ਖੇਮ ਕਰਨ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੇਮ ਕਰਨ (31°-8`ਉ, 74°-3`ਪੂ): ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਵਿਚ ਇਕ ਛੋਟਾ ਜਿਹਾ ਸਰਹੱਦੀ ਕਸਬਾ ਜਿੱਥੇ ਗੁਰੂ ਅਮਰਦਾਸ ਅਤੇ ਗੁਰੂ ਤੇਗ਼ ਬਹਾਦਰ ਜੀ ਨੂੰ ਸਮਰਪਿਤ ਦੋ ਇਤਿਹਾਸਿਕ ਅਸਥਾਨ ਹਨ।

ਗੁਰਦੁਆਰਾ ਥੰਮ ਸਾਹਿਬ, ਕਸੂਰ ਗੇਟ ਕੋਲ ਗੁਰੂ ਅਮਰਦਾਸ (1479-1574) ਜੀ ਦੁਆਰਾ ਸਥਾਪਿਤ ਮੰਜੀ ਜਾਂ ਪ੍ਰਚਾਰ ਅਸਥਾਨ ਦੀ ਨਿਸ਼ਾਨਦੇਹੀ ਕਰਦਾ ਹੈ। ਭਾਈ ਖੇਡਾ ਨਾਂ ਦਾ ਇਕ ਬ੍ਰਾਹਮਣ , ਜਿਹੜਾ ਪਹਿਲਾਂ ਦੇਵੀ ਦੁਰਗਾ ਦਾ ਉਪਾਸਕ ਸੀ ਅਤੇ ਜਿਹੜਾ ਗੁਰੂ ਅਮਰਦਾਸ ਜੀ ਦੇ ਹੱਥੀਂ ਸਿੱਖੀ ਵਿਚ ਪ੍ਰਵੇਸ਼ ਕਰ ਗਿਆ ਸੀ, ਉੱਥੇ ਮੰਜੀਦਾਰ ਹੋਇਆ ਕਰਦਾ ਸੀ। ਗੁਰੂ ਜੀ ਨੇ ਭਾਈ ਖੇਡਾ ਨੂੰ ਲੱਕੜੀ ਦਾ ਇਕ ਥੰਮ ਦਿੱਤਾ ਜੋ ਪਵਿੱਤਰ ਯਾਦਗਾਰ ਦੇ ਤੌਰ ‘ਤੇ ਸਾਂਭਿਆ ਹੋਇਆ ਹੈ। ਇਸੇ ਕਰਕੇ ਇਸ ਪਵਿੱਤਰ ਅਸਥਾਨ ਨੂੰ ਇਹ ਨਾਂ (ਥੰਮ ਸਾਹਿਬ) ਦਿੱਤਾ ਗਿਆ ਹੈ। ਪੁਰਾਤਨ ਗੁਰਦੁਆਰਾ ਅਤੇ ਪਵਿੱਤਰ ਥੰਮ 1965 ਦੀ ਭਾਰਤ-ਪਾਕਿਸਤਾਨ ਜੰਗ ਸਮੇਂ ਨਸ਼ਟ ਹੋ ਗਏ ਸਨ। ਚਪਟੀ ਛੱਤ ਵਾਲੀ ਮੌਜੂਦਾ ਇਮਾਰਤ 1966 ਵਿਚ ਸਥਾਨਿਕ ਸੰਗਤ ਦੁਆਰਾ ਤਿਆਰ ਕੀਤੀ ਗਈ ਸੀ। ਗੁਰੂ ਅਮਰਦਾਸ ਜੀ ਦੀ ਚਰਨ-ਛੁਹ ਪ੍ਰਾਪਤ ਗੋਇੰਦਵਾਲ ਨਗਰ ਤੋਂ ਲਿਆ ਕੇ ਇਕ ਹੋਰ ਥੰਮ ਨੂੰ ਪੁਰਾਤਨ ਯਾਦਗਾਰ ਦੀ ਥਾਂ ਰੱਖਿਆ ਗਿਆ ਹੈ। ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਇਕ ਪੁਰਾਤਨ ਖੂਹ ਭਾਈ ਖੇਡਾ ਜੀ ਦੇ ਸਮੇਂ ਦਾ ਬਣਿਆ ਮੰਨਿਆ ਜਾਂਦਾ ਹੈ। ਗੁਰਦੁਆਰੇ ਦੀ ਸਾਂਭ-ਸੰਭਾਲ ਸਥਾਨਿਕ ਸੰਗਤ ਦੁਆਰਾ ਕੀਤੀ ਜਾਂਦੀ ਹੈ। ਅਗਸਤ-ਸਤੰਬਰ ਵਿਚ ਆਉਂਦੀ ਗੁਰੂ ਅਮਰਦਾਸ ਜੀ ਦੀ ਸਲਾਨਾ ਬਰਸੀ ਮੌਕੇ ਇੱਥੇ ਵਿਸ਼ੇਸ਼ ਦੀਵਾਨ ਲਾਏ ਜਾਂਦੇ ਹਨ।

ਗੁਰਦੁਆਰਾ ਗੁਰੂਸਰ ਸਾਹਿਬ, ਖੇਮ ਕਰਨ ਕਸਬੇ ਦੇ 400 ਮੀਟਰ ਦੱਖਣ ਵੱਲ , ਉਸ ਅਸਥਾਨ ਦੀ ਯਾਦ ਦਿਵਾਉਂਦਾ ਹੈ ਜਿੱਥੇ ਗੁਰੂ ਤੇਗ਼ ਬਹਾਦਰ ਜੀ (1621-75) ਇਸ ਕਸਬੇ ਦੀ ਯਾਤਰਾ ਸਮੇਂ ਠਹਿਰੇ ਸਨ। ਪੁਰਾਤਨ ਗੁਰਦੁਆਰੇ ਦਾ ਪੁਨਰ-ਨਿਰਮਾਣ ਫ਼ਿਰੋਜ਼ਪੁਰ ਦੇ ਇਕ ਅਮੀਰ ਸਮਾਜ-ਸੇਵਕ ਲਾਲਾ ਕਾਂਸ਼ੀ ਰਾਮ ਨੇ 1903 ਵਿਚ ਕਰਵਾਇਆ ਸੀ। ਇਹ ਇਮਾਰਤ ਵੀ ਪਾਕਿਸਤਾਨ ਨਾਲ 1965 ਦੇ ਯੁੱਧ ਸਮੇਂ ਨਸ਼ਟ ਹੋ ਗਈ ਸੀ। ਅਜੋਕੀ ਇਮਾਰਤ 1966-67 ਦੌਰਾਨ ਤਿਆਰ ਕੀਤੀ ਗਈ ਹੈ ਜਿਸ ਵਿਚ ਇਕ ਛੋਟਾ ਹਾਲ ਅਤੇ ਨਾਲ ਜੁੜਵਾਂ ਗੁੰਬਦਨੁਮਾ ਪ੍ਰਕਾਸ਼ ਅਸਥਾਨ ਸ਼ਾਮਲ ਹੈ। ਗੁਰਦੁਆਰੇ ਦੀ ਸਾਂਭ-ਸੰਭਾਲ ਸਥਾਨਿਕ ਸੰਗਤ ਦੁਆਰਾ ਕੀਤੀ ਜਾਂਦੀ ਹੈ। ਹਰ ਪੂਰਨਮਾਸੀ ਅਤੇ ਸਿੱਖ ਕੈਲੰਡਰ ਅਨੁਸਾਰ ਹਰ ਪ੍ਰਮੁਖ ਗੁਰਪੁਰਬ ਮੌਕੇ ਵਿਸ਼ੇਸ਼ ਦੀਵਾਨ ਸਜਾਇਆ ਜਾਂਦਾ ਹੈ।


ਲੇਖਕ : ਗ.ਨ.ਸ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2273, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਖੇਮ ਕਰਨ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਖੇਮ ਕਰਨ : ਖੇਮ ਕਰਨ ਭਾਰਤ ਵਿਚ ਪੰਜਾਬ ਰਾਜ ਦੇ ਜ਼ਿਲ੍ਹਾਂ ਅੰਮ੍ਰਿਤਸਰ ਵਿਚ ਪੱਟੀ ਤਹਿਸੀਲ ਦਾ ਇਕ ਕਸਬਾ ਹੈ ਜੋ ਅੰਮ੍ਰਿਤਸਰ ਤੋਂ ਲਗਭਗ 80 ਕਿ. ਮੀ. ਦੂਰ ਭਾਰਤ-ਪਾਕ ਸਰਹੱਦ ਤੋਂ ਤਿੰਨ ਕਿ. ਮੀ. ਦੇ ਅੰਦਰ ਵਾਕਿਆ ਹੈ। ਇਹ ਰੇਲਵੇ-ਮਾਰਗ ਦੀ ਅੰਮ੍ਰਿਤਸਰ-ਖੇਮ ਕਰਨ ਬ੍ਰਾਂਚ ਦੇ ਸਿਰੇ ਦਾ ਸਟੇਸ਼ਨ ਹੈ ਅਤੇ ਅੰਮ੍ਰਿਤਸਰ, ਪੱਟੀ ਅਤੇ ਤਰਨਤਾਰਨ ਨਾਲ ਪੱਕੀਆਂ ਸੜਕਾਂ ਰਾਹੀਂ ਜੁੜਿਆ ਹੋਇਆ ਹੈ। ਇਹ ਕਸਬਾ ਰਾਏ ਬਹਾਦਰ ਬਿਧੀ ਚੰਦ ਦੇ ਪੁੱਤਰ ਰਾਏ ਖੇਮ ਕਰਨ ਨੇ ਸਥਾਪਿਤ ਕੀਤਾ ਸੀ ਜਿਸ ਦੇ ਨਾਂ ਤੇ ਇਸ ਦਾ ਨਾਂ ਪਿਆ ਹੈ। ਕਸਬੇ ਦੁਆਲੇ ਇਕ ਪ੍ਰਾਚੀਨ ਦੀਵਾਰ ਹੈ ਜਿਸ ਦੇ ਅੱਠ ਦਰਵਾਜ਼ੇ ਹਨ।

ਕਸਬੇ ਵਿਚ ਤਿੰਨ ਮੁੱਖ ਗੁਰਦਵਾਰੇ – ਗੁਰਦਵਾਰਾ ਥੰਮ੍ਹ ਸਾਹਿਬ, ਗੁਰਦਵਾਰਾ ਗੁਰੂਸਰ ਅਤੇ ਗੁਰਦਵਾਰਾ ਚੈਨ ਸਾਹਿਬ ਹਨ। ਇਥੇ ਦੋ ਬੋਲੀਆਂ ਹਨ। ਇਕ ਬੋਲੀ ਉੱਤੇ ਮਿਉਂਸਪਲ ਕਮੇਟੀ ਨੇ ਬਿਜਲੀ ਦੀ ਮੋਟਰ ਲਗਾ ਕੇ ਕਸਬੇ ਨੂੰ ਪਾਣੀ ਦੇਣ ਦਾ ਪ੍ਰਬੰਧ ਕੀਤਾ ਹੋਇਆ ਹੈ। ਇਥੋਂ ਦਾ ਤਲਾਅ ਅਤੇ ਮੰਦਰ ਦੱਤਾ ਰਾਮ ਵੇਖਣਯੋਗ ਹਨ।

1947 ਦੇ ਬਟਵਾਰੇ ਤੋਂ ਪਹਿਲਾਂ ਇਥੋਂ ਦੇ ਮੁਸਲਮਾਨ ਉਜੜਕੇ ਪਾਕਿਸਤਾਨ ਚਲੇ ਗਏ ਪਾਕਿਸਤਾਨ ਤੋਂ ਉਜੜਕੇ ਆਏ ਲੋਕ ਇਥੇ ਆ ਵਸੇ ਸਨ। ਸਰਹੱਦ ਦੇ ਬਿਲਕੁਲ ਨਜ਼ਦੀਕ ਹੋਣ ਕਾਰਨ ਇਥੇ ਕਿਸੇ ਕਿਸਮ ਦੀ ਸਨਅਤ ਉੱਨਤ ਨਹੀਂ ਹੋਈ। ਇੰਡੋ-ਪਾਕ ਲੜਾਈਆਂ ਵਿਚ ਇਹ ਕਸਬਾ ਲੜਾਈ ਦੀ ਲਪੇਟ ਵਿਚ ਆਉਂਦਾ ਰਿਹਾ ਇਹੀ ਕਾਰਨ ਹੈ ਕਿ ਇਹ ਕਸਬਾ ਵਿਕਸਤ ਨਹੀਂ ਹੋ ਸਕਿਆ।

ਖਾਦੀ ਗ੍ਰਾਮ ਉਦਯੋਗ ਬੋਰਡ, ਪੰਜਾਬ ਨੇ ਇਸ ਕਸਬੇ ਵਿਚ ਕੰਬਲ ਬਣਾਉਣ ਦਾ ਇਕ ਸੈਂਟਰ ਖੋਲ੍ਹਿਆ ਹੋਇਆ ਹੈ। ਪਾਣੀਪਤ ਤੋਂ ਉੱਨ ਆਉਂਦੀ ਹੈ ਅਤੇ ਕੰਬਲ ਬੁਣਨ ਉਪਰੰਤ ਵੇਚਣ ਲਈ ਮੁੜ ਪਾਣੀਪਤ ਨੂੰ ਭੇਜ ਦਿੱਤੇ ਜਾਂਦੇ ਹਨ।

ਇਥੇ ਲੜਕਿਆਂ ਲਈ ਸਰਕਾਰੀ ਹਾਈ ਸਕੂਲ ਅਤੇ ਲੜਕੀਆਂ ਲਈ ਸਰਕਾਰੀ ਮਿਡਲ ਸਕੂਲ ਹੈ।

ਆਬਾਦੀ–8763

31º 9' ਉ. ਵਿਥ.; 74º 34' ਪੂ. ਲੰਬ.

ਹ. ਪੁ. –ਪੰਜਾਬ ਡਿਸਟ੍ਰਿਕਟ ਸੈਂਸਜ਼ ਹੈਂਡ ਬੁਕ, ਅੰਮ੍ਰਿਤਸਰ ਡਿਸਟ੍ਰਿਕਟ (1961)


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1379, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.