ਕੰਨ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੰਨ (ਨਾਂ,ਪੁ) 1 ਸਰੀਰ ਦਾ ਸੁਣਨ ਵਾਲਾ ਇੱਕ ਅੰਗ 2 ਰੱਸਾ ਬੰਨ੍ਹ ਕੇ ਸੁਹਾਗਾ ਖਿੱਚਣ ਲਈ ਫੱਟ ਨਾਲ ਜੜਿਆ ਕਿੱਲਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24399, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕੰਨ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੰਨ [ਨਾਂਪੁ] ਸਰੀਰ ਦਾ ਸੁਣਨ ਵਾਲ਼ਾ ਅੰਗ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24389, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੰਨ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਕੰਨ (ਸੰ.। ਸੰਸਕ੍ਰਿਤ ਕਰੑਣ। ਪ੍ਰਾਕ੍ਰਿਤ ਕਣਣੑ ਪੰਜਾਬੀ ਕੰਨ) ਜਿਸ ਇੰਦ੍ਰਯ ਨਾਲ ਸੁਣੀਦਾ ਹੈ, ਕੰਨ। ਯਥਾ-‘ਜਿਨਿ ਕਨ ਕੀਤੇ ਅਖੀ ਨਾਕੁ’। ਤਥਾ- ਆਖਣੁ ਆਖਿ ਨ ਰਜਿਆ ਸੁਨਣਿ ਨ ਰਜੇ ਕੰਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 24112, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕੰਨ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੰਨ, (ਸੰਸਕ੍ਰਿਤ : कण्व) \ ਪੁਲਿੰਗ : ਇੱਕ ਰਿਸ਼ੀ ਦਾ ਨਾਮ ਜਿਸ ਨੇ ਸ਼ਕੁੰਤਲਾ ਨੂੰ ਪਾਲਿਆ ਸੀ:
‘ਸ਼ੇਸ਼ ਨਾਗ ਅਰ ਕੰਨ ਰਿਖੀ’
(ਜਨਮ ਸਾਖੀ ਭਾਈ ਮਨੀ ਸਿੰਘ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 6161, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-03-11-24-54, ਹਵਾਲੇ/ਟਿੱਪਣੀਆਂ:
ਕੰਨ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੰਨ, (ਪ੍ਰਾਕ੍ਰਿਤ : कत्र ਸੰਸਕ੍ਰਿਤ : कर्ण) \ ਪੁਲਿੰਗ : ੧. ਸਰੀਰ ਦਾ ਉਹ ਅੰਗ ਜਿਸ ਨਾਲ ਸੁਣੀਦਾ ਹੈ; ੨. ਗੱਡੇ ਦੇ ਪਹੀਏ ਪਾਸ ਤਖ਼ਤੇ ਵਿੱਚ ਗੱਡਿਆ ਹੋਇਆ ਪੱਖਾ ਜੇਹਾ ਜੋ ਪਹੀਏ ਨੂੰ ਗੱਡੇ ਤੇ ਲੱਦੀ ਚੀਜ਼ ਨਾਲ ਘਸਰਨ ਤੋਂ ਬਚਾਉਂਦਾ ਹੈ; ੩. ਸੁਹਾਗੇ ਦੀ ਕਿੱਲੀ ਜਿਸ ਨਾਲ ਰੱਸਾ ਬੰਨ੍ਹ ਕੇ ਸੁਹਾਗਾ ਫੇਰਿਆ ਜਾਂਦਾ ਹੈ; ੪. ਸੁਣਨ ਦੀ ਸ਼ਕਤੀ
–ਕੰਨ-ਸੰਘ ਨਾਲੀ, (ਸਰੀਰਕ ਵਿਗਿਆਨ) / ਇਸਤਰੀ ਲਿੰਗ : ਇਹ ਨਾਲੀ ਕੋਈ ੩੬ ਮਿਲੀਮੀਟਰ ਲੰਮੀ ਹੁੰਦੀ ਹੈ ਅਤੇ ਇਸ ਦੇ ਅੰਦਰਵਾਰ ਬਲਗ਼ਮੀ ਝਿੱਲੀ ਹੁੰਦੀ ਹੈ। ਇਹ ਨਾਲੀ ਕੰਨ ਅਤੇ ਸੰਘ (ਹਲਕ) ਦਾ ਆਪਸ ਵਿੱਚ ਸਬੰਧ ਜੋੜਦੀ ਹੈ। ਨੱਕ ਅਤੇ ਮੂੰਹ ਦੇ ਰਸਤੇ ਨੂੰ ਬੰਦ ਕਰਨ ਤੇ ਸਾਹ ਇਸ ਰਸਤੇ ਕੰਨ ਵਿੱਚ ਜਾਣ ਲੱਗਦਾ ਹੈ ਜਿਸ ਦੀ ਆਵਾਜ਼ ਨੂੰ ਆਸਾਨੀ ਨਾਲ ਸੁਣਿਆ ਜਾ ਸਕਦਾ ਹੈ
–ਕੰਨ ਸਲਾ, (ਪੋਠੋਹਾਰੀ) \ ਇਸਤਰੀ ਲਿੰਗ : ਕੰਨਖਜੂਰਾ
–ਕੰਨ ਸਲਾਈ, ਇਸਤਰੀ ਲਿੰਗ : ਇੱਕ ਲੰਮਾ ਕੀੜਾ ਜੋ ਬਰਸਾਤ ਵਿੱਚ ਪੈਦਾ ਹੁੰਦਾ ਹੈ ਤੇ ਜਿਸ ਬਾਬਤ ਪਰਸਿੱਧ ਹੈ ਕਿ ਕੰਨ ਵਿੱਚ ਵੜ ਜਾਏ ਤਾਂ ਦਿਮਾਗ਼ ਵਿੱਚ ਜਾ ਕੇ ਬਹੁਤ ਤਕਲੀਫ਼ ਦੇਂਦਾ ਹੈ
–ਕੰਨ ਸੁੱਟਣਾ, ਮੁਹਾਵਰਾ : ੧. ਕਿਸੇ ਬੀਮਾਰੀ ਕਰਕੇ ਸੁਸਤ ਹੋਣਾ; ੨. ਦਿਲ ਹਾਰਨਾ
–ਕੰਨ ਸੇਕਣਾ, ਮੁਹਾਵਰਾ : ਸਜ਼ਾ ਦੇਣਾ, ਕੰਨਾਂ ਮੁੱਢ ਦੋ ਲਾਉਣਾ
–ਕੰਨ ਹਸਣੇ, ਮੁਹਾਵਰਾ : ਕੋਈ ਹਾਸੋਹੀਣੀ ਗੱਲ ਸੁਣ ਕੇ ਹੈਰਾਨੀ ਹੋਣਾ
–ਕੰਨ ਹਿਲਾਉਣੇ ਖੇਡਣਾ, ਕੰਨ ਹਿਲਾ ਹਿਲਾ ਖੇਡਣਾ, ਮੁਹਾਵਰਾ : ਦਲਿਦਰੀ ਹੋਣਾ, ਉੱਦਮੀ ਨਾ ਹੋਣਾ, ਵਿਹਲੜ ਹੋਣਾ
–ਕੰਨ ਹੋ ਜਾਣਾ, ਕੰਨ ਹੋਣੇ, ਮੁਹਾਵਰਾ : ਖ਼ਬਰਦਾਰ ਹੋਣਾ, ਪਤਾ ਲੱਗ ਜਾਣਾ, ਤਾੜਨਾ ਹੋਣਾ, ਨਸੀਹਤ ਮਿਲਣਾ
–ਕੰਨ ਕੱਟਣਾ, ਮੁਹਾਵਰਾ : ਮਾਤ ਕਰਨਾ, ਵਧ ਕੇ ਹੋਣਾ, ਹੁਸ਼ਿਆਰੀ ਜਾਂ ਚਲਾਕੀ ਕਰਨਾ
–ਕੰਨ ਕਟਾ, ਵਿਸ਼ੇਸ਼ਣ : ਜਿਸ ਦੇ ਕੰਨ ਕੱਟੇ ਹੋਏ ਹੋਣ, ਬੁੱਚਾ
–ਕੰਨ ਕੱਢਣਾ, ਮੁਹਾਵਰਾ : ਕੰਨ ਖਿੱਚਣਾ; ਸਜ਼ਾ ਦੇਣਾ
–ਕੰਨ ਕਤਰਨਾ, ਮੁਹਾਵਰਾ : ਕੰਨ ਕੁਤਰਨਾ, ਕਿਸੇ ਕੰਮ ਵਿੱਚ ਬਹੁਤ ਚਲਾਕ ਤੇ ਹੁਸ਼ਿਆਰ ਹੋਣਾ
–ਕੰਨ ਕਰਨੇ, ਮੁਹਾਵਰਾ : ੧. ਸੁਚੇਤ ਕਰਨਾ, ਸਾਵਧਾਨ ਕਰਨਾ, ਤੰਬੀਹ ਕਰਨਾ; ੨. ਧਿਆਨ ਨਾਲ ਸੁਣਨਾ
–ਕੰਨ ਕਾਲੇ ਹੋਣਾ, (ਪੋਠੋਹਾਰੀ) \ ਮੁਹਾਵਰਾ : ਤੁਹਮਤ ਲੱਗਣਾ, ਸਿਰ ਦੋਸ਼ ਆਉਣਾ; ਬਦਨਾਮੀ ਆਉਣਾ
–ਕੰਨ ਕੁਤਰਨਾ, ਮੁਹਾਵਰਾ : ਕਿਸੇ ਕੰਮ ਵਿੱਚ ਉਸਤਾਦ ਹੋਣਾ, ਬਹੁਤ ਚਲਾਕ ਹੋਣਾ, ਚਲਾਕੀ ਵਿੱਚ ਦੂਜੇ ਨੂੰ ਮਾਤ ਕਰ ਦੇਣਾ
–ਕੰਨਕੁਤਰਾ, ਪੁਲਿੰਗ : ਕੰਨ ਕੁਤਰਨ ਵਾਲਾ, ਚਲਾਕ ਆਦਮੀ, ਨੌਸਰਬਾਜ਼, ਤਾਕ ਤੇ ਹੁਸ਼ਿਆਰ ਆਦਮੀ
–ਕੰਨ ਕੁਰਲ, ਇਸਤਰੀ ਲਿੰਗ : ਬਹੁਤ ਸਾਰੀਆਂ ਲੱਤਾਂ ਵਾਲਾ ਇੱਕ ਗਿੱਠ ਕੁ ਲੰਮਾ ਕੀੜਾ; ਕੰਨ ਖਜੂਰਾ
–ਕੰਨਕੋਲ, ਇਸਤਰੀ ਲਿੰਗ : ਕੰਨਖਜੂਰਾ
–ਕੰਨ ਖਜੂਰਾ, ਪੁਲਿੰਗ : ਬਹੁਤ ਪੈਰਾਂ ਵਾਲਾ ਇੱਕ ਕੀੜਾ ਜਿਸ ਦੇ ਪੈਰ ੪੪ ਹੁੰਦੇ ਹਨ, ਕਨਕੋਲ
–ਕੰਨ ਖੜਿਕੇ ਲੈਣਾ, ਮੁਹਾਵਰਾ : ਬਿੜਕਾਂ ਲੈਣਾ, ਕਣਸੋ ਲੈਣਾ, ਕਿਸੇ ਗੱਲ ਦੇ ਸੁਣਨ ਵਿੱਚ ਧਿਆਨ ਹੋਣਾ
–ਕੰਨ ਖੜੇ ਹੋ ਜਾਣਾ, ਕੰਨ ਖੜੇ ਹੋਣਾ, ਮੁਹਾਵਰਾ : ੧. ਚੌਕੰਨਾ ਹੋਣਾ, ਖ਼ਬਰਦਾਰ ਹੋਣਾ; ੨. ਡਰ ਜਾਣਾ, ਤ੍ਰਹਿ ਜਾਣਾ
–ਕੰਨ ਖੜੇ ਕਰਨਾ, ਮੁਹਾਵਰਾ : ਹੁਸ਼ਿਆਰ ਹੋ ਜਾਣਾ, ਚੌਕੰਨੇ ਹੋਣਾ, ਬਿੜਕ ਲੈਣਾ, ਸੁਨਣ ਲਈ ਤਿਆਰ ਹੋਣਾ, ਖ਼ਬਰਦਾਰ ਹੋਣਾ
–ਕੰਨ ਖੜੇ ਰੱਖਣਾ, ਮੁਹਾਵਰਾ : ਚੌਕਸ ਰਹਿਣਾ, ਹੁਸ਼ਿਆਰ ਰਹਿਣਾ
–ਕੰਨ ਖਾ ਜਾਣਾ, ਮੁਹਾਵਰਾ : ਬਹੁਤ ਗੱਲਾਂ ਕਰਨਾ
–ਕੰਨ ਖਾਣਾ, ਮੁਹਾਵਰਾ : ਬਹੁਤ ਬੋਲਣਾ, ਬਹੁਤੀਆਂ ਗੱਲਾਂ ਕਰਕੇ ਕਿਸੇ ਦਾ ਸਿਰ ਖਪਾਉਣਾ, ਬਹੁਤ ਉੱਚੀ ਬੋਲਣਾ, ਸ਼ੋਰ ਮਚਾਉਣਾ
–ਕੰਨ ਖਾ ਲੈਣਾ, ਮੁਹਾਵਰਾ : ਬਹੁਤ ਬੋਲਣਾ, ਡੰਡ ਪਾਉਣਾ, ਗੱਲਾਂ ਬਹੁਤ ਕਰਨਾ
–ਕੰਨ ਖਿੱਚਣਾ, ਮੁਹਾਵਰਾ : ਕੰਨ ਪੁਟਣਾ, ਮੱਤ ਦੇਣਾ ਕਿ ਅੱਗੇ ਨੂੰ ਐਸੀ ਗਲਤੀ ਨਹੀਂ ਕਰਨਾ, ਸਜ਼ਾ ਦੇਣਾ, ਤਾੜਨਾ ਕਰਨਾ, ਸਮਝਾਉਣਾ
–ਕੰਨ ਖੁਰਕਣ ਦੀ ਵਿਹਲ ਨਾ ਹੋਣਾ, ਮੁਹਾਵਰਾ : ਜ਼ਰਾ ਵੀ ਫੁਰਸਤ ਨਾ ਹੋਣਾ, ਬਿਲਕੁਲ ਵਿਹਲ ਨਾ ਹੋਣਾ
–ਕੰਨ ਖੁਲ੍ਹ ਜਾਣਾ, ਕੰਨ ਖੁਲ੍ਹਣਾ, ਮੁਹਾਵਰਾ : ਕੋਈ ਗੱਲ ਸੁਣ ਕੇ ਚੌਕੰਨਾ ਹੋ ਜਾਣਾ, ਗ਼ਲਤੀ ਤੋਂ ਜਾਣੂ ਹੋਣਾ, ਸਬਕ ਸਿੱਖਣਾ, ਖ਼ਬਰਦਾਰ ਹੋਣਾ
–ਕੰਨ ਖੋਲ੍ਹ ਕੇ ਸੁਣਨਾ, ਮੁਹਾਵਰਾ : ਬਹੁਤ ਗਹੁ ਨਾਲ ਸੁਣਨਾ, ਸਾਵਧਾਨ ਹੋ ਕੇ ਸੁਣਨਾ
–ਕੰਨ ਖੋਲ੍ਹਣਾ, ਕੰਨ ਖੋਲ੍ਹ ਦੇਣਾ, ਮੁਹਾਵਰਾ : ਹੁਸ਼ਿਆਰ ਕਰ ਦੇਣਾ, ਚਿਤਿੰਨ ਕਰ ਦੇਣਾ, ਚੌਕਸ ਕਰ ਦੇਣਾ, ਹਟਕਣਾ, ਸਮਝਾ ਦੇਣਾ, ਭੁੱਲ ਤੋਂ ਜਾਣੂ ਕਰਾ ਦੇਣਾ, ਖ਼ਬਰਦਾਰ ਕਰਨਾ
–ਕੰਨਘੁੱਤ, (ਪੋਠੋਹਾਰੀ) \ ਪੁਲਿੰਗ : ਕੰਨਖਜੂਰਾ
–ਕੰਨਘੁਰਨ, (ਪੋਠੋਹਾਰੀ) \ ਪੁਲਿੰਗ : ਕੰਨਖਜੂਰਾ
–ਕੰਨਘੁਰਲ, (ਪੋਠੋਹਾਰੀ) \ ਪੁਲਿੰਗ : ਕੰਨਖਜੂਰਾ
–ਕੰਨ ਚੱਕਣਾ, ਕੰਨ ਚੱਕ ਲੈਣਾ, ਮੁਹਾਵਰਾ : ਸੁਣਨ ਵਾਸਤੇ ਤਿਆਰ ਹੋਣਾ, ਬਿੜਕ ਲੈਣਾ, ਚੌਕਸ ਹੋਣਾ
–ਕੰਨ ਚੱਟਣਾ, ਮੁਹਾਵਰਾ : ਬਹੁਤ ਬਕ ਬਕ ਕਰਨਾ, ਕੰਨ ਖਾਣਾ, ਮਗਜ਼ ਚੱਟਣਾ, ਬਹੁਤ ਗੱਲਾਂ ਕਰਨਾ
–ਕੰਨ ’ਚ ਫੂਕ ਮਾਰਨਾ, ਮੁਹਾਵਰਾ : ੧. ਕਹਿ ਦੇਣਾ; ੨. ਕੋਈ ਗੁਮਰਾਹ ਕਰਨ ਵਾਲੀ ਗੱਲ ਸੁਣਾਉਣਾ; ੩. ਚੁਗਲੀ ਕਰਨਾ, ਕਿਸੇ ਦੇ ਖਿਲਾਫ਼ ਗੱਲਾਂ ਕਰਨੀਆਂ, ਬਦਖੋਈ ਕਰਨਾ; ੪. ਕੰਨ ਭਰਨਾ; ੫. ਗੁਰਮੰਤਰ ਦੇਣਾ, ਚੇਲਾ ਬਣਾਉਣਾ
–ਕੰਨ ਚੁੱਕਣਾ, ਕੰਨ ਚੁਕ ਲੈਣਾ, ਮੁਹਾਵਰਾ : ਕੁਝ ਸੁਣ ਕੇ ਤ੍ਰਭਕ ਉਠਣਾ, ਖ਼ਬਰਦਾਰ ਹੋਣਾ, ਚੌਕਸ ਹੋਣਾ, ਹੁਸ਼ਿਆਰ ਹੋ ਜਾਣਾ
–ਕੰਨ ਚੋਪੜਨ, ਮੁਹਾਵਰਾ : ਖੁਸ਼ਾਮਦ ਕਰਨ, ਮਿੱਠੀਆਂ ਮਿੱਠੀਆਂ ਗੱਲਾਂ ਨਾਲ ਖੁਸ਼ ਕਰਨਾ
–ਕੰਨ ਛਿੱਕਣਾ, (ਲਹਿੰਦੀ) / ਮੁਹਾਵਰਾ : ਕੰਨ ਖਿੱਚਣਾ, ਨਸੀਹਤ ਦੇਣਾ, ਤਾੜਨਾ ਕਰਨਾ
–ਕੰਨ ਛੇਦਣਾ, ਕਿਰਿਆ ਸਕਰਮਕ : ਕੰਨ ਵਿੰਨ੍ਹਣਾ
–ਕੰਨ ਡਿਲ੍ਹਣਾ, ਮੁਹਾਵਰਾ : ਕੰਨ ਵਿਚੋਂ ਰਾਧ ਵੱਗਣਾ, ਕੰਨ ਵੱਗਣਾ
–ਕੰਨ ਡੁਲ੍ਹਣਾ, ਮੁਹਾਵਰਾ : ਕੰਨ ਵਿਚੋਂ ਰਾਧ ਵੱਗਣਾ, ਕੰਨ ਵੱਗਣਾ
–ਕੰਨ ਤਕ ਨਾ ਹਿਲਾਉਣਾ, ਮੁਹਾਵਰਾ : ਚੂੰ ਚਿਰਾਂ ਨਾ ਕਰਨਾ, ਕੋਈ ਹੀਲ ਹੁੱਜਤ ਨਾ ਕਰਨਾ, ਮੰਨ ਲੈਣਾ, ਚੁੱਪ ਹੋ ਰਹਿਣਾ
–ਕੰਨ ਤਕ ਪਹੁੰਚਣਾ,(ਗੱਲ ਆਦਿ), ਮੁਹਾਵਰਾ : ਸੁਣਨ ਵਿੱਚ ਆਉਣਾ, ਪਤਾ ਲੱਗਣਾ
–ਕੰਨ ਤੱਤੇ ਕਰਨਾ, ਮੁਹਾਵਰਾ : ਕੰਨ ਸੇਕਣਾ, ਦੰਡ ਦੇਣ ਲਈ ਕਿਸੇ ਦੇ ਕੰਨ ਮਰੋੜ ਦੇਣਾ ਜਾਂ ਕੰਨਾਂ ਉਤੇ ਥੱਪੜ ਮਾਰਨਾ ਤਾਂ ਜੋ ਅੱਗੇ ਵਾਸਤੇ ਗ਼ਲਤੀ ਜਾਂ ਗੁਸਤਾਖੀ ਤੋਂ ਬਾਜ ਰਹੇ
–ਕੰਨ ਤੇ ਹੱਥ ਰੱਖਣਾ, ਮੁਹਾਵਰਾ : ੧. ਮੁੱਕਰ ਜਾਣਾ, ਨਾ ਮੰਨਣਾ; ੨. ਤੋਬਾ ਕਰਨਾ; ੩. ਅਣਜਾਣ ਬਣਨਾ
–ਕੰਨ ਤੇ ਜੂੰ ਨਾ ਸਰਕਣਾ, ਕੰਨ ਤੇ ਜੂੰ ਨਾ ਚੱਲਣਾ, ਮੁਹਾਵਰਾ : ਕੁਝ ਧਿਆਨ ਨਾ ਦੇਣਾ, ਕੁਝ ਪਰਵਾਹ ਨਾ ਹੋਣਾ, ਜਰਾ ਵੀ ਅਸਰ ਨਾ ਹੋਣਾ, ਜਰਾ ਵੀ ਹਰਕਤ ਵਿੱਚ ਨਾ ਆਉਣਾ
–ਕੰਨ ਥੀਵਣਾ, (ਲਹਿੰਦੀ) \ ਮੁਹਾਵਰਾ : ਕੰਨ ਹੋਣਾ
–ਕੰਨ ਦਰਦ, (ਸਿਹਤ ਵਿਗਿਆਨ) \ ਪੁਲਿੰਗ : ਕੰਨ ਪੀੜ, ਪੀੜ ਜੋ ਕੰਨ ਵਿੱਚ ਫਿਨਸੀ ਜਾਂ ਕਿਸੇ ਹੋਰ ਕਾਰਣ ਹੋਣ ਲੱਗ ਪੈਂਦੀ ਹੈ
–ਕੰਨ ਦਾ ਪੜਦਾ, (ਸਰੀਰਕ ਵਿਗਿਆਨ) \ਪੁਲਿੰਗ : ਕੰਨ ਦੀ ਨਾਲੀ ਅੰਦਰ ਪਤਲੀ ਝਿੱਲੀ ਜੋ ਬਾਹਰਲੇ ਹਿੱਸੇ ਨੂੰ ਅੰਦਰ ਵਾਲੇ ਨਾਲੋਂ ਨਖੇੜਦੀ ਹੈ
–ਕੰਨ ਦੇ ਕੇ ਸੁਣਨਾ, ਮੁਹਾਵਰਾ : ਗਹੁ ਨਾਲ ਸੁਣਨਾ
–ਕੰਨ ਦੇਣਾ, ਮੁਹਾਵਰਾ : ਧਿਆਨ ਦੇਣਾ, ਸੁਣਨਾ
–ਕੰਨ ਧਰ ਕੇ ਸੁਣਨੇ, ਮੁਹਾਵਰਾ : ਗਹੁ ਨਾਲ ਸੁਣਨਾ
–ਕੰਨ ਧਰਨਾ, ਮੁਹਾਵਰਾ : ਧਿਆਨ ਦੇਣਾ, ਧਿਆਨ ਜਾਂ ਗਹੁ ਨਾਲ ਸੁਣਨਾ
–ਕੰਨ ਨਾ ਹਿਲਾਉਣਾ, ਮੁਹਾਵਰਾ : ਚੁੱਪ ਕਰ ਰਹਿਣਾ, ਚੂੰ ਨਾ ਕਰਨਾ, ਹੁੱਤ ਨਾ ਕਰਨਾ, ਬਹੁਤ ਭਲਾ ਮਾਣਸ ਜਾਂ ਅਸੀਲ ਹੋਣਾ
–ਕੰਨ ਨਾਲ ਕੰਨ ਲਾਉਣਾ, ਮੁਹਾਵਰਾ : ਕਾਨਾਫੂਸੀ ਕਰਨਾ, ਨੇੜੇ ਹੋ ਕੇ ਸੁਣਨਾ, ਪੜਦੇ ਦੀਆਂ ਗੱਲਾਂ ਕਰਨਾ
–ਕੰਨ ਨੂੰ ਹੱਥ ਲਾਉਣਾ, ਮੁਹਾਵਰਾ : ਤੋਬਾ ਕਰਨਾ, ਕਿਸੇ ਕੰਮ ਨੂੰ ਮੁੜ ਨਾ ਕਰਨ ਦੀ ਪਰਤਿੱਗਿਆ ਕਰਨਾ
–ਕੰਨ ਪਈ ਸੁਣਾਈ ਨਾ ਦੇਣਾ, ਮੁਹਾਵਰਾ : ਬਹੁਤ ਰੌਲਾ ਰੱਪਾ ਹੋਣਾ
–ਕੰਨ ਪੱਕਣਾ, ਮੁਹਾਵਰਾ : ਕੰਨ ਪੱਕੇ ਹੋਣਾ
–ਕੰਨ ਪੱਕ ਜਾਣਾ, ਮੁਹਾਵਰਾ: ਸੁਣ ਸੁਣ ਕੇ ਤੰਗ ਆ ਜਾਣਾ
–ਕੰਨ ਪੱਕੇ ਹੋਣਾ, ਮੁਹਾਵਰਾ : ਸੁਣ ਸੁਣ ਕੇ ਆਦੀ ਹੋ ਜਾਣਾ
–ਕੰਨ ਪਕੜਨੇ, ਕੰਨ ਪਗੜਨੇ, ਮੁਹਾਵਰਾ : ਕੰਨ ਫੜਨੇ
–ਕੰਨ ਪੱਟਣਾ, ਮੁਹਾਵਰਾ : ਕੰਨ ਪੁੱਟਣਾ
–ਕੰਨਪਟਾ, ਪੁਲਿੰਗ : ਕੰਨਪਟੀ, ਟਾਂਗੇ ਵਾਲੇ ਘੋੜੇ ਦੀਆਂ ਅੱਖਾਂ ਦੀ ਟੋਪੀ ਜੋ ਉਸ ਦੀ ਨਜ਼ਰ ਨੂੰ ਪਾਸਿਆਂ ਤੋਂ ਕੱਜੀ ਰੱਖਦੀ ਹੈ ਤੇ ਏਧਰ ਉਧਰ ਨਹੀਂ ਜਾਣ ਦਿੰਦੀ
–ਕੰਨਪਟੀ, ਇਸਤਰੀ ਲਿੰਗ
–ਕੰਨਪਟਾ, ਪੁਲਿੰਗ : ਕੰਨਫਟਾ, ਕੰਨਪਾਟਾ, ਜੋਗੀ, ਗੋਰਖਪੰਥੀ
–ਕੰਨਪਟੀ, ਇਸਤਰੀ ਲਿੰਗ : ੧. ਕੰਨਪਟਾ; ੨. ਪੁੜਪੁੜੀ
–ਕੰਨਪਾਟਾ, ਪੁਲਿੰਗ : ਜਿਸ ਦੇ ਕੰਨ ਪਾੜ ਕੇ ਮੁੰਦਰਾਂ ਪਾਈਆਂ ਗਈਆਂ ਹੋਣ, ਜੋਗੀ, ਗੋਰਖ ਪੰਥੀ
–ਕੰਨਪਾਟੀ, ਇਸਤਰੀ ਲਿੰਗ : (ਨਿੰਦਿਆ ਵਾਚੀ) ਇਸਤਰੀ, ਤੀਵੀਂ (ਕੰਨ-ਬਿੰਨ੍ਹੇ ਹੋਣ ਕਰ ਕੇ)
–ਕੰਨ ਪੁੱਟਣਾ, ਮੁਹਾਵਰਾ : ਕੰਨ ਖਿੱਚਣਾ, ਮੱਤ ਦੇਣਾ, ਗਲਤੀ ਦੀ ਸਜ਼ਾ ਦੇਣਾ, ਅਗਾਂਹ ਵਾਸਤੇ ਤਾੜਨਾ ਕਰਨਾ
–ਕੰਨ ਪੇਲ੍ਹਾ, (ਪੋਠੋਹਾਰੀ) \ ਪੁਲਿੰਗ: ਕੰਨ ਦੇ ਪਿੱਛੇ ਉੱਠਣ ਵਾਲਾ ਰੋਗ, ਕੰਨਪੇੜਾ, ਕਨੇਡੂ, ਘਨੂਆਂ
–ਕੰਨਪੇੜਾ, ਪੁਲਿੰਗ : ਕੰਨ ਦੇ ਪਿੱਛੇ ਹੋਣ ਵਾਲਾ ਉਠਾ, ਕਨੇਡੂ
–ਕੰਨਪੇੜਾ ਗ੍ਰੰਥੀ, ਸਰੀਰਕ ਵਿਗਿਆਨ / ਇਸਤਰੀ ਲਿੰਗ : ਕੰਨ ਦੇ ਮੂਹਰੇ ਲੰਮੀ ਥੁੱਕ ਗ੍ਰੰਥੀ ਜਾਂ ਥੁੱਕ ਗਿਲ੍ਹਟੀ
–ਕੰਨ ਪੈਣਾ, ਮੁਹਾਵਰਾ : ਸੁਣਨ ਵਿੱਚ ਆਉਣਾ, ਕੰਨ ਬੁਲੇਲ ਪੈਣਾ, ਕੰਨ ਵਿੱਚ ਭਿਣਖ ਪੈਣਾ, ਸੁਣ ਲੈਣਾ, ਕਨਸੋ ਮਿਲਣਾ
–ਕੰਨ ਫੁਟਕਣਾ, ਕਿਰਿਆ ਸਕਰਮਕ : ਕੰਨਾਂ ਨੂੰ ਇੰਨੇ ਜੋਰ ਦੇ ਹਿਲਾਉਣਾ ਕਿ ਆਵਾਜ਼ ਪੈਦਾ ਹੋਵੇ, ਮੁਹਾਵਰਾ : ਬਦਸਗਨੀ ਕਰਨਾ
–ਕੰਨ ਫੜਨਾ, ਕੰਨ ਫੜਨੇ, ਕਿਰਿਆ ਸਕਰਮਕ : ੧. ਸਕੂਲੀ ਮੁੰਡਿਆਂ ਦਾ ਸਜਾ ਵਜੋਂ ਲੱਤਾਂ ਹੇਠੋਂ ਦੀ ਹੱਥ ਕੱਢ ਕੇ ਕੰਨ ਫੜਨਾ; ੨. ਕੰਨਾਂ ਨੂੰ ਹੱਥ ਲਾਉਣਾ, ਤੋਬਾ ਕਰਨਾ, ਪ੍ਰਾਸਚਿਤ ਕਰਨਾ; ੩. ਕਿਸੇ ਗੱਲ ਨੂੰ ਨਾ ਕਰਨ ਦੀ ਪਰਤਿੱਗਿਆ ਕਰਨਾ, ਤੋਬਾ ਕਰਨਾ; ੪. ਕੰਨ ਮਲ ਕੇ ਜਾਂ ਕੰਨ ਖਿੱਚ ਕੇ ਦੰਡ ਦੇਣਾ; ੫. ਆਪਣੀ ਭੁੱਲ ਅਤੇ ਛੁਟਿਆਈ ਨੂੰ ਸਵੀਕਾਰ ਕਰਨਾ, ਕਿਸੇ ਨੂੰ ਆਪਣਾ ਗੁਰੂ ਮੰਨ ਲੈਣਾ
–ਕੰਨ ਫੜਾਉਣਾ, ਮੁਹਾਵਰਾ : ਕੰਨ ਫੜਨ ਦੀ ਸਜ਼ਾ ਦੇਣਾ, ਤੋਬਾ ਕਰਾਉਣਾ
–ਕੰਨਫੂਲ, ਪੁਲਿੰਗ : ਕਰਣ-ਵਲ, ਕੰਨਾਂ ਦਾ ਇੱਕ ਗਹਿਣਾ
–ਕੰਨ ਫੋੜਾ, ਪੁਲਿੰਗ : ਕੰਨ ਪੀੜਾ, ਕਨੇਡੂ
–ਕੰਨ ਬਹਿਣਾ, (ਪੁਆਧੀ) / ਕਿਰਿਆ ਅਕਰਮਕ : ਕੰਨ ਵਹਿਣਾ, ਕੰਨ ਵੱਗਣਾ
–ਕੰਨ ਬੱਜਣਾ, (ਪੁਆਧੀ) / ਮੁਹਾਵਰਾ : ਕੰਨ ਵੱਜਣਾ
–ਕੰਨ ਬੰਦ ਹੋ ਜਾਣਾ, ਕੰਨ ਬੰਦ ਹੋਣਾ, ਮੁਹਾਵਰਾ : ਕੰਨ ਬੋਲਾ ਹੋ ਜਾਣਾ, ਘੱਟ ਸੁਣਾਈ ਦੇਣਾ
–ਕੰਨ ਬੰਦ ਕਰ ਲੈਣਾ, ਕਿਰਿਆ ਸਕਰਮਕ : ਕੰਨ ਵਿੱਚ ਕੋਈ ਚੀਜ਼ ਦੇ ਲੈਣਾ, ਕੰਨ ਮੁੰਦ ਲੈਣਾ, ਕੰਨਾਂ ਵਿੱਚ ਉਂਗਲੀ ਦੇਣਾ, ਕੰਨਾਂ ਵਿੱਚ ਰੂੰ ਦੇ ਲੈਣਾ, ਮੁਹਾਵਰਾ : ਨਾ ਸੁਣਨਾ, ਸੁਣਨੋਂ ਇਨਕਾਰੀ ਹੋਣਾ
–ਕੰਨ ਬਲ੍ਹੇਟ, (ਪੁਆਧੀ) / ਪੁਲਿੰਗ : ਕੰਨ ਵਿੱਚ ਵੜਨ ਵਾਲਾ ਇੱਕ ਕੀੜਾ
–ਕੰਨ ਬਿੰਨ੍ਹਣਾ, (ਪੁਆਧੀ) / ਕਿਰਿਆ ਸਕਰਮਕ : ਕੰਨ ਵਿੰਨ੍ਹਣਾ
–ਕੰਨ ਬਿੰਨ੍ਹਾਉਣਾ, (ਪੁਆਧੀ) / ਕਿਰਿਆ ਸਕਰਮਕ : ਕੰਨ ਵਿੰਨ੍ਹਾਉਣਾ
–ਕੰਨ ਬੁੱਚੇ ਹੋਣਾ, ਮੁਹਾਵਰਾ : ੧. ਕੰਨਾਂ ਵਿੱਚ ਕੋਈ ਗਹਿਣਾ ਨਾ ਹੋਣਾ; ੨. ਕੰਨ ਵੱਡੋ ਹੋਣਾ (ਕੁੱਤੇ ਦੇ)
–ਕੰਨ ਬੁਤੀਜਣਾ, (ਲਹਿੰਦੀ) / ਕਿਰਿਆ ਅਕਰਮਕ : ਕੰਨ ਵਿੱਚ ਬੁੱਜ ਹੋਣਾ, ਥੋੜੇ ਚਿਰ ਲਈ ਸੁਣਾਈ ਦੇਣਾ ਬੰਦ ਹੋ ਜਾਣਾ
–ਕੰਨ ਬੁਲੇਲ ਪੈਣਾ, ਮੁਹਾਵਰਾ : ੧. ਕਣਸੋ ਮਿਲਣਾ, ਖ਼ਬਰ ਮਿਲਣਾ, ਕੰਨ ਵਿੱਚ ਭਿਣਖ ਪੈਣਾ
–ਕੰਨ ਬੋਲੇ ਹੋ ਜਾਣਾ, ਮੁਹਾਵਰਾ : ੧. ਸੁਣਾਈ ਦੇਣਾ ਬੰਦ ਹੋ ਜਾਣਾ; ੨. ਗੁੰਮ ਸੁੰਮ ਹੋਣਾ
–ਕੰਨ ਬੋਲੇ ਹੋਣਾ, ਮੁਹਾਵਰਾ : ਬਹੁਤਾ ਸ਼ੋਰ ਹੋਣ ਦੇ ਕਾਰਣ ਸੁਣਾਈ ਨਾ ਦੇਣਾ
–ਕੰਨ ਬੋਲੇ ਕਰਨਾ, ਮੁਹਾਵਰਾ : ਬਹੁਤਾ ਰੌਲਾ ਪਾਉਣਾ, ਬਹੁਤ ਉੱਚੀ ਬੋਲਣਾ
–ਕੰਮ ਭੰਨਣਾ, ਮੁਹਾਵਰਾ : ਦਬਣਾ, ਸਹਿਮ ਜਾਣਾ, ਕਤਰਾਉਣਾ, ਡਰ ਜਾਂ ਸਹਿਮ ਕਰ ਕੇ ਮੁਕਾਬਲਾ ਨਾ ਕਰਨਾ ਸਗੋਂ ਪਾਸਾ ਵੱਟ ਲੈਣਾ, ਕੰਨ ਮਰੋੜਨਾ
–ਕੰਨ ਭਰਨਾ, ਮੁਹਾਵਰਾ : ਕਿਸੇ ਦੇ ਬਰਖਿਲਾਫ਼ ਬਹੁਤ ਕੁਝ ਕਹਿਣਾ, ਚੁਗਲੀਆਂ ਕਰਨਾ, ਲਾਈ ਬੁਝਾਈ ਕਰਨਾ, ਬਦਖੋਈ ਕਰਨਾ, ਚੱਕਣਾ, ਉਸ਼ਕਲ ਦੇਣਾ
–ਕੰਨ ਭਾਂ ਭਾਂ ਕਰਨਾ, ਮੁਹਾਵਰਾ : ੧. ਕੰਨਾਂ ਵਿੱਚ ਕੋਈ ਜ਼ੇਵਰ ਨਾ ਹੋਣਾ; ੨. ਕੰਨਾਂ ਵਿੱਚ ਸਾਂ ਸਾਂ ਦੀ ਆਵਾਜ਼ ਹੋਣਾ
–ਕੰਨ ਮਰੋੜਨਾ, ਮੁਹਾਵਰਾ : ੧. ਸਜ਼ਾ ਦੇਣਾ; ੨. ਕੰਣ ਭੰਨਣਾ; ੩. ਤਾਰ ਦਾ ਕਸਣਾ (ਸਰੰਗੀ ਆਦਿਕ)
–ਕੰਨ ਮਲਣਾ, ਮੁਹਾਵਰਾ : ਸਜ਼ਾ ਦੇਣਾ
–ਕੰਨ ਮਾਰਨਾ, (ਕੁੱਤੇ ਦਾ) ਮੁਹਾਵਰਾ : ੧. ਕੰਨ ਫਟਕਣਾ; ੨. ਬਦਸ਼ਗਨੀ ਕਰਨਾ
–ਕੰਨ ਮੁੰਦ ਲੈਣਾ, ਮੁਹਾਵਰਾ : ਕੰਨ ਬੰਦ ਕਰ ਲੈਣਾ, ਕੰਨਾਂ ਵਿੱਚ ਰੂੰ ਦੇ ਲੈਣਾ, ਨਾ ਸੁਣਨਾ
–ਕੰਨ ਮੁਰਟਣਾ, ਕਿਰਿਆ ਸਕਰਮਕ : ੧. ਕੰਨ ਮਰੋੜਨਾ; ੨. ਨਸੀਹਤ ਕਰਨਾ, ਤਾੜਨਾ ਕਰਨਾ
–ਕੰਨਮੈਲ, (ਸਰੀਰਕ ਵਿਗਿਆਨ) / ਪੁਲਿੰਗ : ਕੰਨ ਦਾ ਮੈਲ, ਮੋਮ ਜੇਹਾ ਜ਼ਹਿਰੀਲਾ ਮਾਦਾ ਜੋ ਕੰਨ ਦੇ ਅੰਦਰ ਪੈਦਾ ਹੋ ਜਾਂਦਾ ਹੈ।
–ਕੰਨ ਮੈਲੀਆ, ਪੁਲਿੰਗ : ਕੰਨਾਂ ਦੀ ਮੈਲ ਕੱਢਣ ਵਾਲਾ
–ਕੰਨਰਸ, ਪੁਲਿੰਗ : ਗੱਲਾਂ ਸੁਣਨ ਦਾ ਭੁਸ, ਰਾਗ ਅਤੇ ਕਹਾਣੀਆਂ ਸੁਣਨ ਦਾ ਦਾ ਝੱਸ (ਲਾਗੂ ਕਿਰਿਆ : ਹੋਣਾ,ਪੈਣਾ)
–ਕੰਨ ਰਸਣਾ, ਕਿਰਿਆ ਅਕਰਮਕ : ਕੰਨ ਰਿਸਣਾ
–ਕੰਨ ਰਸਣਾ, ਕਿਰਿਆ / ਮੁਹਾਵਰਾ : ੧. ਕੰਨ ਵੱਗਣਾ; ੨. ਗੱਲਾਂ ਸੁਣਨ ਦਾ ਸੁਆਦ ਪੈ ਜਾਣਾ
–ਕੰਨ ਰਸਾ, (ਪੁਆਧੀ) / ਪੁਲਿੰਗ : ਕੰਨਰਸ
–ਕੰਨਰਸੀਆ, ਪੁਲਿੰਗ : ਗੱਲਾਂ ਸੁਣਨ ਦਾ ਸ਼ੌਕੀਨ ਜਿਸ ਨੂੰ ਕਹਾਣੀਆਂ ਜਾਂ ਗੱਲਾਂ ਸੁਣਨ ਦਾ ਬਹੁਤ ਸ਼ੌਕ ਹੋਵੇ
–ਕੰਨ ਰੱਖਣਾ, ਮੁਹਾਵਰਾ : ਬਿੜਕ ਰੱਖਣਾ, ਚੌਕੰਨਾ, ਧਿਆਨ ਰੱਖਣਾ, ਸਾਵਧਾਨ ਰਹਿਣਾ
–ਕੰਨ ਰਿਸਣਾ, ਕਿਰਿਆ ਅਕਰਮਕ : ਕੰਨ ਵੱਗਣਾ
–ਕੰਨ ਲੱਗੇ ਹੋਣਾ, ਮੁਹਾਵਰਾ : ਧਿਆਨ ਜਾਂ ਗਹੁ ਨਾਲ ਸੁਣਦੇ ਹੋਣਾ
–ਕੰਨ ਲਪੇਟ ਕੇ ਤੁਰ ਜਾਣਾ, ਮੁਹਾਵਰਾ : ਕੰਨ ਵਲ੍ਹੇਟ ਕੇ ਤੁਰ ਜਾਣਾ
–ਕੰਨ ਲਾਉਣਾ, ਮੁਹਾਵਰਾ : ਧਿਆਨ ਨਾਲ ਸੁਣਨਾ, ਬਿੜਕ ਲੈਣਾ
–ਕੰਨ ਲਾ ਕੇ ਸੁਣਨਾ, ਮੁਹਾਵਰਾ : ਗ਼ੌਰ ਨਾਲ ਸੁਣਨਾ
–ਕੰਨ ਲਾਵਣਾ, (ਲਹਿੰਦੀ) / ਕਿਰਿਆ ਸਕਰਮਕ: ਕੰਨ ਲਾਉਣਾ
–ਕੰਨ ਵੱਗਣਾ, ਕਿਰਿਆ ਅਕਰਮਕ: ਕੰਨ ਵਿਚੋਂ ਰਾਧ ਜਾਂ ਗੰਦਾ ਮੁਆਦ ਬਾਹਰ ਨਿਕਲਣਾ, ਕੰਨ ਵਿੱਚ ਜਖ਼ਮ ਹੋਣਾ
–ਕੰਨ ਵੱਜਣਾ, ਕੰਨ ਵੱਜਣੇ, ਕਿਰਿਆ ਅਕਰਮਕ : ਕੰਨਾਂ ਵਿੱਚ ਆਵਾਜ਼ ਪੈਣ ਦਾ ਭਰਮ ਹੋਣਾ, ਕੰਨਾਂ ਵਿੱਚ ਸਾਂ ਸਾਂ ਦੀ ਆਵਾਜ਼ ਆਉਣਾ
–ਕੰਨ ਵਲ੍ਹੇਟ, ਪੁਲਿੰਗ : ਕੰਨ ਤੋਂ ਡਰਦੇ ਖਿਸਣ ਵਾਲਾ
–ਕੰਨ ਵਲ੍ਹੇਟ ਕੇ ਚੱਲੇ ਜਾਣਾ, ਕੰਨ ਵਲ੍ਹੇਟ ਕੇ ਤੁਰ ਜਾਣਾ, ਮੁਹਾਵਰਾ : ਬਗੈਰ ਕੁਝ ਕਹੇ ਸੁਣੇ ਚਲੇ ਜਾਣਾ, ਲਾ ਜਵਾਬ ਹੋ ਕੇ ਜਾਂ ਝਾੜ ਖਾ ਕੇ ਤੁਰਦੇ ਹੋਣਾ
–ਕੰਨ ਵਲ੍ਹੇਟਣਾ, ਮੁਹਾਵਰਾ : ਕਿਸੇ ਗੱਲ ਨੂੰ ਸੁਣ ਕੇ ਚੁਪ ਕਰ ਰਹਿਣਾ, ਕੰਨ ਨਾ ਦੇਣਾ
–ਕੰਨ ਵਾਲਾ ਪਾਉਣਾ, ਮੁਹਾਵਰਾ : ਕੋਈ ਗੱਲ ਕੰਨ ਵਿੱਚ ਕਹਿਣਾ, ਕੰਨ ਭਰਨਾ
–ਕੰਨ ਵਿਹਨਾ, ਪੁਲਿੰਗ : ਕੰਨ ਵਿਨ੍ਹਣ ਵਾਲਾ, ਬਣਜਾਰਾ
–ਕੰਨ ਵਿੱਚ ਉਂਗਲਾਂ (ਉਂਗਲੀਆਂ) ਦੇਣਾ, ਮੁਹਾਵਰਾ : ਜਾਣ ਬੁੱਝ ਕੇ ਨਾ ਸੁਣਨਾ
–ਕੰਨ ਵਿੱਚ ਕਹਿਣਾ, ਮੁਹਾਵਰਾ : ਹੌਲੀ ਜੇਹੀ ਕਹਿਣਾ, ਪੜਦੇ ਨਾਲ ਜਾਂ ਪੜਦਾ ਰੱਖ ਕੇ ਗੱਲ ਕਰਨਾ
–ਕੰਨ ਵਿੱਚ ਕੌੜਾ ਤੇਲ ਪਾਉਣਾ, ਮੁਹਾਵਰਾ : ਆਪਣੇ ਆਪ ਨੂੰ ਬੇਖ਼ਬਰ ਬਣਾ ਲੈਣਾ, ਕੁਝ ਨਾ ਸੁਣਨਾ, ਚੁੱਪ ਸਾਧਣਾ, ਕਿਸੇ ਗੱਲ ਦੇ ਸੁਣਨ ਤੋਂ ਜਾਣ ਬੁਝ ਕੇ ਗ਼ਫਲਤ ਕਰਨਾ, ਜਾਣ ਬੁੱਝ ਕੇ ਘੇਸਲਾ ਹੋ ਰਹਿਣਾ
–ਕੰਨ ਵਿੱਚ ਪਾਉਣਾ, (ਕੋਈ ਗੱਲ), ਮੁਹਾਵਰਾ : ੧. ਸੁਣਾਉਣਾ; ੨. ਉਲਟ ਸਿਖਾਉਣਾ, ਪੱਟੀ ਪੜ੍ਹਾਉਣਾ, ਕੰਨ ਭਰਨਾ
–ਕੰਨ ਵਿੱਚ ਪੈਣਾ, ਮੁਹਾਵਰਾ : ਸੁਣਨਾ, ਪਤਾ ਲੱਗਣਾ
–ਕੰਨ ਵਿੱਚ ਫੂਕਣਾ, ਮੁਹਾਵਰਾ : ਕਹਿਣਾ, ਪੱਟੀ ਪੜ੍ਹਾਉਣਾ
–ਕੰਨ ਵਿੱਚ ਫੂਕ ਮਾਰਨਾ, ਮੁਹਾਵਰਾ : ਕੁਝ ਕਹਿ ਦੇਣਾ, ੧. ਖ਼ਬਰ ਦੇਣਾ; ੨. ਸਿਖਾ ਪੜ੍ਹਾ ਦੇਣਾ, ਪੱਟੀ ਪੜ੍ਹਾਉਣਾ, ਚੁਗਲੀ ਕਰਨਾ, ਕੋਈ ਗੁਮਰਾਹ ਕਰਨ ਵਾਲੀ ਗੱਲ ਕਰਨਾ; ੩. ਗੁਰਮੰਤਰ ਦੇਣਾ
–ਕੰਨ ਵਿੱਚ ਭਿਣਖ ਪੈਣਾ, ਮੁਹਾਵਰਾ : ਅਫਵਾਹ ਸੁਣਨਾ, ਉਡਦੀ ਗੱਲ ਸੁਣ ਲੈਣਾ, ਕਣਸੋ ਮਿਲਣਾ
–ਕੰਨ ਵਿੱਚ ਰੂੰ ਤੁੰਨਣਾ, ਮੁਹਾਵਰਾ : ਕਿਸੇ ਦੀ ਗੱਲ ਨਾ ਸੁਣਨਾ
–ਕੰਨ ਵਿੱਚ ਰੂੰ ਦੇਣਾ,ਕੰਨਾਂ ਵਿੱਚ ਰੂੰ ਦੇਣਾ, ਮੁਹਾਵਰਾ : ਕਿਸੇ ਦੀ ਗੱਲ ਨਾ ਸੁਣਨਾ
–ਕੰਨ ਵਿੰਨ੍ਹਣਾ, ਕਿਰਿਆ ਸਕਰਮਕ / ਮੁਹਾਵਰਾ: ਮੁਰਕੀ ਆਦਿਕ ਪਾਉਣ ਲਈ ਕੰਨ ਛੇਦਣਾ; ਮੁਹਾਵਰਾ : ੨. ਕਿਸੇ ਜ਼ਰੂਰੀ ਕੰਮ ਵਿੱਚ ਰੁਝੇ ਹੋਣਾ; ੩. ਫਜ਼ੂਲ ਵਕਤ ਗਵਾਉਣਾ
–ਕੰਨ ਵਿਨ੍ਹਾਉਣਾ, ਕਿਰਿਆ ਸਕਰਮਕ : ਕੰਨਾਂ ਵਿੱਚ ਛੇਕ ਕਢਾਉਣਾ
–ਕੰਨ ਵਿਨ੍ਹਾ, ਪੁਲਿੰਗ : ਕੰਨ ਵਿਨ੍ਹਣ ਵਾਲਾ, ਵਣਜਾਰਾ, ਵਣਜਾਰੇ ਤੋਂ ਖ਼ੂਨੀ ਮੁਰਕੀ ਪਵਾਉਣਾ
–ਕੰਨ ਵੇਹਨਾ, ਪੁਲਿੰਗ : ਕੰਨ ਵਿੰਨ੍ਹਣ ਵਾਲਾ
–ਇਸ ਕੰਨ ਸੁਣਨਾ ਉਸ ਕੰਨ ਕੱਢ ਦੇਣਾ, ਮੁਹਾਵਰਾ : ਸੁਣੀ ਅਣਸੁਣੀ ਕਰਨਾ
–ਇੱਕ ਕੰਨ ਸੁਣਨਾ ਦੂਜੇ ਕੱਢ ਦੇਣਾ, ਮੁਹਾਵਰਾ : ਬੇਪਰਵਾਹੀ ਕਰਨਾ
–ਘੋੜੇ ਕੰਨ ਬਰਾਬਰ, ਮੁਹਾਵਰਾ : ਹਾਨ ਲਾਭ ਇਕੋ ਜੇਹਾ ਹੋਣਾ
–ਕੰਨਾਂ ਸੱਨੀ, ਇਸਤਰੀ ਲਿੰਗ : ਕੰਨਾਂ-ਬਾਤੀ. ਕਾਨਾਫੂਸੀ
–ਕੰਨਾਂ ਘੇਸਲ ਮਾਰਨਾ, ਮੁਹਾਵਰਾ : ਮਚਲੇ ਹੋ ਰਹਿਣਾ, ਅਣਸੁਣੀ ਕਰਨਾ, ਪਰਵਾਹ ਨਾ ਕਰਨਾ
–ਕੰਨਾਂ ਘੋੜੇ ਕੁੱਰ, ਮੁਹਾਵਰਾ : ਕੰਨਾ ਮੰਨਾ ਕੁਰ
–ਕੰਨਾਂ ਚ ਉਂਗਲਾਂ ਦੇ ਲੈਣਾ, ਮੁਹਾਵਰਾ : ਕੋਈ ਗੱਲ ਨਾ ਸੁਣਨਾ
–ਕੰਨਾਂ ’ਚ ਸਿਰ ਕਰਨਾ, ਦੋ ਕੰਨਾਂ ਵਿੱਚ ਸਿਰ ਕਰਨਾ, ਮੁਹਾਵਰਾ : ਇਉਂ ਕਹਿ ਕੇ ਬੱਚੇ ਨੂੰ ਧਮਕੀ ਦੇਣਾ
–ਕੰਨਾਂ ’ਚ ਢੋਲ ਬੱਜਣਾ, ਮੁਹਾਵਰਾ : ਬੋਲਾ ਹੋਣਾ, ਬਹਿਰਾ ਹੋਣਾ
–ਕੰਨਾਂ ਚ ਮਾਰ ਛੱਡਣੀ, (ਪੁਆਧੀ) / ਮੁਹਾਵਰਾ : ਸੁਣ ਕੇ ਪਰਵਾਹ ਨਾ ਕਰਨਾ, ਕਿਸੇ ਦੀ ਕਹੀ ਗੱਲ ਸੁਣ ਕੇ ਉਹਦੇ ਉਤੇ ਅਮਲ ਨਾ ਕਰਨਾ
–ਕੰਨਾਂ ਚੋਂ ਕੱਢ ਛੱਡਣਾ, (ਪੁਆਧੀ) / ਮੁਹਾਵਰਾ : ਸਹਿਜ ਸੁਭਾ ਇਤਲਾਹ ਦੇ ਦੇਣਾ, ਸੂਚਤ ਕਰ ਦੇਣਾ
–ਕੰਨਾਂ ਤੋੜੀਂ ਹੋਣਾ, (ਪੋਠੋਹਾਰੀ) / ਮੁਹਾਵਰਾ : ਮੂੰਹ ਫਟ ਹੋਣਾ
–ਕੰਨਾਂ ਤੇ ਹੱਥ ਧਰਨਾ, ਮੁਹਾਵਰਾ : ੧. ਕੰਨਾਂ ਤੇ ਹੱਥ ਰੱਖਣਾ, ਕਸਮ ਖਾ ਕੇ ਇਨਕਾਰ ਕਰਨਾ, ਨਾ ਮੰਨਣਾ; ੨. ਤੋਬਾ ਕਰਨਾ; ੩. ਕਸਮ ਖਾ ਕੇ ਜਾਂ ਧਰਮ ਈਮਾਨ ਦਾ ਡਰ ਮੰਨਦੇ ਹੋਏ ਮੁਕਰ ਜਾਣਾ; ੪. ਪਨਾਹ ਮੰਗਣਾ
–ਕੰਨਾਂ ਤੇ ਹੱਥ ਰੱਖਣਾ, ਮੁਹਾਵਰਾ : ੧. ਸਾਫ਼ ਮੁਕਰ ਜਾਣਾ, ਨਾ ਮੰਨਣਾ; ੨. ਤੋਬਾ ਕਰਨਾ
–ਕੰਨਾਂ ਤੇ ਹੱਥ ਲਾਵਣਾ, (ਮੁਲਤਾਨੀ) / ਮੁਹਾਵਰਾ : ਕੰਨਾਂ ਨੂੰ ਹੱਥ ਲਾਉਣਾ
–ਕੰਨਾਂ ਥਾਈਂ ਕੱਢਣਾ, ਮੁਹਾਵਰਾ : ਕਹਿ ਦੇਣਾ, ਸੁਣਾ ਦੇਣਾ, ਦੱਸ ਦੇਣਾ, ਕੰਨਾਂ ਵਿੱਚ ਦੀ ਕਢਣਾ, ਕੰਨਾਂ ਵਿਚੀਂ ਕਢਣਾ
–ਕੰਨਾਂ ਦਾ ਕੱਚਾ, ਪੁਲਿੰਗ : ਕਿਸੇ ਦੀ ਕਹੀ ਹੋਈ ਗੱਲ ਬਿਨਾਂ ਤਸਦੀਕ ਕੀਤੇ ਸੱਚ ਮੰਨ ਲੈਣ ਵਾਲਾ, ਉਹ ਜੋ ਦੂਜਿਆਂ ਦੀ ਚੁੱਕ ਵਿੱਚ ਆ ਜਾਵੇ, ਲਾਈ-ਲੱਗ,(ਲਾਗੂ ਕਿਰਿਆ : ਹੋਣਾ)
–ਕੰਨਾਂ ਦੀ ਮੈਲ ਕਢਾਉਣਾ, ਮੁਹਾਵਰਾ : ੧. ਕੰਨ ਸਾਫ਼ ਕਰਾਉਣੇ; ੨. ਬਹਿਰਾਪਣ ਦਾ ਇਲਾਜ ਕਰਾਉਣਾ, ਸੁਣ ਸਕਣ ਦੇ ਯੋਗ ਹੋਣਾ
–ਕੰਨਾਂ ਦੀਆਂ ਖਿੜਕੀਆਂ ਖੋਲ੍ਹ ਕੇ ਸੁਣਨਾ, ਮੁਹਾਵਰਾ : ਪੂਰੇ ਧਿਆਨ ਨਾਲ ਸੁਣਨਾ
–ਕੰਨਾਂ ਦੀਆਂ ਖਿੜਕੀਆਂ ਖੋਲ੍ਹਣਾ, ਮੁਹਾਵਰਾ : ਅਸਲੀਅਤ ਜਤਾ ਦੇਣਾ; ਸਪਸ਼ਟ ਕਰ ਦੇਣਾ, ਗੱਲ ਖੋਲ੍ਹ ਕੇ ਦੱਸ ਦੇਣਾ, ਕੰਨਾਂ ਦੇ ਪਰਦੇ ਖੋਲ੍ਹ ਦੇਣੇ, ਖਰੀਆਂ ਖਰੀਆਂ ਸੁਨਾਉਣਾ
–ਕੰਨਾਂ ਦੇ ਕਪਾਟ ਖੋਲ੍ਹ ਦੇਣਾ, (ਖੋਲ੍ਹਣਾ) ਮੁਹਾਵਰਾ : ੧. ਬਹੁਤ ਉੱਚੀ ਬੋਲਣਾ, ੨. ਅਸਲੀਅਤ ਖੋਲ੍ਹ ਸੁਣਾਉਣਾ, ਕੰਨਾਂ ਦੀਆਂ ਖਿੜਕੀਆਂ ਖੋਲ੍ਹ ਦੇਣਾ
–ਕੰਨਾਂ ਦੇ ਕੀੜੇ ਕੱਢਣਾ, ਮੁਹਾਵਰਾ : ਬਹੁਤ ਉੱਚੀ ਬੋਲਣਾ
–ਕੰਨਾਂ ਦੇ ਕੀੜੇ ਖਾ ਜਾਣਾ, ਮੁਹਾਵਰਾ : ਬਹੁਤ ਗੱਲਾਂ ਕਰਨਾ, ਮਗਜ਼ਪਚੀ ਕਰਨਾ, ਮਗਜ਼ ਚੱਟ ਜਾਣਾ
–ਕੰਨਾਂ ਦੇ ਪੜਦੇ ਪਾੜਨਾ, ਮੁਹਾਵਰਾ : ਬਹੁਤ ਰੌਲਾ ਪਾਉਣਾ, ਬਹੁਤ ਉਚੀ ਬੋਲਣਾ
–ਕੰਨਾਂ ਦੇ ਪੜਦੇ ਖੋਲ੍ਹਣਾ, ਕੰਨਾਂ ਦੇ ਪੜਦੇ ਖੋਲ੍ਹ ਦੇਣਾ, ਮੁਹਾਵਰਾ : ਕਿਸੇ ਨੂੰ ਕਿਸੇ ਗੱਲ ਦੀ ਅਸਲੀਅਤ ਜਤਲਾ ਦੇਣਾ, ਕੰਨਾਂ ਦੀਆਂ ਖਿੜਕੀਆਂ ਖੋਲ੍ਹ ਦੇਣਾ
–ਕੰਨਾਂ ਨੂੰ ਹੱਥ ਲਵਾਉਣਾ, ਮੁਹਾਵਰਾ : ਤੋਬਾ ਕਰਾਉਣਾ
–ਕੰਨਾਂ ਨੂੰ ਹੱਥ ਲਾਉਣਾ, ਮੁਹਾਵਰਾ : ਤੋਬਾ ਕਰਨਾ
–ਕੰਨਾਂ ਨੂੰ ਭਾਰੀ ਲੱਗਣਾ, ਮੁਹਾਵਰਾ : ਕਿਸੇ ਸ਼ਬਦ ਜਾਂ ਆਵਾਜ਼ ਦਾ ਚੰਗਾ ਨਾ ਲੱਗਣਾ
–ਕੰਨਾਫੂਸੀ, ਇਸਤਰੀ ਲਿੰਗ : ਕਾਨਾ ਫੂਸੀ, ਕੰਨਾਂ ਵਿੱਚ ਹੌਲੀ ਹੌਲੀ ਗੱਲ ਕਰਨ ਦਾ ਭਾਵ
–ਕੰਨਬਾਤੀ, ਇਸਤਰੀ ਲਿੰਗ : ਕੰਨਾਂ ਵਿੱਚ ਕੁਝ ਆਖਣ ਦਾ ਭਾਵ, ਕੰਨ ਵਿੱਚ ਗੱਲ ਕਰਨ ਦਾ ਭਾਵ, ਕਾਨਾਫੂਸੀ
–ਕੰਨਾਬਾਤੀ (ਬਾਟੀ) ਕੁਰਰ ਕੰਨਾਂ ਮੰਨਾ ਕੁਰਰ, ਪੁਲਿੰਗ : ਬੱਚਿਆਂ ਦੇ ਕੰਨਾਂ ਵਿੱਚ ‘ਕੰਨਾ ਬਾਤੀ ਆਖ ਕੇ ਕੁਰਰ’ ਜ਼ੋਰ ਨਾਲ ਕਹਿੰਦੇ ਹਨ ਬੱਚਾ ਖਿੜ ਖਿੜ ਕੇ ਹੱਸ ਪੈਂਦਾ ਹੈ
–ਕੰਨਾਂ ਮੁੱਢ ਮਾਰ ਛੱਡਣਾ, ਮੁਹਾਵਰਾ : ਅਣਸੁਣੀ ਕਰ ਛੱਡਣਾ, ਨਾ ਸੁਣਨਾ, ਕੰਨਾਂ ਮੁੱਢ ਮਾਰਨਾ, ਘੇਸਲ ਮਾਰਨਾ, ਮਚਲੋ ਹੋ ਰਹਿਣਾ
–ਕੰਨਾਂ ਮੁੱਢ ਮਾਰਨਾ, ਮੁਹਾਵਰਾ : ਅਣਸੁਣੀ ਕਰਨਾ, ਕਿਸੇ ਗਲ ਵੱਲੋਂ ਬੇਪਰਵਾਹ ਹੋ ਰਹਿਣਾ ਤੇ ਸੁਣ ਕੇ ਉਸ ਤੇ ਕੋਈ ਅਮਲ ਨਾ ਕਰਨਾ
–ਕੰਨਾਂ ਮੁੱਢੀ ਮਾਰ ਛੱਡਣਾ, ਮੁਹਾਵਰਾ : ਮਚਲੇ ਹੋ ਰਹਿਣਾ, ਨਾ ਸੁਣਨ ਦਾ ਬਹਾਨਾ ਕਰਨਾ
–ਕੰਨਾ ਰੇਢੇ ਮਾਰਨਾ, ਮੁਹਾਵਰਾ : ਮਚਲੇ ਹੋ ਰਹਿਣਾ, ਅਣਸੁਣੀ ਕਰਨਾ
–ਕੰਨਾਂ ਰੇੜੇ ਮਾਰਨਾ, ਮੁਹਾਵਰਾ : ਨਾ ਸੁਣਨਾ, ਸੁਣਨੋ ਇਨਕਾਰੀ ਹੋਣਾ, ਕੰਨਾਂ ਮੁੱਢ ਮਾਰਨਾ, ਕੰਨਾਂ ਮੁੱਢੀ ਮਾਰ ਛੱਡਣਾ
–ਕੰਨਾਂ ਵਿੱਚ ਉਂਗਲੀਆਂ ਦੇਣਾ, ਮੁਹਾਵਰਾ : ਜਾਣ ਬੁੱਝ ਕੇ ਨਾ ਸੁਣਨਾ
–ਕੰਨਾਂ ਵਿੱਚ ਕੌੜਾ ਤੇਲ ਪਾਉਣਾ, ਮੁਹਾਵਰਾ : ੧. ਆਪਣੇ ਆਪ ਨੂੰ ਬੇਖ਼ਬਰ ਬਣਾ ਲੈਣਾ, ਜਾਣ ਬੁਝ ਕੇ ਸੁਣੀ ਅਣਸੁਣੀ ਕਰ ਦੇਣਾ ਬੇਲੋ ਜਾਂ ਯਮਲੇ ਬਣੇ ਰਹਿਣਾ
–ਕੰਨਾਂ ਵਿੱਚ ਗੂੰਜਣਾ, ਮੁਹਾਵਰਾ : ਕਿਸੇ ਸੁਣੀ ਹੋਈ ਆਵਾਜ਼ ਜਾਂ ਗੱਲ ਦਾ ਕੰਨਾਂ ਵਿੱਚ ਬਾਰ ਬਾਰ ਪੈਣਾ
–ਕੰਨਾਂ ਵਿੱਚ ਦੀ ਕਢਣਾ, ਮੁਹਾਵਰਾ : ਸੁਣਾ ਦੇਣਾ, ਪਤਾ ਦੇਣਾ
–ਕੰਨਾਂ ਵਿੱਚ ਪਾਉਣਾ (ਕੋਈ ਗੱਲ), ਮੁਹਾਵਰਾ : ਸੁਣਾ ਦੇਣਾ, ਜਾਣੂ ਕਰਾ ਦੇਣਾ, ਕਹਿ ਦੇਣਾ
–ਕੰਨਾਂ ਵਿੱਚ ਪਾਰਾ ਭਰਨਾ, ਮੁਹਾਵਰਾ : ਸਜ਼ਾ ਵਜੋਂ ਦੋਸ਼ੀ ਦੇ ਕੰਨਾਂ ਵਿੱਚ ਪਾਰਾ ਭਰ ਕੇ ਉਸ ਨੂੰ ਬੋਲਾ ਬਣਾ ਦੇਣਾ (ਪੁਰਾਤਨ ਸਮੇਂ ਵਿੱਚ ਪਾਰਾ ਤੱਤਾ ਕਰਕੇ ਕੰਨਾਂ ਵਿੱਚ ਪਾ ਦਿੰਦੇ ਸਨ ਜਿਸ ਨਾਲ ਕੰਨਾਂ ਦੇ ਪਰਦੇ ਸੜ ਕੇ ਆਦਮੀ ਬੋਲਾ ਹੋ ਜਾਂਦਾ ਸੀ
–ਕੰਨਾਂ ਵਿੱਚ ਰੂੰ ਦੇਣਾ, ਮੁਹਾਵਰਾ : ਨਾ ਸੁਣਨਾ, ਨਾ ਸੁਣਦੇ ਹੋਣਾ
–ਕੰਨਾਂ ਵਿੱਚ ਰੂੰ ਤੁੰਨਣਾ, ਮੁਹਾਵਰਾ : ਨਾ ਸੁਣਨਾ, ਕੰਨਾਂ ਵਿੱਚ ਰੂੰ ਦੇ ਲੈਣਾ
–ਕੰਨਾਂ ਵਿੱਚ ਰੂੰ ਦੇਣਾ, ਕੰਨਾਂ ਵਿੱਚ ਰੂੰ ਦੇ ਲੈਣਾ, ਮੁਹਾਵਰਾ : ਜਾਣ ਬੁੱਝ ਕੇ ਨਾ ਸੁਣਨਾ, ਨਾ ਸੁਣਨਾ
–ਕੰਨਾਂ ਵਿਚੀਂ ਕੱਢਣਾ, ਮੁਹਾਵਰਾ : ਸੁਣਾ ਦੇਣਾ, ਸੂਚਤ ਕਰਨਾ
–ਦੋ ਕੰਨਾਂ ਵਿੱਚ ਸਿਰ ਕਰਨਾ, ਮੁਹਾਵਰਾ : (ਇਉਂ ਕਹਿ ਕੇ ਬੱਚੇ ਨੂੰ) ਧਮਕੀ ਦੇਣਾ, ਜੁੱਤੀਆਂ ਨਾਲ ਸਿਰ ਨੀਵਾਂ ਕਰਨਾ
–ਕੰਨੀਂ ਪਰੋਣਾ, ਮੁਹਾਵਰਾ : ਕੋਈ ਗੱਲ ਕੰਨ ਵਿੱਚ ਕਹਿਣਾ
–ਕੰਨੀਂ ਵਾਲਾ ਪਰੋਣਾ, ਮੁਹਾਵਰਾ : ਕੋਈ ਗੱਲ ਕੰਨ ਵਿੱਚ ਕਹਿਣਾ, ਲਾਈ ਬੁਝਾਈ ਕਰਨਾ
–ਕੰਨੀਂ ਪਾਉਣਾ, ਮੁਹਾਵਰਾ : ਕਿਸੇ ਨੂੰ ਸੁਣਾਉਣਾ, ਕਿਸੇ ਨੂੰ ਪਤਾ ਦੇਣਾ
–ਕੰਨੀ ਪੈਣਾ, ਮੁਹਾਵਰਾ : ਸੁਣਨ ਵਿੱਚ ਆਉਣਾ, ਸੋ ਮਿਲਣਾ, ਕਿਸੇ ਗੱਲ ਦੀ ਬਿੜਕ ਆਉਣਾ
–ਕਨੂੰਣੀ, ਇਸਤਰੀ ਲਿੰਗ : ਕੰਨ ਦੀ ਨਾਲੀ
–ਕੰਨੋਂ ਕੰਨੀਂ, ਕਿਰਿਆ ਵਿਸ਼ੇਸ਼ਣ: ਇੱਕ ਕੰਨੋਂ ਦੂਜੇ ਕੰਨ ਤੱਕ ਹੁੰਦੀ ਹੋਈ, ਹੁੰਦੀ ਹੁੰਦੀ
–ਕੰਨੋਂ ਫੜ ਕੇ ਬਾਹਰ ਕੱਢਣਾ, ਮੁਹਾਵਰਾ : ਅਨਾਦਰ ਨਾਲ ਕਿਸੇ ਨੂੰ ਕਿਸੇ ਥਾਉਂ ਤੋਂ ਬਾਹਰ ਕੱਢ ਦੇਣਾ, ਬੇਇੱਜ਼ਤੀ ਨਾਲ ਹਟਾ ਦੇਣਾ
–ਇਸ ਕੰਨ ਸੁਣਨਾ ਉਸ ਕੰਨ ਕਢਣਾ, ਮੁਹਾਵਰਾ : ਸੁਣੀ ਅਣਸੁਣੀ ਕਰ ਦੇਣਾ
–ਘੋਘਲ ਕੰਨਾਂ ਹੋਣਾ, ਮੁਹਾਵਰਾ : ਜਾਣ ਬੁਝ ਕੇ ਅਣਸੁਣੀ ਕਰਨਾ, ਕੰਨਾਂ ਮੁੱਢੀ ਮਾਰਨਾ, ਘੇਸਲ ਮਾਰਨਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 6161, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-03-11-25-06, ਹਵਾਲੇ/ਟਿੱਪਣੀਆਂ:
ਕੰਨ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੰਨ, (ਜ਼ਿਮੀਦਾਰਾ) (ਪ੍ਰਾਕ੍ਰਿਤ : कण्ण; ਸੰਸਕ੍ਰਿਤ : कर्ण) \ ਪੁਲਿੰਗ : ਗੱਡੇ ਦੇ ਤਖ਼ਤ ਵਿੱਚ ਪਹੀਆਂ ਤੋਂ ਓਟ ਕਰਨ ਲਈ ਗੱਡਿਆ ਹੋਇਆ ਪਚਾਂਗੜ ਜੋ ਦੋ ਸਿੱਧੇ ਡੰਡੇ ਖੜੇ ਤੇ ਦੋ ਚੱਪਟੀਆਂ ਫੱਟੀਆਂ ਲੇਟਵੀਆਂ ਜੜ ਕੇ ਬਣਦਾ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 6159, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-04-01-16-21, ਹਵਾਲੇ/ਟਿੱਪਣੀਆਂ:
ਕੰਨ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੰਨ, (ਕਾਂ) \ ਕਿਰਿਆ ਵਿਸ਼ੇਸ਼ਣ : ਪਾਸੇ, ਵਲ, ਕਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 6430, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-04-01-16-36, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First