ਕਕਾਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਕਾਰ [ਨਾਂਪੁ] ਸਿੱਖ ਰਹਿਤ-ਮਰਯਾਦਾ ਦੇ ਪੰਜ ਪ੍ਰਤੀਕ (ਕੱਛਾ, ਕੰਘਾ , ਕੜਾ , ਕੇਸ ਤੇ ਕਿਰਪਾਨ), ਪੰਜ ਕੱਕੇ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4513, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਕਾਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਕਾਰ. ਦੇਖੋ, ਕਕਾ, ਕੱਕਾ ਅਤੇ ਤ੍ਰੈ ਮੁਦ੍ਰਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4437, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਕਾਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਕਕਾਰ: ਸਿੰਘ ਜਾਂ ਖ਼ਾਲਸੇ ਦੇ ਉਹ ਪੰਜ ਚਿੰਨ੍ਹ ਜਿਨ੍ਹਾਂ ਦੇ ਨਾਂਵਾਂ ਦੇ ਆਰੰਭ ਵਿਚ ‘ਕ’ ਅੱਖਰ ਹੋਵੇ, ਜਿਵੇਂ ਕੇਸ , ਕੜਾ , ਕ੍ਰਿਪਾਨ, ਕੱਛ ਅਤੇ ਕੰਘਾ। ਵੇਖੋ ‘ਪੰਜ ਕਕਾਰ ’।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4387, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਕਕਾਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਕਕਾਰ : ਸਿੱਖ ਧਰਮ ਵਿਚ ਜਦੋਂ ਕੋਈ ਬੱਚਾ ਜਨਮਦਾ ਹੈ ਤਾਂ ਉਸਦਾ ਪਹਿਲਾ ਸੰਸਕਾਰ ਨਾਮ ਰੱਖਣ ਦਾ ਹੈ ਅਤੇ ਜਦੋਂ ਬੱਚਾ ਜੁਆਨੀ ਵਿਚ ਪੈਰ ਰਖਦਾ ਹੈ ਤਾਂ ਉਸਨੂੰ ਅੰਮ੍ਰਿਤ ਛਕਾਉਣ ਦਾ ਦੂਜਾ ਸੰਸਕਾਰ ਹੈ। ਸਿੱਖ ਧਰਮ ਵਿਚ ਇਸ ਸੰਸਕਾਰ ਦੀ ਬਹੁਤ ਮਹੱਤਤਾ ਹੈ।

          ਅੰਮ੍ਰਿਤ ਛਕਾਉਣ ਸਮੇਂ ਅੰਮ੍ਰਿਤ ਛਕਣ ਵਾਲੇ ਸਿੰਘ ਨੂੰ ਰਹਿਤ ਬਹਿਤ ਸਬੰਧੀ ਜੋ ਸਿੱਖਿਆ ਦਿਤੀ ਜਾਂਦੀ ਹੈ ਉਸ ਵਿਚ ਪੰਜ ਕਕਾਰ ਹਮੇਸ਼ਾ ਧਾਰਨ ਕਰਨ ਲਈ ਉਸਨੂੰ ਕਿਹਾ ਜਾਂਦਾ ਹੈ ਅਤੇ ਇਨ੍ਹਾਂ ਕਕਾਰਾਂ ਦੀ ਮਹੱਤਤਾ ਵੀ ਦੱਸੀ ਜਾਂਦੀ ਹੈ। ਪੰਜ ਕਕਾਰ ਕੇਸ, ਕੰਘਾ, ਕ੍ਰਿਪਾਨ, ਕੜਾ ਅਤੇ ਕਛਹਿਰਾ ਹਨ। ਇਹ ਕੋਈ ਚਿੰਨ੍ਹ ਜਾਂ ਨਿਸ਼ਾਨੀ ਨਹੀਂ ਸਗੋਂ ਇਕ ਸ਼ਸਤਰ-ਧਾਰੀ ਤਿਆਰ-ਬਰ-ਤਿਆਰ ਖ਼ਾਲਸਾ ਫ਼ੌਜ ਹੈ।

          ਬਿਨਾਂ ਕੇਸ ਕ੍ਰਿਪਾਨ ਨਰੰ ਭੇਡ ਜਾਨੋ।

          ਪਕੜ ਤਾਹਿੰ ਕਾਨਹੁ ਕਿਤੈ ਲੈ ਸਿਧਾਨੋ ।। (ਪਾ: 10)

          ਪਹਿਲੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਤਕ ਨੌ ਗੁਰੂ ਸਾਹਿਬਾਨ ਨੇ ਵੀ ਆਪ ਕੇਸ ਰੱਖੇ ਹੋਏ ਸਨ ਅਤੇ ਉਨ੍ਹਾਂ ਆਪਣੇ ਸਿੱਖਾਂ ਨੂੰ ਵੀ ਕੇਸ ਰਖਣ ਦਾ ਉਪਦੇਸ਼ ਦਿਤਾ। ਦਸਵੇਂ ਗੁਰੂ ਸਾਹਿਬ ਦਾ ਮਿਸ਼ਨ ਰਾਜ-ਯੋਗ ਦਾ ਸੀ। ਇਸ ਲਈ ਗੁਰੂ ਜੀ ਨੇ ਸਿੱਖਾਂ ਨੂੰ ਅੰਮ੍ਰਿਤ ਛਕਾਉਣ ਸਮੇਂ ਇਹ ਹੁਕਮ ਦਿਤਾ ਕਿ ਅੱਗੇਂ ਤੋਂ ਪੰਜਾਂ ਬਾਣੀਆਂ ਦਾ ਪਾਠ ਸਵੇਰੇ ਸ਼ਾਮ ਜ਼ਰੂਰ ਕਰਨਾ ਅਤੇ ਮਜ਼ਲੂਮਾਂ ਤੇ ਗਊ ਗਰੀਬ ਅਤੇ ਸੱਚ ਦੀ ਰੱਖਿਆ ਲਈ ਜੂਝ ਮਰਨਾ ਹੀ ਖ਼ਾਲਸੇ ਦਾ ਅਸਲੀ ਧਰਮ ਹੋਵੇਗਾ। ਨਾਮ ਦਾ ਅਭਿਆਸ ਵੀ ਜ਼ਰੂਰੀ ਹੈ ਅਤੇ ‘ਸੰਤ ਉਬਾਰਣ ਦੁਸ਼ਣ ਸੰਘਾਰਣ’ ਲਈ ਪੰਜਾਂ ਕਕਾਰਾਂ ਦੀ ਵੀ ਲੋੜ ਹੈ। ਕਿਉਂਕਿ ਉਸ ਸਮੇਂ ਮੁਸਲਮਾਨ ਜਰਵਾਣਿਆਂ ਦਾ ਰਾਜ ਸੀ, ਉਹ ਧੱਕੇ ਨਾਲ ਹਿੰਦੂਆਂ ਨੂੰ ਮੁਸਲਮਾਨ ਬਣਾਉਂਦੇ ਸਨ ਜਿਸ ਲਈ ਗੁਰੂ ਜੀ ਨੇ ਹਿੰਦੂਆ ਵਿਚੋਂ ਹੀ ਵੱਖਰਾ ਸਰੂਪ ਦੇ ਕੇ ਅਜਿਹੀ ਫ਼ੌਜ ਦੀ ਨੀਂਹ ਰੱਖ ਦਿਤੀ ਜਿਹੜੀ ਕਿ ਆਪਣੇ ਸਰੂਪ ਨੂੰ ਛੁਪਾ ਨਹੀਂ ਸਕਦੀ ਸੀ। ਇਸ ਨਾਲ ਸਿੰਘਾ ਵਿਚ ਮੁਸਲਮਾਨਾਂ ਦਾ ਟਾਕਰਾ ਕਰਨ ਦਾ ਹੌਸਲਾ ਵਧਿਆ। ਜਿਵੇਂ ਕਿ ਸਿੱਖ ਇਤਿਹਾਸ ਗਵਾਹ ਹੈ ਕਿ ਭਾਈ ਤਾਰੂ ਸਿੰਘ ਦੀ ਖੋਪਰੀ ਤਾਂ ਮੁਸਲਮਾਣਾਂ ਨੇ ਉਤਾਰ ਦਿਤੀ ਪਰੰਤੂ ਉਸਨੇ ਆਪਣੇ ਕੇਸ ਕਟਵਾਉਣ ਤੋਂ ਸਾਫ਼ ਇਨਕਾਰ ਕੀਤਾ। ਇਨ੍ਹਾਂ ਕਕਾਰਾਂ ਦੇ ਧਾਰਨ ਕਰਨ ਨਾਲ ਸਿੰਘਾਂ ਦੇ ਹੌਸਲੇ ਬਹੁਤ ਵਧੇ। ਪੰਜ ਕਕਾਰਾਂ ਦੇ ਧਾਰਨ ਕਰਨ ਨਾਲ ਸਿੰਘਾਂ ਦੇ ਹੌਸਲੇ ਬਹੁਤ ਵਧੇ। ਪੰਜ ਕਕਾਰ ਖ਼ਾਲਸਾ ਰਹਿਤ ਹੈ ਅਤੇ ਖ਼ਾਲਸੇ ਦੀ ਸਦੀਵੀ ਵਰਦੀ ਹੈ।

ਗੁਰੂ ਜੀ ਦਾ ਫ਼ੁਰਮਾਨ ਹੈ :––

          ‘ਨਿਸ਼ਾਨੇ ਸਿੱਖੀ ਈਂ ਪੰਜ ਕਾਫ਼ । ।

          ਹਰਗਿਜ਼ ਨਾ ਬਾਸ਼ਦ ਪੰਜ ਮੁਆਫ਼ । ।

          ਕੜਾ, ਕਾਰਦੋ, ਕੱਛ, ਕੰਘਾ ਬਿਦਾਂ । ।

          ਬਿਲਾ ਕੇਸ ਹੇਚ ਅਸਤ ਜੁਮਲਾ ਨਿਸ਼ਾਂ । ।

          ਧਰਮ ਦੀਆਂ ਜੜ੍ਹਾਂ ਨਾਲ ਸਿਮਰਨ ਵਿਚ ਹਨ। ਸੱਚ ਅਤੇ ਗ਼ਰੀਬ ਦੀ ਰੱਖਿਆ ਲਈ ਕ੍ਰਿਪਾਨ ਹੈ। ਕ੍ਰਿਪਾਨ ਅਤੇ ਕੜਾ ਇਕ ਸਿੱਖ ਸਿਪਾਹੀ ਲਈ ਮੌਤ ਵਰਨ ਦਾ ਗਾਨਾ ਹੈ। ਕਛਹਿਰਾ ਜਤ ਸਤ ਦਾ ਪ੍ਰਤੀਕ ਹੈ। ਕੰਘਾ ਕੇਸਾਂ ਨੂੰ ਸਾਫ਼ ਕਰਨ ਲਈ ਜ਼ਰੂਰੀ ਹੈ। ਕੰਘਾ ਅਤੇ ਕੇਸਾਂ ਲਈ ਗੁਰੂ ਜੀ ਦਾ ਹੁਕਮ ਹੈ :––

          ਕੰਘਾ ਦੋਨੋ ਵਕਤ ਕਰ

          ਪਾਠ ਚੁਨੇ ਕਰ ਬਾਂਧਈ

(ਖ਼ਾਲਸਾ ਰਹਿਤਨਾਮਾ)

          ਕੇਸਾਂ ਦੀ ਸੰਭਾਲ ਲਈ ਕੰਘਾ ਕਰਨਾ ਅਤੇ ਪੱਗ ਬੰਨ੍ਹਣੀ ਜ਼ਰੂਰੀ ਹੈ। ਇਸ ਤਰ੍ਹਾਂ ਇਹ ਪੰਜੇ ਕਕਾਰ ਹਰ ਇਕ ਸਿੰਘ ਲਈ ਜ਼ਰੂਰੀ ਹਨ। ਇਨ੍ਹਾਂ ਨੂੰ ਨਾ ਧਾਰਨ ਕਰਨ ਵਾਲਾ ਸਿੰਘ ਪਤਿਤ ਹੋ ਜਾਂਦਾ ਹੈ ਅਤੇ ਖ਼ਾਲਸਾ ਰਹਿਤ ਅਨੁਸਾਰ ਦੰਢ ਦਾ ਭਾਗੀ ਹੋ ਜਾਂਦਾ ਹੈ।

          ਹ. ਪੁ.––ਗੁਰਮਤ ਫ਼ਿਲਾਸਫ਼ੀ-ਗਿਆਨੀ ਪ੍ਰਤਾਪ ਸਿੰਘ, ਪੰਨਾ 484 ਤੋਂ 487; ਕਕਾਰ ਫ਼ਿਲਾਸਫ਼ੀ-ਗਿਆਨੀ ਲਾਲ ਸਿੰਘ, ਪੰਨਾ 265 ਤੋਂ 273


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3811, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-17, ਹਵਾਲੇ/ਟਿੱਪਣੀਆਂ: no

ਕਕਾਰ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਕਕਾਰ :        ਸਿੱਖ ਰਹਿਤ ਮਰਿਆਦਾ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਖ਼ਸ਼ੇ ਉਹ ਚਿੰਨ੍ਹ ਜਾਂ ਨਿਸ਼ਾਨ ਜਿਨ੍ਹਾਂ ਦੇ ਮੁੱਢ ਵਿਚ ਕੱਕਾ ਹੋਵੇ ਉਨ੍ਹਾਂ ਨੂੰ ਕਕਾਰ ਕਿਹਾ ਜਾਂਦਾ ਹੈ। ਸਿੱਖ ਧਰਮ ਵਿਚ ਪੰਜ ਕਕਾਰ ਮੰਨੇ ਜਾਂਦੇ ਹਨ ਕੰਘਾ, ਕੇਸ, ਕ੍ਰਿਪਾਨ, ਕੜਾ, ਕਛਹਿਰਾ। ਅੰਮ੍ਰਿਤ ਛਕਾਉਣ ਸਮੇਂ ਅੰਮ੍ਰਿਤ ਛਕਣ ਵਾਲੇ ਸਿੰਘ ਨੂੰ ਰਹਿਤ ਸਬੰਧੀ ਜੋ ਸਿੱਖਿਆ ਦਿੱਤੀ ਜਾਂਦੀ ਹੈ ਉਸ ਵਿਚ ਹੋਰ ਗੱਲਾਂ ਦੇ ਨਾਲ ਪੰਜ ਕਕਾਰ ਧਾਰਨ ਕਰਨ ਲਈ ਵੀ ਕਿਹਾ ਜਾਂਦਾ ਹੈ। ਇਨ੍ਹਾਂ ਪੰਜਾਂ ਨੂੰ ਸੁਭਾਵਕ ਹੀ ਪਹਿਲਾ ਅੱਖਰ ਕੱਕਾ (ਕ) ਲੱਗਣ ਕਰਕੇ ਇਨ੍ਹਾਂ ਦਾ ਨਾਮ ਕਕਾਰ ਪੈ ਗਿਆ ਉਂਜ ਕੱਕੇ ਅੱਖਰ ਨਾਲ ਇਸਦਾ ਕੋਈ ਸਬੰਧ ਨਹੀਂ ਹੈ ਜਿਵੇਂ ਕੁਰਹਿਤ ਸ਼ਬਦ ਰਹਿਤ ਦੇ ਮੁਕਾਬਲੇ ਦਾ ਹੈ ਭਾਵ ਕੱਕੇ ਅੱਖਰ ਦਾ ਵਾਚਯ ਨਹੀਂ ਹੈ।

         ਪੰਜ ਕਕਾਰ ਖ਼ਾਲਸਾ ਰਹਿਤ ਹੈ ਅਤੇ ਖ਼ਾਲਸੇ ਦੀ ਸਦੀਵੀ ਵਰਦੀ ਹੈ :–

          'ਨਿਸ਼ਾਨੇ ਸਿੱਖੀ ਈਂ ਪੰਜ ਕਾਫ਼।

           ਹਰਗਿਜ਼ ਨਾ ਬਾਸ਼ਦ ਪੰਜ ਮੁਆਫ਼।

           ਕੜਾ, ਕਾਰਦੋ, ਕੱਛ, ਕੰਘਾ, ਬਿਦਾਂ।

           ਬਿਲਾ ਕੇਸ ਹੇਚ ਅਸਤ ਜੁਮਲਾ ਨਿਸ਼ਾਂ।'

            ਸੱਚ ਅਤੇ ਮਜ਼ਲੂਮਾਂ ਦੀ ਰੱਖਿਆ ਲਈ ਕ੍ਰਿਪਾਨ ਹੈ। ਕ੍ਰਿਪਾਨ ਅਤੇ ਕੜਾ ਸਿੱਖ ਸਿਪਾਹੀ ਲਈ ਮੌਤ ਵਰਨ ਦਾ ਗਾਨਾ ਹੈ। ਕਛਹਿਰਾ ਜਤ ਸਤ ਦਾ ਪ੍ਰਤੀਕ ਹੈ। ਕੰਘਾ ਕੇਸਾਂ ਨੂੰ ਸਾਫ਼ ਰੱਖਣ ਦਾ ਸਾਧਨ ਹੈ। ਕੰਘੇ ਤੇ ਕੇਸਾਂ ਲਈ ਗੁਰੂ ਜੀ ਦਾ ਹੁਕਮ ਹੈ : –

          ਕੰਘਾ ਦੋਨੋ ਵਕਤ ਕਰ

          ਪਾਗ ਚੁਨੈ ਕਰ ਬਾਂਧਈ।

       ਕੇਸਾਂ ਦੀ ਸੰਭਾਲ ਲਈ ਕੰਘਾ ਕਰਨਾ ਅਤੇ ਪੱਗ ਬੰਨ੍ਹਣੀ ਜ਼ਰੂਰੀ ਹੈ। ਇਸ ਤਰ੍ਹਾਂ ਹਰ ਸਿੱਖ ਲਈ ਪੰਜ ਕਕਾਰਾਂ ਦਾ ਧਾਰਨੀ ਹੋਣਾ ਜ਼ਰੂਰੀ ਹੈ। ਭਾਈ ਸੁੱਖਾ ਸਿੰਘ ਕ੍ਰਿਤ ਗੁਰ ਬਿਲਾਸ ਪਾਤਸ਼ਾਹੀਦਸਵੀਂ ਵਿਚ ਲਿਖਿਆ ਹੈ :–

      ਬਿਨਾ ਸ਼ਸਤ੍ਰ ਕੇਸੰ ਨਰੰ ਭੇਡ ਜਾਨੋ।

      ਗਹੈ ਕਾਨ ਤਾ ਕੋ ਕਿਤੈ ਲੈ ਸਿਧਾਨੋ।

      ਹਰ ਧਰਮ ਦੇ ਕੁਝ ਬੁਨਿਆਦੀ ਅਸੂਲ ਜਾਂ ਚਿੰਨ੍ਹ ਹੁੰਦੇ ਹਨ ਜਿਨ੍ਹਾਂ ਉਪਰ ਉਹ ਅਧਾਰਿਤ ਹੁੰਦਾ ਹੈ ਜਿਵੇਂ ਇਸਲਾਮ ਧਰਮ ਵਿਚ ਸ਼ਰ੍ਹਾ ਦੇ ਮੁਤਾਬਿਕ ਸੁੰਨਤ ਕਰਾਉਣਾ, ਮੁੱਛਾਂ ਦਾੜ੍ਹੀ ਕਟਾਉਣਾ ਆਦਿ ਉਪਰ ਵਿਸ਼ਵਾਸ ਕੀਤਾ ਜਾਂਦਾ ਹੈ ਅਤੇ ਹਿੰਦੂਆਂ ਨੂੰ ਜਨੇਊ ਪਾਉਣਾ ਲਾਜ਼ਮੀ ਦੱਸਿਆ ਹੈ ਉਸੇ ਤਰ੍ਹਾਂ ਹੀ ਸਿੱਖ ਧਰਮ ਵਿਚ ਪੰਜ ਕਕਾਰ ਮੰਨੇ ਜਾਂਦੇ ਹਨ।

        ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਔਰੰਗਜ਼ੇਬ ਦਾ ਜ਼ਬਰ ਜ਼ੁਲਮ ਹਿੰਦੂਆਂ ਉਪਰ ਹੋਰ ਵਧ ਗਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਸ਼ਸਤਰਧਾਰੀ ਤਿਆਰ-ਬਰ-ਤਿਆਰ ਖ਼ਾਲਸਾ ਫ਼ੌਜ ਤਿਆਰ ਕੀਤੀ ਅਤੇ ਇਸ ਨੂੰ ਬਾਕੀਆਂ ਨਾਲੋਂ ਵਖਰਾ ਕਰਨ ਲਈ ਨਵੇਂ ਚਿੰਨ੍ਹ ਪ੍ਰਦਾਨ ਕੀਤੇ ਤਾਂ ਜੋ ਖ਼ਾਲਸਾ ਹਜ਼ਾਰਾਂ ਲੱਖਾਂ ਵਿਚੋਂ ਪਛਾਣਿਆ ਜਾਵੇ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਵਖਰਾ ਸਰੂਪ ਦੇ ਕੇ ਅਜਿਹੀ ਫ਼ੌਜ ਦੀ ਨੀਂਹ ਰਖੀ ਜਿਹੜੀ ਆਪਣੇ ਸਰੂਪ ਨੂੰ ਛੁਪਾ ਨਹੀਂ ਸੀ ਸਕਦੀ।

     ਗੁਰੂ ਗੋਬਿੰਦ ਸਿੰਘ ਜੀ ਦਾ ਉਦੇਸ਼ ਰਾਜ-ਯੋਗ ਸੀ। ਇਸੇ ਉਦੇਸ਼ ਨੂੰ ਸਾਹਮਣੇ ਰਖਦੇ ਹੋਏ ਉਨ੍ਹਾਂ ਨੇ 1699 ਈ. ਵਿਚ ਵਿਸਾਖੀ ਵਾਲੇ ਦਿਨ ਪੰਜ ਪਿਆਰਿਆਂ ਦੀ ਸਾਜਨਾ ਕੀਤੀ। ਅੰਮ੍ਰਿਤ ਤਿਆਰ ਕਰਕੇ ਪਹਿਲਾਂ ਉਨ੍ਹਾਂ ਨੂੰ ਛਕਾਇਆ,ਫਿਰ ਉਨ੍ਹਾਂ ਕੋਲੋਂ ਆਪ ਛਕਿਆ। ਉਸੇ ਦਿਨ ਹੀ ਸਿੱਖਾਂ ਨੂੰ ਪੰਜ ਕਕਾਰ ਬਖਸ਼ੇ। ਅੰਮ੍ਰਿਤ ਛਕਾਉਣ ਸਮੇਂ ਗੁਰੂ ਸਾਹਿਬ ਨੇ ਇਹ ਹੁਕਮ ਦਿੱਤਾ ਕਿ ਭਵਿੱਖ ਵਿਚ ਪੰਜ ਬਾਣੀਆਂ ਦਾ ਪਾਠ,ਪੰਜ ਕਕਾਰਾਂ ਦੀ ਰੀਤ, ਚਾਰ ਕੁਰਹਿਤਾਂ ਤੋਂ ਬਚਾਅ ਅਤੇ ਨਿਮਾਣੇ ਗ਼ਰੀਬ ਲੋਕਾਂ ਦੀ ਰੱਖਿਆ ਲਈ ਜਾਨ ਵਾਰਨਾ ਹੀ ਖ਼ਾਲਸੇ ਦਾ ਅਸਲੀ ਧਰਮ ਹੋਵੇਗਾ। ਨਾਮ ਦਾ ਅਭਿਆਸ ਵੀ ਜ਼ਰੂਰੀ ਹੈ ਅਤੇ 'ਸੰਤ ਉਬਾਰਣ ਦੁਸ਼ਟ ਸੰਘਾਰਨ' ਲਈ ਪੰਜਾਂ ਕਕਾਰਾਂ ਦੀ ਵੀ ਲੋੜ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3169, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-19-02-51-53, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਵਿ. ਕੋ. ; ਮ. ਕੋ. ਕਕਾਰ ਫਿਲਾਸਫੀ-ਗਿਆਨੀ ਲਾਲ ਸਿੰਘ

ਕਕਾਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਕਾਰ , ਪੁਲਿੰਗ : ਹਿੰਦੀ ਵਰਣਮਾਲਾ (ਕ ਤੋਂ ਹ ਤੱਕ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1179, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-09-02-56-20, ਹਵਾਲੇ/ਟਿੱਪਣੀਆਂ:

ਕਕਾਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਕਾਰ, ਪੁਲਿੰਗ : ਸਿੱਖ ਰਹਿਤ ਮਰਿਯਾਦਾ ਵਿੱਚ ਕੰਘਾ, ਕੱਛ, ਕੜਾ, ਕਿਰਪਾਨ ਤੇ ਕੇਸ, ਪੰਜ ਕੱਕੇ 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1179, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-09-02-56-35, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.