ਕਾਸ਼ੀ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ
ਕਾਸ਼ੀ : ਉੱਤਰ ਪ੍ਰਦੇਸ਼ ਰਾਜ (ਭਾਰਤ) ਵਿਚ ਹਿੰਦੂਆਂ ਦੀ ਇਹ ਇਕ ਪ੍ਰਧਾਨ ਪਵਿੱਤਰ ਨਗਰੀ ਅਤੇ ਵਿਦਿਆ ਦੀ ਟਕਸਾਲ ਹੈ ਜਿਹੜੀ ਗੰਗਾ ਨਦੀ ਦੇ ਉੱਤਰੀ ਤੱਟ ਉੱਤੇ, ਰਾਜ ਦੀ ਦੱਖਣ-ਪੂਰਬੀ ਨੁੱਕਰ ਵਿਚ, ‘ਵਰੂਣਾਹ’ ਅਤੇ ‘ਅਸੀ’ ਨਦੀਆਂ ਦੇ ਗੰਗਾ ਨਦੀ ਨਾਲ ਸੰਗਮ ਹੋਣ ਵਾਲੇ ਸਥਾਨ ਦੇ ਵਿਚਾਲੇ ਵਾਕਿਆ ਹੈ। ਕਾਸ਼ੀ ਦੇ ਸਥਾਨ ਤੇ ਹੀ ਗੰਗਾ ਨਦੀ ਦੱਖਣ ਤੋਂ ਉੱਤਰ ਵਲ ਨੂੰ ਲਗਭਗ 6 ਕਿ. ਮੀ. ਦਾ ਮੋੜਾ ਖਾਂਦੀ ਹੈ। ਨਗਰੀ ਦਾ ਪ੍ਰਾਚੀਨ ਨਾਂ ‘ਵਾਰਾਨਸੀ’ ਹੁੰਦਾ ਸੀ ਜਿਹੜਾ ਵਿਗੜ ਕੇ ਬਨਾਰਸ ਬਣ ਗਿਆ। ਉੱਤਰ ਪ੍ਰਦੇਸ਼ ਰਾਜ ਸਰਕਾਰ ਨੇ ਇਸ ਨਗਰੀ ਦਾ ਨਾਂ ਬਨਾਰਸ ਤੋਂ ਬਦਲਕੇ ਮੁੜ ਵਾਰਾਨਸੀ ਰੱਖ ਦਿਤਾ ਹੈ।
ਹਿੰਦੂਸਤਾਨ ਵਿਚ ਇਸ ਨਗਰੀ ਦੀ ਮਹਿਮਾਂ ਚਿਰ ਕਾਲ ਤੋਂ ਹੈ। ਇਥੋਂ ਦੇ ਲਗਭਗ ਸਾਰਿਆਂ ਹੀ ਪ੍ਰਾਚੀਨ ਗ੍ਰੰਥਾਂ ਵਿਚ ਇਸ ਦਾ ਜ਼ਿਕਰ ਆਇਆ ਹੈ। ਫਾਹੀਆਨ ਅਤੇ ਹਿਊਨਸਾਂਗ ਵਰਗੇ ਚੀਨੀ ਯਾਤਰੀ ਵੀ ਇਥੇ ਆਏ ਸਨ। ਹਿਊਨਸਾਂਗ ਅਨੁਸਾਰ ਕਾਸ਼ੀ ਵਿਚ ਲਗਭਗ 30 ਬੁੱਧ ਵਿਹਾਰ ਅਤੇ 100 ਹਿੰਦੂ ਮੰਦਰ ਹੁੰਦੇ ਸਨ। ਜਗਤ ਗੁਰੂ ਸ਼ੰਕਰਚਾਰੀਆਂ, ਕਬੀਰ ਅਤੇ ਰਾਮਾਨੰਦ ਵਰਗੇ ਮਹਾਂ ਪੁਰਸ਼ਾਂ ਨੇ ਵੀ ਆਪਣੇ ਧਾਰਮਕ ਵਿਚਾਰਾਂ ਨਾਲ ਕਾਸ਼ੀ ਦੀ ਪ੍ਰਸਿੱਧੀ ਨੂੰ ਕਾਇਮ ਰੱਖੀ ਰੱਖਿਆ। ਤੁਲਸੀ ਦਾਸ, ਮਧੁਸੂਦਨ, ਸਰਸਵਤੀ, ਪੰਡਤਰਾਜ ਜਗਨਨਾਥ ਵਰਗੇ ਮਹਾਂ ਕਵੀਆਂ ਤੇ ਸੰਤਾਂ ਦੇ ਜਨਮ-ਅਸਥਾਨ ਹੋਣ ਦਾ ਵੀ ਕਾਸ਼ੀ ਨੂੰ ਮਾਣ ਹੈ। ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੇ ਕਾਸ਼ੀ ਦੇ ਸਾਰੇ ਮੰਦਰ ਢਹਿ ਢੇਰੀ ਕਰ ਦਿਤੇ ਅਤੇ ਵਿਸ਼ੇਸ਼ਰ ਨਾਥ ਦਾ ਪ੍ਰਸਿੱਧ ਮੰਦਰ ਤੋੜਕੇ ਇਕ ਵੱਡੀ ਮਸਜਿਦ ਬਣਵਾ ਦਿਤੀ ਜੋ ਹੁਣ ਵੀ ਮੌਜੂਦ ਹੈ। ਉਸਨੇ ਕਾਸ਼ੀ ਦਾ ਨਾਂ ਬਦਲਕੇ ਮੁਹੰਮਦਾਬਾਦ ਰੱਖ ਦਿਤਾ ਸੀ।
ਇਸ ਸਮੇਂ ਕਾਸ਼ੀ ਵਿਚ ਲਗਭਗ 1500 ਮੰਦਰ ਹਨ ਜਿਨ੍ਹਾਂ ਵਿਚੋਂ ਬਹੁਤਿਆਂ ਦੀ ਪਰੰਪਰਾ ਭਾਰਤ ਤੇ ਪ੍ਰਾਚੀਨ ਸਮਿਆਂ ਨਾਲ ਜੁੜੀ ਹੋਈ ਹੈ। ਵਿਸ਼ਵਨਾਥ, ਸੰਕਟਮੋਚਨ ਅਤੇ ਦੁਰਗਾ ਦੇ ਮੰਦਰ ਭਾਰਤ ਭਰ ਵਿਚ ਪ੍ਰਸਿੱਧ ਹਨ। ਕਾਸ਼ੀ ਵਿਸ਼ਵ-ਵਿਦਿਆਲਾ ਵੀ ਇਸੇ ਥਾਂ ਹੈ। ਪੁਰਾਤਨ ਪਰੰਪਰਾ ਦੀਆਂ ਇਥੇ ਕਈ ਸੈਂਕੜੇ ਪਾਠਸ਼ਾਲਾਵਾਂ ਹਨ। ਭਾਰਤੇਂਦੂ ਵਰਗੇ ਸਾਹਿਤਕਾਰਾਂ ਅਤੇ ‘ਨਾਗਰੀ ਪ੍ਰਚਾਰਨੀ ਸਭਾ’ ਵਰਗੀਆਂ ਸੰਸਥਾਵਾਂ ਨੂੰ ਜਨਮ ਦੇ ਕੇ ਕਾਸ਼ੀ ਨੇ ਹਿੰਦੀ ਸਾਹਿਤ ਦੇ ਵਿਕਾਸ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ।
ਇਸ ਨਗਰੀ ਵਿਚ ਸਿੱਖਾਂ ਨੇ ਵੀ ਆਪਣੇ ਕਈ ਗੁਰਦੁਆਰੇ ਬਣਾਏ ਹਨ ਜਿਨ੍ਹਾਂ ਦਾ ਸਬੰਧ ਇਨ੍ਹਾਂ ਦੇ ਇਤਿਹਾਸ ਨਾਲ ਹੈ। ਇਨ੍ਹਾਂ ਵਿਚੋਂ ਮੁੱਖ ਇਹ ਹੈ।
(ੳ) ਮਹੱਲਾ ਆਸਭੈਰੋ ਵਿਚ ‘ਵੱਡੀ ਸੰਗੀਤ’ ਹੈ। ਇਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੰਮਤ 1722 ਵਿਚ ਪਧਾਰੇ ਸਨ ਅਤੇ ਸੱਤ ਮਹੀਨੇ ਤੇਰ੍ਹਾਂ ਦਿਨ ਨਿਵਾਸ ਕੀਤਾ। ਜਿਸ ਗੁਫ਼ਾ ਵਿਚ ਏਕਾਂਤ ਵਿਚ ਰਹਿੰਦੇ ਸਨ, ਉਹ ਮੌਜੂਦ ਹੈ। ਪਟਨੇ ਤੋਂ ਪੰਜਾਬ ਨੂੰ ਆਉਂਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਇਸ ਥਾਂ ਪਧਾਰੇ ਸਨ। ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਚੋਲਾ ਅਤੇ ਜੋੜੇ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋੜੇ ਇਥੇ ਸਨਮਾਨ ਨਾਲ ਰੱਖੇ ਹੋਏ ਹਨ, ਜਿਨ੍ਹਾਂ ਦਾ ਦਰਸ਼ਨ ਸੰਗਰਾਂਦ ਵਾਲੇ ਦਿਨ ਕਰਾਇਆ ਜਾਂਦਾ ਹੈ। ਪੋਹ ਸੁਦੀ ਸੱਤੇਂ, ਅਸੂ ਵਦੀ ਦਸਵੀਂ ਅਤੇ ਵਿਸਾਖੀ ਦੇ ਮੇਲੇ ਲੱਗਦੇ ਹਨ।
ਮਹਾਰਾਜਾ ਨਰੇਂਦਰ ਸਿੰਘ ਪਟਿਆਲਾਪਤਿ ਨੇ ਸੰਮਤ 1911 ਵਿਚ ਬਹੁਤ ਧਨ ਖਰਚ ਕੇ ਇਕ ਸ਼ੀਸ਼ ਮਹਿਲ ਬਣਵਾਇਆ ਅਤੇ ਦੋ ਰੁਪਏ ਰੋਜ਼ ਦਾ ਲੰਗਰ ਲਗਾਇਆ।
(ਅ) ਲਕਸਾ ਮਹਾਲ ਵਿਚ ਗੁਰੂ ਕਾ ਬਾਗ ਗੁਰਦੁਆਰਾ ਹੈ। ਇਥੇ ਸ੍ਰੀ ਗੁਰੂ ਨਾਨਕ ਦੇਵ ਜੀ ਪਧਾਰੇ ਸਨ ਅਤੇ ਗੋਪਾਲ ਪਾਂਡੇ ਨੂੰ ਉਪਦੇਸ਼ ਦਿਤਾ ਸੀ।
(ੲ) ਜਗਤ ਗੰਜ ਵਿਚ ‘ਛੋਟੀ ਸੰਗੀਤ’ ਗੁਰਦੁਆਰਾ ਹੈ। ਇਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੁਝ ਸਮਾਂ ਪਧਾਰੇ ਸਨ।
(ਸ) ਕਾਸ਼ੀ ਤੋਂ ਤਿੰਨ ਕੋਹ ਗੰਗਾ ਪਾਰ ਛੋਟੇ ਮਿਰਜ਼ਾਪੁਰ ਦੀ ਜ਼ਮੀਨ ਵਿਚ ਸੋਲ੍ਹਾਂ ਵਿੱਘੇ ਦਾ ਗੁਰੂ ਕਾ ਬਾਗ ਹੈ। ਇਸ ਥਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਇਕ ਵਾਰ ਪਧਾਰੇ ਸਨ। ਇਹ ਰੇਲਵੇ ਸਟੇਸ਼ਨ ਅਹਰੋਰਾ ਤੋਂ 5 ਕਿ. ਮੀ. (ਤਿੰਨ ਮੀਲ) ਉੱਤਰ ਵਲ ਹੈ।
ਉਦਾਸੀ ਅਤੇ ਨਿਰਮਲੇ ਸੰਤਾਂ ਦੇ ਕਰੀਬ ਚਾਲੀ ਥਾਂ ਅਜਿਹੇ ਹਨ ਜਿਨ੍ਹਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ।
ਆਬਾਦੀ––990,778 (1981)
24° 30' ਉ. ਵਿਥ.; 83° 20' ਪੂ. ਲੰਬ.
ਹ. ਪੁ.––ਹਿੰ. ਵਿ. ਕੋ. 2 : 506; ਮ. ਕੋ. 314; ਗ. ਇੰਡ. ਪਾਕਿ. 600.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3134, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-24, ਹਵਾਲੇ/ਟਿੱਪਣੀਆਂ: no
ਕਾਸ਼ੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਾਸ਼ੀ, (ਫ਼ਾਰਸੀ : ਕਾਸ਼<ਸੰਸਕ੍ਰਿਤ : काच=ਕੰਚ) \ ਇਸਤਰੀ ਲਿੰਗ : ਇੱਕ ਕਿਸਮ ਦੀ ਇੱਟ ਜਿਸ ਉਤੇ ਸ਼ੀਸ਼ਾ ਰਗੜ ਕੇ ਲਾ ਦਿੰਦੇ ਹਨ ਤੇ ਫ਼ੇਰ ਪਕਾ ਲੈਂਦੇ ਹਨ, ਇਸ ਤਰ੍ਹਾਂ ਇਹ ਚੀਨੀ ਵਰਗੀ ਹੋ ਜਾਂਦੀ ਹੈ, ਟਾਇਲ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1029, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-22-10-29-10, ਹਵਾਲੇ/ਟਿੱਪਣੀਆਂ:
ਕਾਸ਼ੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਾਸ਼ੀ, (ਫ਼ਾਰਸੀ : ਕਾਸ਼ਾਨ) \ ਵਿਸ਼ੇਸ਼ਣ \ ਪੁਲਿੰਗ : ਈਰਾਨ ਵਿੱਚ ਸ਼ਹਿਰ, ਕਾਸ਼ਾਨ ਦਾ ਰਹਿਣ ਵਾਲਾ, ਵਿਸ਼ੇਸ਼ਣ : ਕਾਸ਼ਾਨ ਸਬੰਧੀ ‘ਮੁਹਤਸ਼ਿਮ’ ਇੱਕ ਪਰਸਿੱਧ ਫ਼ਾਰਸੀ ਸ਼ਾਇਰ ਜਿਹੜਾ ਕਾਸ਼ਾਨ ਦਾ ਰਹਿਣ ਵਾਲਾ ਸੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1029, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-22-10-32-22, ਹਵਾਲੇ/ਟਿੱਪਣੀਆਂ:
ਕਾਸ਼ੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਾਸ਼ੀ, ਇਸਤਰੀ ਲਿੰਗ : ਬਨਾਰਸ ਸ਼ਹਿਰ (ਹੁਣ ਵਾਰਾਨਸੀ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1029, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-22-10-33-25, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First