ਕਿਊਬਾ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Cuba ਕਿਊਬਾ: ਕਿਊਬਾ ਗਣਤੰਤਰ ਕੈਰੀਬੀਅਨ ਵਿਚ ਇਕ ਦੀਪ ਦੇਸ਼ ਹੈ। ਕਿਊਬਾ ਰਾਸ਼ਟਰ ਵਿਚ ਕਿਊਬਾ ਦੇ ਮੁੱਖ ਦੀਪ ਹੀ ਇਸਲਾ ਡੀਲਾ ਜਿਊਵੇਨਟਡ ਅਤੇ ਬਹੁਤ ਸਾਰੇ ਛੋਟੇ ਛੋਟੇ ਦੀਪ ਸ਼ਾਮਲ ਹਨ। ਹਵਾਨਾ ਕਿਊਬਾ ਦਾ ਸਭ ਤੋਂ ਵੱਡ ਸ਼ਹਿਰ ਅਤੇ ਦੇਸ਼ ਦੀ ਰਾਧਾਨੀ ਹੈ। ਸੈਂਟੀਆਗੋ ਤੇ ਕਿਊਬਾ ਦੂਜਾ ਵੱਡਾ ਸ਼ਹਿਰ ਹੈ। ਕਿਊਬਾ ਦੇ ਉੱਤਰਵਿਚ ਸੰਯੁਕਤ ਰਾਜ ਅਤੇ ਬਾਹਮਾਸ, ਪੱਤਬ ਵਿਜ ਮੈਕਸਿਕੋ, ਦੱਖਣ ਵਿਚ ਦੇਗਾਨ ਦੀਪ ਅਤੇ ਜਮਾਇਕਾ ਅਤੇ ਦੱਖਣ ਪੂਰਬ ਵਿਚ ਛੇਤੀ ਹੇਤੀ ਅਤੇ ਡੋਮੀਨਕੇਨ ਗਣਤੰਤਰ ਹਨ।

      1492 ਵਿਚ ਕ੍ਰਿਸਟੋਫ਼ਰ ਕੋਲੰਸਬਸ ਨੇ ਕਿਊਬਾ ਦੀ ਖੋਜ ਕੀਤੀ ਅਤੇ ਇਸਨੂੰ ਸਪੇਨ ਰਾਜ ਦਾ ਦੀਪ ਕਿਹਾ। ਕਿਊਬਾ 1898 ਵਿਚ ਸਪੇਨੀ ਅਰਮੀਕੀ ਯੁੱਧ ਖ਼ਤਮ ਹੋਣ ਤਕ ਸਪੇਨ ਦਾ ਭਾਗ ਰਿਹਾ ਅਤੇ 1902 ਵਿਚ ਯੂ.ਐਸ. ਤੋਂ ਰਸਮੀ ਆਜ਼ਾਦੀ ਪ੍ਰਾਪਤ ਕੀਤੀ। 1953 ਅਤੇ 1959 ਦੇ ਦੌਰਾਨ ਕਿਊਬਨ ਇਨਕਲਾਬ ਹੋਇਆ ਜਿਸ ਨਾਲ ਫੁਲਗੇਨੀਓ ਬਤਿਸਤਾ ਦੀ ਡਿਕਟੇਟਰਸ਼ਿਪ ਖ਼ਤਮ ਹੋ ਗਈ ਅਤੇ ਫ਼ਾਈਡਲ ਕਾਸਟਰੋ ਦੀ ਅਗਵਾਈ ਹੇਠ ਸਰਕਾਰ ਹੋਂਦ ਵਿਚ ਆਈ।

      ਕਿਊਬਾ ਦੀ ਆਬਾਦੀ 11 ਮਿਲੀਅਨ ਹੈ ਅਤੇ ਕੈਰੀਬੀਅਨ ਵਿਚ ਬਹੁਤ ਹੀ ਸੰਘਣੀ ਵਸੋਂ ਬਲ ਦੀਪ ਰਾਸ਼ਟਰ ਹੈ। ਇਸ ਦੇ ਲੋਕ , ਸਭਿਆਚਾਰ ਅਤੇ ਰਿਵਾਜ਼ ਭਿੰਨ ਭਿੰਨ ਸਾਧਨਾਂ ਦੀ ਦੇਣ ਹਨ ਜਿਵੇਂ ਕਿ ਦੋਨੋ ਅਤੇ ਸਾਈਬੋਸੀ ਦੇ ਆਦਮ ਲੋਕ, ਸਪੇਨੀ ਉਪਨਿਵੇਸ਼ਵਾਚ ਦਾ ਕਾਲ , ਅਫ਼ਰੀਕੀ ਦਾਸਾਂ ਦੀ ਭੂਮਿਕਾ ਅਤੇ ਸੰਯੁਕਤ ਰਾਜ ਨਾਲ ਇਸ ਦੀ ਨੇੜ੍ਹਤਾ।

      ਕਿਊਬਾ ਦੀ ਸਾਖ਼ਰਤਾ ਦਰ 99.8% ਹੈ, ਬਾਲ ਮ੍ਰਿਤੂਦਰ ਕਈ ਵਿਕਸਿਤ ਦੇਸ਼ਾਂ ਨਾਲੋਂ ਘੱਟ ਹੈ ਅਤੇ ਔਸਤ ਜੀਵਨ ਸੰਭਾਵਨਾ 77.64 ਸਾਲ ਹੈ। 2006 ਵਿਚ ਕਿਊਬਾ ਸੰਸਾਰ ਭਰ ਵਿਚ ਇਕੋ ਇਕ ਰਾਸ਼ਟਰ ਸੀ ਜੋ ਪ੍ਰਮਾਣਿਤ ਵਿਕਾਸ ਦੀ ਡਬਲਿਊ ਡਬਲਿਯੂ ਐਫ਼ ਦੀ ਪਰਿਭਾਸ਼ਾ ਤੇ ਪੂਰਾ ਉਤਰਦਾ ਸੀ; ਇਸ ਦਾ ਪਰਿਆਵਰਣਕ ਪਦ-ਚਿੰਨ੍ਹ 1.8 ਹੈਕਟੇਅਰ ਪ੍ਰਤਿ ਜੀਅ ਨਾਲੋਂ ਘੱਟ ਅਤੇ 2007 ਲਈ ਮਾਨਵੀ ਵਿਕਾਸ ਸੂਚਾਂਕ 0.8 ਤੋਂ ਉਪਰ ਸੀ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1242, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਕਿਊਬਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਿਊਬਾ : ਇਹ ਗ੍ਰੇਟਰ ਐਂਟਿਲੀਜ਼ ਦਾ ਸਭ ਤੋਂ ਵੱਡਾ ਤੇ ਸੰਘਣੀ ਆਬਾਦੀ ਵਾਲਾ ਟਾਪੂ ਅਤੇ ਗਣਰਾਜ ਹੈ। ਇਸ ਦਾ ਖੇਤਰਫਲ ਲਗਭਗ 105,007 ਵ. ਕਿ. ਮੀ. ਹੈ ਅਤੇ ਆਬਾਦੀ 9,710,000 (1981) ਹੈ। ਇਹ ਕਰਕੇ ਰੇਖਾ ਤੋਂ ਥੋੜਾਂ ਜਿਹਾ ਦੱਖਣ ਵੱਲ ਵਾਕਿਆ ਹੈ। ਉੱਤਰ ਵੱਲੋਂ ਫਲੋਰੀਡਾ ਸਟ੍ਰੇਟ ਇਸ ਨੂੰ ਫਲੋਰਿਡਾ ਨਾਲੋਂ ਅਤੇ ਪੱਛਮ ਵੱਲੋਂ ਯੂਕਾਟਾਨ ਚੈਨਲ ਇਸ ਨੂੰ ਯੂਕਾਟਾਨ ਨਾਲੋਂ ਵੱਖ ਕਰਦੀ ਹੈ। ਇਸ ਦੇ ਪੂਰਬੀ ਸਿਰੇ ਦੇ ਉੱਤਰ ਵੱਲ ਬਹਾਮਾ ਟਾਪੂ, ਦੱਖਣ ਵੱਲ ਜੇਮੈਕਾ ਟਾਪੂ ਅਤੇ ਦੱਖਣ ਪੂਰਬ ਵੱਲ ਹੇਤੀ ਟਾਪੂ ਵਾਕਿਆ ਹੈ। ਇਹ ਉੱਤਰ-ਪੱਛਮ ਤੋਂ ਦੱਖਣ-ਪੂਰਬ ਦੀ ਦਿਸ਼ਾ ਵਿਚ ਫੈਲਿਆ ਹੋਇਆ ਹੈ। ਇਸ ਦੀ ਲੰਬਾਈ 1,192 ਕਿ. ਮੀ. ਪਰ ਵੱਧ ਤੋਂ ਵੱਧ ਚੌੜਾਈ 180 ਕਿ. ਮੀ. ਅਤੇ ਤੰਗ ਥਾਵਾਂ ਤੇ ਇਸ ਦੀ ਚੌੜਾਈ ਸਿਰਫ 35 ਕਿ. ਮੀ. ਹੀ ਰਹਿ ਜਾਂਦੀ ਹੈ।

          ਭੂ-ਆਕ੍ਰਿਤੀ-ਵਿਗਿਆਨ

          ਧਰਾਤਲ––ਕਿਊਬਾ ਦਾ ਅੱਧ ਨਾਲੋਂ ਜ਼ਿਆਦਾ ਇਲਾਕਾ ਪੱਧਰਾ ਤੇ ਬਾਕੀ ਪਹਾੜੀ ਹੈ। ਕਈ ਦਰਿਆਈ ਘਾਟੀਆਂ ਵੀ ਹਨ। ਸਾਨਤਿਆਗੋ ਦੇ ਕਿਊਬਾ ਗਵਾਨਤਾਨਾਮੋ ਦੇ ਬੇਸਿਨ ਟਾਪੂ ਦੇ ਪੂਰਬੀ ਹਿੱਸੇ ਵਿਚ ਵਾਕਿਆ ਹਨ। ਮੱਧ ਵਿਚਕਾਰ ਇਕ ਵੱਡੀ ਵਾਦੀ ਹੈ ਜੋ ਪੂਰਬ ਤੋਂ ਸ਼ੁਰੂ ਹੋ ਕੇ ਸਮ-ਪ੍ਰਾਇ ਭੂਮੀ ਵਿਚ ਮਿਲ ਜਾਂਦੀ ਹੈ ਅਤੇ ਸਾਰੇ ਟਾਪੂ ਨੂੰ ਪਾਰ ਕਰਦੀ ਹੋਈ ਪੱਛਮ ਤੱਕ ਚਲੀ ਜਾਂਦੀ ਹੈ। ਇਸ ਟਾਪੂ ਦੇ ਪਹਾੜ ਵੱਖ ਵੱਖ ਤਿੰਨ ਗਰੁੱਪਾਂ ਵਿਚ ਵੰਡੇ ਹੋਏ ਹਨ। ਪੱਛਮ ਵਿਚ ਸ਼ਿਐਰਾ ਦੇ ਲਾਸ ਆਰਗਨਾੱਸ ਹੈ ਜਿਸ ਦੀ ਉੱਚਾਈ 692 ਮੀਟਰ ਤਕ ਹੈ। ਟਾਪੂ ਦੇ ਮੱਧ ਵਿਚ ਟ੍ਰਿਨੀਦਾਦ ਪਹਾੜ ਹਨ ਜੋ ਲਗਭਗ 1,070 ਮੀਟਰ ਤਕ ਉੱਚੇ ਹਨ। ਟਾਪੂ ਦਾ ਪੂਰਬੀ ਹਿੱਸਾ ਸਭ ਨਾਲੋਂ ਜ਼ਿਆਦਾ ਪਹਾੜੀ ਇਲਾਕਾ ਹੈ। ਸਿਐਰਾ ਮਾਏਸਟਰਾ ਇਕ ਸ਼ਾਨਦਾਰ ਪਰਬਤ-ਲੜੀ ਹੈ ਜੋ ਕੈਰਿਬੀਅਨ ਤਟ ਤੋਂ ਇਕ ਦਮ ਉਪਰ ਉਠ ਕੇ ਕੇਪ ਕਰੂਜ਼ ਤੋਂ ਪੂਰਬ ਵੱਲ ਗਵਾਨਟਾਨਾਮੋ ਖਾੜੀ ਤਕ ਫੈਲੀ ਹੋਈ ਹੈ। ਇਸ ਲੜੀ ਵਿਚ ਪੀਕੋ ਟੂਰਕੀਨੋ (1,974 ਮੀਟਰ) ਕਿਊਬਾ ਦੀ ਸਭ ਤੋਂ ਉੱਚੀ ਚੋਟੀ ਹੈ। ਗਵਾਨਟਾਨਾਮੋ ਖਾੜੀ ਦੇ ਪੂਰਬ ਤੇ ਉੱਤਰ ਵੱਲ ਖੁਰਦਰੀਆਂ ਉੱਚ ਭੂਮੀਆਂ ਹਨ ਜੋ 1,220 ਮੀਟਰ ਤਕ ਉੱਚੀਆਂ ਹਨ ਅਤੇ ਕੁਦਰਤੀ ਦ੍ਰਿਸ਼ਾਂ ਲਈ ਮਸ਼ਹੂਰ ਹਨ। ਕੈਰਿਬੀਅਨ ਦੇ ਨਾਲ-ਨਾਲ ਤੱਟ ਮੁਕਾਬਲਨ ਨੀਵਾਂ ਅਤੇ ਦਲਦਲੀ ਹੈ।

          ਜਲ-ਪ੍ਰਵਾਹ––ਕਿਊਬਾ ਵਿਚ 563 ਦਰਿਆ ਹਨ ਜਿਨ੍ਹਾਂ ਵਿਚੋਂ 236 ਉੱਤਰ ਵੱਲ ਨੂੰ ਅਤੇ ਬਾਕੀ ਦੱਖਣ ਵੱਲ ਨੂੰ ਵਗਦੇ ਹਨ। ਇਹ ਆਮ ਕਰਕੇ ਛੋਟੇ ਹਨ ਅਤੇ ਇਨ੍ਹਾਂ ਵਿਚ ਪਾਣੀ ਦੀ ਮਾਤਰਾ ਵੀ ਥੋੜ੍ਹੀ ਹੁੰਦੀ ਹੈ। ਇਨ੍ਹਾਂ ਵਿਚੋਂ 40 ਪ੍ਰਤੀਸ਼ਤ ਇਕੱਲੇ ਓਰੀਐਂਟ ਪ੍ਰਾਂਤ ਵਿਚ ਹੀ ਹਨ ਜਿਨ੍ਹਾਂ ਵਿਚੋਂ ਮੁਖ ਕਾਊਟੋ 368 ਕਿ. ਮੀ. ਲੰਬਾ, ਟਾਪੂ ਦਾ ਸਭ ਤੋਂ ਲੰਬਾ ਦਰਿਆ, ਟੋਆ, ਮਾਯਾਰੀ ਅਤੇ ਗਵਾਨਾਟਾਨਮੋ ਹਨ। ਹੋਰ ਮੁੱਖ ਦਰਿਆਵਾਂ ਵਿਚ ਕਾਓਨਾਓ ਸੈਨ ਪੀਡਰੋ ਹਾਈਬਾਨੀਕੋ, ਸਾਗਵਾ, ਲਾ ਗਰਾਂਡ, ਜ਼ਾਜ਼ਾ ਹੋਡੋ ਅਤੇ ਕੂਯਾਗਵਾਟੀਜ਼ੀ ਸ਼ਾਮਲ ਹਨ। ਕਿਊਬਾ ਦੀਆਂ ਝੀਲਾਂ ਛੋਟੀਆਂ ਅਤੇ ਤਾਜ਼ੇ ਪਾਣੀ ਵਾਲੀਆਂ ਹਨ। ਇਨ੍ਹਾਂ ਵਿਚੋਂ ਮੁੱਖ ਮਿਲਕੀ ਲਾਗੂਨ ਜੋ ਤਿੰਨ ਕੁਦਰਤੀ ਚੈਨਲਾਂ ਦੁਆਰਾ ਸਮੁੰਦਰ ਨਾਲ ਜੁੜੀ ਹੋਈ ਹੈ।

          ਜਲਵਾਯੂ––ਜਲਵਾਯੂ ਉਪ-ਊਸ਼ਣਖੰਡੀ ਹੈ। ਪੱਛਮ ਨਾਲੋਂ ਪੂਰਬੀ ਹਿੱਸੇ ਵਿਚ ਤਾਪਮਾਨ ਕੁਝ ਜ਼ਿਆਦਾ ਹੁੰਦਾ ਹੈ। ਸਾਲਾਨਾ ਔਸਤਨ ਤਾਪਮਾਨ 25.5° ਸੈਂ. ਹੈ ਜਿਸ ਵਿਚੋਂ ਜਨਵਰੀ ਦਾ ਮਹੀਨਾ ਸਭ ਤੋਂ ਠੰਢਾ (22.5° ਸੈਂ.) ਅਤੇ ਅਗਸਤ ਸਭ ਤੋਂ ਗਰਮ ਮਹੀਨਾ (27.8° ਸੈਂ.) ਹੁੰਦਾ ਹੈ। ਕਿਊਬਾ ਵਿਚ ਸਾਲ ਵਿਚ ਦੋ ਮੌਸਮ ਹੁੰਦੇ ਹਨ, ਇਕ ਗਰਮ ਤੇ ਬਰਸਾਤੀ ਜੋ ਮਈ ਤੋਂ ਅਕਤੂਬਰ ਤਕ ਅਤੇ ਦੂਜਾ ਸਰਦ ਦੇ ਖੁਸ਼ਕ ਜੋ ਨਵੰਬਰ ਤੋਂ ਅਪਰੈਲ ਤਕ ਰਹਿੰਦਾ ਹੈ। ਔਸਤਨ ਸਾਲਾਨਾ ਵਰਖਾ 138 ਸੈਂ. ਮੀ. ਹੁੰਦੀ ਹੈ।

          ਬਨਸਪਤੀ––ਕਿਊਬਾ ਵਿਚ ਊਸ਼ਣ-ਖੰਡੀ ਬਨਸਪਤੀ ਦੀ ਭਰਮਾਰ ਹੈ ਜਿਸ ਵਿਚ 8,000 ਜਾਤੀਆਂ ਦੇ ਪੌਦੇ ਮਿਲਦੇ ਹਨ। ਇਨ੍ਹਾਂ ਵਿਚੋਂ ਬਹੁਤ ਸਾਰੇ ਜੰਗਲ ਸਾਫ਼ ਕਰ ਦਿਤੇ ਗਏ ਹਨ ਅਤੇ ਇਨ੍ਹਾਂ ਦੀ ਜਗ੍ਹਾ ਕਮਾਦ, ਕਾਫ਼ੀ ਤੇ ਚਾਵਲਾਂ ਨੇ ਲੈ ਲਈ ਹੈ। ਪਰ ਸਰਕਾਰ ਨੇ ਕੁੱਲ ਖੇਤਰਫਲ ਦੇ 20 ਪ੍ਰਤੀਸ਼ਤ ਵਿਚ ਮੁੜ ਜੰਗਲ ਲਗਾਉਣ ਦੀ ਸਕੀਮ ਬਣਾਈ ਹੈ। ਕਿਊਬਾ ਦੀ ਲੱਕੜ ਬੜੀ ਵਧੀਆ ਕਿਸਮ ਦੀ ਹੁੰਦੀ ਹੈ। ਇਸ ਵਿਚ ਸਭ ਤੋਂ ਜ਼ਿਆਦਾ ਚੀਲ੍ਹ ਹੈ ਜਿਸ ਪਿਛੇ ਕਈ ਇਲਾਕਿਆਂ ਦਾ ਨਾਂ ਵੀ ਰੱਖਿਆ ਗਿਆ ਹੈ। ਮਹਾਗਨੀ ਤੇ ਆਬਨੂਸ ਵੀ ਇਥੋਂ ਦੀ ਬੜੀ ਕੀਮਤੀ ਲੱਕੜ ਹੈ। ਰਾਇਲ ਪਾਮ ਦੀਆਂ 20,000,000 ਉਪ-ਜਾਤੀਆਂ ਹਨ ਅਤੇ ਇਹ 15 ਤੋਂ 23 ਮੀਟਰ ਤਕ ਉੱਚਾ ਚਲਿਆ ਜਾਂਦਾ ਹੈ। ਸਿੰਬਲ ਰੁੱਖ ਵੀ ਇਥੋਂ ਦਾ ਮਹੱਤਵਪੂਰਨ ਦਰੱਖ਼ਤ ਹੈ ਜਿਸ ਪਿਛੇ ਕਈ ਮਿਥਾਂ ਵੀ ਹਨ। ਫਲਦਾਰ ਬਨਸਪਤੀ ਵਿਚ ਨਿੰਬੂ ਜਾਤੀ ਦੇ ਬੂਟੇ, ਅੰਗੂਰ ਤੇ ਕੇਲਾ ਆਦਿ ਵੀ ਪਾਏ ਜਾਂਦੇ ਹਨ। ਤੰਬਾਕੂ ਦਾ ਪੌਦਾ ਇਥੋਂ ਦੀ ਦੇਸੀ ਬਨਸਪਤੀ ਵਿਚੋਂ ਹੈ।

          ਜੀਵ-ਜੰਤੂ––ਕਿਊਬਾ ਵਿਚ ਭਾਂਤ-ਭਾਂਤ ਦੇ ਜੀਵ-ਜੰਤੂਆਂ ਦੀ ਭਰਮਾਰ ਕਾਰਨ ਇਸ ਨੂੰ ‘ਨੈਚਰਾਲਿਸਟਜ਼ ਪੈਰਾਡਾਈਜ਼’ ਕਿਹਾ ਜਾਂਦਾ ਹੈ। ਇਥੋਂ 7,000 ਨਾਲੋਂ ਜ਼ਿਆਦਾ ਕੀੜਿਆਂ ਮਕੌੜਿਆਂ ਦੀਆਂ ਜਾਤੀਆਂ ਹਨ ਅਤੇ 4,000 ਭੂਮੀ ਤੇ ਵਿਚਰਣ ਵਾਲੇ ਜਾਨਵਰਾਂ ਦੀਆਂ, ਦਰਿਆਈ ਅਤੇ ਸਮੁੰਦਰੀ ਘੋਗੇ ਸਿੱਪੀਆਂ ਆਦਿ ਦੀਆਂ ਬਹੁਤ ਜਾਤੀਆਂ ਹਨ। ਕਿਊਬਾ ਦੇ ਦੱਖਣੀ ਪੱਛਮੀ ਤੱਟਾਂ ਤੇ ਸਪੰਜ ਬਹੁਤ ਹੁੰਦੀ ਹੈ ਜੋ ਉਦਯੋਗਕ ਨਜ਼ਰੀਏ ਤੋਂ ਬਹੁਤ ਮਹੱਤਵਪੂਰਨ ਹੈ। ਮੱਕੜ ਤੇ ਠੂੰਹਾਂ ਆਦਿ ਖ਼ਤਰਨਾਕ ਜੰਤੂ ਵੀ ਇਥੇ ਪਾਏ ਜਾਂਦੇ ਹਨ। 500 ਤੋਂ ਵੱਧ ਜਾਤੀਆਂ ਦੀਆਂ ਮੱਛੀਆਂ ਪਾਈਆਂ ਜਾਂਦੀਆਂ ਹਨ। ਕਿਊਬਾ ਵਿਚ ਸੱਪ ਤਿੰਨੋ ਕਿਸਮ ਦਾ ਹੈ ਸਮੁੰਦਰੀ, ਦਰਿਆਈ ਤੇ ਧਰਤੀ ਉਪਰ ਚੱਲਣ ਵਾਲਾ। ਇਸ ਤੋਂ ਬਿਨਾਂ ਕਛੂ, ਕੱਛੂ ਕੁੰਮਾ, ਮਗਰ-ਮੱਛ, ਡੱਡੂ ਅਤੇ ਦਰਿਆਈ ਗਾਂ ਆਦਿ ਵੀ ਪਾਏ ਜਾਂਦੇ ਹਨ। ਪ੍ਰਵਾਸੀ ਤੇ ਆਦਿਵਾਸੀ ਪੰਛੀ ਵੀ ਪਾਏ ਜਾਂਦੇ ਹਨ। ਇਨ੍ਹਾਂ ਵਿਚੋਂ ਬਿਲਕੁਲ ਸੱਭ ਤੋਂ ਪ੍ਰਸਿੱਧ ਹੈ।

          ਇਤਿਹਾਸ––ਕਿਊਬਾ ਸਭ ਤੋਂ ਪਹਿਲਾਂ 28 ਅਕਤੂਬਰ, 1492 ਨੂੰ ਕੋਲੰਬਸ ਨੇ ਲਭਿਆ ਸੀ ਅਤੇ ਉਸ ਨੇ ਇਸ ਨੂੰ ਏਸ਼ੀਆ ਮਹਾਂਦੀਪ ਸਮਝਿਆ ਸੀ। ਸੰਨ 1511 ਵਿਚ ਇਥੇ ਡੀਗੋਵੈਲਸਕੂਈਜ਼ ਆਇਆ ਅਤੇ ਟਾਪੂ ਦੇ ਪੂਰਬੀ ਹਿੱਸੇ ਵਿਚ ਠਹਿਰੀਆ। ਉਸ ਨੇ ਕਿਊਬਾ ਨੂੰ ਸਪੇਨੀ ਰਾਜ ਅਧੀਨ ਲੈ ਆਂਦਾ। ਸੰਨ 1515 ਤੀਕ ਉਸਨੇ ਹਵਾਨਾ ਸਮੇਤ ਸੱਤ ਸ਼ਹਿਰ ਆਬਾਦ ਕੀਤੇ। ਸੰਨ 1762 ਵਿਚ ਹਵਾਨਾ ਉਪਰ ਬਰਤਾਨੀਆ ਦਾ ਕਬਜ਼ਾ ਹੋ ਗਿਆ ਪਰ 1763 ਵਿਚ ਪੈਰਿਸ ਸੰਧੀ ਦੁਆਰਾ ਸਪੇਨ ਨੂੰ ਵਾਪਸ ਕਰ ਦਿਤਾ ਗਿਆ। ਕਿਊਬਾ ਵਿਚ ਗੋਰਿਆਂ ਦੀ ਆਬਾਦੀ 1670 ਤੋਂ ਬਾਅਦ ਵਧੀ। 19ਵੀਂ ਸਦੀ ਦੇ ਪਹਿਲੇ ਅੱਧ ਵਿਚ ਜਦੋਂ ਸਾਂਟੋ ਡੋਮਿੰਗੋ ਦੇ ਸਪੇਨੀ ਹਿੱਸੇ ਨੂੰ ਫ਼ਰਾਂਸੀਸੀਆਂ ਦਾ ਕਬਜ਼ਾ ਹੋ ਗਿਆ ਤਾਂ ਉਥੋਂ ਲੋਕ ਕਿਊਬਾ ਨੂੰ ਕੂਚ ਕਰ ਗਏ। ਸੰਨ 1812 ਤੋਂ 1814 ਫਿਰ 1820 ਤੋਂ 1823 ਤੱਕ ਜਦੋਂ ਸਪੇਨ ਵਿਚ ਲਿਬਰਲ ਸੰਵਿਧਾਨ ਸੀ ਤਦ ਮੈਡਰਿਡ ਵਿਖੇ ਸਪੇਨੀ ਕਾਰਟੀਜ਼ ਵਿਚ ਕਿਊਬਾ ਨੁਮਾਇੰਦਗੀ ਕਰਦਾ ਸੀ।

          ਅਮਰੀਕਨ ਸਿਵਲ ਵਾਰ ਵਿਚ ਨਾਰਦਰਨ ਜਿੱਤ ਅਤੇ ਸੰਯੁਕਤ ਰਾਜ ਵਿਚੋਂ ਗ਼ੁਲਾਮੀ ਦਾ ਸਫਾਇਆ ਕਰਨ ਤੇ ਕਿਊਬਾ ਦੇ ਲੋਕਾਂ ਵਿਚ ਵੀ ਆਜ਼ਾਦੀ ਦਾ ਬੀ ਬੀਜ ਦਿਤਾ। 1868 ਵਿਚ ਇਸ ਬਗ਼ਾਵਤ ਨੇ ਦਸ ਸਾਲਾ ਖ਼ੂਨੀ ਜੰਗ ਆਰੰਭ ਕਰ ਦਿਤੀ ਜਿਹੜੀ ਜ਼ਿਆਦਾ ਕਰਕੇ ਕਿਊਬਾ ਦੇ ਪੂਰਬੀ ਪ੍ਰਾਂਤਾਂ ਵਿਚ ਲੜੀ ਗਈ। ਸੰਯੁਕਤ ਰਾਜ ਅਮਰੀਕਾ ਨੇ ਵੀ ਜਿੰਨੀ ਹੋ ਸਕੀ ਕਿਊਬਾ ਦੀ ਸਹਾਇਤਾ ਕੀਤੀ। ਸੰਨ 1878 ਵਿਚ ਥੋੜ੍ਹਾ ਜਿਹਾ ਅਮਨ ਚੈਨ ਹੋਇਆ ਅਤੇ ਸਪੇਨੀ ਸਰਕਾਰ ਨੇ ਗ਼ੁਲਾਮੀ ਬੰਦ ਕਰਨ ਅਤੇ ਸਿਆਸੀ ਸੁਧਾਰ ਕਰਨ ਦਾ ਵਾਅਦਾ ਕੀਤਾ। ਇਸ ਬਾਅਦ 20 ਸਾਲਾਂ ਲਈ ਸ਼ਾਂਤੀ ਰਹੀ। ਸੰਨ 1886 ਵਿਚ ਸਾਰੇ ਗ਼ੁਲਾਮ ਆਜ਼ਾਦ ਕਰ ਦਿਤੇ ਗਏ ਅਤੇ 1893 ਵਿਚ ਹਬਸ਼ੀਆਂ ਨੂੰ ਗੋਰਿਆਂ ਵਾਲੇ ਹੀ ਸ਼ਹਿਰੀ ਅਧਿਕਾਰ ਦਿਤੇ ਗਏ। ਪਰ ਇਹ ਸਾਰਾ ਕੁਝ ਦੇਸ਼ ਵਾਸੀਆਂ ਅੰਦਰ ਧੁਖ ਰਹੀ ਆਜ਼ਾਦੀ ਦੀ ਅੱਗ ਨੂੰ ਖਤਮ ਨਾ ਕਰ ਸਕਿਆ। ਅਖੀਰ 15 ਜੁਲਾਈ, 1895 ਨੂੰ ਇਹ ਅੱਗ ਭੜਕ ਗਈ ਅਤੇ ਕਿਊਬਾ ਦੇ ਬਾਗ਼ੀ ਟੋਲੇ ਨੇ ਆਜ਼ਾਦ ਗਣਰਾਜ ਦਾ ਐਲਾਨ ਕਰ ਦਿਤਾ। 1896 ਵਿਚ ਗਵਰਨਰ-ਜਨਰਲ ਬਦਲ ਕੇ ਨਵਾਂ ਗਵਰਨਰ-ਜਨਰਲ ਵੇਲਰ ਭੇਜਿਆ ਗਿਆ ਜਿਸ ਨੇ ਉਥੋਂ ਦੇ ਦਿਹਾਤੀ ਲੋਕਾਂ ਨੂੰ ਇੱਜੜਾਂ ਵਾਂਗ ਕੈਂਪਾਂ ਵਿਚ ਇਕੱਠਾ ਕਰ ਦਿਤਾ। ਬਹੁਤ ਸਾਰੇ ਲੋਕ ਭੁੱਖ ਤੇ ਥਕਾਵਟ ਨਾਲ ਹੀ ਮਰ ਗਏ। ਇਸ ਗਵਰਨਰ ਜਨਰਲ ਨੂੰ ਲੋਕ ‘ਬੁੱਚੜ ਵੇਲਰ’ ਕਹਿੰਦੇ ਸਨ। ਸੰਯੁਕਤ ਰਾਜ ਸਰਕਾਰ ਨੇ ਇਸ ਜਬਰ ਦੀ ਨਿਖੇਧੀ ਕੀਤੀ ਪਰ ਇਸ ਦਾ ਕੋਈ ਅਸਰ ਨਾ ਹੋਇਆ। ਅਖੀਰ ਵੇਲਰ ਨੂੰ ਬਦਲ ਦਿਤਾ ਗਿਆ। ਇਕ ਜਲਵਰੀ 1898 ਵਿਚ ਸਪੇਨੀ ਸਰਕਾਰ ਨੇ ਕਿਊਬਾ ਨੂੰ ਲੈਜਿਸਲੇਚਰ ਸਥਾਪਤ ਕਰਨ ਅਤੇ ਆਪਣਾ ਗਵਰਨਰ-ਜਨਰਲ ਨਿਯੁਕਤ ਕਰਨ ਦੀ ਆਗਿਆ ਦੇ ਦਿਤੀ ਪਰ ਹੋਮ ਰੂਲ ਨਾਮਨਜ਼ੂਰ ਕਰ ਦਿਤਾ ਜਿਸ ਕਾਰਨ ਬਗ਼ਾਵਤ ਸ਼ੁਰੂ ਰਹੀ।

          ਸਪੇਨੀ-ਅਮਰੀਕਨ ਜੰਗ––15 ਫਰਵਰੀ, 1898 ਨੂੰ ਸੰਯੁਕਤ ਰਾਜ ਅਮਰੀਕਾ ਦਾ ਇਕ ਜੰਗੀ ਸਮੁੰਦਰੀ ਜਹਾਜ਼, ਜੋ ਦੋਸਤਾਨਾ ਤੌਰ ਤੇ ਹਵਾਨਾ ਬੰਦਰਗਾਹ ਵਿਚ ਆਇਆ ਹੋਇਆ ਸੀ, ਸਪੇਨੀਆਂ ਨੇ ਉਡਾ ਦਿਤਾ। ਇਸ ਤੋਂ ਦੋ ਮਹੀਨੇ ਉਪਰੰਤ ਸੰਯੁਕਤ ਰਾਜ ਅਮਰੀਕਾ ਨੇ ਕਿਊਬਾ ਵਿਚ ਫ਼ੌਜ ਭੇਜਣ ਦਾ ਇਕ ਮਤਾ ਪਾਸ ਕਰ ਦਿਤਾ। ਇਸ ਤਰ੍ਹਾਂ ਸਪੇਨੀ-ਅਮਰੀਕਨ ਜੰਗ ਰਿਹਾ ਤਾਂ ਥੋੜ੍ਹਾ ਚਿਰ ਪਰ ਫ਼ੈਸਲਾ-ਕੁਲ ਸੀ। 12 ਅਗਸਤ ਨੂੰ ਸੰਧੀ-ਪੱਧਰ ਤੇ ਦਸਤਖ਼ਤ ਹੋਏ ਜਿਸ ਵਿਚ ਇਹ ਫੈਸਲਾ ਹੋਇਆ ਕਿ ਸਪੇਨੀ ਕਿਊਬਾ ਟਾਪੂ ਖਾਲੀ ਕਰ ਦੇਣ। ਅਮਰੀਕੀ ਫ਼ੌਜਾਂ ਟਾਪੂ ਤੇ ਰਹੀਆਂ ਅਤੇ ਫ਼ੌਜੀ ਸਰਕਾਰ ਕਾਇਮ ਕੀਤੀ ਗਈ। 10 ਦਸੰਬਰ 1898 ਨੂੰ ਪੈਰਿਸ ਸੰਧੀ ਅਨੁਸਾਰ ਸੰਯੁਕਤ ਰਾਜ ਅਮਰੀਕਾ ਨੇ ਇਕ ਟਰੱਸਟੀਸ਼ਿਪ ਕਾਇਮ ਕੀਤੀ ਜੋ ਲਗਭਗ 20 ਸਾਲ ਰਿਹਾ।

          ਅਮਰੀਕੀ ਕਬਜ਼ਾ––ਅਮਰੀਕਾ ਦੇ ਇਸ ਫ਼ੌਜੀ ਕਬਜ਼ੇ ਦੌਰਾਨ ਇਥੋਂ ਦੇ ਲੋਕਾਂ ਨੂੰ ਖਾਣਾ ਮੁਹਈਆ ਕੀਤਾ ਗਿਆ, ਸੜਕਾਂ ਤੇ ਤਬਾਹ ਹੋਈਆਂ ਪਬਲਿਕ ਇਮਾਰਤਾਂ ਦੀ ਮੁਰੰਮਤ ਕੀਤੀ ਗਈ, ਬਿਮਾਰੀਆਂ ਤੇ ਕਾਬੂ ਪਾਉਣ ਲਈ ਜਲ-ਨਿਕਾਸੀ ਦੀਆਂ ਸਹੂਲਤਾਂ ਦਾ ਇੰਤਜ਼ਾਮ ਕੀਤਾ ਗਿਆ ਅਤੇ ਲੋਕਾਂ ਨੂੰ ਸਵੈ-ਸਰਕਾਰ ਬਣਾਉਣ ਵਿਚ ਮਦਦ ਦਿਤੀ। ਸਭ ਤੋਂ ਵੱਧੀਆ ਕੰਮ ਇਹ ਸੀ ਕਿ ਖ਼ਤਰਨਾਕ ਪੀਲੇ ਬੁਖ਼ਾਰ ਤੇ ਕਾਬੂ ਪਾਇਆ ਗਿਆ ਜਿਸ ਨਾਲ ਆਏ ਸਾਲ ਬਹੁਤ ਸਾਰੀਆਂ ਜਾਨਾਂ ਖਤਮ ਹੋ ਜਾਂਦੀਆਂ ਸਨ।

          ਕਿਊਬਾ-ਗਣਰਾਜ––20 ਮਈ 1902 ਨੂੰ ਫ਼ੌਜੀ ਸਰਕਾਰ ਦੀ ਥਾਂ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਨੇ ਲੈ ਲਈ ਅਤੇ ਕਿਊਬਾ ਗਣਰਾਜ ਹੋਂਦ ਵਿਚ ਆਇਆ। ਚਾਰ ਸਦੀਆਂ ਤੋਂ ਸਪੇਨੀਆ ਦੁਆਰਾ ਲਤਾੜੇ ਕਿਊਬਾ ਦੇ ਲੋਕ ਸਰਕਾਰ ਨੂੰ ਚਲਾਉਣ ਵਿਚ ਕਿਸੇ ਹੱਦ ਤਕ ਅਸਫਲ ਰਹੇ ਅਤੇ ਸਰਕਾਰ ਜਲਦੀ ਹੀ ਆਪਸੀ ਝਗੜਿਆਂ, ਭ੍ਰਿਸ਼ਟਾਚਾਰ ਅਤੇ ਅਤਿਆਚਾਰਾਂ ਦੀ ਲਪੇਟ ਵਿਚ ਆ ਗਈ। ਫ਼ੌਜ ਵਿਚ ਬਗ਼ਾਵਤ ਛਿੜ ਪਈ ਜਿਸ ਦਾ ਫਾਇਦਾ ਸੰਯੁਕਤ ਰਾਜ ਅਮਰੀਕਾ ਨੇ ਉਠਾਇਆ। ਸਥਾਨਕ ਸਰਕਾਰ ਦੀ ਮਿੰਨਤ ਤੇ ਸੰਯੁਕਤ ਰਾਜ ਨੇ ਜੰਗ-ਸਕੱਤਰ ਵਿਲੀਅਮ ਐਚ. ਟਾਫਟ ਨੂੰ ਫੌਜ ਦੇ ਕੇ ਕਿਊਬਾ ਵਿਚ ਅਮਨ-ਚੈਨ ਕਾਇਮ ਕਰਨ ਲਈ ਰਵਾਨਾ ਭੇਜ ਦਿਤਾ। 9 ਸਤੰਬਰ, 1906 ਨੂੰ ਇਕ ਆਰਜ਼ੀ ਸਰਕਾਰ ਕਾਇਮ ਕੀਤੀ ਗਈ। ਪਰ ਇਨ੍ਹਾਂ ਦੀ ਆਪਣੀ ਸਰਕਾਰ ਬਣੀ ਤਾਂ ਰਹੀ ਪਰ ਵਾਦ-ਵਿਵਾਦ ਦੇ ਚੱਕਰ ਵਿਚੋਂ ਨਾ ਨਿਕਲ ਸਕੀ ਜਿਸ ਕਰਕੇ ਦੇਸ਼ ਦੀ ਉੱਨਤੀ ਨਾ ਹੋ ਸਕੀ।

ਸੰਨ 1925 ਵਿਚ ‘ਜਨਰਲ ਗਿਰਾਰਡੋ ਮਕਾਡੋ ਵਾਈ ਮੋਰੇਲਜ਼’ ਦੇ ਦਫ਼ਤਰ ਸੰਭਾਲਣ ਉਪਰੰਤ ਉਦਯੋਗਕ, ਖਾਸ ਕਰਕੇ ਗੰਨਾ ਮਿੱਲਾਂ ਦਾ, ਵਿਕਾਸ ਕਾਫ਼ੀ ਹੋਇਆ। ਕਈ ਸ਼ਾਹ ਰਾਹ ਬਣਾਏ ਗਏ। ਮਕਾਡੋ ਦਾ ਰਾਜ ਕਿਊਬਾ ਵਿਚ ਸਭ ਤੋਂ ਦਰਦਨਾਕ, ਖ਼ੂਨੀ ਅਤੇ ਅਤਿਆਚਾਰੀ ਰਾਜ ਸੀ। ਅਗਸਤ, 1933 ਵਿਚ ਇਕ ਜ਼ਬਰਦਸਤ ਹੜਤਾਲ ਹੋਈ ਅਤੇ ਅਖ਼ੀਰ ਮਕਾਡੋ ਨੂੰ ਦੇਸ਼ ਛੱਡਣਾ ਪਿਆ। ਇਸ ਤੋਂ ਬਾਅਦ ਡਾ. ਕਾਰਲੋਸ ਮੈਨੂਅਲ ਡੀ ਕੈਸਪੀਡੀਜ਼ ਤਾਕਤ ਵਿਚ ਆਇਆ ਜਿਸ ਦਾ ਤਖ਼ਤਾ ਨਾਨ-ਕਮਿਸ਼ਨਡ ਅਤੇ ਵਿਦਿਆਰਥੀਆਂ ਨੇ ਰਲਕੇ ਉਲਟਾ ਦਿਤਾ ਅਤੇ ਡਾ. ਰਾਮਨ ਗਰਾਊ ਸਾਲ ਮਾਰਟਿਨ ਨੂੰ ਪ੍ਰਧਾਨ ਬਣਾਇਆ। ਪਰ ਸੰਯੁਕਤ ਰਾਜ ਨੇ ਡਾ. ਗਰਾਊ ਦੀ ਸਰਕਾਰ ਨੂੰ ਮਾਨਤਾ ਦਿੱਤੀ। ਜਨਵਰੀ 1934 ਵਿਚ ਬਤਿਸਤਾ ਨੇ ਉਸ ਪਾਸੋਂ ਜ਼ਬਰੀ ਅਸਤੀਫਾ ਲੈ ਲਿਆ। ਇਕ ਨਵੇਂ ਆਰਜ਼ੀ ਪ੍ਰਧਾਨ ਕਰਨਲ ‘ਕਾਰਲੋਸ ਮੈਂਡੀਟਾ’ ਨੂੰ ਜਲਦੀ ਹੀ ਵਾਸ਼ਿੰਗਟਨ ਨੇ ਮਾਨਤਾ ਦੇ ਦਿੱਤੀ ਅਤੇ ਮਈ 1934 ਵਿਚ ਸੰਯੁਕਤ ਰਾਜ ਅਮਰੀਕਾ ਨੇ ਪਲਾਟ ਅਮੈਂਡਮੈਂਟ ਖ਼ਤਮ ਕਰ ਦਿੱਤੀ। ਇਸ ਤਰ੍ਹਾਂ ਕਿਊਬਾ ਪੂਰੀ ਤਰ੍ਹਾਂ ਸਿਆਸੀ ਤੌਰ ਤੇ ਆਜ਼ਾਦ ਹੋ ਗਿਆ। ਇਸ ਪਿਛੋਂ ਇਥੇ ਦੇ ਕਈ ਪ੍ਰਧਾਨ ਬਣੇ ਅਤੇ ਕਈ ਲਹੇ। ਸੰਨ 1940 ਦੀਆਂ ਚੋਣਾਂ ਵਿਚ ਬਤਿਸਤਾ ਸਤ੍ਹਾ ਵਿਚ ਆ ਗਿਆ। ਉਸ ਦੀ ਸਰਕਾਰ ਨੇ ਪਰਲ ਹਾਰਬਰ ਤੋਂ ਜਲਦੀ ਹੀ ਪਿਛੋਂ ਐਕਸਸ ਤੇ ਜੰਗ ਦਾ ਐਲਾਨ ਕਰ ਦਿਤਾ ਅਤੇ ਕਿਊਬਾ ਨੇ ਅਮਰੀਕਾ ਨੂੰ ਫ਼ੌਜੀ ਅੱਡੇ ਕਾਇਮ ਕਰਨ ਲਈ ਆਗਿਆ ਦੇ ਦਿੱਤੀ। ਸੰਨ 1944 ਦੀਆਂ ਚੋਣਾਂ ਵਿਚ ਡਾ. ਗਰਾਉ ਮੁੜ ਪ੍ਰਧਾਨ ਚੁਣਿਆ ਗਿਆ ਅਤੇ ਬਤਿਸਤਾ ਦੇਸ਼ ਛੱਡ ਕੇ ਚਲਾ ਗਿਆ। ਨਵੀਂ ਸਰਕਾਰ ਨੂੰ ਅੰਨ ਦੀ ਘਾਟ, ਕੀਮਤਾਂ ਵਿਚ ਵਾਧਾ ਅਤੇ ਮਜ਼ਦੂਰਾਂ ਵਿਚ ਬੇਚੈਨੀ ਆਦਿ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਪਿਆ। ਸਿਆਸੀ ਜੁਰਮ ਵਿਚ ਭ੍ਰਿਸ਼ਟਾਚਾਰ ਦੇਸ਼ ਵਿਚ ਫੈਲ ਗਿਆ। 10 ਮਾਰਚ 1952 ਨੂੰ ਬਤਿਸਤਾ ਨੇ ਫ਼ੌਜ ਦੀ ਮਦਦ ਨਾਲ ਸਰਕਾਰ ਦਾ ਕੰਟਰੋਲ ਫਿਰ ਆਪਣੇ ਹੱਥ ਲੈ ਲਿਆ। ਸੰਨ 1954 ਵਿਚ ਉਸਦੇ ਬਿਨਾਂ ਚੋਣ ਲੜੇ ਚੁਣੇ ਜਾਣ ਨਾਲ ਲੋਕਾਂ ਦੇ ਦਿਲਾਂ ਵਿਚ ਬਤਿਸਤਾ ਪ੍ਰਤੀ ਨਫਰਤ ਫੈਲ ਗਈ।

          ਨਵੰਬਰ, 1956 ਵਿਚ ਫਿਦਲ ਕਾਸਤਰੋ ਦੀ ਅਗਵਾਈ ਹੇਠ ਸਿਐਰਾ ਮਾਏਸਟਰਾ ਵਿਚ ਬਗਾਵਤ ਫੈਲ ਗਈ। ਦੋ-ਸਾਲਾ ਗੁਰੀਲਾ ਜੰਗ ਉਪਰੰਤ ਕਾਸਤਰੋ ਦੀਆਂ ਫੌਜਾਂ ਨੇ ਪੂਰਬੀ ਤੇ ਮੱਧ ਪ੍ਰਾਂਤਾਂ ਤੇ ਕੰਟਰੋਲ ਕਰ ਲਿਆ ਅਤੇ 31 ਦਸੰਬਰ, 1958 ਨੂੰ ਫੌਜੀ ਮਹੱਤਤਾ ਵਾਲੇ ਸ਼ਹਿਰ ਸਾਂਤਾ ਕਲੇਰਾ ਤੇ ਕਬਜ਼ਾ ਕਰ ਲਿਆ। ਜਨਵਰੀ, 1959 ਵਿਚ ਇਕ ਆਰਜ਼ੀ ਸਰਕਾਰ ਬਣਾਈ ਗਈ ਜਿਸ ਦਾ ਪ੍ਰਧਾਨ ਮੰਤਰੀ ਕਾਸਤਰੋ ਅਤੇ ਪ੍ਰਧਾਨ ਡਾ. ਮੈਨੂਅਲ ਊਰੂਸ਼ੀਆ ਲੀਓ ਬਣਿਆ। ਸੰਨ 1960 ਵਿਚ ਕਾਸਤਰੋ ਨੇ ਆਪਣੇ ਸਬੰਧ ਸੋਵੀਅਤ ਯੂਨੀਅਨ ਨਾਲ ਜੋੜ ਲਏ। ਸੰਨ 1962 ਵਿਚ ਸੋਵੀਅਤ ਯੂਨੀਅਨ ਨੇ ਕਿਊਬਾ ਵਿਚ ਮੀਜ਼ਾਈਲਾਂ ਫਿਟ ਕਰ ਦਿੱਤੀਆਂ ਜਿਸ ਨਾਲ ਵਿਸ਼ਵ ਯੁੱਧ ਦਾ ਖ਼ਤਰਾ ਪੈਦਾ ਹੋ ਗਿਆ। ਸੰਯੁਕਤ ਰਾਜ ਨੇ ਸੋਵੀਅਤ ਯੂਨੀਅਨ ਨੂੰ ਮੀਜ਼ਾਈਲਾਂ ਉਠਾਉਣ ਲਈ ਕਿਹਾ ਅਤੇ ਧਮਕੀ ਦਿੱਤੀ ਕਿ ਜੇ ਨਹੀਂ ਹਟਾਉਣਗੇ ਤਾਂ ਇਹ ਨਿਊਕਲੀਅਰ ਹਮਲਾ ਕਰ ਦੇਣਗੇ। ਸੋਵੀਅਤ ਨੇ ਕਿਊਬਾ ਨੂੰ ਮੁੜ ਚੀਨ ਵਿਰੁੱਧ ਲੜਨ ਲਈ ਵੀ ਮਜ਼ਬੂਰ ਕੀਤਾ ਭਾਵੇਂ ਕਿਊਬਾ ਦੇ ਚੀਨ ਨਾਲ ਚੰਗੇ ਸਬੰਧ ਸਨ। ਸੋਵੀਅਤ ਨੇ ਕਿਊਬਾ ਨੂੰ ਫੌਜੀ ਸਹਾਇਤਾ ਤਾਂ ਕਾਫ਼ੀ ਦਿਤੀ ਪਰ ਮੁਕਾਬਲੇ ਵਿਚ ਗ਼ੈਰ-ਫੌਜੀ ਸਹਾਇਤਾ ਬਹੁਤ ਘੱਟ ਦਿਤੀ ਜਿਸ ਨਾਲ ਕਿਊਬਾ ਦੀ ਆਰਥਿਕਤਾ ਨੂੰ ਕਾਫ਼ੀ ਧੱਕਾ ਲੱਗਾ। ਸੰਨ 1969 ਵਿਚ ਤਾਂ ਸੀਗਾਰ ਅਤੇ ਖੰਡ ਵਰਗੀਆਂ ਵਸਤਾਂ, ਜਿਹੜੀਆਂ ਕਿ ਦੇਸ਼ ਦੀ ਲੋੜ ਤੋਂ ਕਿਤੇ ਵੱਧ ਪੈਦਾ ਹੁੰਦੀਆਂ ਸਨ, ਨੂੰ ਵੀ ਰਾਸ਼ਨ ਕਾਰਡਾਂ ਉਪਰ ਵੰਡਣਾ ਪਿਆ।

          ਕ੍ਰਾਂਤੀ ਪਿਛੋਂ ਸਾਰੀਆਂ ਸਿਆਸੀ ਪਾਰਟੀਆਂ ਇਕੱਠੀਆਂ ਹੋ ਕੇ ਇਕ ਪਾਰਟੀ ਦਾ ਰੂਪ ਧਾਰਨ ਕਰ ਗਈਆਂ। ਸੰਨ 1962 ਵਿਚ ਇਸ ਇਕ ਪਾਰਟੀ ਦਾ ਨਾਂ ‘ਕਿਊਬੀ ਸਮਾਜਵਾਦ ਕ੍ਰਾਂਤੀ ਦੀ ਸੰਘੀ ਪਾਰਟੀ’ ਰੱਖਿਆ ਗਿਆ ਪਰ 1965 ਵਿਚ ਬਦਲ ਕੇ ‘ਕਿਊਬਾ ਦੀ ਕਮਿਊਨਿਸਟ ਪਾਰਟੀ’ ਰੱਖਿਆ ਗਿਆ। ਸਰਕਾਰੀ ਤੌਰ ਤੇ ਇਹ ਇਕੱਲੀ ਹੀ ਦੇਸ਼ ਦਾ ਰਾਜ ਪ੍ਰਬੰਧ ਚਲਾਉਂਦੀ ਹੈ।

          ਆਰਥਿਕਤਾ

          ਖਣਿਜ––ਕਿਊਬਾ ਵੈਸਟ ਇੰਡੀਜ਼ ਦੇ ਕੁਝ ਕੁ ਉਨ੍ਹਾਂ ਟਾਪੂਆਂ ਵਿਚੋਂ ਇਕ ਹੈ ਜਿਥੇ ਕੀਮਤੀ ਖਣਿਜੀ ਭੰਡਾਰ ਮਿਲਦੇ ਹਨ। ਪੂਰਬ ਵਿਚ ਨਿਕਲ ਤੇ ਲੋਹੇ ਦੇ ਭੰਡਾਰ ਮੌਜੂਦ ਹਨ। ਮਾਟਾਹੈਂਬਰ ਵਿਖੇ ਥੋੜ੍ਹੇ ਜਿਹੇ ਤਾਂਬੇ ਦੇ ਭੰਡਾਰ ਪਾਏ ਜਾਂਦੇ ਹਨ ਅਤੇ ਮਾਰਯੈੱਲ ਨਜ਼ਦੀਕ ਐਸਫਾਲਟ ਦੀਆਂ ਛੋਟੀਆਂ ਛੋਟੀਆਂ ਝੀਲਾਂ ਹਨ। ਸਾਨਤਿਆਗੋ ਦੇ ਨੇੜੇ ਮੈਗਨੀਜ਼ ਮਿਲਦਾ ਹੈ ਜੋ ਕਿਊਬਾ ਦਾ ਸਭ ਤੋਂ ਵੱਧ ਬਾਹਰ ਭੇਜਿਆ ਜਾਣ ਵਾਲਾ ਖਣਿਜ ਪਦਾਰਥ ਹੈ।

          ਖੇਤੀਬਾੜੀ––ਕਿਊਬਾ ਸਭ ਤੋਂ ਜ਼ਿਆਦਾ ਆਮਦਨੀ ਖੇਤੀਬਾੜੀ ਤੋਂ ਪ੍ਰਾਪਤ ਕਰਦਾ ਹੈ। ਖੰਡ ਇਥੋਂ ਦੇ ਅਰਥਚਾਰੇ ਦਾ ਆਧਾਰ ਹੈ। ਵਾਹੀਯੋਗ ਭੂਮੀ ਦੇ ਦੋ ਤਿਹਾਈ ਹਿੱਸੇ ਵਿਚ ਸਿਰਫ਼ ਕਮਾਦ ਦੀ ਕਾਸ਼ਤ ਕੀਤੀ ਜਾਂਦੀ ਹੈ। ਕਾਮਿਆਂ ਦਾ ਇਕ ਤਿਹਾਈ ਹਿੱਸਾ ਖੰਡ ਦੀਆਂ ਮਿੱਲਾਂ ਵਿਚ ਹੈ। ਦੂਜੇ ਨੰਬਰ ਤੇ ਮਹੱਤਤਾ ਵਾਲੀ ਫਸਲ ਤੰਬਾਕੂ ਹੈ ਜਿਸ ਤੋਂ ਸੀਗਾਰ ਬਣਦਾ ਹੈ। ਅਨਾਨਾਸ, ਨਿੰਬੂ ਜਾਤੀ ਦੇ ਫ਼ਲ, ਟਮਾਟਰ ਅਤੇ ਕਾਲੀ ਮਿਰਚ ਆਦਿ ਬਹੁਤ ਮਿਕਦਾਰ ਵਿਚ ਉਗਾਏ ਜਾਂਦੇ ਹਨ ਅਤੇ ਬਾਹਰ ਭੇਜੇ ਜਾਂਦੇ ਹਨ।

          ਉਦਯੋਗ––ਕਿਊਬਾ ਦਾ ਸਭ ਤੋਂ ਵੱਡਾ ਉਦਯੋਗ ਖੰਡ ਦਾ ਹੈ। 1970 ਵਿਚ ਇਥੇ 8,500,000 ਮੀ. ਟਨ ਖੰਡ ਤਿਆਰ ਕੀਤੀ ਗਈ ਸੀ। ਇਸ ਤੋਂ ਇਲਾਵਾ ਦੂਜੀਆਂ ਮਹੱਤਵਪੂਰਨ ਉਪਜਾਂ ਵਿਚ ਸੀਮਿੰਟ, ਇਲੈਕਟਿੰਕ ਤੇ ਪਾਵਰ, ਜ਼ਰਾਇਤੀ ਮਸ਼ੀਨਰੀ, ਖਾਣ ਪੀਣ ਵਾਲੀਆਂ ਵਸਤਾਂ ਤੇ ਸ਼ਰਾਬ, ਤੰਬਾਕੂ ਤੇ ਸਿਗਰਟ, ਕਾਗਜ਼, ਖਾਦ, ਕੱਪੜਾ ਅਤੇ ਖੱਲਾਂ ਆਦਿ ਸ਼ਾਮਲ ਹਨ।

          ਆਵਾਜਾਈ––ਆਰਥਕ ਵਿਕਾਸ ਲਈ ਥਲੀ ਤੇ ਹਵਾਈ ਢੋਅ-ਢੁਆਈ ਸਹੂਲਤਾਂ ਵਿਚ ਲਗਾਤਾਰ ਵਾਧਾ ਕਰਨਾ ਲਾਜ਼ਮੀ ਹੋ ਗਿਆ ਹੈ। 1970 ਦੇ ਅੰਕੜਿਆਂ ਅਨੁਸਾਰ ਕਿਊਬਾ ਵਿਚ 380 ਰੇਲਵੇ ਸਟੇਸ਼ਨ ਅਤੇ 14,170 ਕਿ. ਮੀ. ਰੇਲਵੇ ਲਾਈਨਾਂ ਹਨ। ਇਥੇ 7,392 ਕਿ. ਮੀ. ਸ਼ਾਹ-ਰਾਹ ਅਤੇ 8,096 ਕਿ. ਮੀ. ਸੜਕਾਂ ਹਨ। ਹਵਾਈ ਸੇਵਾਵਾਂ ਦੀਆਂ ਵੀ ਕਾਫੀ ਸਹੂਲਤਾਂ ਹਨ। ਸਮੁੰਦਰੀ ਜਹਾਜ਼ਾਂ ਦੀ ਵੀ ਕਾਫੀ ਭਰਮਾਰ ਹੈ।

          ਵਪਾਰ––ਸੰਨ 1958 ਵਿਚ ਦਰਾਮਦ ਦਾ 70 ਪ੍ਰਤੀਸ਼ਤ ਸੰਯੁਕਤ ਰਾਜ ਅਮਰੀਕਾ ਤੋਂ ਆਉਂਦਾ ਸੀ। ਸੰਨ 1961 ਵਿਚ ਅਮਰੀਕਾ ਨਾਲ ਇਹ ਵਪਾਰ ਬਿਲਕੁਲ ਖ਼ਤਮ ਹੋ ਗਿਆ ਅਤੇ ਕਿਊਬਾ ਦਾ ਵਪਾਰ ਸੋਵੀਅਤ ਦੇਸ਼ਾਂ ਨਾਲ ਸ਼ੁਰੂ ਹੋ ਗਿਆ। ਬਰਾਮਦ ਦੀਆਂ ਮੁੱਖ ਵਸਤਾਂ ਵਿਚ ਖੰਡ, ਨਿਕਲ, ਤੰਬਾਕੂ, ਮੱਛੀ ਅਤੇ ਕਾਫ਼ੀ ਸ਼ਾਮਲ ਹਨ।

          ਲੋਕ––ਕਿਊਬਾ ਦੇ ਆਦਿਵਾਸੀ ਸਿਬੋਨੀਜ਼ ਸਨ ਜੋ ਅਰਾਵਾਕਨ ਕਬੀਲਿਆਂ ਦੀ ਇਕ ਬ੍ਰਾਂਚ ਸੀ। ਸੰਨ 1600 ਤੋਂ ਪਿਛੋਂ ਪੱਕੀਆਂ ਬਸਤੀਆਂ ਆਬਾਦ ਕੀਤੀਆਂ ਗਈਆਂ ਅਤੇ ਸਿਬੋਨੀਜ਼ ਬਦਸਲੂਕੀ, ਬਿਮਾਰੀ ਅਤੇ ਜੰਗ ਨਾਲ ਖਤਮ ਕਰ ਦਿਤੇ ਗਏ। ਇਨ੍ਹਾਂ ਦੀ ਥਾਂ ਸਪੇਨੀ ਆਬਾਦਕਾਰਾਂ ਨੇ ਦੂਜੇ ਇੰਡੀਅਨ ਗ਼ੁਲਾਮ ਲੈ ਆਂਦੇ। ਉਹ ਵੀ ਇਥੋਂ ਦੌੜ ਗਏ। ਫਿਰ ਅਫ਼ਰੀਕੀ ਹਬਸ਼ੀਆਂ ਨੂੰ ਗ਼ੁਲਾਮ ਬਣਾਕੇ ਲਿਆਂਦਾ ਗਿਆ। ਅੱਜਕੱਲ੍ਹ ਇਨ੍ਹਾਂ ਦੀ ਮਿਲੀ ਜੁਲੀ ਆਬਾਦੀ ਹੈ।

          ਬੋਲੀ ਤੇ ਧਰਮ––ਕਿਊਬਾ ਦੀ ਦਫ਼ਤਰੀ ਭਾਸ਼ਾ ਸਪੇਨੀ ਹੈ ਪ੍ਰੰਤੂ ਆਮ ਕਰਕੇ ਅੰਗਰੇਜ਼ੀ ਬੋਲੀ ਜਾਂਦੀ ਹੈ। ਰੋਮਨ ਕੈਥੋਲਿਕ ਇਨ੍ਹਾਂ ਦਾ ਧਰਮ ਹੈ।

          ਸਿੱਖਿਆ––ਸੰਨ 1961 ਵਿਚ ‘ਸਿੱਖਿਆ ਦਾ ਸਾਲ’ ਮਨਾਇਆ ਗਿਆ। ਅਨਪੜ੍ਹਤਾ ਵਿਰੁੱਧ ਇਸ ਮੁਹਿੰਮ ਨਾਲ ਲਗਭਗ 707,212 ਆਦਮੀ, ਤੀਵੀਆਂ ਨੂੰ ਸਿੱਖਿਆ ਦਿਤੀ ਗਈ। ਸਭ ਸ਼ਹਿਰੀਆਂ ਨੂੰ ਵਿੱਦਿਆ ਮੁਫਤ ਦਿਤੀ ਜਾਂਦੀ ਹੈ। ਸਗੋਂ ਖਰਚ ਵਾਸਤੇ ਵਜ਼ੀਫੇ ਆਦਿ ਵੀ ਦਿਤੇ ਜਾਂਦੇ ਹਨ। ਸੰਨ 1969-70 ਦੌਰਾਨ 7,362 ਨਵੀਆਂ ਸਕੂਲ ਇਮਾਰਤਾਂ ਤਮੀਰ ਕੀਤੀਆਂ ਗਈਆਂ ਅਤੇ 2,302 ਇਮਾਰਤਾਂ ਨੂੰ ਸਕੂਲਾਂ ਵਿਚ ਬਦਲਿਆ ਗਿਆ। ਸੰਨ 1970 ਦੇ ਸ਼ੁਰੂ ਤਕ ਸਾਰੀਆਂ ਇਮਾਰਤਾਂ ਦਾ ਦੋ ਤਿਹਾਈ ਹਿੱਸਾ ਵਿਦਿਅਕ ਕੰਮਾਂ ਵਿਚ ਵਰਤਿਆ ਜਾ ਚੁੱਕਾ ਹੈ।

          ਰਾਜ-ਪ੍ਰਬੰਧ

          ਦੇਸ਼ ਦੀ ਵਾਗਡੋਰ ਇਕ ਪਾਰਟੀ ‘ਕਿਊਬਾ ਦੀ ਕਮਿਊਨਿਸਟ ਪਾਰਟੀ’ ਦੇ ਹੱਥ ਹੈ। ਜਨਵਰੀ, 1959 ਤੋਂ ਸੰਵਿਧਾਨ ਮੁਅੱਤਲ ਕੀਤਾ ਹੋਇਆ ਸੀ। ਪਹਿਲਾ ਸਮਾਜਵਾਦੀ ਸੰਵਿਧਾਨ 24 ਫ਼ਰਵਰੀ 1976 ਨੂੰ ਲਾਗੂ ਕੀਤਾ ਸੀ। ਤਿੰਨ ਦਸੰਬਰ 1976 ਨੂੰ ਡਾ. ਫੀਦਲ ਕਾਸਤਰੋ ਸਟੇਟ ਦੀ ਕੌਂਸਲ ਦਾ ਪ੍ਰੈਜੀਡੈਂਟ ਬਣਿਆ ਅਤੇ ਮੰਤਰੀਆਂ ਦੀ ਕੌਂਸਲ ਦਾ ਪ੍ਰੈਜ਼ੀਡੈਂਟ ਅਤੇ ਕਿਊਬਾ ਦੀ ਕਮਿਊਨਿਸਟ ਪਾਰਟੀ ਦਾ ਪਹਿਲਾ ਸਕੱਤਰ ਵੀ ਇਹੋ ਹੀ ਹੈ।

          ਦੇਸ਼ ਨੂੰ 14 ਪ੍ਰਾਂਤਾਂ ਅਤੇ 169 ਮਿਊਂਸਪਲਟੀਆਂ ਵਿਚ ਵੰਡੀਆ ਹੋਇਆ ਹੈ। ਸਥਾਨਕ ਸਰਕਾਰ ਲੋਕ ਸ਼ਕਤੀ ਦੀਆਂ ਜਥੇਬੰਦੀਆਂ ਦੀ ਜ਼ਿੰਮੇਵਾਰ ਹੈ। ਪ੍ਰਾਂਤਕ ਮਿਊਂਸਪਲ ਅਸੈਂਬਲੀਆਂ ਅਤੇ ਨੈਸ਼ਨਲ ਅਸੈਂਬਲੀ ਦੀਆਂ ਚੋਣਾਂ 1976 ਵਿਚ ਹੋਈਆਂ ਸਨ।

          ਰਾਸ਼ਟਰੀ ਝੰਡੇ ਵਿਚ ਤਿੰਨ ਨੀਲੀਆਂ ਅਤੇ ਦੋ ਚਿੱਟੀਆਂ ਸਮਾਂਤਰ ਧਾਰੀਆਂ ਹਨ ਅਤੇ ਪੋਲ ਵਾਲੇ ਪਾਸੇ ਲਾਲ ਤਿਕੋਨ ਵਿਚ ਚਿੱਟੇ ਰੰਗ ਦਾ ਪੰਜ ਨੁਕਰਾ ਤਾਰਾ ਹੈ। ਪੀਸੋ (1 ਪੌਂਡ=1.38 ਪੈਸੋ) ਇਥੋਂ ਦਾ ਸਿੱਕਾ ਹੈ। ਨਾਪ ਤੋਲ ਲਈ ਮੀਟ੍ਰਿਕ ਪ੍ਰਣਾਲੀ ਹੈ ਪਰ ਅਮਰੀਕੀ ਤੇ ਪੁਰਾਣਾ ਸਪੇਨੀ ਸਿਸਟਮ ਬਹੁਤ ਵਰਤਿਆ ਜਾਂਦਾ ਹੈ।

          ਹ. ਪੁ.––ਐਨ. ਬ੍ਰਿ. ਮੈ. 5 : 349; ਕੋਲ. ਐਨ. 5 : 684


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1103, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.