ਗੁਲਾਬ ਸਿੰਘ ਡੋਗਰਾ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਗੁਲਾਬ ਸਿੰਘ ਡੋਗਰਾ (1792-1857 ਈ.): ਮੀਆਂ ਕਿਸ਼ੋਰਾ ਸਿੰਘ ਡੋਗਰਾ ਦੇ ਘਰ 17 ਅਕਤੂਬਰ 1792 ਈ. (ਇਕ ਹੋਰ ਸਰੋਤ ਅਨੁਸਾਰ 1788 ਈ.) ਨੂੰ ਜੰਮੂ ਤੋਂ 15 ਕਿ.ਮੀ. ਦੂਰ ਇਸਮਾਈਲਪੁਰ ਡਿਉਲੀ ਨਾਂ ਦੇ ਪਿੰਡ ਵਿਚ ਪੈਦਾ ਹੋਇਆ ਗੁਲਾਬ ਸਿੰਘ , ਲਾਹੌਰ ਦਰਬਾਰ ਦੇ ਪ੍ਰਧਾਨ ਮੰਤਰੀ ਰਾਜਾ ਧਿਆਨ ਸਿੰਘ ਦਾ ਵੱਡਾ ਭਰਾ ਸੀ। ਸੰਨ 1809 ਈ. ਵਿਚ ਇਹ ਲਾਹੌਰ ਦਰਬਾਰ ਦੀ ਸੈਨਾ ਵਿਚ ਭਰਤੀ ਹੋਇਆ ਅਤੇ ਜਲਦੀ ਹੀ ਮਹਾਰਾਜੇ ਦਾ ਮਨਜ਼ੂਰੇ ਨਜ਼ਰ ਹੋ ਗਿਆ। ਸੰਨ 1820 ਈ. ਵਿਚ ਇਸ ਦੇ ਪਿਤਾ ਕਿਸ਼ੋਰਾ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਜੰਮੂ ਦਾ ਪ੍ਰਬੰਧਕ ਥਾਪਿਆ। ਕਿਸ਼ੋਰਾ ਸਿੰਘ ਦੀ ਮ੍ਰਿਤੂ ਤੋਂ ਬਾਦ 16 ਜੂਨ 1822 ਈ. ਨੂੰ ਮਹਾਰਾਜਾ ਨੇ ਗੁਲਾਬ ਸਿੰਘ ਨੂੰ ਜੰਮੂ ਦਾ ਪ੍ਰਸ਼ਾਸਕ ਬਣਾਇਆ। ਇਸ ਨੇ ਬਹੁਤ ਸਾਰੀਆਂ ਪਹਾੜੀ ਰਿਆਸਤਾਂ ਨੂੰ ਅਧੀਨ ਕੀਤਾ ਅਤੇ ਕਸ਼ਮੀਰ ਵਲ ਲਾਹੌਰ ਦਰਬਾਰ ਦੁਆਰਾ ਸਾਰੀਆਂ ਮੁਹਿੰਮਾਂ ਵਿਚ ਖ਼ੂਬ ਹਿੱਸਾ ਲਿਆ ਅਤੇ ਮਹਾਰਾਜੇ ਪਾਸੋਂ ਵਧ ਤੋਂ ਵਧ ਜਾਗੀਰਾਂ ਅਤੇ ਇਨਾਮ- ਸਨਮਾਨ ਪ੍ਰਾਪਤ ਕੀਤੇ। ਇਸ ਨੇ ਜੇਹਲਮ ਅਤੇ ਚਨਾਬ ਦਰਿਆਵਾਂ ਵਿਚਾਲੇ ਵੀ ਆਪਣੀ ਜਾਗੀਰ ਬਣਾਈ ਅਤੇ ਲੂਣ ਦੀਆਂ ਖਾਣਾਂ ਪੱਟੇ ’ਤੇ ਲਈਆਂ। ਇਹ ਆਪਣੇ ਸਮੇਂ ਦਾ ਸਭ ਤੋਂ ਅਧਿਕ ਮਾਲਦਾਰ ਸਮਝਿਆ ਜਾਂਦਾ ਸੀ।
ਮਹਾਰਾਜਾ ਰਣਜੀਤ ਸਿੰਘ ਦੀ ਮ੍ਰਿਤੂ ਤੋਂ ਬਾਦ ਇਹ ਸਰਕਸ਼ ਹੁੰਦਾ ਗਿਆ। ਮਹਾਰਾਜਾ ਖੜਕ ਸਿੰਘ ਦੇ ਦੇਹਾਂਤ ਤੋਂ ਬਾਦ ਇਹ ਮਹਾਰਾਣੀ ਚੰਦ ਕੌਰ ਦੀਆਂ ਜਾਗੀਰਾਂ ਦਾ ਨਿਗਰਾਨ ਨਿਯੁਕਤ ਹੋਇਆ ਅਤੇ ਉਸ ਦੇ ਸਾਰੇ ਗਹਿਣੇ ਅਤੇ ਕੀਮਤੀ ਚੀਜ਼ਾਂ ਨੂੰ ਧੋਖੇ ਨਾਲ ਜੰਮੂ ਲੈ ਗਿਆ। ਲਾਹੌਰ ਦਰਬਾਰ ਪ੍ਰਤਿ ਕੀਤੀਆਂ ਸਾਜ਼ਿਸ਼ਾਂ ਕਾਰਣ ਸਿੱਖ ਫ਼ੌਜ ਨਾਰਾਜ਼ ਹੋ ਗਈ ਅਤੇ ਸੰਨ 1845 ਈ. ਵਿਚ ਇਸ ਨੂੰ ਜੰਮੂ ਤੋਂ ਪਕੜ ਕੇ ਲਾਹੌਰ ਲੈ ਆਈ। 68 ਲੱਖ ਰੁਪਏ ਦਾ ਤਾਵਾਨ ਦੇਣ ਦੀ ਸੂਰਤ ਵਿਚ ਇਸ ਨੂੰ ਮੁਕਤ ਕੀਤਾ ਗਿਆ। ਪਰ ਇਸ ਨੇ ਅੰਗ੍ਰੇਜ਼ਾਂ ਨਾਲ ਗੁਪਤ ਸੰਬੰਧ ਬਣਾਈ ਰਖੇ ਅਤੇ ਅੰਗ੍ਰੇਜ਼ਾਂ ਅਤੇ ਸਿੱਖਾਂ ਦੀ ਪਹਿਲੀ ਲੜਾਈ ਵੇਲੇ ਬਹੁਤ ਮਹੱਤਵਪੂਰਣ ਗੁਪਤ ਸੂਚਨਾਵਾਂ ਉਨ੍ਹਾਂ ਨੂੰ ਪਹੁੰਚਾਉਂਦਾ ਰਿਹਾ। ਇਸ ਮਦਦ ਦੇ ਇਵਜ਼ਾਨੇ ਬਦਲੇ 16 ਮਾਰਚ 1846 ਈ. ਨੂੰ ਹੋਏ ਅਹਿਦਨਾਮੇ ਅਧੀਨ ਇਸ ਨੂੰ 75 ਲੱਖ ਰੁਪਏ ਬਦਲੇ ਜੰਮੂ-ਕਸ਼ਮੀਰ ਦਾ ਇਲਾਕਾ ਬਖ਼ਸ਼ ਦਿੱਤਾ ਗਿਆ। ਇਸ ਉਪਰੰਤ ਗੁਲਾਬ ਸਿੰਘ ਕਸ਼ਮੀਰ ਦਾ ਅਧਿਕਾਰ ਸੰਭਾਲਣ ਗਿਆ। ਪਰ ਰਾਜਾ ਲਾਲ ਸਿੰਘ ਨੇ ਕਸ਼ਮੀਰ ਦੇ ਸੂਬੇਦਾਰ ਸ਼ੇਖ ਨਿਜ਼ਾਮੁੱਦੀਨ ਨੂੰ ਚਿੱਠੀ ਲਿਖੀ ਕਿ ਕਸ਼ਮੀਰ ਦਾ ਕਬਜ਼ਾ ਰਾਜਾ ਗੁਲਾਬ ਸਿੰਘ ਨੂੰ ਨ ਦਿੱਤਾ ਜਾਵੇ। ਫਲਸਰੂਪ ਕਬਜ਼ਾ ਨ ਦਿੱਤਾ ਗਿਆ। ਮੇਜਰ ਲਾਰੰਸ ਅਫਟੈਟ ਐਡਵਰਡ ਸਰਦਾਰ ਤੇਜ ਸਿੰਘ ਦੀ ਫ਼ੌਜ ਲੈ ਕੇ ਕਸ਼ਮੀਰ ਪਹੁੰਚਿਆ। ਸ਼ੇਖ ਨਿਜ਼ਾਮੁੱਦੀਨ ਨੇ ਲਾਲ ਸਿੰਘ ਦੀ ਗੁਲਾਬ ਸਿੰਘ ਦੇ ਵਿਰੁੱਧ ਲਿਖੀ ਚਿੱਠੀ ਵਿਖਾ ਦਿੱਤੀ। 7 ਅਕਤੂਬਰ 1846 ਈ. ਨੂੰ ਜੰਮੂ ਅਤੇ ਕਸ਼ਮੀਰ ਦਾ ਇਲਾਕਾ ਗੁਲਾਬ ਸਿੰਘ ਦੇ ਅਧੀਨ ਹੋ ਗਿਆ। 30 ਜੂਨ 1857 ਈ. ਨੂੰ ਇਸ ਦਾ ਜੰਮੂ ਵਿਚ ਦੇਹਾਂਤ ਹੋਇਆ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2747, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਗੁਲਾਬ ਸਿੰਘ ਡੋਗਰਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ
ਗੁਲਾਬ ਸਿੰਘ (ਡੋਗਰਾ) : ਸਿੱਖ ਰਾਜ ਵੇਲੇ ਦੇ ਗ਼ਦਾਰ ਡੋਗਰਾ ਭਰਾਵਾਂ ਵਿਚੋਂ ਇਹ ਸਭ ਤੋਂ ਵੱਡਾ ਭਰਾ ਸੀ ਜਿਹੜਾ ਸਿੱਖਾਂ ਦੀ ਚੜ੍ਹਦੀ ਕਲਾ ਸਮੇਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੁਲਾਜ਼ਮਤ ਵਿਚ ਆਇਆ ਸੀ ਅਤੇ ਆਪਣੇ ਛੋਟੇ ਭਰਾਵਾਂ ਧਿਆਨ ਸਿੰਘ ਅਤੇ ਸੁਚੇਤ ਸਿੰਘ ਵਾਂਗ ਮਹਾਰਾਜਾ ਸਾਹਿਬ ਦਾ ਵਿਸ਼ੇਸ਼ ਕਿਰਪਾ ਪਾਤਰ ਬਣਿਆ ਸੀ। ਮਹਾਰਾਜਾ ਸਾਹਿਬ ਦੇ ਜਿਉਂਦਿਆਂ ਹੀ ਇਸ ਨੇ ਆਪਣੇ ਭਰਾਵਾਂ ਨਾਲ ਰਲ ਕੇ ਲਾਹੌਰ ਦਰਬਾਰ ਨੂੰ ਦੋ ਧੜਿਆਂ ਵਿਚ ਵੰਡੀ ਰੱਖਿਆ ਅਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਮਹਾਰਾਜਾ ਖੜਕ ਸਿੰਘ ਤੋਂ ਲੈ ਕੇ ਸਭਰਾਵਾਂ ਦੀ ਲੜਾਈ ਤੱਕ ਸ਼ਾਹੀ ਖ਼ਾਨਦਾਨ ਦੇ ਕਤਲ ਕਰਵਾਏ ਅਤੇ ਨਿੱਜੀ ਸਆਰਥ ਲਈ ਲੜਾਈਆਂ ਵਿਚ ਗ਼ਦਾਰੀ ਭਰਿਆ ਰੋਲ ਅਦਾ ਕਰਕੇ ਜਿੱਤਾਂ ਨੂੰ ਹਾਰ ਵਿਚ ਬਦਲ ਕੇ ਸਿੱਖ ਰਾਜ ਦੀ ਸਦਾ ਲਈ ਬੇੜੀ ਡੋਬ ਦਿੱਤੀ।
ਇਸ ਦਾ ਜਨਮ ਲਗਭਗ 1788 ਈ. ਵਿਚ ਜੰਮੂ ਤੋਂ 15 ਕਿ. ਮੀ. ਦੂਰ ਇਸਮਾਈਲਪੁਰ ਡਿਉਲੀ ਨਾਂ ਦੇ ਪਿੰਡ ਵਿਚ ਕੇਸਰੀ ਡੋਗਰੇ (ਗਿਆਨ ਸਿੰਘ ਗਿਆਨੀ ਅਨੁਸਾਰ ਕਿਸ਼ੋਰ ਸਿੰਹ, ਮੇਜਰ ਜੀ. ਕਾਰਮਾਈਕਲ ਸਮਿਥ ਅਨੁਸਾਰ ਕਸੂਰ ਜਾਂ ਕਸੂਰਾ ਸਿੰਘ) ਦੇ ਘਰ ਹੋਇਆ। ਸੰਨ 1806 ਦੇ ਨੇੜੇ-ਤੇੜੇ ਮਹਾਰਾਜਾ ਰਣਜੀਤ ਸਿੰਘ ਰਾਜ-ਗੱਦੀ ਤੇ ਬੈਠੇ। ਇਸੇ ਵੇਲੇ ਹੀ ਉਨ੍ਹਾਂ ਨੇ ਆਪਣੇ ਰਾਜ ਦਾ ਵਿਸਤਾਰ ਕਰਨਾ ਸ਼ੁਰੂ ਕਰ ਦਿੱਤਾ। ਮਹਾਰਾਜਾ ਸਾਹਿਬ ਨੇ ਜੰਮੂ ਤੇ ਕਬਜ਼ਾ ਕਰਨ ਲਈ ਆਪਣਾ ਰਸਾਲਾ ਭੇਜਿਆ ਪਰ ਜੰਮੂ ਵਾਲਿਆਂ ਇਸ ਰਸਾਲੇ ਨੂੰ ਲਾਲਚ ਦੇ ਕੇ ਪਿਛਾਂਹ ਮੋੜ ਦਿੱਤਾ। ਸੰਨ 1807 ਵਿਚ ਮਹਾਰਾਜਾ ਸਾਹਿਬ ਦੇ ਹੁਕਮ ਤੇ ਮਿਸਰ ਦੀਵਾਨ ਚੰਦ ਦੀ ਅਗਵਾਈ ਹੇਠ ਸਿੱਖਾਂ ਨੇ ਜੰਮੂ ਤੇ ਫਿਰ ਹੱਲਾ ਬੋਲਿਆ। ਸਿੱਖ ਘੋੜਸਵਾਰਾਂ ਦੀ ਗੁਲਾਬ ਸਿੰਘ ਅਤੇ ਉਸ ਦੇ ਹਾਣੀ ਰਾਜਪੂਤ ਲੜਕਿਆਂ ਨਾਲ ਹੱਥੋ-ਪਾਈ ਦੀ ਲੜਾਈ ਹੋਈ। ਗੁਲਾਬ ਸਿੰਘ ਨੇ ਇਸ ਮੌਕੇ ਤੇ ਬਹੁਤ ਜੌਹਰ ਵਿਖਾਏ ਜਿਸ ਤੇ ਮਿਸਰ ਦੀਵਾਨ ਚੰਦ ਬਹੁਤ ਪ੍ਰਭਾਵਿਤ ਹੋਇਆ। ਲਾਹੌਰ ਪਰਤਣ ਤੇ ਮਿਸਰ ਦੀਵਾਨ ਚੰਦ ਨੇ ਗੁਲਾਬ ਸਿੰਘ ਦੀ ਮਹਾਰਾਜਾ ਕੋਲ ਬਹੁਤ ਵਡਿਆਈ ਕੀਤੀ।
ਸੰਨ 1809 ਵਿਚ ਜੰਮੂ ਦੇ ਰਾਜਾ ਜੈ ਸਿੰਘ ਦੀ ਮੌਤ ਉਪਰੰਤ ਮਹਾਰਾਜਾ ਰਣਜੀਤ ਸਿੰਘ ਨੇ ਇਸ ਇਲਾਕੇ ਉਤੇ ਕਬਜ਼ਾ ਕਰ ਲਿਆ।
ਸੰਨ 1811 ਵਿਚ ਇਹ ਧਿਆਨ ਸਿੰਘ ਨੂੰ ਨਾਲ ਲੈ ਕੇ ਲਾਹੌਰ ਪਹੁੰਚਿਆ ਅਤੇ 1812 ਵਿਚ ਘੋੜ-ਸਵਾਰ ਵਜੋਂ ਭਰਤੀ ਹੋਇਆ। ਸੰਨ 1812-1814 ਵਿਚ ਇਸ ਦੇ ਕਹਿਣ ਤੇ ਜਮਾਂਦਾਰ ਖੁਸ਼ਹਾਲ ਸਿੰਘ ਕੋਲੋਂ ਮਹਾਰਾਜਾ ਰਣਜੀਤ ਸਿੰਘ ਨੇ ਜੰਮੂ ਜ਼ਿਲ੍ਹੇ ਦਾ ਚਾਰਜ ਖੋਹ ਲਿਆ ਸੀ ਅਤੇ ਮਹਾਰਾਜਾ ਸਾਹਿਬ ਨੇ ਇਸ ਨੂੰ ਜੰਮੂ ਤੇ ਭੀਬਰ ਦੇ ਨੇੜੇ ਲਗਭਗ 40,000 ਰੁਪਏ ਦੀ ਸਾਲਾਨਾ ਜਾਗੀਰ ਦਿੱਤੀ ਸੀ। ਇਸੇ ਸਮੇਂ ਹੀ ਇਸ ਨੇ ਜੰਮੂ ਦੇ ਇਲਾਕੇ ਵਿਚ ਸਿੱਖਾਂ ਨੂੰ ਕਤਲ ਕਰਨ ਵਾਲੇ ਦੀਦੂ ਨਾਂ ਦੇ ਬਦਮਾਸ਼ ਦਾ ਸਿਰ ਵੱਢ ਕੇ ਮਹਾਰਾਜਾ ਸਾਹਿਬ ਦੇ ਅੱਗੇ ਪੇਸ਼ ਕੀਤਾ ਅਤੇ ਮਹਾਰਾਜਾ ਸਾਹਿਬ ਤੋਂ ਬਹੁਤ ਵੱਡੀ ਜਾਗੀਰ ਅਤੇ ਇਨਾਮ ਪ੍ਰਾਪਤ ਕੀਤੇ।
ਇਸ ਤੋਂ ਪਿਛੋਂ ਇਸਨੇ 1817 ਵਿਚ ਕਿਸਤੋਵੜ ਦੇ ਨੇੜੇ ਅਤੇ ਜੰਮੂ ਦੇ ਉੱਤਰ ਵੱਲ ਕੁਸ ਨਾਂ ਦਾ ਇਲਾਕਾ ਜਿੱਤਿਆ ਅਤੇ ਸੰਨ 1818 ਵਿਚ ਦੂਜੇ ਦੋਹਾਂ ਭਰਾਵਾਂ ਦੇ ਨਾਲ ਹੀ ‘ਰਾਜੇ’ ਦੀ ਉਪਾਧੀ ਪ੍ਰਾਪਤ ਕੀਤੀ। ਉਸ ਨੂੰ ਜੰਮੂ ਦਾ ਰਾਜਾ ਬਣਾਇਆ ਗਿਆ ਅਤੇ ਨਾਲ ਹੀ ਤਿੰਨ ਲੱਖ ਰੁਪਏ ਦੇ ਸਾਲਾਨਾ ਮੁੱਲ ਵਾਲੇ ਇਲਾਕੇ ਦਿੱਤੇ ਗਏ।
ਮਹਾਰਾਜਾ ਸਾਹਿਬ ਅਤੇ ਲਾਹੌਰ ਦਰਬਾਰ ਤੋਂ ਇਜਾਜ਼ਤ ਲੈ ਕੇ ਇਹ ਜੰਮੂ ਵੱਲ ਨੂੰ ਮੁੜਿਆ ਅਤੇ ਆਪਣੇ ਵੱਡੇ-ਵਡੇਰਿਆਂ ਦੀ ਥਾਂ ਤੇ ਇਕ ਆਜ਼ਾਦ ਸ਼ਹਿਜ਼ਾਦੇ ਵਾਂਗ ਜਾ ਬੈਠਾ ਸੀ। ਇਸ ਦੀ ਜ਼ਿੰਮੇਵਾਰੀ ਥੋੜ੍ਹੇ ਜਿਹੇ ਘੋੜ-ਸਵਾਰਾਂ ਅਤੇ ਪੈਦਲ ਫ਼ੌਜ ਨੂੰ ਸੰਭਾਲਣ ਤੱਕ ਹੀ ਰੱਖੀ ਗਈ।
ਮਹਾਰਾਜਾ ਰਣਜੀਤ ਸਿੰਘ ਦੀ ਮੌਤ (27 ਜੂਨ, 1839) ਉਪਰੰਤ ਲਾਹੌਰ ਦਰਬਾਰ ਉਤੇ ਡੋਗਰਾ-ਧੜਾ ਹੀ ਹਾਵੀ ਰਿਹਾ। ਗੁਲਾਬ ਸਿੰਘ ਨੇ ਆਪਣੀ ਜੰਮੂ ਵਾਲੀ ਜਾਗੀਰ ਨੂੰ ਲਗਭਗ ਇਕ ਆਜ਼ਾਦ ਰਾਜ ਦਾ ਰੂਪ ਦੇ ਦਿੱਤਾ ਸੀ। ਮਹਾਰਾਜਾ ਖੜਕ ਸਿੰਘ ਨੇ ਰਾਜਾ ਧਿਆਨ ਸਿੰਘ ਅਤੇ ਚੇਤ ਸਿੰਘ ਬਾਜਵੇ ਦੀ ਮਦਦ ਨਾਲ ਰਾਜ ਚਲਾਉਣਾ ਸ਼ੁਰੂ ਕੀਤਾ। ਗੁਲਾਬ ਸਿੰਘ ਨੇ ਲਾਹੌਰ ਦਰਬਾਰ ਦੇ ਖ਼ਰਚੇ ਤੇ ਆਪਣਾ ਇਲਾਕਾ ਵਧਾਉਣਾ ਸ਼ੁਰੂ ਕਰ ਦਿੱਤਾ। ਚੇਤ ਸਿੰਘ ਬਾਜਵਾ ਡੋਗਰਿਆਂ ਪ੍ਰਤਿ ਸਖ਼ਤੀ ਵਾਲਾ ਸਲੂਕ ਕਰਨ ਲੱਗਾ ਅਤੇ ਧਿਆਨ ਸਿੰਘ ਅਤੇ ਉਸ ਦੇ ਪੁੱਤਰ ਹੀਰਾ ਸਿੰਘ ਨੂੰ ਮਹਾਰਾਜਾ ਖੜਕ ਸਿੰਘ ਦੇ ਸ਼ਾਹੀ ਕਮਰਿਆਂ ਵਿਚ ਵੀ ਦਾਖ਼ਲ ਹੋਣ ਤੇ ਪਾਬੰਦੀ ਲਾ ਦਿੱਤੀ। ਗੁਲਾਬ ਸਿੰਘ ਨੂੰ ਮਜਬੂਰਨ ਜੰਮੂ ਵਾਪਸ ਜਾਣਾ ਪਿਆ। ਮਹਾਰਾਜਾ ਖੜਕ ਸਿੰਘ ਦੇ ਵੇਲੇ ਹੀ 9 ਅਕਤੂਬਰ, 1839 ਨੂੰ ਇਸ ਨੇ ਆਪਣੇ ਦੂਜੇ ਡੋਗਰੇ ਭਰਾਵਾਂ ਨਾਲ ਰਲ ਕੇ ਮਹਾਰਾਜਾ ਖੜਕ ਸਿੰਘ ਦੀ ਹਾਜ਼ਰੀ ਵਿਚ ਚੇਤ ਸਿੰਘ ਬਾਜਵਾ ਦਾ ਕਤਲ ਕਰਵਾ ਦਿੱਤਾ।
ਇਸ ਮੌਕੇ ਤੇ ਮਹਾਰਾਜਾ ਖੜਕ ਸਿੰਘ ਨੇ ਚੁਪਚਾਪ ਹੀ ਆਪਣੇ ਬਹਾਦਰ ਪੁੱਤਰ ਕੰਵਰ ਨੌਨਿਹਾਲ ਨੂੰ ਗੱਦੀ ਛੱਡ ਦਿੱਤੀ ਅਤੇ ਕੰਵਰ ਨੇ ਲਾਹੌਰ ਦੇ ਕਿਲੇ ਅੰਦਰਲਾ ਮਹਿਲ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਰਾਜ-ਭਾਗ ਦੇ ਸਾਰੇ ਕੰਮ-ਕਾਜਾਂ ਲਈ ਮਹਾਰਾਜਾ ਬਣ ਗਿਆ। ਡੋਗਰਿਆਂ ਨੇ ਨੌਨਿਹਾਲ ਸਿੰਘ ਲਈ ਕਈ ਮੁਸੀਬਤਾਂ ਖੜ੍ਹੀਆਂ ਕਰ ਦਿੱਤੀਆਂ। ਕੰਵਰ ਸਾਹਿਬ ਨੇ ਲੂਣ ਦੀਆਂ ਖਾਣਾਂ ਤੋਂ ਡੋਗਰਿਆਂ ਦੀ ਈਜਾਰਾਦਾਰੀ ਖ਼ਤਮ ਕਰਨੀ ਚਾਹੀ ਤਾਂਕਿ ਲੋਕ ਸਸਤੇ ਭਾਅ ਲੂਣ ਦੀਆਂ ਖਾਣਾਂ ਤੋਂ ਲੂਣ ਪ੍ਰਾਪਤ ਕਰ ਸਕਣ ਪਰ ਕੰਵਰ ਨੌਨਿਹਾਲ ਸਿੰਘ ਦੇ ਅਜਿਹਾ ਕਦਮ ਚੁੱਕਣ ਤੋਂ ਪਹਿਲਾਂ ਹੀ ਗੁਲਾਬ ਸਿੰਘ ਨੇ ਆਪਣੇ ਗੁਆਂਢੀ ਮੰਡੀ ਦੇ ਰਾਜੇ ਨੂੰ ਲਾਹੌਰ ਦਰਬਾਰ ਵਿਰੁੱਧ ਵਿਦਰੋਹ ਖੜ੍ਹਾ ਕਰਨ ਲਈ ਚੁੱਕ ਦਿੱਤੀ। ਕੰਵਰ ਨੇ ਇਸ ਵਿਦਰੋਹ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ।
5 ਨਵੰਬਰ, 1840 ਨੂੰ ਮਹਾਰਾਜਾ ਖੜਕ ਸਿੰਘ ਦੀ ਮੌਤ ਹੋ ਗਈ। ਡਾ. ਗੰਡਾ ਸਿੰਘ ਅਨੁਸਾਰ ਮਹਾਰਾਜਾ ਸਾਹਿਬ ਦੇ ਨਜ਼ਰਬੰਦੀ ਵਿਚ ਬੀਮਾਰ ਹੋਣ ਤੇ ਡੋਗਰੇ ਭਰਾ ਹਕੀਮਾਂ ਦੀ ਦਵਾਈ ਦੀ ਥਾਂ ਸਫੈਤ ਕਸਕਰੀ ਤੇ ਰਸ ਕਪੂਰ ਆਦਿ ਥੋੜ੍ਹੀ ਥੋੜ੍ਹੀ ਮਾਤਰਾ ਵਿਚ ਜ਼ਹਿਰ ਦਿੰਦੇ ਰਹੇ ਜਿਸ ਦੇ ਨਾਲ ਹੌਲੀ ਹੌਲੀ ਰਿਜ ਕੇ ਮਹਾਰਾਜਾ ਸਾਹਿਬ ਦੀ ਮ੍ਰਿਤੂ ਹੋਈ। ਜਦੋਂ ਮਹਾਰਾਜਾ ਖੜਕ ਸਿੰਘ ਦਾ ਦਾਹ ਸੰਸਕਾਰ ਕਰਨ ਦਰਿਆ ਵੱਲ ਚੱਲੇ ਤਾਂ ਕੰਵਰ ਨੌਨਿਹਾਲ ਸਿੰਘ ਅਤੇ ਰਾਜਾ ਗੁਲਾਬ ਸਿੰਘ ਦੇ ਪੁੱਤਰ ਊਧਮ ਸਿੰਘ ਉਤੇ ਰੌਸ਼ਨਾਈ ਦਰਵਾਜ਼ੇ ਦੀ ਡਾਟ ਡਿਗ ਪਈ। (ਆਮ ਖ਼ਿਆਲ ਕੀਤਾ ਜਾਂਦਾ ਹੈ ਕਿ ਇਹ ਸਾਜ਼ਸ਼ ਨਾਲ ਡੇਗੀ ਗਈ ਸੀ) ਜਿਸ ਨਾਲ ਊਧਮ ਸਿੰਘ ਦੀ ਮੌਤ ਉਸੇ ਥਾਂ ਤੇ ਹੀ ਹੋ ਗਈ। ਕੰਵਰ ਦੇ ਸਿਰ ਤੇ ਥੋੜ੍ਹੀ ਜਿਹੀ ਸੱਟ ਵੱਜੀ ਜਿਸ ਨਾਲ ਉਹ ਬੇਹੋਸ਼ ਹੋ ਗਿਆ। ਗੁਲਾਬ ਸਿੰਘ ਦੇ ਛੋਟੇ ਭਰਾ ਰਾਜਾ ਧਿਆਨ ਸਿੰਘ ਦੇ ਹੁਕਮ ਨਾਲ ਕੰਵਰ ਨੂੰ ਮਹਿਲਾਂ ਵਿਚ ਲਿਜਾਇਆ ਗਿਆ ਜਿਥੇ ਧਿਆਨ ਸਿੰਘ ਦੇ ਸਾਥੀਆਂ ਨੇ ਉਸ ਨੂੰ ਪੱਥਰ ਮਾਰ ਮਾਰ ਕੇ ਅੰਦਰ ਹੀ ਮਾਰ ਦਿੱਤਾ।
ਕੰਵਰ ਦੀ ਮੌਤ ਪਿਛੋਂ ਲਾਹੌਰ ਦੇ ਤਖ਼ਤ ਲਈ ਰਾਣੀ ਚੰਦ ਕੌਰ ਅਤੇ ਸ਼ਹਿਜ਼ਾਦਾ ਸ਼ੇਰ ਸਿੰਘ ਵਿਚਕਾਰ ਖਿਚੋਤਾਣ ਚੱਲ ਪਈ। ਰਾਣੀ ਚੰਦ ਕੌਰ ਨੇ ਧਿਆਨ ਸਿੰਘ ਦੇ ਅਸਰ ਰਸੂਖ ਦਾ ਮੁਕਾਬਲਾ ਕਰਨ ਲਈ ਰਾਜਾ ਗੁਲਾਬ ਸਿੰਘ ਨੂੰ ਜੰਮੂ ਤੋਂ ਲਾਹੌਰ ਸਦਵਾ ਲਿਆ। ਦੂਜੇ ਪਾਸੇ ਧਿਆਨ ਸਿੰਘ ਨੇ ਸ਼ਹਿਜ਼ਾਦਾ ਸ਼ੇਰ ਸਿੰਘ ਨੂੰ ਰਾਜ ਗੱਦੀ ਹਥਿਆਉਣ ਲਈ ਲਾਹੌਰ ਬੁਲਾਇਆ ਅਤੇ ਸਿੱਖ ਫ਼ੌਜਾਂ ਵਿਚ ਸ਼ਹਿਜ਼ਾਦਾ ਸ਼ੇਰ ਸਿੰਘ ਨੂੰ ਮਹਾਰਾਜਾ ਬਣਾਉਣ ਸਬੰਧੀ ਪ੍ਰਚਾਰ ਕਰ ਦਿੱਤਾ ਅਤੇ ਆਪ ਬੀਮਾਰੀ ਦਾ ਬਹਾਨਾ ਲਾ ਕੇ ਜੰਮੂ ਨੂੰ ਚਲਾ ਗਿਆ। ਰਾਣੀ ਚੰਦ ਕੌਰ ਨੇ ਗੁਲਾਬ ਸਿੰਘ ਨੂੰ ਆਪਣਾ ਕਮਾਂਡਰ-ਇਨ-ਚੀਫ਼ ਮੁਕੱਰਰ ਕੀਤਾ ਅਤੇ ਸ਼ਹਿਰ ਦੀ ਸੁਰੱਖਿਆ ਦਾ ਚਾਰਜ ਦੇ ਦਿੱਤਾ। ਦੂਜੇ ਪਾਸੇ ਸ਼ੇਰ ਸਿੰਘ ਵੀ ਲਾਹੌਰ ਆ ਪਹੁੰਚਿਆ। ਫ਼ੌਜਾਂ ਵੀ ਉਸ ਦੇ ਨਾਲ ਹੋ ਗਈਆਂ। ਸ਼ੇਰ ਸਿੰਘ ਨੇ ਧਿਆਨ ਸਿੰਘ ਦੀ ਮਦਦ ਤੋਂ ਬਿਨਾਂ ਹੀ ਗੱਦੀ ਮੱਲਣੀ ਚਾਹੀ ਇਸਤੇ ਗੁਲਾਬ ਸਿੰਘ ਨੇ ਕਿਲੇ ਦੇ ਅੰਦਰੋਂ ਡਟ ਕੇ ਮੁਕਾਬਲਾ ਕੀਤਾ ਅਤੇ ਸ਼ੇਰ ਸਿੰਘ ਦੀਆਂ ਫ਼ੌਜਾਂ ਦਾ ਭਾਰੀ ਨੁਕਸਾਨ ਕਰ ਦਿੱਤਾ ਹੁਣ ਸ਼ੇਰ ਸਿੰਘ ਨੇ ਧਿਆਨ ਸਿੰਘ ਨੂੰ ਜੰਮੂ ਤੋਂ ਸਦਵਾਇਆ। ਧਿਆਨ ਸਿੰਘ ਨੇ ਆਉਂਦਿਆਂ ਹੀ ਗੁਲਾਬ ਸਿੰਘ ਨੂੰ ਸੁਨੇਹਾ ਭੇਜ ਕੇ 17 ਜਨਵਰੀ 1841 ਨੂੰ ਲੜਾਈ ਬੰਦ ਕਰਵਾ ਦਿੱਤੀ ਅਤੇ ਰਾਣੀ ਚੰਦ ਕੌਰ ਨੇ ਬੇਵਸੀ ਵਿਚ ਨੌ ਲੱਖ ਦੀ ਜਾਗੀਰ ਲੈ ਕੇ ਸਮਝੌਤਾ ਕਰ ਲਿਆ। ਗਿਆਨੀ ਗਿਆਨ ਸਿੰਘ ਅਨੁਸਾਰ ਇਸ ਲੜਾਈ ਨੂੰ ਬੰਦ ਕਰਨ ਸਮੇਂ ਰਾਜਾ ਧਿਆਨ ਸਿੰਘ ਨੇ ਇਹ ਤਜਵੀਜ਼ ਪੇਸ਼ ਕੀਤੀ ਕਿ ਰਾਣੀ ਚੰਦ ਕੌਰ ਕਿਲਾ ਛੱਡ ਦੇਵੇ ਅਤੇ ਤਖ਼ਤ ਤੇ ਸ਼ੇਰ ਸਿੰਘ ਬੈਠੇ। ਚੰਦ ਕੌਰ ਨੂੰ ਜੰਮੂ ਦੇ ਇਲਾਕੇ ਵਿਚ 16 ਲੱਖ ਦੀ ਜਾਗੀਰ ਦਿੱਤੀ ਜਾਵੇ ਜਿਸ ਦਾ ਪ੍ਰਬੰਧ ਗੁਲਾਬ ਸਿੰਘ ਕਰੇਗਾ। ਅੱਧੀ ਰਾਤ ਵੇਲੇ ਰਾਣੀ ਚੰਦ ਕੌਰ, ਗੁਲਾਬ ਸਿੰਘ ਤੇ ਉਸ ਦੇ ਡੋਗਰੇ ਸਾਥੀ ਭਾਰੀ ਖ਼ਜ਼ਾਨਾ ਤੇ ਦਰਬਾਰ ਦੀ ਕੀਮਤੀ ਸਾਮਾਨ ਲੈ ਕੇ ਲਾਹੌਰ ਛੱਡ ਗਏ। ਰਾਜਾ ਗੁਲਾਬ ਸਿੰਘ ਰਾਣੀ ਚੰਦ ਕੌਰ ਦੀ ਜਾਗੀਰ ਦਾ ਜੰਮੂ ਜਾ ਕੇ ਪ੍ਰਬੰਧਕ ਬਣ ਗਿਆ। ਇਸ ਬੇਈਮਾਨ ਨੇ 16 ਲੱਖ ਰੁਪਏ ਦੀ ਜਾਗੀਰ ਵਿਚੋਂ ਰਾਣੀ ਚੰਦ ਕੌਰ ਨੂੰ ਕੇਵਲ ਗੁਜ਼ਾਰੇ ਜੋਗੀ ਰਕਮ ਹੀ ਭੇਜੀ ਤੇ ਬਾਕੀ ਦੀ ਸਾਰੀ ਆਪ ਹੀ ਹਜ਼ਮ ਕਰਦਾ ਰਿਹਾ।
ਸ਼ੇਰ ਸਿੰਘ ਮਹਾਰਾਜਾ ਥਾਪਿਆ ਗਿਆ। ਮਹਾਰਾਜਾ ਸ਼ੇਰ ਸਿੰਘ ਨੇ ਰਾਣੀ ਚੰਦ ਕੌਰ ਨਾਲ ਚਾਦਰ ਪਾਉਣ ਦੀ ਸਲਾਹ ਕੀਤੀ ਪਰ ਜਿਉਂ ਹੀ ਇਸ ਗੱਲ ਦਾ ਗੁਲਾਬ ਸਿੰਘ ਨੂੰ ਪਤਾ ਲੱਗਾ ਤਾਂ ਉਹ ਕੰਬ ਗਿਆ। ਇਸ ਨੂੰ ਆਪਣਾ ਪਾਲਾ ਖਾਣ ਲੱਗਾ। ਇਸ ਨੇ ਸੋਚਿਆ ਕਿ ਜੇ ਚੰਦ ਕੌਰ ਸ਼ੇਰ ਸਿੰਘ ਦੇ ਘਰ ਬੈਠ ਗਈ ਤਾਂ ਇਕ ਤਾਂ ਕਿਲੇ ਵਿਚ ਲੁੱਟ-ਮਾਰ ਕਰਕੇ ਲਿਆਂਦਾ ਸਾਰਾ ਖਜ਼ਾਨਾ ਵਾਪਸ ਕਰਨਾ ਪਵੇਗਾ ਅਤੇ ਦੂਜਾ 16 ਲੱਖ ਰੁਪਏ ਦੇ ਜਾਗੀਰ ਵੀ ਉਸ ਦੇ ਹੱਥੋਂ ਚਲੀ ਜਾਵੇਗੀ। ਜਦੋਂ ਮਹਾਰਾਜਾ ਸ਼ੇਰ ਸਿੰਘ ਵਜ਼ੀਰਾਬਾਦ ਦੇ ਇਲਾਕੇ ਦੇ ਦੌਰੇ ਤੇ ਗਿਆ ਹੋਇਆ ਸੀ ਤਾਂ ਗੁਲਾਬ ਸਿੰਘ ਨੇ ਧਿਆਨ ਸਿੰਘ ਨਾਲ ਸਲਾਹ ਕਰਕੇ ਗੋਲੀਆਂ ਹੱਥੋਂ ਰਾਣੀ ਚੰਦ ਕੌਰ ਨੂੰ (11 ਜੂਨ, 1842) ਮਰਵਾ ਦਿੱਤਾ।
17 ਅਕਤੂਬਰ, 1842 ਨੂੰ ਲਾਹੌਰ ਦਰਬਾਰ ਦੇ ਏਜੰਟ ਅਤੇ ਗੁਲਾਬ ਸਿੰਘ ਦੇ ਨਿੱਜੀ ਪ੍ਰਤਿਨਿਧੀਆਂ ਨੇ ਚੀਨ ਦੇ ਬਾਦਸ਼ਾਹ ਦੇ ਪ੍ਰਤਿਨਿਧੀਆਂ ਨਾਲ ਲ੍ਹਾਸਾ ਵਿਖੇ ਸੰਧੀ ਤੇ ਹਸਤਾਖ਼ਰ ਕੀਤੇ ਅਤੇ ਇਹ ਸਮਝੌਤਾ ਕੀਤਾ ਕਿ ਲੱਦਾਖ ਅਤੇ ਲ੍ਹਾਸਾ ਦੀਆਂ ਸਰਹੱਦਾਂ ਦੋਵੇਂ ਧਿਰਾਂ ਪਾਰ ਨਹੀਂ ਕਰਨਗੀਆਂ ਪਰ ਲੱਦਾਖ ਦੇ ਰਸਤਿਉਂ ਚਾਹ ਅਤੇ ਪਸ਼ਮੀਨਾ ਉੱਨ ਦਾ ਵਪਾਰ ਚਲਦਾ ਰਹੇਗਾ।
ਮਹਾਰਾਜਾ ਸ਼ੇਰ ਸਿੰਘ ਦੀ ਮੌਤ ਉਪਰੰਤ ਜਦੋਂ ਮਹਾਰਾਣੀ ਜਿੰਦਾਂ ਰਾਜ ਕਰਨ ਲੱਗੀ ਤਾਂ ਪ੍ਰਧਾਨ ਮੰਤਰੀ ਬਣਾਉਣ ਦਾ ਸੁਆਲ ਪੈਦਾ ਹੋਇਆ। ਗੁਲਾਬ ਸਿੰਘ ਨੇ ਧਿਆਨ ਸਿੰਘ ਦੇ ਲੜਕੇ ਹੀਰਾ ਸਿੰਘ ਦੀ ਥਾਂ ਆਪਣੇ ਛੋਟੇ ਭਰਾ ਸੁਚੇਤ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹਿਆ ਪਰ ਹੀਰਾ ਸਿੰਘ ਨੇ ਖ਼ਾਲਸਾ ਫੌਜਾਂ ਵਿਚ ਮਹਾਰਾਜਾ ਸ਼ੇਰ ਸਿੰਘ, ਕੰਵਰ ਪ੍ਰਤਾਪ ਸਿੰਘ ਅਤੇ ਆਪਣੇ ਪਿਤਾ ਦੇ ਕਤਲ ਦੀਆਂ ਗੱਲਾਂ ਸੁਣਵਾ ਕੇ ਪ੍ਰਧਾਨ ਮੰਤਰੀ ਦਾ ਪਦ (18 ਸਤੰਬਰ, 1843) ਹਾਸਲ ਕਰ ਲਿਆ। ਹੀਰਾ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਸ਼ਹਿਜ਼ਾਦਾ ਕਸ਼ਮੀਰਾ ਸਿੰਘ ਅਤੇ ਸ਼ਹਿਜ਼ਾਦਾ ਪਿਸ਼ੌਰਾ ਸਿੰਘ (ਜਿਨ੍ਹਾਂ ਦੀ ਪੰਜਾਹ ਹਜ਼ਾਰ ਰੁਪਏ ਦੀ ਸਾਲਾਨਾ ਜਾਗੀਰ ਸਿਆਲਕੋਟ ਵਿਚ ਸੀ) ਵੀ ਰੜਕਦੇ ਰਹਿੰਦੇ ਸਨ। ਇਸ ਨੇ ਰਾਜਾ ਗੁਲਾਬ ਸਿੰਘ ਨੂੰ ਜੰਮੂ ਹੁਕਮ ਭੇਜ ਕਿ ਸ਼ਹਿਜ਼ਾਦਿਆਂ ਨੂੰ ਸਿਆਲਕੋਟ ਵਿਚੋਂ ਕਢਵਾ ਦਿੱਤਾ। ਗਿਆਨੀ ਗਿਆਨ ਸਿੰਘ ਅਨੁਸਾਰ ਗੁਲਾਬ ਸਿੰਘ ਨੇ ਸਿਆਲਕੋਟ ਵਿਚ ਇਨ੍ਹਾਂ ਦੋਹਾਂ ਸ਼ਹਿਜ਼ਾਦਿਆਂ ਨੂੰ ਘੇਰਾ ਪਾ ਲਿਆ ਅਤੇ 50 ਹਜ਼ਾਰ ਰੁਪਏ ਦੀ ਇਨ੍ਹਾਂ ਤੋਂ ਮੰਗ ਕੀਤੀ ਪਰ ਮਗਰੋਂ ਵੀਹ ਹਜ਼ਾਰ ਰੁਪਇਆ ਲੈ ਕੇ ਇਨ੍ਹਾਂ ਨੂੰ ਛੱਡ ਦਿੱਤਾ ਅਤੇ ਲਾਹੌਰ ਦਰਬਾਰ ਨੂੰ ਲਿਖ ਭੇਜਿਆ ਕਿ ਦੋਵੇਂ ਸ਼ਹਿਜ਼ਾਦੇ ਇਥੋਂ ਭੱਜ ਗਏ ਹਨ। ਮਗਰੋਂ ਰਾਜਾ ਗੁਲਾਬ ਸਿੰਘ ਦੀਆਂ ਇਨ੍ਹਾਂ ਸ਼ਹਿਜ਼ਾਦਿਆਂ ਨਾਲ ਕਈ ਲੜਾਈਆਂ ਵੀ ਹੋਈਆਂ ਜਿਨ੍ਹਾਂ ਵਿਚ ਗੁਲਾਬ ਸਿੰਘ ਦੀ ਹਾਰ ਹੁੰਦੀ ਰਹੀ। ਅਖੀਰ ਲਾਹੌਰ ਤੋਂ ਹੋਰ ਫ਼ੌਜ ਆ ਜਾਣ ਕਰਕੇ ਸ਼ਹਿਜ਼ਾਦਿਆਂ ਨੂੰ ਆਪਣਾ ਕਿਲਾ ਖ਼ਾਲੀ ਕਰਨਾ ਪਿਆ।
ਜੰਮੂ ਵਿਚ ਗੁਲਾਬ ਸਿੰਘ ਨੇ ਆਪਣੇ ਭਰਾ ਸੁਚੇਤ ਸਿੰਘ ਦੀ ਜਾਇਦਾਦ ਦਾ ਮਾਲਕ ਆਪਣੇ ਪੁੱਤਰ ਰਣਧੀਰ ਸਿੰਘ ਨੂੰ ਬਣਾ ਦਿੱਤਾ ਸੀ। ਇਸ ਨੇ ਲਾਹੌਰ ਦਰਬਾਰ ਨੂੰ ਖ਼ਾਰਜ ਦੇਣ ਤੋਂ ਵੀ ਨਾਂਹ ਕਰ ਦਿੱਤੀ ਅਤੇ ਨਾਲ ਹੀ ਸਰਹੱਦੀ ਕਬੀਲਿਆਂ ਨੂੰ ਪਿਸ਼ੌਰ ਲੁੱਟਣ ਲਈ ਭੜਕਾ ਦਿੱਤਾ। ਹੀਰਾ ਸਿੰਘ ਗੁਲਾਬ ਸਿੰਘ ਤੇ ਵੀ ਔਖਾ ਰਹਿਣ ਲੱਗਾ। ਇਕ ਦਿਨ ਇਸ ਨੇ ਆਪ ਦਰਬਾਰ ਵਿਚ ਐਲਾਨ ਕੀਤਾ ਕਿ ਜੰਮੂ ਦੇ ਰਾਜੇ ਗੁਲਾਬ ਸਿੰਘ ਨੇ ਅੱਜ ਤੀਕ ਨਾ ਕੋਈ ਖ਼ਰਾਜ ਲਾਹੌਰ ਨੂੰ ਭੇਜਿਆ ਹੈ ਅਤੇ ਨਾ ਹੀ ਹੁਣ ਦੇਣ ਨੂੰ ਤਿਆਰ ਹੈ। ਉਸ ਨੇ ਗੁਲਾਬ ਸਿੰਘ ਤੋਂ ਕੁਝ ਸਾਮਾਨ ਵਾਪਸ ਲੈਣ ਲਈ ਕਿਹਾ ਪਰ ਕਈ ਆਦਮੀ ਵਿਚ ਪਾ ਕੇ ਗੁਲਾਬ ਸਿੰਘ ਨਾਲ ਸੁਲਾਹ ਕਰ ਲਈ। ਇਸ ਦਾ ਵੀ ਪਤਾ ਖ਼ਾਲਸਾ ਫ਼ੌਜਾਂ ਨੂੰ ਵੀ ਲੱਗ ਗਿਆ।
ਹੀਰਾ ਸਿੰਘ ਦੀ ਮੌਤ ਪਿਛੋਂ ਲਾਹੌਰ ਦਰਬਾਰ ਵਿਚ ਕੰਮ-ਕਾਜ ਚਲਾਉਣ ਵਾਲਾ ਕੋਈ ਪ੍ਰਭਾਵਸ਼ਾਲੀ ਵਿਅਕਤੀ ਨਾ ਰਿਹਾ। ਮਹਾਰਾਣੀ ਜਿੰਦਾਂ ਨੇ ਆਪਣੇ ਭਰਾ ਜਵਾਹਰ ਸਿੰਘ ਦੀ ਸਹਾਇਤਾ ਨਾਲ ਰਾਜ-ਭਾਗ ਚਲਾਉਣਾ ਸ਼ੁਰੂ ਕੀਤਾ। ਗੁਲਾਬ ਸਿੰਘ ਨੇ ਲਾਹੌਰ ਦਰਬਾਰ ਦੀ ਕਮਜ਼ੋਰੀ ਦਾ ਫ਼ਾਇਦਾ ਉਠਾਉਂਦਿਆਂ ਜੰਮੂ ਵਿਚ ਇਕ ਆਜ਼ਾਦ ਹਕੂਮਤ ਸਥਾਪਿਤ ਕਰਨੀ ਚਾਹੀ। ਇਸ ਨੇ ਬਰਕਜੂਈ ਅਫ਼ਗਾਨਾਂ ਅਤੇ ਅੰਗਰੇਜ਼ਾਂ ਨਾਲ ਵੀ ਸਾਜ਼ਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਨੇ ਕਿਲਿਆਂ ਨੂੰ ਮਜ਼ਬੂਤ ਕਰਨਾ ਸ਼ੁਰੂ ਕੀਤਾ ਅਤੇ ਪਹਾੜੀਆਂ ਨੂੰ ਸਿੱਖਾਂ ਵਿਰੁੱਧ ਬਗ਼ਾਵਤ ਕਰਨ ਲਈ ਚੁੱਕ ਦਿੱਤੀ। ਕਿਹਾ ਜਾਂਦਾ ਹੈ ਕਿ ਗੁਲਾਬ ਸਿੰਘ ਨੇ ਇਸ ਵੇਲੇ ਕਿਹਾ ਸੀ ਕਿ “ਪਹਾੜੀਏ ਸਿੱਖਾਂ ਵਿਰੁੱਧ ਲੜਨ ਲਈ ਇਕ-ਮੁੱਠ ਹਨ, ਅਤੇ ਯੁੱਧ ਕਰਨਾ ਵੀ ਉਨ੍ਹਾਂ ਦੇ ਧਰਮ ਦੀ ਇਕ ਗੱਲ ਹੈ।”
ਫ਼ਰਵਰੀ, 1845 ਨੂੰ ਮਹਾਰਾਣੀ ਜਿੰਦਾਂ ਨੇ ਸਤਲੁਜ ਦਰਿਆ ਉਤੇ ਅੰਗਰੇਜ਼ਾਂ ਦੇ ਸੰਭਾਵੀ ਹਮਲੇ ਨੂੰ ਰੋਕਣ ਲਈ ਤਾਇਨਾਤ ਕੀਤੀਆਂ ਫ਼ੌਜਾਂ ਨੂੰ ਜੰਮੂ ਵੱਲ ਨੂੰ ਤੋਰ ਦਿੱਤਾ। ਗੁਲਾਬ ਸਿੰਘ ਬੜਾ ਚਲਾਕ ਬੰਦਾ ਸੀ। ਇਸਨੇ ਤੁਰੰਤ ਖ਼ਾਲਸਾ ਦਰਬਾਰ ਦੀ ਅਧੀਨਗੀ ਮੰਨ ਲਈ ਅਤੇ ਸਿੱਖ ਫ਼ੌਜਾਂ ਦੀ ਪੂਰੀ ਖਾਤਰ ਕੀਤੀ ਅਤੇ ਚਾਰ ਲੱਖ ਰੁਪਿਆ ਭੇਟ ਕੀਤਾ। ਖ਼ਾਲਸਾ ਫ਼ੌਜ ਅਜੇ ਥੋੜ੍ਹੀ ਦੂਰ ਹੀ ਗਈ ਸੀ ਕਿ ਡੋਗਰਿਆਂ ਨੇ ਫਿਰ ਇਸ ਉਤੇ ਹਮਲਾ ਕਰ ਦਿੱਤਾ ਅਤੇ ਫਿਰ ਸਾਰੀ ਖਰਾਜ ਇਨ੍ਹਾਂ ਤੋਂ ਲੁੱਟ ਲਈ। ਖ਼ਾਲਸਾ ਫੌਜ ਫਿਰ ਜੰਮੂ ਵੱਲ ਮੁੜੀ ਅਤੇ ਡੋਗਰਿਆਂ ਨੂੰ ਕਈ ਹਾਰਾਂ ਦਿੱਤੀਆਂ। ਗੁਲਾਬ ਸਿੰਘ ਫਿਰ ਖ਼ਾਲਸਾ ਫ਼ੌਜਾਂ ਦੇ ਕੈਂਪ ਅਗੇ ਹਾਜ਼ਰ ਹੋਇਆ ਅਤੇ ਆਪਣੀ ਤਲਵਾਰ ਅਤੇ ਢਾਲ ਥੱਲੇ ਸੁੱਟ ਦਿੱਤੀ ਅਤੇ ਇਕ ਪ੍ਰਾਰਥਕ ਵਜੋਂ ਪੇਸ਼ ਹੋ ਕੇ ਲਾਹੌਰ ਦਰਬਾਰ ਬਾਰੇ ਆਪਣੀ ਵਫ਼ਾਦਾਰੀ ਦੀ ਫਿਰ ਸਹੁੰ ਚੁੱਕੀ। ਗੁਲਾਬ ਸਿੰਘ ਨੇ ਖ਼ਾਲਸਾ ਫ਼ੌਜਾਂ ਨਾਲ ਸੰਧੀ ਕਰ ਲਈ ਅਤੇ 35 ਲੱਖ ਰੁਪਿਆ ਲਾਹੌਰ ਦਰਬਾਰ ਨੂੰ ਦੇਣਾ ਮੰਨ ਲਿਆ ਅਤੇ ਇਸ ਵਿਚੋਂ ਪੰਜ ਲੱਖ ਤੁਰੰਤ ਹੀ ਦੇ ਦਿਤੇ ਅਤੇ ਨਾਲ ਆਪਣੀਆਂ ਫ਼ੌਜਾਂ ਨਾਲ ਲੈਕੇ ਲਾਹੌਰ ਹਾਜ਼ਰ ਹੋਣ ਲਈ ਸਹਿਮਤ ਹੋਇਆ। ਦਰਬਾਰ ਵਿਚ ਹਾਜ਼ਰ ਹੋਣ ਤੇ ਉਸ ਨੂੰ ਨਜ਼ਰਬੰਦ ਰੱਖਿਆ ਗਿਆ ਤੇ 68 ਲੱਖ ਰੁਪਏ ਜੁਰਮਾਨਾ ਕੀਤਾ ਗਿਆ। ਇਸ ਨੇ 27 ਲੱਖ ਰੁਪਿਆ ਲਾਹੌਰ ਦਰਬਾਰ ਨੂੰ ਤੁਰੰਤ ਦੇ ਦਿੱਤਾ ਅਤੇ ਨਾਲ ਹੀ ਦਰਬਾਰ ਨੂੰ ਇਹ ਕਹਿ ਕੇ ਕਿ ਚੀਨੀਆਂ ਨੇ ਉੱਤਰੀ ਪ੍ਰਾਂਤਾਂ ਤੇ ਹਮਲਾ ਕਰ ਦਿੱਤਾ ਹੈ ਲਾਹੌਰ ਦਰਬਾਰ ਤੋਂ ਜੰਮੂ ਜਾਣ ਦੀ ਆਗਿਆ ਲੈ ਲਈ। ਜਿਉਂ ਹੀ ਇਹ ਆਪਣੇ ਇਲਾਕੇ ਵਿਚ ਪੁੱਜਾ ਇਸ ਨੇ ਫਿਰ ਉਹ ਗ਼ਦਾਰੀ-ਭਰੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ। ਇਸ ਨੇ ਅੰਗਰੇਜ਼ਾਂ ਨਾਲ ਗੁਪਤ ਗੱਲ-ਬਾਤ ਅਧੀਨ ਸਿੱਖਾਂ ਨਾਲ ਯੁੱਧ ਹੋਣ ਦੀ ਸ਼ਰਤ ਵਿਚ ਅੰਗਰੇਜ਼ਾਂ ਨੂੰ ਮਦਦ ਦੀ ਪੇਸ਼ਕਸ਼ ਕੀਤੀ।
ਫੇਰੂ ਸ਼ਹਿਰ ਦੀ ਲੜਾਈ (21 ਦਸੰਬਰ, 1845) ਦੀ ਭਾਰੀ ਤਬਾਹੀ ਅਤੇ ਹਾਰ ਨੇ ਲਾਹੌਰ ਦਰਬਾਰ ਦੇ ਕੁਝ ਵਫ਼ਾਦਾਰ ਸਰਦਾਰਾਂ ਦੇ ਦਿਲ ਤੋੜ ਦਿੱਤੇ। ਇਸ ਹਾਰ ਪਿਛੋਂ ਮਹਾਰਾਣੀ ਜਿੰਦ ਕੌਰ ਨੇ ਰਾਜਾ ਗੁਲਾਬ ਸਿੰਘ ਨੂੰ ਲਾਹੌਰ ਮੰਗਵਾਇਆ ਪਰ ਗੁਲਾਬ ਸਿੰਘ ਨੇ ਅੰਗਰੇਜ਼ਾਂ ਨੂੰ ਸਹਾਇਤਾ ਦੇਣ ਬਾਰੇ ਸ਼ਰਤਾਂ ਤਹਿ ਕਰਨ ਸਬੰਧੀ ਆਪਣੇ ਏਜੰਟ ਨੂੰ ਲੁਧਿਆਣੇ ਭੇਜਿਆ। ਜਨਵਰੀ, 1846 ਵਿਚ ਵੀ ਗੁਲਾਬ ਸਿੰਘ ਆਪਣੇ ਏਜੰਟਾਂ ਰਾਹੀਂ ਗਵਰਨਰ-ਜਨਰਲ ਨਾਲ ਮੇਲ-ਜੋਲ ਕਰ ਰਿਹਾ ਸੀ।
ਸਭਰਾਵਾਂ ਦੀ ਲੜਾਈ (10 ਫ਼ਰਵਰੀ, 1846) ਤੋਂ ਪਹਿਲਾਂ ਲਾਹੌਰ ਦਰਬਾਰ ਦੇ ਮੁਖਤਿਆਰ ਦੀ ਹੈਸੀਅਤ ਵਿਚ ਅਤੇ ਆਪਣੇ ਸੁਆਰਥ ਤੇ ਲਾਭ ਲਈ ਇਹ ਦੇਸ਼ ਨੂੰ ਵੇਚਣ ਲਈ ਤਿਆਰ ਹੋ ਗਿਆ ਸੀ ਅਤੇ ਅੰਗਰੇਜ਼ਾਂ ਦੇ ਹਿਤ ਵਿਚ ਸਾਰੀਆਂ ਸ਼ਰਤਾਂ ਪ੍ਰਵਾਨ ਕਰ ਲਈਆਂ। ਰਣਭੂਮੀ ਵਿਚ ਰਾਜਾ ਲਾਲ ਸਿੰਘ ਤੇ ਕਮਾਂਡਰ ਇਨ-ਚੀਫ ਤੇਜ ਸਿੰਘ ਦੀ ਗ਼ਦਾਰੀ ਅਤੇ ਅੰਗਰੇਜ਼ਾਂ ਨਾਲ ਕੀਤੀ ਗੁਲਾਬ ਸਿੰਘ ਦੀ ਗੁਪਤ ਗੱਲ-ਬਾਤ ਕਾਰਨ ਜਿੱਤੀਆਂ ਹੋਈਆਂ ਵੀ ਸਿੱਖ ਫ਼ੌਜਾਂ ਹਾਰ ਗਈਆਂ।
9 ਮਾਰਚ, 1846 ਨੂੰ ਮਹਾਰਾਜਾ ਦਲੀਪ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ (ਹੈਨਰੀ ਹਾਰਡਿੰਗ) ਲਾਹੌਰ ਵਿਖੇ ਸੰਧੀ ਕੀਤੀ ਗਈ। ਇਸ ਸੰਧੀ ਦੇ ਅਨੁਛੇਦ 12 ਅਤੇ 13 ਵਿਚ ਇਹ ਲਿਖਿਆ ਗਿਆ ਕਿ ਜੰਮੂ ਦੇ ਰਾਜਾ ਗੁਲਾਬ ਸਿੰਘ ਦੀਆਂ ਲਾਹੌਰ ਦਰਬਾਰ ਲਈ ਕੀਤੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਮਹਾਰਾਜਾ ਦਲੀਪ ਸਿੰਘ ਰਾਜਾ ਗੁਲਾਬ ਸਿੰਘ ਦੀ ਆਜ਼ਾਦ ਪ੍ਰਭੁਤਾ ਨੂੰ ਮਾਨਤਾ ਦਿੰਦਾ ਹੈ ਅਤੇ ਜੇ ਕਦੇ ਲਾਹੌਰ ਦਰਬਾਰ ਅਤੇ ਰਾਜਾ ਗੁਲਾਬ ਸਿੰਘ ਵਿਚਕਾਰ ਭੇਦ ਹੋਵੇਗਾ ਤਾਂ ਇਸ ਦਾ ਫ਼ੈਸਲਾ ਅੰਗਰੇਜ਼ ਕਰਨਗੇ ਅਤੇ ਇਹ ਫ਼ੈਸਲਾ ਮਹਾਰਾਜਾ ਦਲੀਪ ਸਿੰਘ ਪ੍ਰਵਾਨ ਕਰੇਗਾ।
15 ਮਾਰਚ, 1846 ਨੂੰ ਅੰਗਰੇਜ਼ਾਂ ਨੇ ਰਾਜਾ ਗੁਲਾਬ ਸਿੰਘ ਨੂੰ ਜੰਮੂ-ਕਸ਼ਮੀਰ ਦਾ ਇਲਾਕਾ ਦੇ ਦਿੱਤਾ ਅਤੇ ਕੀਤੇ ਹੋਏ ਇਕਰਾਰ ਅਨੁਸਾਰ ਉਸਦਾ ਸੁਤੰਤਰ ਰਾਜ ਸਥਾਪਿਤ ਕਰ ਦਿੱਤਾ। ਇਹ ਸਾਰਾ ਇਲਾਕਾ ਗੁਲਾਬ ਸਿੰਘ ਨੇ ਇਕ ਕਰੋੜ ਰੁਪਏ ਦੇ ਕੇ ਅੰਗਰੇਜ਼ਾਂ ਤੋਂ ਖ਼ਰੀਦ ਲਿਆ। 16 ਮਾਰਚ, 1846 ਨੂੰ ਅੰਮ੍ਰਿਤਸਰ ਵਿਖੇ ਹੋਈ ਸੰਧੀ ਵਿਚ ਇਸ ਨੂੰ ਜੰਮੂ ਅਤੇ ਕਸ਼ਮੀਰ ਦਾ ਮਹਾਰਾਜਾ ਮੰਨ ਲਿਆ ਗਿਆ। ਗੁਲਾਬ ਸਿੰਘ ਨੂੰ ਇਸਦੀਆਂ ਅੰਗਰੇਜ਼ਾਂ ਦੇ ਹਿਤ ਵਿਚ ਸਿੱਖਾਂ ਨਾਲ ਕੀਤੀਆਂ ਬੇਈਮਾਨੀਆਂ ਅਤੇ ਗ਼ਦਾਰੀਆਂ ਦਾ ਆਸ ਨਾਲੋਂ ਕਿਤੇ ਵੱਧ ਮੁੱਲ ਮਿਲਿਆ। ਰਾਜਾ ਲਾਲ ਸਿੰਘ ਨੇ ਕਸ਼ਮੀਰ ਦੇ ਸੂਬੇਦਾਰ ਸ਼ੇਖ ਨਿਜ਼ਾਮੁੱਦੀਨ ਨੂੰ ਚਿੱਠੀ ਲਿਖੀ ਕਿ ਕਸ਼ਮੀਰ ਦਾ ਕਬਜ਼ਾ ਰਾਜਾ ਗੁਲਾਬ ਸਿੰਘ ਨੂੰ ਨਾ ਦਿੱਤਾ ਜਾਵੇ। ਗੁਲਾਬ ਸਿੰਘ ਜਦੋਂ ਜੰਮੂ-ਕਸ਼ਮੀਰ ਦੇ ਇਕ ਆਜ਼ਾਦ ਮਹਾਰਾਜੇ ਦੇ ਰੂਪ ਵਿਚ ਲਾਹੌਰ ਤੋਂ ਪਿੱਛੇ ਪਰਤਿਆ ਤਾਂ ਸ਼ੇਖ ਨਿਜ਼ਾਮੁੱਦੀਨ ਨੇ ਉਸ ਦੀ ਵਿਰੋਧਤਾ ਕੀਤੀ ਅਤੇ ਡੋਗਰਿਆਂ ਨੂੰ ਉਥੋਂ ਭਜਾ ਦਿੱਤਾ। ਮੇਜਰ ਲਾਰੰਸ ਅਫਟੈਟ ਐਡਵਰਡ ਸਰਦਾਰ ਤੇਜਾ ਸਿੰਘ ਦੀ ਫ਼ੌਜ ਲੈ ਕੇ ਕਸ਼ਮੀਰ ਪੁੱਜਿਆ। ਸ਼ੇਖ਼ ਨਿਜ਼ਾਮੁੱਦੀਨ ਨੇ ਲਾਲ ਸਿੰਘ ਦੀ ਗੁਲਾਬ ਸਿੰਘ ਵਿਰੁੱਧ ਲਿਖੀ ਚਿੱਠੀ ਵਿਖਾ ਕੇ ਆਪਣੇ ਆਪ ਨੂੰ ਰੈਜ਼ੀਡੈਂਟ ਦੇ ਹਵਾਲੇ ਕਰ ਦਿੱਤਾ। 7 ਅਕਤੂਬਰ, 1846 ਨੂੰ ਜੰਮੂ ਕਸ਼ਮੀਰ ਦਾ ਇਲਾਕਾ ਸਦਾ ਲਈ ਗੁਲਾਬ ਸਿੰਘ ਦੇ ਹਵਾਲੇ ਕਰ ਦਿਤਾ ਗਿਆ।
ਦੂਜੇ ਸਿੱਖ-ਯੁੱਧ ਵੇਲੇ ਸਰਦਾਰ ਚਤਰ ਸਿੰਘ ਨੇ ਵੀ ਗੁਲਾਬ ਸਿੰਘ ਡੋਗਰੇ ਤੋਂ ਮਦਦ ਮੰਗੀ ਸੀ।
ਗਦਾਰ ਡੋਗਰਾ ਭਰਾਵਾਂ ਦੀ ਇਕ ਅੰਤਮ ਨਿਸ਼ਾਨੀ ਦੀ ਮੌਤ ਅਗਸਤ, 1857 ਨੂੰ ਹੋਈ।
ਹ. ਪੁ.––ਹਿ. ਸਿ.––ਖੁਸ਼ਵੰਤ ਸਿੰਘ; ਗੁ. ਖਾ.––ਗਿ. ਗ. ਸ.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2106, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-17, ਹਵਾਲੇ/ਟਿੱਪਣੀਆਂ: no
ਗੁਲਾਬ ਸਿੰਘ ਡੋਗਰਾ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਗੁਲਾਬ ਸਿੰਘ (ਡੋਗਰਾ) : ਸਿੱਖ ਰਾਜ ਦੀਆਂ ਜੜ੍ਹਾਂ ਵਿਚ ਤੇਲ ਦੇਣ ਵਾਲੇ ਡੋਗਰਾ ਭਰਾਵਾਂ ਵਿਚੋਂ ਇਹ ਸਭ ਤੋਂ ਵੱਡਾ ਸੀ ਜਿਹੜਾ ਸਿੱਖਾਂ ਦੀ ਚੜ੍ਹਦੀਕਲਾ ਸਮੇਂ ਮਹਾਰਾਜਾ ਰਣਜੀਤ ਸਿੰਘ ਜੀ ਮੁਲਾਜ਼ਮਤ ਵਿਚ ਆਇਆ। ਇਸ ਦਾ ਜਨਮ 1788 ਈ. ਵਿਚ ਜੰਮੂ ਤੋਂ 15 ਕਿ. ਮੀ. ਦੂਰ ਇਸਮਾਈਲਪੁਰ ਡਿਉੜ੍ਹੀ ਨਾਂ ਦੇ ਪਿੰਡ ਵਿਚ ਕਿਸ਼ੋਰਾ ਸਿੰਘ ਡੋਗਰੇ ਦੇ ਘਰ ਹੋਇਆ। ਇਸ ਦੇ ਨਾਲ ਹੀ ਇਸ ਦੇ ਦੋ ਭਰਾ ਧਿਆਨ ਸਿੰਘ ਤੇ ਸੁਚੇਤ ਸਿੰਘ ਵੀ ਲਾਹੌਰ ਵਿਖੇ ਆਏ ਅਤੇ ਇਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਸਾਧਾਰਣ ਨੌਕਰੀ ਤੋਂ ਜੀਵਨ ਸ਼ੁਰੂ ਕਰ ਕੇ ਆਪਣੀ ਸ਼ਕਤੀ ਅਤੇ ਅਧਿਕਾਰਾਂ ਨੂੰ ਬਹੁਤ ਵਧਾਇਆ। ਗੁਲਾਬ ਸਿੰਘ ਸਭ ਤੋਂ ਪਹਿਲਾਂ ਜਮਾਂਦਾਰ ਖੁਸ਼ਹਾਲ ਸਿੰਘ ਅਧੀਨ ਘੋੜਸਵਾਰਾਂ ਵਿਚ ਭਰਤੀ ਹੋਇਆ।
ਸੰਨ 1834 ਵਿਚ ਦੋਸਤ ਮੁਹੰਮਦ ਖ਼ਾਨ ਨੂੰ ਪਿਸ਼ਾਵਰ ਵਿਚੋਂ ਪੱਕੀ ਤਰ੍ਹਾਂ ਕੱਢ ਦਿਤੇ ਜਾਣ ਪਿੱਛੋਂ ਪਿਸ਼ਾਵਰ ਦੇ ਇਲਾਕੇ ਵਿਚ ਕਿਲੇ ਬਣਵਾਉਣ ਲਈ ਰਾਜਾ ਗੁਲਾਬ ਸਿੰਘ ਦੀ ਡਿਊਟੀ ਲਾਈ ਗਈ। ਸੰਨ 1834 ਵਿਚ ਰਾਜਾ ਗੁਲਾਬ ਸਿੰਘ ਨੇ ਪਿਸ਼ਾਵਰ ਦੀ ਲੜਾਈ ਵਿਚ ਭਾਗ ਲਿਆ ਅਤੇ 1835 ਵਿਚ ਹਰੀ ਸਿੰਘ ਨਲਵੇ ਨਾਲ ਮਿਲ ਕੇ ਇਸ ਇਲਾਕੇ ਵਿਚ ਕਿਲੇ ਬਣਵਾਏ।
ਸੰਨ 1839 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਮਰਨ ਤੋਂ ਪਹਿਲਾਂ ਸ਼ਹਿਜ਼ਾਦਾ ਖੜਕ ਸਿੰਘ ਨੂੰ ਅਗਲਾ ਮਹਾਰਾਜਾ ਅਤੇ ਵਜ਼ੀਰ ਧਿਆਨ ਸਿੰਘ ਨੂੰ ਮੁੱਖ ਮੰਤਰੀ ਥਾਪਿਆ ਗਿਆ ਸੀ। ਮਹਾਰਾਜਾ ਖੜਕ ਸਿੰਘ ਨੇ ਗੱਦੀ ਤੇ ਬੈਠਣ ਪਿੱਛੋਂ ਵਜ਼ੀਰ ਧਿਆਨ ਸਿੰਘ ਦੀ ਥਾਂ ਚੇਤ ਸਿੰਘ ਨੂੰ ਆਪਣਾ ਮੁਖੀ ਸਲਾਹਕਾਰ ਬਣਾ ਲਿਆ। ਵਜ਼ੀਰ ਧਿਆਨ ਸਿੰਘ ਜੋ ਲਾਹੌਰ ਦਾ ਹਾਕਮ ਬਣਨ ਦੇ ਸੁਪਨੇ ਲੈ ਰਿਹਾ ਸੀ, ਹਰ ਸਮੇਂ ਕੋਈ ਨਾ ਕੋਈ ਅਜਿਹੀ ਵਿਉਂਤ ਘੜਨ ਵਿਚ ਲਗਾ ਰਹਿੰਦਾ ਸੀ ਜਿਸ ਨਾਲ ਮਹਾਰਾਜੇ ਦੇ ਥੰਸ ਦਾ ਖ਼ਾਤਮਾ ਕੀਤਾ ਜਾ ਸਕੇ। ਇਸ ਇਰਾਦੇ ਨਾਲ ਇਸ ਨੇ ਆਪਣੇ ਭਰਾ ਗੁਲਾਬ ਸਿੰਘ ਨੂੰ ਜੰਮੂ ਤੋਂ ਬੁਲਾ ਲਿਆ ਜੋ ਕੁਝ ਸਮਾਂ ਪਹਿਲਾਂ ਉਥੋਂ ਦਾ ਰਾਜਾ ਬਣ ਚੁਕਿਆ ਸੀ। ਖੜਥ ਸਿੰਘ ਦੇ ਵਿਰੁੱਧ ਇਹ ਅਫਵਾਹ ਫੈਲਾ ਦਿੱਤੀ ਕਿ ਇਹ ਮਹਾਰਾਜਾ ਸਿੱਖ ਰਾਜ ਨੂੰ ਅੰਗਰੇਜ਼ਾਂ ਦੇ ਅਧੀਨ ਕਰਨ ਨੂੰ ਆਪਣਾ ਮੁਖੀ ਸਲਾਹਕਾਰ ਬਣਾ ਲਿਆ। ਵਜ਼ੀਰ ਧਿਆਨ ਸਿੰਘ ਜੋ ਲਾਹੌਰ ਦਾ ਹਾਕਮ ਬਣਨ ਦੇ ਸੁਪਨੇ ਲੈ ਰਿਹਾ ਸੀ, ਹਰ ਸਮੇਂ ਕੋਈ ਨਾ ਕੋਈ ਅਜਿਹੀ ਵਿਉਂਤ ਘੜਨ ਵਿਚ ਲਗਾ ਰਹਿੰਦਾ ਸੀ ਜਿਸ ਨਾਲ ਮਹਾਰਾਜੇ ਦੇ ਬੰਸ ਦਾ ਖ਼ਾਤਮਾ ਕੀਤਾ ਜਾ ਸਕੇ। ਇਸ ਇਰਾਦੇ ਨਾਲ ਇਸੇ ਨ ਆਪਣੇ ਭਰਾ ਗੁਲਾਬ ਸਿੰਘ ਨੂੰ ਜੰਮੂ ਤੋਂ ਬੁਲਾ ਲਿਆ ਜੋ ਕੁਝ ਸਮਾਂ ਪਹਿਲਾਂ ਉਥੋਂ ਦਾ ਰਾਜਾ ਬਣ ਚੁਕਿਆ ਸੀ। ਖੜਕ ਸਿੰਘ ਦੇ ਵਿਰੁੱਧ ਇਹ ਅਫਵਾਹ ਫੈਲਾ ਦਿੱਤੀ ਕਿ ਇਹ ਮਹਾਰਾਜਾ ਸਿੱਖ ਰਾਜ ਨੂੰ ਅੰਗਰੇਜ਼ਾਂ ਦੇ ਅਧੀਨ ਕਰਨ ਨੂੰ ਤਿਆਰ ਬੈਠਾ ਹੈ ਅਤੇ ਉਸ ਨੇ ਵਜ਼ੀਰ ਚੇਤ ਸਿੰਘ ਦੀ ਸਲਾਹ ਨਾਲ ਇਹ ਇਰਾਦਾ ਬਣਾਇਆ ਹੈ। ਕੰਵਰ ਨੌਨਿਹਾਲ ਸਿੰਘ ਉਸ ਵੇਲੇ ਪਿਸ਼ਾਵਰ ਵਿਚ ਸੀ। ਉਸ ਵੱਲ ਰਾਜਾ ਗੁਲਾਬ ਸਿੰਘ ਨੂੰ ਭੇਜਿਆ ਗਿਆ। ਰਾਜਾ ਗੁਲਾਬ ਸਿੰਘ ਨੇ ਰਸਤੇ ਵਿਚ ਆਉਂਦਿਆਂ ਕੰਵਲ ਨੌਨਿਹਾਲ ਸਿੰਘ ਦੇ ਇੰਨੇ ਕੰਨ ਭਰੇ ਕਿ ਉਹ ਲਾਹੌਰ ਪਹੁੰਚਣ ਤਕ ਮਹਾਰਾਜਾ ਖੜਕ ਸਿੰਘ ਦਾ ਕੱਟੜ ਵਿਰੋਧੀ ਬਣ ਗਿਆ।
ਪਹਿਲਾਂ ਤੋਂ ਰਚੀ ਹੋਈ ਸਾਜ਼ਸ਼ ਨੂੰ ਸਿਰੇ ਚੜ੍ਹਾਉਣ ਵਾਸਤੇ ਡੋਗਰੇ ਭਰਾ ਜਿਨ੍ਹਾਂ ਵਿਚ ਗੁਲਾਬ ਸਿੰਘ ਵੀ ਸ਼ਾਮਲ ਸੀ ਮਹਾਰਾਜਾ ਖੜਕ ਸਿੰਘ ਦੇ ਮਹਿਲ ਵਿਚ ਦਾਖਲੇ ਹੋਏ। ਮਹਾਰਾਜਾ ਖੜਕ ਸਿੰਘ ਇਨ੍ਹਾਂ ਨੂੰ ਵੇਖ ਕੇ ਹੈਰਾਨ ਹੋ ਗਿਆ। ਉਥੇ ਪਹਿਲਾਂ ਚੇਤ ਸਿੰਘ ਬਾਜਵਾ ਨੂੰ ਕਤਲ ਕੀਤਾ ਗਿਆ ਅਤੇ ਮਹਾਰਾਜਾ ਖੜਕ ਸਿੰਘ ਨੂੰ ਨਜ਼ਰਬੰਦ ਕਰ ਕੇ ਕੰਵਰ ਨੌਨਿਹਾਲ ਸਿੰਘ ਦੇ ਮਹਾਰਾਜਾ ਬਣਨ ਦਾ ਐਲਾਨ ਕੀਤਾ ਗਿਆ। ਡੋਗਰੇ ਭਰਾਵਾਂ ਨੇ ਨਜ਼ਰਬੰਦ ਖੜਕ ਸਿੰਘ ਨੂੰ ਹੌਲੀ ਹੌਲੀ ਖਤਮ ਕਰਨ ਵਾਲਾ ਜ਼ਹਿਰ ਦੇਣਾ ਸ਼ੁਰੂ ਕਰ ਦਿਤਾ। ਫਲਸਰੂਪ 5 ਨਵੰਬਰ, 1840 ਨੂੰ ਮਹਾਰਾਜਾ ਖੜਕ ਸਿੰਘ ਦੀ ਮੌਤ ਹੋ ਗਈ। ਕੰਵਰ ਨੌਨਿਹਾਲ ਸਿੰਘ ਜਦ ਮਹਾਰਾਜਾ ਖੜਕ ਸਿੰਘ ਦੇ ਦਾਹ ਸੰਸਕਾਰ ਤੋਂ ਵਾਪਸ ਆ ਰਿਹਾ ਸੀ ਤਾਂ ਉਸ ਉੱਤੇ ਹਜੂਰੀ ਦਰਵਾਜ਼ੇ ਦੀ ਡਾਟ ਡੇਗੀ ਗਈ। ਇਹ ਵੀ ਇਕ ਸਾਜ਼ਸ਼ ਦਾ ਸਿੱਟਾ ਸੀ ਪਰ ਕਈ ਇਤਿਹਾਸਕਰ ਇਸ ਨੂੰ ਸਾਜ਼ਸ਼ ਨਹੀਂ ਮੰਨਦੇ। ਕੰਵਰ ਦੇ ਨਾਲ ਰਾਜਾ ਗੁਲਾਬ ਸਿੰਘ ਦਾ ਇਕਲੌਤਾ ਪੁੱਤਰ ਮੀਆਂ ਊਧਮ ਸਿੰਘ ਵੀ ਸੀ। ਬੇਸ਼ਕ ਕੰਵਰ ਨੌਨਿਹਾਲ ਸਿੰਘ ਦੇ ਸਿਰ ਵਿਚ ਸੱਟ ਬਹੁਤੀ ਗੰਭੀਰ ਨਹੀਂ ਸੀ ਪਰ ਫਿਰ ਵੀ ਸਾਜ਼ਸ਼ ਨੂੰ ਸਿਰੇ ਚੜ੍ਹਾਉਣ ਖਾਤਰ ਕੰਵਰ ਦੀ ਵੀ ਮੌਤ ਦਾ ਕਾਰਨ ਇਹ ਡੋਗਰੇ ਭਰਾ ਹੀ ਬਣੇ। ਕੁਝ ਚਿਰ ਲਈ ਰਾਣੀ ਚੰਦ ਕੌਰ ਰਾਜ ਕਰਦੀ ਰਹੀ ਜਿਸ ਨੂੰ ਸੰਧਾਵਾਲੀਆ ਸਰਦਾਰਾਂ ਦੀ ਹਮਾਇਤ ਪ੍ਰਾਪਤ ਸੀ। ਰਾਜਾ ਗੁਲਾਬ ਸਿੰਘ ਰਾਣੀ ਦਾ ਵਜ਼ੀਰ ਬਣ ਕੇ ਲਾਹੌਰ ਰਿਹਾ ਪਰ ਅੰਦਰੋਂ ਸ਼ੇਰ ਸਿੰਘ ਅਤੇ ਧਿਆਨ ਸਿੰਘ ਲਈ ਕੰਮ ਕਰਦਾ ਰਿਹਾ ਅਤੇ ਖਾਲਸਾ ਸਿਪਾਹੀਆਂ ਅਤੇ ਸਰਦਾਰਾਂ ਤੋਂ ਸ਼ੇਰ ਸਿੰਘ ਦੀ ਹਮਾਇਤ ਦਾ ਭਰੋਸਾ ਵੀ ਪ੍ਰਾਪਤ ਕਰਨ ਵਿਚ ਕਾਮਯਾਬ ਰਿਹਾ।
ਰਾਜਾ ਗੁਲਾਬ ਸਿੰਘ ਨਹੀਂ ਸੀ ਚਾਹੁੰਦਾ ਕਿ ਸ਼ੇਰ ਸਿੰਘ, ਧਿਆਨ ਸਿੰਘ ਦੀ ਸਹਾਇਤਾ ਤੋਂ ਬਿਨਾ ਹੀ ਗੱਦੀ ਸਾਂਭ ਲਵੇ ਇਸ ਲਈ ਇਸ ਨੇ ਕਿਲੇ ਵਿਚ ਆਪਣੀ ਸਥਿਤੀ ਮਜ਼ਬੂਤ ਕਰ ਲਈ ਅਤੇ ਸ਼ੇਰ ਸਿੰਘ ਨੂੰ ਦਾਖਲ ਹੋਣ ਤੋਂ ਰੋਕੀ ਰਖਿਆ। ਰਾਜਾ ਸੁਚੇਤ ਸਿੰਘ ਅਤੇ ਜਨਰਲ ਵੈਨਤੂਰਾ ਮਹਾਰਾਜਾ ਸ਼ੇਰ ਸਿੰਘ ਦੇ ਨਾਲ ਮਿਲ ਗਏ। ਸਿੱਖ ਸਿਪਾਹੀ ਬੇਤਾਬ ਹੋ ਗਏ। ਇਸ ਲਈ ਉਨ੍ਹਾਂ ਨੇ ਰਾਤ ਨੂੰ ਪਹਿਰੇਦਾਰਾਂ ਤੋਂ ਗੇਟ ਖੁਲ੍ਹਵਾ ਕੇ ਸਾਰੇ ਸ਼ਹਿਰ ਤੇ ਕਬਜ਼ਾ ਕਰ ਲਿਆ ਤੇ ਕਿਲੇ ਨੂੰ ਘੇਰਾ ਪਾ ਲਿਆ। ਕਿਲੇ ਦੀ ਰਾਖੀ ਕਰ ਰਹੀਆਂ ਫੌਜਾਂ ਨੇ ਪੰਜ ਦਿਨ ਮੁਕਾਬਲਾ ਕੀਤਾ। ਪੰਜਵੇਂ ਦਿਨ ਦੀ ਸ਼ਾਮ ਨੂੰ ਧਿਆਨ ਸਿੰਘ ਸ਼ਾਹਦਰੇ ਤੋਂ ਕੁਝ ਦੂਰ ਆ ਬੈਠਿਆ। ਮਹਾਰਾਜਾ ਸ਼ੇਰ ਸਿੰਘ ਨੇ ਰਾਜਾ ਗੁਲਾਬ ਸਿੰਘ ਨਾਲ ਗੱਲਬਾਤ ਕਰਨ ਦੀ ਇੱਛਾ ਪ੍ਰਗਟ ਕੀਤੀ ਪਰ ਗੁਲਾਬ ਸਿੰਘ ਨੇ ਆਪਣੇ ਭਰਾ ਨੂੰ ਵਿਚੋਲਾ ਬਣਾਏ ਬਿਨਾ ਕੋਈ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।
ਮਹਾਰਾਜਾ ਸ਼ੇਰ ਸਿੰਘ ਨੇ ਆਦਰ ਨਾਲ ਧਿਆਨ ਸਿੰਘ ਨੂੰ ਬੁਲਵਾਇਆ। ਸ਼ਾਂਤੀ ਦੀ ਗੱਲਬਾਤ ਸ਼ੁਰੂ ਹੋਈ। ਗੁਲਾਬ ਸਿੰਘ ਨੇ ਰਾਜਾ ਹੀਰਾ ਸਿੰਘ ਨੂੰ ਰਾਣੀ ਚੰਦ ਕੌਰ ਵੱਲੋਂ ਪ੍ਰਤਿਨਿਧੀ ਥਾਪਿਆ। ਸਮਝੌਤੇ ਦੀਆਂ ਸ਼ਰਤਾਂ ਸਨ ਕਿ ਰਾਣੀ ਕਿਲਾ ਖਾਲੀ ਕਰ ਦੇਵੇਗੀ ਅਤੇ ਮਹਾਰਾਜਾ ਸ਼ੇਰ ਸਿੰਘ ਰਾਣੀ ਚੰਦ ਕੌਰ ਨੂੰ ਜੰਮੂ ਦੇ ਇਲਾਕੇ ਨਾਲ ਲਗਦੀ ਨੌਂ ਲੱਖ ਦੀ ਜਾਗੀਰ ਦੇਵੇਗਾ ਜਿਸ ਦਾ ਮੁਖ਼ਤਿਆਰ ਗੁਲਾਬ ਸਿੰਘ ਹੋਵੇਗਾ ਸ਼ੇਰ ਸਿੰਘ ਰਾਣੀ ਚੰਦ ਕੌਰ ਤੇ ਚਾਦਰ ਨਹੀਂ ਪਾਵੇਗਾ, ਡੋਗਰਾ ਫੌਜਾਂ ਨੂੰ ਬਿਨਾਂ ਨੁਕਸਾਨ ਪਹੁੰਚਾਏ ਜਾਣ ਦਿੱਤਾ ਜਾਵੇਗਾ।
ਇਸ ਸਮਝੌਤੇ ਅਧੀਨ ਰਾਜਾ ਗੁਲਾਬ ਸਿੰਘ ਨੇ ਰਾਣੀ ਚੰਦ ਕੌਰ ਦੀਆਂ ਸਾਰੀਆਂ ਕੀਮਤੀ ਚੀਜ਼ਾਂ ਸੰਭਾਲਣ ਦੇ ਬਹਾਨੇ ਚੁਕ ਲਈਆਂ ਅਤੇ ਸ਼ਾਹੀ ਖਜ਼ਾਨੇ ਵਿਚੋਂ ਮਹਾਰਾਜਾ ਰਣਜੀਤ ਸਿੰਘ ਦਾ ਸਾਰਾ ਖਜ਼ਾਨਾ ਚੁਕਵਾ ਕੇ ਨਾਲ ਲੈ ਲਿਆ। ਚਾਂਦੀ ਦੇ ਰੁਪਿਆਂ ਦੇ 16 ਗੱਡੇ ਅਤੇ 500 ਘੋੜਸਵਾਰਾਂ ਵਿਚੋਂ ਹਰ ਇਕ ਕੋਲ ਸੋਨੇ ਦੀਆਂ ਮੋਹਰਾਂ ਦਾ ਥੈਲਾ ਸੀ। ਇਸ ਤੋਂ ਇਲਾਵਾ ਚੰਗੇ ਘੋੜੇ ਤੇ ਕੀਮਤੀ ਬਸਤਰ ਵੀ ਗੁਲਾਬ ਸਿੰਘ ਨੇ ਖਿਸਕਾ ਲਏ। ਇਸ ਨੇ ਜਾਂਦੇ ਹੋਏ ਨਵੇਂ ਮਹਾਰਾਜੇ ਤੋਂ ਆਦਰ ਸਹਿਤ ਵਿਦਾ ਲਈ।
ਮਹਾਰਾਜਾ ਸ਼ੇਰ ਸਿੰਘ, ਰਾਣੀ ਚੰਦ ਕੌਰ ਨਾਲ ਵਿਆਹ ਕਰਵਾਉਂਣਾ ਚਾਹੁੰਦਾ ਸੀ। ਰਾਣੀ ਚੰਦ ਕੌਰ ਵੀ ਸ਼ਾਇਦ ਇਸ ਲਈ ਰਜ਼ਾਮੰਦ ਹੋ ਜਾਂਦੀ ਪਰ ਗੁਲਾਬ ਸਿੰਘ ਨੇ ਉਸ ਦੇ ਮਨ ਵਿਚ ਡਰ ਪਾ ਦਿੱਤਾ ਕਿ ਸ਼ੇਰ ਸਿੰਘ ਉਸ ਨੂੰ ਤਬਾਹ ਕਰਨ ਲਈ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਦੂਜੇ ਪਾਸੇ ਸ਼ੇਰ ਸਿੰਘ ਨੂੰ ਭੜਕਾਇਆ ਕਿ ਰਾਣੀ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਬਦਨਾਮ ਪੁੱਤਰ ਸਮਝ ਕੇ ਨਫ਼ਰਤ ਕਰਦੀ ਹੈ। ਇਸ ਕਰ ਕੇ ਸ਼ੇਰ ਸਿੰਘ ਨੇ ਰਾਣੀ ਚੰਦ ਕੌਰ ਨੂੰ ਗੋਲੀਆਂ ਹੱਥੋਂ ਮਰਵਾ ਦਿੱਤਾ।
ਮਹਾਰਾਜਾ ਸ਼ੇਰ ਸਿੰਘ ਦੇ ਕਤਲ ਪਿੱਛੋਂ ਮਹਾਰਾਜਾ ਦਲੀਪ ਸਿੰਘ ਗੱਦੀ ਤੇ ਬੈਠਾ ਤਾਂ ਰਾਜਾ ਹੀਰਾ ਸਿੰਘ ਅਤੇ ਰਾਜਾ ਸੁਚੇਤ ਸਿੰਘ ਵਿਚਕਾਰ ਵਜ਼ਾਰਤ ਲਈ ਝਗੜਾ ਹੋ ਗਿਆ। ਸਿੱਖ ਫੌਜਾਂ ਅਤੇ ਡੋਗਰਿਆਂ ਵਿਚ ਲੜਾਈ ਹੋਈ ਜਿਸ ਵਿਚ ਸੁਚੇਤ ਸਿੰਘ ਮਾਰਿਆ ਗਿਆ। ਰਾਜਾ ਸੁਚੇਤ ਸਿੰਘ ਦੀ ਜਾਇਦਾਦ ਬਾਰੇ ਇਹ ਫੈਸਲਾ ਹੋਇਆ ਕਿ ਹੀਰਾ ਸਿੰਘ ਜੰਮੂ ਚਲਾ ਜਾਏਗਾ ਅਤੇ ਗੁਲਾਬ ਸਿੰਘ ਦੀ ਜਗ੍ਹਾ ਲਾਹੌਰ ਦਰਬਾਰ ਵਿਚ ਇਸ ਦਾ ਵੱਡਾ ਲੜਕਾ ਮੀਆਂ ਸੋਹਣ ਇਸ ਦੀ ਜਗ੍ਹਾ ਲਵੇਗਾ।
ਦਲੀਪ ਸਿੰਘ ਦੀ ਨਾਬਾਲਗੀ ਸਮੇਂ ਰਾਣੀ ਜਿੰਦਾਂ ਰਾਜ ਕਰਨ ਲਗੀ ਤੇ ਉਸ ਨੇ ਜਵਾਹਰ ਸਿੰਘ ਨੂੰ ਵਜ਼ੀਰ ਤੇ ਸਲਾਹਕਾਰ ਥਾਪਿਆ ਕਿਉਂਕਿ ਭਾਈ ਵੀਰ ਸਿੰਘ ਅਤੇ ਕੰਵਰ ਕਸ਼ਮੀਰਾ ਸਿੰਘ ਨੂੰ ਮਾਰਨ ਕਰ ਕੇ ਰਾਜਾ ਹੀਰਾ ਸਿੰਘ ਬਦਨਾਮ ਹੋ ਚੁਕਿਆ ਸੀ। ਇਸ ਲਈ ਜਵਾਹਰ ਸਿੰਘ ਦੀ ਅਗਵਾਈ ਵਿਚ ਸਿੱਖ ਫੌਜਾਂ ਨੇ ਉਸ ਨੂੰ ਜੰਮੂ ਵੱਲ ਦੌੜਦਿਆਂ ਕਤਲ ਕਰ ਦਿੱਤਾ।
ਜਵਾਹਰ ਸਿੰਘ ਦੇ ਵਜ਼ੀਰ ਬਣਨ ਤੇ ਰਾਜਾ ਗੁਲਾਬ ਸਿੰਘ ਨੂੰ ਤਿੰਨ ਕਰੋੜ ਜੁਰਮਾਨਾ ਲਾਇਆ ਗਿਆ ਅਤੇ ਇਸ ਦੇ ਭਰਾ ਰਾਜਾ ਸੁਚੇਤ ਸਿੰਘ ਅਤੇ ਭਤੀਜੇ ਰਾਜਾ ਹੀਰਾ ਸਿੰਘ ਦੀ ਜਾਇਦਾਦ ਬਹਾਲ ਕਰਨ ਲਈ ਕਿਹਾ ਗਿਆ। ਗੁਲਾਬ ਸਿੰਘ ਸਿੱਖ ਫੌਜਾਂ ਦੀ ਚੜ੍ਹਤ ਵੇਖ ਕੇ ਡਰ ਗਿਆ ਅਤੇ ਲਾਹੌਰ ਵਿਖੇ ਪੇਸ਼ ਹੋ ਗਿਆ। ਰਾਣੀ ਜਿੰਦਾਂ ਨੇ ਇਸ ਨੂੰ ਮਾਫ ਕਰ ਦਿੱਤਾ। ਜਵਾਹਰ ਸਿੰਘ ਨੇ ਵਜ਼ੀਰ ਬਣਨ ਤੇ ਰਾਜਾ ਗੁਲਾਬ ਸਿਘ ਤੋਂ ਫੇਰ ਪੁੱਛਗਿਛ ਸ਼ੁਰੂ ਕਰ ਦਿੱਤੀ। ਇਸ ਨੇ ਆਪਣੀ ਸਥਿਤੀ ਡਾਵਾਂ ਡੋਲ ਵੇਖ ਕੇ ਜੰਮੂ ਵਾਪਸ ਜਾਣਾ ਠੀਕ ਸਮਝਿਆ ਅਤੇ ਕਈ ਲੱਖ ਰੁਪਿਆ ਜੁਰਮਾਨਾ ਅਤੇ ਸੁਚੇਤ ਸਿੰਘ ਦਾ ਇਲਾਕਾ ਦੇਣਾ ਮੰਨ ਲਿਆ।
ਦਲੀਪ ਸਿੰਘ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰਾਂ ਵਿਚੋਂ ਕੰਵਰ ਪਿਸ਼ੌਰਾ ਸਿੰਘ ਅਜੇ ਜਿਉਂਦਾ ਸੀ। ਗੁਲਾਬ ਸਿੰਘ ਨੇ ਉਸ ਨੂੰ ਗੱਦੀ ਤੇ ਹੱਕ ਜਤਾਉਣ ਲਈ ਉਕਾਸਉਣਾ ਸ਼ੁਰੂ ਕਰ ਦਿੱਤਾ। ਜਵਾਹਰ ਸਿੰਘ ਨੇ ਚਤਰ ਸਿੰਘ ਅਟਾਰੀਵਾਲਾ ਦੀ ਅਗਵਾਈ ਹੇਠ ਫ਼ੌਜ਼ ਭੇਜ ਕੇ ਉਸ ਨੂੰ ਮਰਵਾ ਦਿੱਤਾ ਪਰ ਸਿੱਖ ਫੌਜਾਂ ਨੇ ਇਸ ਦੇ ਬਦਲੇ ਜਵਾਹਰ ਸਿੰਘ ਨੂੰ ਕਤਲ ਕਰ ਦਿੱਤਾ। ਇਸ ਤਰ੍ਹਾਂ ਗੁਲਾਬ ਸਿੰਘ ਜਵਾਹਰ ਸਿੰਘ ਦਾ ਕੰਢਾ ਕਢਵਾਉਣ ਵਿਚ ਤਾਂ ਸਫ਼ਲ ਹੋ ਗਿਆ ਪਰ ਵਜ਼ਾਰਤ ਫ਼ੌਜੀ ਪੰਚਾਂ ਦੇ ਹੱਥ ਵਿਚ ਚਲੀ ਗੲੀ।
ਸੰਨ 1845 ਵਿਚ ਅੰਗਰੇਜ਼ਾਂ ਨਾਲ ਲੜਾਈ ਵਿਚ ਸਿੱਖਾਂ ਨੂੰ ਹਾਰ ਹੋਣ ਪਿੱਛੋਂ ਰਾਜਾ ਗੁਲਾਬ ਸਿੰਘ ਨੂੰ ਵਫ਼ਦ ਦਾ ਮੁਖੀ ਬਣਾ ਕੇ ਅੰਗਰੇਜ਼ਾਂ ਨਾਲ ਗੱਲਬਾਤ ਲਈ ਭੇਜਿਆ ਗਿਆ। ਗਵਰਨਰ ਜਨਰਲ ਨੇ ਰਾਜਾ ਗੁਲਾਬ ਸਿੰਘ ਦਾ ਆਦਰ ਕੀਤਾ ਅਤੇ ਜੰਗ ਵਿਚ ਇਕ ਪਾਸੇ ਰਹਿਣ ਕਰ ਕੇ ਭਰਪੂਰ ਸ਼ਲਾਘਾ ਵੀ ਕੀਤੀ। ਰਾਜਾ ਗੁਲਾਬ ਸਿੰਘ ਨੇ ਵਿਚ ਪੈ ਕੇ ਦੋਵੇਂ ਧਿਰਾਂ ਦਾ ਸਮਝੌਤਾ ਕਰਵਾ ਦਿੱਤਾ। ਬਾਲਕ ਮਹਾਰਾਜਾ ਦਲੀਪ ਸਿੰਘ ਨੇ ਅੰਗਰੇਜ਼ਾਂ ਦੀ ਅਧੀਨਗੀ ਮੰਨ ਲਈ ਅਤੇ ਅੰਗਰੇਜ਼ਾਂ ਨੇ ਆਪਣੇ ਵੱਲੋਂ ਉਸ ਨੂੰ ਪੰਜਾਬ ਦਾ ਮਹਾਰਾਜਾ ਮੰਨ ਲਿਆ। ਰਾਜਾ ਗੁਲਾਬ ਸਿੰਘ ਦੀਆਂ ਸੇਵਾਵਾਂ ਬਦਲੇ ਮਹਾਰਾਜਾ ਦਲੀਪ ਸਿੰਘ ਨੇ ਉਸ ਨੂੰ ਅੰਗਰੇਜ਼ਾਂ ਵੱਲੋਂ ਮਿਲਣ ਵਾਲੇ ਇਲਾਕਿਆਂ ਦਾ ਖ਼ੁਦਮੁਖ਼ਤਿਆਰ ਰਾਜਾ ਮੰਨ ਲਿਆ। ਅੰਗਰੇਜ਼ਾਂ ਨੇ ਉਸ ਨੂੰ ਸਿੰਧ ਦੇ ਪੂਰਬ ਅਤੇ ਰਾਵੀ ਦੇ ਪੱਛਮ ਵੱਲ ਦਾ ਚੰਬੇ ਸਮੇਤ ਸਾਰਾ ਪਹਾੜੀ ਇਲਾਕਾ ਦੇ ਦਿੱਤਾ। ਇਸ ਨੇ ਅੰਗਰੇਜ਼ ਸਰਕਾਰ ਤੋਂ 75 ਲੱਖ ਰੁਪਏ ਬਦਲੇ ਕਸ਼ਮੀਰ ਦਾ ਇਲਾਕਾ ਵੀ ਲੈ ਲਿਆ। ਇਸ ਦਾ ਦੇਹਾਂਤ 7 ਅਗਸਤ, 1857 ਨੂੰ ਹੋਇਆ। ਇਸ ਦੇ ਪਿੱਛੋਂ ਇਸ ਦਾ ਬੰਸ ਜੰਮੂ ਕਸ਼ਮੀਰ ਤੇ ਰਾਜ ਕਰਦਾ ਰਿਹਾ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1723, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-13-12-03-31, ਹਵਾਲੇ/ਟਿੱਪਣੀਆਂ: ਹ. ਪੁ. –ਹਿ. ਪੰ.-ਲਤੀਫ, ਹਿ. ਸਿ.-ਖੁਸ਼ਵੰਤ ਸਿੰਘ ਮਹਰਾਜਾ ਦਲੀਪ ਸਿੰਘ–ਸੀਤਲ
ਵਿਚਾਰ / ਸੁਝਾਅ
Please Login First