ਕੁਰਕੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੁਰਕੀ (ਨਾਂ,ਇ) ਜ਼ਾਇਦਾਦ ਦੀ ਜ਼ੱਬਤੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3616, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕੁਰਕੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੁਰਕੀ [ਨਾਂਇ] (ਜਾਇਦਾਦ ਆਦਿ ਦੀ) ਜ਼ਬਤੀ; ਕਰਜ਼ਈ ਵਿਅਕਤੀ ਦੀਆਂ ਚੀਜ਼ਾਂ ਆਦਿ ਦੀ ਨਿਲਾਮੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3606, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੁਰਕੀ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Attachment_ਕੁਰਕੀ: ਕੁਰਕੀ ਦਾ ਮਤਲਬ ਕਿਸੇ ਸੰਪਤੀ ਨੂੰ ਪਕੜਨਾ ਜਾਂ ਅਦਾਲਤ ਦੇ ਕੰਟਰੋਲ ਅਧੀਨ ਰਖਣਾ ਹੈ। ਦੀਵਾਨੀ ਮੁਕੱਦਮਿਆਂ ਵਿਚ ਨਿਰਣਤ-ਰਿਣੀ ਤੋਂ ਰਿਣ ਦੀ ਵਸੂਲੀ ਲਈ ਕੁਰਕੀ ਕੀਤੀ ਜਾਂਦੀ ਹੈ। ਜ਼ਾਬਤਾ ਦੀਵਾਨੀ ਸੰਘਤਾ 1908 ਦੀ ਧਾਰਾ 60 ਅਨੁਸਾਰ ਭੋਂ , ਮਕਾਨ ਜਾਂ ਹੋਰ ਇਮਾਰਤਾਂ, ਮਾਲ , ਧਨ , ਬੈਂਕ ਨੋਟ , ਚੈੱਕ , ਵਟਾਂਦਰਾ ਬਿਲ , ਹੁੰਡੀਆਂ, ਪਰਨੋਟ , ਸਰਕਾਰੀ ਸਿਕਿਉਰਿਟੀਆਂ , ਬੌਂਡ ਜਾਂ ਧਨ ਰਿਣਾ ਲਈ ਹੋਰ ਸਿਕਿਉਰਿਟੀਆਂ, ਕਾਰਪੋਰੇਸ਼ਨ ਵਿਚਲੇ ਹਿੱਸੇ ਅਤੇ ਹੋਰ ਸਭ ਅਜਿਹੀ ਚੁਕਵੀਂ ਅਤੇ ਅਚੁੱਕਵੀਂ ਸੰਪਤੀ ਜੋ ਨਿਰਣਤ ਰਿਣੀ ਦੀ ਹੋਵੇ ਜਾਂ ਜਿਸ ਦੇ ਨਿਪਟਾਰੇ ਦਾ ਇਖ਼ਤਿਆਰ ਨਿਰਣਤੀ ਰਿਣੀ ਰਖਦਾ ਹੋਵੇ, ਡਿਗਰੀ ਦੇ ਇਜਰਾ ਵਿਚ ਕੁਰਕ ਕੀਤੀ ਜਾ ਸਕਦੀ ਹੈ ਅਤੇ ਉਸ ਦੀ ਵਿਕਰੀ ਕੀਤੀ ਜਾ ਸਕਦੀ ਹੈ। ਪਰ ਹੇਠ ਲਿਖੀਆਂ ਚੀਜ਼ਾਂ ਅਜਿਹੀ ਕੁਰਕੀ ਜਾਂ ਵਿਕਰੀ ਤੋਂ ਛੋਟ-ਪ੍ਰਾਪਤ ਹਨ:-
(i) ਨਿਰਣਤ ਰਿਣੀ, ਉਸ ਦੀ ਪਤਨੀ ਅਤੇ ਬੱਚਿਆਂ ਦੇ ਪਹਿਨਣ ਵਾਲੇ ਕੱਪੜੇ, ਖਾਣਾ ਪਕਾਉਣ ਵਾਲੇ ਬਰਤਨ ਅਤੇ ਮੰਜੇ ਬਿਸਤਰੇ ਅਤੇ ਉਸ ਦੀ ਪਤਨੀ ਦੇ ਅਜਿਹੇ ਗਹਿਣੇ ਜੋ ਧਾਰਮਕ ਰਵਾਜ ਅਨੁਸਾਰ ਉਸ ਲਈ ਪਹਿਨਣੇ ਜ਼ਰੂਰੀ ਹਨ;
(ii) ਕਾਰੀਗਰ ਦੇ ਸੰਦ ਅਤੇ ਕਾਸ਼ਤਕਾਰ ਨਿਰਣਤ-ਰਿਣੀ ਦੀ ਸੂਰਤ ਵਿਚ ਉਸ ਦੀ ਖੇਤੀ ਦੇ ਸੰਦ ਅਤੇ ਅਜਿਹੇ ਡੰਗਰ ਤੇ ਬੀਜ ਜੋ ਅਦਾਲਤ ਦੀ ਰਾਏ ਵਿਚ ਜੀਵਕਾ ਕਮਾਉਣ ਲਈ ਉਸ ਨੂੰ ਲੋੜੀਂਦੇ ਹੋਣ;
(iii) ਮਕਾਨ ਅਤੇ ਹੋਰ ਇਮਾਰਤਾਂ ਜੋ ਕਾਸ਼ਤਕਾਰ ਜਾਂ ਮਜ਼ਦੂਰ ਜਾਂ ਘਰੇਲੂ ਨੌਕਰ ਦੀਆਂ ਹੋਣ ਅਤੇ ਉਨ੍ਹਾਂ ਨੇ ਮਲੇ ਹੋਏ ਹੋਣ;
(iv) ਲੇਖੇ ਦੀਆਂ ਵਹੀਆਂ
(v) ਹਾਨੀ ਲਈ ਕੇਵਲ ਦਾਵਾ ਕਰਨ ਦਾ ਅਧਿਕਾਰ;
(vi) ਨਿਜੀ ਸੇਵਾ ਦਾ ਅਧਿਕਾਰ;
(vii) ਪੈਨਸ਼ਨਰ ਦੀਆਂ ਗ੍ਰੈਚੂਇਟੀਆਂ ਅਤੇ ਸਟਾਈਪੈਂਡ;
(viii) ਮਜ਼ਦੂਰਾਂ ਅਤੇ ਘਰੇਲੂ ਨੌਕਰਾਂ ਦੀਆਂ ਉਜਰਤਾਂ;
(ix) ਤਨਖ਼ਾਹ ਦੇ ਪਹਿਲੇ ਚਾਰ ਸੌ ਰੁਪਏ ਅਤੇ ਬਾਕੀ ਦੀ ਤਨਖ਼ਾਹ ਦਾ 2/3: ਪਰ ਗੁਜ਼ਾਰੇ ਲਈ ਡਿਗਰੀ ਦੇ ਇਜਰਾ ਵਿਚ ਇਹ ਗੱਲ ਲਾਗੂ ਨਹੀਂ ਹੁੰਦੀ ਅਤੇ ਉਸ ਡਿਗਰੀ ਵਿਚ ਤਨਖ਼ਾਹ ਦਾ 1/3 ਕੁਰਕ ਕੀਤਾ ਜਾ ਸਕਦਾ ਹੈ। ਜੇ ਗੁਜ਼ਾਰੇ ਲਈ ਡਿਗਰੀ ਤੋਂ ਬਿਨਾਂ ਕਿਸੇ ਹੋਰ ਡਿਗਰੀ ਦੇ ਇਜਰਾ ਵਿਚ ਤਨਖ਼ਾਹ ਕੁਰਕ ਕੀਤੀ ਗਈ ਹੋਵੇ ਤਾਂ ਉਹ ਤਨਖ਼ਾਹ ਕੇਵਲ 24 ਮਹੀਨਿਆਂ ਦੀ ਮੁੱਦਤ ਲਈ ਕੁਰਕ ਕੀਤੀ ਜਾ ਸਕਦੀ।
ਜੇ ਕਿਸੇ ਹੋਰ ਡਿਗਰੀ ਵਿਚ ਤਨਖ਼ਾਹ ਕੁਰਕ ਕੀਤੀ ਜਾਵੇ ਤਾਂ 24 ਮਹੀਨਿਆਂ ਤੋਂ ਬਾਦ 12 ਮਹੀਨਿਆਂ ਦੀ ਮੁਹਲਤ ਦੇਣੀ ਜ਼ਰੂਰੀ ਹੈ। ਜਿਨ੍ਹਾਂ ਵਿਅਕਤੀਆਂ ਨੂੰ ‘ਦ ਏਅਰ ਫ਼ੋਰਸ ਐਕਟ 1910, ਜਾਂ ‘ਦ ਆਰਮੀ ਐਕਟ 1950, ਜਾਂ ‘ਦ ਨੇਵੀ ਐਕਟ, 1957 ਲਾਗੂ ਹੁੰਦਾ ਹੈ ਉਨ੍ਹਾਂ ਦੀ ਤਨਖ਼ਾਹ ਕੁਰਕ ਨਹੀਂ ਕੀਤੀ ਜਾ ਸਕਦੀ। ਕੋਈ ਅਜਿਹਾ ਭੱਤਾ ਵੀ ਕੁਰਕ ਨਹੀਂ ਕੀਤਾ ਜਾ ਸਕਦਾ ਜੋ ਕਿਸੇ ਸਰਕਾਰੀ ਕਰਮਚਾਰੀ ਜਾਂ ਰੇਲ ਕੰਪਨੀ ਜਾਂ ਕਿਸੇ ਸਥਾਨਕ ਅਥਾਰਟੀ ਦੇ ਕਰਮਚਾਰੀ ਦੀਆਂ ਉਪਲਭਤਾਂ ਦਾ ਭਾਗ ਹੋਵੇ ਅਤੇ ਗਜ਼ਟ ਵਿਚ ਐਲਾਨਿਆ ਗਿਆ ਹੋਵੇ ਕਿ ਉਹ ਕੁਰਕੀ ਤੋਂ ਛੋਟ ਪ੍ਰਾਪਤ ਹੋਵੇਗਾ ਅਤੇ ਅਜਿਹੇ ਕਰਮਚਾਰੀ ਨੂੰ ਮਿਲਣ ਵਾਲੀ ਨਿਰਬਾਹ ਗ੍ਰਾਂਟ ਜਾਂ ਹੋਰ ਭੱਤਾ ਜੋ ਉਸ ਤਦ ਮਿਲਦਾ ਹੈ ਜਦ ਉਹ ਮੁਅਤਲੀ ਅਧੀਨ ਹੋਵੇ। ਇਸੇ ਤਰ੍ਹਾਂ ਲਾਜ਼ਮੀ ਜਮ੍ਹਾਂ ਰਕਮਾਂ ਜਾਂ ਜੋ ਰਕਮਾਂ ‘ਦ ਪਰਾਵੀਡੈਂਟ ਫ਼ੰਡ ਐਕਟ, 1925 ਜਾਂ ‘ਦ ਪਬਲਿਕ ਪਰਾਵੀਡੈਂਟ ਫ਼ੰਡ ਐਕਟ, 1968 ਲਾਗੂ ਹੁੰਦਾ ਹੈ, ਉਥੋਂ ਤਕ ਕੁਰਕੀ ਤੋਂ ਛੋਟ ਪ੍ਰਾਪਤ ਹਨ ਜਿਥੋਂ ਤਕ ਉਨ੍ਹਾਂ ਦਾ ਉਕਤ ਐਕਟਾਂ ਦੁਆਰਾ ਕੁਰਕੀ ਦੀ ਭਾਗੀ ਨ ਹੋਣਾ ਐਲਾਨਿਆ ਗਿਆ ਹੈ।
(x) ਨਿਰਣਤ-ਰਿਣੀ ਦੇ ਜੀਵਨ ਬੀਮਾ ਦੀ ਪਾਲਿਸੀ ਅਧੀਨ ਅਦਾਇਗੀ ਯੋਗ ਰਕਮ;
(xi) ਕਿਸੇ ਅਜਿਹੀ ਰਿਹਾਇਸ਼ੀ ਇਮਾਰਤ, ਜਿਸ ਨੂੰ ਕਿਰਾਇਆ ਕੰਟਰੋਲ ਨਾਲ ਸਬੰਧਤ ਤਤਸਮੇਂ ਨਾਫ਼ਜ਼ ਕਾਨੂੰਨ ਲਾਗੂ ਹੁੰਦਾ ਹੈ ਵਿਚ ਕਿਸੇ ਪੱਟਾ-ਦਾਤਾ ਦਾ ਹਿੱਤ;
(xii) ਉੱਤਰਜੀਵੀ ਹੋਣ ਦੁਆਰਾ ਉੱਤਰਅਧਿਕਾਰਤਾ ਦੀ ਆਸ, ਭਵਿਖਤ ਗੁਜ਼ਾਰੇ ਦਾ ਅਧਿਕਾਰ ਅਤੇ ਕੋਈ ਅਜਿਹਾ ਭੱਤਾ ਵੀ ਕੁਰਕ ਨਹੀਂ ਕੀਤਾ ਜਾ ਸਕਦਾ ਜਿਸ ਬਾਰੇ ਕਿਸੇ ਭਾਰਤੀ ਕਾਨੂੰਨ ਵਿਚ ਉਸ ਦਾ ਕੁਰਕੀਯੋਗ ਨ ਹੋਣਾ ਐਲਾਨਿਆ ਗਿਆ ਹੋਵੇ।
(xiii) ਜਿਥੇ ਨਿਰਣਤ-ਰਿਣੀ ਅਜਿਹਾ ਵਿਅਕਤੀ ਹੈ ਜੋ ਭੋਂ ਮਾਲੀਆ ਅਦਾ ਕਰਨ ਦਾ ਭਾਗੀ ਹੈ ਉਥੇ ਉਸ ਦੀ ਅਜਿਹੀ ਚੁਕਵੀਂ ਸੰਪਤੀ ਦੀ ਵੀ ਕੁਰਕੀ ਅਤੇ ਵਿਕਰੀ ਨਹੀਂ ਕਤੀ ਜਾ ਸਕਦੀ ਜਿਸ ਦੀ ਭੋਂ-ਮਾਲੀਏ ਦੇ ਬਕਾਏ ਦੀ ਵਸੂਲੀ ਲਈ ਵਿਕਰੀ ਕੀਤੀ ਜਾ ਸਕਦੀ ਹੈ।
ਸਰਵ ਉੱਚ ਅਦਾਲਤ ਪੰਜਾਬ ਰਾਜ ਬਨਾਮ ਦੀਨਾ ਨਾਥ (ਏ ਆਈ ਆਰ 1984 ਐਸ ਸੀ 352) ਵਿਚ ਕਰਾਰ ਦੇ ਚੁੱਕੀ ਹੈ ਕਿ ਜ਼ਾਬਤਾ ਦੀਵਾਨੀ ਸੰਘਤਾ ਦੇ ਉਪਰੋਕਤ ਉਪਬੰਧ ਭੋਂ ਮਾਲੀਏ ਦੀ ਵਸੂਲੀ ਲਈ ਕੀਤੀ ਜਾਣ ਵਾਲੀ ਕੁਰਕੀ ਅਤੇ ਵਿਕਰੀ ਨੂੰ ਲਾਗੂ ਨਹੀਂ ਹੁੰਦੇ। ਅਦਾਲਤ ਦਾ ਕਹਿਣਾ ਸੀ ਕਿ ਪੰਜਾਬ ਭੋਂ ਮਾਲੀਆ ਐਕਟ, 1887 ਆਪਣੇ ਆਪ ਵਿਚ ਇਕ ਮੁਕੰਮਲ ਕੋਡ ਹੈ ਅਤੇ ਉਸ ਵਿਚ ਭੋਂ ਮਾਲੀਏ ਦੇ ਬਕਾਏ ਦੀ ਵਸੂਲੀ ਲਈ ਢੰਗਾਂ ਅਤੇ ਮਸ਼ੀਨਰੀ ਦਾ ਉਪਬੰਧ ਕੀਤਾ ਹੋਇਆ ਹੈ।
ਜਿਥੇ ਡਿਗਰੀ ਧਨ ਦੀ ਅਦਾਇਗੀ ਲਈ ਹੋਵੇ ਤਾਂ ਡਿਗਰੀਦਾਰ ਅਦਾਲਤ ਨੂੰ ਦਰਖ਼ਾਸਤ ਕਰ ਸਕਦਾਹੈ ਕਿ ਨਿਰਣਤ-ਰਿਣੀ ਜਾਂ ਜਿਥੇ ਨਿਰਣਤ-ਰਿਣੀ ਕੋਈ ਕਾਰਪੋਰੇਸ਼ਨ ਹੋਵੇ ਉਸ ਦੇ ਕਿਸੇ ਅਫ਼ਸਰ ਦੀ ਪਰੀਖਿਆ ਕਰ ਕੇ ਉਸ ਤੋਂ ਇਹ ਮਲੂਮ ਕੀਤਾ ਜਾਵੇ ਕਿ ਡਿਗਰੀ ਦੇ ਭੁਗਤਾਨ ਲਈ ਉਸ ਪਾਸ ਕਿਹੜੀ ਸੰਪਤੀ ਹੈ ਜਾਂ ਕੀ ਉਸ ਨੇ ਕਿਸੇ ਨੂੰ ਕੋਈ ਕਰਜ਼ਾ ਦਿੱਤਾ ਹੋਇਆ ਹੈ ਜਿਸ ਵਿਚੋਂ ਉਹ ਡਿਗਰੀ ਦਾ ਭੁਗਤਾਨ ਕਰ ਸਕਦਾ ਹੈ। ਜਦੋਂ ਡਿਗਰੀ ਦਾ ਭੁਗਤਾਨ ਤੀਹ ਦਿਨਾਂ ਤਕ ਨਾ ਕੀਤਾ ਜਾਵੇ ਤਾਂ ਨਿਰਣਤੀ ਰਿਣੀ ਤੋਂ ਲੋੜਿਆ ਜਾ ਸਕਦਾ ਹੈ ਕਿ ਉਹ ਆਪਣੇ ਮਾਲ-ਮਤਾ ਬਾਰੇ ਹਲਫ਼ੀਆ ਬਿਆਨ ਤੇ ਵੇਰਵਾ ਦੇਵੇ ।
ਜ਼ਾਬਤਾ ਫ਼ੌਜਦਾਰੀ ਸੰਘਤਾ ਦੀਆਂ ਧਾਰਾਵਾਂ 83 ਤੋਂ 86 ਵੀ ਕੁਰਕੀ ਨਾਲ ਸਬੰਧ ਰਖਦੀਆਂ ਹਨ। ਜੇ ਕਿਸੇ ਅਦਾਲਤ ਕੋਲ ਇਹ ਵਿਸ਼ਵਾਸ ਕਰਨ ਦਾ ਕਾਰਨ ਹੋਵੇ ਕਿ ਕੋਈ ਵਿਅਕਤੀ ਜਿਸ ਦੇ ਵਿਰੁਧ ਉਸ ਨੇ ਵਰੰਟ ਜਾਰੀ ਕੀਤਾ ਹੈ ਉਹ ਫ਼ਰਾਰ ਹੋ ਗਿਆ ਜਾਂ ਆਪਣੇ ਆਪ ਨੂੰ ਲੁਕੋ ਰਿਹਾ ਹੈ, ਜਿਸਦੇ ਫਲਸਰੂਪ ਉਸ ਵਰੰਟ ਦੀ ਤਾਮੀਲ ਨਹੀਂ ਕੀਤੀ ਜਾ ਸਕਦੀ, ਤਾਂ ਅਦਾਲਤ ਇਹਂ ਘੋਸ਼ਣਾ ਪ੍ਰਕਾਸ਼ਤ ਕਰ ਸਕੇਗੀ ਕਿ ਉਹ ਉਲਿਖਤ ਥਾਂ ਅਤੇ ਸਮੇਂ ਤੇ ਹਾਜ਼ਰ ਹੋਵੇ। ਅਜਿਹੀ ਘੋਸ਼ਣ ਪ੍ਰਕਾਸ਼ਤ ਕਰਨ ਦੇ ਨਾਲ ਨਾਲ ਜਾਂ ਉਸ ਤੋਂ ਪਿਛੋਂ ਕਿਸੇ ਸਮੇਂ, ਘੋਸ਼ਤ ਵਿਅਕਤੀ ਦੀ ਚੁਕਵੀ ਜਾਂ ਅਚੁੱਕਵੀਂ ਜਾਂ ਦੋਹਾਂ ਕਿਸਮਾਂ ਦੀ ਸੰਪਤੀ ਦੀ ਕੁਰਕੀ ਕਰਨ ਦਾ ਹੁਕਮ ਦੇ ਸਕਦੀ ਹੈ। ਰਿਣ ਜਾਂ ਹੋਰ ਚੁਕਵੀਂ ਸੰਪਤੀ ਪਕੜਨ ਦੁਅਰਾ ਜਾਂ ਰਿਸੀਵਰ ਦੀ ਨਿਯੁਕਤੀ ਦੁਆਰਾ ਜਾਂ ਇਹ ਲਿਖਤੀ ਹੁਕਮ ਕਰਕੇ ਕੀਤੀ ਜਾ ਸਕਦੀ ਹੈ ਕਿ ਘੋਸ਼ਤ ਵਿਅਕਤੀ ਜਾਂ ਉਸ ਦੇ ਨਮਿਤ ਕੋਈ ਵਿਅਕਤੀ ਉਸ ਸੰਪਤੀ ਦੀ ਹਵਾਲਗੀ ਨਹੀਂ ਕਰ ਸਕੇਗਾ। ਜੇ ਉਹ ਸੰਪਤੀ ਪਸ਼ੂਧਨ ਹੋਵੇ ਜਾਂ ਨਸ਼ਟਵਾਨ ਪ੍ਰਕਿਰਤੀ ਦੀ ਹੋਵੇ ਤਾਂ ਅਦਾਲਤ ਉਸ ਦੀ ਵਿਕਰੀ ਦਾ ਹੁਕਮ ਕਰ ਸਕੇਗੀ। ਅਚੁਕਵੀਂ ਸੰਪਤੀ ਦੀ ਸੂਰਤ ਵਿਚ ਕੁਰਕੀ ਉਸ ਦਾ ਕਬਜ਼ਾ ਲੈਣ ਦੁਆਰਾ ਜਾਂ ਰਿਸੀਵਰ ਦੀ ਨਿਯੁਕਤੀ ਦੁਆਰਾ ਜਾਂ ਇਹ ਹੁਕਮ ਕਰਕੇ ਕੀਤੀ ਜਾ ਸਕੇਗੀ ਕਿ ਘੋਸ਼ਤ ਵਿਅਕਤੀ ਜਾਂ ਉਸ ਦੇ ਨਮਿਤ ਕਿਸੇ ਵਿਅਕਤੀ ਜਾਂ ਸੰਪਤੀ ਦਾ ਕਿਰਾਇਆ ਜਾਂ ਹਵਾਲਗੀ ਨਹੀਂ ਕੀਤੀ ਜਾਵੇਗੀ। ਜੇ ਕੁਰਕੀ ਅਧੀਨ ਅਚੁਕਵੀਂ ਸੰਪਤੀ ਤੋਂ ਰਾਜ ਸਰਕਾਰ ਨੂੰ ਭੋਂ ਮਾਲੀਆ ਮਿਲਦਾ ਹੋਵੇ ਤਾਂ ਉਸ ਭੋਂ ਦੀ ਕੁਰਕੀ ਉਸ ਜ਼ਿਲ੍ਹੇ ਦੇ ਕੁਲੈਕਟਰ ਰਾਹੀਂਕੀਤੀ ਜਾਵੇਗੀ। ਜੇ ਘੋਸ਼ਤ ਵਿਅਕਤੀ ਘੋਸ਼ਣਾ ਵਿਚ ਦਸੇ ਸਮੇਂ ਦੇ ਅੰਦਰ ਪੇਸ਼ ਹੋ ਜਾਵੇ ਤਾਂ ਅਦਾਲਤ ਸੰਪਤੀ ਨੂੰ ਕੁਰਕੀ ਤੋਂ ਵਾਗੁਜ਼ਾਰ ਕਰਨ ਦਾ ਹੁਕਮ ਦੇ ਦੇਵੇਗੀ। ਅਜਿਹੀ ਸੰਪਤੀ ਛੇ ਮਹੀਨਿਆਂ ਦੀ ਮੁੱਦਤ ਲਈ ਸਰਕਾਰ ਦੇ ਇਖ਼ਤਿਆਰ ਵਿਚ ਰਹਿੰਦੀ ਹੈ। ਜੇ ਕੋਈ ਹੋਰ ਦਾਅਵੇਦਾਰ ਉਸ ਸੰਪਤੀ ਵਿਚ ਆਪਣੇ ਹਿਤ ਦਾ ਦਾਅਵਾ ਜਾਂ ਇਤਰਾਜ਼ ਕਰੇ ਤਾਂ ਵਿਕਰੀ ਤੋਂ ਪਹਿਲਾਂ ਉਸ ਦਾਅਵੇ ਜਾਂ ਇਤਰਾਜ਼ ਦਾ ਫ਼ੈਸਲਾ ਹੋਣਾ ਜ਼ਰੂਰੀ ਹੈ। ਜੇ ਅਜਿਹੀ ਕੁਰਕੀ ਤੋਂ ਦੋ ਸਾਲ ਦੇ ਅੰਦਰ ਘੋਸ਼ਤ ਵਿਅਕਤੀ ਆਪਣੀ ਇੱਛਾ-ਨਾਲ ਉਸ ਅਦਾਲਤ ਅੱਗੇ ਪੇਸ਼ ਹੋ ਜਾਂਦਾ ਹੈ ਜਾਂ ਫੜ ਕੇ ਲਿਆਇਆ ਜਾਂਦਾ ਹੈ ਅਤੇ ਇਹ ਸਾਬਤ ਕਰ ਦਿੰਦਾ ਹੈ ਕਿ ਉਹ ਵਰੰਟ ਦੀ ਤਾਮੀਲ ਤੋਂ ਬਚਣ ਦੇ ਪ੍ਰਯੋਜਨ ਨਾਲ ਫ਼ਰਾਰ ਨਹੀਂ ਸੀ ਹੋਇਆ ਜਾਂ ਲੁਕਿਆ ਨਹੀਂ ਸੀ ਅਤੇ ਉਸ ਨੂੰ ਘੋਸ਼ਣਾ ਦੀ ਸੂਚਨਾ ਨਹੀਂ ਸੀ ਮਿਲੀ ਜਿਸ ਅਨੁਸਾਰ ਉਹ ਹਾਜ਼ਰ ਹੋ ਸਕਦਾ ਤਾਂ, ਉਹ ਸੰਪਤੀ ਜਾਂ ਜੇ ਉਹ ਵੇਚ ਦਿੱਤੀ ਗਈ ਹੈ ਤਾਂ ਉਸ ਦੀ ਵਟਕ ਅਤੇ ਬਾਕੀ ਰਹਿੰਦੀ ਸੰਪਤੀ, ਜੇ ਕੋਈ ਹੋਵੇ; ਉਸ ਦੇ ਹਵਾਲੇ ਕਰ ਦਿੱਤੀ ਜਾਵੇਗੀ। ਵਟਕ ਵਿਚੋਂ ਕੁਰਕੀ ਤੇ ਆਏ ਖ਼ਰਚ ਕਟੇ ਜਾ ਸਕਦੇ ਹਨ। ਜੇ ਅਜਿਹਾ ਕਰਨ ਤੋਂ ਇਨਕਾਰ ਕੀਤਾ ਜਾਵੇ ਤਾਂ ਉਹ ਵਿਅਕਤੀ ਅਪੀਲ ਕਰ ਸਕਦਾ ਹੈ। ਅਪੀਲ ਉਸ ਅਦਾਲਤ ਵਿਚ ਕੀਤੀ ਜਾਂਦੀ ਹੈ ਜਿਸ ਵਿਚ ਉਸ ਅਦਾਲਤ ਦੇ ਦੰਡ-ਹੁਕਮਾਂ ਤੋਂ ਸਾਧਾਰਨ ਤੌਰ ਤੇ ਅਪੀਲਾਂ ਹੁੰਦੀਆਂ ਹਨ।
ਭਾਈਵਾਲੀ ਦੀ ਸੰਪਤੀ ਕੇਵਲ ਤਦ ਹੀ ਕੁਰਕ ਕੀਤੀ ਜਾ ਸਕਦੀ ਹੈ ਜੇ ਡਿਗਰੀ ਫ਼ਰਮ ਦੇ ਵਿਰੁਧ ਹੋਵੇ ਜਾਂ ਉਸ ਫ਼ਰਮ ਵਿਚ ਭਾਈਵਾਲ ਹੋਣ ਦੇ ਨਾਤੇ ਭਾਈਵਾਲਾਂ ਦੇ ਵਿਰੁਧ ਹੋਵੇ। ਕਿਸੇ ਭਾਈਵਾਲ ਦੇ ਵਿਰੁਧ ਡਿਗਰੀ ਦੀ ਸੂਰਤ ਵਿਚ ਅਦਾਲਤ ਡਿਗਰੀਦਾਰ ਦੀ ਅਰਜ਼ੀ ਤੇ ਉਸ ਭਾਈਵਾਲ ਦੇ ਭਾਈਵਾਲੀ ਦੀ ਸੰਪਤੀ ਅਤੇ ਲਾਭਾਂ ਵਿਚ ਹਿਤ ਉਤੇ ਚਾਰਜ ਸਿਰਜ ਸਕਦੀ ਹੈ ਅਤੇ ਲਾਭਾਂ ਵਿਚ ਉਸ ਭਾਈਵਾਲ ਦੇ ਹਿੱਸੇ ਲਈ ਰਿਸੀਵਰ ਨਿਯੁਕਤ ਕਰ ਸਕਦੀ ਹੈ। ਅਜਿਹਾ ਹਿਤ ਬਾਕੀ ਦੇ ਭਾਈਵਾਲ ਫ਼ਕ ਕਰਵਾ ਸਕਦੇ ਹਨ ਜਾਂ ਉਸ ਦੇ ਵਿਕਰੀ ਕੀਤੇ ਜਾਣ ਦੀ ਸੂਰਤ ਵਿਚ ਉਸ ਨੂੰ ਖ਼ਰੀਦ ਸਕਦੇ ਹਨ।
ਇਸੇ ਤਰ੍ਹਾਂ ਵਿਕਾਯੋਗ ਲਿਖਤਾਂ, ਅਦਾਲਤ ਜਾਂ ਕਿਸੇ ਲੋਕ ਅਫ਼ਸਰ ਦੀ ਰਾਖੀ ਵਿਚਲੀ ਸੰਪਤੀ ਅਤੇ ਡਿਗਰੀਆਂ ਵੀ ਕੁਰਕੀ ਕੀਤੀਆਂ ਜਾ ਸਕਦੀਆਂ। ਉਨ੍ਹਾਂ ਦੀ ਕੁਰਕ ਦਾ ਢੰਗ ਜ਼ਾਬਤਾ ਦੀਵਾਨੀ ਸੰਘਤਾ 1908 ਦੇ ਹੁਕਮ xxi ਦੇ ਨਿਯਮਾਂ 51 ਤੋਂ 53 ਵਿਚ ਦਰਜ ਹੈ।
ਅਚੁੱਕਵੀਂ ਸੰਪਤੀ ਦੀ ਕੁਰਕੀ ਕਰਨ ਦਾ ਢੰਗ ਇਹ ਹੈ ਕਿ ਅਦਾਲਤ ਦੇ ਹੁਕਮ ਦੁਆਰਾ ਨਿਰਣਤ ਰਿਣੀ ਨੂੰ ਕੁਰਕ ਕੀਤੀ ਸੰਪਤੀ ਦਾ ਇੰਤਕਾਲ ਕਰਨ ਜਾਂ ਉਸ ਤੇ ਭਾਰ ਸਿਰਜਣ ਤੋਂ ਮਨ੍ਹਾਂ ਕਰ ਦਿੱਤਾ ਜਾਂਦਾ ਹੈ। ਅਜਿਹੇ ਹੁਕਮ ਦਾ ਇਕ ਇਕ ਉਤਾਰਾ ਸਬੰਧਤ ਸੰਪਤੀ ਅਤੇ ਅਦਾਲਤ ਘਰ ਦੀਆਂ ਨੁਮਾਇਆ ਥਾਵਾਂ ਤੇ ਚਸਪਾਂ ਕਰ ਦਿੱਤਾ ਜਾਂਦਾ ਹੈ। ਜੇ ਉਹ ਸੰਪਤੀ ਅਜਿਹੀ ਹੋਵੇ ਜਿਸ ਲਈ ਭੋਂ ਮਾਲੀਆ ਅਦਾ ਕੀਤਾ ਜਾਂਦਾ ਹੈ ਤਾਂ ਇਕ ਉਤਾਰਾ ਉਸ ਜ਼ਿਲ੍ਹੇ ਦੇ ਕੁਲੈਕਟਰ ਦੇ ਦਫ਼ਤਰ ਅਤੇ ਸਬੰਧਤ ਗ੍ਰਾਮ ਪੰਚਾਇਤ ਦੇ ਦਫ਼ਤਰ ਵਿਚ ਵੀ ਚਸਪਾਂ ਕਰਨਾ ਜ਼ਰੂਰੀ ਹੈ। ਇਸ ਤੋਂ ਇਲਾਵਾ ਉਹ ਹੁਕਮ ਕੁਰਕ ਕੀਤੀ ਸੰਪਤੀ ਦੇ ਨੇੜੇ ਤੇੜੇ ਮੁਨਾਦੀ ਕਰਵਾ ਕੇ ਜਾਂ ਕਿਸੇ ਹੋਰ ਰਿਵਾਜੀ ਢੰਗ ਨਾਲ ਘੋਸ਼ਤ ਕੀਤਾ ਜਾਂਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3474, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਕੁਰਕੀ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ
ਕੁਰਕੀ : ਕਿਸੇ ਅਦਾਲਤ ਵਲੋਂ ਲਿਖਤੀ ਹੁਕਮ ਦੁਆਰਾ ਪ੍ਰਤਿਵਾਦੀ ਦੀ ਜਾਇਦਾਦ ਦੀ ਜ਼ਬਤੀ ਨੂੰ ਕੁਰਕੀ ਕਿਹਾ ਜਾਂਦਾ ਹੈ ਤਾਂ ਜੋ ਉਸ ਜਾਇਦਾਦ ਨੂੰ ਨੀਲਾਮ ਕਰਕੇ ਡਿਗਰੀਦਾਰ ਨੂੰ ਉਸ ਦਾ ਹੱਕ ਦੁਆਇਆ ਜਾਵੇ। ਭਾਰਤ ਵਿਚ ਕੁਰਕੀ ਦੇ ਸਬੰਧ ਵਿਚ ਜ਼ਾਬਤਾ ਦੀਵਾਨੀ ਸੰਘਤਾ ਦੀਆਂ 60 ਤੋਂ 64 ਤੱਕ ਦੀਆਂ ਧਾਰਾਵਾਂ ਲਾਗੂ ਹੁੰਦੀਆਂ ਹਨ। ਧਾਰਾ 60 ਅਨੁਸਾਰ ਡਿਗਰੀ ਦੇ ਇਜ਼ਰਾ ਵਿਚ ਹੇਠ ਲਿਖੀ ਸੰਪਤੀ ਕੁਰਕ ਹੋ ਸਕਦੀ ਹੈ, ਅਰਥਾਤ ਜ਼ਮੀਨ, ਮਕਾਨ ਜਾਂ ਹੋਰ ਇਮਾਰਤਾਂ, ਮਾਲ, ਨਕਦੀ, ਬੈਂਕ ਨੋਟ, ਚੈੱਕ, ਵਟਾਂਦਰਾ-ਪੱਤਰ, ਹੁੰਡੀਆਂ, ਪਰਨੋਟ, ਸਰਕਾਰੀ ਸਿਕਿਉਰਟੀਆਂ, ਧਨ ਲਈ ਬਾਂਡ ਜਾਂ ਹੋਰ ਸਿਕਿਉਰਿਟੀਆਂ, ਰਿਣ, ਕਿਸੇ ਨਿਗਮ ਵਿਚਲੇ ਹਿੱਸੇ ਅਤੇ ਜਿਥੇ ਕਿਸੇ ਛੋਟ ਲਈ ਕਾਨੂੰਨ ਵਿਚ ਜ਼ਿਕਰ ਹੈ, ਉਸ ਨੂੰ ਛੱਡ ਕੇ ਨਿਆਂ ਨਿਰਣੇ ਵਾਲੇ ਕਰਜ਼ਦਾਰ ਦੀ ਹੋਰ ਸਭ ਵਿਕਰੀਯੋਗ ਗੰਲ ਜਾਂ ਅਚੱਲ ਜਾਇਦਾਦ। ਇਸੇ ਧਾਰਾ ਅਨੁਸਾਰ ਕਰਜ਼ਦਾਰ, ਉਸ ਦੀ ਪਤਨੀ ਜਾਂ ਬੱਚਿਆਂ ਦੇ ਜ਼ਰੂਰੀ ਪਹਿਨਣ ਦੇ ਕੱਪੜੇ, ਰਸੋਈ ਦੇ ਭਾਂਡੇ, ਬਿਸਤਰੇ, ਧਾਰਮਿਕ ਰਿਵਾਜ਼ ਦੇ ਗਹਿਣੇ, ਕਾਰੀਗਰ ਦੇ ਔਜ਼ਾਰ, ਖੇਤੀ ਕਰਨ ਵਾਲੇ ਦੇ ਸੰਦ, ਖੇਤੀ ਕਰਨ ਵਾਲੇ ਦਾ ਘਰ, ਮਕਾਨ ਅਤੇ ਉਨ੍ਹਾਂ ਨਾਲ ਲਗਣੀ ਜ਼ਮੀਨ, ਵਹੀਆਂ ਖਾਤੇ, ਪੈਨਸ਼ਨਰਾਂ ਦੇ ਵਜ਼ੀਫੇ ਤੇ ਗ੍ਰੈਚੂਟੀਆਂ, ਘਰੋਗੀ ਨੌਕਰਾਂ ਦੀਆਂ ਉਜਰਤਾਂ, ਅਤੇ ਖ਼ਾਸ ਹੱਦ ਤੱਕ ਤਨਖਾਹਾਂ ਆਦਿ ਕੁਰਕ ਨਹੀਂ ਹੋ ਸਕਦੀਆਂ। ਕੁਰਕ ਹੋਈ ਸੰਪਤੀ ਨੂੰ ਵੇਚਿਆ-ਵੱਟਿਆ ਜਾਂ ਹੋਰ ਕਿਵੇਂ ਮੁੰਤਕਿਲ ਨਹੀਂ ਕੀਤਾ ਜਾ ਸਕਦਾ। ਕੁਰਕੀ ਦੇ ਹੁਕਮ ਦੀ ਤਾਮੀਲ ਕਰਾਉਣ ਵਾਲੇ ਤੇ ਮਕਾਨ ਵਿਚ ਵੜਨ ਦੇ ਸਮੇਂ ਅਤੇ ਤਰੀਕੇ ਤੇ ਕੁਝ ਪਾਬੰਦੀਆਂ ਹਨ। ਇਸੇ ਜ਼ਾਬਤੇ ਦੇ ਹੁਕਮ 21 ਵਿਚ ਕੁਰਕੀ ਬਾਰੇ ਕੁਝ ਹੋਰ ਸਪਸ਼ਟ ਉਪਬੰਧ ਹਨ ਜਿਵੇਂ ਕਿ ਅਦਾਲਤ ਦੇ ਫੈਸਲੇ ਦੇ ਤਾਬੇ ਕਰਜ਼ਦਾਰ ਦੇ ਕਬਜ਼ੇ ਵਿਚ ਨਾ ਹੋਣ ਵਾਲੀ ਚੱਲ ਜਾਇਦਾਦ ਦੀ ਕੁਰਕੀ ਵਾਸਤੇ ਦਰਖਾਸਤ ਨਾਲ, ਡਿਗਰੀਦਾਰ ਕੁਰਕ ਕੀਤੀ ਜਾਣ ਵਾਲੀ ਜਾਇਦਾਦ ਲਈ ਕੁਰਕੀ ਦੀ ਦਰਖਾਸਤ ਵਿਚ ਕੁਝ ਜ਼ਰੂਰੀ ਵੇਰਵੇ ਦਿੱਤੇ ਜਾਣੇ ਚਾਹੀਦੇ ਹਨ, ਜਿਨ੍ਹਾਂ ਨਾਲ ਜਾਇਦਾਦ ਦੀ ਸ਼ਨਾਖਤ ਹੋ ਸਕੇ ਅਤੇ ਉਸ ਵਿਚ ਕਰਜ਼ਦਾਰ ਦਾ ਹਿੱਸਾ ਅਤੇ ਹਿਤ ਜ਼ਾਹਰ ਹੋਵੇ। ਜੇਕਰ ਕੁਰਕ ਕੀਤੀ ਜਾਣ ਵਾਲੀ ਜ਼ਮੀਨ ਦੀ ਰਜਿਸਟਰੀ ਹੋਈ ਹੈ, ਤਾਂ ਅਦਾਲਤ ਬਿਨੈਕਾਰ ਪਾਸੋਂ ਰਜਿਸਟਰੀ ਵਿਚੋਂ ਸਬੰਧਤ ਤਸਦੀਕੇ ਅੰਸ਼ ਦਾ ਉਤਾਰਾ ਪੇਸ਼ ਕਰਵਾ ਸਕੇਗੀ, ਜਿਸ ਵਿਚ ਉਨ੍ਹਾਂ ਵਿਅਕਤੀਆਂ ਦਾ ਉਲੇਖ ਪੇਸ਼ ਕਰਵਾ ਸਕੇਗੀ, ਜਿਸ ਵਿਚ ਉਨ੍ਹਾਂ ਵਿਅਕਤੀਆਂ ਦਾ ਉਲੇਖ ਹੋਵੇਗਾ ਜਿਨ੍ਹਾਂ ਦਾ ਰਜਿਸਟਰੀ ਵਿਚ ਜਾਇਦਾਦ ਦੇ ਮਾਲਕਾਂ ਵਜੋਂ ਜਾਂ ਉਸ ਵਿਚ ਮੁੰਤਕਿਲ ਹੋਣ ਵਾਲੇ ਕੋਈ ਹਿਤ ਜਾਂ ਹਿੱਸਾ ਰੱਖਣ ਵਾਲੀਆਂ ਵਜੋਂ ਇੰਦਰਾਜ ਕੀਤਾ ਗਿਆ ਹੋਵੇ। ਹੁਕਮ 21 ਦੇ ਨਿਯਮ 57 ਹੇਠ, ਜਿਥੇ ਕੋਈ ਜਾਇਦਾਦ ਡਿਗਰੀ ਦੇ ਇਜਰਾ ਵਿਚ ਕੁਰਕ ਕਰ ਲਈ ਜਾਂਦੀ ਹੈ, ਪਰ ਡਿਗਰੀਦਾਰ ਦੀ ਕੁਤਾਹੀ ਕਾਰਨ ਅਦਾਲਤ ਅੱਗੇ ਕਾਰਵਾਈ ਨਹੀਂ ਕਰ ਸਕਦੀ, ਤਾਂ ਅਦਾਲਤ ਦਰਖਾਤਸ ਨੂੰ ਖਾਰਜ ਕਰ ਦੇਵੇਗੀ ਜਾਂ ਕਾਰਵਾਈ ਕਿਸੇ ਅਗਲੀ ਤਰੀਕ ਤੇ ਮੁਲਤਵੀ ਕਰ ਦੇਵੇਗੀ। ਦਰਖਾਤਸ ਦੇ ਖਾਰਜ ਹੋ ਜਾਣ ਤੇ ਕੁਰਕੀ ਖਤਮ ਹੋ ਜਾਵੇਗੀ।
ਲੇਖਕ : ਬਲਵੰਤ ਸਿੰਘ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2712, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-30, ਹਵਾਲੇ/ਟਿੱਪਣੀਆਂ: no
ਕੁਰਕੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੁਰਕੀ, (ਤੁਰਕੀ : ਕੁਰਕ=ਰੋਕਣਾ, ਮਨ੍ਹਾ ਕਰਨਾ) \ ਇਸਤਰੀ ਲਿੰਗ : ੧. ਜਾਇਦਾਦ ਦੀ ਜ਼ਬਤੀ ਤਾਂ ਜੋ ਉਸ ਨੂੰ ਨੀਲਾਮ ਕਰ ਕੇ ਡਿਗਰੀਦਾਰ ਨੂੰ ਉਸ ਦਾ ਹੱਕ ਦਿਵਾਇਆ ਜਾਵੇ; ੨. ਕਰਜ਼ਈ ਦੀਆਂ ਚੀਜ਼ਾਂ ਆਦਿ ਦੀ ਨੀਲਾਮੀ; (ਲਾਗੂ ਕਿਰਿਆ : ਕਰਨਾ, ਲਿਆਉਣਾ); ੩. ਉਹ ਥੋੜੇ ਦਿਨਾਂ ਦੀ ਜ਼ਬਤੀ ਜਿਸ ਦੁਆਰਾ ਮਾਲਕ ਨੂੰ ਲਗਾਣ ਵਸੂਲਣ ਤੋਂ ਰੋਕਿਆ ਜਾਵੇ
–ਕੁਰਕੀ ਉਠਾਉਣਾ, ਮੁਹਾਵਰਾ : ਜ਼ਬਤ ਜਾਂ ਕੁਰਕ ਕੀਤੀ ਜਾਇਦਾਦ ਤੋਂ ਬੰਧੇਜ ਦਾ ਹੁਕਮ ਮਨਸੂਖ ਕਰਨਾ
–ਕੁਰਕੀ ਹੋ ਜਾਣਾ, ਮੁਹਾਵਰਾ : ਦਵਾਲਾ ਨਿਕਲ ਜਾਣਾ, ਬਹੁਤ ਖਰਚ ਹੋਣਾ
–ਕੁਰਕੀ ਜਾਰੀ ਕਰਨਾ, ਮੁਹਾਵਰਾ : ਕੁਰਕੀ ਦਾ ਹੁਕਮ ਦੇਣਾ
–ਕੁਰਕੀ ਦਾ ਪਰਵਾਨਾ, ਪੁਲਿੰਗ : ਜ਼ਬਤੀ ਦਾ ਹੁਕਮ
–ਕੁਰਕੀ ਬਿਠਾਉਣਾ, ਮੁਹਾਵਰਾ : ੧. ਕੁਰਕੀ ਦੇ ਮਾਲ ਤੇ ਰਾਖਾ ਬਿਠਾਉਣਾ; ੨. ਕੁਰਕ ਕਰਨਾ, ਜ਼ਬਤ ਕਰਨਾ
–ਕੁਰਕੀ ਭੇਜਣਾ, ਮੁਹਾਵਰਾ : ਮਾਲ ਦੀ ਜ਼ਬਤੀ ਵਾਸਤੇ ਅਦਾਲਤ ਵਲੋਂ ਸਰਕਾਰੀ ਪਿਆਦੇ ਦਾ ਘੱਲਿਆ ਜਾਣਾ
–ਕੁਰਕੀ ਮਿਲਣਾ, ਮੁਹਾਵਰਾ : ਡਿਗਰੀਦਾਰ ਨੂੰ ਕੁਰਕੀ ਦਾ ਹੁਕਮ ਮਿਲ ਜਾਣਾ
–ਕੁਰਕੀ ਲਿਆਉਣਾ, ਮੁਹਾਵਰਾ : ਡਿਗਰੀਦਾਰ ਦਾ ਅਦਾਲਤ ਤੋਂ ਕੁਰਕੀ ਕਰਾਉਣ ਵਾਸਤੇ ਹੁਕਮ ਲਿਆਉਣਾ
–ਕੱਚੀ ਕੁਰਕੀ, ਇਸਤਰੀ ਲਿੰਗ : ਕੁਰਕੀ ਤੋਂ ਪਹਿਲਾਂ ਕਿਸੇ ਮਾਲ ਤੇ ਬੰਧੇਜ ਲਾਉਣ ਦਾ ਹੁਕਮ ਤਾਂ ਜੋ ਕਰਜ਼ਦਾਰ ਆਪਣਾ ਮਾਲ ਇਧਰ ਉਧਰ ਨਾ ਕਰ ਦੇਵੇ
–ਪੱਕੀ ਕੁਰਕੀ, ਇਸਤਰੀ ਲਿੰਗ : ਕੁਰਕੀ ਦਾ ਅੰਤਮ ਹੁਕਮ, ਕੁਰਕੀ ਦਾ ਫੈਸਲਾ
–ਪਿਆਦਾ ਕੁਰਕੀ, ਪੁਲਿੰਗ : ਕੁਰਕੀ ਦਾ ਹੁਕਮ ਲੈ ਜਾਣ ਵਾਲਾ ਅਦਾਲਤੀ ਚਪੜਾਸੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 468, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-15-02-27-54, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First