ਕਰਤਾਰ ਸਿੰਘ ਸਰਾਭਾ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰਤਾਰ ਸਿੰਘ ਸਰਾਭਾ (1896-1915): ਇਕ ਗ਼ਦਰ ਇਨਕਲਾਬੀ ਸੀ। ਇਸ ਦਾ ਜਨਮ ਪੰਜਾਬ ਦੇ ਲੁਧਿਆਣੇ ਜ਼ਿਲੇ ਵਿਚ ਸਰਾਭਾ ਪਿੰਡ ਵਿਖੇ 1896 ਨੂੰ ਹੋਇਆ। ਇਹ ਇਕ ਰੱਜੇ-ਪੁੱਜੇ ਕਿਸਾਨ ਮੰਗਲ ਸਿੰਘ ਦਾ ਇਕਲੌਤਾ ਪੁੱਤਰ ਸੀ। ਆਪਣੇ ਪਿੰਡ ਤੋਂ ਪ੍ਰਾਇਮਰੀ ਸਿੱਖਿਆ ਲੈਣ ਤੋਂ ਬਾਅਦ ਕਰਤਾਰ ਸਿੰਘ ਨੇ ਦਸਵੀਂ ਕਰਨ ਲਈ ਲੁਧਿਆਣਾ ਦੇ ਮਾਲਵਾ ਖ਼ਾਲਸਾ ਹਾਈ ਸਕੂਲ ਵਿਖੇ ਦਾਖ਼ਲਾ ਲੈ ਲਿਆ। ਇਹ ਦਸਵੀਂ ਕਲਾਸ ਵਿਚ ਸੀ ਜਦੋਂ ਇਹ ਆਪਣੇ ਚਾਚੇ ਕੋਲ ਉੜੀਸਾ ਰਹਿਣ ਚੱਲਾ ਗਿਆ ਸੀ। ਉੱਥੇ ਹਾਈ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇਸ ਨੇ ਕਾਲਜ ਵਿਚ ਦਾਖ਼ਲਾ ਲੈ ਲਿਆ। 1912 ਵਿਚ ਜਦੋਂ ਇਹ ਕੇਵਲ ਸੋਲ੍ਹਾਂ ਸਾਲ ਦਾ ਸੀ ਤਾਂ ਸਾਨਫ਼ਰਾਂਸਿਸਕੋ, ਕੈਲੀਫ਼ੋਰਨੀਆ (ਯੂ.ਐਸ.ਏ.) ਚੱਲਾ ਗਿਆ ਅਤੇ ਰਸਾਇਣ (ਕੈਮਿਸਟਰੀ) ਦੀ ਡਿਗਰੀ ਹਾਸਲ ਕਰਨ ਲਈ ਬਰਕਲੇ ਵਿਖੇ ਯੂਨੀਵਰਸਿਟੀ ਆਫ਼ ਕੈਲੀਫ਼ੋਰਨੀਆ ਵਿਚ ਦਾਖ਼ਲ ਹੋ ਗਿਆ। ਬਰਕਲੇ ਦੇ ਨਾਲੰਦਾ ਕਲੱਬ ਵਿਖੇ ਭਾਰਤੀ ਵਿਦਿਆਰਥੀਆਂ ਨਾਲ ਮਿੱਤਰਤਾ ਨੇ ਇਸ ਦੇ ਮਨ ਵਿਚ ਦੇਸ-ਭਗਤੀ ਦੀ ਭਾਵਨਾ ਜਾਗ੍ਰਿਤ ਕੀਤੀ ਅਤੇ ਅਮਰੀਕਾ ਵਿਚ ਆਉਣ ਵਾਲੇ ਪ੍ਰਵਾਸੀ ਭਾਰਤੀਆਂ, ਵਿਸ਼ੇਸ਼ ਤੌਰ ਤੇ ਹੱਥੀਂ ਕੰਮ ਕਰਨ ਵਾਲੇ ਮਜ਼ਦੂਰਾਂ ਨਾਲ ਹੁੰਦਾ ਸਲੂਕ ਵੇਖ ਕੇ ਇਹ ਬਹੁਤ ਉਤੇਜਿਤ ਹੋਇਆ। 1913 ਦੇ ਅੱਧ ਵਿਚ ਜਦੋਂ ਗ਼ਦਰ ਪਾਰਟੀ ਦੀ ਸਥਾਪਨਾ ਹੋਈ ਤਾਂ ਅੰਮ੍ਰਿਤਸਰ ਜ਼ਿਲੇ ਵਿਚਲੇ ਭਕਨਾ ਪਿੰਡ ਦੇ ਇਕ ਕਿਸਾਨ ਸੋਹਣ ਸਿੰਘ ਇਸ ਦੇ ਪ੍ਰਧਾਨ ਅਤੇ ਹਰਦਿਆਲ ਇਸ ਦੇ ਸਕੱਤਰ ਬਣੇ ਸਨ। ਇਸ ਸਮੇਂ ਕਰਤਾਰ ਸਿੰਘ ਨੇ ਯੂਨੀਵਰਸਿਟੀ ਦੀ ਪੜ੍ਹਾਈ ਅੱਧ- ਵਿਚਕਾਰ ਹੀ ਛੱਡ ਦਿੱਤੀ ਅਤੇ ਹਰਦਿਆਲ ਨਾਲ ਰਲ ਗਿਆ ਅਤੇ ਇਕ ਇਨਕਲਾਬੀ ਅਖ਼ਬਾਰ ਗ਼ਦਰ ਚਲਾਉਣ ਵਿਚ ਉਹਨਾਂ ਦਾ ਸਹਿਯੋਗ ਕਰਨ ਲੱਗਿਆ। ਇਸ ਨੇ ਅਖ਼ਬਾਰ ਦੇ ਗੁਰਮੁਖੀ ਸੰਸਕਰਨ ਦੀ ਛਪਾਈ ਦੀ ਜ਼ੁੰਮੇਵਾਰੀ ਲੈ ਲਈ। ਇਹ ਇਸ ਅਖ਼ਬਾਰ ਲਈ ਦੇਸ-ਭਗਤੀ ਦੀਆਂ ਕਵਿਤਾਵਾਂ ਅਤੇ ਲੇਖ ਲਿਖਦਾ ਸੀ। ਇਹ ਅਤੇ ਦੂਜੇ ਗ਼ਦਰ ਨੇਤਾ ਸਿੱਖ ਕਿਸਾਨਾਂ ਕੋਲ ਜਾਂਦੇ ਅਤੇ ਉਨ੍ਹਾਂ ਨਾਲ ਮੀਟਿੰਗਾਂ ਕਰਦੇ ਅਤੇ ਭਾਸ਼ਣ ਕਰਕੇ ਉਨਾਂ ਨੂੰ ਅੰਗਰੇਜ਼ਾਂ ਖ਼ਿਲਾਫ਼ ਸਾਂਝੀ ਕਾਰਵਾਈ ਲਈ ਪ੍ਰੇਰਿਤ ਕਰਦੇ। 31 ਅਕਤੂਬਰ 1913 ਨੂੰ ਸੈਕਰਾਮੈਂਟੋ, ਕੈਲੀਫ਼ੋਰਨੀਆ ਵਿਚ ਇਕ ਮੀਟਿੰਗ ਵਿਚ ਉਹ ਕੁੱਦ ਕੇ ਮੰਚ ਤੇ ਜਾ ਚੜ੍ਹੇ ਅਤੇ ਗਾਉਣਾ ਸ਼ੁਰੂ ਕਰ ਦਿੱਤਾ: “ਚੱਲੋ ਚੱਲੀਏ ਦੇਸ ਨੂੰ ਯੁੱਧ ਕਰਨ, ਏਹੋ ਆਖ਼ਰੀ ਵਚਨ ਤੇ ਫ਼ਰਮਾਨ ਹੋ ਗਏ।” ਕਰਤਾਰ ਸਿੰਘ ਆਪਣੀ ਇਸ ਪੁਕਾਰ ਦਾ ਅਨੁਕਰਨ ਵਾਲਿਆਂ ਵਿਚੋਂ ਸਭ ਤੋਂ ਅੱਗੇ ਸੀ। ਜਿਉਂ ਹੀ ਪਹਿਲੀ ਸੰਸਾਰ ਜੰਗ ਸ਼ੁਰੂ ਹੋਈ ਤਾਂ ਗ਼ਦਰ ਪਾਰਟੀ ਦੇ ਮੈਂਬਰਾਂ ਨੂੰ ਭਾਰਤ ਪਰਤਣ ਅਤੇ ਅੰਗਰੇਜ਼ਾਂ ਖ਼ਿਲਾਫ਼ ਹਥਿਆਰਬੰਦ ਵਿਦਰੋਹ ਕਰਨ ਲਈ ਖੁੱਲ੍ਹੇ-ਆਮ ਕਿਹਾ ਗਿਆ। ਕਰਤਾਰ ਸਿੰਘ ਭਾਰਤ ਆਉਣ ਵਾਲੇ ਸਿੱਖਾਂ ਦੇ ਮੁੱਖ ਜਥੇ ਤੋਂ ਲਗ-ਪਗ ਇਕ ਮਹੀਨਾ ਪਹਿਲਾਂ, ਭਾਵ 15 ਸਤੰਬਰ 1914 ਨੂੰ ਅਮਰੀਕਾ ਤੋਂ ਚੱਲ ਪਿਆ ਸੀ। ਇਹ ਕੋਲੰਬੋ ਦੇ ਰਸਤੇ ਭਾਰਤ ਪੁੱਜਾ ਅਤੇ ਗ਼ਦਰ ਪਾਰਟੀ ਦੇ ਸਾਨਫ਼ਰਾਂਸਿਸਕੋ ਵਿਚਲੇ ਯੁਗਾਂਤਰ ਆਸ਼ਰਮ ਦੇ ਮਾਡਲ ਵਰਗਾ ਇਕ ਕੇਂਦਰ ਆਪਣੇ ਪਿੰਡ ਵਿਚ ਸਥਾਪਿਤ ਕਰਨ ਵਿਚ ਸਫ਼ਲ ਹੋ ਗਿਆ। ਜਦੋਂ ਭਾਈ ਪਰਮਾਨੰਦ ਲਹਿਰ ਦੀ ਅਗਵਾਈ ਕਰਨ ਦਸੰਬਰ 1914 ਨੂੰ ਭਾਰਤ ਪਹੁੰਚੇ ਤਾਂ ਉਦੋਂ ਤਕ ਕਰਤਾਰ ਸਿੰਘ ਲੁਧਿਆਣਾ ਜ਼ਿਲੇ ਵਿਚ ਆਪਣਾ ਪ੍ਰਭਾਵ ਕਾਇਮ ਕਰ ਚੁੱਕਾ ਸੀ। ਇਸ ਸੰਬੰਧ ਵਿਚ ਇਹ ਹਥਿਆਰ ਲੈਣ ਬੰਗਾਲ ਗਿਆ ਅਤੇ ਵਿਸ਼ਣੂ ਗਨੇਸ਼ ਪਿੰਗਲੇ, ਸਚਿੰਦਰ ਨਾਥ ਸਾਨਯਾਲ ਅਤੇ ਰਾਸ਼ ਬਿਹਾਰੀ ਬੋਸ ਵਰਗੇ ਕ੍ਰਾਂਤੀਕਾਰੀਆਂ ਨਾਲ ਸੰਬੰਧ ਸਥਾਪਿਤ ਕੀਤੇ। ਕਰਤਾਰ ਸਿੰਘ ਨੇ ਪਿੰਗਲੇ ਨਾਲ ਮੇਰਠ, ਆਗਰਾ , ਬਨਾਰਸ , ਅਲਾਹਾਬਾਦ , ਅੰਬਾਲਾ , ਲਾਹੌਰ ਅਤੇ ਰਾਵਲਪਿੰਡੀ ਦੀਆਂ ਫ਼ੌਜੀ ਛਾਉਣੀਆਂ ਦਾ ਦੌਰਾ ਕੀਤਾ ਤਾਂ ਕਿ ਫ਼ੌਜੀਆਂ ਨੂੰ ਵਿਦਰੋਹ ਲਈ ਉਕਸਾਇਆ ਜਾ ਸਕੇ। ਜਿੱਥੋਂ ਤਕ ਹਥਿਆਰਾਂ ਦਾ ਸੰਬੰਧ ਹੈ, ਕਰਤਾਰ ਸਿੰਘ ਅਤੇ ਇਹਨਾਂ ਦੇ ਸਾਥੀ ਲੁਧਿਆਣਾ ਜ਼ਿਲੇ ਵਿਚ ਪਹਿਲਾਂ ਝਾਬੇਵਾਲ ਅਤੇ ਫਿਰ ਲੋਹਟਬੱਧੀ ਵਿਖੇ ਛੋਟੇ ਪੱਧਰ ਤੇ ਬੰਬ ਤਿਆਰ ਕਰਨ ਵਿਚ ਸਫ਼ਲ ਹੋ ਗਏ। ਕਰਤਾਰ ਸਿੰਘ ਨੇ ਪਾਰਟੀ ਲਈ ਜਨਵਰੀ 1915 ਵਿਚ ਸਾਹਨੇਵਾਲ ਅਤੇ ਮਨਸੂਰਾਂ ਪਿੰਡਾਂ ਵਿਚ ਦੌਰੇ ਕੀਤੇ।

      ਯੋਜਨਾ ਅਨੁਸਾਰ ਵਿਦਰੋਹ ਫ਼ਰਵਰੀ 1915 ਨੂੰ ਅਰੰਭ ਹੋਣਾ ਸੀ। ਪਰੰਤੂ ਕਿਰਪਾਲ ਸਿੰਘ ਨਾਂ ਦਾ ਇਕ ਪੁਲਿਸ ਮੁਖ਼ਬਰ ਗੁਪਤ ਤੌਰ ਤੇ ਪਾਰਟੀ ਵਿਚ ਦਾਖ਼ਲ ਹੋ ਗਿਆ ਸੀ। ਉਸ ਦੇ ਸੂਹ ਦੇਣ ਕਾਰਨ ਵੱਡੇ ਪੱਧਰ ਤੇ ਗ਼ਦਰ ਨੇਤਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।ਕਰਤਾਰ ਸਿੰਘ, ਸੁਰਸਿੰਘ ਦਾ ਜਗਤ ਸਿੰਘ ਅਤੇ ਹਰਨਾਮ ਸਿੰਘ ਟੁੰਡੀਲਾਟ ਬਚ ਕੇ ਕਾਬੁਲ ਵੱਲ ਨਿਕਲ ਗਏ ਸਨ। ਪਰੰਤੂ ਤਿੰਨੇ ਆਪਣੀ ਮੁਹਿੰਮ ਨੂੰ ਜਾਰੀ ਰੱਖਣ ਲਈ ਪੰਜਾਬ ਪਰਤ ਆਏ। 2 ਮਾਰਚ 1915 ਨੂੰ ਸ਼ਾਹਪੁਰ ਜ਼ਿਲੇ ਵਿਚ ਵਿਲਸਨਪੁਰ ਵਿਖੇ ਜਦੋਂ ਇਹ 22ਵੀਂ ਘੋੜ-ਸਵਾਰ ਫ਼ੌਜ ਦੇ ਜਵਾਨਾਂ ਨੂੰ ਵਰਗਲਾਉਣ ਦੇ ਉਦੇਸ਼ ਨਾਲ ਉੱਥੇ ਗਏ ਹੋਏ ਸਨ ਤਾਂ ਪੁਲਿਸ ਨੇ ਇਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

      ਗ੍ਰਿਫ਼ਤਾਰ ਨੇਤਾਵਾਂ ਨੂੰ 1915-16 ਦੇ ਸਾਜ਼ਸ਼ ਕੇਸ ਵਿਚ ਲਾਹੌਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਹਨਾਂ ਕੇਸਾਂ ਰਾਹੀਂ ਗ਼ਦਰ ਲਹਿਰ ਵਿਚ ਕਰਤਾਰ ਸਿੰਘ ਸਰਾਭਾ ਦੀ ਪ੍ਰਮੁਖ ਭੂਮਿਕਾ ਉਜਾਗਰ ਕੀਤੀ ਗਈ। ਇਹਨਾਂ ਦੁਆਰਾ ਆਪਣੇ ਬਚਾਉ ਵਿਚ ਦਿੱਤੀ ਤਕਰੀਰ ਇਹਨਾਂ ਦੇ ਇਲਕਲਾਬੀ ਸਿਧਾਂਤਾਂ ਦੀ ਤਰਜਮਾਨੀ ਕਰਦੀ ਸੀ। ਇਹਨਾਂ ਨੂੰ 13 ਸਤੰਬਰ 1915 ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਕਰਤਾਰ ਸਿੰਘ ਨੇ ਆਪਣਾ ਮਨਪਸੰਦ ਦੇਸ-ਭਗਤੀ ਦਾ ਗੀਤ ਗਾਉਂਦੇ ਹੋਏ 16 ਨਵੰਬਰ 1915 ਨੂੰ ਜਲਾਦ ਦੇ ਰੱਸੇ ਨੂੰ ਗਲ ਵਿਚ ਪਾਇਆ। ਕਰਤਾਰ ਸਿੰਘ ਦਾ ਬੁੱਤ ਜੋ ਲੁਧਿਆਣਾ ਸ਼ਹਿਰ ਵਿਖੇ ਲਗਾਇਆ ਗਿਆ ਹੈ ਉਸ ਦੀ ਬਹਾਦਰੀ ਦੀ ਗਾਥਾ ਦੀ ਯਾਦ ਦਿਵਾਉਂਦਾ ਹੈ। ਇਸ ਦਾ ਕਿਰਦਾਰ ਪ੍ਰਸਿੱਧ ਪੰਜਾਬੀ ਨਾਵਲਕਾਰ ਨਾਨਕ ਸਿੰਘ ਦੁਆਰਾ ਲਿਖੇ ਨਾਵਲ ਇਕ ਮਿਆਨ ਦੋ ਤਲਵਾਰਾਂ ਵਿਚ ਵੀ ਅਮਰ ਹੋ ਗਿਆ ਹੈ।


ਲੇਖਕ : ਮ.ਜ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16847, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਰਤਾਰ ਸਿੰਘ ਸਰਾਭਾ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਕਰਤਾਰ ਸਿੰਘ ਸਰਾਭਾ : ਗ਼ਦਰ ਲਹਿਰ ਦੇ ਸਰਗਰਮ ਇਨਕਲਾਬੀ ਕਰਤਾਰ ਸਿੰਘ ਸਰਾਭਾ ਦਾ ਜਨਮ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿੱਚ ਹੋਇਆ। ਇਹਨਾਂ ਦੇ ਪਿਤਾ ਦਾ ਨਾਂ ਸ੍ਰੀ ਮੰਗਲ ਸਿੰਘ ਸੀ। ਕਰਤਾਰ ਸਿੰਘ ਨੇ ਮੈਟ੍ਰਿਕ ਦੀ ਵਿੱਦਿਆ ਉਪਰੰਤ ਕਾਲਜ ਵਿੱਚ ਪੜ੍ਹਾਈ ਲਈ ਦਾਖ਼ਲਾ ਲਿਆ ਪਰੰਤੂ ਅਚਾਨਕ ਪਿਤਾ ਦੀ ਮੌਤ ਹੋ ਜਾਣ ਕਾਰਨ ਉਹ ਇਸ ਨੂੰ ਜਾਰੀ ਨਾ ਰੱਖ ਸਕਿਆ। ਸੁਭਾਅ ਪੱਖੋਂ ਵੀ ਉਸ ਦੀ ਪੜ੍ਹਨ ਵਿੱਚ ਵਧੇਰੇ ਰੁਚੀ ਨਹੀਂ ਸੀ। 1910 ਵਿੱਚ ਉਹ ਅਮਰੀਕਾ ਦੇ ਸ਼ਹਿਰ ਸਨਫਰਾਂਸਿਸਕੋ ਪਹੁੰਚ ਗਿਆ। ਇਹ ਉਹ ਦੌਰ ਸੀ ਜਦੋਂ ਅਮਰੀਕਾ ਵਿੱਚ ਵੱਸੇ ਭਾਰਤੀਆਂ, ਖ਼ਾਸ ਤੌਰ ’ਤੇ ਪੰਜਾਬੀਆਂ ਵਿੱਚ ਕੌਮੀ ਭਾਵਨਾਵਾਂ ਤੀਖਣ ਹੋ ਰਹੀਆਂ ਸਨ। ਕਰਤਾਰ ਸਿੰਘ ਦੇ ਜਵਾਨ ਤੇ ਕੋਮਲ ਮਨ ਉੱਪਰ ਇਸ ਦੌਰ ਦਾ ਗਹਿਰਾ ਅਸਰ ਪਿਆ। ਨਤੀਜੇ ਵਜੋਂ ਉਹ ਇੱਕ ਕੱਟੜ ਕੌਮ-ਪ੍ਰਸਤ ਬਣ ਗਿਆ।

ਗ਼ਦਰ ਨਾਂ ਦਾ ਅਖ਼ਬਾਰ ਅਸਲ ਵਿੱਚ ਉਸ ਦੇ ਦਿਮਾਗ ਦੀ ਹੀ ਉਪਜ ਸੀ, ਅਤੇ ਅਰੰਭ ਵਿੱਚ ਇਸ ਨੂੰ ਚਲਾਉਣ ਦਾ ਸਮੁੱਚਾ ਬੋਝ ਕਰਤਾਰ ਸਿੰਘ ਦੇ ਮੋਢਿਆਂ ਉੱਪਰ ਹੀ ਸੀ। ਬਾਅਦ ਵਿੱਚ, ਬੇਸ਼ੱਕ ਇਸ ਕੰਮ ਵਿੱਚ ਹੱਥ ਵਟਾਉਣ ਲਈ ਕੁਝ ਹੋਰ ਵਿਅਕਤੀ ਵੀ ਅੱਗੇ ਆਏ। ਇਸੇ ਹੀ ਸਮੇਂ ਉਸ ਨੇ ਹਵਾਈ ਜਹਾਜ਼ਾਂ ਦੇ ਮਕੈਨਿਕ ਤੋਂ ਮੁਰੰਮਤ ਦਾ ਕੰਮ ਵੀ ਸਿੱਖਿਆ। ਪਹਿਲੇ ਵਿਸ਼ਵ ਯੁੱਧ ਦੇ ਅਰੰਭ ਹੋਣ ਤੋਂ ਬਾਅਦ ਕਰਤਾਰ ਸਿੰਘ ਭਾਰਤ ਆਇਆ ਅਤੇ ਪ੍ਰਸਿੱਧ ਇਨਕਲਾਬੀ ਰਾਸ ਬਿਹਾਰੀ ਬੋਸ ਤੇ ਬਾਬੂ ਸੁਰਿੰਦਰ ਨਾਥ ਸਾਨਿਆਲ ਦੇ ਸੰਪਰਕ ਵਿੱਚ ਆਇਆ। ਇਹ ਸਾਰੇ ਰਲ ਕੇ ਖ਼ੁਫ਼ੀਆ ਤੌਰ ’ਤੇ ਭਾਰਤ ਵਿੱਚ ਰਾਜਸੀ ਇਨਕਲਾਬ ਲਿਆਉਣ ਲਈ ਸਰਗਰਮ ਸਨ। ਕਰਤਾਰ ਸਿੰਘ ਨੇ ਆਪਣੀਆਂ ਸਰਗਰਮੀਆਂ ਦਾ ਕੇਂਦਰ ਪੰਜਾਬ ਚੁਣਿਆ ਅਤੇ ਆਪਣੇ ਕੰਮ ਦੀ ਸ਼ੁਰੂਆਤ ਰਾਜਸੀ ਡਕੈਤੀਆਂ ਦੁਆਰਾ ਕੀਤੀ ਤਾਂ ਜੋ ਇਨਕਲਾਬ ਲਿਆਉਣ ਲਈ ਹਥਿਆਰ ਤੇ ਪੈਸੇ ਇਕੱਠੇ ਕੀਤੇ ਜਾ ਸਕਣ। ਫ਼ੌਜੀ ਛਾਉਣੀਆਂ ਵਿੱਚ ਭਾਰਤੀ ਸਿਪਾਹੀਆਂ ਨਾਲ ਸੰਪਰਕ ਕਰਕੇ ਸੈੱਲ ਕਾਇਮ ਕੀਤੇ ਗਏ।

ਜਦੋਂ ਤਿਆਰੀਆਂ ਮੁਕੰਮਲ ਹੋਈਆਂ ਤਾਂ 21 ਫ਼ਰਵਰੀ, 1915 ਬਗ਼ਾਵਤ ਦਾ ਦਿਨ ਨਿਸ਼ਚਿਤ ਕੀਤਾ ਗਿਆ। ਬਦਕਿਸਮਤੀ ਨਾਲ, ਉਸ ਦੇ ਇੱਕ ਭਰੋਸੇਯੋਗ ਕ੍ਰਿਪਾਲ ਸਿੰਘ ਨੇ ਗ਼ੱਦਾਰੀ ਕੀਤੀ ਅਤੇ ਸਾਰੀ ਸਾਜ਼ਸ਼ ਬਾਰੇ ਸਰਕਾਰ ਨੂੰ ਭੇਦ ਦੇ ਦਿੱਤਾ। ਨਤੀਜੇ ਵਜੋਂ ਪੁਲਿਸ ਦੀ ਚੌਕਸੀ ਨੇ ਸਾਰੀ ਸਕੀਮ ਅਸਫਲ ਬਣਾ ਦਿੱਤੀ। ਖ਼ਤਰੇ ਨੂੰ ਭਾਂਪਦੇ ਹੋਏ, ਗਰਿਫ਼ਤਾਰੀ ਤੋਂ ਬਚਣ ਲਈ ਕਰਤਾਰ ਸਿੰਘ ਅਤੇ ਉਸ ਦੇ ਮਿੱਤਰ, ਜਿਨ੍ਹਾਂ ਵਿੱਚ ਹਰਨਾਮ ਸਿੰਘ ਟੁੰਡੀਲਾਟ ਅਤੇ ਜਗਤ ਸਿੰਘ ਸ਼ਾਮਲ ਸਨ, ਦੇਸ ਦੀ ਉੱਤਰੀ-ਪੱਛਮੀ ਸਰਹੱਦ ਵੱਲ ਨਿਕਲ ਗਏ। ਪਰ ਜਲਦੀ ਹੀ ਉਹਨਾਂ ਮਹਿਸੂਸ ਕੀਤਾ ਕਿ ਉਹਨਾਂ ਦਾ ਇਉਂ ਭੱਜਣਾ ਡਰਪੋਕਪੁਣਾ ਸੀ ਅਤੇ ਉਹ ਵਾਪਸ ਮੁੜ ਆਏ। ਪ੍ਰੋਗਰਾਮ ਵਿੱਚ ਇਹ ਤਬਦੀਲੀ ਕਰਤਾਰ ਸਿੰਘ ਦੇ ਕਹਿਣ ਉਪਰੰਤ ਹੀ ਕੀਤੀ ਗਈ ਜਿਸਦਾ ਕਹਿਣਾ ਸੀ ਕਿ ਉਹ ਕਿਸੇ ਵੀ ਕੁਰਬਾਨੀ ਲਈ ਤਿਆਰ ਹੈ, ਨਾ ਕਿ ਆਪਣੇ ਸਾਥੀਆਂ ਨੂੰ ਅੱਧ-ਵਿਚਕਾਰੋਂ ਛੱਡ ਕੇ ਭੱਜਣ ਲਈ।

ਜਦੋਂ ਵਾਪਸ ਆ ਰਹੇ ਸਨ ਤਾਂ ਸਰਗੋਧੇ ਨੇੜਿਓਂ ਕਰਤਾਰ ਸਿੰਘ ਨੂੰ ਗਰਿਫ਼ਤਾਰ ਕਰਕੇ ਸੈਂਟਰਲ ਜੇਲ੍ਹ, ਲਾਹੌਰ ਵਿੱਚ ਕੈਦ ਕਰ ਦਿੱਤਾ ਗਿਆ। ਜਦੋਂ ਬਗ਼ਾਵਤ ਦੇ ਦੋਸ਼ ਅਧੀਨ ਮੁਕਦਮਾ ਚੱਲ ਰਿਹਾ ਸੀ ਤਾਂ ਉਸ ਨੇ ਇਸ ਦੋਸ਼ ਦੀ ਸਮੁੱਚੀ ਜ਼ੁੰਮੇਵਾਰੀ ਆਪਣੇ ਉੱਪਰ ਲੈ ਲਈ। ਜੱਜ ਇਹ ਸੁਣ ਕੇ ਹੱਕਾ-ਬੱਕਾ ਰਹਿ ਗਿਆ ਕਿ ਇੱਕ ਉੱਨੀ, ਵਰ੍ਹਿਆਂ ਦੀ ਛੋਟੀ ਉਮਰ ਦਾ ਨੌਜਵਾਨ ਏਡੀ ਨਿਡਰਤਾ ਨਾਲ ਵਰਤਾਓ ਕਰ ਰਿਹਾ ਸੀ। ਉਸ ਦੀ ਨਿੱਕੀ ਉਮਰ ਨੂੰ ਧਿਆਨ ਵਿੱਚ ਰੱਖਦੇ ਹੋਏ ਜੱਜ ਨੇ ਨੌਜਵਾਨ ਇਨਕਲਾਬੀ ਨੂੰ ਆਪਣੇ ਬਿਆਨ ਵਿੱਚ ਸੋਧ ਕਰਨ ਦੀ ਸਲਾਹ ਦਿੱਤੀ, ਪਰ ਨਤੀਜਾ ਇਸ ਦੇ ਬਿਲਕੁਲ ਉਲਟ ਹੋਇਆ, ਜਿਸਦੀ ਆਸ ਨਹੀਂ ਸੀ। ਕਰਤਾਰ ਸਿੰਘ ਨੇ ਇਸਦੇ ਉਲਟ ਹੋਰ ਵੀ ਦ੍ਰਿੜ੍ਹਤਾ ਨਾਲ ਬਿਆਨ ਦਿੱਤਾ ਅਤੇ ਪੂਰੀ ਸਾਜ਼ਸ਼ ਦਾ ਜ਼ੁੰਮੇਵਾਰ ਉਹ ਖ਼ੁਦ ਹੀ ਸੀ। ਇਸ ਦੇ ਆਧਾਰ ’ਤੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਅਤੇ ਇਉਂ ਉਸ ਨੂੰ 1916 ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ।

ਲਾਹੌਰ ਸੈਂਟਰਲ ਜੇਲ੍ਹ ਵਿੱਚ ਨਜ਼ਰਬੰਦੀ ਦੌਰਾਨ ਕਰਤਾਰ ਸਿੰਘ ਕੋਈ ਜੰਤਰ ਪ੍ਰਾਪਤ ਕਰਨ ਵਿੱਚ ਸਫਲ ਰਿਹਾ। ਇਸ ਦੀ ਮਦਦ ਨਾਲ ਉਹ ਜੇਲ੍ਹ ਕੋਠੜੀ ਦੀ ਖਿੜਕੀ ਦੇ ਲੋਹੇ ਦੇ ਜੰਗਲੇ ਨੂੰ ਕੱਟ ਕੇ ਆਪਣੇ ਕੁਝ ਹੋਰ ਸਾਥੀਆਂ ਸਮੇਤ ਜੇਲ੍ਹ ਵਿੱਚੋਂ ਦੌੜਨਾ ਚਾਹੁੰਦਾ ਸੀ। ਪਰ ਜੇਲ੍ਹ ਅਧਿਕਾਰੀਆਂ ਨੂੰ ਸ਼ੱਕ ਪੈ ਗਿਆ ਅਤੇ ਉਹਨਾਂ ਨੇ ਇਹ ਜੰਤਰ ਉਸਦੀ ਕੋਠੜੀ ਵਿੱਚ ਰੱਖੇ ਘੜੇ ’ਚੋਂ ਲੱਭ ਲਿਆ ਅਤੇ ਇਉਂ ਇਹ ਸਕੀਮ ਅਸਫਲ ਰਹੀ।

ਮੌਤ ਸਮੇਂ ਕਰਤਾਰ ਸਿੰਘ 20 ਸਾਲਾਂ ਦਾ ਵੀ ਨਹੀਂ ਸੀ ਹੋਇਆ। ਪਰ ਉਸ ਵਿੱਚ ਏਨਾ ਹੌਂਸਲਾ ਤੇ ਕੁਰਬਾਨੀ ਦੀ ਭਾਵਨਾ ਸੀ ਕਿ ਨਜ਼ਰਬੰਦੀ ਦੌਰਾਨ ਉਸਦਾ ਭਾਰ 14 ਪੌਂਡ ਵੱਧ ਗਿਆ ਸੀ। ਉਸ ਦੀ ਕੁਰਬਾਨੀ ਬਾਅਦ ਵਿੱਚ ਸ਼ਹੀਦ ਭਗਤ ਸਿੰਘ ਤੇ ਸ਼ਹੀਦ ਊਧਮ ਸਿੰਘ ਜਿਹੇ ਇਨਕਲਾਬੀਆਂ ਲਈ ਪ੍ਰੇਰਨਾ ਸ੍ਰੋਤ ਬਣੀ। ਅਦਾਲਤ ਵਿੱਚ ਕਹੇ ਉਸ ਦੇ ਸ਼ਬਦ :

ਮੈਨੂੰ ਉਮਰ-ਕੈਦ ਜਾਂ ਮੌਤ ਦੀ ਸਜ਼ਾ ਮਿਲ ਸਕਦੀ ਹੈ। ਪਰ ਮੈਂ ਮੌਤ ਦੀ ਸਜ਼ਾ ਨੂੰ ਤਰਜੀਹ ਦੇਵਾਂਗਾ ਤਾਂ ਜੋ ਦੁਬਾਰਾ ਜਨਮ ਲੈ ਕੇ ਮੈਂ ਫ਼ਿਰ ਭਾਰਤ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਸ਼ਾਮਲ ਹੋ ਸਕਾਂ। ਮੈਂ ਵਾਰ ਵਾਰ ਓਦੋਂ ਤੱਕ ਮਰਨਾ ਚਾਹਾਂਗਾ ਜਦੋਂ ਤੱਕ ਕਿ ਭਾਰਤ ਅਜ਼ਾਦ ਨਹੀਂ ਹੋ ਜਾਂਦਾ। ਇਹੀ ਮੇਰੀ ਆਖ਼ਰੀ ਇੱਛਾ ਹੈ।


ਲੇਖਕ : ਨਵਤੇਜ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 5748, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-25-04-17-46, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.