ਕਸਬਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਸਬਾ [ਨਾਂਪੁ] ਕਸਬਦਾਰਾਂ (ਕਾਰੀਗਰਾਂ) ਦਾ ਮੁਹੱਲਾ , ਨਗਰ, ਛੋਟਾ ਸ਼ਹਿਰ , ਵੱਡਾ ਪਿੰਡ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4013, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਸਬਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਸਬਾ. ਅ਼ ਕ਼ਬਾ. ਸੰਗ੍ਯਾ—ਨਗਰ। ੨ ਨਲਕਾ. ਨਲ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3905, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਸਬਾ ਸਰੋਤ :
ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ
ਕਸਬਾ : ਮਨੁੱਖ ਦਾ ਸੁਭਾਅ ਹੈ ਕਿ ਉਹ ਇਕੱਠ ਵਿੱਚ ਰਹਿਣਾ ਪਸੰਦ ਕਰਦਾ ਹੈ। ਇਸ ਨਾਲ ਉਸ ਦੀਆਂ ਕੁਝ ਆਰਥਿਕ ਅਤੇ ਸਮਾਜਿਕ ਜ਼ਰੂਰਤਾਂ ਦੀ ਪੂਰਤੀ ਹੁੰਦੀ ਹੈ। ਇਸੇ ਕਰਕੇ, ਰਹਾਇਸ਼ੀ ਬਸਤੀਆਂ (settlements) ਹੋਂਦ ਵਿੱਚ ਆਉਂਦੀਆਂ ਹਨ। ਸ਼ੁਰੂ ਵਿੱਚ, ਮਨੁੱਖ ਸਿੱਧਾ ਖੇਤੀ-ਬਾੜੀ ਵਿੱਚ ਲੱਗਾ ਹੋਇਆ ਸੀ। ਇਸ ਕਰਕੇ, ਜਿੱਥੇ ਕਿਤੇ ਵੀ ਖੇਤੀ-ਬਾੜੀ ਸੰਭਵ ਸੀ, ਮਨੁੱਖ ਨੇ ਛੋਟੀਆਂ-ਛੋਟੀਆਂ ਬਸਤੀਆਂ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਖੇਤੀ-ਬਾੜੀ ਦੇ ਵਧਣ-ਫੁੱਲਣ ਨਾਲ ਮਨੁੱਖ ਦੀਆਂ ਖੇਤੀ, ਪਸੂ-ਪਾਲਣ ਅਤੇ ਰਹਿਣ-ਸਹਿਣ ਸੰਬੰਧੀ ਕਈ ਤਰ੍ਹਾਂ ਦੀਆਂ ਨਵੀਆਂ ਜ਼ਰੂਰਤਾਂ ਪੈਦਾ ਹੋ ਗਈਆਂ, ਜਿਨ੍ਹਾਂ ਦੀ ਪੂਰਤੀ ਲਈ ਕਈ ਨਵੀਂ ਕਿਸਮ ਦੇ ਕੰਮ-ਧੰਦੇ ਸ਼ੁਰੂ ਹੋਏ। ਉਦਾਹਰਨ ਵਜੋਂ, ਵਪਾਰ, ਢੋਆ-ਢੁਆਈ, ਕੱਪੜਾ ਅਤੇ ਮਕਾਨ ਮੁਹੱਈਆ ਕਰਨ ਦਾ ਕੰਮ ਤੇ ਪਸੂ-ਪਾਲਣ ਦਾ ਕੰਮ, ਆਦਿ।
ਇਸ ਤਰ੍ਹਾਂ, ਕੁਝ ਲੋਕ ਖੇਤੀ ਨੂੰ ਛੱਡ ਕੇ ਮਨੁੱਖ ਦੀਆਂ ਖੇਤੀ ਸੰਬੰਧੀ ਅਤੇ ਹੋਰ ਜ਼ਰੂਰਤਾਂ ਪੂਰੀਆਂ ਕਰਨ ਵਾਲੇ ਕੰਮਾਂ ਵਿੱਚ ਲੱਗ ਗਏ। ਇਹਨਾਂ ਕੰਮਾਂ ਦੇ ਆਧਾਰ ਉੱਤੇ ਹੀ ਵੱਖ-ਵੱਖ ਵਰਨ ਬਣੇ, ਜਿਵੇਂ ਕਿ ਖੇਤੀ ਲਈ ਲੋਹੇ ਦੇ ਔਜ਼ਾਰ ਬਣਾਉਣ ਵਾਲਾ ਲੁਹਾਰ, ਲੱਕੜੀ ਦਾ ਕੰਮ ਕਰਨ ਵਾਲਾ ਤਰਖਾਣ, ਕੱਪੜਾ ਬੁਣਨ ਵਾਲਾ ਜੁਲਾਹਿਆ, ਚਮੜੇ ਦਾ ਕੰਮ ਕਰਨ ਵਾਲਾ ਮੋਚੀ, ਬਰਤਨ ਬਣਾਉਣ ਵਾਲਾ ਘੁਮਿਆਰ, ਵਾਲਾਂ ਦੀ ਕਟਾਈ ਕਰਨ ਵਾਲਾ ਨਾਈ, ਕੱਪੜੇ ਧੋਣ ਵਾਲਾ ਧੋਬੀ, ਆਦਿ।
ਇਸ ਤਰ੍ਹਾਂ, ਗ਼ੈਰਕਾਸ਼ਤਕਾਰੀ ਕੰਮਾਂ (non-agricultural activities) ਦਾ ਅਰੰਭ ਹੋਇਆ। ਹੌਲੀ-ਹੌਲੀ ਕੁਝ ਬਸਤੀਆਂ ਵਿੱਚ, ਜਿੱਥੇ ਜ਼ਰੂਰਤ ਤੋਂ ਵੱਧ ਖੇਤੀ ਦੀ ਉਪਜ ਹੋਣ ਲੱਗੀ ਅਤੇ ਲੋਕਾਂ ਵਿੱਚ ਹੋਰ ਚੰਗੇ ਤਰੀਕੇ ਨਾਲ ਰਹਿਣ ਦੀ ਜਗਿਆਸਾ ਹੋਈ, ਉਹਨਾਂ ਵਿੱਚ ਗ਼ੈਰਕਾਸ਼ਤਕਾਰੀ ਕੰਮ-ਧੰਦੇ ਵੀ ਪਨਪਣ ਲੱਗੇ ਅਤੇ ਦੂਸਰੀਆਂ ਛੋਟੀਆਂ ਬਸਤੀਆਂ ਤੋਂ ਵੀ ਲੋਕ ਅਜਿਹੀਆਂ ਬਸਤੀਆਂ ਵੱਲ ਆਉਣੇ ਸ਼ੁਰੂ ਹੋ ਗਏ, ਜਿਸ ਨਾਲ ਇਹਨਾਂ ਦੀ ਜਨ-ਸੰਖਿਆ ਕੁਦਰਤੀ ਵਾਧੇ ਨਾਲੋਂ ਵੱਧ ਵਧਣੀ ਸ਼ੁਰੂ ਹੋ ਗਈ। ਵਧਦੀ ਜਨ-ਸੰਖਿਆ ਤੋਂ ਹੋਰ ਨਵੀਆਂ ਜ਼ਰੂਰਤਾਂ, ਜਿਵੇਂ ਕਿ ਪਾਣੀ, ਰੌਸ਼ਨੀ, ਸੜਕਾਂ, ਬਜ਼ਾਰ, ਪੜ੍ਹਾਈ, ਸਿਹਤ ਸੇਵਾਵਾਂ, ਸੁਰੱਖਿਆ, ਆਵਾਜਾਈ, ਦਿਲ-ਪਰਚਾਵਾ, ਆਦਿ ਪੈਦਾ ਹੋ ਗਈਆਂ, ਜਿਨ੍ਹਾਂ ਦੀ ਪੂਰਤੀ ਲਈ ਅਤੇ ਇਹਨਾਂ ਸਹੂਲਤਾਂ ਨੂੰ ਮਾਣਨ ਲਈ ਹੋਰ ਲੋਕ ਅਜਿਹੀਆਂ ਬਸਤੀਆਂ ਵਿੱਚ ਆ ਕੇ ਰਹਿਣ ਲੱਗੇ। ਅਜਿਹੀਆਂ ਸਹੂਲਤਾਂ ਨੂੰ ਮੁਹੱਈਆ ਕਰਵਾਉਣ ਅਤੇ ਚਲਦਿਆਂ ਰੱਖਣ ਲਈ ਪ੍ਰਸ਼ਾਸਨ ਦੀ ਲੋੜ ਪਈ, ਜਿਸ ਕਰਕੇ ਅਜਿਹੀਆਂ ਬਸਤੀਆਂ ਵਿੱਚ ਸਥਾਨਿਕ ਸਰਕਾਰਾਂ (local self-government) ਸਥਾਪਿਤ ਹੋ ਗਈਆਂ। ਇਸ ਤਰ੍ਹਾਂ, ਅਜਿਹੀਆਂ ਬਸਤੀਆਂ, ਜਿਨ੍ਹਾਂ ਵਿੱਚ ਜਨ-ਸੰਖਿਆ ਅਤੇ ਗ਼ੈਰਕਾਸ਼ਤਕਾਰੀ ਕਾਮੇ ਵੱਧ ਸਨ, ਜਿਨ੍ਹਾਂ ਵਿੱਚ ਮੁਢਲੀਆਂ ਸਹੂਲਤਾਂ ਉਪਲਬਧ ਸਨ ਅਤੇ ਜਿਨ੍ਹਾਂ ਦੀ ਆਪਣੀ ਪ੍ਰਬੰਧਕੀ ਸਰਕਾਰ ਸੀ, ਨੂੰ ਕਸਬਾ (Town) ਕਿਹਾ ਗਿਆ, ਅਰਥਾਤ ਕਸਬੇ ਦਾ ਦਰਜਾ ਦਿੱਤਾ ਗਿਆ। ਇੱਥੇ ਇਹ ਦੱਸਣਾ ਉਚਿਤ ਹੋਵੇਗਾ ਕਿ ਆਮ ਭਾਸ਼ਾ ਵਿੱਚ ‘ਕਸਬਾ’ ਅਤੇ ‘ਸ਼ਹਿਰ’ ਸਮਾਨਾਰਥੀ ਸ਼ਬਦ ਸਮਝੇ ਹਨ। ਸਹੂਲਤਾਂ ਪੱਖੋਂ ਇੱਕੋ ਜਿਹੀ ਬਸਤੀ ਨੂੰ ਜੇਕਰ ਉਹ ਛੋਟੀ ਹੋਵੇ ਤਾਂ ਕਸਬਾ ਕਹਿ ਦਿੱਤਾ ਜਾਂਦਾ ਹੈ ਅਤੇ ਜੇਕਰ ਵੱਡੀ ਹੋਵੇ ਤਾਂ ਸ਼ਹਿਰ ਕਿਹਾ ਜਾਂਦਾ ਹੈ। ਇਸ ਤਰ੍ਹਾਂ, ਕਸਬੇ ਹੌਲੀ-ਹੌਲੀ ਹੋਂਦ ਵਿੱਚ ਆਏ।
ਉਪਰੋਕਤ ਤੋਂ ਇਹ ਸਪਸ਼ਟ ਹੈ ਕਿ ਕਸਬਿਆਂ ਵਿੱਚ ਕੁਝ ਖ਼ਾਸ ਤਰ੍ਹਾਂ ਦੀਆਂ ਸਹੂਲਤਾਂ ਅਤੇ ਕੰਮ-ਧੰਦੇ ਹੁੰਦੇ ਹਨ, ਜੋ ਉਹਨਾਂ ਨੂੰ ਦੂਸਰੀਆਂ ਬਸਤੀਆਂ ਤੋਂ ਵੱਖਰਾ ਕਰਦੇ ਹਨ। ਜਿਨ੍ਹਾਂ ਬਸਤੀਆਂ ਵਿੱਚ ਕਸਬਿਆਂ ਵਰਗੀਆਂ ਸਹੂਲਤਾਂ ਅਤੇ ਕੰਮ-ਧੰਦੇ ਨਹੀਂ ਹੁੰਦੇ ਅਤੇ ਉਹ ਜਨ-ਸੰਖਿਆ ਪੱਖੋਂ ਵੀ ਛੋਟੀਆਂ ਹੁੰਦੀਆਂ ਹਨ, ਨੂੰ ਪਿੰਡ ਕਿਹਾ ਜਾਂਦਾ ਹੈ। ਕਸਬਿਆਂ ਦੇ ਆਲੇ-ਦੁਆਲੇ ਦੇ ਪਿੰਡ ਵੀ ਕਸਬਿਆਂ ਵਿੱਚ ਮਿਲ ਰਹੀਆਂ ਸਹੂਲਤਾਂ, ਜਿਵੇਂ ਕਿ ਮੰਡੀਆਂ, ਬਜ਼ਾਰ, ਸਕੂਲ, ਹਸਪਤਾਲ, ਦਿਲ-ਪ੍ਰਚਾਵੇ ਦੇ ਸਾਧਨ, ਆਵਾਜਾਈ ਦੇ ਸਾਧਨ, ਕੰਮ-ਧੰਦੇ, ਆਦਿ ਨੂੰ ਮਾਣਦੇ ਹਨ। ਅਸਲ ਵਿੱਚ, ਕਸਬੇ ਪੇਂਡੂ ਖੇਤਰ ਦੀਆਂ ਕੁਝ ਖ਼ਾਸ ਕਿਸਮ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹੀ ਹੋਂਦ ਵਿੱਚ ਆਉਂਦੇ ਹਨ, ਜੋ ਪਿੰਡਾਂ ਵਿੱਚ ਮਿਲਣੀਆਂ ਸੰਭਵ ਨਹੀਂ ਹੁੰਦੀਆਂ। ਪਿੰਡ ਵੀ ਕਸਬਿਆਂ ਦੀਆਂ ਕੁਝ ਜ਼ਰੂਰਤਾਂ, ਜਿਵੇਂ ਕਿ ਅਨਾਜ, ਦੁੱਧ, ਸਾਗ-ਸਬਜ਼ੀ, ਜ਼ਮੀਨ, ਆਦਿ ਪੂਰੀਆਂ ਕਰਦੇ ਹਨ। ਇਸ ਤਰ੍ਹਾਂ, ਪਿੰਡ ਅਤੇ ਕਸਬੇ ਇੱਕ ਦੂਜੇ ਉੱਤੇ ਨਿਰਭਰ ਕਰਦੇ ਹਨ।
ਕਸਬਿਆਂ ਵਿੱਚ ਕੁਝ ਸਹੂਲਤਾਂ ਅਤੇ ਕੰਮ-ਧੰਦੇ ਅਜਿਹੇ ਹੁੰਦੇ ਹਨ, ਜੋ ਪਿੰਡਾਂ ਵਿੱਚ ਨਹੀਂ ਹੁੰਦੇ, ਇਸ ਕਰਕੇ, ਕਸਬਿਆਂ ਦੀ ਅਤੇ ਪਿੰਡਾਂ ਦੀ ਰਹਿਣੀ-ਸਹਿਣੀ ਵਿੱਚ ਕਾਫ਼ੀ ਫ਼ਰਕ ਹੁੰਦਾ ਹੈ। ਉਹਨਾਂ ਦੀਆਂ ਲੋੜਾਂ, ਸਹੂਲਤਾਂ ਅਤੇ ਮੁਸ਼ਕਲਾਂ ਵੀ ਵੱਖ-ਵੱਖ ਹੁੰਦੀਆਂ ਹਨ ਅਤੇ ਉਹਨਾਂ ਦਾ ਹੱਲ ਵੀ ਵੱਖ-ਵੱਖ ਤਰੀਕਿਆਂ ਨਾਲ ਹੁੰਦਾ ਹੈ। ਇਸ ਕਰਕੇ, ਸਾਰੇ ਸੰਸਾਰ ਵਿੱਚ ਰਹਾਇਸ਼ੀ ਬਸਤੀਆਂ (settlements) ਨੂੰ ਦੋ ਮੁੱਖ ਭਾਗਾਂ - 1. ਪਿੰਡਾਂ ਅਤੇ 2. ਕਸਬਿਆਂ ਵਿੱਚ ਵੰਡਿਆ ਜਾਂਦਾ ਹੈ। ਪਿੰਡਾਂ ਵਿੱਚ ਰਹਿਣ ਵਾਲੀ ਜਨ-ਸੰਖਿਆ ਨੂੰ ਪੇਂਡੂ (rural) ਅਤੇ ਕਸਬਿਆਂ ਵਿੱਚ ਰਹਿਣ ਵਾਲੀ ਜਨ-ਸੰਖਿਆ ਨੂੰ ਸ਼ਹਿਰੀ (urban) ਕਿਹਾ ਜਾਂਦਾ ਹੈ।
ਹੁਣ, ਪ੍ਰਸ਼ਨ ਇਹ ਉੱਠਦਾ ਹੈ ਕਿ ਪਿੰਡਾਂ ਅਤੇ ਕਸਬਿਆਂ ਨੂੰ ਆਪਸ ਵਿੱਚੋਂ ਨਿਖੇੜਿਆ ਕਿਵੇਂ ਜਾਵੇ? ਅਰਥਾਤ ਕਿਸ ਬਸਤੀ ਨੂੰ ਪਿੰਡ ਅਤੇ ਕਿਸ ਬਸਤੀ ਨੂੰ ਕਸਬਾ ਕਿਹਾ ਜਾਵੇ। ਕਿਉਂਕਿ ਹਰ ਦੇਸ ਦੀਆਂ ਸਥਾਨਿਕ ਪਰਿਸਥਿਤੀਆਂ ਵੱਖ-ਵੱਖ ਹੁੰਦੀਆਂ ਹਨ, ਇਸ ਕਰਕੇ ਹਰ ਦੇਸ ਵਿੱਚ ਪੇਂਡੂ ਬਸਤੀਆਂ ਨੂੰ ਸ਼ਹਿਰੀ ਬਸਤੀਆਂ ਨਾਲੋਂ ਨਿਖੇੜਨ ਲਈ ਵੱਖ-ਵੱਖ ਤਰ੍ਹਾਂ ਦੇ ਮਾਪ-ਦੰਡ (Parameters), ਜਿਵੇਂ ਕਿ ਕਿਸੇ ਬਸਤੀ ਦਾ ਰਾਜਨੀਤਿਕ, ਪ੍ਰਬੰਧਕੀ ਜਾਂ ਇਤਿਹਾਸਿਕ ਸਤਰ; ਬਸਤੀ ਦੀ ਸਥਾਨਿਕ ਸਰਕਾਰ (local self government), ਜਿਵੇਂ ਕਿ ਨਗਰਪਾਲਿਕਾ (municipality), ਕੈਂਟੋਨਮੈਂਟ ਬੋਰਡ (cantonment) ਆਦਿ; ਬਸਤੀ ਵਿੱਚ ਪ੍ਰਾਪਤ ਮੁਢਲੀਆਂ ਸਹੂਲਤਾਂ, ਜਿਵੇਂ ਕਿ ਬਿਜਲੀ, ਪਾਣੀ, ਸਕੂਲ, ਹਸਪਤਾਲ, ਆਦਿ; ਗ਼ੈਰਕਾਸ਼ਤਕਾਰੀ ਕਾਮਿਆਂ (non agricultural workers) ਦੀ ਗਿਣਤੀ, ਆਦਿ ਅਪਣਾਏ ਜਾਂਦੇ ਹਨ।
ਬਹੁਤ ਸਾਰੇ ਦੇਸਾਂ ਵਿੱਚ ਜਨ-ਸੰਖਿਆ ਦੀ ਗਿਣਤੀ ਨੂੰ ਹੀ ਆਧਾਰ ਮੰਨ ਕੇ ਕਿਸੇ ਬਸਤੀ ਨੂੰ ਪੇਂਡੂ ਜਾਂ ਸ਼ਹਿਰੀ ਦਰਜਾ ਦਿੱਤਾ ਜਾਣਾ ਹੈ। ਇੱਥੇ, ਇਹ ਦੱਸਣਾ ਉਚਿਤ ਹੋਵੇਗਾ ਕਿ ਹਰ ਦੇਸ ਨੇ ਆਪਣੀਆਂ ਸਥਾਨਿਕ ਪਰਿਸਥਿਤੀਆਂ ਨੂੰ ਧਿਆਨ ਵਿੱਚ ਰੱਖ ਕੇ ਜਨ-ਸੰਖਿਆ ਦੀ ਵੱਖ-ਵੱਖ ਗਿਣਤੀ, ਬਸਤੀਆਂ ਨੂੰ ਸ਼ਹਿਰੀ ਦਰਜਾ ਦੇਣ ਲਈ ਅਪਣਾਈ ਹੋਈ ਹੈ, ਜਿਵੇਂ ਕਿ ਕੈਨੇਡਾ ਵਿੱਚ ਉਸ ਬਸਤੀ ਨੂੰ ਕਸਬਾ ਕਿਹਾ ਜਾਂਦਾ ਹੈ ਜਿਸ ਦੀ ਜਨ-ਸੰਖਿਆ 1,000 ਹੋਵੇ, ਨਾਲ ਲੱਗਦੇ ਯੂ.ਐੱਸ.ਏ. ਵਿੱਚ ਕੋਈ ਬਸਤੀ ਤਾਂ ਕਸਬਾ ਸਮਝੀ ਜਾਂਦੀ ਹੈ ਜੇ ਉਸ ਦੀ ਜਨ-ਸੰਖਿਆ 2,500 ਹੋਵੇ। ਇਸੇ ਤਰ੍ਹਾਂ, ਫ਼੍ਰਾਂਸ (France) ਅਤੇ ਇਜ਼ਰਾਈਲ (Israel) ਵਿੱਚ 2,000 ਆਈਸਲੈਂਡ (Iceland) ਵਿੱਚ 300 ਅਤੇ ਡੈਨਮਾਰਕ ਵਿੱਚ ਸਿਰਫ਼ 200 ਵਿਅਕਤੀਆਂ ਵਾਲੀ ਬਸਤੀ ਨੂੰ ਵੀ ਕਸਬੇ ਦਾ ਦਰਜਾ ਦਿੱਤਾ ਜਾਂਦਾ ਹੈ। ਕਈ ਦੇਸਾਂ ਵਿੱਚ, ਕਿਸੇ ਰਹਾਇਸ਼ੀ ਅਬਾਦੀ ਨੂੰ ਕਸਬੇ ਦਾ ਦਰਜਾ ਦੇਣ ਲਈ ਜਨ-ਸੰਖਿਆ ਦੀ ਗਿਣਤੀ ਦੇ ਨਾਲ-ਨਾਲ ਕੁਝ ਹੋਰ ਸ਼ਰਤਾਂ ਵੀ ਰੱਖੀਆਂ ਜਾਂਦੀਆਂ ਹਨ, ਜਿਵੇਂ ਕਿ ਭਾਰਤ ਵਿੱਚ ਕਿਸੇ ਰਹਾਇਸ਼ੀ ਬਸਤੀ ਨੂੰ ਕਸਬੇ ਦਾ ਦਰਜਾ ਹੇਠ ਲਿਖੇ ਦੋ ਤਰ੍ਹਾਂ ਦੇ ਮਾਪ-ਦੰਡਾਂ ਦੇ ਆਧਾਰ ਉੱਤੇ ਦਿੱਤਾ ਜਾਂਦਾ ਹੈ :
1. ਕਿਸੇ ਅਬਾਦੀ ਦੇ ਰਹਾਇਸ਼ੀ ਸਮੂਹ ਨੂੰ, ਜਿਸ ਵਿੱਚ ਆਮ ਤੌਰ ’ਤੇ ਬੁਨਿਆਦੀ ਸਹੂਲਤਾਂ ਪ੍ਰਾਪਤ ਹੋਣ ਅਤੇ ਉਸ ਦੀ ਕੋਈ ਪ੍ਰਬੰਧਕੀ ਸੰਸਥਾ, ਜਿਵੇਂ ਕਿ ਨਗਰ ਕੌਂਸਿਲ, ਨਗਰਪਾਲਿਕਾ, ਨੋਟੀਫ਼ਾਈਡ ਏਰੀਆ ਕਮੇਟੀ, ਕਾਰਪੋਰੇਸ਼ਨ, ਕੈਂਟੋਨਮੈਂਟ ਬੋਰਡ, ਆਦਿ ਹੋਵੇ, ਨੂੰ ਕਸਬਾ ਕਿਹਾ ਜਾਂਦਾ ਹੈ ਕਿਉਂਕਿ ਅਜਿਹੇ ਕਸਬਿਆਂ ਬਾਰੇ ਸਰਕਾਰ ਦੁਆਰਾ ਘੋਸ਼ਣਾ (notification) ਜਾਰੀ ਕੀਤੀ ਜਾਂਦੀ ਹੈ, ਇਸ ਕਰਕੇ, ਇਹਨਾਂ ਨੂੰ ਵਿਧਾਨਿਕ ਕਸਬੇ (statutory towns) ਕਿਹਾ ਜਾਂਦਾ ਹੈ।
2. ਭਾਰਤੀ ਮਰਦਮ-ਸ਼ੁਮਾਰੀ ਵਿਭਾਗ ਹਰ ਉਸ ਰਹਾਇਸ਼ੀ ਬਸਤੀ ਨੂੰ ਕਸਬੇ ਦਾ ਦਰਜਾ ਦਿੰਦਾ ਹੈ ਜਿਸ ਵਿੱਚ :
ੳ. 5,000 ਜਾਂ ਇਸ ਤੋਂ ਵੱਧ ਵਿਅਕਤੀ ਰਹਿੰਦੇ ਹੋਣ;
ਅ. ਉਸ ਵਿੱਚ ਅਬਾਦੀ ਦੀ ਘਣਤਾ 400 ਵਿਅਕਤੀ ਪ੍ਰਤਿ ਵਰਗ ਕਿਲੋਮੀਟਰ ਜਾਂ ਇਸ ਤੋਂ ਵੱਧ ਹੋਵੇ; ਅਤੇ
ੲ. ਜਿਸ ਵਿੱਚ ਰਹਿਣ ਵਾਲੇ ਮਰਦ ਕਾਮਿਆਂ ਦਾ 75 ਪ੍ਰਤਿਸ਼ਤ ਜਾਂ ਇਸ ਤੋਂ ਵੱਧ ਗ਼ੈਰਕਾਸ਼ਤਕਾਰੀ ਕੰਮਾਂ ਵਿੱਚ ਲੱਗਾ ਹੋਵੇ।
ਅਜਿਹੇ ਕਸਬਿਆਂ ਨੂੰ ਮਰਦਮ-ਸ਼ੁਮਾਰੀ ਕਸਬੇ (census towns) ਕਿਹਾ ਜਾਂਦਾ ਹੈ। ਇਹਨਾਂ ਕਸਬਿਆ ਨੂੰ ਗ਼ੈਰ-ਵਿਧਾਨਿਕ ਕਸਬੇ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹਨਾਂ ਨੂੰ ਸਰਕਾਰ ਤੋਂ ਮਾਨਤਾ ਪ੍ਰਾਪਤ ਨਹੀਂ ਹੁੰਦੀ। ਅਸਲ ਵਿੱਚ, ਇਹ ਪੇਂਡੂ ਖੇਤਰ ਹੀ ਹੁੰਦੇ ਹਨ, ਪਰੰਤੂ ਉੱਪਰ ਦਿੱਤੇ ਗਏ ਮਰਦਮ-ਸ਼ੁਮਾਰੀ ਵਿਭਾਗ ਦੇ ਮਾਪ-ਦੰਡਾਂ ਉੱਪਰ ਪੂਰੇ ਉਤਰਦੇ ਹਨ। ਇਸੇ ਕਰਕੇ, ਇਹਨਾਂ ਨੂੰ ਮਰਦਮ-ਸ਼ੁਮਾਰੀ ਕਸਬੇ ਕਿਹਾ ਜਾਂਦਾ ਹੈ।
ਸਾਰੇ ਕਸਬੇ ਇੱਕੋ ਜਿਹੇ ਨਹੀਂ ਹੁੰਦੇ। ਅਬਾਦੀ, ਕੰਮ-ਧੰਦਿਆਂ ਅਤੇ ਹੋਰ ਸਹੂਲਤਾਂ ਪੱਖੋਂ ਉਹਨਾਂ ਵਿੱਚ ਬਹੁਤ ਜ਼ਿਆਦਾ ਫ਼ਰਕ ਹੁੰਦਾ ਹੈ। ਇਸ ਕਰਕੇ, ਅਬਾਦੀ ਦੇ ਆਧਾਰ ਉੱਤੇ, ਭਾਰਤੀ ਮਰਦਮ-ਸ਼ੁਮਾਰੀ ਵਿਭਾਗ ਦੁਆਰਾ ਕਸਬਿਆਂ ਦਾ ਵਰਗੀਕਰਨ ਹੇਠ ਦਿੱਤੀ ਸਾਰਨੀ ਅਨੁਸਾਰ ਕੀਤਾ ਜਾਂਦਾ ਹੈ।
ਸਾਰਨੀ ਨੰ. 1
ਲੜੀ ਨੰ.
|
ਕਸਬਿਆਂ ਦਾ ਦਰਜਾ
|
ਆਬਾਦੀ (ਵਿਅਕਤੀ)
|
1.
|
ਪਹਿਲੇ ਦਰਜੇ ਦੇ ਕਸਬੇ (Class I Towns)
|
100,000 ਜਾਂ ਇਸ ਤੋਂ ਵੱਧ
|
2.
|
ਦੂਸਰੇ ਦਰਜੇ ਦੇ ਕਸਬੇ (Class II Towns)
|
50,000 ਤੋਂ 99,999
|
3.
|
ਤੀਸਰੇ ਦੇ ਕਸਬੇ (Class III Towns)
|
20,000 ਤੋਂ 49,9999
|
4.
|
ਚੌਥੇ ਦਰਜੇ ਦੇ ਕਸਬੇ (Class IV Towns)
|
10,000 ਤੋਂ 19,999
|
5.
|
ਪੰਜਵੇਂ ਦਰਜੇ ਦੇ ਕਸਬੇ (Class V Towns)
|
5,000 ਤੋਂ 9,999
|
6.
|
ਛੇਵੇਂ ਦਰਜੇ ਦੇ ਕਸਬੇ (Class VI Towns)
|
5,000 ਤੋਂ ਘੱਟ
|
ਕਈ ਵਾਰੀ, ਨੇੜੇ-ਨੇੜੇ ਦੇ ਦੋ ਕਸਬੇ ਵਧਦੇ-ਵਧਦੇ ਆਪਸ ਵਿੱਚ ਜੁੜ ਜਾਂਦੇ ਹਨ ਤਾਂ ਅਜਿਹੇ ਕਸਬਿਆਂ ਨੂੰ ਸ਼ਹਿਰੀ ਸਮੂਹ (urban agglomeration) ਦਾ ਦਰਜਾ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ, ਜਦੋਂ ਕਿਸੇ ਕਸਬੇ ਦੀ ਅਬਾਦੀ ਇੱਕ ਲੱਖ ਜਾਂ ਇਸ ਤੋਂ ਵੱਧ ਹੋ ਜਾਵੇ ਤਾਂ ਉਸ ਨੂੰ ਸ਼ਹਿਰ (city) ਦਾ ਦਰਜਾ ਦਿੱਤਾ ਜਾਂਦਾ ਹੈ, ਅਰਥਾਤ ਉਸ ਨੂੰ ਸ਼ਹਿਰ ਕਿਹਾ ਜਾਂਦਾ ਹੈ। ਆਮ ਤੌਰ ’ਤੇ, ਹਰ ਕਸਬੇ ਨੂੰ ਸ਼ਹਿਰ ਹੀ ਕਹਿ ਦਿੱਤਾ ਜਾਂਦਾ ਹੈ, ਕਿਉਂਕਿ ਉਸ ਵਿੱਚ ਸ਼ਹਿਰ ਵਾਲੀਆਂ ਸਹੂਲਤਾਂ ਉਪਲਬਧ ਹੁੰਦੀਆਂ ਹਨ।
ਇਸੇ ਤਰ੍ਹਾਂ, ਜਦੋਂ ਕਿਸੇ ਸ਼ਹਿਰ ਦੀ ਅਬਾਦੀ 10 ਲੱਖ ਜਾਂ ਇਸ ਤੋਂ ਵੱਧ ਹੋ ਜਾਂਦੀ ਹੈ ਤਾਂ ਉਸ ਨੂੰ ਮੈਗਾ-ਸ਼ਹਿਰ (mega city) ਦਾ ਦਰਜਾ ਦਿੱਤਾ ਜਾਂਦਾ ਹੈ। ਪੰਜਾਬ ਵਿੱਚ ਲੁਧਿਆਣਾ ਅਤੇ ਅੰਮ੍ਰਿਤਸਰ ਮੈਗਾ ਸ਼ਹਿਰ ਹਨ।
ਸੰਖੇਪ ਵਿੱਚ, ਇਹ ਕਿਹਾ ਜਾ ਸਕਦਾ ਹੈ ਕਿ ਭਾਰਤ ਵਿੱਚ ਰਹਾਇਸ਼ੀ ਬਸਤੀਆਂ ਦਾ ਵਰਗੀਕਰਨ ਮੁੱਖ ਤੌਰ ’ਤੇ ਜਨ-ਸੰਖਿਆ ਦੇ ਆਧਾਰ ਉੱਤੇ ਕੀਤਾ ਜਾਂਦਾ ਹੈ। ਇੱਥੇ 5-7 ਘਰਾਂ ਦੇ ਸਮੂਹ ਨੂੰ ਡੇਰਾ (hamlet), 5,000 ਤੋਂ ਘੱਟ ਵਿਅਕਤੀਆਂ ਦੀ ਅਬਾਦੀ ਨੂੰ ਪਿੰਡ 5,000 ਤੋਂ 9,99,999 ਵਿਅਕਤੀਆਂ ਦੀ ਅਬਾਦੀ ਨੂੰ ਕਸਬਾ ਇੱਕ ਲੱਖ ਜਾਂ ਇਸ ਤੋਂ ਵੱਧ ਅਬਾਦੀ ਵਾਲੇ ਕਸਬੇ ਨੂੰ ਸ਼ਹਿਰ ਅਤੇ ਦਸ ਲੱਖ ਜਾਂ ਇਸ ਤੋਂ ਵੱਧ ਅਬਾਦੀ ਵਾਲੇ ਸ਼ਹਿਰ ਨੂੰ ਮੈਗਾ ਸ਼ਹਿਰ ਕਿਹਾ ਜਾਂਦਾ ਹੈ। ਇਸ ਤਰ੍ਹਾਂ, ਰਹਾਇਸ਼ ਦੇ ਆਧਾਰ ਉੱਤੇ ਜਨ-ਸੰਖਿਆ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ :
1. ਡੇਰਿਆਂ ਅਤੇ ਪਿੰਡਾਂ ਵਿੱਚ ਰਹਿਣ ਵਾਲੀ ਜਨ-ਸੰਖਿਆ ਨੂੰ ਪੇਂਡੂ/ਦਿਹਾਤੀ (rural)।
2. ਕਸਬਿਆਂ ਅਤੇ ਸ਼ਹਿਰਾਂ ਵਿੱਚ ਰਹਿਣ ਵਾਲੀ ਜਨ-ਸੰਖਿਆ ਨੂੰ ਸ਼ਹਿਰੀ (urban) ਕਿਹਾ ਜਾਂਦਾ ਹੈ।
ਲੇਖਕ : ਧਰਮ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 2257, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-25-03-35-32, ਹਵਾਲੇ/ਟਿੱਪਣੀਆਂ:
ਕਸਬਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਸਬਾ, (ਅਰਬੀ : ਕਸਬਾਹ) / ਪੁਲਿੰਗ : ੧. ਛੋਟਾ ਸ਼ਹਿਰ, ਨਗਰ, ੨. ਵੱਡਾ ਪਿੰਡ ਜਿੱਥੇ ਦਸਤਕਾਰੀ ਦੇ ਕਈ ਕੰਮ ਚੱਲਦੇ ਹੋਣ, ਕਸਬਦਾਰਾਂ ਦਾ ਮੁਹੱਲਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 829, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-01-03-59-16, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First