ਕੋੜ੍ਹ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੋੜ੍ਹ. ਸੰਗ੍ਯਾ—ਕੁ. ਦੇਖੋ, ਗਲਿਤਕੁ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3820, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੋੜ੍ਹ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ
ਕੋੜ੍ਹ : ਇਹ ਮਾਈਕੋਬੈਕਟੀਰੀਅਮ ਲੈਪਰੀ ਨਾਂ ਦੇ ਜੀਵਾਣੂ ਰਾਹੀਂ ਫੈਲਣ ਵਾਲੀ ਇਕ ਬੀਮਾਰੀ ਹੈ। ਇਸ ਜੀਵਾਣੂ ਨੂੰ ਹੈਨਸੈੱਨਜ਼ ਬੈਸੀਲਸ ਵੀ ਕਹਿੰਦੇ ਹਨ। ਇਹ ਬੀਮਾਰੀ ਮੱਧ ਅਫ਼ਰੀਕਾ ਤੋਂ ਸ਼ੁਰੂ ਹੋਈ ਸਮਝੀ ਜਾਂਦੀ ਹੈ। ਸੰਨ 1970 ਦੇ ਦਹਾਕੇ ਦੇ ਆਰੰਭਕ ਸਾਲਾਂ ਵਿਚ ਇਹ ਬੀਮਾਰੀ ਸੰਸਾਰ ਦੇ ਨੀਵੇਂ, ਸਿੱਲੇ ਅਤੇ ਊਸ਼ਣ-ਖੰਡ ਜਾਂ ਉਪ-ਊਸ਼ਣੀ-ਖੰਡਾਂ ਵਿਚ ਜ਼ਿਆਦਾ ਹੁੰਦੀ ਸੀ। ਬਹੁਤੇ ਕੇਸ ਏਸ਼ੀਆ, ਅਫ਼ਰੀਕਾ, ਦੱਖਣੀ ਅਮਰੀਕਾ ਅਤੇ ਦੱਖਣੀ ਸ਼ਾਂਤ ਮਹਾਂਸਾਗਰੀ ਦੀਪ-ਸਮੂਹਾਂ ਵਿਚ ਮਿਲੇ ਹਨ। ਹਿੰਦੁਸਤਾਨ ਵਿਚ ਇਹ ਰੋਗ ਦੱਖਣੀ ਇਲਾਕਿਆਂ ਨਾਲੋਂ ਉੱਤਰੀ ਭਾਰਤ ਵਿਚ ਜ਼ਿਆਦਾ ਹੁੰਦਾ ਹੈ।
ਕਿਸਮਾਂ – ਕੋੜ੍ਹ ਦੀ ਬੀਮਾਰੀ ਦੀਆਂ ਦੋ ਕਿਸਮਾਂ ਅਰਥਾਤ ਛੂਤ ਦੀ ਬੀਮਾਰੀ ਅਤੇ ਬਿਨਾਂ ਛੂਤ ਦੀ ਬੀਮਾਰੀ ਹਨ। ਛੂਤ ਵਾਲੀ ਕਿਸਮ ਵਿਚ ਚਿਹਰੇ ਕੰਨਾਂ ਆਦਿ ਦੀ ਚਮੜੀ ਮੋਟੀ ਹੋ ਜਾਂਦੀ ਹੈ, ਭਰਵੱਟੇ ਮੋਟੇ ਹੋ ਜਾਂਦੇ ਹਨ ਤੇ ਉਨ੍ਹਾਂ ਤੋਂ ਵਾਲ ਝੜ ਜਾਂਦੇ ਹਨ, ਨੱਕ ਦੀ ਸ਼ਕਲ ਵਿਗੜ ਜਾਂਦੀ ਹੈ ਅਤੇ ਸਰੀਰ ਦੇ ਕਈ ਹਿੱਸਿਆਂ ਦੀ ਚਮੜੀ ਵਿਚ ਗੰਢਾਂ ਜਿਹੀਆਂ ਪੈ ਜਾਂਦੀਆਂ ਹਨ। ਇਨ੍ਹਾਂ ਰੋਗੀਆਂ ਦੇ ਸਰੀਰ ਤੋਂ ਖਾਸ ਕਰਕੇ ਗਲੇ ਅਤੇ ਨੱਕ ਤੋਂ ਛੋਟੇ ਛੋਟੇ ਕੀੜੇ ਬਾਹਰ ਨਿਕਲਦੇ ਹਨ।
ਫੈਲਣ ਦੇ ਢੰਗ – ਇਸ ਬੀਮਾਰੀ ਦੇ ਫੈਲਣ ਦੇ ਢੰਗ ਬਾਰੇ ਹਾਲੇ ਤੱਕ ਪੂਰੀ ਤਰ੍ਹਾਂ ਪਤਾ ਨਹੀਂ ਲੱਗਾ। ਇਹ ਬੀਮਾਰੀ ਛੂਤਦਾਰ ਰੋਗੀਆਂ ਅਤੇ ਤੰਦਰੁਸਤ ਵਿਅਕਤੀਆਂ ਦੇ ਕਾਫ਼ੀ ਦੇਰ ਤੱਕ ਇਕ ਦੂਜੇ ਦੇ ਨਜ਼ਦੀਕ ਰਹਿਣ ਨਾਲ ਜਾਂ ਸਰੀਰਕ ਸੰਪਰਕ ਕਾਰਨ ਫੈਲਦੀ ਹੈ। ਬੱਚੇ ਵੱਡਿਆਂ ਨਾਲੋਂ ਜ਼ਿਆਦਾ ਨਾਜ਼ੁਕ ਹੁੰਦੇ ਹਨ, ਇਸ ਲਈ ਕੋੜ੍ਹ ਆਮ ਤੌਰ ਤੇ ਬਚਪਨ ਵਿਚ ਹੋ ਜਾਂਦਾ ਹੈ ਪਰ ਪਰਤੱਖ ਜਵਾਨੀ ਵਿਚ ਜਾ ਕੇ ਹੁੰਦਾ ਹੈ। ਔਰਤਾਂ ਦੇ ਮੁਕਾਬਲੇ ਆਦਮੀਆਂ ਨੂੰ ਇਹ ਰੋਗ ਜ਼ਿਆਦਾ ਲਗਦਾ ਹੈ। ਆਦਮੀਆਂ ਅਤੇ ਔਰਤਾਂ ਦੇ ਰੋਗੀਆਂ ਦਾ ਅਨੁਪਾਤ ਅੰਦਾਜ਼ਨ 2 : 1 ਹੈ।
ਕੋੜ੍ਹ ਪਿਤਾ-ਪੁਰਖੀ ਬੀਮਾਰੀ ਨਹੀਂ। ਬੱਚੇ ਨੂੰ ਜੇਕਰ ਇਸ ਬੀਮਾਰੀ ਨਾਲ ਗ੍ਰੱਸੇ ਮਾਪਿਆਂ ਤੋਂ ਜਨਮ ਵੇਲੇ ਹੀ ਵੱਖ ਕਰ ਦਿੱਤਾ ਜਾਵੇ ਤਾਂ ਉਸ ਨੂੰ ਕੋੜ੍ਹ ਨਹੀਂ ਹੁੰਦਾ। ਕਈ ਵਾਰ ਇਹ ਰੋਗ ਠੀਕ ਤਰ੍ਹਾਂ ਜਰਮ-ਰਹਿਤ ਨਾ ਕੀਤੀਆਂ ਸੂਈਆਂ ਨਾਲ ਟੀਕਾ ਲਗਾਉਣ ਤੇ ਵੀ ਹੋ ਸਕਦਾ ਹੈ।
ਨਿਸ਼ਾਨੀਆਂ – ਕੋੜ੍ਹ ਇਕ ਸਰੀਰਕ ਰੋਗ ਹੈ ਅਤੇ ਇਸ ਦਾ ਅਸਰ ਜ਼ਿਆਦਾ ਕਰਕੇ ਚਮੜੀ ਅਤੇ ਉਪਰਲੀਆਂ ਨਾੜੀਆਂ ਉੱਤੇ ਹੁੰਦਾ ਹੈ। ਇਸ ਤੋਂ ਇਲਾਵਾ ਅੱਖਾਂ, ਪਤਾਲੂ, ਨੱਕ ਅਤੇ ਸੰਘ ਦੀਆਂ ਬਲਗਮੀ ਝਿੱਲੀਆਂ ਉੱਤੇ ਵੀ ਇਸਦਾ ਅਸਰ ਹੁੰਦਾ ਹੈ। ਕੋੜ੍ਹ ਦੇ ਸਾਰੇ ਰੋਗੀ ਇਕੋ ਜਿਹੇ ਨਹੀਂ ਹੁੰਦੇ। ਇਨ੍ਹਾਂ ਨੂੰ ਤਿੰਨ ਮੁੱਖ ਕਿਸਮਾਂ ਵਿਚ ਵੰਡਿਆ ਜਾ ਸਕਦਾ ਹੈ :-
(1) ਉਹ ਕੋੜ੍ਹ ਜਿਹੜਾ ਚਮੜੀ ਵਿਚ ਕਿਧਰੇ ਕਿਧਰੇ ਧੱਬਿਆਂ ਦੀ ਸ਼ਕਲ ਵਿਚ ਹੁੰਦਾ ਹੈ। ਇਨ੍ਹਾਂ ਹਿੱਸਿਆਂ ਵਿਚ ਅਹਿਸਾਸ-ਸ਼ਕਤੀ ਘਟ ਜਾਂਦੀ ਹੈ ਜਾਂ ਬਿਲਕੁਲ ਖ਼ਤਮ ਹੋ ਜਾਂਦੀ ਹੈ। ਇਸ ਕਿਸਮ ਦਾ ਕੋੜ੍ਹ ਭਾਰਤ ਵਿਚ ਆਮ ਮਿਲਦਾ ਹੈ। ਕੋੜ੍ਹ ਵਾਲੇ ਧੱਬੇ ਪੱਧਰੇ ਅਤੇ ਆਲੇ-ਦੁਆਲੇ ਦੀ ਚਮੜੀ ਨਾਲੋਂ ਹਲਕੇ ਰੰਗਾਂ ਦੇ ਹੁੰਦੇ ਹਨ। ਇਹ ਟੁਕੜੇ ਸਰੀਰ ਦੇ ਕਿਸੇ ਵੀ ਹਿੱਸੇ ਵਿਚ ਤੇ ਆਕਾਰ ਵਿਚ ਵੱਡੇ ਵੱਡੇ ਵੀ ਹੋ ਸਕਦੇ ਹਨ। ਕਈ ਵਾਰ ਕੋੜ੍ਹ ਵਾਲੇ ਹਿੱਸੇ ਮੋਟੇ ਤੇ ਸੂਹੇ ਲਾਲ ਰੰਗ ਦੇ ਵੀ ਹੋ ਜਾਂਦੇ ਹਨ। ਇਸ ਕਿਸਮ ਦਾ ਕੋੜ੍ਹ ਜ਼ਿਆਦਾ ਖ਼ਤਰਨਾਕ ਨਹੀਂ ਹੁੰਦਾ। ਇਹ ਧੱਬੇ ਆਕਾਰ ਅਤੇ ਗਿਣਤੀ ਵਿਚ ਵਧ ਜਾਂਦੇ ਹਨ ਅਤੇ ਫਿਰ ਕਾਫ਼ੀ ਚਿਰ ਲਈ ਇਨ੍ਹਾਂ ਦਾ ਵਾਧਾ ਰੁਕ ਜਾਂਦਾ ਹੈ। ਇਹ ਸਾਰੀ ਉਮਰ ਤੱਕ ਰਹਿੰਦੇ ਹਨ ਜਾਂ ਕੁਝ ਚਿਰ ਪਿੱਛੋਂ ਮਿਟ ਵੀ ਸਕਦੇ ਹਨ।
(2) ਦੂਜੀ ਉਹ ਕਿਸਮ ਹੈ ਜਿਸ ਨਾਲ ਸਰੀਰ ਦਾ ਇਕ ਜਾਂ ਜ਼ਿਆਦਾ ਅੰਗ ਸੁੰਨ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਅਹਿਸਾਸ-ਸ਼ਕਤੀ ਖ਼ਤਮ ਹੋ ਜਾਂਦੀ ਹੈ। ਕਦੀ-ਕਦਾਈਂ ਉਸ ਅੰਗ ਵਿਚ ਪੀੜ ਅਤੇ ਝੁਣ-ਝੁਣੀ ਜਿਹੀ ਵੀ ਮਹਿਸੂਸ ਹੁੰਦੀ ਹੈ। ਸੁੰਨ ਹੋਣ ਦੀ ਕਿਰਿਆ ਹੱਥਾਂ ਜਾਂ ਪੈਰਾਂ ਤੋਂ ਸ਼ੁਰੂ ਹੁੰਦੀ ਹੈ ਅਤੇ ਹੌਲੀ ਹੌਲੀ ਮਾਰੇ ਹੋਏ ਅੰਗਾਂ ਵੱਲ ਵਧਦੀ ਜਾਂਦੀ ਹੈ। ਫਿਰ ਹੱਥਾਂ-ਪੈਰਾਂ ਦੀਆਂ ਉਂਗਲੀਆਂ ਮੁੜ ਜਾਂਦੀਆਂ ਹਨ ਅਤੇ ਪੈਰਾਂ ਦੀਆਂ ਤਲੀਆਂ ਵਿਚ ਨਾਸੂਰ ਵੀ ਹੋ ਸਕਦੇ ਹਨ। ਜੇ ਬੀਮਾਰੀ ਹੋਰ ਵਧ ਜਾਵੇ ਤਾਂ ਹੱਥਾਂ ਤੇ ਪੈਰਾਂ ਦੀਆਂ ਉਂਗਲੀਆਂ ਝੜ ਵੀ ਸਕਦੀਆਂ ਹਨ ਤੇ ਰੋਗੀ ਬਹੁਤ ਕੋਝਾ ਤੇ ਕਰੂਪ ਹੋ ਜਾਂਦਾ ਹੈ। ਜੇ ਬੀਮਾਰੀ ਦਾ ਅਸਰ ਚਿਹਰੇ ਵੱਲ ਚਲਾ ਜਾਵੇ ਤਾਂ ਮੂੰਹ ਸੁੰਨ ਹੋ ਜਾਂਦਾ ਹੈ ਤੇ ਉਸਦੇ ਪੱਠੇ ਕਮਜ਼ੋਰ ਹੋ ਜਾਂਦੇ ਹਨ। ਅੱਖਾ ਚੰਗੀ ਤਰ੍ਹਾਂ ਬੰਦ ਨਹੀਂ ਹੁੰਦੀਆਂ। ਜੇ ਬੀਮਾਰੀ ਹੋਰ ਵਧ ਜਾਵੇ ਤਾਂ ਰੋਗੀ ਬਹੁਤ ਬਦਸੂਰਤ, ਅੰਗ-ਭੰਗ ਅਤੇ ਕਮਜ਼ੋਰ ਹੋ ਜਾਂਦਾ ਹੈ।
(3) ਤੀਜੀ ਕਿਸਮ ਦੇ ਕੋੜ੍ਹ ਵਿਚ ਚਿਹਰੇ ਅਤੇ ਕੰਨਾਂ ਦੀ ਚਮੜੀ ਵਿਚ ਇਕ ਪ੍ਰਤੱਖ ਤਬਦੀਲੀ ਆਉਂਦੀ ਹੈ। ਸਰੀਰ ਦੇ ਦੂਸਰੇ ਹਿੱਸੇ ਮੋਟੇ ਅਤੇ ਭੱਦੇ ਹੋ ਜਾਂਦੇ ਹਨ। ਭਰਵੱਟੇ ਮੋਟੇ ਤੇ ਭਾਰੇ ਦਿਸਦੇ ਹਨ ਤੇ ਵਾਲ ਝੜ ਜਾਂਦੇ ਹਨ। ਸਾਫ਼ ਅਤੇ ਚਮਤਕਾਰ ਲਾਲ ਧੱਬੇ ਅਤੇ ਗੰਢਾਂ ਸਰੀਰ ਦੇ ਕਈ ਹਿੱਸਿਆਂ ਵਿਚ ਹੋ ਜਾਂਦੀਆਂ ਹਨ ਅਤੇ ਇਹ ਗੰਢਾਂ ਵਗਦੇ ਨਾਸੂਰ ਵੀ ਬਣ ਸਕਦੀਆਂ ਹਨ। ਅੱਖਾਂ ਉੱਤੇ ਅਸਰ ਪੈਣ ਨਾਲ ਰੋਗੀ ਅੰਨ੍ਹਾਂ ਹੋ ਸਕਦਾ ਹੈ। ਇਹ ਕਿਸਮ ਪਹਿਲੀਆਂ ਦੋਵੇਂ ਕਿਸਮਾਂ ਨਾਲੋਂ ਜ਼ਿਆਦਾ ਖ਼ਤਰਨਾਕ ਹੈ। ਇਹ ਕਿਸਮ ਛੂਤ ਵਾਲੀ ਹੈ।
ਇਲਾਜ – ਸ਼ੁਰੂ ਸ਼ੁਰੂ ਵਿਚ ਇਸ ਬੀਮਾਰੀ ਦਾ ਕਾਫ਼ੀ ਹੱਦ ਤੱਕ ਇਲਾਜ ਹੋ ਸਕਦਾ ਹੈ। ਇਲਾਜ ਉਚਿੱਤ ਸਮੇਂ ਤੱਕ ਅਤੇ ਬੀਮਾਰੀ ਠੀਕ ਹੋਣ ਤੋਂ ਕੁਝ ਚਿਰ ਬਾਅਦ ਤੱਕ ਜਾਰੀ ਰੱਖਣਾ ਚਾਹੀਦਾ ਹੈ। ਇਸ ਦੇ ਇਲਾਜ ਨੂੰ ਵੀ ਦੋ ਭਾਗਾਂ ਵਿਚ ਵੰਡਿਆ ਗਿਆ ਹੈ। ਇਕ ਆਮ ਇਲਾਜ, ਜਿਸ ਵਿਚ ਉਹ ਸਾਰੇ ਤਰੀਕੇ ਸ਼ਾਮਲ ਹਨ ਜਿਨ੍ਹਾਂ ਨਾਲ ਰੋਗੀ ਦੀ ਆਮ ਸਿਹਤ ਚੰਗੀ ਹੋ ਜਾਏ, ਜਿਵੇਂ ਕਿ ਚੰਗੀ ਤਾਜ਼ੀ ਖ਼ੁਰਾਕ, ਲੋੜੀਂਦਾ ਆਰਾਮ ਦੇਣਾ ਅਤੇ ਸਰੀਰਕ ਤਾਕਤ ਅਨੁਸਾਰ ਕਸਰਤ ਆਦਿ ਕਰਵਾਉਣਾ, ਦੂਜੀ ਕਿਸਮ ਖ਼ਾਸ ਇਲਾਜ ਦੀ ਹੈ ਜਿਸ ਵਿਚ ਇਹ ਗੱਲਾਂ ਸ਼ਾਮਲ ਹਨ- ਉਨ੍ਹਾਂ ਖ਼ਾਸ ਦਵਾਈਆਂ ਦੀ ਵਰਤੋਂ ਜਿਨ੍ਹਾਂ ਨਾਲ ਛੂਤ ਨਸ਼ਟ ਹੋ ਜਾਵੇ, ਅਜਿਹੇ ਜਰਾਈ ਸਾਧਨ ਵਰਤਣੇ ਜਿਨ੍ਹਾਂ ਨਾਲ ਕਰੂਪਤਾ, ਨਾਸੂਰ ਜਾਂ ਫੋੜਿਆਂ ਆਦਿ ਦਾ ਵਾਧਾ ਘਟ ਜਾਵੇ, ਕਮਜ਼ੋਰ ਪੱਠਿਆਂ ਦੀ ਮਾਲਸ਼ ਅਤੇ ਸ਼ੁਰੂ ਹੋ ਰਹੇ ਕਰੂਪਾਂ ਦਾ ਇਲਾਜ।
ਇਸ ਦੇ ਇਲਾਜ ਲਈ ਚੋਲਮੂਗਰਾ ਤੇਲ ਕਈ ਸੌ ਸਾਲਾਂ ਤੋਂ ਵਰਤਿਆ ਜਾਂਦਾ ਰਿਹਾ ਹੈ। ਅੱਜ ਕਲ੍ਹ ‘ਸਲਫ਼ੋਨ’ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੀ ਕਾਫ਼ੀ ਲੰਮੇ ਸਮੇਂ ਤੱਕ ਵਰਤੋਂ ਕਰਨ ਨਾਲ ਰੋਗ ਦੀ ਰੋਕ-ਥਾਮ ਹੋ ਜਾਂਦੀ ਹੈ ਅਤੇ ਬਹੁਤੇ ਕੇਸਾਂ ਵਿਚ ਆਰਾਮ ਵੀ ਆ ਜਾਂਦਾ ਹੈ ਪਰ ਇਨ੍ਹਾਂ ਦਵਾਈਆਂ ਦੇ ਕਈ ਹੋਰ ਮਾੜੇ ਅਸਰ ਵੀ ਹੋ ਸਕਦੇ ਹਨ।
ਲੋੜ ਅਨੁਸਾਰ ਕਾਫ਼ੀ ਖ਼ੁਰਾਕ, ਰਹਿਣ ਲਈ ਸਾਫ਼-ਸੁਥਰੇ ਘਰ, ਕੰਮ ਕਰਨ ਲਈ ਸਿਹਤਮੰਦ ਹਾਲਾਤ, ਲੋਕਾਂ ਦੀ ਸਮਾਜੀ ਅਤੇ ਮਾਲੀ ਹਾਲਤ ਦਾ ਸੁਧਾਰ ਅਤੇ ਬੀਮਾਰਾਂ ਤੋਂ ਦੂਰ ਰਹਿਣ ਨਾਲ ਇਸ ਬੀਮਾਰੀ ਦੇ ਪਸਾਰ ਨੂੰ ਰੋਕਿਆ ਜਾ ਸਕਦਾ ਹੈ।
ਹ. ਪੁ.– ਐਨ. ਬ੍ਰਿ. ਮਾ. 6 : 159; ਮੈਕ. ਐਨ. ਸ. ਟ. 7 : 475; ਕੋੜ੍ਹ ਸਬੰਧੀ ਆਮ ਵਾਕਫ਼ੀ ਅਤੇ ਇਸ ਨੂੰ ਰੋਕਣ ਦੇ ਸਾਧਨ ਡਾ. ਖੁਸ਼ਦੇਵਾ ਸਿੰਘ
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2660, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-03, ਹਵਾਲੇ/ਟਿੱਪਣੀਆਂ: no
ਕੋੜ੍ਹ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੋੜ੍ਹ, (ਪ੍ਰਾਕ੍ਰਿਤ : कोढ, कोट्ठ; ਸੰਸਕ੍ਰਿਤ : कुष्ठ) \ ਪੁਲਿੰਗ : ੧. ਸਰੀਰ ਦਾ ਇੱਕ ਰੋਗ ਜਿਸ ਕਾਰਣ ਪਿੰਡਾ ਗਲ ਜਾਂਦਾ ਹੈ; ੨. ਵੱਡਾ ਰੋਗੀ
–ਕੋੜ੍ਹ ਹੋਣਾ, ਮੁਹਾਵਰਾ : ਕੋੜ੍ਹ ਦੀ ਬੀਮਾਰੀ ਲੱਗਣਾ, ਕੋੜ੍ਹ ਦਾ ਰੋਗ ਹੋਣਾ
–ਕੋੜ੍ਹ ਚੂੜਾ, ਕੋੜ੍ਹ ਚੋਣਾ, ਮੁਹਾਵਰਾ : ਕੋੜ੍ਹ ਟਪਕਣਾ
–ਕੋੜ੍ਹ ਟਪਕਣਾ, ਮੁਹਾਵਰਾ :੧. ਕੋੜ੍ਹ ਦੀ ਬੀਮਾਰੀ ਹੋਣਾ; ੨. ਕਿਸੇ ਜ਼ਖ਼ਮ ਵਿਚੋਂ ਮੁਆਦ ਵਹਿਣਾ
–ਕੋੜ੍ਹ ਫਰੰਗ, ਪੁਲਿੰਗ : ਆਤਸ਼ਕ ਦੇ ਜ਼ਹਿਰ ਕਾਰਣ ਸਰੀਰ ਤੇ ਹੋਏ ਜ਼ਖ਼ਮ ਤੇ ਫੋੜੇ
–ਕੋੜ੍ਹਨ, ਇਸਤਰੀ ਲਿੰਗ / ਵਿਸ਼ੇਸ਼ਣ :੧. ਕੋੜ੍ਹ ਦੀ ਰੋਗਣ ਇਸਤਰੀ; ੨. ਇੱਕ ਗਾਲ੍ਹ; ਕਮਜ਼ੋਰ, ਨਤਾਣੀ
–ਕੋੜ੍ਹ ਵਹਿਣਾ, ਮੁਹਾਵਰਾ : ਕੋੜ੍ਹ ਟਪਕਣਾ, ਕੋੜ੍ਹ ਚੋਣਾ
–ਕੋੜ੍ਹ ਵਿੱਚ ਖਾਜ, ਅਖੌਤ : ਮੁਸੀਬਤ ਤੇ ਮੁਸੀਬਤ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 524, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-08-04-21-25, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First