ਖੇਮਕਰਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੇਮਕਰਨ. ਜਿਲਾ ਲਹੌਰ, ਤਸੀਲ ਥਾਣਾ ਕੁਸੂਰ ਦਾ ਇੱਕ ਕਸਬਾ , ਜਿਸ ਦੇ ਯੱਕਿਆਂ ਵਾਲੇ ਦਰਵਾਜੇ ਅੰਦਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਥੋੜਾ ਸਮਾਂ ਇੱਥੇ ਠਹਿਰੇ ਸਨ, ਤਿਸ ਸਮੇਂ ਦੀ ਯਾਦਗਾਰ ਵਿੱਚ ਛੋਟਾ ਜਿਹਾ ਗੁਰਦ੍ਵਾਰਾ ਬਣਿਆ ਹੋਇਆ ਹੈ, ਜਿਸ ਵਿੱਚ ਗੁਰੂ ਸਾਹਿਬ ਦੇ ਵੇਲੇ ਦਾ ਥੰਮ੍ਹ ਦੱਸਿਆ ਜਾਂਦਾ ਹੈ, ਜਿਸ ਦੀ “ਥੰਮ੍ਹ ਸਾਹਿਬ” ਸੰਗ੍ਯਾ ਹੈ. ਗੁਰਦ੍ਵਾਰੇ ਨੂੰ ਕੋਈ ਪੱਕੀ ਆਮਦਨ ਨਹੀਂ।

੨ ਖੇਮਕਰਨ ਤੋਂ ਦੱਖਣ ਵੱਲ ਗੁਰੂ ਤੇਗਬਹਾਦੁਰਪੁਰ ਸਾਹਿਬ ਦਾ ਗੁਰਦ੍ਵਾਰਾ “ਗੁਰੂਸਰ” ਹੈ. ਇਹ ਪਹਿਲਾਂ ਸਾਧਾਰਣ ਜਿਹਾ ਦਰਬਾਰ ਸੀ, ਹੁਣ ਸੰਮਤ ੧੯੬੦ ਤੋਂ ਲਾਲਾ ਕਾਸ਼ੀਰਾਮ ਰਈਸ ਫੀਰੋਜ਼ਪੁਰ ਨੇ ਦਰਬਾਰ ਅਤੇ ਰਹਾਇਸ਼ੀ ਮਕਾਨਾਂ ਦੀ ਸੇਵਾ ਕਰਾਈ ਹੈ.

ਮਹੰਤ ਨਿਰਮਲਾ ਸਿੰਘ ਹੈ. ਹਾੜ ਦੀ ਪੂਰਨਮਾਸੀ ਨੂੰ ਮੇਲਾ ਹੁੰਦਾ ਹੈ. ਇਹ ਅਸਥਾਨ ਰੇਲਵੇ ਸਟੇਸ਼ਨ ਖੇਮਕਰਨ ਤੋਂ ਦੱਖਣ ਪੂਰਵ ਦੋ ਫਰਲਾਂਗ ਦੇ ਕ਼ਰੀਬ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2399, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖੇਮਕਰਨ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਖੇਮਕਰਨ : ਇਹ ਅੰਮ੍ਰਿਤਸਰ ਜ਼ਿਲ੍ਹੇ ਦੀ ਪੱਟੀ ਤਹਿਸੀਲ ਦਾ ਇਕ ਕਸਬਾ ਹੈ ਜਿਹੜਾ ਅੰਮ੍ਰਿਤਸਰ ਤੋਂ ਰੇਲ ਦੁਆਰਾ 78 ਕਿ. ਮੀ. ਅਤੇ ਸੜਕ ਰਾਹੀਂ 65 ਕਿ. ਮੀ. (40 ਮੀਲ) ਦੀ ਦੂਰੀ ਤੇ ਹੈ। ਇਸ ਕਸਬੇ ਦੀ ਨੀਂਹ ਕੰਬੋਜ ਰਾਜਾ ਖੇਮਕਰਨ ਨੇ ਰੱਖੀ ਸੀ। ਇਸ ਕਸਬੇ ਦੇ ਦੁਆਲੇ ਦੀਵਾਰ ਸੀ ਅਤੇ ਦੀਵਾਰ ਵਿਚ ਅੱਠ ਦਰਵਾਜ਼ੇ ਸਨ।

ਵੰਡ ਤੋਂ ਪਹਿਲਾਂ ਖੇਮਕਰਨ ਲਾਹੌਰ ਜ਼ਿਲ੍ਹੇ ਵਿਚ ਪੈਂਦਾ ਸੀ ਪਰ ਰੈਡਕਲਿਫ਼ ਐਵਾਰਡ ਅਧੀਨ ਇਹ ਅੰਮ੍ਰਿਤਸਰ ਜ਼ਿਲ੍ਹੇ ਵਿਚ ਸ਼ਾਮਲ ਕਰ ਦਿੱਤਾ ਗਿਆ। ਸੰਨ 1965 ਦੇ ਭਾਰਤ-ਪਾਕਿ ਯੁੱਧ ਦੌਰਾਨ ਇਥੋਂ ਦੀਆਂ ਦੀਵਾਰਾਂ ਅਤੇ ਦਰਵਾਜ਼ੇ ਲਗਭਗ ਢਹਿ ਗਏ। ਇਸ ਉੱਪਰ ਲਗਭਗ 6 ਮਹੀਨੇ ਪਾਕਿਸਤਾਨੀ ਫ਼ੌਜਾਂ ਦਾ ਕਬਜ਼ਾ ਰਿਹਾ। ਜਨਵਰੀ, 1966 ਵਿਚ ਤਾਸ਼ਕੰਦ ਸਮਝੌਤਾ ਹੋ ਜਾਣ ਪਿੱਛੋਂ ਇਹ ਕਸਬਾ ਭਾਰਤ ਦੇ ਸਪੁਰਦ ਕੀਤਾ ਗਿਆ।

ਇਥੇ ਮਿਉਂਸਪਲ ਕਮੇਟੀ, ਦੋ ਸਰਕਾਰੀ ਹਾਈ ਸਕੂਲ, ਇਕ ਪਸ਼ੂਆਂ ਦਾ ਹਸਪਤਾਲ ਤੇ ਡਾਕ ਘਰ ਸਥਾਪਤ ਹਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1335, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-06-11-55-05, ਹਵਾਲੇ/ਟਿੱਪਣੀਆਂ: ਹ. ਪੁ. -ਡਿਸ. ਗਜ਼ -ਅੰਮ੍ਰਿਤਸਰ ; ਡਿ. ਸੈਂ. ਹੈਂ. ਬੁ. ਅੰਮ੍ਰਿਤਸਰ (1981)

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.