ਚਾਬੀਆਂ ਦਾ ਮੋਰਚਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਚਾਬੀਆਂ ਦਾ ਮੋਰਚਾ: ਦਰਬਾਰ ਸਾਹਿਬ ਅੰਮ੍ਰਿਤਸਰ ਦੇ ਤੋਸ਼ਾਖ਼ਾਨਾ ਦੀਆਂ ਚਾਬੀਆਂ ਨਾਲ ਸੰਬੰਧਿਤ ਇਸ ਮੋਰਚੇ ਦਾ ਕਾਰਣ ਇਹ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਰਬਾਰ ਸਾਹਿਬ ਦੀ ਪ੍ਰਬੰਧਕੀ ਵਿਵਸਥਾ ਚਲਾਉਣ ਲਈ ਪਹਿਲਾਂ ਕੰਮ ਕਰ ਰਹੇ ਸਰਬਰਾਹ ਸ. ਸੁੰਦਰ ਸਿੰਘ ਰਾਮਗੜ੍ਹੀਆ ਨੂੰ ਹੀ ਆਪਣੀ ਜ਼ਿੰਮੇਵਾਰੀ ਜਾਰੀ ਰਖਣ ਦੀ ਪ੍ਰਵਾਨਗੀ ਦਿੱਤੀ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੋਚਿਆ ਕਿ ਤੋਸ਼ਾਖ਼ਾਨੇ ਦੀਆਂ ਚਾਬੀਆਂ ਕਮੇਟੀ ਦੇ ਪ੍ਰਧਾਨ ਪਾਸ ਰਹਿਣੀਆਂ ਚਾਹੀਦੀਆਂ ਹਨ, ਤਾਂ ਉਨ੍ਹਾਂ ਨੇ ਸ. ਸੁੰਦਰ ਸਿੰਘ ਤੋਂ ਚਾਬੀਆਂ ਲੈਣ ਦਾ ਫ਼ੈਸਲਾ ਕੀਤਾ। ਇਸ ਗੱਲ ਦਾ ਜਦੋਂ ਡਿਪਟੀ ਕਮਿਸ਼ਨਰ ਨੂੰ ਪਤਾ ਲਗਾ ਤਾਂ ਉਸ ਨੇ 7 ਨਵੰਬਰ 1921 ਈ. ਨੂੰ ਲਾ. ਅਮਰਨਾਥ ਈ.ਏ.ਸੀ. ਨੂੰ ਭੇਜ ਕੇ ਸੁੰਦਰ ਸਿੰਘ ਤੋਂ ਚਾਬੀਆਂ ਲੈ ਲਈਆਂ। 11 ਨਵੰਬਰ ਨੂੰ ਸਰਕਾਰ ਨੇ ਕਪਤਾਨ ਬਹਾਦਰ ਸਿੰਘ ਨੂੰ ਨਵਾਂ ਸਰਬਰਾਹ ਬਣਾ ਕੇ ਉਸ ਹੱਥ ਚਾਬੀਆਂ ਭੇਜੀਆਂ ਪਰ ਉਸ ਨੂੰ ਸ਼੍ਰੋਮਣੀ ਕਮੇਟੀ ਨੇ ਸਰਬਰਾਹ ਮੰਨਣੋਂ ਇਨਕਾਰ ਕਰ ਦਿੱਤਾ। 12 ਨਵੰਬਰ 1921 ਈ. ਨੂੰ ਬਾਗ਼-ਅਕਾਲੀ, ਅੰਮ੍ਰਿਤਸਰ ਵਿਚ ਰੋਸ ਸਭਾ ਬੁਲਾਈ ਗਈ ਜਿਸ ਨੂੰ ਬਾਬਾ ਖੜਕ ਸਿੰਘ ਅਤੇ ਹੋਰ ਅਕਾਲੀਆਂ ਲੀਡਰਾਂ ਨੇ ਸੰਬੋਧਨ ਕੀਤਾ। ਹੋਰ ਵੀ ਕਈ ਨਗਰਾਂ ਵਿਚ ਰੋਸ-ਸਭਾਵਾਂ ਹੋਈਆਂ। ਕਪਤਾਨ ਬਹਾਦਰ ਸਿੰਘ ਨੇ ‘ਸਰਬਰਾਹ’ ਪਦ ਤੋਂ ਅਸਤੀਫ਼ਾ ਦੇ ਦਿੱਤਾ।

          26 ਨਵੰਬਰ 1921 ਈ. ਨੂੰ ਡਿਪਟੀ ਕਮਿਸ਼ਨਰ ਨੇ ਅਜਨਾਲੇ ਵਿਚ ਆਯੋਜਿਤ ਇਕ ਦੀਵਾਨ ਵਿਚੋਂ ਪਹਿਲਾਂ ਸ. ਦਾਨ ਸਿੰਘ ਵਛੋਆ ਅਤੇ ਸ. ਜਸਵੰਤ ਸਿੰਘ ਝਬਾਲ ਨੂੰ ਫੜ ਲਿਆ ਅਤੇ ਫਿਰ ਉਸ ਦੀਵਾਨ ਨੂੰ ਗ਼ੈਰ-ਕਾਨੂੰਨੀ ਘੋਸ਼ਿਤ ਕਰਕੇ ਬਾਬਾ ਖੜਕ ਸਿੰਘ ਅਤੇ ਮ. ਤਾਰਾ ਸਿੰਘ ਸਮੇਤ ਬਹੁਤ ਸਾਰੇ ਅਕਾਲੀ ਲੀਡਰਾਂ ਨੂੰ ਪਕੜ ਲਿਆ। 27 ਨਵੰਬਰ 1921 ਈ. ਨੂੰ ਸ਼੍ਰੋਮਣੀ ਕਮੇਟੀ ਨੇ ਸਰਕਾਰ ਦੀ ਇਸ ਕਾਰਵਾਈ ਨੂੰ ਤਿਰਸਕਾਰਿਆ ਅਤੇ ਸਿੱਖ ਸਮਾਜ ਨੂੰ ਅਪੀਲ ਕੀਤੀ ਕਿ 4 ਦਸੰਬਰ ਨੂੰ ਸਭ ਪਾਸੇ ਰੋਸ-ਦਿਵਸ ਮੰਨਾਇਆ ਜਾਏ ਅਤੇ ਪਿ੍ਰੰਸ ਆਫ਼ ਵੇਲਜ਼ ਦੇ ਸਵਾਗਤੀ ਸਮਾਗਮਾਂ ਵਿਚ ਬਿਲਕੁਲ ਸ਼ਾਮਲ ਨ ਹੋਇਆ ਜਾਏ। ਸਥਿਤੀ ਨੂੰ ਵਿਗੜਨ ਤੋਂ ਬਚਾਉਣ ਲਈ 11 ਜਨਵਰੀ 1922 ਈ. ਨੂੰ ਸਰ ਜੌਹਨ ਮੇਨਾਰਡ, ਹੋਮ ਮੈਂਬਰ ਨੇ ਚਾਬੀਆਂ ਵਾਪਸ ਕਰਨ ਅਤੇ ਗ੍ਰਿਫ਼ਤਾਰ ਕੀਤੇ ਗਏ ਸਿੱਖਾਂ ਨੂੰ ਮੁਕਤ ਕਰਨ ਦੀ ਘੋਸ਼ਣਾ ਕਰ ਦਿੱਤੀ। 17 ਜਨਵਰੀ ਨੂੰ ਕੈਦ ਕੀਤੇ ਸਿੱਖਾਂ ਨੂੰ ਰਿਹਾ ਕੀਤਾ ਗਿਆ। 19 ਜਨਵਰੀ 1922 ਈ. ਨੂੰ ਅਕਾਲ ਤਖ਼ਤ ਦੇ ਸਾਹਮਣੇ ਦੀਵਾਨ ਸਜਾਇਆ ਗਿਆ ਜਿਸ ਵਿਚ ਇਕ ਸਰਕਾਰੀ ਅਧਿਕਾਰੀ ਚਾਬੀਆਂ ਲੈ ਕੇ ਆਇਆ ਅਤੇ ਬਾਬਾ ਖੜਕ ਸਿੰਘ ਨੇ ਸੰਗਤ ਤੋਂ ਆਗਿਆ ਲੈ ਕੇ ਚਾਬੀਆਂ ਨੂੰ ਗ੍ਰਹਿਣ ਕੀਤਾ। ਅਕਾਲੀਆਂ ਦੀ ਇਸ ਜਿਤ ਦਾ ਦੇਸ਼ ਭਰ ਵਿਚ ਜੈਜੈਕਾਰ ਹੋਇਆ। ਮਹਾਤਮਾ ਗਾਂਧੀ ਨੇ ਇਕ ਤਾਰ ਭੇਜ ਕੇ ਇਸ ਨੂੰ ਭਾਰਤ ਦੀ ਆਜ਼ਾਦੀ ਦੀ ਪਹਿਲੀ ਫ਼ੈਸਲਾਕੁੰਨ ਜਿਤ ਮੰਨਿਆ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5581, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਚਾਬੀਆਂ ਦਾ ਮੋਰਚਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਚਾਬੀਆਂ ਦਾ ਮੋਰਚਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਕਾਰ ਤੋਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਨਾਲ ਸਬੰਧਤ ਤੋਸ਼ਾਖਾਨਾ ਆਦਿ ਦੀਆਂ ਚਾਬੀਆਂ ਲੈਣ ਲਈ ਕੀਤੇ ਸੰਘਰਸ਼ ਨੂੰ ਸਿੱਖ ਇਤਿਹਾਸ ਵਿਚ ਚਾਬੀਆਂ ਦਾ ਮੋਰਚਾ ਕਿਹਾ ਜਾਂਦਾ ਹੈ। ਇਹ ਮੋਰਚਾ 19 ਅਕਤੂਬਰ, 1921 ਤੋਂ ਲੈ ਕੇ 10 ਜਨਵਰੀ, 1922 ਤਕ

ਚਲਿਆ। ਭਾਵੇਂ 20 ਅਪ੍ਰੈਲ, 1921 ਨੂੰ ਸਰਕਾਰ ਨੇ ਦਰਬਾਰ ਸਾਹਿਬ ਦਾ ਪ੍ਰਬੰਧ ਸਿੱਖਾਂ ਦੇ ਹਵਾਲੇ ਕਰ ਦਿੱਤਾ ਸੀ ਪਰੰਤੂ ਸਬੰਧਤ ਚਾਬੀਆਂ ਅਜੇ ਸਰਬਰਾਹ ਸ. ਸੁੰਦਰ ਸਿੰਘ ਰਾਮ ਗੜ੍ਹੀਆ ਪਾਸ ਹੀ ਸਨ। ਸਰਦਾਰ ਸੁੰਦਰ ਸਿੰਘ ਮਜੀਠਾ ਦੇ ਅਸਤੀਫ਼ਾ ਦੇਣ ਤੋਂ ਬਾਅਦ ਜਦੋਂ ਬਾਬਾ ਖੜਕ ਸਿੰਘ ਜੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਤਾਂ ਕਮੇਟੀ ਨੇ 19 ਅਕਤੂਬਰ, 1921 ਨੂੰ ਇਕ ਇਕੱਤਰਤਾ ਕਰ ਕੇ ਸਰਕਾਰ ਤੋਂ ਚਾਬੀਆਂ ਦੀ ਮੰਗ ਕੀਤੀ। ਇਸ ਇਕੱਤਰਤਾ ਵਿਚ ਸ. ਸੁੰਦਰ ਸਿੰਘ ਰਾਮਗੜ੍ਹੀਆ ਵੀ ਸ਼ਾਮਲ ਸੀ। ਸਰਕਾਰ ਨੇ ਨਵੰਬਰ, 1921 ਨੂੰ ਸ. ਸੁੰਦਰ ਸਿੰਘ ਰਾਮਗੜ੍ਹੀਆ ਪਾਸੋਂ ਸ੍ਰੀ ਦਰਬਾਰ ਸਾਹਿਬ ਦੀਆਂ ਚਾਬੀਆਂ ਆਪਣੇ ਕਬਜ਼ੇ ਵਿਚ ਕਰ ਲਈਆਂ ਅਤੇ ਸ਼੍ਰੋਮਣੀ ਕਮੇਟੀ ਨੁੂੰ ਸਿੱਖਾਂ ਦੀ ਪ੍ਰਤਿਨਿਧ ਨਾ ਮੰਨਦੇ ਹੋਏ ਚਾਬੀਆਂ ਦੇਣ ਤੋਂ ਇਨਕਾਰ ਕਰ ਦਿੱਤਾ।

11 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਨੇ ਸਰਕਾਰ ਨਾਲ ਨਾ ਮਿਲਵਰਤਣ ਦਾ ਮਤਾ ਪਾਸ ਕੀਤਾ ਅਤੇ ਫ਼ੈਸਲਾ ਕੀਤਾ ਕਿ ਅੰਮ੍ਰਿਤਸਰ ਆਉਣ ਤੇ ਪ੍ਰਿੰਸ ਆਫ਼ ਵੇਲਜ਼ ਦਾ ਬਾਈਕਾਟ ਕੀਤਾ ਜਾਵੇ। ਅੰਮ੍ਰਿਤਸਰ ਸ਼ਹਿਰ ਵਿਚ ਹੜਤਾਲ ਕੀਤੀ ਜਾਵੇ ਅਤੇ ਕਿਸੇ ਗੁਰਦੁਆਰੇ ਵਿਚ ਉਸ ਦਾ ਪ੍ਰਸ਼ਾਦ ਪਰਵਾਨ ਨਾ ਕੀਤਾ ਜਾਵੇ।

ਸਰਕਾਰ ਨੇ ਕੈਪਟਨ ਬਹਾਦਰ ਸਿੰਘ ਨੂੰ ਨਵਾਂ ਸਰਬਰਾਹ ਬਣਾ ਦਿੱਤਾ । 12 ਨਵੰਬਰ, 1921 ਨੂੰ ਸ਼੍ਰੋਮਣੀ ਕਮੇਟੀ ਨੇ ਫ਼ੈਸਲਾ ਕੀਤਾ ਕਿ ਨਵੇਂ ਸਰਬਰਾਹ ਨੂੰ ਗੁਰਦੁਆਰਾ ਪ੍ਰਬੰਧ ਵਿਚ ਦਖ਼ਲ ਨਾ ਦੇਣ ਦਿੱਤਾ ਜਾਵੇ। ਪੰਦਰਾਂ ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਗੁਰਪੁਰਬ ਤੇ ਸਰਬਰਾਹ ਆਇਆ ਪਰ ਉਸ ਨੂੰ ਕਿਸੇ ਨੇ ਨੇੜੇ ਨਾ ਢੁਕਣ ਦਿੱਤਾ।

26 ਨਵੰਬਰ, 1921 ਨੂੰ ਸਰਕਾਰ ਅਤੇ ਅਕਾਲੀਆਂ ਵੱਲੋਂ ਆਪਣਾ ਆਪਣਾ ਪੱਖ ਪੇਸ਼ ਕਰਨ ਲਈ ਅਜਨਾਲੇ ਜਲਸਾ ਰੱਖ ਦਿੱਤਾ ਗਿਆ। 26 ਨਵੰਬਰ ਨੂੰ ਹੀ ਸ਼੍ਰੋਮਣੀ ਕਮੇਟੀ ਵੱਲੋਂ ਵੀ ਅਜਨਾਲੇ ਕਾਨਫ਼ਰੰਸ ਕਰਨ ਦਾ ਫ਼ੈਸਲਾ ਕੀਤਾ ਗਿਆ। 24 ਨਵੰਬਰ ਨੂੰ ਸਰਕਾਰ ਨੇ ਜਲਸਿਆਂ ਉੱਤੇ ਪਾਬੰਦੀ ਲਾ ਦਿੱਤੀ।

26 ਨਵੰਬਰ ਨੂੰ ਸਰਕਾਰ ਨੇ ਅਜਨਾਲੇ ਵਿਚ ਜਲਸਾ ਕੀਤਾ ਪਰ ਅਕਾਲੀਆਂ ਵੱਲੋਂ ਦੀਵਾਨ ਲਾਇਆ ਜਾਣ ਤੇ ਦਾਨ ਸਿੰਘ, ਜਸਵੰਤ ਸਿੰਘ ਝਬਾਲ, ਤੇਜਾ ਸਿੰਘ ਸਮੁੰਦਰੀ, ਬਾਬਾ ਖੜਕ ਸਿੰਘ, ਸ. ਮਹਿਤਾਬ ਸਿੰਘ ਆਦਿ 10 ਮੁਖੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਗ੍ਰਿਫ਼ਤਾਰੀਆਂ ਹੋਣ ਨਾਲ ਇਹ ਲਹਿਰ ਹੋਰ ਤੇਜ਼ ਹੋ ਗਈ। ਗੁਰੂ ਕੇ ਬਾਗ਼ ਅਤੇ ਅਕਾਲ ਤਖ਼ਤ ਰੋਜ਼ ਦੀਵਾਨ ਲਗਣ ਲੱਗੇ। ਗ੍ਰਿਫ਼ਤਾਰੀਆਂ ਹੋਣ ਲੱਗੀਆਂ। ਅਜਨਾਲੇ ਵਿਚ ਕੈਦ ਕੀਤੇ ਸਿੱਖਾਂ ਉੱਤੇ ਮੁਕੱਦਮਾ ਚਲਾਇਆ ਗਿਆ। 6-6 ਮਹੀਨਿਆਂ ਦੀ ਕੈਦ ਅਤੇ ਜੁਰਮਾਨੇ ਕੀਤੇ ਗਏ।

ਇਸ ਮੌਕੇ ਤੇ ਕਾਂਗਰਸ ਅਤੇ ਖਿਲਾਫ਼ਤ ਕਮੇਟੀ ਨੇ ਸਿੱਖਾਂ ਦੀ ਚੰਗੀ ਮਦਦ ਕੀਤੀ। ਕਈ ਦੇਸ਼ ਭਗਤਾਂ ਨੇ ਅਕਾਲ ਤਖ਼ਤ ਤੇ ਪੇਸ਼ ਹੋ ਕੇ ਆਪਣੇ ਆਪ ਨੂੰ ਗ੍ਰਿਫ਼ਤਾਰੀ ਲਈ ਪੇਸ਼ ਕੀਤਾ। ਇਕ ਜਨਵਰੀ, 1922 ਨੂੰ ਸੋਢੀਆਂ, ਬੇਦੀਆਂ ਤੇ ਭੱਲਿਆਂ ਦੀ ਕਾਨਫ਼ਰੰਸ ਨੇ ਵੀ ਸਰਕਾਰ ਦੇ ਵਿਰੁੱਧ ਮਤਾ ਪਾਸ ਕਰ ਦਿੱਤਾ। 6 ਦਸੰਬਰ, 1921 ਨੂੰ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰੋਫ਼ੈਸਰਾਂ ਨੇ ਵੀ ਦੋ ਮਤੇ ਪਾਸ ਕੀਤੇ। (1) ਸ਼੍ਰੋਮਣੀ ਕਮੇਟੀ ਸਿੱਖ ਜਥੇਬੰਦੀ ਹੈ, ਸੋ ਚਾਬੀਆਂ ਉਸੇ ਨੂੰ ਦੋਵੇ (2) ਚਾਬੀਆਂ ਸਬੰਧੀ ਦੀਵਾਨ ਧਾਰਮਕ ਦੀਵਾਨ ਹਨ। ਇਸ ਨਾਲ ਸਰਕਾਰ ਨੂੰ ਬਹੁਤ ਘਾਟਾ ਪਿਆ ਕਿਉਂਕਿ ਇਹ ਬਿਆਨ ਅਖ਼ਬਾਰਾਂ ਵਿਚ ਵੀ ਛਪ ਗਿਆ।

5 ਜਨਵਰੀ, 1922 ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਗੁਰਪੁਰਬ ਤੇ ਸਰਕਾਰ ਨੇ ਚਾਬੀਆਂ ਦੇਣੀਆਂ ਚਾਹੀਆਂ ਪਰ ਅਕਾਲੀਆਂ ਨੇ ਚਾਬੀਆਂ ਲੈਣ ਤੋਂ ਇਨਕਾਰ ਕੀਤਾ ਅਤੇ ਪਹਿਲਾਂ ਕੈਦੀ ਰਿਹਾਅ ਕਰਨ ਦੀ ਸ਼ਰਤ ਰੱਖੀ। 11 ਜਨਵਰੀ, 1922 ਨੂੰ ਸਰਕਾਰ ਨੇ ਸਰ ਜਾਨ ਐਨਾਰਡ ਰਾਹੀਂ ਪੰਜਾਬ ਕੌਂਸਲ ਵਿਚ ਗ੍ਰਿਫ਼ਤਾਰ ਕੀਤੇ ਸਾਰੇ ਸਿੱਖਾਂ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ। 17 ਜਨਵਰੀ, 1922 ਨੂੰ 193 ਵਿਚੋਂ 150 ਨੇਤਾ ਰਿਹਾਅ ਕਰ ਦਿੱਤੇ। 9 ਜਨਵਰੀ ਨੂੰ ਇਹ ਨੇਤਾ ਸ੍ਰੀ ਅੰਮ੍ਰਿਤਸਰ ਪਹੁੰਚੇ। ਸਰਕਾਰ ਨੇ ਆਪਣੇ ਪ੍ਰਤਿਨਿਧ ਭੇਜ ਕੇ ਚਾਬੀਆਂ ਬਾਬਾ ਖੜਕ ਸਿੰਘ ਜੀ ਨੂੰ ਸੌਂਪ ਦਿੱਤੀਆਂ।

ਇਸ ਮੋਰਚੇ ਨੂੰ ਮਹਾਤਮਾ ਗਾਂਧੀ ਨੇ ਆਜ਼ਾਦੀ ਦੀ ਪਹਿਲੀ ਲੜਾਈ ਕਿਹਾ ਅਤੇ ਜਿੱਤ ਲਈ ਵਧਾਈ ਦਿੱਤੀ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3533, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-16-04-40-10, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.