ਖੂਹ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੂਹ (ਨਾਂ,ਪੁ) ਧਰਤੀ ਦੀ ਡੂੰਘ ਵਿੱਚੋਂ ਪਾਣੀ ਕੱਢਣ ਲਈ ਪੱਕੀਆਂ ਇੱਟਾਂ ਦਾ ਗੋਲ ਮੈਹਲ ਉਸਾਰ ਕੇ ਬਣਾਇਆ ਪਾਣੀ ਦੇ ਤਲ ਤੱਕ ਦਾ ਡੂੰਘ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19541, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਖੂਹ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੂਹ [ਨਾਂਪੁ] ਧਰਤੀ ਵਿੱਚੋਂ ਪਾਣੀ ਕੱਢਣ ਲਈ ਪੁੱਟਿਆ ਹੋਇਆ ਡੂੰਘਾ ਟੋਇਆ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19533, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਖੂਹ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੂਹ ਸੰਗ੍ਯਾ—ਕੂਪ. ਖੂਹਾ “ਤੇ ਬਿਖਿਆ ਕੇ ਖੂਹ.” (ਸਾਰ ਮ: ੫) “ਅੰਤਰਿ ਖੂਹਟਾ ਅੰਮ੍ਰਿਤੁ ਭਰਿਆ.” (ਵਡ ਛੰਤ ਮ: ੩)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19329, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖੂਹ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੂਹ, (ਪ੍ਰਾਕ੍ਰਿਤ : कूब; ਪਾਲੀ \ ਸੰਸਕ੍ਰਿਤ : कूप; ਸਿੰਧੀ : ਖੁਹੁ; ਕਾਸ਼ਮੀਰੀ ਭਾਸ਼ਾ : ਖੁਹ) \ ਪੁਲਿੰਗ : ੧. ਧਰਤੀ ਵਿੱਚੋਂ ਪਾਣੀ ਕੱਢਣ ਲਈ ਡੂੰਘਾ ਪੁਟਿਆ ਹੋਇਆ ਟੋਇਆ; ੨. ਗੰਭੀਰ ਚਿਤ ਆਦਮੀ, ਜਿਸ ਆਦਮੀ ਦੀ ਸੂਝ ਅਤੇ ਸਿਆਣਪ ਦਾ ਕੋਈ ਥਾਹ ਨਾ ਹੋਵੇ (ਸਿਆਣਾ ਆਦਮੀ) (ਲਾਗੂ ਕਿਰਿਆ : ਉਸਾਰਨਾ, ਪਟਣਾ, ਪੁਟਣਾ, ਲਾਉਣਾ, ਲੁਆਉਣਾ)
(ਮਈਆ ਸਿੰਘ)
–ਖੂਹ ਉਤਾਰਨਾ, ਮੁਹਾਵਰਾ : ਖੂਹ ਦੇ ਮਹਿਲ ਨੂੰ ਹੌਲੇ ਹੌਲੇ ਕਹੀਆਂ ਨਾਲ ਮਿੱਟੀ ਪੁੱਟ ਕੇ ਥੱਲੇ ਲਾਹੁਣਾ
–ਖੂਹ ਖਾਤਾ, ਪੁਲਿੰਗ : ੧. ਡੂੰਘਾ ਖਾਤਾ; ੨. ਅਜੇਹੀ ਥਾਂ ਜਿੱਥੋਂ ਕੁਝ ਨਾ ਲੱਭੇ, ਰੁੜ੍ਹੀਆਂ ਹੋਈਆਂ ਰਕਮਾਂ ਦਰਜ ਕਰਨ ਵਾਲਾ ਖਾਤਾ, ਵੱਟਾ ਖਾਤਾ
–ਖੂਹ ਖਾਤੇ ਪੈਣਾ, ਮੁਹਾਵਰਾ : ੧. ਅਜਾਈਂ ਜਾਣਾ, ਨਿਸ਼ਫਲ ਹੋਣਾ ; ੨. ਰਕਮ ਦਾ ਡੁੱਬਣਾ, ਰਕਮ ਦਾ ਵਸੂਲੀ ਯੋਗ ਨਾ ਰਹਿਣਾ
–ਖੂਹ ਖੁਣਦੇ ਨੂੰ ਖਾਤਾ ਤਿਆਰ, ਅਖੌਤ : ਖੂਹ ਪੁੱਟਦੇ ਨੂੰ ਖਾਤਾ ਤਿਆਰ
–ਖੂਹ ਗੇੜਨਾ, ਕਿਰਿਆ ਸਮਾਸੀ : ਹਲਟ ਚਲਾਉਣਾ
–ਖੂਹ ‘ਚ ਛਾਲ ਮਾਰਨਾ, ਮੁਹਾਵਰਾ : ੧. ਬੇਬਸੀ ਪਰਗਟ ਕਰਨਾ ; ੨. ਖ਼ਤਰੇ ਵਾਲਾ ਕੰਮ ਕਰਨਾ, ਜਾਨ ਹੀਲਣਾ
–ਖੂਹ ਚਲਾਉਣਾ, ਕਿਰਿਆ ਸਮਾਸੀ : ਖੂਹ ਗੇੜਨਾ, ਖੂਹ ਵਿੱਚੋਂ ਪਾਣੀ ਕੱਢਣਾ
–ਖੂਹ ਛੱਡਣਾ, ਕਿਰਿਆ ਸਮਾਸੀ : ਖੂਹ ਵਿੱਚੋਂ ਪਾਣੀ ਕੱਢਣਾ ਬੰਦ ਕਰ ਦੇਣਾ, ਖੂਹ ਚਲਾਉਣਾ ਬੰਦ ਕਰ ਦੇਣਾ, ਖੂਹ ਨਾਲੋਂ ਜੋਗ ਖੋਲ੍ਹ ਦੇਣਾ
–ਖੂਹ ਜੁਗੜਨਾ, ਪੋਠੋਹਾਰੀ \ ਕਿਰਿਆ ਸਮਾਸੀ : ਖੂਹ ਜੋੜਨਾ
–ਖੂਹ ਜੋਣਾ,(ਜੋੜਨਾ), ਕਿਰਿਆ ਸਮਾਸੀ : ਹਲਟ ਨਾਲ ਬਲਦ ਜੋਤ ਕੇ ਪਾਣੀ ਕੱਢਣਾ, ਖੇਤ ਨੂੰ ਪਾਣੀ ਦੇਣ ਲਈ ਖੂਹ ਚਲਾਉਣਾ
–ਖੂਹ ਤੇ ਗਏ ਪਿਆਸੇ ਆਏ, ਅਖੌਤ : ਫ਼ਾਇਦੇ ਵਾਲੇ ਥਾਉਂ ਫ਼ਾਇਦਾ ਨਾ ਹੋਵੇ ਤਾਂ ਕਹਿੰਦੇ ਹਨ ਭਾਵ ਆਸ ਵਾਲੇ ਥਾਂ ਤੋਂ ਬੇਆਸ ਮੁੜਨਾ
–ਖੂਹ ਦਾ ਡੱਡੂ, ਪੁਲਿੰਗ : ਸੀਮਤ ਗਿਆਨ ਵਾਲਾ ਆਦਮੀ, ਥੋੜੇ ਜੇਹੇ ਮੰਡਲ ਵਿੱਚ ਵਿਚਰਨ ਕਰ ਕੇ ਤੰਗ ਨਜ਼ਰੀਏ ਵਾਲਾ ਆਦਮੀ
–ਖੂਹ ਦੀ ਆਵਾਜ਼, ਇਸਤਰੀ ਲਿੰਗ : ਗੁੰਬਦ ਦੀ ਆਵਾਜ਼
–ਖੂਹ ਦੀ ਮਿੱਟੀ ਖੂਹ ਨੂੰ ਲੱਗਣਾ, (ਲੱਗ ਜਾਣਾ), ਮੁਹਾਵਰਾ : ਖੂਹ ਦੀ ਮਿੱਟੀ ਖੂਹ ਵਿੱਚ ਲੱਗ ਜਾਣਾ, ਜਿੱਥੋਂ ਜਿੰਨੀ ਕਮਾਈ ਹੋਵੇ ਓਨੀ ਹੀ ਉੱਥੇ ਖ਼ਰਚ ਹੋ ਜਾਣਾ
–ਖੂਹ ਪਿਆ ਥਾਲ ਨਾ ਮਿਹਣਾ ਨਾ ਗਾਲ, ਅਖੌਤ : ਦੁੱਧ ਡੁਲ੍ਹਣ ਤੋਂ ਪਿੱਛੋਂ ਰੌਲੇ ਦਾ ਕੋਈ ਲਾਭ ਨਹੀਂ (ਭਾਈ ਮਈਆ ਸਿੰਘ)
–ਖੂਹ ਪਿਆ ਵਹਿੜਕਾ ਖੱਸੀ ਵੀ ਕਰ ਲਉ, ਅਖੌਤ :ਜਦੋਂ ਕਿਸੇ ਔਕੜ ਵਿੱਚ ਫਸੇ ਹੋਏ ਬੰਦੇ ਕੋਲੋਂ ਕੋਈ ਕੰਮ ਕੱਢਣਾ ਹੋਵੇ ਤਾਂ ਕਹਿੰਦੇ ਹਨ
–ਖੂਹ ਪੁਟਦੇ ਨੂੰ ਖਾਤਾ ਤਿਆਰ ਅਖੌਤ : ਜੋ ਦੂਜੇ ਦਾ ਬੁਰਾ ਸੋਚਦਾ ਹੈ ਉਸ ਦਾ ਆਪਣਾ ਵੀ ਬੁਰਾ ਹੁੰਦਾ ਹੈ
–ਖੂਹ ਪੈਣਾ, ਮੁਹਾਵਰਾ : ੧. ਡੁੱਬ ਮਰਨਾ; ੨. ਮੱਲੋ ਮੱਲੀ ਕਿਸੇ ਕੰਮ ਲਈ ਬੇਲੋੜੇ ਜਾਨ ਜੋਖੋਂ ਵਿੱਚ ਪਾਉਣਾ
–ਖੂਹ ਬੂਟੀ, ਇਸਤਰੀ ਲਿੰਗ : ਪਰ ਸ਼ੌਸ਼ਾਂ, ਹੰਸਰਾਜ
–ਖੂਹ (ਵਿੱਚ) ਲਹਿਣਾ, ਮੁਹਾਵਰਾ : ੧. ਡੂੰਘੀ ਚਿੰਤਾ ਵਿੱਚ ਪੈਣਾ; ੨. ਬਹੁਤ ਡੂੰਘਾ ਧਸ ਜਾਣਾ (ਅੱਖਾਂ)
–ਖੂਹ ਲਾਉਣਾ, ਕਿਰਿਆ ਸਮਾਸੀ : ਰਾਹ ਖਹਿੜੇ ਤੇ ਪੁੰਨ ਅਰਥੀ ਖੂਹ ਲਾਉਣਾ, ਸਦਾ ਵਾਸਤੇ ਲੋਕਾਂ ਦੇ ਕੰਮ ਆਉਣ ਵਾਲਾ ਕੋਈ ਪਰਬੰਧ ਕਰ ਦੇਣਾ
–ਖੂਹ ਲਾਹੁਣਾ, ਮੁਹਾਵਰਾ : ਖੂਹ ਉਤਾਰਨਾ
–ਖੂਹ ਲੁਆਉਣਾ, ਕਿਰਿਆ ਸਮਾਸੀ : ਆਮ ਚਲਦੇ ਰਸਤੇ ਤੇ ਜਾਂ ਹੋਰ ਕਿਤੇ ਲੋਕਾਂ ਦੇ ਪਾਣੀ ਪੀਣ ਨੂੰ ਪੁੰਨ ਅਰਥ ਖੂਹ ਬਣਵਾਉਣਾ
–ਖੂਹ ਵਗਣਾ, ਕਿਰਿਆ ਸਮਾਸੀ : ਖੂਹ ਦਾ ਚਲਣਾ
–ਖੂਹ ਵਿੱਚ ਸੁੱਟਣਾ, ਮੁਹਾਵਰਾ : ਜ਼ਾਇਆ ਕਰਨਾ, ਅਜਾਈਂ ਗੁਆਉਣਾ
–ਖੂਹ ਵਿੱਚ ਬੋਲਣਾ, ਮੁਹਾਵਰਾ : ਬਹੁਤ ਹੌਲੀ ਤੇ ਨੀਵੀਂ ਅਵਾਜ਼ ਵਿੱਚ ਬੋਲਣਾ, ਇੰਨੀ ਮੱਧਮ ਆਵਾਜ਼ ਵਿੱਚ ਬੋਲਣਾ ਕਿ ਮਸਾਂ ਹੀ ਸੁਣਿਆ ਜਾਵੇ
–ਖੂਹ ਵਿੱਚ ਲਹਿਣਾ, ਮੁਹਾਵਰਾ : ਬਹੁਤ ਡੂੰਘੇ ਚਲੇ ਜਾਣਾ, ਬਹੁਤ ਹੇਠਾਂ ਧੱਸ ਜਾਣਾ, ਬਹੁਤ ਚਿੰਤਾ ਵਿੱਚ ਹੋ ਜਾਣਾ
–ਖੂਹੋਂ ਕੱਢਣਾ, ਮੁਹਾਵਰਾ : ਜੋਗ ਨੂੰ ਖੂਹ ਤੇ ਜੋੜਨ ਲਈ ਸਿਧਾਉਣਾ ਜਾਂ ਸਿਖਾਉਣਾ
–ਅਕਲਾਂ ਬਾਝੌਂ ਖੂਹ ਖਾਲੀ, ਅਖੌਤ : ਬੇਅਕਲੀ ਨਾਲ ਕੀਤਾ ਖ਼ਰਚ ਭਰੇ ਖੂਹ ਵੀ ਖਾਲੀ ਕਰ ਦਿੰਦਾ ਹੈ
–ਅੱਗ ਲੱਗੀ ਤੇ ਖੂਹ ਪੁੱਟਣਾ, ਮੁਹਾਵਰਾ : ਐਨ ਲੋੜ ਵੇਲੇ ਦੌੜ ਭੱਜ ਕਰਨਾ
–ਅੰਨ੍ਹਾ ਖੂਹ, ਪੁਲਿੰਗ : ਉਹ ਖੂਹ ਜੋ ਬਹੁਤ ਡੂੰਘਾ ਹੋਵੇ ਤੇ ਚਲਦਾ ਨਾ ਹੋਵੇ, ਅਜੇਹਾ ਖੂਹ ਜਿਸ ਵਿੱਚ ਪਾਣੀ ਨਾ ਹੋਵੇ
–ਅੱਧੇ ਖੂਹ ਮਹੁਰਾ ਪਾਉਣਾ, ਮੁਹਾਵਰਾ :ਕਾਣੀ ਵੰਡ ਕਰਨਾ
–ਕੱਚਾ ਖੂਹ, ਪੁਲਿੰਗ : ਵਕਤੀ ਲੋੜ ਵਾਸਤੇ ਧਰਤੀ ਵਿੱਚੋਂ ਪਾਣੀ ਕੱਢਣ ਲਈ ਪੁਟਿਆ ਹੋਇਆ, ਜਿਸ ਦੇ ਅੰਦਰ ਪੱਕੀਆਂ ਇੱਟਾਂ ਦੀ ਚਿਣਾਈ ਨਹੀਂ ਕੀਤੀ ਹੁੰਦੀ
–ਖਾਰੇ ਖੂਹ ਕਦੇ ਮਿੱਠੇ ਨਾ ਹੁੰਦੇ, ਭਾਵੇਂ ਲੱਖ ਮਣਾਂ ਗੁੜ ਪਾਈਏ, ਅਖੌਤ : ਬੁਰੇ ਦੀ ਬੁਰਿਆਈ ਸੌ ਹੀਲੇ ਕਰਨ ਤੇ ਵੀ ਦੂਰ ਨਹੀਂ ਕੀਤੀ ਜਾ ਸਕਦੀ
–ਜਿੰਨ੍ਹਾਂ ਵਾਹੇ ਖੂਹ ਉਨ੍ਹਾਂ ਦੀ ਸੁਖ ਨਾ ਸੁੱਤੀ ਰੂਹ, ਅਖੌਤ : ਭਾਵ ਖੂਹ ਦੀ ਵਾਹੀ ਔਖੀ ਹੁੰਦੀ ਹੈ
–ਖਾਂਦਿਆਂ ਖੂਹ ਵੀ ਖੁੱਟ (ਨਿਖੁੱਟ) ਜਾਂਦੇ ਹਨ, ਅਖੌਤ : ਖ਼ਰਚਦਿਆਂ ਤਾਂ ਖਜ਼ਾਨੇ ਵੀ ਮੁੱਕ ਜਾਂਦੇ ਹਨ
–ਟਿਊਬੀ ਖੂਹ, (ਸਿਹਤ ਵਿਗਿਆਨ) \ ਪੁਲਿੰਗ: ਟਿਊਬਵੈਲ
–ਢਠੇ ਖੂਹ ਪੈਣਾ, ਮੁਹਾਵਰਾ : ੧. ਖੂਹ ਖਾਤੇ ਪੈਣਾ; ੨. ਦਫ਼ਾ ਹੋਣਾ
–ਤਿਹਾਇਆ (ਪਿਆਸਾ) ਖੂਹ ਕੋਲ ਜਾਂਦਾ ਹੈ ਖੂਹ ਤਿਹਾਏ (ਪਿਆਸੇ) ਕੋਲ ਨਹੀਂ ਆਉਂਦਾ, ਅਖੌਤ : ਜਿਸ ਸ਼ਖ਼ਸ ਨੂੰ ਜਿਸ ਦੇ ਗੋਚਰਾ ਮਤਲਬ ਹੋਵੇ ਉਹੀ ਉਹਦੇ ਕੋਲ ਜਾਂਦਾ ਹੈ, ਕਿਸੇ ਸ਼ੈ ਦਾ ਚਾਹਵਾਨ ਆਪ ਚਲ ਕੇ ਉਸ ਸ਼ੈ ਕੋਲ ਜਾਂਦਾ ਹੈ, ਉਹ ਸ਼ੈ ਉਸ ਕੋਲ ਚਲ ਕੇ ਨਹੀਂ ਆਉਂਦੀ
–ਦੁਵਿੱਢਾ ਖੂਹ, ਪੁਲਿੰਗ : ਅਜੇਹਾ ਖੂਹ ਜਿਸ ਤੇ ਦੋ ਹਲਟ ਚਲਦੇ ਹੋਣ
–ਨਵਾਂ ਖੂਹ ਪੁੱਟਣਾ, ਮੁਹਾਵਰਾ : ਆਮਦਨ ਦਾ ਨਵਾਂ ਸਾਧਨ ਢੂੰਡਣਾ
–ਪੂਰਨ ਦਾ ਖੂਹ, ਪੁਲਿੰਗ : ਸਿਆਲਕੋਟ ਤੋਂ ਚਾਰ ਮੀਲ ਪਰੇ ਉਹ ਖੂਹ ਜਿਸ ਵਿੱਚ ਪੂਰਨ ਭਗਤ ਨੂੰ ਸੁੱਟ ਦਿੱਤਾ ਗਿਆ ਸੀ। ਕਹਿੰਦੇ ਹਨ ਜਿਸ ਤੀਵੀਂ ਦੇ ਬੱਚਾ ਨਾ ਹੁੰਦਾ ਹੋਵੇ ਏਥੇ ਨ੍ਹਾਉਣ ਨਾਲ ਔਲਾਦ ਮਿਲ ਜਾਂਦੀ ਹੈ
–ਬੰਦਾ ਬੰਦੇ ਨੂੰ ਮਿਲ ਜਾਂਦਾ ਹੈ ਖੂਹ ਖੂਹਾਂ ਨੂੰ ਨਹੀਂ ਮਿਲਦੇ, ਅਖੌਤ : ਜੀਊਂਦੇ ਬੰਦੇ ਕਦੇ ਨਾ ਕਦੇ ਮਿਲ ਹੀ ਜਾਂਦੇ ਹਨ
–ਬੁੰਬਿਆਲਾ ਖੂਹ, (ਪਦਾਰਥ ਵਿਗਿਆਨ) / ਪੁਲਿੰਗ : ਪਾਣੀ ਪਤਣ ਤਕ ਜ਼ਮੀਨ ਨੂੰ ਬੋਰ ਕਰ ਕੇ ਖੋਦਿਆ ਹੋਇਆ ਖੂਹ ਜਿਸ ਵਿੱਚੋਂ ਪਾਣੀ ਆਪਣੇ ਅੰਦਰਲੇ ਦਬਾਉ ਕਰ ਕੇ ਆਪੇ ਹੀ ਬਾਹਰ ਨਿਕਲਦਾ ਹੈ
–ਬੋੜਾ ਖੂਹ, ਪੁਲਿੰਗ : ਬੱਚਿਆਂ ਦੀ ਇੱਕ ਖੇਡ ਜਿਸ ਵਿੱਚ ਦੋ ਦੋ ਗੀਟਿਆਂ ਨਾਲ ਦੋ ਬੱਚੇ ਖੇਡਦੇ ਹਨ
–ਵਗਦੇ ਖੂਹਾਂ ਦੇ ਪਾਣੀ ਮਿੱਠੇ ਹੁੰਦੇ ਹਨ, ਅਖੌਤ : ਵਰਤਣ ਨਾਲ ਚੀਜ਼ ਸਾਫ਼ ਤੇ ਠੀਕ ਰਹਿੰਦੀ ਹੈ
ਲੇਖਕ : ਭਾਸ਼ਾ ਵਿਭਾਗ,ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 156, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-02-11-10-29, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Kwj,
( 2024/06/18 02:5719)
Please Login First