ਕਰਾਊਨ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Crown_ਕਰਾਊਨ: ਚਾਰਲਸ ਪੈਟਰਿਕ ਦੇ ਸ਼ਬਦਾਂ ਵਿਚ, ‘‘ਕਰਾਊਨ ਉਹ ਧੁਰਾ ਹੈ ਬਰਤਾਨਵੀ ਸੰਵਿਧਾਨ ਜਿਸ ਦੇ ਦੁਆਲੇ ਘੁੰਮਦਾ ਹੈ।’’ ਪਰ ਕਰਾਊਨ ਅਤੇ ਰਾਜ ਕਰ ਰਹੇ ਬਾਦਸ਼ਾਹ ਜਾਂ ਮਹਾਰਾਣੀ ਵਿਚਕਾਰ ਫ਼ਰਕ ਹੈ। ਬਰਤਾਨਵੀ ਸਰਕਾਰ ਦੀ ਗੱਲ ਕਰਨ ਲਗਿਆਂ ਕਿਹਾ ਜਾਂਦਾ ਹੈ ਕਿ ਕਰਾਊਨ ਨੂੰ ਬਹੁਤ ਖੁਲ੍ਹੇ ਇਖ਼ਤਿਆਰ ਪ੍ਰਾਪਤ ਹਨ। ਕਰਾਊਨ ਨਿਆਂ ਦਾ ਸੋਮਾ ਹੈ, ਰਾਸ਼ਟਰ ਦਾ ਮੁੱਖ ਕਾਰਜਪਾਲਕ ਹੈ, ਉਹ ਸਭ ਸਿਵਲ ਅਫ਼ਸਰਾਂ ਦੀ ਨਿਯੁਕਤੀ ਕਰਦਾ ਹੈ, ਸੈਨਾ ਅਤੇ ਨੇਵੀ ਦੀ ਕਮਾਨ ਉਸ ਦੇ ਹੱਥ ਹੁੰਦੀ ਹੈ, ਉਹ ਸੰਧੀਆਂ ਕਰਦਾ ਹੈ, ਅਪਰਾਧੀਆਂ ਨੂੰ ਬਖ਼ਸ਼ਦਾ ਹੈ, ਸੰਸਦ ਨੂੰ ਬੁਲਾਉਂਦਾ ਅਤੇ ਤੋੜ ਸਕਦਾ ਹੈ। ਪਰ ਹਕੀਕਤ ਇਹ ਹੈ ਕਿ ਕਰਾਊਨ ਦੇ ਇਨ੍ਹਾਂ ਇਖ਼ਤਿਆਰਾਂ ਦੀ ਵਰਤੋਂ ਬਾਦਸ਼ਾਹ ਦੁਆਰਾ ਨਹੀਂ ਕੀਤੀ ਜਾਂਦੀ।

       ਇਸ ਪ੍ਰਸੰਗ ਵਿਚ ਕਰਾਊਨ ਦਾ ਮਤਲਬ ਉਹ ਤਾਜ ਵੀ ਨਹੀਂ ਜੋ ਬਾਦਸ਼ਾਹ ਜਾਂ ਮਹਾਰਾਣੀ ਕਦੇ ਆਪਣੇ ਸਿਰ ਤੇ ਰਖਦੇ ਹਨ ਅਤੇ ਜੋ ਬਾਦਸ਼ਾਹੀ ਦਾ ਸੂਚਕ ਹੈ। ਬਾਦਸ਼ਾਹ ਅਤੇ ਕਰਾਊਨ ਵਿਚ ਫ਼ਰਕ ਇਹ ਹੈ ਕਿ ਬਾਦਸ਼ਾਹ ਇਕ ਵਿਅਕਤੀ ਹੁੰਦਾ ਹੈ, ਜੋ ਜੰਮਦਾ ਹੈ ਅਤੇ ਮਰ ਜਾਂਦਾ ਹੈ। ਉਸ ਨੂੰ ਤਖ਼ਤ ਤੋਂ ਲਾਹਿਆ ਵੀ ਜਾ ਸਕਦਾ ਹੈ, ਉਹ ਤਖ਼ਤ ਦਾ ਤਿਆਗ ਵੀ ਕਰ ਸਕਦਾ ਹੈ। ਇਸ ਦੇ ਉਲਟ ਕਰਾਊਨ ਇਕ ਸੰਸਥਾ ਹੈ, ਜੋ ਜਨਮ ਮਰਨ ਤੋਂ ਪਰੇ ਹੈ।

       ਸਿਡਨੀ ਲੋ ਦੇ ਸ਼ਬਦਾਂ ਵਿਚ ਕਰਾਊਨ ‘ਕੰਮ ਚਲਾਉਣ ਲਈ ਇਕ ਸਹਿਲ ਧਾਰਨਾ ਹੈ।’ ਉਸ ਨੇ ਕਰਾਊਨ ਨੂੰ ‘ਰਾਸ਼ਟਰ’ ਅਤੇ ‘ਲੋਕਾਂ ਦੀ ਇੱਛਾ ’ ਦਾ ਨਾਮ ਵੀ ਦਿੱਤਾ ਹੈ। ਦਰਅਸਲ ਕਰਾਊਨ ਰਾਜ ਦੀ ਸਰਵਉੱਚ ਕਾਰਜਪਾਲਕ ਅਥਾਰਿਟੀ ਹੈ ਅਤੇ ਉਸ ਵਿਚ ਪ੍ਰਭਤਾਧਾਰੀ, ਮੰਤਰੀਆਂ ਅਤੇ ਪਾਰਲੀਮੈਂਟ ਦਾ ਸੂਖਮ ਸੁਮੇਲ ਸ਼ਾਮਲ ਹੈ। ਫ਼ਿਲਿਪਸ ਅਤੇ ਵੇਡ ਅਨੁਸਾਰ ‘‘ਕਰਾਊਨ ਸ਼ਬਦ ਸਰਕਾਰੀ ਇਖ਼ਤਿਆਰਾਂ ਦਾ ਕੁਲਜੋੜ ਹੈ ਅਤੇ ਕਾਰਜਪਾਲਕਾ ਦਾ ਸਮਾਨਾਰਥਕ ਹੈ।’’


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2076, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਕਰਾਊਨ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਰਾਊਨ, (ਅੰਗਰੇਜ਼ੀ : Crown, <ਫ਼ਰਾਂਸੀਸੀ : Couronne; ਲਾਤੀਨੀ : Corona=ਤਾਜ; ਯੂਨਾਨੀ : Koronos=ਖਮਦਾਰ) \ ਪੁਲਿੰਗ : ੧. ਤਾਜ਼, ਰਾਜਮੁਕਟ; ੨. ਸਰਕਾਰ, ਗੌਰਮਿੰਟ, ਬਾਦਸ਼ਾਹ; ੩. ਅੰਗਰੇਜ਼ੀ ਨਕਦੀ ਦਾ ਚਾਂਦੀ ਦਾ ਇੱਕ ਸਿੱਕਾ ਜੋ ੫ ਸ਼ਲਿੰਗ ਦੇ ਬਰਾਬਰ ਹੁੰਦਾ ਹੈ ਜੋ ੧੫੫੧ ਵਿੱਚ ਚਾਲੂ ਹੋਇਆ ਸੀ; ੪. ਪੁਲਸ ਜਾਂ ਫ਼ੌਜ ਦੇ ਗਜ਼ਟਡ ਸਰਕਾਰੀ ਅਫ਼ਸਰਾਂ ਦੇ ਮੋਢੇ ਤੇ ਲਾਉਣ ਦਾ ਇੱਕ ਬੈਜ (Badge)

–ਕਰਾਉਨ ਪਰਿੰਸ, ਪੁਲਿੰਗ : ਯੁਵਰਾਜ, ਵਲੀਅਹਿਦ, ਟਿੱਕਾ, (Crown Prince)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 553, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-30-03-42-16, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.