ਕੱਚੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੱਚੀ, ਵਿਸ਼ੇਸ਼ਣ : ਕੱਚਾ ਦਾ / ਇਸਤਰੀ ਲਿੰਗ : ੧. ਕੱਚੀ ਪਹਿਲੀ; ੨ (ਪੋਠੋਹਾਰੀ) : ਇੱਕ ਦਾਣੇ ਆਦਿ ਮਿਣਨ ਦਾ ਪੈਮਾਨਾ ਜੋ ਅੱਧੀ ਪੜੋਪੀ ਅਥਵਾ ਅੱਧ ਪਾਉ ਦੇ ਬਰਾਬਰ ਹੁੰਦਾ ਹੈ

–ਕੱਚੀ ਉਪਜ, ਇਸਤਰੀ ਲਿੰਗ : ਕੁਲ ਆਮਦਨੀ, ਪੈਦਾਵਾਰ ਆਪਣੀ ਪਹਿਲਾਂ ਅਸਲ ਹਾਲਤ ਵਿੱਚ

–ਕੱਚੀ ਉਮਰ, ਇਸਤਰੀ ਲਿੰਗ : ਇਨਸਾਨੀ ਜ਼ਿੰਦਗੀ ਵਿੱਚ ਨਾਸਮਝੀ ਜਾਂ ਨਾਤਜਰਬੇਕਾਰੀ ਦਾ ਸਮਾਂ ਜੋ ਦਸ ਬਾਰਾਂ ਸਾਲ ਤਕ ਦੀ ਉਮਰ ਦਾ ਹੁੰਦਾ ਹੈ 
 
–ਕੱਚੀ ਅਸਾਮੀ,ਇਸਤਰੀ ਲਿੰਗ : ੧. ਉਹ ਨੌਕਰੀ ਜਿਹੜੀ ਥੋੜ੍ਹੇ ਸਮੇਂ ਲਈ ਹੀ ਹੋਵੇ; ੨. ਉਹ ਕਰਜ਼ਦਾਰ ਜਿਸ ਪਾਸੋਂ ਰੁਪਿਆ ਉੱਗਰਣ ਦੀ ਆਸ ਨਾ ਹੋਵੇ 
 
–ਕੱਚੀ ਅਕਲ, ਇਸਤਰੀ ਲਿੰਗ :੧. ਨਾਤਜਰਬਾਕਾਰੀ; ੨. ਥੋੜ੍ਹੀ ਸਮਝ 
 
–ਕੱਚੀ ਇੱਟ, ਇਸਤਰੀ ਲਿੰਗ : ਗਾਰੇ ਦੀ ਉਹ ਇੱਟ ਜੋ ਭੱਠੇ ਵਿਚ ਨਾ ਪਕਾਈ
ਗਈ ਹੋਵੇ
 
–ਕੱਚੀ ਸਮੋਂ, (ਪੁਆਧੀ) / ਇਸਤਰੀ ਲਿੰਗ : ਕੱਚਾ ਮੌਸਮ, ਸੌਣ ਭਾਦੋਂ ਦਾ ਮੌਸਮ 
 
–ਕੱਚੀ ਸੜਕ, ਇਸਤਰੀ ਲਿੰਗ : ਉਹ ਸੜਕ ਜਿਸ ਤੇ ਰੋੜ ਨਾ ਕੁੱਟੇ ਹੋਏ ਹੋਣ 
 
–ਕੱਚੀ ਸਾਮੀ, ਇਸਤਰੀ ਲਿੰਗ : ਜੋ ਬਚਨ ਪੂਰਾ ਨਾ ਕਰੇ, ਜਿਸ ਤੋਂ ਉਧਾਰ ਵਾਪਸ ਮਿਲਣ ਦੀ ਆਸ ਘੱਟ ਹੋਵੇ, ਜਿਸ ਦਾ ਲੈਣ ਦੇਣ ਚੰਗਾ ਨਾ ਹੋਵੇ, ਜੋ ਕਾਰ ਵਿਹਾਰ ਵਿੱਚ ਈਮਾਨਦਾਰੀ ਨਾਲ ਨਾ ਵਰਤੇ
 
–ਕੱਚੀ ਸਾਰ, ਇਸਤਰੀ ਲਿੰਗ :ਕੱਚੀ ਨਰਦ 
 
–ਕੱਚੀ ਸਾਰੀ, ਇਸਤਰੀ ਲਿੰਗ : ਕੱਚੀ ਨਰਦ 
 
–ਕੱਚੀ ਸਿਲਾਈ, ਇਸਤਰੀ ਲਿੰਗ : ਦਰਜੀ ਦੇ ਕੰਮ ਵਿੱਚ ਹੱਥ ਨਾਲ ਲੰਮੇ ਲੰਮੇ ਤੋਪੇ ਲਾ ਕੇ ਕੀਤੀ ਆਰਜ਼ੀ ਸਿਲਾਈ ਜਿਸ ਦੇ ਤੋਪੇ ਬਖੀਆ ਕਰਨ ਵੇਲੇ ਨਾਲ ਦੇ ਨਾਲ ਉਖੇੜ ਦਿਤੇ ਜਾਂਦੇ ਹਨ, ਜਿਲਦਬੰਦੀ ਵਿੱਚ ਸੂਆ ਮਾਰ ਕੇ ਕੀਤੀ ਸਿਲਾਈ
 
–ਕੱਚੀ ਸੌਂਹ, ਇਸਤਰੀ ਲਿੰਗ : ਜਿਹੜੀ ਸੌਂਹ ਖਾ ਕੇ ਪੂਰੀ ਨਾ ਕੀਤੀ ਜਾਵੇ
 
–ਕੱਚੀ ਕਰਨਾ, ਮੁਹਾਵਰਾ : ੧. ਕੱਚਾ ਕਰਨਾ ਦਾ, ਇਸਤਰੀ ਲਿੰਗ : ੨. ਆਪਣੀ ਪੁੱਗੀ ਹੋਈ ਨਰਦ ਨੂੰ ਘਰੋਂ ਬਾਹਰ ਕੱਢ ਕੇ ਵਿਰੋਧੀ ਦੀ ਪੁੱਗਣ ਤੇ ਆਈ ਨਰਦ ਨੂੰ ਕੁੱਟਣਾ
 
–ਕੱਚੀ ਕਲੀ, ਇਸਤਰੀ ਲਿੰਗ : ੧. ਉਹ ਕਲੀ ਜਿਸ ਦੇ ਖਿੜਨ ਵਿੱਚ ਹਾਲੀ ਦੇਰ ਹੋਵੇ; ੨. ਛੋਟੀ ਆਯੂ ਦੀ ਕੁੜੀ ਜਿਸ ਨੂੰ ਮੁਟਿਆਰ ਨਹੀਂ ਕਿਹਾ ਜਾ ਸਕਦਾ 
 
–ਕੱਚੀ ਕਲੀ ਟੁੱਟਣ, ਮੁਹਾਵਰਾ : ਕਿਸੇ ਲੜਕੀ ਦੀ ਛੋਟੀ ਅਵਸਥਾ ਵਿੱਚ ਹੀ ਮਿਰਤੂ ਹੋ ਜਾਣਾ 
 
–ਕੱਚੀ ਕਲੀ ਕਚਨਾਰ ਦੀ ਤੋੜਿਆਂ ਮਨ ਪਛਤਾਏ,  ਅਖੌਤ : ਉਸ ਚੀਜ਼ ਨੂੰ ਲੈਣ ਦਾ ਕੋਈ ਲਾਭ ਨਹੀਂ ਜਿਹੜੀ ਕੰਮ ਜਾਂ ਵਰਤੋਂ ਵਿੱਚ ਨਾ ਆ ਸਕੇ 
 
–ਕੱਚੀ ਕਿ ਪੱਕੀ, ਇਸਤਰੀ ਲਿੰਗ : ੧. ਕੁੜੀਆਂ ਮੁੰਡਿਆਂ ਦੀ ਇੱਕ ਖੇਡ ਜਿਸ ਵਿੱਚ ਹੱਥ ਤੇ ਹੱਥ ਮਾਰ ਕੇ ਪੁਛਦੇ ਹਨ; ਤੇਰੀ ਯਾਰੀ ਕੱਚੀ ਕਿ ਪੱਕੀ; ੨. ਇੱਕ ਖੇਡ ਜਿਸ ਵਿੱਚ ਇੱਕ ਪਾਰਟੀ ਦੇ ਆੜੀ (ਹਾਣੀ) ਕਿਸੇ ਕੰਧ ਜਾਂ ਦਰਖਤ ਦੇ ਸਹਾਰੇ ਅੱਗੜ ਪਿੱਛੜ ਇੱਕ ਦੂਜੇ ਦੇ ਲੱਕ ਨੂੰ ਜੱਫੀ ਪਾ ਕੇ ਊਂਲੇ ਹੋ ਜਾਂਦੇ ਹਨ ਤੇ ਦੂਜੀ ਪਾਰਟੀ ਦੇ ਦੂਰੋਂ ਭਜ ਕੇ ਆ ਕੇ ਉਨ੍ਹਾਂ ਤੇ ਸਵਾਰ ਹੁੰਦੇ ਚਲੇ ਜਾਂਦੇ ਹਨ। ਉਤਲੈ ਪੁਛਦੇ ਹਨ ਕੱਚੀ ਕਿ ਪੱਕੀ ਹੇਠਲੇ ਜਵਾਬ ਵਿੱਚ ਕੱਚੀ ਕਹੀ ਜਾਂਦੇ ਹਨ ਜਦ ਤਕ ਉਹ ਬਹੁਤੇ ਹੀ ਔਖੇ ਨਹੀਂ ਹੋ ਜਾਂਦੇ ਜਾਂ ਉਤਲਿਆਂ ਵਿਚੋਂ ਕਿਸੇ ਦਾ ਪੈਰ ਜ਼ਮੀਨ ਤੇ ਨਾ ਲੱਗ ਜਾਏ। ਜੋ ਉਤਲਿਆਂ ਦਾ ਪੈਰ ਥੱਲੇ ਲੱਗ ਜਾਏ ਤਾਂ ਉਨ੍ਹਾਂ ਨੂੰ ਹੇਠਲਿਆਂ ਵਾਲੀ ਪੋਜ਼ੀਸ਼ਨ ਵਿੱਚ ਹੋਣਾ ਪੈਂਦਾ ਹੈ ਤੇ ਜੇ ਹੇਠਲੇ ਸਿਰਫ਼ ਔਖੇ ਹੋ ਕੇ ਪੱਕੀ ਕਹਿ ਦੇਣ ਤਾਂ ਉਤਲੇ ਫੇਰ ਦੁਬਾਰਾ ਪਹਿਲੇ ਵਾਂਙ ਹੀ ਸਵਾਰੀ ਕਰਦੇ ਹਨ 
 
–ਕੱਚੀ ਕੈਲ, ਇਸਤਰੀ ਲਿੰਗ : ੧. ਬੇਰੀ ਦੀ ਸਿੱਧੀ ਕੂਲੀ ਲਗਰ; ੨. ਨਿਆਣੀ ਉਮਰ ਦੀ ਕੁੜੀ ਜਾਂ ਮੁੰਡਾ 
 
–ਕੱਚੀ ਕੌਡੀ, ਇਸਤਰੀ ਲਿੰਗ : ਕਾਣੀ ਕੌਡੀ, ਉਹੀ ਕੌਡੀ ਜਿਸ ਦੀ ਪਿੱਠ ਵਾਲਾ ਪਾਸਾ ਫੱਟਿਆ ਹੁੰਦਾ ਹੈ ਤੇ ਜਿਸ ਦੀ ਕੀਮਤ ਬਤੌਰ ਸਿੱਕਾ ਕੁਛ ਨਹੀਂ ਸੀ ਹੁੰਦੀ, ਸਿਫ਼ਰ, ਕੁਛ ਨਾ ਹੋਣ ਦਾ ਭਾਵ, ਨਾ ਹੋਣ ਬਰਾਬਰ ਚੀਜ਼, ਜਿਸ ਚੀਜ਼ ਦਾ ਕੋਈ ਮੁੱਲ ਨਾ ਹੋਵੇ। ਜਦੋਂ ਕੌਡੀਆਂ ਨੂੰ ਸਿੱਕੇ ਵਜੋਂ ਵਰਤਿਆ ਜਾਂਦਾ ਸੀ ਉਢੋਂ ਇਸ ਫੁੱਟੀ ਕੌਡੀ ਨੂੰ ਸਿੱਕੇ ਦੇ ਤੌਰ ਤੇ ਬਿਲਕੁਲ ਨਿਕੰਮੀ ਤੇ ਬੇਅਰਥ ਸਮਝਿਆ ਜਾਂਦਾ ਸੀ
 
–ਕੱਚੀ ਗੱਲ, ਇਸਤਰੀ ਲਿੰਗ : ਜਿਹੜੀ ਗੱਲ ਨਿਸਚਿਤ ਨਾ ਹੋਵੇ, ਉਹ ਗੱਲ ਜਿਸ ਵਾਸਤੇ ਮਗਰੋਂ ਸ਼ਰਮਿੰਦਗੀ ਉਠਾਉਣੀ ਪਵੇ
 
–ਕੱਚੀ ਗਾਹਟੀ, ਇਸਤਰੀ ਲਿੰਗ : ਕੱਚੀ ਨਰਦ 
 
–ਕੱਚੀ ਗਾਟੀ, ਇਸਤਰੀ ਲਿੰਗ : ਕੱਚੀ ਨਰਦ 
 
–ਕੱਚੀ ਗੋਟ, ਕੱਚੀ ਗੋਟੀ,  ਇਸਤਰੀ ਲਿੰਗ : ਕੱਚੀ ਨਰਦ 
 
–ਕੱਚੀ ਗੋਲੀ, ਇਸਤਰੀ ਲਿੰਗ : ੧. ਮਿੱਟੀ ਦੀ ਗੋਲੀ, ੨. ਮਾਮੂਲੀ ਸ਼ੈ, ਉਹ ਆਦਮੀ ਜਿਸ ਨੂੰ ਦੁਸ਼ਮਣ ਸੌਖੇ ਹੀ ਮਾਰ ਲਵੇ
 
–ਕੱਚੀ ਘਾਣੀ, ਇਸਤਰੀ ਲਿੰਗ : ਕੋਹਲੂ ਦੀ ਉਹ ਘਾਣੀ ਜਿਸ ਵਿਚੋਂ ਤੇਲ ਕੱਢਣ ਲਈ ਬਾਹਰੋਂ ਗਰਮ ਕੀਤਾ ਹੋਇਆ ਤੇਲ ਨਾ ਪਾਇਆ ਜਾਵੇ; ੨. ਗਾਰਾ ਜਿਸ ਵਿੱਚ ਤੂੜੀ ਨਾ ਪਾਈ ਗਈ ਹੋਵੇ
 
–ਕੱਚੀ ਚਾਂਦੀ, ਇਸਤਰੀ ਲਿੰਗ : ਖਰੀ ਜਾਂ ਖਾਲਸ ਚਾਂਦੀ
 
–ਕੱਚੀ ਚੋਲੀ, ਇਸਤਰੀ ਲਿੰਗ : ਨਾਪਾਏਦਾਰ ਮਨੁੱਖਾਂ ਦੇਹ ਜਾਂ ਜਾਮਾ, ਬਿਨਸਨਹਾਰ ਦੇਹ; ‘ਕਾਮ ਕਰੋਧ ਦੀ ਕੱਚੀ ਚੋਲੀ’ (ਮਾਰੂ ਸੋਹਲੇ ਮਹਲਾ ੧)
 
–ਕੱਚੀ ਛੋਹਰ, (ਪੁਆਧੀ) / ਇਸਤਰੀ ਲਿੰਗ : ਨਿਆਣੀ ਉਮਰ ਦੀ ਕੁੜੀ, ਨਿੱਕੀ ਕੁੜੀ 
 
–ਕੱਚੀ ਟੁੱਟਣਾ, ਮੁਹਾਵਰਾ : ਛੋਟੀ ਉਮਰ ਵਿੱਚ ਕੁੜੀ ਦਾ ਸਤ ਭੰਗ ਹੋ ਜਾਣਾ, ਕੁਆਰ ਭੱਜਣਾ 
 
–ਕੱਚੀ ਦਲੀਲ, ਇਸਤਰੀ ਲਿੰਗ : ਦਲੀਲ ਜੋ ਮਾਕੂਲ ਨਾ ਹੋਵੇ, ਬੋਦੀ ਦਲੀਲ 
 
–ਕੱਚੀ ਧਾਤ, ਇਸਤਰੀ ਲਿੰਗ : ਖਾਣ ਤੋਂ ਨਿਕਲੀ ਹੋਈ ਧਾਤ ਜੋ ਅਜੇ ਸਾਫ਼ ਨਾ ਹੋਈ ਹੋਵੇ, ਖਾਮ ਪਦਾਰਥ
 
–ਕੱਚੀ ਨਕਲ, ਇਸਤਰੀ ਲਿੰਗ : ੧. ਕਿਸੇ ਕਾਗਜ਼ ਦਾ ਪਿਨਸਲ ਨਾਲ ਕੀਤਾ ਉਤਾਰਾ 
 
–ਕੱਚੀ ਨਰਦ, ਇਸਤਰੀ ਲਿੰਗ : ੧. ਚੌਪਟ ਦੀ ਖੇਡ ਵਿੱਚ ਜਦ ਤਕ ਦੂਜੇ ਦੀ ਨਰਦ ਨਾ ਮਾਰ ਲਈ ਜਾਏ ਤਾਈਂ ਆਪਣੀ ਉੱਠੀ ਹੋਈ ਨਰਦ; ੨. ਕੁੱਟੀ ਹੋਈ ਨਰਦ; ੩. ਉਹ ਨਰਦ ਜਿਹੜੀ ਚਲ ਚੁੱਕੀ ਹੋਵੇ ਪਰ ਪੱਕੇ ਘਰ ਨਾ ਪਹੁੰਚੀ ਹੋਵੇ
 
–ਕੱਚੀ ਨੀਂਦ,ਜਾਂ ਨੀਂਦਰ  ਇਸਤਰੀ ਲਿੰਗ : ਪਹਿਲੀ ਨੀਂਦ, ਸੌਣ ਦੇ ਝੱਟ ਮਗਰੋਂ ਦਾ ਸਮਾਂ, ਨੀਂਦ ਜੋ ਅਜੇ ਅੱਛੀ ਤਰ੍ਹਾਂ ਭਰ ਕੇ ਠਾ ਆਈ ਹੋਵੇ ਜਾਂ ਗੂੜ੍ਹੀ ਨਾ ਹੋਈ ਹੋਵੇ
 
–ਕੱਚੀ ਨੀਂਦੇ ਜਾਂ ਨੀਂਦਰੇ ਜਗਾਉਣਾ, ਮੁਹਾਵਰਾ : ਪੂਰੀ ਨੀਂਦ ਲੈਣ ਤੋਂ ਪਹਿਲਾਂ ਜਗ੍ਹਾ ਦੇਣਾ
 
–ਕੱਚੀ ਪਹਿਲੀ, ਇਸਤਰੀ ਲਿੰਗ : ਪਹਿਲੀ ਸ਼੍ਰੇਣੀ ਦਾ ਉਹ ਭਾਗ ਜਿਸ ਵਿੱਚ ਬੱਚਾ ਪੈਂਤੀ ਸਿਖਦਾ ਹੈ
 
–ਕੱਚੀ ਪੱਕੀ,  ਵਿਸ਼ੇਸ਼ਣ : ਬੇਠਿਕਾਣਾ, ਬੇਠੁੱਕੀ, ਜਿਸ ਦਾ ਨਿਸ਼ਚਾ ਨਹੀਂ, ਅੱਧੀ ਕੱਚੀ ਅੱਧੀ ਪੱਕੀ, ਬੇਉਮੈਦੀ ਵਾਲੀ 
 
–ਕੱਚੀ ਪਿਨਸਲ, ਇਸਤਰੀ ਲਿੰਗ : ਕਾਲੇ ਸਿੱਕੇ ਦੀ ਪਿਨਸਲ ਜੋ ਘਸਦੀ ਬਾਹਲਾ ਹੈ, ਪਿਨਸਲ ਜਿਸ ਦਾ ਸਿੱਕਾ ਬੜੀ ਛੇਤੀ ਟੁੱਟ ਜਾਂਦਾ ਹੈ। 
 
–ਕੱਚੀ ਪਿੱਲੀ, ਇਸਤਰੀ ਲਿੰਗ : ਜਿਹੜੀ ਠੀਕ ਪੱਕੀ ਹੋਈ ਨਾ ਹੋਵੇ, ਅੱਧ ਪੱਕੀ ਤੇ ਪੀਲੀ ਜੇਹੀ (ਇੱਟ)
 
–ਕੱਚੀ ਪੇਸ਼ੀ, ਇਸਤਰੀ ਲਿੰਗ : ਮੁਕੱਦਮੇ ਜਾਂ ਅਪੀਲ ਦੀ ਪਹਿਲੀ ਪੇਸ਼ੀ ਜਿਸ ਵਿੱਚ ਅਪੀਲ ਦੇ ਸੁਣੇ ਜਾਂ ਨਾ ਸੁਣੇ ਜਾਣ ਯੋਗ ਹੋਣ ਦਾ ਫੈਸਲਾ ਹੁੰਦਾ ਹੈ
 
–ਕੱਚੀ ਬਹਾਰ, ਇਸਤਰੀ ਲਿੰਗ : ਰੁੱਤ ਬਦਲੀ ਦੇ ਮੁਢਲੇ ਦਿਨ, ਕੱਚੀ ਰੁੱਤ, ਬਰਸਾਤ ਦੇ ਦਿਨ ਜਦੋਂ ਹਵਾ ਵਿੱਚ ਪਾਣੀ ਦਾ ਅੰਸ਼ ਕਾਫੀ ਵੱਧ ਗਿਆ ਹੁੰਦਾ ਹੈ
 
–ਕੱਚੀ ਬਹੀ, ਇਸਤਰੀ ਲਿੰਗ : ਦੁਕਾਨਦਾਰ ਦੀ ਉਹ ਵਹੀ ਜਿਸ ਵਿੱਚ ਕੱਚੀ ਹਿਸਾਬ ਦਰਜ ਹੋਵੇ, ਰੋਜ਼ਨਾਮਚਾ, ਸੂੜ੍ਹ
 
–ਕੱਚੀ ਬਾਣੀ, ਇਸਤਰੀ ਲਿੰਗ : ੧. ਨਿਸ਼ਚੇ ਗਿਆਨ ਤੋਂ ਬਿਨਾਂ ਕੀਤੀ ਹੋਈ ਵਾਕ ਰਚਨਾ; ੨. ਗੁਰਮਤ ਵਿੱਚ ਪਰਮਾਣੀਕ ਮੰਨੀ ਗਈ ਬਾਣੀ ਤੋਂ ਬਾਹ ਦੀ ਬਾਣੀ
 
–ਕੱਚੀ ਭਾਜੀ, ਇਸਤਰੀ ਲਿੰਗ : ਸੁੱਕੀ ਖੰਡ ਅਰ ਕੱਚੇ ਚੌਲ ਜੋ ਭਾਈਚਾਰੇ ਵਿੱਚ ਬਤੌਰ ਭਾਜੀ ਦੇ ਵੰਡੇ ਜਾਣ
 
–ਕੱਚੀ ਮੱਤ, ਇਸਤਰੀ ਲਿੰਗ : ਕੱਚੀ ਸਮਝ, ਅਨਿਸਚਤ ਗਿਆਨ, ਬਾਲਪੁਣੇ ਵਾਲੀ ਸੂਝ
 
–ਕੱਚੀ ਮਿਤੀ, ਇਸਤਰੀ ਲਿੰਗ : ਉਹ ਮਿਤੀ ਜਿਹੜੀ ਪੱਕੀ ਮਿਤੀ ਤੋਂ ਪਹਿਲਾਂ ਆਵੇ; ਲੈਣ ਦੇਣ ਅਥਵਾ ਹੁੰਡੀ ਦੇ ਤਾਰਨ ਦੇ ਦਿਨ ਤੋਂ ਪਹਿਲਾਂ ਦਾ ਸਮਾਂ; ੨. ਰੁਪਏ ਲੈਣ ਤੇ ਦੇਣ ਦੀ ਮਿਤੀ; ਇਨ੍ਹਾਂ ਦੋਹਾਂ ਦੇ ਵਿਚਕਾਰਲੇ ਸਮੇਂ ਦਾ ਸੂਦ ਨਹੀਂ ਪੈਂਦਾ
 
–ਕੱਚੀ ਮੌਸਮ, ਇਸਤਰੀ ਲਿੰਗ : ਕੱਚੀ ਰੁੱਤ, ਸੌਣ ਭਾਦੋਂ ਦਾ ਮੌਸਮ
 
–ਕੱਚੀ ਯਾਰੀ, ਇਸਤਰੀ ਲਿੰਗ : ਦੋਸਤੀ ਜੋ ਮੁਸ਼ਕਲ ਵਿੱਚ ਕਾਇਮ ਨਾ ਰਹੀ ਹੋਵੇ
 
–ਕੱਚੀ ਰਸਤ, ਕੱਚੀ ਰਸਦ, ਇਸਤਰੀ ਲਿੰਗ : ਰਸੋਈ ਦੀ ਸਮੱਗਰੀ ਜੋ ਬਗ਼ੈਰ ਰਿੰਨ੍ਹੇ ਪਕਾਏ ਦੇ ਦਿੱਤੀ ਜਾਏ
 
–ਕੱਚੀ ਰਸੀਦ, ਇਸਤਰੀ ਲਿੰਗ : ਬਿਨਾਂ ਟਿਕਟ ਲਾਏ ਦਿੱਤੀ ਰਸੀਦ, ਉਹ ਆਰਜ਼ੀ ਰਸੀਦ ਜੋ ਪੱਕੀ ਰਸੀਦ ਤੋਂ ਪਹਿਲਾਂ ਤੋਂ ਪਹਿਲਾਂ ਦਿੱਤੀ ਜਾਏ
 
–ਕੱਚੀ ਰਸੋਈ, ਇਸਤਰੀ ਲਿੰਗ : ਭੋਜਨ ਜੋ ਪਾਣੀ ਵਿੱਚ ਪਕਾਇਆ ਜਾਏ ਜਿਵੇਂ ਉਬਲੇ ਚੌਲ ਤੇ ਦਾਲ ਰੋਟੀ, ਖਾਣ ਦੀ ਚੀਜ਼ ਜੋ ਘਿਉ ਵਿੱਚ ਤਲੀ ਜਾਂ ਬਣਾਈ ਨਹੀਂ ਗਈ, ਉਹ ਰਸੋਈ ਜੋ ਬਾਜੇ ਹਿੰਦੂ ਚੌਂਕੇ ਤੋਂ ਬਾਹਰ ਨਹੀਂ ਖਾ ਸਕਦੇ
 
–ਕੱਚੀ ਰੰਗਾਈ, ਇਸਤਰੀ ਲਿੰਗ : ਕੱਚੇ ਰੰਗਾਂ ਦੀ ਰੰਗਾਈ, ਰੰਗਾਈ ਜੋ ਅੱਗ ਤੇ ਚੜ੍ਹਾਏ ਬਿਨਾਂ ਕੀਤੀ ਜਾਂਦੀ ਹੈ
 
–ਕੱਚੀ ਰੁੱਤ, ਇਸਤਰੀ ਲਿੰਗ : ਬਰਸਾਤ ਦੇ ਦਿਨ, ਕੱਚੀ ਬਹਾਰ, ਕਦੇ ਗਰਮੀ ਕਦੇ ਸਰਦੀ
 
–ਕੱਚੀ ਰੋਕੜ, ਇਸਤਰੀ ਲਿੰਗ : ਵਹੀ ਜਿਸ ਵਿੱਚ ਰੋਜ਼ ਦੀਆਂ ਆਈਆਂ ਗਈਆਂ ਰਕਮਾਂ ਦਰਜ ਹੁੰਦੀਆਂ ਹਨ
 
–ਕੱਚੀ ਰੋਟੀ,  ਇਸਤਰੀ ਲਿੰਗ : ੧. ਰੋਟੀ ਜੋ ਪੂਰੀ ਤਰ੍ਹਾਂ ਨਾ ਪੱਕੀ ਹੋਵੇ; ੨. ਵਿਆਹ ਵਿੱਚ ਮੱਠੀਆਂ ਤੋਂ ਬਿਨਾਂ ਜੋ ਘਿਉ ਖੰਡ ਚੌਲ ਅਤੇ ਕੜਾਹ ਦੀ ਰੋਟੀ ਦਿੱਤੀ ਜਾਂਦੀ ਹੈ; ੩. ਕੱਚੀ ਰਸਦ, ਕੱਚੀ ਰਸੋਈ
 
–ਕੱਚੀ ਲੱਸੀ,  ਇਸਤਰੀ ਲਿੰਗ : ਦੁੱਧ ਵਿੱਚ ਪਾਣੀ ਮਿਲਾ ਕੇ ਬਣਾਈ ਲੱਸੀ
 
–ਕੱਚੀਆਂ ਗੋਲੀਆਂ ਖੇਡਣਾ, ਮੁਹਾਵਰਾ : ਨਦਾਨ ਹੋਣਾ, ਨਾਤਜਰਬਾਕਾਰ ਹੋਣਾ 
 
–ਕੱਚੀਆਂ ਗੋਲੀਆਂ ਨਾ ਖੇਡਿਆ ਹੋਣਾ, ਮੁਹਾਵਰਾ : ਬਹੁਤ ਹੁਸ਼ਿਆਰ ਹੋਣਾ, ਕਿਸੇ ਦੇ ਦਾਉ-ਫਰੇਬ ਵਿੱਚ ਨਾ ਆਉਣ ਵਾਲੇ ਹੋਣਾ 
 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2246, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-13-03-48-02, ਹਵਾਲੇ/ਟਿੱਪਣੀਆਂ:

ਕੱਚੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੱਚੀ , ਵਿਸ਼ੇਸ਼ਣ : ‘ਕੱਚਾ’ ਦਾ ਇਸਤਰੀ ਲਿੰਗ : ਵੇਖੋ ਕੱਚਾ 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2298, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-13-03-59-36, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.