ਉਚਾਰਣ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਉਚਾਰਣ ਦੇਖੋ, ਉਚਰਣ ਅਤੇ ਉੱਚਾਰਣ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5338, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-15, ਹਵਾਲੇ/ਟਿੱਪਣੀਆਂ: no
ਉਚਾਰਣ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਉਚਾਰਣ : ਕਿਸੇ ਬੋਲੀ ਦੇ ਬੋਲਣ ਢੰਗ ਨੂੰ ਆਮ ਤੌਰ ਤੇ ਉਚਾਰਣ ਕਹਿੰਦੇ ਹਨ। ਭਾਸ਼ਾ ਵਿਗਿਆਨ ਵਿਚ ਉਚਾਰਣ ਦੇ ਵਿਗਿਆਨਕ ਅਧਿਐਨ ਨੂੰ ʻਧੁਨੀ-ਵਿਗਿਆਨ ʼ ਕਿਹਾ ਜਾਂਦਾ ਹੈ। ਕਿਸੇ ਬੋਲੀ ਦੇ ਉਚਾਰਣ ਵੱਲ ਤਦ ਹੀ ਧਿਆਨ ਜਾਂਦਾ ਹੈ ਜਦੋਂ ਉਸ ਵਿਚ ਖ਼ਾਸ ਗੱਲ ਹੁੰਦੀ ਹੈ ਜਿਵੇਂ (ੳ) ਬੱਚਿਆ ਦਾ ਥਥਲਾ ਕੇ ਜਾਂ ਗ਼ਲਤ ਬੋਲਣਾ (ਅ) ਬਦੇਸ਼ੀ ਬੋਲੀ ਨੂੰ ਠੀਕ ਨਾ ਬੋਲ ਸਕਣਾ, (ੲ) ਆਪਣੀ ਮਾਤ-ਭਾਸ਼ਾ ਦੇ ਅਸਰ ਕਾਰਨ ਸਾਹਿਤਕ ਬੋਲੀ ਬੋਲਣ ਢੰਗ ਵਿਚ ਫ਼ਰਕ ਆ ਜਾਣਾ ਆਦਿ।
ਉਚਾਰਣ ਦੇ ਅਧੀਨ ਮੁੱਖ ਤਿੰਨ ਗੱਲਾਂ ਆਉਂਦੀਆਂ ਹਨ :- (1) ਧੁਨੀਆਂ, ਖਾਸ ਕਰਕੇ ਸ੍ਵਰਾਂ ਵਿਚ ਲਘੁ, ਗੁਰੂ ਤੇ ਪਲੁਤ ਆਦਿ ਦਾ ਸ੍ਵਰ-ਭੇਦ (2) ਪਿੱਚ, (3) ਤਾਲ ਦੇ ਫ਼ਰਕ ਨਾਲ ਹੀ ਕਿਸੇ ਬੰਦੇ ਜਾਂ ਸ਼੍ਰੇਣੀ ਦੇ ਉਚਾਰਣ ਵਿਚ ਫ਼ਰਕ ਪੈ ਜਾਂਦਾ ਹੈ। ਕਦੀ ਕਦੀ ਧੁਨੀਆਂ ਦੇ ਉਚਾਰਣ ਸਥਾਨਾਂ ਵਿਚ ਵੀ ਕੁਝ ਫ਼ਰਕ ਵੇਖਿਆ ਜਾਂਦਾ ਹੈ।
ਉਚਾਰਣ ਦੇ ਅਧਿਐਨ ਦੀ ਅਮਲੀ ਵਰਤੋਂ ਆਮ ਕਰਕੇ ਤਿੰਨਾਂ ਕੰਮਾਂ ਵਿਚ ਕੀਤੀ ਜਾਂਦੀ ਹੈ (1) ਮਾਤ-ਭਾਸ਼ਾ ਜਾਂ ਬਦੇਸ਼ੀ ਬੋਲੀ ਦੇ ਪੜ੍ਹਨ-ਪੜ੍ਹਾਉਣ ਲਈ . (2) ਲਿਪੀ-ਹੀਨ ਬੋਲੀਆਂ ਨੂੰ ਲਿਖਣ ਵਾਸਤੇ ਵਰਣਮਾਲਾ ਦਾ ਫ਼ੈਸਲਾ ਕਰਨ ਲਈ (3) ਵੱਖ ਵੱਖ ਬੋਲੀਆਂ ਦੇ ਉਚਾਰਣ ਦੀਆਂ ਵਿਸ਼ੇਸ਼ਤਾਈਆਂ ਨੂੰ ਸਮਝਣ ਅਤੇ ਉਨ੍ਹਾਂ ਦਾ ਤੁਲਨਾਤਮਕ ਅਧਿਐਨ ਕਰਨ ਲਈ।
ਭਾਵੇਂ ਸੰਸਾਰ ਦੀਆਂ ਵੱਖ ਵੱਖ ਬੋਲੀਆਂ ਦੇ ਉਚਾਰਨ ਵਿਚ ਸਾਂਝ ਵਧੇਰੇ ਹੈ ਪਰ ਇਸ ਦੇ ਨਾਲ ਹੀ ਹਰ ਬੋਲੀ ਦੇ ਉਚਾਰਣ ਵਿਚ ਕੁਝ ਖ਼ਾਸ ਗੱਲਾਂ ਵੀ ਮਿਲਦੀਆਂ ਹਨ ਜਿਵੇਂ ਭਾਰਤੀ ਬੋਲੀਆਂ ਦੀਆਂ ਮੂਰਧਨੀ ਧੁਨੀਆਂ ਟ, ਠ, ਡ. ਆਦਿ ਅਤੇ ਫ਼ਾਰਸੀ ਅਰਬੀ ਦੀਆਂ ਕਈ ਧੁਨੀਆਂ ਖ਼, ਗ਼, ਜ਼, ਆਦਿ।
ਬੋਲੀਆਂ ਦੇ ਉਚਾਰਣ ਨੂੰ ਲਿਪੀ ਰਾਹੀਂ ਲਿਖਤੀ ਰੂਪ ਦਿੱਤਾ ਜਾਂਦਾ ਹੈ ਪਰ ਇਸ ਰੂਪ ਵਿਚ ਉਚਾਰਣ ਦੀਆਂ ਸਾਰੀਆਂ ਵਿਸ਼ੇਸ਼ਤਾਈਆਂ ਸਪਸ਼ਟ ਨਹੀਂ ਹੁੰਦੀਆਂ । ਹਰ ਵਰਣਮਾਲਾ ਦੀ ਕਾਢ ਪੁਰਾਣੇ ਸਮਿਆਂ ਵਿਚ ਕਿਸੇ ਖ਼ਾਸ ਬੋਲੀ ਨੂੰ ਲਿਪੀ-ਬਧ ਕਰਨ ਲਈ ਹੋਈ ਹੋਵੇਗੀ ਪਰ ਅੱਜ ਹਰ ਇਕ ਵਰਣਮਾਲਾ ਕਈ ਸਬੰਧਤ ਜਾਂ ਅਸਬੰਧਤ ਬੋਲੀਆਂ ਨੂੰ ਲਿਖਣ ਲਈ ਵਰਤੀ ਜਾਣ ਲੱਗ ਪਈ ਹੈ ਜਿਨ੍ਹਾਂ ਵਿਚ ਕਈ ਪੁਰਾਣੀਆਂ ਧੁਨੀਆਂ ਅਲੋਪ ਹੋ ਗਈਆਂ ਹਨ ਅਤੇ ਕਈ ਨਵੀਆਂ ਧੁਨੀਆਂ ਦਾ ਵਿਕਾਸ ਹੋ ਗਿਆ ਹੈ। ਉਂਜ ਵੀ ਆਮ ਤੌਰ ਤੇ ਵਰਣਮਾਲਾ ਵਿਚ ਲਘੁ, ਗੁਰੂ, ਜ਼ੋਰਦਾਰ-ਸ੍ਵਰਾਘਾਤ, ਗੀਤਾਤਮਕ-ਸ੍ਵਰਾਘਾਤ ਆਦਿ ਦੇ ਚਿੰਨ੍ਹ ਨਹੀਂ ਲਗਾਏ ਜਾਂਦੇ । ਇਉਂ ਬੋਲੀਆਂ ਦੇ ਲਿਖਤੀ ਰੂਪ ਤੋਂ ਉਨ੍ਹਾਂ ਦੀਆਂ ਉਚਾਰਣ ਸਬੰਧੀ ਸਾਰੀਆਂ ਵਿਸ਼ੇਸ਼ਤਾਈਆਂ ਦਾ ਪਤਾ ਨਹੀਂ ਲਗਦਾ।
ਪ੍ਰਚਲਿਤ ਵਰਣਮਾਲਾ ਦੇ ਉੱਪਰ ਦੱਸੇ ਨੁਕਸਾਂ ਨੂੰ ਦੂਰ ਕਰਨ ਲਈ ਭਾਸ਼ਾ-ਵਿਗਿਆਨ ਦੀਆਂ ਪੁਸਤਕਾਂ ਵਿਚ ਹੁਣ ਰੋਮਨ ਲਿਪੀ ਦੇ ਆਧਾਰ ਤੇ ਬਣੀ ਹੋਈ ਅੰਤਰਰਾਸ਼ਟਰੀ ਧੁਨੀਆਤਮਕ ਲਿਪੀ ਦੀ ਵਰਤੋਂ ਹੋਣ ਲਗ ਪਈ ਹੈ ਪਰ ਇਸ ਲਿਪੀ ਵਿਚ ਵੀ ਉਚਾਰਣ ਦੀਆਂ ਸਾਰੀਆਂ ਵਿਸ਼ੇਸ਼ਤਾਈਆਂ ਪ੍ਰਗਟ ਨਹੀਂ ਕੀਤੀਆਂ ਜਾ ਸਕੀਆਂ। ਇਨ੍ਹਾਂ ਦਾ ਅਧਿਐਨ ਤਾਂ ਭਾਸ਼ਾ ਦੇ ਟੇਪ ਰਿਕਾਰਡਰ ਜਾਂ ਲਿੰਗੂਆਫ਼ੋਨ ਦੀ ਸਹਾਇਤਾ ਨਾਲ ਹੀ ਸੰਭਵ ਹੈ।
ਬੋਲੀ ਦੇ ਲਿਖਤੀ ਰੂਪ ਦਾ ਅਸਰ ਕਦੀ ਕਦੀ ਬੋਲੀ ਦੇ ਉਚਾਰਣ ਤੇ ਵੀ ਪੈਂਦਾ ਹੈ, ਖ਼ਾਸ ਕਰਕੇ ਉਨ੍ਹਾਂ ਲੋਕਾਂ ਦੇ ਉਚਾਰਣ ਤੇ ਬੋਲੀ ਨੂੰ ਲਿਖਤੀ ਰੂਪ ਰਾਹੀਂ ਸਿਖਦੇ ਹਨ ਉਦਾਹਰਨ ਵਜੋਂ ਪੰਜਾਬੀ ਬੋਲਣ ਵਾਲੇ ਬੋਲਦੇ ʻ ਭੜਾਈ ʼ ਹਨ ਪਰ ਲਿਖਦੇ ʻ ਪੜ੍ਹਾਈ ʼ ਹਨ ਇਵੇਂ ਹੀ ਹਿੰਦੀ ਬੋਲਣ ਵਾਲੇ (ਵਹ) ਨੂੰ (ਵੋ) ਬੋਲਦੇ ਹਨ, ਲਿਖਦੇ ਭਾਵੇਂ ਉਹ ਹੀ ਹਨ।
ਹਰ ਇਕ ਬੋਲੀ ਦੇ ਸਬੰਧ ਵਿਚ ਆਦਰਸ਼ਕ ਉਚਾਰਣ ਦੀ ਭਾਵਨਾ ਸਦਾ ਹੀ ਕਾਇਮ ਰਹੀ ਹੈ। ਆਮ ਤੌਰ ਤੇ ਹਰ ਭਾਸ਼ਾਈ ਇਲਾਕੇ ਦੇ ਵੱਡੇ ਰਾਜਸੀ ਜਾਂ ਸਾਹਿਤਕ ਕੇਂਦਰ ਦੀ ਉੱਚੀ ਸ਼ਹਿਰੀ ਸ਼੍ਰੇਣੀ ਦੇ ਉਚਾਰਣ ਨੂੰ ਆਦਰਸ਼ਕ ਮੰਨਿਆ ਜਾਂਦਾ ਹੈ ਪਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਲੋਕ ਠੀਕ ਤੌਰ ਤੇ ਹਮੇਸ਼ਾ ਇਸ ਦੀ ਨਕਲ ਕਰ ਸਕਣ। ਇਹੋ ਹੀ ਕਾਰਨ ਹੈ ਕਿ ਹਰ ਇਕ ਬੋਲੀ ਦੇ ਉਚਾਰਣ ਵਿਚ ਥੋੜ੍ਹੇ ਬਹੁਤੇ ਫ਼ਰਕ ਨਾਲ ਸ਼ਬਦਾਂ ਦੇ ਕਈ ਰੂਪ ਮਿਲਦੇ ਰਹਿੰਦੇ ਹਨ।
ਕਿਸੇ ਬੋਲੀ ਦੇ ਉਚਾਰਣ ਦਾ ਵਿਗਿਆਨਕ ਅਧਿਐਨ ਕਰਨ ਲਈ ਕਰਾਉਣ ਲਈ ਧੁਨੀ-ਵਿਗਿਆਨ ਦੀ ਜਾਣਕਾਰੀ ਜ਼ਰੂਰੀ ਹੈ। ਵਿਹਾਰਕ ਧੁਨੀ-ਵਿਗਿਆਨ ਦੀ ਸਹਾਇਤਾ ਨਾਲ ਉਚਾਰਣ ਦੀਆਂ ਵਿਸ਼ੇਸ਼ਤਾਈਆਂ ਦਾ ਬਹੁਤ ਸੂਖ਼ਮ ਵਿਸ਼ਲੇਸ਼ਣ ਸੰਭਵ ਹੋ ਗਿਆ ਹੈ ਪਰ ਉਚਾਰਣ ਦੇ ਇਕ ਵਿਗਿਆਨਕ ਵਿਸ਼ਲੇਸ਼ਣ ਦੇ ਕੁਝ ਹੀ ਭਾਗਾਂ ਦੀ ਅਮਲੀ ਤੌਰ ਤੇ ਵਰਤੋਂ ਸੰਭਵ ਹੋ ਸਕੀ ਹੈ।
ਉਚਾਰਣ ਦੇ ਨਾਲ ਹੀ ਫ਼ੋਨੈਮਿਕਸ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ। ਫ਼ੋਨੈਮਿਕਸ ਭਾਸ਼ਾ-ਵਿਗਿਆਨ ਦਾ ਆਧੁਨਿਕ ਅੰਗ ਹੈ ਜਿਸ ਨੂੰ ʻ ਧੁਨੀ-ਗ੍ਰਾਮ ਵਿਗਿਆਨʼ ਕਿਹਾ ਜਾ ਸਕਦਾ ਹੈ। ਇਸ ਵਿਚ ਫ਼ੋਨੀਮ ਅਰਥਾਤ ਧੁਨੀ-ਸੂਮਹ ਦਾ ਅਧਿਐਨ ਕੀਤਾ ਜਾਂਦਾ ਹੈ। ਇਸ ਦਾ ਖ਼ਾਸ ਪ੍ਰਚਾਰ ਅੱਜਕੱਲ੍ਹ ਸੰਯੁਕਤ ਰਾਜ ਅਮਰੀਕਾ ਵਿਚ ਹੈ ਅਤੇ ਹੁਣ ਭਾਰਤ ਵਿਚ ਵੀ ਇਸ ਪਾਸੇ ਧਿਆਨ ਦਿੱਤਾ ਜਾ ਰਿਹਾ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3127, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First