ਖੱਟਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੱਟਾ (ਨਾਂ,ਪੁ) 1 ਖੱਟੇ ਰਸ ਵਾਲਾ ਨਿੰਬੂ ਸ਼੍ਰੇਣੀ ਦਾ ਇੱਕ ਫ਼ਲ 2 ਖੱਟੀ ਲੱਸੀ 3 ਪੀਲਾ ਰੰਗ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6572, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਖੱਟਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੱਟਾ 1 [ਨਾਂਪੁ] ਨਿੰਬੂ ਜਾਤੀ ਦਾ ਇੱਕ ਫਲ਼; ਬੇਹਾ ਦਹੀਂ [ਵਿਸ਼ੇ] ਖੱਟੇ ਸੁਆਦ ਵਾਲ਼ਾ 2 [ਵਿਸ਼ੇ] ਪੀਲ਼ੇ ਰੰਗ ਦਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6562, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਖੱਟਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੱਟਾ. ਵਿ—ਤੁਰਸ਼. ਅਮੑਲ । ੨ ਸੰਗ੍ਯਾ—ਇੱਕ ਨੇਂਬੂ ਦੀ ਕਿਸਮ ਦਾ ਬੂਟਾ ਅਤੇ ਉਸ ਦਾ ਫਲ, ਜੋ ਖੱਟੇ ਰਸ ਦਾ ਹੁੰਦਾ ਹੈ. Sour lime. ਇਸ ਦੀ ਬਾੜ ਬਹੁਤ ਸੁੰਦਰ ਹੁੰਦੀ ਹੈ. ਇਸ ਦਾ ਰਸ ਆਲੂ ਗਾਗਟੀ ਅਤੇ ਅਚਾਰ ਆਦਿ ਵਿੱਚ ਵਰਤੀਦਾ ਹੈ. ਇਸ ਉੱਤੇ ਸੰਗਤਰੇ ਮਾਲਟੇ ਆਦਿ ਦਾ ਪਿਉਂਦ ਕੀਤਾ ਜਾਂਦਾ ਹੈ. L. Citrus acida. “ਮੁੰਡ ਪਰਯੋ ਜਨੁ ਡਾਰ ਤੇ ਖੱਟਾ.” (ਕ੍ਰਿਸ਼ਨਾਵ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6476, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖੱਟਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ
ਖੱਟਾ : ਇਹ ਨਿੰਬੂ ਪਰਿਵਾਰ ਦਾ ਇਕ ਫਲਦਾਰ ਰੁੱਖ ਹੈ ਜਿਸ ਦਾ ਵਿਗਿਆਨਕ ਨਾਂ ਸਿਟਰਸ ਔਰੈਂਸ਼ੀਅਮ ਹੈ। ਇਸ ਦਾ ਅੰਗਰੇਜ਼ੀ ਵਿਚ ਸਾਅਰ-ਬਿਟਰ ਬਿਗੈਰੇਡ ਜਾਂ ਸੈਵਿਲ ਆਰੇਂਜ ਵੀ ਕਿਹਾ ਜਾਂਦਾ ਹੈ। ਇਸ ਦਾ ਮੂਲ-ਸਥਾਨ ਦੱਖਣ ਪੂਰਬੀ ਏਸ਼ੀਆ ਹੈ। ਇਹ ਅਰਬਾਂ ਦੁਆਰਾ ਸਪੇਨ ਵਿਚ ਲਿਆਂਦਾ ਗਿਆ ਅਤੇ ਮਾਲਟੇ ਤੋਂ ਕਈ ਹਜ਼ਾਰ ਸਾਲ ਪਹਿਲਾਂ ਇਹ ਉੱਥੇ ਕਾਸ਼ਤ ਕੀਤਾ ਜਾਂਦਾ ਰਿਹਾ ਸੀ। ਰੁੱਖ ਦੀ ਉਚਾਈ 6 ਤੋਂ 9 ਮੀ. ਤੱਕ ਹੁੰਦੀ ਹੈ। ਇਸ ਦੀਆਂ ਸ਼ਾਖ਼ਾਵਾਂ ਉੱਪਰ ਤਿੱਖੇ ਤਿੱਖੇ ਕੰਡੇ ਹੁੰਦੇ ਹਨ। ਇਸ ਦੇ ਫੁੱਲ ਬਹੁਤ ਜ਼ਿਆਦਾ ਖੁਸ਼ਬੂਦਾਰ ਹੁੰਦੇ ਹਨ ਅਤੇ ਸ਼ਿੰਗਾਰ-ਸਮੱਗਰੀ ਵਿਚ ਵਰਤੇ ਜਾਂਦੇ ਨੀਰੋਲੀ ਦੇ ਤੇਲ ਦਾ ਸੋਮਾ ਹਨ। ਇਸ ਦੇ ਫਲ ਗੋਲ, ਸੰਤਰੀ-ਲਾਲ ਰੰਗ ਦੇ ਹੁੰਦੇ ਹਨ ਅਤੇ ਇਨ੍ਹਾਂ ਵਿਚਲਾ ਗੁੱਦਾ ਤੇਜ਼ਾਬੀ ਹੁੰਦਾ ਹੈ।
ਸੰਯੁਕਤ ਰਾਜ ਅਮਰੀਕਾ ਵਿਚ ਖੱਟਾ, ਸਜਾਵਟੀ ਪੌਦੇ ਦੇ ਤੌਰ ਤੇ ਲਗਾਇਆ ਜਾਂਦਾ ਹੈ ਅਤੇ ਗ੍ਰਾਫਟਿੰਗ ਵਿਚ ਇਸ ਦਾ ਸਟਾਕ ਵਰਤਿਆ ਜਾਂਦਾ ਹੈ। ਸਪੇਨ ਵਿਚ ਵੀ ਖੱਟਾ ਬਹੁਤ ਜ਼ਿਆਦਾ ਉਗਾਇਆ ਜਾਂਦਾ ਹੈ ਅਤੇ ਇਸ ਫਲ ਤੋਂ ਚਟਨੀ, ਮੁਰੱਬਾ ਆਦਿ ਬਣਾਏ ਜਾਂਦੇ ਹਨ। ਇਸਦੇ ਛਿਲਕੇ ਤੋਂ ਪ੍ਰਾਪਤ ਤੇਲ, ਸ਼ਿੰਗਾਰ, ਸਮੱਗਰੀ, ਖੁਸ਼ਬੂ ਅਤੇ ਦਵਾਈਆਂ ਆਦਿ ਵਿਚ ਵਰਤਿਆ ਜਾਂਦਾ ਹੈ। ਭਾਰਤ ਵਿਚ ਖੱਟੇ ਦੀ ਵਰਤੋਂ ਬਾਗ਼ਾਂ ਦੀਆਂ ਵਾੜਾਂ ਕਰਨ ਅਤੇ ਨਿੰਬੂ ਪਰਿਵਾਰ ਦੇ ਕਈ ਹੋਰ ਬੂਟੇ ਪਿਉਂਦ ਕਰਨ ਲਈ ਕੀਤੀ ਜਾਂਦੀ ਹੈ।
ਹ. ਪੁ.– ਇ. ਬ੍ਰਾ. 409; ਐਨ. ਬ੍ਰਿ. 16 : 1021; ਮ. ਕੋ. 386.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4882, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-03, ਹਵਾਲੇ/ਟਿੱਪਣੀਆਂ: no
ਖੱਟਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੱਟਾ, (ਪ੍ਰਾਕ੍ਰਿਤ : खट्ट; ਸੰਸਕ੍ਰਿਤ : खट्ट=ਖੱਟਾ) \ ਪੁਲਿੰਗ : ੧. ਸੰਗਤਰੇ ਵਰਗਾ ਇੱਕ ਫਲ, ਨਿੰਬੂ ਦੀ ਕਿਸਮ ਦਾ ਇੱਕ ਬੂਟਾ ਅਤੇ ਉਸ ਦਾ ਫਲ ਜਿਸ ਦਾ ਰਸ ਖੱਟਾ ਹੁੰਦਾ ਹੈ ; ੨. ਖਟਿਆਈ, ਤੁਰਸ਼ੀ, ਖੱਟੀ ਚੀਜ਼ ; ੩. ਖੱਟੀ ਲੱਸੀ, ਜਾਗ, ਜਾਮਣ, ਮੱਠਾ ; ੪. ਪੀਲਾ ਰੰਗ ; ਵਿਸ਼ੇਸ਼ਣ : ੧. ਤੁਰਸ਼, ਤੇਜ਼ਾਬੀ ; ੨. ਪੀਲਾ, ਖੱਟੇ ਰੰਗ ਦਾ
–ਖਟਾਈ, ਇਸਤਰੀ ਲਿੰਗ : ਖਟਾਸ, ਖੱਟੀ ਚੀਜ਼, (ਇਮਲੀ, ਅੰਬਚੂਰ ਆਦਿ) ਤੁਰਸ਼ੀ
–ਖਟਾਸ, ਇਸਤਰੀ ਲਿੰਗ : ਖੱਟਾ ਸੁਆਦ, ਖਟਿਆਈ, ਖਟਾਈ, ਤੁਰਸ਼ੀ
–ਖੱਟਾ ਖੱਟਾ ਥੂਹ ਮਿੱਠਾ ਮਿੱਠਾ ਹੱਪ, ਅਖੌਤ : ਜਦੋਂ ਕਿਸੇ ਚੀਜ਼ ਦਾ ਚੰਗਾ ਹਿੱਸਾ ਤਾਂ ਰੱਖ ਲਿਆ ਜਾਵੇ ਪਰ ਭੈੜਾ ਹਿੱਸਾ ਛੱਡ ਦਿੱਤਾ ਜਾਵੇ ਤਾਂ ਕਹਿੰਦੇ ਹਨ
–ਖੱਟਾ ਖਾਵੇ ਮਿੱਠੇ ਨੂੰ, ਅਖੌਤ : ਜਦ ਦੱਸਣਾ ਹੋਵੇ ਕਿ ਕੌੜਾ ਬੋਲ ਪਹਿਲੇ ਮਿੱਠੇ ਨੂੰ ਭੁਲਾ ਦੇਂਦਾ ਹੈ ਤਾਂ ਕਹਿੰਦੇ ਹਨ
–ਖੱਟਾ ਚੁਹੜ, (ਪੋਠੋਹਾਰੀ) / ਵਿਸ਼ੇਸ਼ਣ : ਖੱਟਾ ਚੁਹਟ
–ਖੱਟਾ ਚੋਹਟ, ਵਿਸ਼ੇਸ਼ਣ : ਖੱਟਾ ਟੀਟ
–ਖੱਟਾ ਚੋਟ, ਵਿਸ਼ੇਸ਼ਣ : ਖੱਟਾ ਚੁਹਟ
–ਖੱਟਾ ਟੀਟ, ਵਿਸ਼ੇਸ਼ਣ : ਬਹੁਤ ਖੱਟਾ
–ਖੱਟ ਟਰੀਟ,(ਪੋਠੋਹਾਰੀ) / ਵਿਸ਼ੇਸ਼ਣ : ਖੱਟਾ ਟੀਟ
–ਖੱਟਾ ਤੁਰਸ਼, ਵਿਸ਼ੇਸ਼ਣ : ਅਤੀ ਖੱਟਾ
–ਖੱਟਾ ਪਾਣੀ, ਪੁਲਿੰਗ : ਅੱਥਰੂ, ਅੱਖਾਂ ਚੋਂ ਵਗਣ ਵਾਲਾ ਨੀਰ ਹੰਝੂ
–ਖੱਟਾ ਪਾਣੀ ਕੱਢਣਾ, (ਪੁਆਧੀ) / ਮੁਹਾਵਰਾ : ਰੋਣਾ
–ਖੱਟਾ ਪੀਲਾ, ਵਿਸ਼ੇਸ਼ਣ : ਪੀਲੇ ਰੰਗ ਦਾ ; ਪੁਲਿੰਗ : ਸ਼ੋਖ਼ ਪੀਲਾ ਰੰਗ
–ਖੱਟਾ ਮਿੱਠਾ, ਵਿਸ਼ੇਸ਼ਣ / ਪੁਲਿੰਗ : ੧. ਖੱਟ–ਮਿੱਠਾ ; ੨. ਉਹ ਸੁਆਦ ਜਿਸ ਵਿੱਚ ਖੱਟਾ ਅਤੇ ਮਿੱਠਾ ਦੋਵੇਂ ਰਸ ਹੋਣ
–ਖੱਟਾ ਮਿੱਠਾ ਚੱਖਣਾ, ਮੁਹਾਵਰਾ : ਹਰ ਕਿਸਮ ਦਾ ਤਜ਼ਰਬਾ ਕਰਨਾ ਜ਼ਮਾਨੇ ਦਾ ਉਤਾਰ ਚੜ੍ਹਾ ਸਹਿਣਾ
–ਖੱਟੀ ਲੱਸੀ, ਇਸਤਰੀ ਲਿੰਗ : ਬੇਹੀ ਲੱਸੀ, ਦਹੀਂ ਦੀ ਲੱਸੀ
–ਖੱਟੇ ਚ ਪਾਉਣਾ, ਮੁਹਾਵਰਾ : ਖੱਟੇ ਪਾਉਣਾ
–ਖੱਟੇ ਦਿਲ ਜੋ ਭਲਾ ਕਮਾਵੇ ਉਹ ਹਸਾਨ ਵੀ ਬਿਰਥਾ ਜਾਵੇ, ਅਖੌਤ : ਜਦ ਦੱਸਣਾ ਹੋਵੇ ਕਿ ਬੁਰੀ ਨੀਤ ਨਾਲ ਕੀਤਾ ਕੰਮ ਬੇਅਰਥ ਜਾਂਦਾ ਹੈ ਤਾਂ ਕਹਿੰਦੇ ਹਨ
–ਖੱਟੇ ਪਾਉਣਾ (ਪਾਣਾ), ਮੁਹਾਵਰਾ : (ਮਾਮਲਾ) ਖਟਾਈ ਵਿੱਚ ਪਾ ਛੱਡਣਾ, (ਕਿਸੇ ਮਾਮਲੇ ਨੂੰ) ਲਮਕਾ ਛੱਡਣਾ, ਲੰਮੇ ਗੇੜ ਵਿੱਚ ਪਾਉਣਾ, (ਕਿਸੇ ਕੰਮ ਨੂੰ) ਛੇਤੀ ਛੇਤੀ ਨਾ ਮੁਕਾਉਣਾ
–ਖੱਟੇ ਪਾਵਣਾ, ਲਹਿੰਦੀ / ਮੁਹਾਵਰਾ : ਖੱਟੇ ਪਾਉਣਾ
–ਖੱਟੇ ਪੈਣਾ, ਮੁਹਾਵਰਾ : (ਕਿਸੇ ਮਾਮਲੇ ਦਾ) ਲੰਮੇ ਗੇੜ ਵਿੱਚ ਪੈ ਜਾਣਾ, ਖਟਾਈ ਵਿਚ ਪੈ ਜਾਣਾ, (ਕਿਸੇ ਗੱਲ ਵਿੱਚ) ਢਿੱਲ ਹੋ ਜਾਣਾ, (ਮਾਮਲੇ ਦਾ) ਲਮਕ ਜਾਣਾ
–ਜੀ ਖੱਟਾ ਹੋਣਾ, ਮੁਹਾਵਰਾ : ਤਬੀਅਤ ਖੱਟੀ ਹੋਣਾ, ਦਿਲ ਖੱਟਾ ਹੋਣਾ, ਮਨ ਖੱਟਾ ਹੋਣਾ, ਮੁਹਾਵਰਾ : ਤੰਗ ਹੋ ਜਾਣਾ ਦਿਲ ਬੇਜ਼ਾਰ ਹੋਣਾ, ਅੱਕ ਜਾਣਾ
–ਜੀਭੋਂ ਹੇਠ ਲੱਥਾ ਜੇਹਾ ਖੱਟਾ ਤੇਹਾ ਮਿੱਠਾ, ਅਖੌਤ : ਕਿਸੇ ਵੀ ਚੀਜ਼ ਦਾ ਸੁਆਦ ਜੀਭ ਤੋਂ ਹੇਠਾਂ ਜਾਣ ਤੋਂ ਪਹਿਲਾਂ ਹੀ ਭਾਸਦਾ ਹੈ, ਜਦ ਇਹ ਦਸਣਾ ਹੋਵੇ ਕਿ ਜੀਭ ਤੋਂ ਚੀਜ਼ ਲੰਘੀ ਤਾਂ ਕੋਈ ਸਵਾਦ ਨਹੀਂ ਚਾਹੇ ਉਹ ਖੱਟੀ ਹੋਵੇ ਚਾਹੇ ਮਿਠੀ ਤਾਂ ਕਹਿੰਦੇ ਹਨ
–ਦੰਦ ਖੱਟੇ ਕਰਨਾ, ਮੁਹਾਵਰਾ : ਭਾਂਜ ਦੇਣਾ, ਹਰਾ ਦੇਣਾ, ਬਹੁਤ ਬੁਰੀ ਤਰ੍ਹਾਂ ਪਛਾੜਨਾ
ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 109, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-06-12-48-26, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First