ਉੱਲੂ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਉੱਲੂ (ਨਾਂ,ਪੁ) ਹਨੇਰੇ ਵਿੱਚ ਵਧੇਰੇ ਅਤੇ ਦਿਨ ਵੇਲੇ ਘੱਟ ਦੇਖ ਸੱਕਣ ਵਾਲਾ ਪੰਛੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6539, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਉੱਲੂ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਉੱਲੂ [ਨਾਂਪੁ] ਇੱਲ ਦੀ ਸ਼ਕਲ ਦਾ ਇੱਕ ਪੰਛੀ ਜੋ ਰਾਤ ਨੂੰ ਕਿਰਿਆਸ਼ੀਲ ਹੁੰਦਾ ਹੈ [ਵਿਸ਼ੇ] ਮੂਰਖ ਆਦਮੀ; ਪੁੱਠੀ ਮੱਤ ਵਾਲ਼ਾ ਵਿਅਕਤੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6530, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਉੱਲੂ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਉੱਲੂ. ਦੇਖੋ, ਉਲੂਕ। ੨ ਭਾਵ ਮਹਾਂ ਮੂਰਖ. ਬੁੱਧਿਹੀਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6490, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-18, ਹਵਾਲੇ/ਟਿੱਪਣੀਆਂ: no
ਉੱਲੂ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਉੱਲੂ : ਸਟਰਿਜੀਫ਼ਾੱਰਮੀਜ਼ (Strigifromes) ਵਰਗ ਦੇ ਸ਼ਿਕਾਰੀ ਪੰਛੀਆਂ ਦਾ ਅਜਿਹਾ ਗੁੱਟ ਹੈ ਜੋ ਸਾਰੇ ਸੰਸਾਰ ਵਿਚ ਫੈਲਿਆ ਹੋਇਆ ਹੈ। ਉਪਰ ਦੱਸੇ ਵਰਗ ਵਿਚ ਦੋ ਕੁਲਾਂ, ਸਟਰਿਜੀਡੀ ਅਤੇ ਟਾਈਟੋਨਿਡੀ (Strigidae and Tytonidae) ਅਤੇ 150 ਕੁ ਜਾਤੀਆਂ ਦਾ ਹੁਣ ਤਕ ਪਤਾ ਲਗ ਚੁੱਕਾ ਹੈ।
ਉੱਲੂ ਵੱਖ ਵੱਖ ਕੱਦ ਦੇ ਹੁੰਦੇ ਹਨ। ਵੱਖ ਵੱਖ ਜਾਤੀਆਂ ਵਿਚ ਇਸ ਦੀ ਲੰਬਾਈ 12 ਸੈਂ. ਮੀ. ਤੋਂ ਲੈ ਕੇ 60 ਸੈ. ਮੀ. ਤਕ ਵੀ ਹੁੰਦੀ ਹੈ।
ਉੱਲੂਆਂ ਦੇ ਖੰਭਾਂ ਦੀ ਮੂਹਰਲੀ ਕੰਨੀ ਤੇ ਨਰਮ ਨਰਮ ਪਰਾਂ ਦੀ ਮਗਜ਼ੀ ਜਿਹੀ ਹੁੰਦੀ ਹੈ। ਇਸ ਕਾਰਨ ਹੀ ਉੱਲੂ ਦੀ ਉਡਾਰੀ ਬਿਲਕੁਲ ਬੇਆਵਾਜ਼ ਹੁੰਦੀ ਹੈ।
ਉੱਲੂਆਂ ਦੀ ਚੁੰਝ ਮੁੜੀ ਹੋਈ ਅਤੇ ਬੜੀ ਮਜ਼ਬੂਤ ਹੈ। ਇਨ੍ਹਾਂ ਦੇ ਪੌਂਚੇ ਵੀ ਬੜੇ ਤਕੜੇ ਹੁੰਦੇ ਹਨ। ਉੱਲੂਆਂ ਦੀਆਂ ਅੱਖਾਂ ਬਹੁਤ ਵੱਡੀਆਂ ਹੁੰਦੀਆਂ ਹਨ ਅਤੇ ਉਹ ਖੋਪਰੀ ਦੇ ਸਾਹਮਣੇ ਪਾਸੇ ਅਖਵਾਨਿਆਂ ਵਿਚ ਇੱਦਾਂ ਗੱਡੀਆਂ ਹੋਈਆਂ ਹੁੰਦੀਆਂ ਹਨ ਕਿ ਇਹ ਹਿਲਜੁਲ ਨਹੀਂ ਸਕਦੀਆਂ। ਦੋਹਾਂ ਅੱਖਾਂ ਦੀ ਸੇਧ ਵੀ ਅੱਗੇ ਵਲ ਹੀ ਹੁੰਦੀ ਹੈ। ਇਸ ਲਈ ਜਦੋਂ ਵੀ ਉੱਲੂ ਕਿਸੇ ਪਾਸੇ ਵੇਖਣਾ ਚਾਹੇ, ਉਸ ਨੂੰ ਆਪਣਾ ਸਿਰ ਘੁਮਾਉਣਾ ਪੈਂਦਾ ਹੈ। ਉੱਲੂਆਂ ਦੀਆਂ ਅੱਖਾਂ ਵੱਡੀਆਂ ਹੋਣ ਦਾ ਇਹ ਲਾਭ ਹੈ ਕਿ ਰਾਤ ਵੇਲੇ ਵੱਧ ਤੋਂ ਵੱਧ ਚਾਨਣ ਅੱਖਾਂ ਅੰਦਰ ਆ ਸਕੇ।
ਇਹ ਰਾਤ ਦਾ ਪੰਛੀ ਗਿਣਿਆ ਜਾਂਦਾ ਹੈ। ਆਮ ਖ਼ਿਆਲ ਕੀਤਾ ਜਾਂਦਾ ਹੈ ਕਿ ਉੱਲੂਆਂ ਨੂੰ ਦਿਨ ਵੇਲੇ ਕੁਝ ਨਹੀਂ ਦਿਸਦਾ, ਪਰ ਇਹ ਗੱਲ ਠੀਕ ਨਹੀਂ। ਕਈ ਕਿਸਮਾਂ ਦੇ ਉੱਲੂ ਦਿਨ ਵਿਚ ਵੀ ਸ਼ਿਕਾਰ ਕਰਦੇ ਹਨ ਜਿਵੇਂ ਪਿਗਮੀ ਉੱਲੂ (pygmy owl) ਤੇ ਹਾੱਕ ਉੱਲੂ (hawk owl)।
ਸ਼ਿਕਾਰ ਲਈ ਉੱਲੂ ਨਿਰਾ ਅੱਖਾਂ ਤੋਂ ਹੀ ਸਹਾਇਤਾ ਨਹੀਂ ਲੈਂਦਾ। ਇਸ ਦੀ ਸੁਣਨ ਦੀ ਸ਼ਕਤੀ ਬੜੀ ਤੇਜ਼ ਹੁੰਦੀ ਹੈ। ਉੱਲੂ ਦੇ ਅੰਦਰਲੇ ਕੰਨ ਤਕ ਜਾਣ ਵਾਲੀ ਨਾਲੀ ਭਾਵੇਂ ਕੁਝ ਛੋਟੀ ਹੀ ਹੁੰਦੀ ਹੈ ਪਰ ਇਕ ਚਮੜੀ ਦੀ ਤਹਿ ਦੀ ਸ਼ਕਲ ਵਿਚ ਇਸ ਦਾ ਬਾਹਰਲਾ ਕੰਨ ਮੁਕੰਮਲ ਹੁੰਦਾ ਹੈ। ਉੱਲੂ ਦੇ ਕੰਨ ਪਰਾਂ ਨਾਲ ਢੱਕੇ ਹੋਏ ਹੁੰਦੇ ਹਨ ਅਤੇ ਨਜ਼ਰ ਨਹੀਂ ਆਉਂਦੇ ਪਰ ਸ਼ਿਕਾਰ ਦੀ ਭਾਲ ਵਿਚ ਇਹ ਬੜੇ ਕਾਰਆਮਦ ਸਾਬਤ ਹੁੰਦੇ ਹਨ। ਉੱਲੂ ਸ਼ਿਕਾਰ ਨੂੰ ਸਮੁੱਚਾ ਹੀ ਨਿਗਲ ਜਾਂਦਾ ਹੈ। ਪਰ ਜੋ ਕੁਝ ਹਜ਼ਮ ਹੋਣ ਤੋਂ ਬਚ ਜਾਂਦਾ ਹੈ, ਉਸ ਨੂੰ ਇਹ ਛੋਟੇ ਛੋਟੇ ਟੁਕੜਿਆਂ ਦੇ ਰੂਪ ਵਿਚ ਬਾਹਰ ਉਗਲ ਦਿੰਦਾ ਹੈ।
ਉੱਲੂ ਆਲ੍ਹਣਾ ਨਹੀਂ ਬਣਾਉਂਦੇ ਤੇ ਮਦੀਨ ਬਿਨਾਂ ਕਿਸੇ ਕਿਸਮ ਦਾ ਆਲ੍ਹ ਣਾ ਬਣਾਏ, ਰੁੱਖਾਂ ਦੀਆਂ ਖੋੜਾਂ ਵਿਚ ਹੀ ਆਪਣੇ ਅੰਡੇ ਦੇ ਦਿੰਦੀ ਹੈ। ਜੋ ਖੋੜਾਂ ਨਾ ਮਿਲਣ ਤਾਂ ਕਾਵਾਂ, ਬਾਜ਼ਾਂ ਦੇ ਪੁਰਾਣੇ ਆਲ੍ਹ ਣਿਆਂ ਅਤੇ ਗਲਹਿਰੀਆਂ ਦੀਆਂ ਖੁੱਡਾਂ ਦੀ ਵਰਤੋਂ ਕਰ ਲਈ ਜਾਂਦੀ ਹੈ। ਅੰਡੇ ਬਿਲਕੁਲ ਚਿੱਟੇ ਅਤੇ ਗੋਲ ਹੁੰਦੇ ਹਨ। ਉੱਲੂ ਪਹਿਲਾ ਅੰਡਾ ਦਿੰਦੇ ਸਾਰ ਹੀ ਸੇਣ ਲਗ ਜਾਂਦੇ ਹਨ। ਨਰ ਤੇ ਮਾਦਾ ਕਈ ਵਾਰੀ ਇਕੱਠੇ ਹੀ ਅੰਡਿਆਂ ਤੇ ਕੋਲੋ ਕੋਲ ਬਹਿ ਜਾਂਦੇ ਹਨ। ਉੱਲੂ ਅੰਡੇ ਨਿੱਤ ਨਹੀਂ ਦਿੰਦੇ। ਇਸ ਲਈ ਪਹਿਲੇ ਅੰਡਿਆਂ ਵਿਚੋਂ ਅਖ਼ੀਰਲੇ ਅੰਡਿਆਂ ਦੇ ਮੁਕਾਬਲੇ ਬੱਚੇ ਪਹਿਲਾਂ ਹੀ ਨਿਕਲ ਆਉਂਦੇ ਹਨ। ਇਸ ਲਈ ਉੱਲੂ ਦੇ ਆਲ੍ਹ ਣੇ ਵਿਚ ਬੱਚਿਆਂ ਦੀ ਉਮਰ ਵਿਚ ਢੇਰ ਫ਼ਰਕ ਹੁੰਦਾ ਹੈ। ਮਦੀਨ ਦੀ ਉਮਰ ਨਰ ਨਾਲੋਂ ਵੱਧ ਹੁੰਦੀ ਹੈ। ਅੰਡੇ ਸੇਣ ਦਾ ਸਮਾਂ 25 ਤੋਂ ਲੈ ਕੇ 35 ਦਿਨ ਹੈ। ਮਾਦਾ ਉੱਲੂ ਨੂੰ ਬਚਿਆਂ ਸਣੇ ਫੜ ਕੇ ਪਿੰਜਰੇ ਵਿਚ ਰਖਿਆ ਜਾਏ ਤਾਂ ਉਹ ਪੂਰੀ ਖ਼ੁਰਾਕ ਮਿਲਣ ਦੇ ਬਾਵਜੂਦ ਵੀ ਬੱਚਿਆਂ ਨੂੰ ਖਾ ਜਾਂਦੀ ਹੈ।ਖੇਤਾਂ ਅਤੇ ਬਾਗ਼ਾਂ ਦੇ ਚੂਹੇ, ਪੰਛੀ ਅਤੇ ਕੀੜੇ ਮਕੋੜੇ ਆਦਿ ਉੱਲੂ ਦਾ ਖਾਜਾ ਹਨ। (ਸਬੰਧਤ ਐਂਟਰੀ ਸ਼ਿਕਾਰੀ ਪੰਛੀ ਵੀ ਦੋਖੋ)।
ਲੇਖਕ : ਤਾਰਾ ਸਿੰਘ ਸੇਠੀ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6413, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-10, ਹਵਾਲੇ/ਟਿੱਪਣੀਆਂ: no
ਉੱਲੂ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਉੱਲੂ : ਇਹ ਇਕ ਸ਼ਿਕਾਰੀ ਪੰਛੀ ਹੈ ਜੋ ਪੰਜਾਬ ਵਿਚ ਅਕਸਰ ਪਾਇਆ ਜਾਂਦਾ ਹੈ। ਬੇਸ਼ਕ ਇਸ ਨੂੰ ਦੇਖਣਾ ਬਦਸ਼ਗਨੀ ਸਮਝਿਆ ਜਾਂਦਾ ਹੈ ਪਰ ਇਹ ਕਿਸਾਨ ਦਾ ਦੋਸਤ ਹੈ। ਇਹ ਚੂਹੇ ਤੇ ਕੀੜੇ ਮਕੌੜੇ ਆਦਿ ਖਾ ਕੇ ਫ਼ਸਲਾਂ ਨੂੰ ਹਾਨੀ ਤੋਂ ਬਚਾਉਂਦਾ ਹੈ। ਪੰਜਾਬ ਵਿਚ ਇਸ ਦੀਆਂ ਕੁਝ-ਕੁ ਕਿਸਮਾਂ ਘੋਗੜ, ਮਿੱਤਰਾ, ਜੰਗਲੀ ਘੋਗੜ, ਮੱਛੀ-ਮਾਰ ਆਦਿ ਮਿਲਦੀਆਂ ਹਨ।
ਇਹ ਵੱਖ ਵੱਖ ਅਕਾਰ ਦੇ ਹੁੰਦੇ ਹਨ। ਆਮ ਤੌਰ ਤੇ ਇਹ ਜੰਗਲੀ ਕਾਂ ਜਿੱਡਾ ਹੁੰਦਾ ਹੈ। ਇਸ ਦੇ ਖੰਭਾਂ ਦੀ ਅਗਲੀ ਕੰਨੀ ਤੇ ਨਰਮ ਪਰਾਂ ਦੀ ਪਤਲੀ ਤਹਿ ਹੁੰਦੀ ਹੈ ਜਿਸ ਕਾਰਨ ਇਸ ਦੀ ਉਡਾਰੀ ਬਿਲਕੁਲ ਬੇਆਵਾਜ਼ ਹੁੰਦੀ ਹੈ। ਇਸ ਦੀਆਂ ਅੱਖਾਂ ਅਕਸਰ ਵੱਡੀਆਂ ਹੁੰਦੀਆਂ ਹਨ ਤਾਂ ਕਿ ਰਾਤ ਵੇਲੇ ਵੱਧ ਤੋ ਵੱਧ ਚਾਨਣ ਅੱਖਾਂ ਅੰਦਰ ਜਾ ਸਕੇ। ਦੋਹਾਂ ਅੱਖਾਂ ਦੀ ਸੇਧ ਵੀ ਅੱਗੇ ਵੱਲ ਹੀ ਹੁੰਦੀ ਹੈ। ਇਸੇ ਕਾਰਨ ਦੇਖਣ ਲਈ ਉੱਲੂ ਨੂੰ ਸਿਰ ਘੁਮਾਉਣਾ ਪੈਂਦਾ ਹੈ। ਇਹ ਧਾਰਨਾ ਗ਼ਲਤ ਹੈ ਕਿ ਉੱਲੂ ਕੇਵਲ ਰਾਤ ਦੇ ਵੇਲੇ ਸ਼ਿਕਾਰ ਕਰਦਾ ਹੈ।
ਇਹ ਪੰਛੀ ਆਮ ਤੌਰ ਤੇ ਮਨੁੱਖੀ ਵਸੋਂ ਤੋਂ ਪਰੇ ਹੀ ਰਹਿੰਦਾ ਹੈ ਅਤੇ ਉਜਾੜ ਇਮਾਰਤਾਂ, ਢਲਵਾੜਾਂ, ਕਿਲਿਆਂ ਆਦਿ ਵਿਚ ਵਸੇਬਾ ਕਰਦਾ ਹੈ। ਕਈ ਉੱਲੂ ਪਾਣੀ ਦੇ ਨੇੜੇ ਵੀ ਰਹਿੰਦੇ ਹਨ ਜਿਵੇ ਕਿ ਮੱਛੀ-ਮਾਰ ਕਿਸਮ। ਇਨ੍ਹਾਂ ਦਾ ਆਲ੍ਹਣਾ ਬੇਤਰਤੀਬਾ ਤੇ ਬਗੈਰ ਮਿਹਨਤ ਤੋਂ ਬਣਿਆ ਨਜ਼ਰ ਆਉਂਦਾ ਹੈ। ਇਹ ਪਰਾਲੀ, ਟਾਹਣੀਆਂ ਅਤੇ ਰੱਦੀ ਚੀਜ਼ਾਂ ਨੂੰ ਇਕੱਠਾ ਕਰਕੇ ਦਰਖ਼ਤਾਂ ਦੀ ਖੋੜਾਂ ਵਿਚ ਪੁਰਾਣੀਆਂ ਕੰਧਾਂ ਜਾਂ ਛੱਤਾਂ ਦੀਆਂ ਝੀਥਾਂ ਵਿਚ ਆਲ੍ਹਣੇ ਬਣਾਉਂਦਾ ਹੈ। ਉੱਲੂ ਕਈ ਵੇਰ ਅਪਣਾ ਆਲ੍ਹਣਾ ਬਣਾਉਂਦਾ ਹੀ ਨਹੀਂ ਸਗੋਂ ਹੋਰਨਾਂ ਪੰਛੀਆਂ ਦੇ ਆਲ੍ਹਣੇ ਦੀ ਵਰਤੋਂ ਨਾਲ ਹੀ ਕੰਮ ਸਾਰ ਲੈਦਾ ਹੈ।
ਲੋਕ ਧਾਰਨਾ ਅਨੁਸਾਰ ਇਸ ਨੂੰ ਇਕ ਨਹਿਸ਼ ਪੰਛੀ ਸਮਝਿਆ ਜਾਂਦਾ ਹੈ ਜਿਸ ਦਾ ਦਿਨ ਵੇਲੇ ਬੋਲਣਾ ਅਸ਼ੁਭ ਹੁੰਦਾ ਹੈ। ਰਵਾਇਤ ਹੈ ਕਿ ਉੱਲੂ ਸਦਾ ਉਜਾੜ ਮੰਗਦਾ ਹੈ। ਇਸ ਲਈ ਜਿਥੇ ਉੱਲੂ ਜ਼ਿਆਦਾ ਠਹਿਰੇ ਜਾਂ ਬੋਲੇ ਉਹ ਥਾਂ ਛੇਤੀ ਉਜੱੜ ਜਾਂਦੀ ਹੈ ਪਰ ਰਾਤ ਨੂੰ ਇਸ ਦਾ ਬੋਲਣਾ ਅਸ਼ੁਭ ਨਹੀਂ। ਦਿਨ ਵੇਲੇ ਸ਼ਮਸ਼ਾਨ ਘਾਟ ਕੋਲੋਂ ਲੰਘਦਿਆਂ ਜੇ ਕਿਸੇ ਦੇ ਕੰਨੀਂ ਉੱਲੂ ਦੀ ਆਵਾਜ਼ ਪੈ ਜਾਏ ਤਾਂ ਉਸ ਦੀ ਮੌਤ ਛੇਤੀ ਹੋਣ ਦੀ ਸੰਭਾਵਨਾ ਮੰਨੀ ਜਾਂਦੀ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਜੇ ਸਵੇਰੇ ਨਿਰਨੇ ਪੇਟ ਕੋਈ ਉੱਲੂ ਜਾਂ ਬਾਂਦਰ ਦਾ ਨਾਂ ਲੈ ਲਏ ਜਾਂ ਸੁਣ ਲਏ ਤਾਂ ਉਸ ਨੂੰ ਸਾਰਾ ਦਿਨ ਰੋਟੀ ਨਸੀਬ ਨਹੀ ਹੁੰਦੀ ।
ਉੱਲੂ ਦਾ ਮਾਸ ਕਾਲੇ ਜਾਦੂ ਲਈ ਵੀ ਪ੍ਰਯੋਗ ਕੀਤਾ ਜਾਂਦਾ ਹੈ। ਕੋਈ ਬੰਦਾ ਜੇ ਕਿਸੇ ਨੂੰ ਉੱਲੂ ਦਾ ਸਿਰ ਭੁੰਨ ਕੇ ਖੁਆ ਦੇਵੇ ਤਾਂ ਖਾਣ ਵਾਲਾ ਸਾਰੀ ਉਮਰ ਲਈ ਮਾਸ ਖੁਆਣ ਵਾਲੇ ਦਾ ਗੁਲਾਮ ਬਣ ਕੇ ਰਹੇਗਾ। ਇਸੇ ਤਰ੍ਹਾਂ ਜੇ ਕਿਸੇ ਨੇ ਆਪਣੇ ਪ੍ਰੇਮੀ ਜਾਂ ਪ੍ਰੇਮਿਕਾ ਦਾ ਦਿੱਲ ਜਿੱਤਣਾ ਹੋਵੇ ਤਾਂ ਉਸ ਨੂੰ ਉੱਲੂ ਦਾ ਦਿਲ ਭੁੰਨ ਕੇ ਖੁਆਣ ਨਾਲ ਸਫ਼ਲਤਾ ਪ੍ਰਾਪਤ ਹੋਏਗੀ। ਮੱਧ ਕਾਲ ਵਿਚ ਦੁਸ਼ਮਣ ਉੱਤੇ ਕਾਬੂ ਪਾਉਣ ਅਤੇ ਪ੍ਰੇਮਿਕਾਵਾਂ ਦੇ ਦਿਲ ਜਿੱਤਣ ਲਈ ਉੱਲੂ ਦੇ ਮਾਸ ਖੁਆਉਣ ਦਾ ਟੂਣਾ ਆਮ ਪ੍ਰਚਲਿਤ ਸੀ।
ਇਕ ਵਿਸ਼ਵਾਸ ਅਨੁਸਾਰ ਜੇ ਕੋਈ ਆਪਣੇ ਦੁਸ਼ਮਣ ਦਾ ਨਾਂ ਦੁਹਰਾਉਂਦਿਆਂ ਹੋਇਆਂ ਉੱਲੂ ਨੂੰ ਸ਼ਰਾਬ ਪਿਲਾਏ ਤਾਂ ਸੱਤ ਦਿਨਾਂ ਦੇ ਅੰਦਰ ਅੰਦਰ ਦੁਸ਼ਮਨ ਦੀ ਮੌਤ ਹੋ ਜਾਂਦੀ ਹੈ ਪਰ ਅਜਿਹੇ ਮੌਕੇ ਤੇ ਇਹ ਧਿਆਨ ਰੱਖਣਾ ਜਰੂਰੀ ਹੈ ਕਿ ਉੱਲੂ ਕਿਸੇ ਹੋਰ ਦਾ ਨਾਂ ਨਾ ਸੁਣ ਲਏ।
ਮੁਸਲਮਾਨਾਂ ਦਾ ਵਿਸ਼ਵਾਸ ਹੈ ਕਿ ਜਿਨ੍ਹਾਂ ਵਿਅਕਤੀਆਂ ਦਾ ਕਤਲ ਹੋ ਜਾਂਦਾ ਹੈ ਉਨ੍ਹਾਂ ਦੀ ਰੂਹ ਉੱਲੂ ਦਾ ਜਨਮ ਧਾਰ ਕੇ ਕਬਰਾਂ ਵਿਚ ਨਿਵਾਸ ਕਰਦੀ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4564, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-23-11-08-23, ਹਵਾਲੇ/ਟਿੱਪਣੀਆਂ: ਹ. ਪੁ. –ਬ. ਇੰ. ਪ-ਸਲੀਮ ਅਲੀ; ਜੀਮੈਕਸ ਐਨੀ. ਐਨ. 7: 661; ਪੰ. ਲੋ. ਵਿ. ਕੋ. 1:55
ਉੱਲੂ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਉੱਲੂ – ਇਹ ਵੱਡੇ ਸਿਰ, ਮੋਟੀਆਂ ਅੱਖਾਂ, ਤਿੱਖੇ ਪੰਜਿਆਂ ਵਾਲਾ ਰਾਤਲ ਸ਼ਿਕਾਰੀ ਪੰਛੀ ਹੈ। ਇਸ ਦੇ ਖੰਭਾਂ ਦਾ ਰੰਗ ਭੂਰਾ ਹੁੰਦਾ ਹੈ ਜਿਨ੍ਹਾਂ ਉੱਪਰ ਟਿਮਕਣੇ ਵੀ ਹੁੰਦੇ ਹਨ। ਇਸ ਦੇ ਖੰਭ ਬਹੁਤ ਨਰਮ ਹੁੰਦੇ ਹਨ ਜਿਸ ਕਾਰਨ ਇਹ ਉੱਡਣ ਸਮੇਂ ਕੋਈ ਆਵਾਜ਼ ਪੈਦਾ ਨਹੀਂ ਕਰਦਾ। ਇਸੇ ਲਈ ਇਹ ਰਾਤ ਨੂੰ ਉਡਾਰੀ ਸਮੇਂ ਆਸਾਨੀ ਨਾਲ ਸ਼ਿਕਾਰ ਨੂੰ ਫੜ ਲੈਂਦਾ ਹੈ। ਇਸ ਦੀ ਦੇਖਣ ਤੇ ਸੁਣਨ ਦੀ ਸ਼ਕਤੀ ਬੜੀ ਤੇਜ਼ ਹੁੰਦੀ ਹੈ। ਇਸ ਦੀਆਂ ਅੱਖਾਂ ਅਗਾਂਹ ਵੱਲ ਨੂੰ ਹੁੰਦੀਆਂ ਹਨ। ਇਹ ਹਿਲਜੁਲ ਨਹੀਂ ਸਕਦੀਆਂ ਅਤੇ ਦੋਹਾਂ ਅੱਖਾਂ ਦੀ ਸੇਧ ਵੀ ਅੱਗੇ ਵੱਲ ਹੁੰਦੀ ਹੈ। ਇਸ ਲਈ ਜਦੋਂ ਵੀ ਉੱਲੂ ਕਿਸੇ ਪਾਸੇ ਵੇਖਣਾ ਚਾਹੇ, ਉਸ ਨੂੰ ਆਪਣਾ ਸਿਰ ਘੁਮਾਉਣਾ ਪੈਂਦਾ ਹੈ। ਅੱਖਾ ਵੱਡੀਆਂ ਹੋਣ ਦਾ ਇਸ ਨੂੰ ਇਹ ਲਾਭ ਹੈ ਕਿ ਰਾਤ ਵੇਲੇ ਵਧ ਤੋਂ ਵਧ ਚਾਨਣ ਅੱਖਾਂ ਅੰਦਰ ਆ ਸਕਦਾ ਹੈ। ਇਹ ਚੂਹੇ, ਖ਼ਰਗੋਸ਼, ਪੰਛੀ ਤੇ ਕੀੜੇ ਮਕੌੜੇ ਆਦਿ ਦੇ ਸ਼ਿਕਾਰ ਤੇ ਨਿਰਬਾਹ ਕਰਦਾ ਹੈ। ਇਹ ਆਪਣਾ ਆਲ੍ਹਣਾ ਆਪ ਨਹੀਂ ਬਣਾਉਂਦਾ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4528, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-12-04-24-43, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਵਿ. ਕੋ. 5; ਮ. ਕੋ.
ਉੱਲੂ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਉੱਲੂ, ਪੁਲਿੰਗ : ੧. ਰਾਤ ਨੂੰ ਜਾਗਣ ਅਤੇ ਡਰਾਉਣੀਆਂ ਅੱਖਾਂ ਵਾਲਾ ਦਿਨ ਦਾ ਅੰਨ੍ਹਾ ਪੰਛੀ ਜਿਸ ਦੀ ਸ਼ਕਲ ਇੱਲ ਵਰਗੀ ਹੁੰਦੀ ਹੈ; ੨. ਮੂਰਖ ਆਦਮੀ
–ਉੱਲੂ ਸਿੱਧਾ ਕਰਨਾ, ਮੁਹਾਵਰਾ : ਗੋਂ ਕੱਢਣਾ, ਮਤਲਬ ਪੂਰਾ ਕਰਨਾ
–ਉੱਲੂ ਦਾ ਚਰਖਾ, ਪੁਲਿੰਗ : .੧ ਇਕ ਗਾਲ੍ਹ; ੨. ਮੂਰਖ, ਅਹਿਮਕ
–ਉੱਲੂ ਦਾ ਪੱਠਾ, ਪੁਲਿੰਗ : ੧. ਇਕ ਗਾਲ੍ਹ, ਉੱਲੂ ਦਾ ਬੱਚਾ; ੨. ਅਹਿਮਕ, ਮੂਰਖ
–ਉੱਲੂਣਾ, ਪੁਲਿੰਗ : ਮੂਰਖ ਦਾ ਗੁਣ, ਬੇਵਕੂਫੀ, ਗ਼ਲਤੀ
–ਉੱਲੂ ਬਣਨਾ, ਮੁਹਾਵਰਾ : ਕਿਸੇ ਦੀ ਚਾਲ ਵਿਚ ਆ ਜਾਣਾ, ਧੋਖਾ ਖਾਣਾ, ਬੇਸਮਝੀ ਦਾ ਕੰਮ ਕਰਨਾ
–ਉੱਲੂ ਬਣਾਉਣਾ, ਮੁਹਾਵਰਾ : ਧੋਖਾ ਦੇਣਾ, ਠੱਗ ਲੈਣਾ, ਮੂਰਖ ਸਿੱਧ ਕਰਨਾ, ਠੱਠਾ ਕਰਨਾ
–ਉੱਲੂਬਾਟਾ, ਪੁਲਿੰਗ : ਮੂਰਖ, ਅਹਿਮਕ, ਬੁੱਧੂ, ਸਿੱਧਾ ਸਾਦਾ, ਉੱਨ ਦਾ ਔਂਟਾ, ਮਿੱਟੀ ਦਾ ਮਾਧੋ
–ਉੱਲੂ ਬੋਲਣਾ, ਮੁਹਾਵਰਾ : ਬੇਰੌਣਕੀ ਹੋਣਾ, ਉਜਾੜ ਹੀ ਉਜਾੜ ਹੋਣਾ
–ਉਲੇਹੜਨਾ, ਕਿਰਿਆ ਸਕਰਮਕ : ੧. ਕੱਪੜੇ ਦੀ ਕੰਨੀ ਮੋੜ ਕੇ ਸੀਉਣਾ; ੨. ਕੱਪੜੇ ਦੀ ਪਹਿਲੀ ਸੀਊਣ ਨੂੰ ਪੱਕਿਆਂ ਕਰਨ ਲਈ ਕਿਨਾਰੇ ਨੂੰ ਮੋੜ ਕੇ ਦੂਜੀ ਵਾਰੀ ਸੀਊਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2515, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-28-04-13-47, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First