਆਸ਼ਰਮ-ਸੰਸਥਾ ਜੀਵਨ ਦੀ ਪੂਰੀ ਖੁਲ੍ਹ ਪਰ ਉਸ ਦੀ ਸੰਜਮ ਭਰਪੂਰ ਵਿਉਂਤ ਸੀ।

          ਸ਼ਾਸਤਰਾਂ ਵਿਚ ਆਸ਼ਰਮ ਦੇ ਸਬੰਧ ਵਿਚ ਕਈ ਦ੍ਰਿਸ਼ਟੀਕੋਣ ਮਿਲਦੇ ਹਨ ਜਿਨ੍ਹਾਂ ਨੂੰ ਤਿੰਨ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ- (1) ਸਮੁੱਚਾ (2) ਵਿਕਲਪ ਅਤੇ (3) ਬਾਧ। ‘ਸਮੁੱਚਾ’ ਦਾ ਅਰਥ ਹੈ ਸਾਰੇ ਆਸ਼ਰਮਾਂ ਦਾ ਸਮੁੱਚਾ ਮੇਲ ਅਰਥਾਤ ਆਸ਼ਰਮਾਂ ਦੀ ਕ੍ਰਮਵਾਰ ਅਤੇ ਉਚਿਤ ਪਾਲਣਾ ਹੋਣੀ ਚਾਹੀਦੀ ਹੈ। ਇਸ ਦੇ ਅਨੁਸਾਰ ਗ੍ਰਹਿਸਤ ਆਸ਼ਰਮ ਵਿਚ ਅਰਥ ਅਤੇ ਕਾਮ ਸਬੰਧੀ ਨਿਯਮਾਂ ਦੀ ਪਾਲਣਾ ਉੰਨੀ ਹੀ ਜ਼ਰੂਰੀ ਹੈ ਜਿੰਨੀ ਬ੍ਰਹਮਚਰਜ, ਬਾਨਪ੍ਰਸਥ ਅਤੇ ਸੰਨਿਆਸ ਵਿਚ ਧਰਮ ਅਤੇ ਮੋਖ ਸਬੰਧੀ ਧਰਮਾਂ ਦੀ ਪਾਲਣਾ। ਇਸ ਸਿਧਾਂਤ ਦਾ ਸਭ ਤੋਂ ਵੱਡਾ ਸੰਚਾਲਕ ਅਤੇ ਸਮਰਥਕ ਮਨੂ (ਅ. 4 ਅਤੇ 6) ਹੈ। ਦੂਜੇ ਸਿਧਾਂਤ ‘ਵਿਕਲਪ’ ਦਾ ਅਰਥ ਇਹ ਹੈ ਕਿ ਬ੍ਰਹਮਚਰਜ ਆਸ਼ਰਮ ਤੋਂ ਪਿੱਛੋਂ ਵਿਅਕਤੀ ਨੂੰ ਇਹ ਨਿਸ਼ਚਾ ਕਰਨ ਦੀ ਖੁੱਲ੍ਹ ਹੁੰਦੀ ਹੈ ਕਿ ਉਹ ਗ੍ਰਹਿਸਤ ਆਸ਼ਰਮ ਵਿਚ ਪ੍ਰਵੇਸ਼ ਕਰੇ ਜਾਂ ਸਿੱਧਾ ਸੰਨਿਆਸ ਧਾਰਨ ਕਰੇ। ਸਮਾਵਰਤਨ (ਵਿੱਦਿਆ ਪ੍ਰਾਪਤੀ ਮਗਰੋਂ ਪਿੱਛੇ ਮੁੜਨਾ) ਦੇ ਪ੍ਰਸੰਗ ਵਿਚ ਬ੍ਰਹਮਚਾਰੀ ਦੋ ਤਰ੍ਹਾਂ ਦੇ ਦੱਸੇ ਗਏ ਹਨ : (1) ਉਪਕੁਰਵਾਣ ਅਰਥਾਤ ਉਹ ਜੋ ਬ੍ਰਹਮਚਾਰਜ ਸਮਾਪਤ ਕਰ ਕੇ ਗ੍ਰਹਿਸਤ ਆਸ਼ਰਮ ਵਿਚ ਪ੍ਰਵੇਸ਼ ਕਰਨਾ ਚਾਹੁੰਦਾ ਹੈ ਅਤੇ (2) ਨੈਸ਼ਠਿਕ ਅਰਥਾਤ ਉਹ ਜਿਹੜਾ ਜ਼ਿੰਦਗੀ ਭਰ ਗੁਰੂਕੁਲ ਵਿਚ ਰਹਿ ਕੇ ਬ੍ਰਹਮਚਰਜ ਦਾ ਪਾਲਣ ਕਰਨਾ ਚਾਹੁੰਦਾ ਹੈ। ਇਸੇ ਤਰ੍ਹਾਂ ਇਸਤਰੀਆਂ ਵਿਚ ਬ੍ਰਹਮਚਰਜ ਤੋਂ ਪਿੱਛੋਂ ਤੁਰਤ ਵਿਆਹੁਣਯੋਗ ਅਤੇ ਬ੍ਰਹਮਵਾਦਿਨੀਆਂ (ਜੀਵਨ ਭਰ ਰੱਬੀ ਭਜਨ ਵਿਚ ਲੀਨ) ਹੁੰਦੀਆਂ ਸਨ। ਇਹ ਸਿਧਾਂਤ ਜਾਬਾਲ ਉਪਨਿਸ਼ਦ ਅਤੇ ਕਈ ਧਰਮ ਸੂਤਰਾਂ (ਵਸ਼ਿਸ਼ਠ ਅਤੇ ਆਪਸਤੰਬ) ਅਤੇ ਕੁਝ ਕੁ ਸਿਮਰਤੀਆਂ (ਯਾਗਯ, ਲਘੂ, ਹਾਰੀਤ) ਵਿਚ ਪੇਸ਼ ਕੀਤਾ ਗਿਆ ਹੈ। ‘ਬਾਧ’ ਦਾ ਅਰਥ ਹੈ, ਸਾਰੀ ਆਸ਼ਰਮ ਸੰਸਥਾ ਨੂੰ ਹੀ ਸਵੀਕਾਰ ਨਾ ਕਰਨਾ। ਗੌਤਮ ਅਤੇ ਬੌਧਾਯਨ ਧਰਮ-ਸੂਤਰਾਂ ਵਿਚ ਇਹ ਕਿਹਾ ਗਿਆ ਹੈ ਕਿ ਅਸਲ ਵਿਚ ਇੱਕੋ ਹੀ ਆਸ਼ਰਮ-ਗ੍ਰਹਿਸਤ ਹੈ। ਬ੍ਰਹਮਚਰਜ ਉਸ ਦੀ ਭੂਮਿਕਾ ਹੈ। ਬਾਨ੍ਰਸਥ ਅਤੇ ਸੰਨਿਆਸ ਮਹੱਤਤਾ ਵਿਚ ਦੂਜੇ ਦਰਜੇ ਤੇ (ਅਤੇ ਅਕਸਰ ਇੱਛਾ ਅਨੁਸਾਰ) ਹਨ। ਮਨੂ ਨੇ ਵੀ ਸਭ ਤੋਂ ਜ਼ਿਆਦਾ ਮਹੱਤਤਾ ਗ੍ਰਹਿਸਤ ਦੀ ਹੀ ਮੰਨੀ ਹੈ, ਜੋ ਸਭਨਾਂ ਕਰਮਾਂ ਅਤੇ ਆਸ਼ਰਮਾਂ ਦਾ ਸੋਮਾ ਹੈ। ਇਸ ਮਤ ਨੂੰ ਮੰਨਣ ਵਾਲੇ ਆਪਣੇ ਪੱਖ ਵਿਚ ਸ਼ਤਪਥ ਬ੍ਰਾਹਮਣ ਦੇ ਵਾਕ एत एतद्वै जरा गर्धसतं यदग्निहोत्रम् ਅਰਥਾਤ ਸਾਰਾ ਜੀਵਨ ਅਗਨੀਹੋਤ੍ਰ ਆਦਿ ਯੱਗ ਕਰਨਾ ਚਾਹੀਦਾ ਹੈ (ਸ਼ਤ 12,4,1,1) ਅਤੇ ਈਸ਼ ਉਪਨਿਸ਼ਦ ਦੇ ਵਾਕ कुर्वत्रेवेहि कर्माणि जिजी विषेच्दृंत समाः । । (ਈਸ਼ 2) ਆਦਿ ਦਾ ਹਵਾਲਾ ਦਿੰਦੇ ਹਨ। ਗੀਤਾ ਦਾ ਕਰਮਯੋਗ ਵੀ ਕਰਮ ਦਾ ਸੰਨਿਆਸ ਨਹੀਂ, ਸਗੋਂ ਕਰਮ ਵਿਚ ਸੰਨਿਆਸ ਨੂੰ ਹੀ ਉੱਤਮ ਸਮਝਦਾ ਹੈ। ਆਸ਼ਰਮ ਸੰਸਥਾ ਦਾ ਸਭ ਤੋਂ ਵੱਡਾ ਵਿਰੋਧ ਪਰੰਪਰਾ ਵਿਰੋਧੀ ਬੁੱਧ ਅਤੇ ਜੈਨ ਮੱਤ ਵੱਲੋਂ ਹੋਇਆ ਜਿਹੜੇ ਆਸ਼ਰਮ-ਪ੍ਰਬੰਧ ਦੀ ਸਮੁੱਚਤਾ ਅਤੇ ਸੰਤੁਲਨ ਨੂੰ ਹੀ ਨਹੀਂ ਮੰਨਦੇ ਅਤੇ ਜੀਵਨ ਦਾ ਅਨੁਭਵ ਪ੍ਰਾਪਤ ਕੀਤੇ ਬਗੈਰ ਅਪਰੀਪੱਕ ਸੰਨਿਆਸ ਜਾਂ ਜਤੀ-ਧਰਮ ਨੂੰ ਬਹੁਤ ਜ਼ਿਆਦਾ ਮਹੱਤਤਾ ਦਿੰਦੇ ਹਨ। ਮਨੂ. (6,35) ਦਾ ਟੀਕਾ ਕਰਦੇ ਹੋਏ ਮਹਾਂ ਵਿਦਵਾਨ ਨਾਰਾਇਣ ਨੇ ਉਪਰੋਕਤ ਤਿੰਨਾਂ ਮਤਾਂ ਵਿਚ ਸੁਮੇਨ ਪੈਦਾ ਕਰਨ ਦਾ ਜਤਨ ਕੀਤਾ ਹੈ। ਆਮ ਤੌਰ ਤੇ ਤਾਂ ਉਨ੍ਹਂ ਨੂੰ ‘ਸਮੁੱਚੇ’ ਦਾ ਸਿਧਾਂਤ ਪਰਵਾਨ ਹੈ। ‘ਵਿਕਲਪ’ ਵਿਚ ਉਹ ਅਧਿਕਾਰ ਭੇਦ ਮੰਨਦੇ ਹਨ ਅਰਥਾਤ ਜਿਸ ਨੂੰ ਤੀਬਰ ਵੈਰਾਗ ਹੋ ਜਾਵੇ ਉਹ ਬ੍ਰਹਮਚਰਜ ਤੋਂ ਪਿੱਛੋਂ ਹੀ ਸੰਨਿਆਸ ਧਾਰਨ ਕਰ ਸਕਦਾ ਹੈ। ਉਨ੍ਹਾਂ ਦੇ ਵਿਚਾਰ ਅਨੁਸਾਰ ‘ਬਾਧ’ ਦਾ ਸਿਧਾਂਤ ਉਨ੍ਹਾਂ ਵਿਅਕਤੀਆਂ ਲਈ ਹੈ ਜਿਹੜੇ ਆਪਣੇ ਪਿਛਲੇ ਸੰਸਕਾਰਾਂ ਦੇ ਕਾਰਨ ਸੰਸਾਰਕ ਕੰਮਾਂ ਵਿਚ ਸਾਰਾ ਜੀਵਨ ਖਚਿਤ ਰਹਿੰਦੇ ਹਨ ਅਤੇ ਜਿਨ੍ਹਾਂ ਦੇ ਅੰਦਰ ਵਿਵੇਕ ਅਤੇ ਵੈਰਾਗ ਦਾ ਉਦੈ ਉਚਿਤ ਸਮੇਂ ਤੇ ਨਹੀਂ ਹੁੰਦਾ।

          ਸੰਗਠਿਤ ਆਸ਼ਰਮ ਸੰਸਥਾ ਭਾਰਤਵਰਸ਼ ਦੀ ਆਪਣੀ ਹੀ ਵਿਸ਼ੇਸ਼ਤਾ ਹੈ। ਪਰ ਇਸ ਦੀ ਇਕ ਬਹੁਤ ਵੱਡੀ ਸਰਬ ਸਾਂਝੀ ਅਤੇ ਸ਼ਾਸਤਰੀ ਮਹੱਤਤਾ ਹੈ। ਭਾਵੇਂ ਇਤਿਹਾਸਕ ਕਾਰਨਾਂ ਕਰਕੇ ਇਸ ਦੇ ਆਦਰਸ਼ ਅਤੇ ਵਿਵਹਾਰ ਵਿਚ ਫ਼ਰਕ ਪੈਂਦਾ ਰਿਹਾ ਹੈ ਪਰ ਮਨੁੱਖੀ ਸੁਭਾਅ ਅਨੁਸਾਰ ਇਹ ਇਕ ਸੁਭਾਵਕ ਜਿਹੀ ਗੱਲ ਹੈ। ਕੁਝ ਵੀ ਹੋਵੇ ਇਸ ਦੀ ਕਲਪਨਾ ਅਤੇ ਇਸ ਉਪਰ ਥੋੜ੍ਹਾ ਬਹੁਤ ਅਮਲ ਆਪਣੇ ਆਪ ਵਿਚ ਬਹੁਤ ਮਹਾਨਤਾ ਰੱਖਦੇ ਹਨ। ਇਸ ਵਿਸ਼ੇ ਉੱਤੇ ਡਾਇਸਨ (ਐਨਸਾਈਕਲੋਪੀਡੀਆ ਆਫ਼ ਰਿਲੀਜਨ ਐਂਡ-ਐਥਿਕਸ) ਦੀ ‘ਆਸ਼ਰਮ’ ਸ਼ਬਦ ਦੀ ਹੇਠ ਲਿਖੀ ਰਾਇ ਵਰਣਨਯੋਗ ਹੈ: “ਮਨੂ ਅਤੇ ਹੋਰ ਧਰਮ ਸ਼ਾਸਤਰਾਂ ਵਿਚ ਦੱਸੇ ਆਸ਼ਰਮ ਦੀ ਸਥਾਪਨਾ ਅਤੇ ਵਿਵਹਾਰ ਵਿਚ ਕਿਤਨਾ ਕੁ ਮੇਲ ਸੀ ਇਹ ਕਹਿਣਾ ਕਠਿਨ ਹੈ ਪਰ ਇਹ ਮੰਨਣ ਵਿਚ ਅਸੀਂ ਆਜ਼ਾਦ ਹਾਂ ਕਿ ਸਾਡੇ ਵਿਚਾਰ ਵਿਚ ਸੰਸਾਰ ਦੇ ਮਾਨਵ-ਇਤਿਹਾਸ ਵਿਚ ਹੋਰ ਕਿਧਰੇ ਵੀ ਅਜਿਹਾ ਤੱਤ (ਜਾਂ ਸੰਸਥਾ) ਨਹੀਂ ਹੈ ਜੋ ਇਸ ਸਿਧਾਂਤ ਦੇ ਗੌਰਵ ਦੇ ਤੁੱਲ ਹੋਵੇ।”

          ਹ. ਪੁ.– ਹਿੰ. ਵਿ. ਕੋ. 1:427


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5513, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-20, ਹਵਾਲੇ/ਟਿੱਪਣੀਆਂ: no

ਆਸ਼ਰਮ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਆਸ਼ਰਮ  :  ਆਸ਼ਰਮ ਸ਼ਬਦ ਦਾ ਇਕ ਅਰਥ ਹੈ 'ਤਪ ਦਾ ਸਥਾਨ' । ਪੁਰਾਤਨ ਸਮੇਂ ਵਿਚ ਰਿਸ਼ੀ-ਮੁਨੀ ਜੰਗਲਾਂ ਵਿਚ ਕੁਟੀਆ ਬਣਾ ਕੇ ਤਪ ਕਰਦੇ ਸਨ ਜਿਸ ਨੂੰ 'ਆਸ਼ਰਮ' ਕਿਹਾ ਜਾਂਦਾ ਸੀ। ਤਪ ਤੋਂ ਇਲਾਵਾ ਆਸ਼ਰਮ ਸਿੱਖਿਆ ਦੇ ਕੇਂਦਰ ਵੀ ਸਨ।

        ਆਸ਼ਰਮ ਦਾ ਦੂਜਾ ਅਰਥ 'ਧਰਮ ਸ਼ਾਸਤਰਾਂ'(ਸਿਮ੍ਰਤੀਆਂ ) ਵਿਚ ਵਰਣਨ ਕੀਤੀ ਗਈ ਜਿਉਣ ਦੀ ਉਹ ਵਿਵਸਥਾ ਹੈ ਜਿਸ ਅਨੁਸਾਰ 100 ਵਰ੍ਹਿਆਂ ਦੀ ਪੂਰੀ ਉਮਰ ਨੂੰ ਚਾਰ ਸਮਾਨ ਭਾਗਾਂ ਵਿਚ ਵੰਡ ਕੇ ਹਰ ਭਾਗ ਕਰਤਵਾਂ ਨੂੰ ਦਰਸਾਇਆ ਗਿਆ ਹੈ। ਇਹ ਇਸ ਪ੍ਰਕਾਰ ਹਨ :–

        (1) ਬ੍ਰਹਮਚਰਜ–ਪਹਿਲੇ 25 ਵਰ੍ਹਿਆਂ ਤਕ (2) ਗ੍ਰਿਹਸਤ-25 ਵਰ੍ਹਿਆ ਤੋਂ 50ਵੇਂ ਵਰ੍ਹੇ ਤਕ (3) ਬਾਨ ਪ੍ਰਸਥ-50 ਵਰ੍ਹਿਆਂ ਤੋਂ 75 ਵੇਂ ਵਰ੍ਹੇ ਤਕ ਅਤੇ (4) ਸੰਨਿਆਸ-75 ਵਰ੍ਹਿਆਂ ਤੋਂ 100 ਵੇਂ ਵਰ੍ਹੇ ਤਕ।

        ਮਨੂੰ, ਯਗਯਵਲਕ ਆਦਿ ਭਾਰਤੀ ਧਰਮ-ਆਚਾਰੀਆਂ ਤੇ ਸਮਾਜ ਸ਼ਾਸਤਰੀਆਂ ਨੇ ਵੇਲੇ ਦੇ ਸਮਾਜ ਨੂੰ, ਗੁਣ-ਕਰਮ ਅਨੁਸਾਰ ਚਾਰ ਵਰਨਾਂ ਵਿਚ ਵੰਡਿਆ ਅਤੇ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਦੇ ਜੀਵਨ ਕਾਲ ਨੂੰ ਇਕ ਮਰਿਯਾਦਾ ਵਿਚ ਬੰਨ੍ਹਣ ਲਈ ਉੱਪਰ ਦੱਸੇ ਚਾਰ ਆਸ਼ਰਮਾਂ ਦੀ ਵਿਵਸਥਾ ਕੀਤੀ। ਜੀਵਨ ਦੇ ਚਾਰ ਉਦੇਸ਼ ਭਾਵ (1) ਧਰਮ (2) ਅਰਥ, (3) ਕਾਮ ਅਤੇ (4) ਮੋਕਸ਼ (ਮੁਕਤੀ) ਪ੍ਰਾਪਤੀ ਹਨ।

        ਵਾਮਨ ਪੁਰਾਣ ਮੁਤਾਬਕ ਹਰ ਵਰਨ ਲਈ ਹਰ ਆਸ਼ਰਮ ਲਾਜ਼ਮੀ ਨਹੀਂ ਸੀ। ਬ੍ਰਾਹਮਣ ਲਈ ਚਾਰ, ਕਸ਼ੱਤਰੀ ਲਈ ਤਿੰਨ (ਬ੍ਰਹਮਚਰਜ, ਗ੍ਰਿਹਸਤ ਤੇ ਬਾਨਪ੍ਰਸਥ) ਵੈਸ਼ ਲਈ ਦੋ (ਬ੍ਰਹਮਚਰਜ ਤੇ ਗ੍ਰਿਹਸਤ) ਅਤੇ ਸ਼ੂਦਰ ਲਈ ਕੇਵਲ ਗ੍ਰਿਹਸਤ ਆਸ਼ਰਮ ਸੀ। ਸਿਮ੍ਰਤੀਆਂ ਆਦਿ ਗ੍ਰੰਥਾਂ ਵਿਚ ਇਨ੍ਹਾਂ ਆਸ਼ਰਮਾਂ ਬਾਰੇ ਵਿਸਤ੍ਰਿਤ ਵੇਰਵਾ ਨਿਮਨ ਅਨੁਸਾਰ ਹੈ :–

       

ਬ੍ਰਹਮਚਰਜ

ਬ੍ਰਹਮਚਰਜ–––ਜਨਮ ਕਾਲ ਤੋਂ 25ਵੇਂ ਵਰ੍ਹੇ ਤਕ ਬ੍ਰਹਮਚਰਜ ਦਾ ਸਮਾਂ ਹੈ। ਇਸ ਵਿਚ ਜਨੇਊ ਧਾਰਨ ਕਰ ਕੇ ਬ੍ਰਹਮਚਾਰੀ ਗੁਰੂਕੁਲ ਵਿਚ ਪ੍ਰਵੇਸ਼ ਕਰਦਾ ਹੈ ਅਤੇ ਵਿਧੀ ਮੁਤਾਬਕ ਸ਼ਾਸਤਰ ਤੇ ਸ਼ਸਤਰ ਦੀ ਸਿੱਖਿਆ ਗ੍ਰਹਿਣ ਕਰਦਾ ਹੈ। ਕਠੋਰ ਅਨੁਸ਼ਾਸਨ ਦੀ ਪਾਲਨਾ ਇਸ ਪੜ੍ਹਾਅ ਤੇ ਕੀਤੀ ਜਾਂਦੀ ਹੈ। ਮਨੂੰ ਸਿਮ੍ਰਤੀ ਵਿਚ ਇਹ ਕਿਹਾ ਗਿਆ ਹੈ ਕਿ ਬ੍ਰਹਮਚਾਰੀ ਇੰਦਰੀਆਂ ਨੂੰ ਕਾਬੂ ਵਿਚ ਰਖ ਕੇ ਵਿੱਦਿਆ ਪ੍ਰਾਪਤ ਕਰੇ। ਨਿੱਤ ਨੇਮਾਂ (ਇਸ਼ਨਾਨ ਆਦਿ) ਦਾ ਪਾਲਨ ਕਰਦਾ ਹੋਇਆ ਸਾਦੇ ਵਸਤਰ ਧਾਰਨ ਕਰੇ, ਕੋਈ ਨਸ਼ਾ ਨਾ ਵਰਤੇ, ਗਾਉਣ ਵਜਾਉਣ ਤੇ ਨੱਚਣ ਆਦਿ ਤੋ ਦੂਰ ਰਹੇ, ਜੂਆ ਨਾ ਖੇਡੇ, ਝੂਠ ਤੇ ਨਿੰਦਾ ਤੋਂ ਪਰਹੇਜ਼ ਕਰੇ। ਭਿੱਖਿਆ ਮੰਗ ਕੇ ਗੁਜ਼ਾਰਾ ਕਰੇ ਅਤੇ ਮਾਸ ਨਾ ਖਾਵੇ। ਇਸ ਤੋਂ ਇਲਾਵਾ ਉਹ ਤਨ-ਮਨ ਨਾਲ ਗੁਰੂ ਦੀ ਸੇਵਾ ਕਰੇ ਅਤੇ ਸਦਾ ਉਸ ਦੀ ਆਗਿਆ ਦੀ ਪਾਲਨਾ ਕਰੇ। ਮਾਤਾ ਪਿਤਾ ਅਤੇ ਵੱਡੇ ਭਰਾ ਦਾ ਆਦਰ ਕਰੇ।

ਗ੍ਰਿਹਸਤ

ਗ੍ਰਿਹਸਤ–––  ਪੱਚੀ ਵਰ੍ਹਿਆਂ ਤਕ ਬ੍ਰਹਮਚਰਜ ਦਾ ਪਾਲਣ ਕਰ ਕੇ ਵੇਦਾਂ ਦੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਵਿਅਕਤੀ ਨੂੰ ਗ੍ਰਿਹਸਤ ਆਸ਼ਰਮ ਵਿਚ ਪਰਵੇਸ਼ ਕਰਨ ਦਾ ਅਧਿਕਾਰ ਪ੍ਰਾਪਤ ਸੀ। ਮਨੂੰ ਸਿਮ੍ਰਤੀ ਤੇ ਤੀਜੇ ਅਧਿਆਇ ਵਿਚ ਵਿਆਹ ਦੀ ਮਰਿਯਾਦਾ ਦਾ ਵਿਸਥਾਰ ਨਾਲ ਜ਼ਿਕਰ ਦਰਜ ਹੈ। ਅੱਠ ਤਰ੍ਹਾਂ ਦੇ ਵਿਆਹ ਭਾਵ ਬ੍ਰਹਮ, ਦੇਵ, ਅਰਸ਼, ਪਰਜਾਪਤ, ਆਸੁਰ, ਗਾਂਧਰਵ, ਰਾਖਸ਼ ਅਤੇ ਪਿਸ਼ਾਚ ਦੀ ਪਕ੍ਰਿਆ ਸਪਸ਼ਟ ਕੀਤੀ ਗਈ ਹੈ। ਗ੍ਰਿਹਸਤ ਆਸ਼ਰਮ ਨੂੰ ਪ੍ਰਮੁੱਖ ਆਸ਼ਰਮ ਮੰਨਿਆ ਜਾਂਦਾ ਹੈ ਕਿਉਂਕਿ ਬਾਕੀ ਦੇ ਆਸ਼ਰਮ ਇਸ ਉੱਪਰ ਟਿਕੇ ਹੋਏ ਹਨ।

ਬਾਨਪ੍ਰਸਥ

ਬਾਨਪ੍ਰਸਥ ––50 ਵੇਂ ਵਰ੍ਹੇ ਤਕ ਇੰਦਰੀਆਂ ਨੂੰ ਕਾਬੂ ਵਿਚ ਰੱਖ ਕੇ, ਗ੍ਰਿਹਸਤ ਧਰਮ ਦੀ ਪਾਲਣਾ ਕਰ ਕੇ ਬਾਨਪ੍ਰਸਥ ਗ੍ਰਹਿਣ ਕਰਨਾ ਜ਼ਰੂਰੀ ਹੈ। ਹਿਰਨ ਦੀ ਖੱਲ ਜਾ ਦਰਖ਼ਤ ਦੀ ਛਿੱਲ ਧਾਰਨ ਕਰ ਕੇ ਸਾਰਿਆਂ ਦੀ ਭਲਾਈ ਕਰਨਾ ਜ਼ਰੂਰੀ ਹੈ। ਵਣ (ਜੰਗਲਾਂ) ਵਿਚ ਇਕੱਲੇ ਰਹਿ ਕੇ ਸ੍ਵੈ ਦੇ ਗਿਆਨ ਦੀ ਪ੍ਰਾਪਤੀ ਲਈ ਵੇਦ,  ਉਪਨਿਸ਼ਦ ਅਤੇ ਧਾਰਮਕ ਗ੍ਰੰਥਾਂ ਦਾ ਅਧਿਐਨ ਵੀ ਇਸ ਪੜ੍ਹਾਅ ਤੇ ਕੀਤਾ ਜਾਂਦਾ ਹੈ। ਆਪਣੇ ਆਪ ਉੱਪਰ ਜੇਕਰ ਵਿਅਕਤੀ ਨਿਯੰਤਰਣ ਰਖ ਸਕੇ ਤਾਂ ਪਤਨੀ ਨੂੰ ਵੀ ਨਾਲ ਲੈ ਕੇ ਜਾਣ ਦੀ ਆਗਿਆ ਹੈ।

ਸੰਨਿਆਸ

ਸੰਨਿਆਸ–––ਬਾਨਪ੍ਰਸਥ ਤੋਂ ਬਾਅਦ ਉਮਰ ਦੇ ਚੌਥੇ ਭਾਗ ਵਿਚ 75ਵੇਂ ਵਰ੍ਹੇ ਤੋਂ ਪਿੱਛੋਂ ਸਭ ਕੁਝ ਛੱਡ ਕੇ ਸੰਨਿਆਸ ਗ੍ਰਹਿਣ ਕਰਨ ਦੀ ਵਿਵਸਥਾ ਹੈ। ਭੋਜਨ ਮੰਗਣ ਲਈ ਖਪਰਾ (ਖੱਪਰ) ਕੋਲ ਰਖਣਾ, ਬ੍ਰਿਛ ਦੇ ਤਣੇ ਅੰਦਰ ਰਹਿਣਾ, ਪੁਰਾਣੇ ਬਸਤਰ ਪਹਿਨਣਾ, ਇਕੱਲ ਵਿਚ ਪਾਠ ਪੂਜਾ ਕਰਨ ਅਤੇ ਸਰਬੱਤ ਨੂੰ ਸਮਾਨ ਭਾਵ ਵੇਖਣਾ, ਸੰਨਿਆਸੀ ਦੇ ਲੱਛਣ ਹਨ। ਉਹ ਵੈਰ, ਕ੍ਰੋਧ ਅਤੇ ਨਿੰਦਾ ਤੋਂ ਮੁਕਤ ਅਤੇ ਸੁਖ ਦੁਖ ਦੀ ਭਾਵਨਾ ਤੋਂ ਉੱਪਰ ਉਠ ਕੇ ਜੀਵਨ ਬਤੀਤ ਕਰਦਾ ਹੈ। ਇਸ ਤਰ੍ਹਾਂ ਸਭ ਸੰਸਾਰੀ ਕਾਰਜਾਂ ਦਾ ਤਿਆਗ ਕਰ ਕੇ, ਸਰਬਤ ਦੇ ਭਲੇ ਦੀ ਕਾਮਨਾ ਕਰਦੇ ਅਤੇ ਗਿਆਨ ਮਾਰਗ ਤੇ ਚਲਦੇ ਹੋਏ ਸੰਨਿਆਸੀ ਪਰਮ ਪਦ ਨੂੰ ਪ੍ਰਾਪਤ ਕਰਦਾ ਹੈ।

        ਸੰਤ ਸਾਹਿਤ ਅਤੇ ਗੁਰਬਾਣੀ ਵਿਚ ਆਸ਼ਰਮ ਵਿਵਸਥਾ ਨੂੰ ਮਾਨਤਾ ਪ੍ਰਦਾਨ ਨਹੀਂ ਕੀਤੀ ਗਈ ਸਗੋਂ ਸੱਚੇ ਗੁਰੂ ਨੂੰ ਮਿਲ ਕੇ ਅਤੇ ਸਾਧ ਸੰਗਤ ਵਿਚ ਜਾ ਕੇ ਪ੍ਰਭੂ ਦੇ ਨਾਮ ਦੀ ਆਰਾਧਨਾ ਵਿਚ ਲੀਨ ਰਹਿਣ ਦਾ ਉਪਦੇਸ਼ ਦਿੱਤਾ ਗਿਆ ਹੈ। ਗੁਰੂ ਰਾਮਦਾਸ ਜੀ ਫੁਰਮਾਉਂਦੇ ਹਨ :–

                        ਜਿਉ ਕਾਸਟ ਸੰਗਿ ਲੋਹਾ ਬਹੁ ਤਰਤਾ

                        ਤਿਉ ਪਾਪੀ ਸੰਗਿ ਤਰੇ ਸਾਧਸੰਗਤੀ

                        ਗੁਰ ਸਤਿਗੁਰੂ ਗੁਰ ਸਾਧੋ ǁ

                        ਚਾਰਿ ਬਰਨ ਚਾਰਿ ਆਸ੍ਰਮ ਹੈ

                        ਕੋਈ ਮਿਲੈ ਗੁਰੂ ਗੁਰ ਨਾਨਕ

                        ਸੋ ਆਪਿ ਤਰੈ ਕੁਲ ਸਗਲ ਤਰਾਧੋ ǁ                                           (ਪੰਨਾ 1297)


ਲੇਖਕ : ਮੇਜਰ ਮਹਿੰਦਰ ਨਾਥ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5053, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-31-03-15-25, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. : 463: ਹਿੰ. ਵਿ. ਕੋ 1 : 84; ਪੰ. ਸਾ ਸੰ. ਕੋ. –ਡਾ. ਜੱਗੀ

ਆਸ਼ਰਮ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਆਸ਼ਰਮ, (ਸੰਸਕ੍ਰਿਤ) ੧. ਥਾਉਂ, ਟਿਕਾਣਾ, ਅਸਥਾਨ, ੨. ਸਾਧੂਆਂ ਅਤੇ ਰਿਸ਼ੀਆਂ ਦੇ ਰਹਿਣ ਦਾ ਡੇਰਾ, ੩. ਪਾਠਸ਼ਾਲਾ, ੪. ਹਿੰਦੂ ਮਤ ਅਨੁਸਾਰ ਜੀਵਨ ਦੀ ਅਵਸਥਾ ਜਿਸ ਦੇ ਚਾਰ ਭੇਦ ਹਨ–ਬ੍ਰਹਮਚਰ੍ਯ ਗ੍ਰਿਹਸਤ, ਬਾਨਪ੍ਰਸਤ ਅਤੇ ਸੰਨਿਆਸ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2769, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-12-11-31-05, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.