ਕਿਰਪਾਲ ਚੰਦ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਿਰਪਾਲ ਚੰਦ: ਭਾਈ ਲਾਲ ਚੰਦ ਸੁਭਿੱਖੀ ਦੇ ਸੁਪੁੱਤਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਗੁਜਰੀ ਦੇ ਭਰਾ ਸਨ। ਇਹਨਾਂ ਨੇ ਆਪਣਾ ਜੀਵਨ-ਪੰਧ ਗੁਰੂ ਹਰਿਰਾਇ ਜੀ ਦੀ ਫ਼ੌਜ ਵਿਚ ਸਿਪਾਹੀ ਦੇ ਤੌਰ ਤੇ ਸ਼ੁਰੂ ਕੀਤਾ ਅਤੇ ਬਕਾਲਾ ਵਿਖੇ ਇਹਨਾਂ ਨੇ ਗੁਰੂ ਤੇਗ਼ ਬਹਾਦਰ ਜੀ ਦੇ ਇਕਾਂਤਵਾਸ ਦੇ ਸਮੇਂ ਉਹਨਾਂ ਨਾਲ ਨਜ਼ਦੀਕੀ ਸੰਬੰਧ ਬਣਾਈ ਰੱਖੇ ਸਨ। ਇਹ ਉਹਨਾਂ ਵਿਅਕਤੀਆਂ ਵਿਚੋਂ ਸਨ ਜਿਨ੍ਹਾਂ ਨੇ ਮਸੰਦ ਸ਼ੀਹੇਂ ਦੁਆਰਾ ਗੁਰੂ ਸਾਹਿਬ ਉੱਪਰ ਕੀਤੇ ਗਏ ਹਮਲੇ ਵਿਚ ਗੁਰੂ ਜੀ ਦੀ ਸਰੀਰਿਕ ਸੁਰੱਖਿਆ ਕੀਤੀ ਸੀ। ਇਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਖ਼ਜ਼ਾਨਚੀ ਅਤੇ ਕੈਂਪ ਆਯੋਜਕ ਵਜੋਂ ਸੇਵਾ ਕੀਤੀ ਸੀ। ਗੁਰੂ ਤੇਗ਼ ਬਹਾਦਰ ਜੀ ਜਦੋਂ ਗੁਰਮਤਿ ਦੇ ਪ੍ਰਚਾਰ ਹਿਤ ਬੰਗਾਲ ਅਤੇ ਅਸਾਮ ਦੇ ਦੂਰ-ਦੁਰਾਡੇ ਇਲਾਕਿਆਂ ਵਿਚ ਗਏ ਤਾਂ ਕਿਰਪਾਲ ਚੰਦ ਨੇ ਪਟਨਾ ਰਹਿ ਕੇ ਪਰਵਾਰ ਦੀ ਦੇਖ-ਭਾਲ ਕੀਤੀ ਅਤੇ ਬਾਅਦ ਵਿਚ ਵਾਪਸੀ ਸਮੇਂ ਪਟਨਾ ਵਿਖੇ ਪੈਦਾ ਹੋਏ ਗੁਰੂ ਜੀ ਦੇ ਸੁਪੁੱਤਰ ਗੋਬਿੰਦ ਰਾਇ ਅਤੇ ਗੁਰੂ-ਘਰ ਦੇ ਮਹਿਲਾਂ ਨੂੰ ਇਹ ਪਟਨਾ ਤੋਂ ਅਨੰਦਪੁਰ ਸਾਹਿਬ ਵਿਖੇ ਲੈ ਕੇ ਆਏ। ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਅਮਲੀ ਤੌਰ ‘ਤੇ ਕਈ ਸਾਲ ਤਕ ਇਹ ਬਾਲ ਗੁਰੂ ਜੀ ਦੀ ਸਰਪ੍ਰਸਤੀ ਅਤੇ ਮਾਤਾ ਗੁਜਰੀ ਅਤੇ ਮਾਤਾ ਨਾਨਕੀ ਜੀ ਦੀ ਨਿਗਰਾਨੀ ਹੇਠ ਘਰੇਲੂ ਮਸਲਿਆਂ ਦਾ ਪ੍ਰਬੰਧ ਕਰਦੇ ਰਹੇ। ਭੰਗਾਣੀ ਦੇ ਯੁੱਧ ਵਿਚ ਇਹਨਾਂ ਦੀ ਬਹਾਦਰੀ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਬਚਿਤ੍ਰ ਨਾਟਕ ਵਿਚ ਕੀਤਾ ਹੈ।

      ਕਿਰਪਾਲ ਚੰਦ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਵੀ ਜੀਵਿਤ ਰਹੇ ਅਤੇ ਅੰਮ੍ਰਿਤਸਰ ਵਿਖੇ ਪਵਿੱਤਰ ਅਸਥਾਨਾਂ ਦੇ ਪ੍ਰਬੰਧ ਦੀ ਜ਼ੁੰਮੇਵਾਰੀ ਨਿਭਾਉਂਦੇ ਰਹੇ। ਇਹਨਾਂ ਦੇ ਅਕਾਲ ਚਲਾਣੇ ਦੀ ਮਿਤੀ ਬਾਰੇ ਪਤਾ ਨਹੀਂ ਲੱਗ ਸਕਿਆ।


ਲੇਖਕ : ਮ.ਗ.ਸ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1725, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਿਰਪਾਲ ਚੰਦ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਿਰਪਾਲ ਚੰਦ : ਇਹ ਮਾਤਾ ਗੁਜਰੀ ਜੀ ਦੇ ਭਰਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਮਾ ਸਨ। ਇਹ ਪਰਮ ਗੁਰੂ ਭਗਤ ਅਤੇ ਮਹਾਨ ਯੋਧੇ ਸਨ। ਇਨ੍ਹਾਂ ਨੇ ਭੰਗਾਣੀ ਦੇ ਯੁੱਧ ਵਿਚ ਵੱਡੀ ਬਹਾਦਰੀ ਵਿਖਾਈ, ਜਿਸ ਦਾ ਜ਼ਿਕਰ ਕਲਗੀਧਰ ਨੇ ‘ਬਿਚਿਤ੍ਰ ਨਾਟਕ’ ਦੇ ਅੱਠਵੇਂ’ ਅਧਿਆਏ ਵਿਚ ਕੀਤਾ ਹੈ––

          ‘ਤਹਾਂ ਮਾਤੁਲੇਯੰ ਕ੍ਰਿਪਾਲੰ ਕਰੁੱਧੰ’

          ਹ. ਪੁ. ––ਮ. ਕੋ. 359


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1500, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-29, ਹਵਾਲੇ/ਟਿੱਪਣੀਆਂ: no

ਕਿਰਪਾਲ ਚੰਦ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

 ਕਿਰਪਾਲ ਚੰਦ :   ਇਹ ਪਰਮ ਗੁਰੂ ਭਗਤ ਅਤੇ ਮਹਾਨ ਯੋਧਾ ਮਾਤਾ ਗੁਜਰੀ ਜੀ ਦਾ ਭਰਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮਾਮਾ ਸੀ। ਇਹ ਭੰਗਾਣੀ ਦੇ ਯੁੱਧ ਵਿਚ ਵੀਰਤਾ ਨਾਲ ਲੜਿਆ ਸੀ ਜਿਸ ਦਾ ਜ਼ਿਕਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਬਚਿੱਤਰ ਨਾਟਕ' ਵਿਚ ਕੀਤਾ ਹੈ :–

      ‘‘ ਤਹਾਂ ਮਾਤੁਲੇਯੰ ਕ੍ਰਿਪਾਲੰ ਕਰੁੱਧੰ ''


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1276, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-27-03-48-35, ਹਵਾਲੇ/ਟਿੱਪਣੀਆਂ: ਹ. ਪੁ. - ਮ. ਕੋ.

ਕਿਰਪਾਲ ਚੰਦ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਕਿਰਪਾਲ ਚੰਦ :   ਇਹ ਕਾਂਗੜੇ ਦਾ ਰਾਜਾ ਸੀ। ਕਟੋਚ ਗੋਤ ਦਾ ਹੋਣ ਕਾਰਨ ਇਸ ਨੂੰ ਕਟੋਚੀਆ ਵੀ ਆਖਿਆ ਜਾਂਦਾ ਸੀ। ਰਾਜਾ ਭੀਮ ਚੰਦ ਦੇ ਕਹਿਣ ਤੇ ਜਦੋਂ ਸਾਰੇ ਪਹਾੜੀ ਰਾਜੇ ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਨਾਲ ਲੜਾਈ ਦੀਆਂ ਤਿਆਰੀਆਂ ਕਰ ਰਹੇ ਸਨ ਤਾਂ ਕਿਰਪਾਲ ਚੰਦ ਕਟੋਚੀਏ ਤੇ ਕੁਝ ਹੋਰ ਪਹਾੜੀ ਰਾਜਿਆਂ ਨੇ ਆਪਣੇ ਆਪਣੇ ਸੂਹੀਏ ਨੂੰ ਗੁਰੂ ਜੀ ਕੋਲ ਭੇਜ ਕੇ ਸੂਚਨਾ ਦਿਤੀ ਕਿ  ‘ਆਪ ਰਾਜੇ ਭੀਮ ਚੰਦ ਨਾਲ ਬਿਨਾ ਝਿਜਕ ਲੜਾਈ ਕਰ ਸਕਦੇ ਹੋ। ਅਸੀਂ ਭਾਵੇਂ ਉਸ ਨਾਲ ਆਵਾਂਗੇ ਪਰ ਨੁਕਸਾਨ ਉਸੇ ਦਾ ਹੀ ਕਰਾਂਗੇ। ਅਸੀਂ ਇੰਨੇ ਅਕ੍ਰਿਤਘਣ ਨਹੀਂ ਹੋ ਸਕਦੇ। ਤੁਹਾਡੇ ਪਿਤਾ ਜੀ ਨੇ ਹਿੰਦੂ ਧਰਮ ਦੀ ਰਖਿਆ ਵਾਸਤੇ ਆਪਣੀ ਸੀਸ ਬਲੀਦਾਨ ਕੀਤਾ ਹੈ, ਅਸੀਂ ਤੁਹਾਡਾ ਬੁਰਾ ਕਿਵੇਂ ਸੋਚ ਸਕਦੇ ਹਾਂ ?'

         ਭਾਵੇਂ ਭੀਮ ਚੰਦ ਇਕ ਜੰਗ ਲੜਨ ਤੋਂ ਬਾਅਦ ਹੀ ਗੁਰੂ ਸਾਹਿਬ ਦੀ ਸ਼ਕਤੀ ਤੋਂ ਜਾਣੂ ਹੋ ਗਿਆ ਸੀ ਤੇ ਉਸ ਨੇ ਗੁਰੂ ਜੀ ਦੀ ਸ਼ਰਨ ਵੀ ਲੈ ਲਈ ਸੀ ਪਰੰਤੂ ਫਿਰ ਵੀ ਉਸ ਨੇ ਆਨੰਦਪੁਰ ਸਾਹਿਬ ਤੇ ਕਬਜ਼ਾ ਕਰਨ ਦੀ ਸਲਾਹ ਕਰ ਲਈ। ਦੋਹਾਂ ਧਿਰਾਂ ਵਿਚਕਾਰ ਘੋਰ ਯੁੱਧ ਹੋਇਆ। ਪਹਾੜੀ ਸੈਨਾ ਗਿਣਤੀ ਵਿਚ ਭਾਵੇਂ ਕਿਤੇ ਜ਼ਿਆਦਾ ਸੀ ਪਰ ਸਿੱਖਾਂ ਨੇ ਯੁੱਧ ਜਿੱਤ ਲਿਆ।ਇਸ ਯੁੱਧ ਵਿਚ ਕਿਰਪਾਲ ਚੰਦ ਕਟੋਚੀਆ ਮਾਰਿਆ ਗਿਆ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1275, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-27-03-49-19, ਹਵਾਲੇ/ਟਿੱਪਣੀਆਂ: ਹ. ਪੁ. - ਮ. ਕੋ. : 359; ਤ. ਗੁ. ਖਾ. : 783, 828

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.