ਚਿਨੂਕ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Chinook (ਚਿਅਨੂਕ) ਚਿਨੂਕ: ਇਕ ਗਰਮ ਖ਼ੁਸ਼ਕ ਪੌਣ, ਜਿਹੜੀ ਰੌਕੀ ਪਹਾੜ ਦੇ ਪੂਰਬੀ ਪਾਸੇ ਸੰਯੁਕਤ ਰਾਜ ਅਮਰੀਕਾ ਅਤੇ ਕਨੇਡਾ ਵਿੱਚ ਸਰਦੀ ਅਤੇ ਬਸੰਤ ਰੁੱਤ ਵਿੱਚ ਚਲਦੀ ਹੈ। ਰੌਕੀ ਪਹਾੜਾਂ (Rockies) ਨੂੰ ਪਾਰ ਕਰਨ ਪਿਛੋਂ ਇਹ ਪੌਣ ਪੂਰਬੀ ਪਾਸੇ ਹੇਠਾਂ ਨੂੰ ਉਤਰਦੀ ਹੈ ਜਿਥੇ ਇਸ ਦਾ ਤਾਪਮਾਨ ਅਚਾਨਕ ਕਾਫ਼ੀ ਵਧ ਜਾਂਦਾ ਹੈ (adiabatically) ਜੋ 15 ਮਿੰਟਾਂ ਵਿੱਚ 17°C ਤੱਕ ਪਹੁੰਚ ਜਾਂਦਾ ਹੈ। ਇਸ ਕਾਰਨ ਇਹ ਖ਼ੁਸ਼ਕ ਵੀ ਹੋ ਜਾਂਦੀ ਹੈ ਜਿਸ ਨਾਲ ਬਰਫ਼ ਪਿਘਲਣ ਲੱਗ ਜਾਂਦੀ ਹੈ ਅਤੇ ਮੌਸਮ ਖ਼ੁਸ਼ਗਵਾਰ ਹੋ ਜਾਂਦਾ ਹੈ। ਇਸ ਨੂੰ ਬਰਫ਼ ਭਖਸੀ (snow eater) ਵੀ ਕਹਿੰਦੇ ਹਨ। ਇਸ ਦੇ ਫਲਸਰੂਪ ਚਰਾਗਾਹਾਂ ਵੀ ਹਰੀਆਂ ਭਰੀਆਂ ਹੋ ਜਾਂਦੀਆਂ ਹਨ। ਕਈ ਵਾਰੀ ਚਿਨੂਕ ਪੌਣ ਨਾ ਚਲਣ ਦੀ ਸੂਰਤ ਵਿਚ ਬਰਫ਼ ਕਾਰਨ ਠੰਢ ਵੀ ਬਹੁਤ ਹੁੰਦੀ ਹੈ ਅਤੇ ਚਰਾਗਾਹਾਂ ਵੀ ਉਪਲਬਧ ਨਹੀਂ ਹੁੰਦੀਆਂ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 939, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਚਿਨੂਕ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ
ਚਿਨੂਕ : ਇਕ ਗਰਮ ਤੇ ਖ਼ੁਸ਼ਕ ਪੌਣ ਹੈ ਜਿਹੜੀ ਉੱਤਰੀ ਅਮਰੀਕਾ ਵਿਚ ਰਾਕੀ ਪਰਬਤਾਂ ਦੀਆਂ ਪੂਰਬੀ ਢਲਾਣਾਂ ਉੱਤੇ ਵਗਦੀ ਹੈ ਅਤੇ ਪਰਬਤਾਂ ਤੇ ਜੰਮੀ ਬਰਫ਼ ਨੂੰ ਪਿਘਲਾ ਮਾਰਦੀ ਹੈ ਅਜਿਹੀ ਕਿਸਮ ਦੀ ਪੌਣ ਨੂੰ ਹੋਰਨਾਂ ਥਾਵਾਂ ਤੇ ਆਮ ਕਰਕੇ ਫਾਨ (Fohn) ਕਿਹਾ ਜਾਂਦਾ ਹੈ। ਇਸ ਪੌਣ ਨੂੰ ਸਿਰਫ਼ ਅਮਰੀਕਾ ਵਿਚ ਹੀ ਚਿਨੂਕ ਕਿਹਾ ਜਾਂਦਾ ਹੈ। ਇਸ ਦਾ ਇਹ ਨਾਂ ਆਰੇਗਾਨ ਰਾਜ ਦੇ ਐਸਟੋਰੀਆ ਸ਼ਹਿਰ ਵਿਚ ਸ਼ਾਂਤ ਮਹਾਂ-ਸਾਗਰ ਵੱਲੋਂ ਆਉਣ ਵਾਲੀ ਗਰਮ-ਤਰ ਹਵਾ ਲਈ ਵਰਤਿਆ ਗਿਆ ਸੀ ਕਿਉਂਕਿ ਇਹ ਹਵਾ ਕੋਲੰਬੀਆ ਦਰਿਆ ਦੇ ਮੁਹਾਣੇ ਤੇ ਚਿਨੂਕ ਇੰਡੀਅਨਜ਼ ਦੇ ਕੈਂਪ ਵੱਲੋਂ ਇਧਰ ਨੂੰ ਵਗਦੀ ਸੀ। ਹੁਣ ਵੀ ਇਹ ਹਵਾ ਸ਼ਾਂਤ ਮਹਾਂਸਾਗਰ ਵਲੋਂ ਦੀ ਰਾਕੀ ਪਰਬਤਾਂ ਦੀਆਂ ਪੱਛਮੀ ਢਲਾਣਾਂ ਵੱਲ ਚਲਦੀ ਹੈ ਜਿਥੇ ਇਹ ਉਪਰ ਉੱਠ ਕੇ ਆਪਣੀ ਨਮੀ ਛੱਡ ਦਿੰਦੀ ਹੈ ਤੇ ਪੂਰਬੀ ਢਲਾਣਾਂ ਦੇ ਨਾਲ ਨਾਲ ਹੇਠਾਂ ਉਤਰਨ ਵੇਲੇ ਇਹ ਗਰਮ ਅਤੇ ਖ਼ੁਸ਼ਕ ਹੋ ਜਾਂਦੀ ਹੈ। ਸਰਦੀ ਦੇ ਮੌਸਮ ਵਿਚ ਇਹ ‘ਗ੍ਰੇਟ ਪਲੇਨਜ਼’ ਵੱਲ ਵਗਦੀ ਹੈ ਜਿਥੇ ਇਹ ਮਹਾਂਦੀਪੀ ਠੰਢੀ ਹਵਾ ਦੇ ਵਾ-ਵਰੋਲੇ ਨੂੰ ਅੱਗੇ ਧੱਕ ਦਿੰਦੀ ਹੈ। ਖ਼ੁਸ਼ਕ ਅਤੇ ਗਰਮ ਹੋਣ ਕਾਰਨ ਇਹ ਪਹਾੜਾਂ ਤੇ ਪਈ ਬਰਫ਼ ਨੂੰ ਪਿਘਲਾ ਦਿੰਦਾ ਹੈ। ਇਸੇ ਕਰਕੇ ਇਸਨੂੰ ‘ਸਨੋਈਟਰ’ (ਬਰਫ਼ ਖਾਣੀ) ਪੌਣ ਵੀ ਕਿਹਾ ਜਾਂਦਾ ਹੈ। ਕਈ ਵੇਰ ਜਿਥੇ ਇਹ ਹਵਾ ਮਹਾਦੀਪੀ ਠੰਢੀ ਹਵਾ ਨਾਲ ਮਿਲਦੀ ਹੈ ਉਥੇ ਮੌਸਮ ਵਿਚ ਭਾਰੀ ਤਬਦੀਲੀਆਂ ਵੇਖੀਆਂ ਜਾਂਦੀਆਂ ਹਨ। 22 ਜਨਵਰੀ, 1943 ਦੇ ਦਿਨ ਦੱਖਣੀ ਡਾਕੋਟਾ ਰਾਜ ਦੇ ਰੈਪਿਡ ਸਿਟੀ ਵਿਚ ਤਾਪਮਾਨ ਇਕ ਦਮ ਘਟਿਆ ਫਿਰ ਇਕ ਵੇਰ ਵਧਿਆ। ਸਵੇਰ ਵੇਲੇ ਤਾਪਮਾਨ 12° ਤੋਂ 9° ਸੈਂ. ਤੇ ਫਿਰ 13° ਸੈਂ ਤਕ ਪਹੁੰਚ ਗਿਆ। 15 ਮਿੰਟਾਂ ਵਿਚ 24° ਸੈਂ. ਦਾ ਭਾਰੀ ਪਰਿਵਰਤਨ ਵੀ ਰਿਕਾਰਡ ਕੀਤਾ ਗਿਆ। ਇਹ ਹਵਾ ਕੁਝ ਘੰਟਿਆਂ ਤੋਂ ਕੁਝ ਹਫ਼ਤਿਆਂ ਤਕ ਚਲਦੀ ਹੈ। ਇਸ ਤੇ ਆਉਣ ਦਾ ਅਨੁਮਾਨ ਉੱਤਰ ਵੱਲ ਦੇ ਘੱਟ ਵਾਯੂ-ਦਬਾਓ ਵਾਲੇ ਚੱਕਰਵਾਤ ਪੂਰਬ ਦੀ ਦਿਸ਼ਾ ਵੱਲ ਵਧਣਾ ਸ਼ੁਰੂ ਕਰਦੇ ਹਨ।
ਹ. ਪੁ.––ਐਨ. ਬ੍ਰਿ. ਮਾ. 2 : 862; ਹਿੰ. ਵਿ. ਕੋ. 4 : 228; ਲਾਂ. ਡਿ. ਜਗ.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 799, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-21, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First