ਕਸੀਦਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਸੀਦਾ (ਨਾਂ,ਪੁ) ਕੱਪੜੇ ਦੀ ਸਤ੍ਹਾ ’ਤੇ ਰੰਗਦਾਰ ਧਾਗੇ ਨਾਲ ਕੀਤੀ ਕਢਾਈ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8849, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕਸੀਦਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਸੀਦਾ 1 [ਨਾਂਪੁ] ਛੰਦਬੱਧ ਕਾਵਿ-ਰਚਨਾ ਜਿਸ ਵਿੱਚ ਕਿਸੇ ਦੀ ਉਸਤਤ ਕੀਤੀ ਹੁੰਦੀ ਹੈ, ਇੱਕ ਕਾਵਿ-ਰੂਪ 2 [ਨਾਂਪੁ] ਸੂਈ-ਧਾਗੇ ਨਾਲ਼ ਕੱਪੜੇ ਉੱਤੇ ਬਣਾਏ ਵੇਲ-ਬੂਟੇ, ਕਢਾਈ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8845, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਸੀਦਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਕਸੀਦਾ (ਸੰ.। ਫ਼ਾਰਸੀ ਕਸ਼ੀਦਹ) ਕੱਪੜੇ ਉੱਪਰ ਰੇਸ਼ਮ ਨਾਲ ਕੱਢੀਆਂ ਬੇਲ ਬੂਟੀਆਂ ਭਾਵ ਉੱਤਮ ਗੁਣ। ਯਥਾ-‘ਕਢਿ ਕਸੀਦਾ ਪਹਿਰਹਿ ਚੋਲੀ ਤਾਂ ਤੁਮੑ ਜਾਣਹੁ ਨਾਰੀ’ ਕਸੀਦਾ ਕੱਢਕੇ ਚੋਲੀ ਪਹਿਨੇ ਤਾਂ ਇਸਤ੍ਰੀ ਜਾਣੋ ਭਾਵ, ਸ੍ਰੇਸ਼ਟ ਗੁਣਾਂ ਸਹਿਤ ਬੁੱਧੀ ਨੂੰ ਧਾਰੇਂ , ਤਦ ਤੂੰ ਆਪ ਨੂੰ ਪਰਮੇਸ਼ਰ ਪਤੀ ਦੀ ਨਾਰੀ ਜਾਣ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8756, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕਸੀਦਾ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਕਸੀਦਾ : ‘ਕਸੀਦਾ’ ਅਰਬੀ ਸ਼ਬਦ ਹੈ ਇਸ ਦੇ ਅਰਥ ਹਨ ਮੋਟਾ ਜਾਂ ਗ਼ਲੀਜ਼ ਮਗ਼ਜ਼। ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਕਸੀਦਾ ਸ਼ਬਦ, ‘ਕਸਦ’ ਤੋਂ ਬਣਿਆ ਹੈ ਜਿਸ ਦੇ ਅਰਥ ਹਨ ਇਰਾਦਾ ਅਥਵਾ ਮਤਲਬ । ਇਸ ਤਰ੍ਹਾਂ ਸਾਹਿਤਿਕ ਭਾਸ਼ਾ ਵਿਚ ਇਸ ਦੇ ਅਰਥ ਹੋ ਗਏ ਅਜਿਹੀ ਸ਼ਾਇਰੀ ਜੋ ਖ਼ਾਸ ਇਰਾਦੇ ਨਾਲ ਲਿਖੀ ਜਾਏ ਅਤੇ ਜਿਸ ਵਿਚ ਕਵੀ ਕਿਸੇ ਖ਼ਾਸ ਵਿਅਕਤੀ ਨੂੰ ਸੰਬੋਧਨ ਕਰ ਰਿਹਾ ਹੋਵੇ। ਆਰੰਭ ਵਿਚ ਕਸੀਦਾ ਕੇਵਲ ਕਿਸੇ ਅਮੀਰ ਵਜ਼ੀਰ ਅਥਵਾ ਬਾਦਸ਼ਾਹ ਦੀ ਉਸਤਤ ਵਿਚ ਲਿਖਿਆ ਜਾਂਦਾ ਸੀ ਪਰ ਬਾਅਦ ਵਿਚ ਵਾਕਿਆ–ਨਗਾਰੀ, (ਘਟਨਾ ਵਰਣਨ) , ਕੁਦਰਤ ਚਿਤ੍ਰਣ, ਸਿੱਖਿਆ , ਤਸੱਵੁਫ਼ ਅਤੇ ਸਿੱਠ ਦੇ ਮਜ਼ਮੂਲ ਵੀ ਇਸ ਵਿਚ ਸ਼ਾਮਲ ਹੋ ਗਏ। ਬਣਤਰ ਦੇ ਪੱਖ ਤੋਂ ਕਸੀਦਾ ਤੇ ਗ਼ਜ਼ਲ ਮਿਲਦੇ ਜੁਲਦੇ ਹਨ। ਪਹਿਲੇ ਪਹਿਲ ਕਸੀਦੇ ਅਰਬੀ ਵਿਚ ਲਿਖੇ ਗਏ। ਅਰਬੀ ਕਸੀਦਿਆਂ ਦੀ ਤਰਤੀਬ ਜੋ ਬਾਅਦ ਵਿਚ ਫ਼ਾਰਸੀ ਕਸੀਦਿਆਂ ਨੇ ਆਪਣਾ ਲਈ, ਕੁਝ ਇਸ ਤਰ੍ਹਾਂ ਸੀ :
(1) ਮਤਲਾ: ਕਸੀਦੇ ਦਾ ਆਰੰਭਿਕ ਸ਼ਿਅਰ।
(2)ਤਸ਼ਬੀਬ : ਇਸ ਵਿਚ ਕਿਸੇ ਅਸਲੀ ਜਾਂ ਫ਼ਰਜ਼ੀ ਪ੍ਰੇਮਿਕਾ ਦਾ ਹੁਸਨ, ਉਸ ਦੇ ਨਾਜ਼ੋ–ਅਦਾ ਅਤੇ ਜੁਦਾਈ ਦਾ ਜ਼ਿਕਰ ਕਰਦਾ ਹੈ। ਕਈ ਵਾਰ ਉਹ ਕੁਦਰਤ ਦੀ ਸੁੰਦਰਤਾ ਦਾ ਨਕਸ਼ਾ ਖਿੱਚ ਦਿੰਦਾ ਹੈ। ਇਹ ਭਾਗ ਅਵੱਸ਼ ਹੀ ਰੋਮਾਂਟਿਕ ਹੁੰਦਾ ਹੈ। ਇਸ ਨੂੰ ਤਸ਼ਬੀਬ ਕਹਿੰਦੇ ਹਨ। ਇਹੀ ਤਸ਼ਬੀਬ ਦਾ ਭਾਗ ਬਾਅਦ ਵਿਚ ਜਦ ਇਕ ਵੱਖ ਕਵਿਤਾ ਦੀ ਸਰੂਤ ਵਿਚ ਪੇਸ਼ ਕੀਤਾ ਗਿਆ ਤਾਂ ਗ਼ਜ਼ਲ ਅਖਵਾਇਆ ।
(3) ਗੁਰੇਜ਼ : ਕਸੀਦੇ ਦਾ ਦੂਜਾ (ਅੰਗ) ਜ਼ੁਜ਼ ਹੈ ਗੁਰੇਜ਼ ਅਥਵਾ ਮੋੜ। ਕਵੀ ਦੇ ਆਪਣੀ ਪ੍ਰੇਮਿਕਾ ਨਾਲ ਗੱਲਾਂ ਕਰਦੇ ਜਾਂ ਕੁਦਰਤ ਦਾ ਬਿਆਨ ਕਰਦੇ ਸਹਿਜੇ ਹੀ ਆਪਣੇ ਸਰਪ੍ਰਸਤ ਵੱਲ ਮੁੜ ਆਉਣ ਦਾ ਨਾਂ ਗੁਰੇਜ਼ ਹੈ। ਇੱਥੇ ਇਕ ਉਸਤਾਦ ਕਵੀ ਦੀ ਪਰਖ ਹੋ ਜਾਂਦੀ ਹੈ। ਪ੍ਰਮਾਣ ਵਜੋਂ ਕੁਦਰਤ ਦਾ ਜ਼ਿਕਰ ਕਰਦੇ ਕਵੀ ਬੱਦਲਾਂ ਦੀ ਘਟਾ ਦਾ ਸਮਾਂ ਬੰਨ੍ਹਦਾ ਹੈ ਤੇ ਫਿਰ ਕਹਿੰਦਾ ਹੈ, ਬੱਦਲ ਇਤਨੀ ਦਰਿਆਦਿਲੀ ਨਾਲ ਵਰਖਾ ਨਹੀਂ ਸਨ ਕਰ ਰਹੇ ਜਿਸ ਦਰਿਆਦਿਲੀ ਨਾਲ ਬਾਦਸ਼ਾਹ ਸਲਾਮਤ ਸੋਨੋ ਦੀਆਂ ਮੁਹਰਾਂ ਦਾ ਮੀਂਹ ਵਸਾ ਰਹੇ ਸਨ।
(4) ਮਦਹ : ਮਦਹ ਅਥਵਾ ਉਸਤਤ ਕਸੀਦੇ ਦਾ ਕੇਂਦਰੀ ਤੇ ਵੱਡਾ ਭਾਗ ਹੈ। ਇੱਥੇ ਕਵੀ ਆਪਣੇ ਸਰਪ੍ਰਸਤ ਦੀ ਦਿਲ ਖੋਲ੍ਹ ਕੇ ਵਡਿਆਈ ਕਰਦਾ ਹੈ। ਉਸ ਦੇ ਹਰ ਛੋਟੇ ਗੁਣ ਨੂੰ ਵੀ ਵੱਡਾ ਬਣਾ ਕੇ ਪੇਸ਼ ਕਰਦਾ ਹੈ ਅਤੇ ਵਾਹ ਵਾਹ ਲੈਂਦਾ ਹੈ। ਇੱਥੇ ਕਵੀ ਕਈ ਵਾਰ ਅਤਿਕਥਨੀ ਤੋਂ ਕੰਮ ਲੈਂਦਾ ਹੈ। ਕਵੀ ਆਪਣੇ ਸਰਪ੍ਰਸਤ ਦੀ ਸੁੰਦਰਤਾ ਜਵਾਂ–ਮੁਰਦੀ, ਦਰਿਆਦਿਲੀ, ਸਿਆਣਪ ਆਦਿ ਨੂੰ ਵਧਾ ਚੜ੍ਹਾ ਕੇ ਪੇਸ਼ ਕਰਦਾ ਹੈ।
(5) ਹੁਸੇਨ-ਤਲਬ : ਕਸੀਦਾਕਾਰੀ ਸਦਾ ਇਨਾਮ ਅਕਰਾਮ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ। ਕਵੀ ਉਸਤਤ ਕਰਨ ਉਪਰੰਤ ਇਸ਼ਾਰੇ ਅਥਵਾ ਸੰਕੇਤਾਂ ਰਾਹੀਂ ਆਪਣੀ ਮਜ਼ਬੂਰੀ ਅਥਵਾ ਥੁੜ ਪRਗਟ ਕਰਦਾ ਹੈ ਅਤੇ ਆਪਦੇ ਸਰਪRਸਤ ਪਾਸੋਂ ਸਹਾਇਤਾ ਦੀ ਆਸ ਰਖਦਾ ਹੈ।
(6) ਮੁਕਤਾ : ਇੱਥੇ ਕਵੀ ਮੁਰੱਬੀ ਦੇ ਹਕ ਵਿਚ ਦੁਆ ਕਰਦਾ ਹੈ ਅਤੇ ਉਸ ਦੀ ਤੰਦੁਰਸਤੀ ਅਤੇ ਵਡਿਆਈ ਲਈ ਵੀ ਪ੍ਰਾਰਥਨਾ ਕਰਦਾ ਹੋਇਆ ਆਪਣੇ ਕਸੀਦੇ ਨੂੰ ਖ਼ਤਮ ਕਰ ਦਿੰਦਾ ਹੈ। ਚੰਗੇ ਕਸੀਦੇ ਵਿਚ ਹੇਠ ਲਿਖੀਆਂ ਤਿੰਨ ਗੱਲਾਂ ਦਾ ਖ਼ਾਸ ਖ਼ਿਆਲ ਰੱਖਿਆ ਜਾਂਦਾ ਹੈ–(1) ਮਤਲਾ ਅਥਵਾ ਪਹਿਲਾ ਸ਼ਿਅਰ ਕਿਸ ਸ਼ਾਨ ਦਾ ਹੈ;(2)ਗੁਰੇਜ਼ ਅਥਵਾ ਆਪਣੇ ਮੁਰੱਬੀ ਵੱਲ ਮੋੜ ਕਿਸ ਹੁਨਰ ਨਾਲ ਪਾਇਆ ਗਿਆ ਹੈ। ਗੱਲ ਵਿਚੋਂ ਗੱਲ ਪੈਦਾ ਹੋਵੇ ਤਾਂ ਵਧੀਆ ਹੈ: (3) ਮਕਤਾ ਭਾਵ ਕਸੀਦੇ ਦਾ ਅੰਤ ਕਿਸ ਖੂਬੀ ਨਾਲ ਕੀਤਾ ਗਿਆ ਹੈ।
ਕਲਾ–ਪੱਖ ਤੋਂ ਕਸੀਦੇ ਦੇ ਖ਼ਾਸ ਗੁਣ ਇਹ ਹਨ––––(1) ਮਤਲਾ ਅਥਵਾ ਪਹਿਲੇ ਸ਼ਿਅਰ ਦੇ ਦੋਵੇਂ ਮਿਸਰੇ ਹਮਕਾਫ਼ੀਆਂ ਹੁੰਦੇ ਹਨ; (2) ਮਤਲਾ ਦੇ ਬਾਅਦ ਹਰ ਸ਼ਿਅਰ ਦਾ ਦੂਜਾ ਮਿਸਰਾ ਉਸ ਕਾਫ਼ੀਆ ਅਤੇ ਰਦੀਫ਼ ਪਰ ਆਉਂਦਾ ਹੈ ਜਿਸ ਤੇ ਕਸੀਦੇ ਦੀ ਬਿਨਾ ਰੱਖੀ ਗਈ ਸੀ; (3) ਸ਼ਿਅਰਾਂ ਵਿਚਕਾਰ ਸਿਲਸਿਲਾ ਜੁੜਦਾ ਚਲਾ ਜਾਂਦਾ ਹੈ। ਕੋਈ ਸ਼ਿਅਰ ਬੇਜੋੜੇ ਜਾਂ ਅਢੁੱਕਵਾਂ ਨਹੀਂ ਹੁੰਦਾ ਹੈ; (4) ਸ਼ਾਇਰ ਆਮ ਤੌਰ ਪਰ ਦੁਆਈਆਂ ਸ਼ਿਅਰ ਵਿਚ ਆਪਣਾ ਉਪਨਾਮ ਪੇਸ਼ ਕਰਦਾ ਹੈ। ਦੁਆਈਆ ਸ਼ਿਅਰ ਦੋ ਜਾਂ ਤਿੰਨ ਤੋਂ ਵੱਧ ਨਹੀਂ ਹੁੰਦੇ; (5) ਸ਼ਬਦ–ਚੋਣ ਤੇ ਢੁੱਕਵਾਂ ਤਰਜ਼–ਇ–ਬਿਆਨ ਕਸੀਦਾਕਾਰੀ ਦੇ ਖ਼ਾਸ ਗੁਣ ਹਨ। ਕੁਦਰਤ ਦੀ ਰੰਗੀਨੀ, ਪ੍ਰੇਮਿਕਾ ਦੀ ਨਜ਼ਾਕਤ ਤੇ ਸ਼ਾਹੀ ਸ਼ਾਨੌ–ਸ਼ੌਕਤ ਸਭ ਕੁਝ ਸ਼ਬਦ–ਚਿਤਰਾਂ ਰਾਹੀਂ ਪੇਸ਼ ਕੀਤਾ ਜਾਂਦਾ ਹੈ। ਮਜ਼ਮੂਨ ਦੇ ਲਿਹਾਜ਼ ਨਾਲ ਕਸੀਦੇ ਦੀਆਂ ਕਈ ਕਿਸਮਾਂ ਹਨ ਜਿਵੇਂ ਬਹਾਰੀਆ, ਖਿਜ਼ਾਨੀਆਂ, ਸ਼ਿਤਾਈਆਂ (ਸਰਦੀ ਦਾ ਜ਼ਿਕਰ), ਮਦਹੀਆ, ਹਜਵੀਆ (ਸਿੱਠਾਂ), ਮਰਸੀਆਂ, ਦਾਸਤਾਨੀਆਂ, ਮਨਾਜ਼ਰਾ, ਸਿਖਿਆਦਾਇਕ, ਸ਼ਹਿਰ ਆਸ਼ੋਬ, ਜਹਾਂ ਆਸ਼ੋਬ ਆਦਿ। ਬਿਆਨ ਅਤੇ ਮਜ਼ੂਮਨ ਦੇ ਪੱਖੋਂ ਅਰਬੀ ਤੇ ਫ਼ਾਰਸੀ ਦੇ ਕਸੀਦਿਆਂ ਵਿਚ ਵੱਡਾ ਫ਼ਰਕ ਹੈ।
ਅਰਬ ਵਿਚ ਕਸੀਦੇ ਕੇਵਲ ਯੋਧੇ ਦੀ ਸਹੀ ਬਹਾਦਰੀ ਅਤੇ ਰਣ ਵਿਚ ਜੂਝਣ ਪਰ ਹੀ ਲਿਖੇ ਜਾਂਦੇ ਸਨ ਅਤੇ ਇਸ ਤਰ੍ਹਾਂ ਇਹ ਪੰਜਾਬੀ ਵਿਚ ਲਿਖਿਆਂ ਜਾਂਦੀਆਂ ਵਾਰਾਂ ਨਾਲ ਮੇਲ ਖਾਂਦੇ ਹਨ। ਪਰ ਈਰਾਨ ਵਿਚ ਇਸ ਹਕੀਕਤ ਵੱਲ ਕੋਈ ਧਿਆਨ ਨਾ ਦਿੱਤਾ ਗਿਆ। ਕਵੀ ਆਪਣੇ ਸਰਪ੍ਰਸਤਾਂ ਦੀ ਤਾਰੀਫ਼ ਵਿਚ ਜ਼ਮੀਨ ਆਸਮਾਨ ਦੇ ਕਲਾਬੇ ਮਿਲਾਣ ਲੱਗ ਪਏ ਤੇ ਇਸ ਤਰ੍ਹਾਂ ਫ਼ਾਰਸੀ ਕਸੀਦੇ ਬਹੁਤੀਆਂ ਹਾਲਤਾਂ ਵਿਚ ਝੂਠ ਦੇ ਪੁਲੰਦੇ ਬਣ ਗਏ।
ਫਿਰ ਵੀ ਕਸੀਦਿਆਂ ਰਾਹੀਂ ਫ਼ਾਰਸੀ ਜ਼ਬਾਨ ਦੀ ਬੇਹੱਦ ਤਰੱਕੀ ਹੋਈ। ਵਾਕਿਆ–ਨਿਗਾਰੀ (ਘਟਨਾ ਵਰਣਨ) ਵਾਲੇ ਕਸੀਦੇ ਈਰਾਨ ਦਾ ਇਤਿਹਾਸ ਲਿਖਣ ਵਿਚ ਸਹਾਈ ਸਿੱਧ ਹੋਏ। ਕਹਿੰਦੇ ਹਨ ਮਹਿਮੂਦ ਗ਼ਜ਼ਨਵੀ ਦੇ ਸੋਮਨਾਥ ਪੁਰ ਹਮਲਾ ਕਰਨ ਦਾ ਰਸਤਾ ਫ਼ਾਰੁਖ਼ੀ ਦੇ ਕਸੀਦਿਆਂ ਵਿਚੋਂ ਲੱਭਿਆ ਗਿਆ।
ਉਨਸਰੀ, ਫ਼ਰੁਖ਼ੀ, ਤੂਸੀ ਖ਼ਾਕਾਨੀ, ਸਾਅਦੀ, ਅਨਵਰੀ, ਉਰਫ਼ੀ, ਤਾਲਿਬ ਆਮਲੀ, ਕਾਅਨੀ ਆਦਿ ਫ਼ਾਰਸੀ ਦੇ ਪ੍ਰਸਿੱਧ ਕਸੀਦਾਗੋ ਹੋਏ ਹਨ। ਜ਼ੌਕ, ਗ਼ਾਲਿਬ, ਸਾਗ਼ਿਰ ਆਦਿ ਉਰਦੂ ਦੇ ਪ੍ਰਸਿੱਧ ਕਸੀਦਾਗੋ ਹਨ। ਪੰਜਾਬੀ ਦਿਮਾਗ਼ ਤੇ ਸੁਭਾਅ ਨੇ ਇਸ ਨੂੰ ਕਬੂਲ ਨਹੀਂ ਕੀਤਾ। ਪੰਜਾਬੀ ਦੇ ਕਿਸੇ ਵੱਡੇ ਕਵੀ ਦਾ ਲਿਖਿਆ ਕੋਈ ਕਸੀਦਾ ਇਨ੍ਹਾਂ ਸੱਤਰਾਂ ਦੇ ਲੇਖਕ ਦੀ ਨਜ਼ਰ ‘ਚੋਂ ਨਹੀਂ ਲੰਘਿਆ।
[ਸਹਾ. ਗ੍ਰੰਥ––ਸ਼ਿਬਲੀ ਨਿਅਮਾਨੀ : ‘ਸ਼ਿਆਰੁਲ ਅਜਮ’ ; Sufi Abdul Aziz : A Study of Persian Grammar]
ਲੇਖਕ : ਪ੍ਰਿੰ. ਗੁਰਦਿਤ ਸਿੰਘ ਪ੍ਰੇਮੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 7914, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-10, ਹਵਾਲੇ/ਟਿੱਪਣੀਆਂ: no
ਕਸੀਦਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ
ਕਸੀਦਾ : ਇਸ ਅਰਬੀ ਸ਼ਬਦ ਦਾ ਅਰਥ ਹੈ ਭਰਿਆ ਹੋਇਆ, ਠੋਸ ਜਾਂ ਗੁੰਦਵਾਂ। ਕਵਿਤਾ ਵਿਚ ਕਸੀਦਾ ਉਸ ਛੰਦ ਰਚਨਾ ਨੂੰ ਕਹਿੰਦੇ ਹਨ ਜਿਸਦੇ ਸ਼ੇਅਰ ਹਮਵਜ਼ਨ ਅਤੇ ਹਮਕਾਫ਼ੀਆ ਹੋਣ ਅਤੇ ਵਿਸ਼ਾ ਕ੍ਰਮਬੱਧ ਹੋਵੇ। ਇਸ ਤੋਂ ਇਲਾਵਾ ਇਸ ਵਿਚ ਕਿਸੇ ਵਿਅਕਤੀ ਦੀ ਪ੍ਰਸ਼ੰਸਾ ਜਾਂ ਨਿੰਦਾ ਕੀਤੀ ਹੋਵੇ। ਕਸੀਦੇ ਦੇ ਸ਼ੇਅਰਾਂ ਦੀ ਗਿਣਤੀ ਘੱਟ ਤੋਂ ਘੱਟ 15 ਜ਼ਰੂਰੀ ਹੈ।
ਕਸੀਦੇ ਦਾ ਪਹਿਲਾ ਸ਼ੇਅਰ, ਜਿਸਦੇ ਦੋਵੇਂ ਮਿਸਰੇ ਹਮਕਾਫ਼ੀਆ ਹੋਣ, ‘ਮਤਲਾ’ ਕਹਿਲਾਉਂਦਾ ਹੈ। ਮਤਲੇ ਦੇ ਦੋਵੇਂ ਮਿਸਰਿਆਂ ਦਾ ਹਮਕਾਫ਼ੀਆ ਹੋਣ ਜ਼ਰੂਰੀ ਹੈ, ਬਾਕੀ ਸ਼ੇਅਰਾਂ ਦਾ ਕੇਵਲ ਦੂਸਰਾ ਮਿਸਰਾ ਹੀ ਹਮਕਾਫ਼ੀਆ ਹੁੰਦਾ ਹੈ। ਕਸੀਦੇ ਦੇ ਸ਼ੁਰੂ ਦੇ ਕੁਝ ਸ਼ੇਅਰਾਂ ਨੂੰ, ਜੋ ਤਾਰੀਫ਼ ਜਾਂ ਨਿੰਦਾਂ ਤੋਂ ਪਹਿਲਾਂ ਇਸ਼ਕੀਆ ਤਰੀਕੇ ਤੇ ਲਿਖੇ ਜਾਂਦੇ ਹਨ, ਤਸ਼ਬੀਬ ਜਾਂ ਤਮਹੀਦ ਕਹਿੰਦੇ ਹਨ। ਕਵਿਤਾ ਦੇ ਉਸ ਭਾਗ ਨੂੰ ਗੁਰੇਜ਼ ਕਿਹਾ ਜਾਂਦਾ ਹੈ ਜਿਥੋਂ ਕਵਿਤਾ ਦਾ ਅਸਲੀ ਵਿਸ਼ਾ ਸ਼ੁਰੂ ਹੁੰਦਾ ਹੈ ਅਤੇ ਉਸ ਵਿਅਕਤੀ ਦਾ ਜ਼ਿਕਰ ਆਉਂਦਾ ਹੈ ਜਿਸਦੀ ਪ੍ਰਸੰਸਾਂ ਜਾਂ ਨਿੰਦਾ ਕਰਨੀ ਹੁੰਦੀ ਹੈ। ਇਸਨੂੰ ਤਖ਼ਲੂਸ ਵੀ ਕਹਿੰਦੇ ਹਨ। ਕਵਿਤਾ ਦੇ ਅੰਤਿਮ ਭਾਗ ਨੂੰ ਦੁਆ ਕਹਿੰਦੇ ਹਨ ਅਤੇ ਇਸਦੇ ਅੰਤਿਮ ਸ਼ੇਅਰ ਨੂੰ ਮਕਤਾ ਕਿਹਾ ਜਾਂਦਾ ਹੈ। ਕਸੀਦੇ ਦੀਆਂ ਬਹੁਤ ਸਾਰੀਆਂ ਕਿਸਮਾਂ ਹਨ ਜਿਨ੍ਹਾਂ ਵਿਚ ਵਧੇਰੇ ਕਰਕੇ ਮੱਦਾਰੀਆ (ਪ੍ਰਸੰਸਾਤਮਕ), ਹਜਵੀਆ (ਨਿੰਦਾਤਮਕ), ਇਸ਼ਕੀਆ (ਪ੍ਰੇਮਾਤਮਕ), ਮਰਸ਼ੀਆ (ਸ਼ੋਕਾਤਮਕ) ਅਤੇ ਬਾਹਰੀਆ (ਬਸੰਤ-ਵਰਣਨਾਤਮਕ) ਆਦਿ ਹਨ। ਕਸੀਦੇ ਦੇ ਇਤਿਹਾਸ ਵਿਚ ਅਬੂਤਮਾਮ (ਅਰਬੀ), ਅਨਵਾਰੀ, ਖ਼ਾਕਾਨੀ, ਰਸ਼ੀਦ ਵਦਵਾਤ (ਫ਼ਾਰਸੀ), ਸੌਦਾ ਅਤੇ ਜ਼ੌਕ (ਉਰਦੂ) ਆਦਿ ਦੇ ਨਾਂ ਬਹੁਤ ਪ੍ਰਸਿੱਧ ਹਨ।
ਹ. ਪੁ.––ਹਿੰ. ਵਿ. ਕੋ. 2 : 403
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7908, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-17, ਹਵਾਲੇ/ਟਿੱਪਣੀਆਂ: no
ਕਸੀਦਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਸੀਦਾ, ਅਰਬੀ : ਕਸੀਦਾ < ਕਸਦ=ਇਰਾਦਾ ਕਰਨਾ) / ਪੁਲਿੰਗ : ਛੰਦ ਰਚਨਾ ਜਿਸ ਵਿੱਚ ਆਮ ਕਰਕੇ ਕਿਸੇ ਦੀ ਉਸਤਤ ਕੀਤੀ ਹੋਈ ਹੁੰਦੀ ਹੈ। ਇਸ ਦੀਆਂ ਘੱਟ ਤੋਂ ਘੱਟ ੧੫ ਤੁਕਾਂ ਹੁੰਦੀਆਂ ਹਨ ‘ਕਰਯੋ ਕਸੀਦਾ ਪੇਸ਼ ਗੁਰੂ ਕੇ’
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1433, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-05-11-08-52, ਹਵਾਲੇ/ਟਿੱਪਣੀਆਂ:
ਕਸੀਦਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਸੀਦਾ, (ਫ਼ਾਰਸੀ : ਕਸ਼ੀਦਨ=ਖਿੱਚਣਾ) / ਪੁਲਿੰਗ : ੧.ਸੂਈ ਧਾਗੇ ਨਾਲ ਕੱਪੜੇ ਤੇ ਹੋਏ ਬੇਲ-ਬੂਟੇ ਕੱਢਣ ਜਾਂ ਪਾਉਣ ਦਾ ਕੰਮ; ੨. ਕੱਪੜੇ ਤੇ ਸੂਈ ਨਾਲ ਕੱਢੇ ਬੇਲ ਬੂਟੇ; ੩. ਮਹੀਨ ਕੰਮ, ਬਰੀਕੀ ਦਾ ਸਹਿਜੇ ਸਹਿਜੇ ਹੋਣ ਵਾਲਾ ਕੰਮ, (ਲਾਗੂ ਕਿਰਿਆ : ਕੱਢਣਾ, ਛੋਹਣਾ, ਛੋਹ ਬਹਿਣਾ, ਲੈ ਬਹਿਣਾ)
–ਕਸੀਦਾਕਾਰੀ, ਇਸਤਰੀ ਲਿੰਗ : ਕਸੀਦੇ ਦਾ ਕੰਮ, ਕਢਾਈ ਦਾ ਕੰਮ, ਬਰੀਕ ਕੰਮ
–ਕਸੀਦਾ ਲੈ ਬਹਿਣਾ (ਬੈਠਣਾ), –ਕਸੀਦਾ ਛੋਹ ਬਹਿਣਾ (ਬੈਠਣਾ), ਮੁਹਾਵਰਾ : ਕੋਈ ਅਜਿਹਾ ਕੰਮ ਸ਼ੁਰੂ ਕਰਨਾ ਜਿਹੜਾ ਛੇਤੀ ਛੇਤੀ ਨਾ ਮੁੱਕੇ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1579, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-05-11-09-08, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First