ਕਿਸ਼ੋਰ ਅਵਸਥਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ
ਕਿਸ਼ੋਰ ਅਵਸਥਾ––––ਕਿਸ਼ੋਰ ਅਵਸਥਾ ਦਾ ਸਮਾਨਾਰਥਕ ਅੰਗਰੇਜ਼ੀ ਸ਼ਬਦ ‘Adolescence’ ਹੈ ਜੋ ਇਕ ਲਾਤੀਨੀ ਸ਼ਬਦ ਐਡੋਲੇਸੀ ਤੋਂ ਬਣਿਆ ਹੈ। ਇਸ ਦਾ ਅਰਥ ਵਿਕਾਸ ਤੋਂ ਹੈ। ਜਿਸ ਦਾ ਭਾਵ ਚੜ੍ਹਦੀ ਜਵਾਨੀ ਤੋਂ ਲਿਆ ਜਾਂਦਾ ਹੈ। ਕਿਸ਼ੋਰ ਅਵਸਥਾ ਜੀਵਨ ਦੇ ਹਰ ਪੱਖ–ਸਰੀਰਕ, ਮਾਨਸਕ, ਭਾਵੁਕ ਅਤੇ ਸਮਾਜਕ ਵਿਚ ਤੇਜ਼ੀ ਨਾਲ ਵੱਧਣ–ਫੁੱਲਣ ਦਾ ਸਮਾਂ ਹੈ। ਵਿਅਕਤੀ ਦੀ ਇਸ ਅਵਸਥਾ ਦਾ ਸ਼ੁਰੂ ਬਚਪਨ ਦੀ ਆਖਰੀ ਸਟੇਜ ਤੋਂ ਹੁੰਦਾ ਹੈ ਅਤੇ ਅੰਤ ਭਰੂਣ ਅਵਸਥਾ ਤੇ ਜਾਂ ਬਾਲਗਪਣ ਦੇ ਸ਼ੁਰੂ ਤੇ ਹੁੰਦਾ ਹੈ। ਕਾਲ–ਕ੍ਰਮ ਅਨੁਸਾਰ ਇਹ ਲਗਭਗ 12 ਤੋਂ 20 ਸਾਲ ਦੀ ਉਮਰ ਦੇ ਵਿਚਕਾਰਲਾ ਸਮਾਂ ਹੁੰਦਾ ਹੈ। ਹਰ ਵਿਅਕਤੀ ਦੇ ਜੀਵਨ ਦਾ ਇਹ ਸਭ ਤੋਂ ਵੱਧ ਮਹੱਤਵਪੂਰਨ ਸਮਾਂ ਹੁੰਦਾ ਹੈ। ਇਹ ਅਵਸਥਾ ਵਿਚ ਬੱਚਾ ਜੋ ਕੁਝ ਵੀ ਅਨੁਭਵ ਕਰਦਾ ਹੈ ਉਸ ਦਾ ਅਸਰ ਸਾਰੀ ਉਮਰ ਰਹਿੰਦਾ ਹੈ। ਇਹ ਸਮਾਂ ਬੱਚੇ ਦੇ ਜੀਵਨ ਦਾ ਬਸੰਤ ਕਾਲ, ਭਵਿੱਖ ਦੇ ਸਪੁਨਿਆਂ ਦਾ ਸਮਾਂ, ਬੱਚੇ ਦੇ ਵਿਕਾਸ ਦਾ ਉਹ ਸਮਾਂ ਹੁੰਦਾ ਹੈ ਜਿਸ ਵਿਚ ਉਹ ਬਚਪਨ ਤੋਂ ਆਦਮੀ ਜਾਂ ਇਸਤਰੀ ਦੀ ਅਵਸਥਾ ਵਿਚ ਬਦਲਦਾ ਹੈ।
ਕਿਸ਼ੋਰ ਅਵਸਥਾ ਦੇ ਕੁਝ ਮੁੱਖ ਲੱਛਣ ਇਹ ਹਨ :––ਇਸ ਅਵਸਥਾ ਵਿਚ ਕੱਦ, ਭਾਰ, ਹੱਡੀਆਂ ਤੇ ਪੱਠਿਆਂ ਦਾ ਬਹੁਤ ਤੇਜ਼ ਰਫਤਾਰ ਨਾਲ ਵਿਕਾਸ ਹੁੰਦਾ ਹੈ। ਗਿਆਨ–ਇੰਦਰੀਆਂ ਤੇ ਪ੍ਰੇਰਕ ਅੰਗਾਂ ਦਾ ਤੀਬਰ ਵਿਕਾਸ ਹੁੰਦਾ ਹੈ। ਮੁੰਡਿਆਂ ਦੀ ਆਵਾਜ਼ ਭਾਰੀ ਹੋ ਜਾਂਦੀ ਹੈ ਤੇ ਦਾੜੀ ਮੁੱਛਾਂ ਆਦਿ ਆਉਣ ਲਗ ਪੈਂਦੀਆਂ ਹਨ। ਇਸੇ ਤਰ੍ਹਾਂ ਲੜਕੀਆਂ ਦੀ ਸਰੀਰਕ ਬਣਾਵਟ ਵਿਚ ਹੀ ਤਬਦੀਲੀਆਂ ਆ ਜਾਂਦੀਆਂ ਹਨ।
ਬੱਚੇ ਦੀ ਬੁੱਧੀ ਅਤੇ ਹੋਰ ਮਾਨਸਕ ਸ਼ਕਤੀਆਂ ਪੂਰੀ ਤਰ੍ਹਾਂ ਵਿਕਾਸ ਕਰਦੀਆਂ ਹਨ। ਬੱਚੇ ਦੀ ਬੁੱਧੀ ਦਾ ਵਿਕਾਸ 16 ਤੋਂ 18 ਸਾਲ ਦੀ ਉਮਰ ਤਕ ਹੁੰਦਾ ਰਹਿੰਦਾ ਹੈ ਪਰ ਉਸ ਦੀਆਂ ਰੁਚੀਆਂ ਦਾ ਵਿਕਾਸ ਬਾਅਦ ਵਿਚ ਵੀ ਚਲਦਾ ਰਹਿੰਦਾ ਹੈ। ਇਸ ਅਵਸਥਾ ਵਿਚ ਬੱਚੇ ਦੀ ਰੱਟੇ ਦੀ ਸ਼ਕਤੀ ਘਟ ਕੇ ਸਮਝ ਅਤੇ ਯਾਦ ਸ਼ਕਤੀ ਵਧਦੀ ਹੈ। ਇਨ੍ਹਾਂ ਵਿਚ ਨੈਤਿਕਤਾ, ਸਮਾਜ ਦੇ ਨਿਯਮਾਂ ਅਤੇ ਘਟਨਾਵਾਂ ਤੋਂ ਜਾਣੂ ਹੋਦਾ ਤੇ ਆਪਣੇ ਵਿਚਾਰ ਪ੍ਰਗਟਾਉਣ ਦੀ ਇੱਛਾ ਹੁੰਦੀ ਹੈ। ਪਰ ਇਹ ਲੋਕ ਬਚਪਨ ਤੇ ਬਾਲਗ ਹਾਲਤਾਂ ਦੇ ਵਿਚਕਾਰਲੀ ਹਾਲਤ ਵਿਚ ਹੋਣ ਕਰਕੇ ਅਸੰਤੁਸ਼ਟ ਰਹਿੰਦੇ ਹਨ। ਸਟੈਨਲੇ ਹਾਲ ਅਨੁਸਾਰ ਇਸ ਅਵਸਥਾ ਵਿਚ ਕਲਪਨਾ ਸ਼ਕਤੀ ਆਪਦੀ ਸਿਖਰ ਤੇ ਹੁੰਦੀ ਹੈ ਤੇ ਇਹ ਲੋਕ ਜ਼ਿਆਦਾ ਕਰਕੇ ਰੋਮਾਂਚਿਕ ਕਵਿਤਾਵਾਂ ਤੇ ਯੋਧਿਆਂ ਦੀਆਂ ਜੀਵਨੀਆਂ ਪੜ੍ਹਨ ਦੇ ਸ਼ੌਕੀਨ ਹੁੰਦੇ ਹਨ। ਇਸ ਦੇ ਨਾਲ ਹੀ ਇਹ ਲੋਕ ਸਵੈ–ਸੁਚੇਤ ਅਤੇ ਸ਼ੱਕੀ ਵੀ ਹੁੰਦੇ ਹਨ ਪਰ ਨਾਲ ਹੀ ਸੁਝਾਊ ਵੀ ਹੁੰਦੇ ਹਨ।
ਭਾਵਕ ਪੱਖ ਤੋਂ ਵਿਕਾਸ ਦਾ ਇਹ ਸਮਾਂ ਮਾਨਸਕ ਹਲਚਲਾਂ ਤੇ ਦਬਾਵਾਂ ਨਾਲ ਭਰਿਆ ਹੁੰਦਾ ਹੈ। ਇਸੇ ਕਰਕੇ ਇਸ ਉਮਰ ਦੇ ਵਿਅਕਤੀਆਂ ਵਿਚ ਭਾਵਾਤਮਕ ਅਸੰਤੁਲਨ ਆ ਜਾਂਦਾ ਹੈ। ਇਸ ਅਵਸਥਾ ਵਿਚ ਵਿਅਕਤੀ ਬਹੁਤ ਜ਼ਿਆਦਾ ਜਜ਼ਬਾਤੀ ਹੁੰਦਾ ਹੈ ਅਤੇ ਜਜ਼ਬੇ ਬਹੁਤ ਤੀਬਰ ਤੇ ਤੇਜ਼ੀ ਨਾਲ ਪਰੀਵਰਤਨ ਵਾਲੇ ਹੁੰਦੇ ਹਨ। ਇਸ ਅਵਸਥਾ ਦੀ ਬੇਚੈਨੀ ਦਾ ਬਹੁਤਾ ਕਾਰਨ ਸਰੀਰਕ ਪਰੀਵਰਤਨ ਅਤੇ ਕਮ-ਭਾਵਨਾਵਾਂ ਦਾ ਉਜਾਗਰ ਹੋਣਾ ਹੁੰਦਾ ਹੈ। ਡਾ. ਫਰਾਇਡ ਅਨੁਸਾਰ ਵੀ ਇਸ ਅਵਸਥਾ ਵਿਚ ਉਜਾਗਰ ਹੋਈ ਕਾਮ ਬਿਰਤੀ ਨੂੰ ਕਿਸੇ ਉਸਾਰੂ ਪਾਸੇ ਨਾ ਮੋੜਿਆ ਜਾਵੇ ਤਾਂ ਨਤੀਜੇ ਬੜੇ ਖ਼ਤਰਨਾਕ ਹੋ ਸਕਦੇ ਹਨ ਅਤੇ ਸਿਤ ਲਈ ਵੀ ਹਾਨੀਕਾਰਕ ਸਾਬਤ ਹੋ ਸਕਦੇ ਹਨ। ਇਸ ਲਈ ਇਸ ਉਮਰ ਵਿਚ ਬੱਚਿਆਂ ਨੂੰ ਕਾਮ–ਸਬੰਧੀ ਗਿਆਨ ਦੇਣਾ ਚਾਹੀਦਾ ਹੈ।
ਕਿਸ਼ੋਰ ਅਵਸਥਾ ਵਿਚ ਇਕ ਹੋਰ ਪਰੀਵਰਤਨ ਸਮਾਜਕ ਰਿਸ਼ਤਿਆਂ ਸਬੰਧੀ ਆਉਂਦਾ ਹੈ। ਇਨ੍ਹਾਂ ਲੋਕਾਂ ਦੀ ਦਿਲਚਸਪੀ ਘਰ ਵੱਲੋਂ ਸਮਾਜ ਵੱਲ ਜਿਆਦਾ ਹੋ ਜਾਂਦੀ ਹੈ। ਇਹ ਆਪਣੇ ਵੱਖਰੇ ਗਰੁੱਪਾਂ ਵਿਚ ਰਹਿਣਾ ਅਤੇ ਆਪਣੇ ਦਲ ਦੇ ਨਿਯਮਾਂ ਦਾ ਪਾਲਣ ਕਰਨਾ ਚੰਗਾ ਸਮਝਦੇ ਹਨ। ਇਸ ਤੋਂ ਇਲਾਵਾ ਨੇਤਾ–ਪ੍ਰਸਤੀ, ਦੇਸ਼–ਭਗਤੀ ਜਾਂ ਧਾਰਮਕ ਕੰਮਾਂ ਵੱਲ ਵੀ ਪਰੇਰੇ ਜਾਂਦੇ ਹਨ। ਇਸ ਉਮਰ ਵਿਚ ਬੱਚੇ ਆਪਣੀ ਹੋਂਦ ਅਤੇ ਮਹੱਤਵ ਦਰਸਾਉਣ ਦੀ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਹਨ ਅਤੇ ਕਈ ਵਾਰ ਮੁੰਡੇ–ਕੁੜੀਆਂ ਇਕ ਦੂਜੇ ਦੇ ਧਿਆਨ ਖਿੱਚਣ ਲਈ ਵੱਧ ਤੋਂ ਵੱਧ ਸੋਹਣਾ ਬਣਨ ਅਤੇ ਫੈਸ਼ਨ ਕਰਨ ਦੀ ਕੋਸ਼ਿਸ਼ ਕਰਦੇ ਹਨ।
ਇਸ ਅਵਸਥਾ ਵਿਚ ਬੱਚੇ ਨੂੰ ਘਰ ਅਤੇ ਸਮਾਜ ਦੇ ਹੋਰ ਵਿਅਕਤੀ ਅਤੇ ਬੱਚਾ ਖੁਦ ਵੀ ਆਪਣੇ ਆਪ ਨੂੰ ਕਦੇ ਵੱਡਾ (ਬਾਲਗ਼) ਅਤੇ ਕਦੇ ਛੋਟਾ (ਬੱਚਾ) ਸਮਝਦਾ ਹੈ ਤੇ ਉਹ ਇਹ ਮਹਿਸੂਸ ਕਰਦਾ ਹੈ ਕਿ ਉਸ ਨੂੰ ਕੋਈ ਵੀ ਸਮਝਦਾ ਨਹੀਂ ਹੈ। ਇਸੇ ਲਈ ਇਹ ਸਮਾਂ ਬਹੁਤ ਬੇਚੈਨੀ ਦਾ ਸਮਾਂ ਹੁੰਦਾ ਹੈ। ਪਰ ਸਭਿਆਚਾਰਕ ਤੌਰ ਤੇ ਇਹ ਅਵਸਥਾ ਜਾਤੀ ਤੋਂ ਜਾਤੀ ਜਾਂ ਸੰਸਕ੍ਰਿਤੀ ਤੋਂ ਸੰਸਕ੍ਰਿਤੀ ਦਾ ਫ਼ਰਕ ਹੋਣ ਕਰਕੇ ਸਭ ਕਿਸਮ ਦੇ ਸਮਾਜਾਂ ਵਿਚ ਇਕੋ ਜਿਹੀ ਨਹੀਂ ਹੁੰਦੀ।
ਹ. ਪੁ. ––ਐਨ. ਬ੍ਰਿ. ਮਾ. 1 : 96
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7746, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-24, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First