ਕਉਡੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਉਡੀ (ਨਾਂ,ਇ) 1 ਸਮੁੰਦਰੀ ਜੀਵਾਂ ਦਾ ਖੋਲ 2 ਇੱਕ ਖੇਡ ਦਾ ਨਾਂ 3 ਦੋਵੇਂ ਪੱਸਲੀਆਂ ਨੇੜਲੀ ਛਾਤੀ ਦੇ ਵਿਚਕਾਰਲੀ ਹੱਡੀ 4 ਇੱਕ ਸਮੇਂ ਸਿੱਕੇ ਵਜੋਂ ਪ੍ਰਚੱਲਿਤ ਰਹੀ ਮੁਦਰਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2520, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕਉਡੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਉਡੀ. ਸੰ. ਕਪਦਿਕਾ. ਸੰਗ੍ਯਾ—ਵਰਾਟਿਕਾ. “ਕਉਡੀ ਕਉਡੀ ਜੋਰਤ.” (ਗੂਜ ਮ: ੫) ੨ ਛਾਤੀ ਦੀ ਹੱਡੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2460, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਉਡੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਕਉਡੀ (ਸੰ.। ਸੰਸਕ੍ਰਿਤ ਕਪਰੑਦਕ। ਪ੍ਰਾਕ੍ਰਿਤ ਕਵਡਿਡੑਆ। ਪੰਜਾਬੀ ਕੌਡੀ। ਹਿੰਦੀ ਕੌੜੀ) ਕੌਡੀ ਸਮੁੰਦ੍ਰ ਵਿਚੋਂ ਨਿਕਲੇ ਇਕ ਨਿਕੇ ਜਿਹੇ ਜੀਵ ਦੇ ਘਰ ਹਨ, ਜੋ ਚੂਨੇ ਦੇ ਹੁੰਦੇ ਹਨ, ਗਰੀਬ ਦੇਸ਼ਾਂ ਵਿਚ ਸਿੱਕੇ ਦੀ ਥਾਂ ਵਰਤੀਂਦਾ ਹੈ। ਪੰਜਾਬ ਵਿਚ ਇਨ੍ਹਾਂ ਦਾ ਤੋਰਾ ਹੁਣ ਘਟਿਆ ਹੈ, ਇਕ ਪੈਸੇ ਦੀਆਂ ਲਗ ਭਗ ੬੪ ਕੌਡਾਂ ਹੁੰਦੀਆਂ ਸਨ। ਯਥਾ-‘ਕਬੀਰ ਕਉਡੀ ਕਉਡੀ ਜੋਰਿ ਕੈ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2434, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕਉਡੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਉਡੀ, (ਸੰਸਕ੍ਰਿਤ : ਕਪਰਦਿਕ; ਪ੍ਰਾਕ੍ਰਿਤ : ਕਵੱਡੀਆ; ਹਿੰਦੀ : ਕੌੜੀ) / ਇਸਤਰੀ ਲਿੰਗ : ੧. ਕੌਡੀ, ਸਮੁੰਦਰ ਦਾ ਇੱਕ ਘੋਗੇ ਵਰਗਾ ਕੀੜਾ; ਇਹ ਇੱਕ ਖੌਲ ਵਿੱਚ ਜੋ ਉਭਰਿਆ ਹੋਇਆ ਤੇ ਚਮਕੀਲਾ ਹੁੰਦਾ ਹੈ ਤੇ ਜਿਸ ਦੇ ਦੋਹਾਂ ਕੰਢਿਆਂ ਤੇ ਦੰਦ ਹੁੰਦੇ ਹਨ ਰਹਿੰਦਾ ਹੈ। ਖੁਲ੍ਹੇ ਮੂੰਹ ਨੂੰ ਲੋੜ ਅਨੁਸਾਰ ਬੰਦ ਕਰਨ ਲਈ ਇਸ ਦੇ ਉਤੇ ਕੋਈ ਢੱਕਣ ਨਹੀਂ ਹੁੰਦਾ; ਇਸ ਦਾ ਸਿਰ ਛੇਕ ਤੋਂ ਬਾਹਰ ਰਹਿੰਦਾ ਹੈ। ਹਿੰਦ ਸਾਗਰ ਵਿੱਚ ਇਹ ਬਹੁਤ ਮਿਲਦਾ ਹੈ। ਰਾਜ ਨਿਘੰਟ ਵਿੱਚ ਇਸ ਦੀਆਂ ਪੰਜ ਕਿਸਮਾਂ ਦਿੱਤੀਆਂ ਹਨ (ੳ) ਸਿੰਘੀ ਸੁਨਹਿਰੀ ਰੰਗ ਦੀ, (ਅ) ਵਿਆਘਰੀ-ਧੁੰਧਲੇ ਰੰਗ ਦੀ, (ੲ) ਮ੍ਰਿਗੀ ਪੀਲੀ ਪਿੱਠ ਤੇ ਚਿੱਟੇ ਪੇਟ ਵਾਲੀ, (ਸ) ਹੰਸੀ-ਬਿਲਕੁਲ ਚਿੱਟੀ, (ਹ) ਵਿੰਦਤਾ ਬਹੁਤ ਵੱਡੀ ਨਹੀਂ ਹੁੰਦੀ। ਛੋਟੀ ਕੌਡੀ ਦੀ ਭਾਰਤ ਤੇ ਚੀਨ ਆਦਿ ਵਿੱਚ ਸਿੱਕੇ ਦੇ ਤੌਰ ਤੇ ਬਹੁਤ ਵਰਤੋਂ ਹੁੰਦੀ ਰਹੀ ਹੈ; ੨. ਅੱਖ ਦਾ ਡੇਲਾ; ੩. ਛਾਤੀ ਦੀ ਹੇਠਲੀ ਵਿਚਕਾਰਲੀ ਛੋਟੀ ਹੱਡੀ ਜਿਥੇ ਸਭ ਨਾਲੋਂ ਹੇਠਲੀਆਂ ਦੋਵੇਂ ਪਸਲੀਆਂ ਜੁੜਦੀਆਂ ਹਨ, ਮਿਹਦੇ ਦਾ ਮੂੰਹ ਫਮ ਮਿਹਦਾ; ੪. ਕਟਾਰ ਦੀ ਨੋਕ ਜਿਵੇਂ ਕੌਡੀ ਦੇ ਆਰਪਾਰ ਹੈ ਕੌਡੀ ਕਟਾਰ ਦੀ; ੫. ਇੱਕ ਖੇਡ ਜਿਸ ਨੂੰ ਕੌਡ ਕਬੱਡੀ ਵੀ ਕਹਿੰਦੇ ਹਨ। ਇਸ ਖੇਡ ਵਿੱਚ ਖਿਡਾਰੀ ਹਾਣੀ ਵੰਡ ਕੇ ਤੇ ਦੋ ਦਾਈਆਂ ਬਣਾ ਕੇ ਦੋਵੇਂ ਪਾਸਿਉਂ ਵਾਰੀ ਵਾਰੀ ਇੱਕ ਦੂਜੇ ਵਲ ਕੌਡੀ ਕੌਡੀ ਕਹਿੰਦੇ ਹੋਏ ਜਾਂਦੇ ਹਨ। ਜਿਹੜਾ ਖਿਡਾਰੀ ਕੌਡੀ ਕੌਡੀ ਕਰਦਾ ਦੂਜੇ ਪਾਸੇ ਜਾਂਦੇ ਹੈ ਉਸ ਦਾ ਸਾਹ ਨਹੀਂ ਟੁਟਣਾ ਚਾਹੀਦਾ। ਉਹ ਜਾ ਕੇ ਕਿਸੇ ਵਿਰੋਧੀ ਧਿਰ ਦੇ ਖਿਡਾਰੀ ਨੂੰ ਛੂਹ ਕੇ ਬਿਨਾ ਸਾਹ ਟੁਟੇ ਵਾਪਸ ਆ ਜਾਂਦਾ ਹੈ। ਜਿਸ ਨੂੰ ਉਹ ਛੂਹਵੇ ਉਹ ਮਰ ਜਾਂਦਾ ਹੈ। ਇਹ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਜੱਫਲ ਜਾਂ ਛੋਟੀ ਕੌਡੀ ਜਿਸ ਵਿੱਚ ਦੂਜੇ ਪਾਸਿਉਂ ਆਏ ਖਿਡਾਰੀ ਨੂੰ ਉਰਾਰ ਦੇ ਆੜੀਆਂ ਵਿਚੋਂ ਕੋਈ ਇੱਕ ਜੱਫੇ ਵਿੱਚ ਲੈ ਕੇ ਸੁੱਟ ਲੈਂਦਾ ਹੈ। ਜੇ ਉਹ ਨਿਕਲ ਨਾ ਸਕੇ ਤੇ ਉਸ ਦਾ ਸਾਹ ਟੁਟ ਜਾਏ ਤਾਂ ਉਹ ਮਰ ਜਾਂਦਾ ਹੈ। ਦੂਸਰੀ ਲੰਮੀ ਜਾਂ ਵੱਡੀ ਕੌਡੀ ਜਿਸ ਵਿੱਚ ਆਪਣੇ ਵਿਰੋਧੀ ਧੜੇ ਦੇ ਕਿਸੇ ਇੱਕ ਆੜੀ ਨੂੰ ਛੂਹ ਕੇ ਵਾਪਸ ਆ ਜਾਣਾ ਹੁੰਦਾ ਹੈ; ੬. ਗੁੰਦੇ ਹੋਏ ਵਾਲਾਂ ਦਾ ਜੂੜਾ; ੭. ਦਾਮ, ਪੈਸਾ
–ਕਉਡੀ ਸੁੱਟਣਾ, ਮੁਹਾਵਰਾ : ਜੂਏ ਵਿੱਚ ਚਾਲਾਂ ਚੱਲਣਾ
–ਕਉਡੀ ਕਉਡੀ, ਇਸਤਰੀ ਲਿੰਗ :ਪਾਈ ਪਾਈ, ਕਿਰਿਆ ਵਿਸ਼ੇਸ਼ਣ : ਪਾਈ ਪਾਈ ਕਰ ਕੇ, ਥੋੜਾ ਥੋੜਾ ਕਰ ਕੇ, ਕਿਰਸ ਨਾਲ
–ਕਉਡੀਂ ਕਉਡੀ ਅਦਾ ਕਰਨਾ, ਮੁਹਾਵਰਾ : ਸਾਰਾ ਕਰਜ਼ਾ ਬੇਬਾਕ ਕਰ ਦੇਣਾ, ਪਾਈ ਪਾਈ ਚੁੱਕਾ ਦੇਣਾ
–ਕਉਡੀ ਕਉਡੀ ਚੁਕਾਉਣਾ, ਮੁਹਾਵਰਾ : ਸਾਰਾ ਕਰਜ਼ਾ ਲਾਹ ਦੇਣਾ
–ਕਉਡੀ ਕਉਡੀ ਜੋੜਨਾ, ਮੁਹਾਵਰਾ : ਥੋੜਾ ਥੋੜਾ ਕਰ ਕੇ ਧਨ ਜੋੜਨਾ, ਥੋੜੀ ਕਮਾਈ ਵਿਚੋਂ ਵੀ ਕੁੱਝ ਜਮ੍ਹਾਂ ਕਰਨਾ
–ਕਉਡੀ ਛਿੱਕੇ ਫਿਰਨਾ, ਮੁਹਾਵਰਾ : ਇੱਕ ਥਾਂ ਟਿਕ ਕੇ ਨਾ ਬਹਿਣਾ, ਏਧਰ ਉਧਰ ਐਵੇਂ ਫਿਰਦੇ ਰਹਿਣਾ, ਘਰੋ ਘਰੀਂ ਫਿਰਨਾ
–ਕਉਡੀ ਜੂੜਾ, ਪੁਲਿੰਗ : ਕੌਡੀ ਵਰਗਾ ਗੁੰਦਿਆ ਜਾ ਬਣਾਇਆ ਜੂੜਾ, ਗੁੰਦੇ ਵਾਲਾਂ ਦਾ ਜੂੜਾ
–ਕਉਡੀ ਤੋਂ ਨਾ ਪੁਛਣਾ, ਕਉਡੀ ਨੂੰ ਨਾ ਪੁੱਛਣਾ, ਮੁਹਾਵਰਾ : ਕੋਈ ਕਦਰ ਨਾ ਹੋਣਾ, ਕੁੱਝ ਵੀ ਮੁੱਲ ਨਾ ਪੈਣਾ, ਕਿਸੇ ਨੇ ਮੁਫ਼ਤ ਵੀ ਨਾ ਲੈਣਾ
–ਕਉਡੀ ਦਾ, ਵਿਸ਼ੇਸ਼ਣ : ਦੋ ਕੌਡੀ ਦਾ, ਤੁੱਛ, ਨਚੀਜ, ਘਟੀਆ ਸਮਾਜਕ ਪੱਧਰ ਦਾ
–ਕਉਡੀ ਦਾ ਨਾ ਹੋਣਾ, ਮੁਹਾਵਰਾ :ਕਿਸੇ ਮੁੱਲ ਜਾਂ ਕੰਮ ਦਾ ਨਾ ਹੋਣਾ; ਨਿਕੰਮਾ ਹੋਣਾ
–ਕਉਡੀ ਦੇ ਤਿੰਨ ਤਿੰਨ ਵਿਕਣਾ, ਮੁਹਾਵਰਾ : ਕੌਡੀ ਦੇ ਭਾ ਵਿਕਣਾ, ਸਸਤੇ ਭਾ ਵਿਕਣਾ, ਬਹੁਤ ਥੋੜੀ ਕੀਮਤ ਪੈਣਾ
–ਕਉਡੀ ਦੇ ਭਾ ਜਾਣਾ ਜਾਂ ਵਿਕਣਾ, ਕੌਡੀ ਦੇ ਭਾ ਜਾਣਾ ਜਾਂ ਵਿਕਣਾ, ਮੁਹਾਵਰਾ : ਬੜਾ ਥੋੜ੍ਹਾ ਮੁੱਲ ਪੈਣਾ
–ਕਉਡੀ ਫੇਰਾ ਕਰਨਾ, ਕਉਡੀ ਫੇਰਾ ਪਾਉਣਾ ਮੁਹਾਵਰਾ : ਘੜੀ ਮੁੜੀ ਆਉਣਾ ਜਾਣਾ, ਨਿੱਕੀ ਨਿੱਕੀ ਗੱਲ ਲਈ ਆਉਣਾ ਜਾਣਾ, ਬਾਰ ਬਾਰ ਆਕੇ ਅੱਗਲੇ ਨੂੰ ਤੰਗ ਕਰਦੇ ਰਹਿਣਾ
–ਕਉਡੀ ਭਰ, ਕਿਰਿਆ ਵਿਸ਼ੇਸ਼ਣ : ਬਹੁਤ ਥੋੜਾ ਜੇਹਾ, ਰਵਾਲ ਭਰ, ਰਤਾ ਕੁ
–ਆਲੇ ਕਉਡੀ ਛਿੱਕੇ ਕਉਡੀ ਕਰਨਾ, ਮੁਹਾਵਰਾ : ਕੋਈ ਚੀਜ਼ ਨਾ ਦੇਣ ਲਈ ਬਹਾਨੇ ਬਣਾਉਣਾ ਜਾਂ ਟਾਲ ਮਟੋਲ ਕਰਨਾ
–ਕਾਣੀ ਕਉਡੀ, ਇਸਤਰੀ ਲਿੰਗ : ਛੇਕਲ ਕੌਡੀ, ਫੁੱਟੀ ਕੌਡੀ, ਉਹ ਕੌਡੀ ਜੋ ਫੁੱਟੀ ਹੋਈ ਹੋਵੇ, ਘੱਟ ਤੋਂ ਘੱਟ ਦਾਮ ਜਿਵੇਂ ਮੈ ਤਾਂ ਕਾਣੀ ਕੌਡੀ ਵੀ ਨਹੀਂ ਦੇਣੀ, ੨. ਨਿਕੰਮੀ ਵਸਤੂ
–ਚਿੱਤੀ ਕਉਡੀ, ਇਸਤਰੀ ਲਿੰਗ : ਉਹ ਕੌਡੀ ਜਿਸ ਦੀ ਪਿੱਠ ਤੇ ਉਭਰੀਆਂ ਹੋਈਆਂ ਗੱਠਾਂ ਹੋਣ। ਜੂਏ ਵਿੱਚ ਇਸ ਦੀ ਵਰਤੋਂ ਹੁੰਦੀ ਹੈ
–ਛੇਕਲ ਕਉਡੀ, ਇਸਤਰੀ ਲਿੰਗ : ਛੇਕਲ ਕੌਡੀ, ਕੌਡੀ ਜਿਸ ਦੀ ਪਿੱਠ ਦਾ ਕੁਝ ਹਿੱਸਾ ਉਤੋਂ ਲੱਥਾ ਹੁੰਦਾ ਹੈ
–ਦੋ ਕਉਡੀ ਦਾ, ਵਿਸ਼ੇਸ਼ਣ : ਤੁੱਛ, ਨਚੀਜ, ਘਟੀਆ ਸਮਾਜਕ ਪੱਧਰ ਦਾ
–ਫੁੱਟੀ ਕਉਡੀ, ਇਸਤਰੀ ਲਿੰਗ : ੧. ਕਾਣੀ ਕੌਡੀ; ੨. ਨਿਕੰਮੀ ਵਸਤੂ; ਘਟ ਤੋਂ ਘੱਟ ਦਾਮ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 618, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-29-11-11-16, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First