ਕਾਮਾਗਾਟਾ ਮਾਰੂ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਮਾਗਾਟਾ ਮਾਰੂ: ਇਕ ਜਾਪਾਨੀ ਮਾਲ-ਵਾਹਕ ਜਹਾਜ਼ ਜਿਸ ਨੂੰ ਗੁਰੂ ਨਾਨਕ ਜਹਾਜ਼ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਜਹਾਜ਼ ਇਕ ਹਿੰਮਤੀ ਸਿੱਖ ਵਪਾਰੀ ਬਾਬਾ ਗੁਰਦਿਤ ਸਿੰਘ (1860-1954) ਦੁਆਰਾ ਭਾਰਤੀਆਂ ਦੇ ਇਕ ਦਲ ਨੂੰ ਹਾਂਗਕਾਂਗ ਤੋਂ ਕਨੇਡਾ ਲਿਜਾਣ ਲਈ ਚਲਾਇਆ ਗਿਆ ਸੀ। ਇਹ ਕੰਮ ਨਵੇਂ ਕਨੇਡੀਅਨ ਪਰਵਾਸੀ ਨਿਯਮਾਂ ਨੂੰ ਝਾਂਸਾ ਦੇਣ ਲਈ ਕੀਤਾ ਗਿਆ ਸੀ ਜਿਸ ਦਾ ਉਦੇਸ਼ ਭਾਰਤੀਆਂ ਦੀ ਆਮਦ ਨੂੰ ਰੋਕਣਾ ਸੀ। ਇਸ ਨਿਯਮ ਅਨੁਸਾਰ ਏਸ਼ੀਆ ਤੋਂ ਕਨੇਡਾ ਆਉਣ ਵਾਲਿਆਂ ਲਈ ਜ਼ਰੂਰੀ ਕਰ ਦਿੱਤਾ ਗਿਆ ਸੀ ਕਿ ਉਹ ਆਪਣੇ ਜਨਮ ਜਾਂ ਨਾਗਰਿਕਤਾ ਵਾਲੇ ਦੇਸ ਤੋਂ ਟਿਕਟਾਂ ਲੈ ਕੇ ਸਿੱਧੇ ਤੌਰ ਤੇ ਕਨੇਡਾ ਪਹੁੰਚਣ। ਪਰਵਾਸੀ ਪ੍ਰਬੰਧ ਨੂੰ ਸਖ਼ਤ ਕਰਨ ਦੇ ਮੱਦੇਨਜ਼ਰ ਜਹਾਜ਼ਰਾਨੀ ਕੰਪਨੀਆਂ ਨੇ ਕਨੇਡਾ ਅਤੇ ਹਾਂਗਕਾਂਗ ਤੋਂ ਆਉਣ ਵਾਲੇ ਭਾਰਤੀਆਂ ਨੂੰ ਟਿਕਟਾਂ ਦੇਣ ਤੋਂ ਸੰਕੋਚ ਕਰਨਾ ਸ਼ੁਰੂ ਕਰ ਦਿੱਤਾ ਸੀ। ਹਾਂਗਕਾਂਗ ਵਿਖੇ ਭਾਰੀ ਗਿਣਤੀ ਵਿਚ ਭਾਰਤੀ, ਜਿਨ੍ਹਾਂ ਵਿਚੋਂ ਬਹੁ-ਗਿਣਤੀ ਪੰਜਾਬੀ ਸਿੱਖਾਂ ਦੀ ਸੀ, ਜਮ੍ਹਾਂ ਹੋ ਗਏ ਸਨ ਜਿਹੜੇ ਕਿਸੇ ਨਾ ਕਿਸੇ ਤਰੀਕੇ ਕਨੇਡਾ ਪਹੁੰਚਣ ਦੀ ਆਸ ਲਾਈ ਬੈਠੇ ਸਨ। ਇਹ ਲੋਕ ਕਨੇਡਾ ਜਾਣ ਨੂੰ ਖ਼ੁਸ਼ਹਾਲੀ ਦਾ ਰਾਹ ਸਮਝਦੇ ਸਨ। ਉਹਨਾਂ ਦੀ ਇਸ ਦਸ਼ਾ ਨੇ ਗੁਰਦਿਤ ਸਿੰਘ ਦਾ ਧਿਆਨ ਖਿੱਚਿਆ। ਉਸ ਨੇ ਸਿੰਗਾਪੁਰ ਨੂੰ ਆਪਣਾ ਹੈਡਕੁਆਟਰ ਬਣਾ ਕੇ ਕਨੇਡਾ ਸਰਕਾਰ ਦੀਆਂ ਪਾਬੰਦੀਆਂ ਨੂੰ ਪਰਖਣ ਦਾ ਫ਼ੈਸਲਾ ਕੀਤਾ। ਇਸ ਨੇ ਗੁਰੂ ਨਾਨਕ ਨੇਵੀਗੇਸ਼ਨ ਕੰਪਨੀ ਬਣਾਈ ਅਤੇ ਕਾਮਾਗਾਟਾ ਮਾਰੂ ਨਾਂ ਦਾ ਜਾਪਾਨੀ ਜਹਾਜ਼ ਕਿਰਾਏ ਤੇ ਲੈ ਲਿਆ। ਇਸ ਦਾ ਉਦੇਸ਼ ਵੈਨਕੂਵਰ ਤਕ ਅਤੇ ਉੱਥੋਂ ਵਾਪਸ ਕਲਕੱਤੇ ਤਕ ਅਜਮਾਇਸ਼ ਵਜੋਂ ਸਫ਼ਰ ਕਰਨਾ ਸੀ। ਜੇ ਇਹ ਪ੍ਰੀਖਿਆ ਸਫ਼ਲ ਹੋ ਜਾਂਦੀ ਹੈ ਤਾਂ ਉਸ ਦਾ ਵਿਚਾਰ ਕਲਕੱਤਾ ਅਤੇ ਵੈਨਕੂਵਰ ਬੰਦਰਗਾਹਾਂ ਵਿਚਕਾਰ ਸਥਾਈ ਤੌਰ ‘ਤੇ ਜਹਾਜ਼ ਦੀ ਯਾਤਰਾ ਅਰੰਭ ਕਰਨ ਦਾ ਸੀ। ਸਾਰੇ ਹਵਾਲਿਆਂ ਅਨੁਸਾਰ, ਜਦੋਂ ਇਹ ਐਲਾਨ ਕੀਤਾ ਗਿਆ ਕਿ ਸਮੁੰਦਰੀ ਜਹਾਜ਼ ਕਨੇਡਾ ਜਾ ਰਿਹਾ ਹੈ ਤਾਂ ਇਸ ਦੀਆਂ ਸਾਰੀਆਂ 500 ਸੀਟਾਂ ਭਰ ਗਈਆਂ ਸਨ। ਪਰੰਤੂ ਜਦੋਂ ਹਾਂਗਕਾਂਗ ਅਧਿਕਾਰੀਆਂ ਨੇ ਗੁਰਦਿਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਤਾਂ ਜਾਣ ਵਾਲੇ ਦੋ ਤਿਹਾਈ ਸੰਭਾਵਿਤ ਯਾਤਰੂਆਂ ਨੇ ਨਾ ਜਾਣ ਦਾ ਫ਼ੈਸਲਾ ਕਰ ਲਿਆ। ਗੁਰਦਿਤ ਸਿੰਘ ਨੂੰ ਤਿੰਨ ਦਿਨ ਹਿਰਾਸਤ ਵਿਚ ਰੱਖਣ ਤੋਂ ਬਾਅਦ ਛੱਡ ਦਿੱਤਾ ਗਿਆ। ਸਮੁੰਦਰੀ ਜਹਾਜ਼ 4 ਅਪ੍ਰੈਲ 1914 ਨੂੰ ਹਾਂਗਕਾਂਗ ਤੋਂ ਚੱਲ ਪਿਆ ਅਤੇ ਸ਼ੰਘਾਈ, ਮੋਜੀ ਅਤੇ ਯੋਕੋਹਾਮਾ ਤੋਂ ਯਾਤਰੂ ਚੜ੍ਹਾਉਣ ਲਈ ਰਾਹ ਵਿਚ ਰੁਕਿਆ। ਜਦੋਂ 23 ਮਈ 1914 ਨੂੰ ਕਾਮਾਗਾਟਾ ਮਾਰੂ ਵੈਨਕੂਵਰ ਪਹੁੰਚਿਆ ਤਾਂ ਜਹਾਜ਼ ਵਿਚ 376 ਭਾਰਤੀ ਸਵਾਰ ਸਨ, ਜਿਨ੍ਹਾਂ ਵਿਚੋਂ ਕੇਵਲ 30 ਗ਼ੈਰ-ਸਿੱਖ ਸਨ।

      ਬ੍ਰਿਟਿਸ਼ ਕੋਲੰਬੀਆ ਦੇ ਅਖ਼ਬਾਰਾਂ ਨੇ ਕਾਮਾਗਾਟਾ ਮਾਰੂ ਦੀ ਆਮਦ ਨੂੰ “ਪੂਰਬ ਵੱਲੋਂ ਹਮਲੇ ਦੀ ਚੜ੍ਹਾਈ” ਵਜੋਂ ਪੇਸ਼ ਕੀਤਾ ਸੀ। ਜਦੋਂ ਇਹ ਜਹਾਜ਼ ਕਨੇਡਾ ਦੇ ਪਾਣੀਆਂ ਵਿਚ ਪਹੁੰਚਿਆਂ ਤਾਂ ਇਸ ਦੀ ਘੇਰਾਬੰਦੀ ਕਰ ਲਈ ਗਈ ਅਤੇ ਕਨੇਡਾ ਦੀ ਨਾਗਰਿਕਤਾ ਸਿੱਧ ਕਰ ਸਕਣ ਵਾਲੇ ਸਿਰਫ਼ 22 ਯਾਤਰੀਆਂ ਨੂੰ ਉਤਰਨ ਦੀ ਆਗਿਆ ਦਿੱਤੀ ਗਈ। ਗੁਰਦਿਤ ਸਿੰਘ ਉੱਪਰ ਜ਼ੋਰ ਪਾਇਆ ਗਿਆ ਕਿ ਉਹ ਜਹਾਜ਼ ਦਾ ਬਕਾਇਆ ਕਿਰਾਇਆ ਅਦਾ ਕਰੇ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿਚ ਜਹਾਜ਼ ਜ਼ਬਤ ਕਰ ਲਿਆ ਜਾਵੇਗਾ। ਗੁਰਦਿਤ ਸਿੰਘ ਦਾ ਇਤਰਾਜ਼ ਸੀ ਕਿ ਉਹ ਕਿਰਾਇਆ ਤਾਂ ਹੀ ਦੇ ਸਕਦਾ ਹੈ ਜੇਕਰ ਉਹ ਯਾਤਰੂਆਂ ਨਾਲ ਉਹਨਾਂ ਨੂੰ ਕਨੇਡਾ ਪਹੁੰਚਾਉਣ ਦਾ ਸਮਝੌਤਾ ਪੂਰਾ ਕਰੇ ਅਤੇ ਜਹਾਜ਼ ਵਿਚ ਲਿਆਂਦਾ ਮਾਲ ਵੀ ਉਤਾਰ ਕੇ ਵੇਚ ਸਕੇ। ਪਰੰਤੂ ਉਸ ਦੀ ਗੱਲ ਨੂੰ ਅਣਸੁਣਿਆ ਕਰ ਦਿੱਤਾ ਗਿਆ। ਕਨੇਡਾ ਰਹਿੰਦੇ ਸਿੱਖਾਂ ਨੇ ਜਹਾਜ਼ ਦਾ ਕਿਰਾਇਆ ਦੇਣ ਲਈ 22,000 ਡਾਲਰ ਇਕੱਠੇ ਕੀਤੇ। ਉਹਨਾਂ ਨੇ ਕਨੇਡਾ ਦੀ ਸਰਕਾਰ ਅਤੇ ਲੋਕਾਂ ਨੂੰ ਨਿਆਂ ਦੀ ਅਪੀਲ ਕੀਤੀ। ਬਾਦਸ਼ਾਹ ਕਨਾਟ ਦੇ ਡਿਊਕ, ਵਾਇਸਰਾਇ ਅਤੇ ਭਾਰਤ ਅਤੇ ਇੰਗਲੈਂਡ ਦੇ ਲੀਡਰਾਂ ਨੂੰ ਤਾਰਾਂ ਭੇਜੀਆਂ ਗਈਆਂ। ਕਾਮਾਗਾਟਾ ਮਾਰੂ ਦੇ ਯਾਤਰੂਆਂ ਨਾਲ ਹਮਦਰਦੀ ਪ੍ਰਗਟ ਕਰਨ ਲਈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਜਨਤਿਕ ਇਕੱਤਰਤਾਵਾਂ ਹੋਈਆਂ। ਅਖੀਰ ਵੈਨਕੂਵਰ ਦੇ ਸਿੱਖਾਂ ਦੀ ਇਕ ਕਮੇਟੀ ਕਾਮਾਗਾਟਾ ਮਾਰੂ ਦਾ ਕੇਸ ਅਦਾਲਤ ਵਿਚ ਲੈ ਗਈ। ਸੁਪਰੀਮ ਕੋਰਟ ਦੇ ਪੂਰੇ ਬੈਂਚ ਨੇ ਫ਼ੈਸਲਾ ਕੀਤਾ ਕਿ ਨਵੇਂ ਆਦੇਸ਼ ਜੁਡੀਸ਼ੀਅਲ ਟ੍ਰਿਬਿਊਨਲ ਨੂੰ ਪ੍ਰਵਾਸੀ ਵਿਭਾਗ ਦੇ ਫ਼ੈਸਲਿਆਂ ਵਿਚ ਦਖ਼ਲ ਦੇਣ ਤੋਂ ਵਰਜਦੇ ਹਨ। ਯਾਤਰੂਆਂ ਨੇ ਜਹਾਜ਼ ਦੇ ਜਾਪਾਨੀ ਅਮਲੇ ਤੋਂ ਜਹਾਜ਼ ਦਾ ਕੰਟਰੋਲ ਆਪਣੇ ਹੱਥ ਵਿਚ ਲੈ ਲਿਆ ਅਤੇ ਹੇਠਾਂ ਉਤਰਨ ਤੋਂ ਇਨਕਾਰ ਕਰ ਦਿੱਤਾ। ਇਕ ਜੰਗੀ ਜਹਾਜ਼ ਨੇ ਉਹਨਾਂ ‘ਤੇ ਗੋਲੀ ਚਲਾਉਣ ਦੀ ਧਮਕੀ ਦਿੱਤੀ। ਦੋ ਮਹੀਨੇ ਸਮੁੰਦਰ ਵਿਚ ਰੁਕਣ ਤੋਂ ਬਾਅਦ ਕਾਮਾਗਾਟਾ ਮਾਰੂ ਕਨੇਡਾ ਦੇ ਪਾਣੀਆਂ ਤੋਂ ਬਾਹਰ ਸ਼ਾਂਤ ਮਹਾਂਸਾਗਰ ਵਿਚ ਚੱਲਾ ਗਿਆ। ਇਹ ਸਮਾਂ ਯਾਤਰੂਆਂ ਲਈ ਬੇਹੱਦ ਕਸ਼ਟ ਭਰਪੂਰ ਸੀ।

      ਕਾਮਾਗਾਟਾ ਮਾਰੂ ਦੇ ਯਾਤਰੂਆਂ ਦੀਆਂ ਮੁਸੀਬਤਾਂ ਅਜੇ ਵੀ ਖ਼ਤਮ ਨਹੀਂ ਸਨ ਹੋਈਆਂ। ਬਹੁਤ ਸਾਰੇ ਯਾਤਰੂਆਂ ਦੇ ਘਰ ਹਾਂਗਕਾਂਗ ਜਾਂ ਸਿੰਗਾਪੁਰ ਵਿਖੇ ਸਨ ਪਰ ਕਿਸੇ ਵੀ ਯਾਤਰੂ ਨੂੰ ਉੱਥੇ ਉਤਰਨ ਦੀ ਆਗਿਆ ਨਹੀਂ ਦਿੱਤੀ ਗਈ। ਸਰਕਾਰ ਦੀਆਂ ਨਜ਼ਰਾਂ ਵਿਚ ਸਿੱਖ ਬਾਗ਼ੀ ਬਣ ਗਏ ਸਨ। ਅਖੀਰ ਜਹਾਜ਼ 29 ਸਤੰਬਰ 1914 ਨੂੰ ਕਲਕੱਤੇ ਕੋਲ ਬਜ-ਬਜ ਘਾਟ ਤੇ ਪਹੁੰਚਿਆ ਤਾਂ ਪੁਲਿਸ ਨੇ ਇਸ ਦੀ ਤਲਾਸ਼ੀ ਲਈ ਪਰ ਕੋਈ ਵੀ ਹਥਿਆਰ ਨਾ ਮਿਲਿਆ। ਯਾਤਰੂਆਂ ਨੂੰ ਇਕ ਗੱਡੀ ਵਿਚ ਸਵਾਰ ਹੋਣ ਦਾ ਹੁਕਮ ਦਿੱਤਾ ਗਿਆ ਜਿਸ ਨੇ ਉਹਨਾਂ ਨੂੰ ਪੰਜਾਬ ਲੈ ਕੇ ਜਾਣਾ ਸੀ। ਸਿੱਖ ਯਾਤਰੂਆਂ ਨੇ ਸਰਕਾਰ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਸਿਰ ‘ਤੇ ਚੁੱਕ ਕੇ ਜਲੂਸ ਦੀ ਸ਼ਕਲ ਵਿਚ ਕਲਕੱਤੇ ਦੇ ਬਜ਼ਾਰ ਵੱਲ ਚੱਲ ਪਏ। ਅੰਗਰੇਜ਼ ਪੁਲਿਸ ਅਤੇ ਫ਼ੌਜ ਸਾਮ੍ਹਣੇ ਆਈ ਅਤੇ ਉਹਨਾਂ ਨੂੰ ਵਾਪਸ ਰੇਲਵੇ ਸਟੇਸ਼ਨ ਵੱਲ ਜਾਣ ਲਈ ਮਜਬੂਰ ਕਰਨ ਲੱਗੀ। ਸ਼ਾਮ ਦੇ ਸਮੇਂ ਸਿੱਖ ਯਾਤਰੀ ਨਿਤਨੇਮ ਵਜੋਂ ਰਹਿਰਾਸ ਸਾਹਿਬ ਦਾ ਪਾਠ ਕਰ ਰਹੇ ਸਨ। ਜਦੋਂ ਕੁਝ ਯੂਰੋਪੀ ਸਾਰਜੈਂਟਾਂ ਨੇ ਜ਼ੋਰ- ਜ਼ਬਰਦਸਤੀ ਨਾਲ ਉਹਨਾਂ ਨੂੰ ਪਾਠ ਕਰਨ ਤੋਂ ਰੋਕਣ ਦਾ ਯਤਨ ਕੀਤਾ ਤਾਂ ਉਹਨਾਂ ਵਿਚਕਾਰ ਆਪਸੀ ਝੜਪ ਹੋ ਗਈ। 19 ਸਿੱਖ, ਦੋ ਯੂਰੋਪੀਨ ਅਫ਼ਸਰ ਅਤੇ ਪੰਜਾਬ ਪੁਲਿਸ ਦੇ ਦੋ ਸਿਪਾਹੀ ਇਸ ਘਟਨਾ ਵਿਚ ਮਾਰੇ ਗਏ ਅਤੇ ਹੋਰ ਬਹੁਤ ਸਾਰੇ ਜ਼ਖ਼ਮੀ ਹੋ ਗਏ ਸਨ। ਗੁਰਦਿਤ ਸਿੰਘ ਅਤੇ ਉਸਦੇ 28 ਸਾਥੀ ਬਚ ਨਿਕਲੇ ਸਨ। ਬਾਕੀਆਂ ਨੂੰ ਗ੍ਰਿਫ਼ਤਾਰ ਕਰ ਕੇ ਪੰਜਾਬ ਭੇਜ ਦਿੱਤਾ ਗਿਆ ਜਿੱਥੇ ਉਹਨਾਂ ਵਿਚੋਂ 200 ਤੋਂ ਵੱਧ ਨੂੰ ਪ੍ਰਵੇਸ਼ ਆਰਡੀਨੈਂਸ ਤਹਿਤ ਨਜ਼ਰਬੰਦ ਕਰ ਦਿੱਤਾ ਗਿਆ। ਕਾਮਾਗਾਟਾ ਮਾਰੂ ਦੇ ਯਾਤਰੀਆਂ ਦੇ ਸੂਰਮਗਤੀ ਵਾਲੇ ਕਾਰਨਾਮਿਆਂ ਅਤੇ ਉਹਨਾਂ ਦੇ ਮੁਕੱਦਮਿਆਂ ਨੇ ਸਮੁੱਚੇ ਭਾਰਤੀ ਰਾਸ਼ਟਰ ਦੀ ਪ੍ਰਸੰਸਾ ਅਤੇ ਹਮਦਰਦੀ ਹਾਸਲ ਕਰ ਲਈ ਸੀ।


ਲੇਖਕ : ੲ.ਸੀ.ਬ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6480, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਾਮਾਗਾਟਾ ਮਾਰੂ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਾਮਾਗਾਟਾ ਮਾਰੂ : ਇਹ ਇਕ ਜਾਪਾਨੀ ਸਮੁੰਦਰੀ ਮੁਸਾਫ਼ਰ ਜਹਾਜ਼ ਸੀ ਜਿਸ ਨੂੰ ਇਕ ਸਿੱਖ ਨੇਤਾ ਸ੍ਰ. ਗੁਰਦਿੱਤ ਸਿੰਘ ਨੇ 6 ਮਹੀਨੇ ਲਈ ਕਿਰਾਏ ਤੇ ਲਿਆ ਹੋਇਆ ਸੀ। ਸ੍ਰ. ਗੁਰਦਿੱਤ ਸਿੰਘ, ਜਿਸ ਨੂੰ ਬਾਬਾ ਗੁਰਦਿੱਤ ਸਿੱਘ ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ, ਉਨ੍ਹਾਂ ਕ੍ਰਾਂਤੀਕਾਰੀ ਗਦਰੀ ਬਾਬਿਆਂ ਵਿਚੋਂ ਸੀ ਜਿਹੜੇ ਭਾਰਤ ਨੂੰ ਅੰਗਰੇਜ਼ਾਂ ਦੀ ਗ਼ੁਲਾਮੀ ਤੋਂ ਮੁਕਤ ਕਰਾਉਣਾ ਚਾਹੁੰਦੇ ਸਨ ਅਤੇ ਜਿਨ੍ਹਾਂ ਨੇ ਭਾਰਤ ਦੇ ਗਲ ਵਿਚੋਂ ਇਸ ਗ਼ੁਲਾਮੀ ਦੀ ਜ਼ੰਜੀਰ ਨੂੰ ਲਾਹੁਣ ਲਈ ਆਪਣਾ ਸੱਭ ਕੁਝ ਨਿਛਾਵਰ ਕਰ ਦਿਤਾ ਸੀ।

          ਇਸ ਜਹਾਜ਼ ਨੇ ਭਾਰਤ ਤੋਂ ਕੈਨੇਡਾ ਤਕ ਸਫ਼ਰ ਕਰਨਾ ਸੀ ਅਤੇ ਅੰਗਰੇਜ਼ ਸਰਕਾਰ ਦੁਆਰਾ ਭਾਰਤੀਆਂ ਦੇ ਕੈਨੇਡਾ ਵਿਚ ਦਾਖ਼ਲ ਹੋਣ ਤੇ ਲਾਈ ਗਈ ਬੰਦਸ਼ ਦਾ ਵਿਰੋਧ ਕਰਨਾ ਸੀ। ਇਸ ਜਹਾਜ਼ ਵਿਚ ਭਾਰਤ, ਹਾਂਗਕਾਂਗ, ਸਿੰਘਾਈ, ਕੋਬੇ ਅਤੇ ਯੋਕੋਹੋਮਾ ਤੋਂ ਬੈਠੇ ਕੁਲ 376 ਮੁਸਾਫ਼ਰ ਸਨ ਜਿਨ੍ਹਾਂ ਵਿਚੋਂ 30 ਨੂੰ ਛੱਡ ਕੇ ਬਾਕੀ ਦੇ ਸਾਰੇ ਸਿੱਖ ਸਨ।

          ਜਦੋਂ ਇਹ ਜਹਾਜ਼ ਕੈਨੇਡਾ ਦੇ ਕੰਢੇ ਲੱਗਿਆ ਤਾਂ ਉਥੋਂ ਦੀ ਸਰਕਾਰ ਨੇ ਕੇਵਲ 22 ਵਿਅਕਤੀਆਂ ਨੂੰ, ਜਿਹੜੇ ਕੈਨੇਡਾ ਦੀ ਨਾਗਰਿਕਤਾ ਸਾਬਤ ਕਰ ਸਕੇ, ਉਥੇ ਉਤਰਨ ਦਿਤਾ ਅਤੇ ਬਾਕੀ ਸਾਰਿਆਂ ਨੂੰ ਵਾਪਸ ਜਾਣ ਲਈ ਕਿਹਾ। ਇਸ ਦੇ ਨਾਲ ਹੀ ਸ੍ਰ. ਗੁਰਦਿੱਤ ਸਿੰਘ ਤੇ ਜ਼ੋਰ ਪਾਇਆ ਕਿ ਉਹ ਇਕ ਦੱਮ ਪੂਰਾ ਕਿਰਾਇਆ ਭਰ ਦੇਵੇ ਨਹੀਂ ਤਾਂ ਵਾਪਸ ਹਾਂਗਕਾਂਗ ਪਰਤ ਜਾਵੇ। ਸ੍ਰ. ਗੁਰਦਿੱਤ ਸਿੰਘ ਦੀ ਇਸ ਗੱਲ ਵੱਲ ਕਿ ਉਹ ਮੁਸਾਫ਼ਰਾਂ ਨੂੰ ਕੈਨੇਡਾ ਵਿਚ ਉਤਾਰਕੇ ਅਤੇ ਮਾਲ ਵੇਚਕੇ ਹੀ ਕਿਰਾਇਆ ਭਰ ਸਕੇਗਾ, ਕੋਈ ਧਿਆਨ ਨਾ ਦਿਤਾ ਗਿਆ।

          ਇਸ ਝਗੜੇ ਦਾ ਕੋਈ ਹਲ ਨਾ ਹੁੰਦਾ ਵੇਖਕੇ ਕੈਨੇਡਾ ਦੇ ਸਿੱਖ ਮਜ਼ਦੂਰਾਂ ਨੇ 22,000 ਡਾਲਰ ਕਿਰਾਇਆ ਦੇਣ ਲਈ ਇਕੱਠੇ ਕੀਤੇ ਅਤੇ ਕੈਨੇਡਾ ਸਰਕਾਰ ਤੋਂ ਨਿਆਂ ਦੀ ਮੰਗ ਕੀਤੀ। ਉਨ੍ਹਾਂ ਨੇ ਬਾਦਸ਼ਾਹ, ਵਾਇਸਰਾਏ ਅਤੇ ਭਾਰਤ ਅਤੇ ਇੰਗਲੈਂਡ ਵਿਚ ਭਾਰਤੀ ਨੇਤਾਵਾਂ ਨੂੰ ਤਾਰਾਂ ਭੇਜੀਆਂ। ਪੰਜਾਬ ਦੇ ਕਈ ਸ਼ਹਿਰਾਂ ਵਿਚ ਆਮ ਜਲਸੇ ਕੀਤੇ ਗਏ। ਮਿਸਿਜ਼ ਐਨੀ ਬਸੰਤ ਨੇ ਅੰਗਰੇਜ਼ੀ ਪ੍ਰੈੱਸ ਵਿਚ ਮਾਮਲਾ ਉਠਇਆ। ਬਰਤਾਨਵੀ, ਭਾਰਤੀ ਅਤੇ ਕੈਨੇਡਾ ਦੀ ਸਰਕਾਰ ਨੇ ਇਸ ਮਾਮਲੇ ਵਲ ਕੋਈ ਧਿਆਨ ਨਾ ਦਿਤਾ।

          ਵੈਨਕੂਵਰ ਦੇ ਸਿੱਖਾਂ ਦੀ ਸ਼ੋਰ-ਕਮੇਟੀ ਨੇ ਇਹ ਮਾਮਲਾ ਅਦਾਲਤ ਤਕ ਪਹੁੰਚਾਇਆ। ਸੁਪਰੀਮ ਕੋਰਟ ਦੇ ਸਾਰੇ ਜੱਜਾਂ ਨੇ ਇਹ ਫ਼ੈਸਲਾ ਦਿਤਾ ਕਿ ਆਵਾਜ ਵਿਭਾਗ ਦੇ ਫ਼ੈਸਲੇ ਵਿਚ ਦਖ਼ਲ ਨਹੀਂ ਦਿਤਾ ਜਾ ਸਕਦਾ। ਜਹਾਜ਼ ਦੇ ਮੁਸਾਫਰਾਂ ਨੇ ਇਸ ਫ਼ੈਸਲੇ ਦੀ ਸੂਚਨਾ ਮਿਲਣ ਤੇ ਜਾਪਾਨੀ ਅਮਲੇ ਤੋਂ ਜਹਾਜ਼ ਆਪਣੇ ਕਬਜ਼ੇ ਵਿਚ ਕਰ ਲਿਆ ਅਤੇ ਇਸ ਵਿਚੋਂ ਬਾਹਰ ਆਉਣ ਤੋਂ ਇਨਕਾਰ ਕਰ ਦਿਤਾ। ਜਦੋਂ ਉਨ੍ਹਾਂ ਨੂੰ ਫ਼ੌਜੀ ਕਾਰਵਾਈ ਕੀਤੇ ਜਾਣ ਦੀ ਧਮਕੀ ਦਿਤੀ ਗਈ ਤਾਂ ਉਨ੍ਹਾਂ ਨੇ ਜਹਾਜ਼ ਤੋਂ ਬਾਹਰ ਆਉਣਾ ਮੰਨ ਲਿਆ। ਦੋ ਮਹੀਨੇ ਪਿਛੋਂ ਜਹਾਜ਼ ਸ਼ਾਂਤ ਮਹਾਂਸਾਗਰ ਰਾਹੀਂ ਵਾਪਸ ਹਾਂਗਕਾਂਗ ਨੂੰ ਚਲ ਪਿਆ।

          ਕਾਮਾਗਾਟਾ ਮਾਰੂ ਦੇ ਮੁਸਾਫ਼ਰਾਂ ਨੂੰ ਹਾਂਗਕਾਂਗ ਅਤੇ ਸਿੰਘਾਪੁਰ ਵਿਚ ਵੀ ਨਾ ਉਤਰਨ ਦਿਤਾ ਗਿਆ ਭਾਵੇਂ ਉਨ੍ਹਾਂ ਵਿਚੋਂ ਕਈਆਂ ਦੇ ਉਥੇ ਘਰ ਵੀ ਸਨ। ਅੰਤ ਨੂੰ ਇਹ ਜਹਾਜ਼ ਹੁਗਲੀ ਦੇ ਮੁਹਾਦੇ ਤੇ ਪਹੁੰਚਿਆ ਅਤੇ ਬੱਜ-ਬੱਜ ਦੀ ਬੰਦਰਗਾਹ ਤੇ ਆ ਲੱਗਾ। ਇਥੇ ਪੁਲਿਸ ਨੇ ਇਸ ਦੀ ਪੂਰੀ ਤਲਾਸ਼ੀ ਲਈ ਪਰੰਤੂ ਇਸ ਵਿਚੋਂ ਕੋਈ ਵੀ ਇਤਰਾਜ਼ ਯੋਗ ਵਸਤੂ ਨਾ ਪ੍ਰਾਪਤ ਹੋਈ। ਮੁਸਾਫ਼ਰਾਂ ਨੂੰ ਪੰਜਾਬ ਜਾਣ ਲਈ ਰੇਲ ਗੱਡੀ ਵਿਚ ਬੈਠਣ ਲਈ ਕਿਹਾ ਗਿਆ। ਸਿੱਖ ਮੁਸਾਫ਼ਰਾਂ ਨੇ ਇਹ ਹੁਕਮ ਮੰਨਣ ਤੋਂ ਇਨਕਾਰ ਕਰ ਦਿਤਾ ਅਤੇ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਦੀ ਅਗਵਾਈ ਵਿਚ ਜਲੂਸ ਦੇ ਰੂਪ ਵਿਚ ਇਕੱਠੇ ਪੈਦਲ ਚਲ ਪਏ। ਪੁਲਿਸ ਅਤੇ ਮਿਲਟਰੀ ਦੀ ਇਕ ਟੁਕੜੀ ਨੇ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਤੇ ਗੋਲੀ ਚਲਾਈ। 18 ਮੁਸਾਫ਼ਰ ਮਾਰੇ ਗਏ ਅਤੇ 25 ਜ਼ਖਮੀ ਹੋ ਗਏ। ਸ੍ਰ. ਗੁਰਦਿੱਤ ਸਿੰਘ ਅਤੇ ਉਸਦੇ 28 ਸਾਥੀ ਉਥੋਂ ਬਚ ਨਿਕਲੇ। ਬਾਕੀ ਸਾਰੇ ਮੁਸਾਫ਼ਰਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਬਾਬਾ ਗੁਰਦਿੱਤ ਸਿੰਘ ਲਗਭਗ ਛੇ ਸਾਲ ਰੂਹਪੋਸ਼ ਰਹੇ ਅਤੇ 1920 ਵਿਚ ਮਹਾਤਮਾ ਗਾਂਧੀ ਦੀ ਸਲਾਹ ਤੇ ਉਨ੍ਹਾਂ ਨੇ ਆਪਣੇ ਆਪ ਨੂੰ ਸਰਕਾਰ ਦੇ ਸਾਹਮਣੇ ਪੇਸ਼ ਕਰ ਦਿਤਾ। ਉਨ੍ਹਾਂ ਨੂੰ 5 ਸਾਲ ਦੀ ਸਜ਼ਾ ਦੇ ਦਿਤੀ ਗਈ। ਸੰਨ 1954 ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ।

          ਹ. ਪੁ.––ਹਿ. ਸਿ.––ਖੁਸ਼ਵੰਤ ਸਿੰਘ 2 : 178;

          ਡਿ. ਨੈ. ਬਾ. 2 : 123


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4576, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-24, ਹਵਾਲੇ/ਟਿੱਪਣੀਆਂ: no

ਕਾਮਾਗਾਟਾ ਮਾਰੂ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਕਾਮਾਗਾਟਾ ਮਾਰੂ :    ਭਾਰਤ ਦੀ ਆਜ਼ਾਦੀ ਲਈ ਕਈ ਅੰਦੋਲਨ ਅਤੇ ਲਹਿਰਾਂ ਚੱਲੀਆਂ। ਅਮਰੀਕਾ ਵਿਚ ਸ਼ੁਰੂ ਹੋਈ ਗ਼ਦਰ ਲਹਿਰ ਵਿਚ ਕਾਮਾਗਾਟਾ ਮਾਰੂ ਜਹਾਜ਼ ਦੀ ਯਾਤਰਾ ਬਹੁਤ ਮਹੱਤਵਪੂਰਨ ਘਟਨਾ ਹੈ।

      ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਸਰਹਾਲੀ ਦਾ ਨਿਵਾਸੀ ਬਾਬਾ ਗੁਰਦਿੱਤ ਸਿੰਘ ਮਲਾਇਆ ਵਿਚ ਠੇਕੇਦਾਰੀ ਕਰਦਾ ਸੀ। ਉਸ ਨੂੰ ਪਤਾ ਲੱਗਾ ਕਿ ਕੈਨੇਡਾ ਜਾਣ ਲਈ ਉੱਥੋਂ ਦੀ ਸਰਕਾਰ ਨੇ ਕਾਨੂੰਨ ਨਰਮ ਕਰ ਦਿੱਤੇ ਹਨ। 5 ਜਨਵਰੀ, 1914 ਨੂੰ ਬਾਬਾ ਹਾਂਗ ਕਾਂਗ ਪੁੱਜ ਗਿਆ ਅਤੇ ਉੱਥੋਂ ਬਹੁਤ ਗਿਣਤੀ ਵਿਚ ਭਾਰਤੀਆਂ ਨੂੰ ਕੈਨੇਡਾ ਜਾਣ ਲਈ ਪ੍ਰੇਰ ਲਿਆ। 24 ਮਾਰਚ, 1914 ਨੂੰ ਬਾਬਾ ਗੁਰਦਿੱਤ ਸਿੰਘ ਨੇ ਹਾਂਗ ਕਾਂਗ ਤੋਂ ਕਾਮਾਗਾਟਾ ਮਾਰੂ ਨਾਮੀ ਇਕ ਜਾਪਾਨੀ ਸਮੁੰਦਰੀ ਜਹਾਜ਼ 11,000 ਪੌਂਡ ਪ੍ਰਤੀ ਮਹੀਨਾ ਦੀ ਦਰ ਤੇ ਕਿਰਾਏ ਤੇ ਲੈ ਲਿਆ। ਬਾਬਾ ਗੁਰਦਿੱਤ ਸਿੰਘ ਨੇ ਇਸ ਜਹਾਜ਼ ਦਾ ਨਾਂ ਗੁਰੂ ਨਾਨਕ ਜਹਾਜ਼ ਰੱਖਿਆ। ਇਸ ਜਹਾਜ਼ ਨੇ ਸਿੱਖਾਂ ਨੂੰ ਲੈ ਕੇ 27 ਮਾਰਚ, 1914 ਨੂੰ ਗ੍ਰਿਫ਼ਤਾਰ ਕਰ ਲਿਆ।

          ਜਹਾਜ਼ ਹਾਂਗ ਕਾਂਗ ਤੋਂ ਸ਼ਿੰਘਾਈ ਪਹੁੰਚਿਆ ਜਿਥੇ 111 ਮੁਸਾਫ਼ਰ ਹੋਰ ਚੜ੍ਹੇ। ਅੱਗੇ ਮੋਜੀ ਬੰਦਰਗਾਹ ਤੋਂ 86 ਅਤੇ ਯੋਕੋਹਾਮਾ ਤੋਂ  14 ਮੁਸਾਫ਼ਰ ਸਵਾਰ ਹੋਣ ਨਾਲ ਕੁੱਲ ਗਿਣਤੀ 376 ਹੋ ਗਈ। ਇਨ੍ਹਾਂ ਵਿਚ ਸਿੱਖਾਂ ਤੋਂ ਇਲਾਵਾ 25 ਮੁਸਲਮਾਨ ਵੀ ਸਨ। ਜਹਾਜ਼ 21 ਮਈ, 1914 ਨੂੰ ਵਿਕਟੋਰੀਆ ਦੇ ਘਾਟ ਅਤੇ 23 ਮਈ ਨੂੰ ਵੈਨਕੂਵਰ ਪਹੁੰਚ ਗਿਆ। ਇਮੀਗਰੇਸ਼ਨ ਵਾਲਿਆਂ ਨੇ ਜਹਾਜ਼ ਨੂੰ ਕੰਡੇ ਤੇ ਨਾ ਲਗਣ ਦਿੱਤਾ ਸਗੋਂ ਪਹਿਰਾ ਲਗਾ ਦਿਤਾ। ਇਥੇ ਡਾ. ਰਘੂਨਾਥ ਸਿੰਘ ਨੂੰ ਹੀ ਉਤਰਨ ਦੀ ਪ੍ਰਵਾਨਗੀ ਮਿਲੀ। ਵੈਨਕੂਵਰ ਵਾਸੀ ਭਾਰਤੀਆਂ ਨੂੰ ਵੀ ਇਨ੍ਹਾਂ ਮੁਸਾਫ਼ਰਾਂ ਨੂੰ ਮਿਲਣ ਦੀ ਕੋਈ ਆਗਿਆ ਨਹੀਂ ਸੀ।

     ਜਹਾਜ਼ ਵਿਚ 2 ਜੂਨ, 1914 ਨੂੰ ਰਾਸ਼ਨ ਮੁੱਕ ਜਾਣ ਕਾਰਨ ਮੁਸਾਫ਼ਰ ਭੁੱਖੇ ਮਰਨ ਲੱਗੇ। ਬਾਬਾ ਗੁਰਦਿੱਤ ਸਿੰਘ ਦੇ ਰੋਸ ਤੇ ਵੀ ਇਮੀਗਰੇਸ਼ਨ ਦੇ ਅਮਲੇ ਨੇ ਕੋਈ ਮਦਦ ਨਾ ਕੀਤੀੇ। ਉਥੋਂ ਦੇ ਅਧਿਕਾਰੀ ਰਿਸ਼ਵਤ ਮੰਗਦੇ ਸਨ ਜਿਸ ਨਾਲ ਬਾਬਾ ਗੁਰਦਿੱਤ ਸਿੰਘ ਸਹਿਮਤ ਨਹੀਂ ਸੀ। ਕਾਮਾਗਾਟਾ ਮਾਰੂ ਜਹਾਜ਼ ਦੇ ਦੋਵੇਂ ਪਾਸੇ ਰੇਨਬੋ ਜੰਗੀ ਜਹਾਜ਼ ਅਤੇ ਇਕ ਹੋਰ ਜਹਾਜ਼ ਗੋਲਾਬਾਰੀ ਕਰਨ ਲਈ ਤਿਆਰ ਖੜ੍ਹੇ ਸਨ। ਮੁਸਾਫ਼ਰ ਭੁੱਖੇ ਮਰਨ ਨਾਲੋਂ ਕੈਨੇਡਾ ਸਰਕਾਰ ਦੀਆਂ ਗੋਲੀਆਂ ਨਾਲ ਮਰਨ ਨੂੰ ਤਰਜੀਹ ਦੇ ਰਹੇ ਸਨ।

   ਅਖ਼ੀਰ 22 ਜੁਲਾਈ, 1914 ਨੂੰ ਜਹਾਜ਼ ਦੇ ਮੁਸਾਫ਼ਰਾਂ ਨੂੰ ਰਾਸ਼ਨ ਨੂੰ ਮਿਲ ਗਿਆ ਕਿਉਂਕਿ ਵੈਨਕੂਵਰ ਵਿਚ ਰਹਿੰਦੇ ਭਾਰਤੀਆਂ ਨੇ ਉੱਥੋਂ ਦੀ ਸਰਕਾਰ ਨੂੰ ਚੇਤਾਵਨੀ ਦੇ ਦਿੱਤੀ ਸੀ ਕਿ ਜੇ ਰਾਸ਼ਨ ਨਾ ਦਿਤਾ ਤਾਂ ਵੈਨਕੂਵਰ ਸ਼ਹਿਰ ਨੂੰ ਅੱਗ ਲਾ ਦਿੱਤੀ ਜਾਵੇਗੀ। 23 ਜੁਲਾਈ, 1914 ਨੂੰ ਜਹਾਜ਼ ਵਾਪਸ ਹਾਂਗ ਕਾਂਗ ਵੱਲ ਚਲ ਪਿਆ।ਵਾਪਸੀ ਤੇ ਕਈ ਸਵਾਰ ਹਾਂਗ ਕਾਂਗ ਉਤਰਨਾ ਚਾਹੁੰਦੇ ਸਨ ਪਰ ਕਿਸੇ ਨੂੰ ਆਗਿਆ ਨਾ ਮਿਲੀ ਅਤੇ ਜਹਾਜ਼ ਕਲਕੱਤੇ ਵੱਲ ਚਲਦਾ ਗਿਆ। ਕਲਕੱਤੇ ਤੋਂ ਕੁਝ ਕਿ. ਮੀ. ਦੂਰ ਕਲਪੀ ਸਥਾਨ ਤੇ ਅੰਗਰੇਜ਼ ਅਤੇ ਕੁਝ ਭਾਰਤੀ ਅਫ਼ਸਰਾਂ ਨੇ ਮੁਸਾਫ਼ਰਾਂ ਨੂੰ ਬਜ ਬਜ ਘਾਟ ਤੇ ਉਤਾਰ ਕੇ ਗੱਡੀ ਰਾਹੀਂ ਪੰਜਾਬ ਭੇਜਿਆ ਜਾਵੇ। ਤਲਾਸ਼ੀ ਉਪਰੰਤ ਜਦੋਂ ਉਨ੍ਹਾਂ ਦੀ ਤਸੱਲੀ ਹੋ ਗਈ ਕਿ ਮੁਸਾਫ਼ਰਾਂ ਕੋਲ ਕੋਈ ਇਤਰਾਜ਼ਯੋਗ ਅਸਲਾ ਜਾਂ ਸਾਹਿਤ ਨਹੀਂ ਹੈ ਤਾਂ ਉਨ੍ਹਾਂ ਨੂੰ ਕਲਪੀ ਤੋਂ ਅੱਗੇ ਜਾਣ ਦਿੱਤਾ ਗਿਆ।

       ਕਲਕੱਤੇ ਤੋਂ 25 ਕਿ.ਮੀ. ਦੂਰ ਬਜ ਬਜ ਘਾਟ ਤੋਂ ਮੁਸਾਫ਼ਰਾਂ ਨੂੰ ਪੰਜਾਬ ਲਈ ਗੱਡੀ ਵਿਚ ਬੈਠਣ ਲਈ ਕਿਹਾ ਗਿਆ। ਗੱਡੀ ਵਿਚ ਮੁਸਲਮਾਨ ਤਾਂ ਚੜ੍ਹ ਗਏ ਪਰ ਬਾਕੀ ਦੇ ਸਾਰੇ ਮੁਸਾਫ਼ਰ ਬਾਬਾ ਗੁਰਦਿੱਤ ਸਿੰਘ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੀੜ (ਜੋ ਉਹ ਨਾਲ ਲੈ ਕੇ ਗਏ ਸਨ) ਲੈ ਕੇ ਪੈਦਲ ਹੀ ਕਲਕੱਤੇ ਦੇ ਗੁਰਦੁਆਰੇ ਵੱਲ ਤੁਰ ਪਏ। ਰਸਤੇ ਵਿਚ ਹੀ ਉਨ੍ਹਾਂ ਨੂੰ ਰੋਕ ਕੇ ਮੁੜ ਬਜ ਬਜ ਘਾਟ ਲਿਆ ਕੇ ਕਾਮਾਗਾਟਾ ਮਾਰੂ ਵਿਚ ਸਵਾਰ ਹੋਣ ਲਈ ਹੁਕਮ ਦਿਤਾ ਗਿਆ। ਬਾਬਾ ਗੁਰਦਿੱਤ ਸਿੰਘ ਨੇ ਇਕ ਮੈਦਾਨ ਵਿਚ ਬੈਠ ਕੇ ਪਾਠ ਕਰਨਾ ਸ਼ੁਰੂ ਕਰ ਦਿੱਤਾ। ਜ਼ਿਲ੍ਹਾ ਮੈਜਿਸਟਰੇਟ ਨੇ ਬਾਬਾ ਗੁਰਦਿੱਤ ਸਿੰਘ ਨੂੰ ਪੇਸ਼ ਹੋਣ ਲਈ ਬੁਲਾਇਆ ਪਰ ਉਸ ਨੇ ਜਾਣ ਤੋਂ ਨਾਂਹ ਕਰ ਦਿਤੀ ਕਿਉਂਕਿ ਉਹ ਹਾਲੇ ਪਾਠ ਕਰ ਰਿਹਾ ਸੀੇ। ਪੁਲਿਸ ਦੀ ਬਾਬੇ ਨੂੰ ਖਿੱਚ ਧੂਹ ਕੇ ਲਿਜਾਣ ਦੀ ਕੋਸ਼ਿਸ਼ ਦਾ ਸਿੱਖਾਂ ਨੇ ਵਿਰੋਧ ਕੀਤਾ। ਦੋਹਾਂ ਪਾਸਿਆਂ ਤੋਂ ਗੋਲੀਆਂ ਚੱਲੀਆਂ ਕਿਉਂਕਿ ਮੁਸਾਫ਼ਰ, ਵੀ ਕੁਝ ਅਸਲਾ ਛਿਪਾ ਕੇ ਲੈ ਆਏ ਸਨ। ਲਗਭਗ 20 ਮੁਸਾਫ਼ਰ ਦੋ ਅੰਗਰੇਜ਼ ਅਫ਼ਸਰ ਅਤੇ ਦੋ ਪੁਲਿਸ ਦੇ ਸਿਪਾਹੀ ਮਾਰੇ ਗਏ। 211 ਮੁਸਾਫ਼ਰ ਫੜੇ ਗਏ ਜਦੋਂ ਕਿ ਬਾਕੀ ਹਨੇਰੇ ਵਿਚ ਇਧਰ ਉਧਰ ਖਿੰਡ ਗਏ।

  ਬਾਬਾ ਗੁਰਦਿੱਤ ਸਿੰਘ ਆਪਣੇ 28 ਸਾਥੀਆਂ ਸਣੇ ਬਚ ਨਿਕਲਿਆ ਅਤੇ ਫੜੇ ਹੋਏ ਮੁਸਾਫ਼ਰਾਂ ਨੂੰ ਵਾਪਸ ਪੰਜਾਬ ਭੇਜ ਦਿੱਤਾ ਗਿਆ। 


ਲੇਖਕ : -ਡਾ. ਭਗਤ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3326, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-27-02-33-38, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.