ਕਹਾਵਤ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਹਾਵਤ (ਨਾਂ,ਇ) ਕਹਿਣ ਵਿੱਚ ਆਈ ਹੋਈ ਬਾਤ; ਅਖੌਤ; ਅਖਾਣ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4502, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕਹਾਵਤ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਹਾਵਤ [ਨਾਂਇ] ਅਖੌਤ , ਅਖਾਣ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4487, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਹਾਵਤ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਹਾਵਤ ਸੰਗ੍ਯਾ—ਕਥਾਵਤ ਕਹਿਣ ਵਿੱਚ ਆਈ ਹੋਈ ਬਾਤ। ੨ ਪਹੇਲੀ. ਅਦ੍ਰਿਕੂਟ। ੩ ਕਥਾ. “ਉਆ ਕੀ ਕਹੀ ਨ ਜਾਇ ਕਹਾਵਤ.” (ਸਾਰ ਮ: ੫) “ਮਨਮੁਖ ਅੰਧੁ ਕਹਾਵਥ.” (ਮਾਰੂ ਮ: ੫)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4231, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਹਾਵਤ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਕਹਾਵਤ (ਸੰ.। ਦੇਖੋ , ਕਹੰਤ) ਕਥਾ। ਯਥਾ-‘ਕਹੀ ਨ ਜਾਇ ਕਹਾਵਤ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4063, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕਹਾਵਤ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ
ਕਹਾਵਤ : ਕਹਾਵਤ ਸਾਹਿਤ ਦਾ ਸਭ ਤੋਂ ਪੁਰਾਣਾ ਰੂਪ ਹੈ। ਕਹਾਵਤਾਂ ਦੇ ਖ਼ਜ਼ਾਨੇ ਨੂੰ ਭਰਪੂਰ ਕਰਨ ਵਿਚ ਮਨੁੱਖ ਦੀਆਂ ਕਈਅ ਨਸਲਾਂ ਨੂੰ ਹੱਡ ਖੋਰ ਖੋਰ ਕੇ ਸੰਘਣੇ ਅਨੁਭਵ ਦੇਣੇ ਪਏ ਅਤੇ ਹਰ ਨਵੀਂ ਪਨੀਰੀ ਆਪਣੇ ਵਿਤ ਅਨੁਸਾਰ ਇਸ ਵਿਚ ਹਿੱਸਾ ਪਾਉਂਦੀ ਰਹੀ ਹੈ। ਜੈਨੀਆਂ ਤੇ ਬੋਧੀਆਂ ਤੇ ਧਾਰਮਕ ਗ੍ਰੰਥ ਵੀ ਅਖਾਉਤਾਂ ਤੋਂ ਸਖਣੇਂ ਨਹੀਂ। ਅਖਾਉਤਾਂ ਵਿਚਲੇ ‘ਸਦਾਚਾਰਕ ਸੱਚ’ ਨੂੰ ਸਦਾਚਾਰ-ਨੀਤੀ ਤੇ ਧਰਮ ਦੋਹਾਂ ਨੇ ਹੀ ਆਪਣਾ ਕੇ ਇਨ੍ਹਾਂ ਦੀ ਵਡਿਆਈ ਨੂੰ ਪਰਵਾਨ ਕੀਤਾ ਹੈ।
ਕਹਾਵਤ ਆਮ ਜਨਤਾ ਦੀ ਉਕਤੀ ਹੁੰਦੀ ਹੈ। ਲੋਕ ਇਸਨੂੰ ਆਪਣੀ ਕਰਕੇ ਮੰਨਦੇ ਹਨ। ਇਸ ਲਈ ਇਹ ਲੋਕਤੰਤਰੀ ਵੀ ਕਹਾਉਂਦੀ ਹੈ। ਵਿਦਵਾਨਾਂ ਨੇ ਕਹਾਵਤ ਦੀਆਂ ਅਨੇਕ ਪ੍ਰੀਭਾਸ਼ਾਵਾਂ ਦਿਤੀਆਂ ਹਨ। ਕਿਸੇ ਨੇ ਇਸ ਨੂੰ ਅਨੁਭਵ ਦੀ ਪੁਤਰੀ ਕਿਹਾ ਹੈ। ਕਿਸੇ ਨੇ ਇਸਨੂੰ ਅਜਿਹੇ ਵਾਕ ਦਾ ਨਾਂ ਦਿਤਾ ਹੈ ਜਿਸ ਵਿਚ ਜੀਵਨ ਦਾ ਅਨੁਭਵ ਰਚਿਆ ਹੁੰਦਾ ਹੈ। ਕਿਸੇ ਨੇ ਇਸਨੂੰ ਗਿਆਨ ਦੇ ਸਾਗਰ ਦੀ ਗਾਗਰ ਕਿਹਾ ਹੈ। ਕਿਸੇ ਨੇ ਇਸਦੀ ਅਜਿਹੇ ਫ਼ਰਨੀਚਰ ਨਾਲ ਤੁਲਨਾ ਕੀਤੀ ਹੈ ਜਿਸ ਨੂੰ ਸਮੇਂ ਦੀ ਸਿਉਂਕ ਨਹੀਂ ਲਗ ਸਕਦੀ। ਅਰਸਤੂ ਵਰਗੇ ਮਹਾਨ ਚਿੰਤਕ ਨੇ ਇਸਨੂੰ ਪ੍ਰਾਚੀਨ ਗਿਆਨ ਦੇ ਖੰਡਰਾਂ ਦੀਆਂ ਪੱਚਰਾਂ ਆਖਿਆ ਹੈ। ਕੋਈ ਇਸ ਨੂੰ ਲੋਕ ਅਨੁਭਵ ਦੇ ਰਸੇ ਹੋਏ ਫਲ ਦਸਦਾ ਹੈ, ਕੋਈ ਅਨੇਕਾਂ ਦੀ ਚਤੁਰਾਈ ਅਤੇ ਇੱਕ ਦੀ ਬੁੱਧੀ ਦਾ ਚਮਤਕਾਰ ਕਹਿੰਦਾ ਹੈ। ਕਿਸੇ ਨੂੰ ਇਸਨੂੰ ਲਘੂ ਕਥਨ ਆਖਿਆ ਹੈ ਅਤੇ ਕਿਸੇ ਨੇ ਇਸਨੂੰ ਪੁਰਾਣੀਆਂ ਕਾਵਿਕ ਕਿਰਤਾਂ ਦੀਆਂ ਪੱਚਰਾਂ ਦੱਸਿਆ ਹੈ। ਡਾ. ਵਾਸੁਦੇਵ ਸਰਣ ਨੇ ਇਸਦੀ ਪ੍ਰੀਭਾਸ਼ਾ ਇਸ ਤਰ੍ਹਾਂ ਕੀਤੀ ਹੈ ਕਿ ‘ਲੋਕੋਕਤੀਆਂ ਮਨੁੱਖੀ ਗਿਆਨ ਦੇ ਰਤਨ ਹਨ ਜਿਨ੍ਹਾਂ ਨੂੰ ਬੁੱਧੀ ਤੇ ਅਨੁਭਵ ਦੀਆਂ ਕਿਰਨਾ ਵਿਚ ਫੁਟਣ ਵਾਲੀ ਜੋਤੀ ਪ੍ਰਾਪਤ ਹੁੰਦੀ ਹੈ।’ ਇਸ ਤੋਂ ਪਤਾ ਲਗਦਾ ਹੈ ਕਿ ਕਹਾਵਤ ਵਿਚ ਕੁਝ ਕੁ ਅਗੇ ਦਿਤੇ ਗੁਣ ਅਵੱਸ਼ ਹੋਣੇ ਚਾਹੀਦੇ ਹਨ ਜਿਵੇਂ ਮਨੁੱਖੀ ਸੁਭਾ ਜਾਂ ਜੀਵਨ ਦੇ ਕਿਸੇ ਪੱਖ ਸਬੰਧੀ ਸੰਘਣੇ ਅਨੁਭਵ ਦੀ ਗੱਲ, ਸੰਖੇਪਤਾ ਅਤੇ ਬੋਲੀ ਦਾ ਸੰਜਮ, ਦਿਲ ਖਿਚਵੀਂ ਤੇ ਢੁਕਵੀਂ ਸ਼ੈਲੀ ਅਤੇ ਜਨ ਸਾਧਾਰਨ ਦੀ ਪਰਵਾਨਗੀ ਆਦਿ। ਪਰੰਤੂ ਸੱਚ ਤਾਂ ਇਹ ਹੈ ਕਿ ਕਿਸੇ ਉਕਤੀ ਵਿਚ ਚਾਹੇ ਕਿਤਨੇ ਗੁਣ ਵੀ ਕਿਉਂ ਨਾ ਹੋਣ ਜਦ ਤਕ ਇਹ ਲੋਕਾਂ ਦੀ ਉਕਤੀ ਨਹੀਂ ਬਣੇਗੀ, ਲੋਕੋਕਤੀ ਜਾਂ ਕਹਾਵਤ ਨਹੀਂ ਕਹਾ ਸਕੇਗੀ।
ਅਨੇਕ ਅਜਿਹੀਆਂ ਉਕਤੀਆਂ ਵੀ ਮਿਲਦੀਆਂ ਹਨ ਜਿਨ੍ਹਾਂ ਵਿਚ ਉਪਰਲੇ ਗੁਣ ਤਾਂ ਹੁੰਦੇ ਹਨ ਪਰੰਤੂ ਲੋਕੋਕਤੀ ਦਾ ਜ਼ਰੂਰੀ ਗੁਣ ਲੋਕਪ੍ਰਿਯਤਾ ਇਨ੍ਹਾਂ ਵਿਚ ਨਹੀਂ ਹੁੰਦੀ ਜਿਸਦੇ ਕਾਰਨ ਇਹ ਲੋਕੋਕਤੀਹ ਦੇ ਤੌਰ ਤੇ ਨਹੀਂ ਵਰਤੀ ਜਾ ਸਕਦੀ। ਇਸ ਲਈ ਜਦੋਂ ਇਨ੍ਹਾਂ ਗੁਣਾਂ ਦਾ ਸਿਧਾਂਤ ਇਕਸਾਰ ਚੰਗੀਆਂ ਕਹਾਵਤਾਂ ਦੇ ਸਬੰਧ ਵਿਚ ਲਾਗੂ ਹੁੰਦਾ ਹੈ ਤਾਂ ਲੋਕਾਂ ਵਿਚ ਹਰਮਨ ਪਿਆਰੀ ਹੋਣਾ ਹੀ ਕਹਾਵਤ ਦਾ ਜ਼ਰੂਰੀ ਗੁਣ ਮੰਨਿਆ ਜਾਂਦਾ ਹੈ।
‘ਕਹਾਵਤ’ ਸ਼ਬਦ ਦੇ ਨਿਕਾਸ ਦੇ ਸਬੰਧ ਵਿਚ ਵਿਦਵਾਨਾ ਦੀ ਵੱਖਰੀ ਵੱਖਰੀ ਰਾਏ ਹੈ। ਕਥਾ ਵਸਤੂ, ਕਥਾ ਵਾਰਤਾ ਆਦਿ ਅਨੇਕ ਸ਼ਬਦ ਵਿਦਵਾਨਾਂ ਨੇ ਦੱਸੇ ਹਨ ਜਿਨ੍ਹਾਂ ਵਿਚੋਂ ਇਹ ਸ਼ਬਦ ਨਿਕਲਿਆ ਕਿਹਾ ਜਾ ਸਕਦਾ ਹੈ। ਇਹ ਵੀ ਸੰਭਵ ਹੈ ਕਿ ਇਹ ਸ਼ਬਦ ਸੰਸਕ੍ਰਿਤ ਦੇ ਕਿਸੇ ਮੂਲ ਰੂਪ ਤੋਂ ਉਤਪੰਨ ਹੋਇਆ ਹੋਵੇ ਅਤੇ ਇਸਦੇ ਬਣਨ ਵਿਚ ਉਰਦੂ ਅਤੇ ਫ਼ਾਰਸੀ ਸ਼ਬਦ ਰਚਨਾ ਦਾ ਵੀ ਕੁਝ ਹੱਥ ਹੋਵੇ।
ਜੇਕਰ ‘ਕਹਾਵਤ’ ਸ਼ਬਦ ਸੰਸਕ੍ਰਿਤ ਦੇ ਕਿਸੇ ਸ਼ਬਦ ਤੋਂ ਭਾਰਤੀ ਭਾਸ਼ਾਵਾਂ ਵਿਚ ਆਇਆ ਹੈ ਤਾਂ ‘ਕਥਾ ਵਾਰਤਾ’ ਇਕ ਅਜਿਹਾ ਸ਼ਬਦ ਹੈ ਜਿਸ ਨਾਲ ਉਸਦਾ ਨੇੜੇ ਦਾ ਸਬੰਧ ਹੈ। ‘ਕਥਾ ਵਾਰਤਾ’ ਦੇ ਪ੍ਰਾਕ੍ਰਿਤਕ ਰੂਪ ‘ਕਹਾਵਤਾਂ’ ਦੀ ਧੁਨੀ ਅਤੇ ਅਰਥ ਦੋਨਾਂ ਦ੍ਰਿਸ਼ਟੀਆਂ ਤੋਂ ‘ਕਹਾਵਤ’ ਦੇ ਬਹੁਤ ਨੇੜੇ ਹੈ। ਦੂਸਰੀ ਗੱਲ ਇਹ ਹੈ ਕਿ ‘ਕਥਾ ਵਾਰਤਾ’ ਸ਼ਬਦ ‘ ਕਥਾਵਤ’ ਦੀ ਤਰ੍ਹਾਂ ਕੋਈ ਕਲਪਤ ਸਬਦ ਨਹੀਂ ਹੈ, ਸਗੋਂ ਇਹ ਪ੍ਰਯੋਗ ਵਿਚ ਵੀ ਆਉਂਦਾ ਹੈ।
ਜੇਕਰ ‘ਕਹਾਵਤ’ ਸ਼ਬਦ ਆਪਣੇ ਸਮਾਨ ਸ਼ਬਦ ‘ਲਿਖਾਵਟ’, ‘ਸਜਾਵਟ’ ਦੇ ਬਰਾਬਰ ‘ਕਹਾਵਟ’ (ਕਹਾਵਤ) ਸ਼ਬਦ ਬਣ ਸਕਦਾ ਹੈ ਤਾਂ ਕੋਈ ਇਹ ਅਸੰਭਵ ਗੱਲ ਨਹੀਂ। ਇਥੇ ਇਹ ਗੱਲ ਵੀ ਦੱਸਣੀ ਜ਼ਰੂਰੀ ਹੈ ਕਿ ਰਾਜਸਥਾਨੀ ਭਾਸ਼ਾ ਵਿਚ ਕਥਨ ਦੇ ਅਰਥਾਂ ਵਿਚ ‘ਕੁਵਾਵਟ’, ‘ਕਹਾਵਟ’ ਆਦਿ ਸ਼ਬਦ ਆਮ ਬੋਲ ਚਾਲ ਵਿਚ ਮਿਲਦੇ ਹਨ। ਪਰੰਤੂ ਫਿਰ ਵੀ ਇਹ ਨਿਸਚੇ ਨਾਲ ਨਹੀਂ ਕਿਹਾ ਜਾ ਸਕਦਾ ਕਿ ਕਹਾਵਤ ਦਾ ਜਨਮ ਕਦੋਂ ਹੋਇਆ।
ਸੰਸਾਰ ਦੇ ਸਾਰੇ ਦੇਸ਼ਾਂ ਅਤੇ ਜਾਤਾਂ ਵਿਚ ਕਹਾਵਤ ਦਾ ਸਥਾਨ ਮਹੱਤਵਪੂਰਨ ਹੈ। ਦੁਨੀਆਂ ਦੀ ਸ਼ਾਇਦ ਹੀ ਕੋਈ ਅਜਿਹੀ ਭਾਸ਼ਾ ਹੋਵੇ ਜਿਸ ਵਿਚ ਕਹਾਵਤਾਂ ਦਾ ਪ੍ਰਯੋਗ ਨਾ ਹੋਇਆ ਹੋਵੇ। ਈਸਾ ਮਸੀਹ ਨੇ ਕਹਾਵਤਾਂ ਦੁਆਰਾ ਸਿੱਖਿਆ ਦਿਤੀ। ਗੌਤਮ ਬੁੱਧ ਨੇ ਆਪਣੇ ਉਪਦੇਸ਼ਾਂ ਲਈ ‘ਜਾਤਕ ਕਥਾਵਾਂ’ ਦਾ ਪ੍ਰਯੋਗ ਕੀਤਾ। ਅਰਸਤੂ ਵਰਗੇ ਦਾਰਸ਼ਨਿਕ ਨੇ ਵੀ ਸਭ ਤੋਂ ਪਹਿਲਾਂ ਕਹਾਵਤਾਂ ਇਕੱਤਰ ਕੀਤੀਆਂ।
ਕਹਾਵਤਾਂ ਦੇ ਅਧਿਐਨ ਦਾ ਮਹੱਤਵ ਦਿਨ ਪ੍ਰਤੀ ਦਿਨ ਵਧਦਾ ਜਾਂਦਾ ਹੈ। ਲੋਕਾਂ ਨੂੰ ਹੁਣ ਪੁਰਾਣੇ ਸਿੱਕੇ ਅਤੇ ਸ਼ਿਲਾ-ਲੇਖਾਂ ਦੀ ਖੋਜ ਦੀ ਤਰ੍ਹਾਂ ਕਹਾਵਤਾਂ ਦੀ ਖੋਜ ਅਤੇ ਅਧਿਐਨ ਵੀ ਚੰਗਾ ਲਗਦਾ ਹੈ। ਕਹਾਵਤਾਂ ਦੇ ਤੁਲਨਾਤਮਕ ਅਧਿਐਨ ਤੋਂ ਪੁਰਾਣੀ ਸੰਸਕ੍ਰਿਤੀ ਤੇ ਚੰਗਾ ਚਾਣਨਾ ਪੈਂਦਾ ਹੈ।
ਹ. ਪੁ.––ਹਿੰ. ਵਿ. ਕੋ. 2 : 408; ਲੋਕ ਆਖਦੇ ਹਨ-ਵਣਜਾਰਾ ਬੇਦੀ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3160, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-17, ਹਵਾਲੇ/ਟਿੱਪਣੀਆਂ: no
ਕਹਾਵਤ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਕਹਾਵਤ : ਇਹ ਸਾਹਿਤ ਦਾ ਸਭ ਤੋਂ ਪੁਰਾਣਾ ਰੂਪ ਹੈ। ਕਹਾਵਤਾਂ ਦੇ ਖਜ਼ਾਨੇ ਨੂੰ ਭਰਪੂਰ ਕਰਨ ਵਿਚ ਮਨੁੱਖ ਦੀਆਂ ਕਈ ਨਸਲਾਂ ਦੇ ਸੰਘਣੇ ਅਨੁਭਵ ਦਾ ਯੋਗਦਾਨ ਹੈ ਅਤੇ ਨਵੀਂ ਪੀੜ੍ਹੀ ਆਪਣੇ ਵਿਤ ਅਨੁਸਾਰ ਇਸ ਵਿਚ ਹਿੱਸਾ ਪਾਉਂਦੀ ਰਹਿੰਦੀ ਹੈ। ਅਖੌਤਾਂ ਵਿਚਲੇ 'ਸਦਾਚਾਰਕ' ਸੱਚ ਨੂੰ ਸਦਾਚਾਰ ਨੀਤੀ ਤੇ ਧਰਮ ਦੋਹਾਂ ਨੇ ਹੀ ਅਪਣਾ ਕੇ ਇਨ੍ਹਾਂ ਦੀ ਵਡਿਆਈ ਨੂੰ ਪਰਵਾਨ ਕੀਤਾ ਹੈ।
ਕਹਾਵਤ ਆਮ ਜਨਤਾ ਦੀ ਉਕਤੀ ਹੁੰਦੀ ਹੈ। ਲੋਕ ਇਸਨੂੰ ਆਪਣੀ ਕਰਕੇ ਮੰਨਦੇ ਹਨ।ਇਸ ਲਈ ਇਹ ਲੋਕੋਕਤੀ ਵੀ ਕਹਾਉਂਦੀ ਹੈ। ਵਿਦਵਾਨਾਂ ਨੇ ਕਹਾਵਤ ਦੀਆਂ ਅਨੇਕ ਪਰਿਭਾਸ਼ਾਵਾਂ ਦਿੱਤੀਆਂ ਹਨ ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਇਨ੍ਹਾਂ ਵਿਚ ਇਹ ਗੁਣ ਜ਼ਰੂਰ ਹੋਣੇ ਚਾਹੀਦੇ ਹਨ:-ਮਨੁੱਖੀ ਸੁਭਾਅ ਜਾਂ ਜੀਵਨ ਦੇ ਕਿਸੇ ਪੱਖ ਸਬੰਧੀ ਸੰਘਣੇ ਅਨੁਭਵ ਦੀ ਗੱਲ, ਸੰਖੇਪਤਾ ਅਤੇ ਬੋਲੀ ਦਾ ਸੰਜਮ, ਦਿਲ ਖਿੱਚਵੀਂ ਤੇ ਢੁਕਵੀਂ ਸ਼ੈਲੀ ਅਤੇ ਜਨ-ਸਧਾਰਨ ਦੀ ਪ੍ਰਵਾਨਗੀ ਪਰ ਸੱਚ ਤਾਂ ਇਹ ਹੈ ਕਿ ਕਿਸੇ ਉਕਤੀ ਵਿਚ ਚਾਹੇ ਕਿੰਨੇ ਵੀ ਗੁਣ ਕਿਉਂ ਨਾ ਹੋਣ ਜਦ ਤੱਕ ਇਹ ਲੋਕਾਂ ਦੀ ਉਕਤੀ ਨਹੀਂ ਬਣੇਗੀ, ਲੋਕੋਕਤੀ ਜਾਂ ਕਹਾਵਤ ਨਹੀਂ ਕਹਾ ਸਕੇਗੀ।
ਅਨੇਕਾਂ ਅਜਿਹੀਆਂ ਉਕਤੀਆਂ ਵੀ ਮਿਲਦੀਆਂ ਹਨ ਜਿਨ੍ਹਾਂ ਵਿਚ ਉਪਰਲੇ ਗੁਣ ਤਾਂ ਹੁੰਦੇ ਹਨ,ਪਰ ਲੋਕੋਕਤੀ ਦਾ ਜ਼ਰੂਰੀ ਗੁਣ ਲੋਕਪ੍ਰਿਯਤਾ ਇਨ੍ਹਾਂ ਵਿਚ ਨਹੀਂ ਹੁੰਦਾ ਜਿਸ ਕਾਰਨ ਇਹ ਲੋਕੋਕਤੀ ਦੇ ਤੌਰ ਤੇ ਨਹੀਂ ਵਰਤੀ ਜਾ ਸਕਦੀ। ਇਸ ਲਈ ਜਦੋਂ ਇਨ੍ਹਾਂ ਗੁਣਾਂ ਦਾ ਸਿਧਾਂਤ ਇਕਸਾਰ ਚੰਗੀਆਂ ਕਹਾਵਤਾਂ ਦੇ ਸਬੰਧ ਵਿਚ ਲਾਗੂ ਹੁੰਦਾ ਹੈ ਤਾਂ ਲੋਕਾਂ ਵਿਚ ਹਰਮਨ ਪਿਆਰੀ ਹੋਣਾ ਹੀ ਕਹਾਵਤ ਦਾ ਜ਼ਰੂਰੀ ਗੁਣ ਮੰਨਿਆ ਜਾਂਦਾ ਹੈ।
ਜੇਕਰ 'ਕਹਾਵਤ' ਸ਼ਬਦ ਸੰਸਕ੍ਰਿਤ ਦੇ ਕਿਸੇ ਸ਼ਬਦ ਤੋਂ ਭਾਰਤੀ ਭਾਸ਼ਾ ਵਿਚ ਆਇਆ ਹੈਤਾ 'ਕਥਾ-ਵਾਰਤਾ' ਇਕ ਅਜਿਹਾ ਸ਼ਬਦ ਹੈ ਜਿਸ ਨਾਲ ਉਸਦਾ ਨੇੜੇ ਦਾ ਸਬੰਧ ਹੈ। 'ਕਥਾ-ਵਾਰਤਾ' ਦੇ ਪ੍ਰਾਕ੍ਰਿਤਕ ਰੂਪ 'ਕਥਾਵਤ' ਦੀ ਧੁਨੀ ਅਤੇ ਅਰਥ ਦੋਨਾਂ ਦ੍ਰਿਸ਼ਟੀਆਂ ਤੋਂ ਕਹਾਵਤ ਦੇ ਬਹੁਤ ਨੇੜੇ ਹੈ।ਦੂਸਰੀ ਗੱਲ ਇਹ ਹੈ ਕਿ ਕਥਾ ਵਾਰਤਾ ਸ਼ਬਦ ਕਥਾਵਤ ਦੀ ਤਰ੍ਹਾਂ ਕੋਈ ਕਲਪਤ ਸ਼ਬਦ ਨਹੀਂ ਹੈ ਸਗੋਂ ਇਹ ਪ੍ਰਯੋਗ ਵਿਚ ਵੀ ਆਉਂਦਾ ਹੈ।
ਜੇਕਰ 'ਕਹਾਵਤ' ਸ਼ਬਦ ਆਪਣੇ ਸਮਾਨ ਸ਼ਬਦ 'ਲਿਖਾਵਟ' 'ਸਜਾਵਟ' ਦੇ ਬਰਾਬਰ 'ਕਹਾਵਟ' (ਕਹਾਵਤ) ਸ਼ਬਦ ਬਣ ਸਕਦਾ ਹੈ ਤਾਂ ਇਹ ਕੋਈ ਅਸੰਭਵ ਗੱਲ ਨਹੀਂ। ਇਥੇ ਇਹ ਵੀ ਗੱਲ ਦੱਸਣੀ ਜ਼ਰੂਰੀ ਹੈ ਕਿ ਰਾਜਸਥਾਨੀ ਭਾਸ਼ਾ ਵਿਚ ਕਥਨ ਦੇ ਅਰਥਾਂ ਵਿਚ 'ਕੁਵਾਵਟ' 'ਕਹਾਵਟ' ਆਦਿ ਸ਼ਬਦ ਆਮ ਬੋਲ ਚਾਲ ਵਿਚ ਮਿਲਦੇ ਹਨ। ਪ੍ਰੰਤੂ ਫਿਰ ਵੀ ਇਹ ਨਿਸ਼ਚੇ ਨਾਲ ਨਹੀਂ ਕਿਹਾ ਜਾ ਸਕਦਾ ਕਿ ਕਹਾਵਤ ਦਾ ਜਨਮ ਕਦੋਂ ਹੋਇਆ।
ਸੰਸਾਰ ਦੇ ਸਾਰੇ ਦੇਸ਼ਾਂ ਅਤੇ ਜ਼ਾਤਾਂ ਵਿਚ ਕਹਾਵਤ ਦਾ ਸਥਾਨ ਮਹੱਤਵਪੂਰਨ ਹੈ। ਸ਼ਾਇਦ ਹੀ ਕੋਈ ਅਜਿਹੀ ਭਾਸ਼ਾ ਹੋਵੇ ਜਿਸ ਵਿਚ ਕਹਾਵਤ ਦਾ ਪ੍ਰਯੋਗ ਨਾ ਹੋਇਆ ਹੋਵੇ। ਈਸਾ ਮਸੀਹ ਨੇ ਕਹਾਵਤਾਂ ਦੁਆਰਾ ਸਿੱਖਿਆ ਦਿੱਤੀ। ਗੌਤਮ ਬੁੱਧ ਨੇ ਆਪਣੇ ਉਪਦੇਸ਼ਾਂ ਲਈ 'ਜਾਤਕ ਕਥਾਵਾਂ' ਦਾ ਪ੍ਰਯੋਗ ਕੀਤਾ। ਅਰਸਤੂ ਵਰਗੇ ਦਾਰਸ਼ਨਿਕ ਨੇ ਵੀ ਸਭ ਤੋਂ ਪਹਿਲਾਂ ਕਹਾਵਤਾਂ ਇਕੱਤਰ ਕੀਤੀਆਂ।
ਕਹਾਵਤਾਂ ਦੇ ਅਧਿਐਨ ਦਾ ਮਹੱਤਵ ਦਿਨ ਪ੍ਰਤਿ ਦਿਨ ਵਧਦਾ ਜਾਂਦਾ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2411, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-19-02-46-56, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਲੋ. ਵਿ. ਕੋ; ਪੰ. ਸਾ. ਸੰ. ਕੋ.
ਕਹਾਵਤ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਹਾਵਤ, ਇਸਤਰੀ ਲਿੰਗ : ਕਹਾਉਤ, ਅਖੌਤ, ਅਖਾਣ, ਜ਼ਰਬੁਲ ਮਸਲ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 969, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-07-02-38-53, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
ਤੁਸੀਂ ਵਿਚਾਰਾਂ ਨੂੰ ਪੜ੍ਹਦੇ ਹੋ ਕਿ ਨਹੀਂ?
Komal Brar,
( 2023/09/16 10:2254)
Please Login First