ਜਰਨੈਲ ਸਿੰਘ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਜਰਨੈਲ ਸਿੰਘ (ਫੁਟਬਾਲਰ) (1936-2000 ਈ.): ਭਾਰਤ ਦੇ ਸਰਬੋਚ ਖੇਡ ਪੁਰਸਕਾਰ ‘ਅਰਜਨ ਐਵਾਰਡ’ ਨਾਲ ਸਨਮਾਨਿਤ ਸ. ਜਰਨੈਲ ਸਿੰਘ ਦਾ ਜਨਮ 20 ਫਰਵਰੀ 1636 ਈ. ਨੂੰ ਚੱਕ ਨੰ. 272, ਤਹਿਸੀਲ ਅਤੇ ਜ਼ਿਲ੍ਹਾ ਲਾਇਲਪੁਰ ਵਿਚ ਸ. ਉਜਾਗਰ ਸਿੰਘ ਦੇ ਘਰ ਬੀਬੀ ਗੁਰਬਚਨ ਕੌਰ ਦੀ ਕੁੱਖੋਂ ਹੋਇਆ। ਪ੍ਰਾਇਮਰੀ ਦੀ ਸਿਖਿਆ ਚੱਕ ਨੰ.48 ਤੋਂ ਪ੍ਰਾਪਤ ਕੀਤੀ। ਸੰਨ 1947 ਈ. ਵਿਚ ਦੇਸ਼ ਵੰਡ ਤੋਂ ਬਾਦ ਇਸ ਦਾ ਪਰਿਵਾਰ ਹੁਸ਼ਿਆਰਪੁਰ ਜ਼ਿਲ੍ਹੇ ਦੀ ਗੜ੍ਹਸ਼ੰਕਰ ਤਹਿਸੀਲ ਦੇ ਪਿੰਡ ਪਨਾਮ ਵਿਚ ਆ ਵਸਿਆ। ਇਸ ਨੇ ਸੰਨ 1952 ਈ. ਵਿਚ ਸਰਹਾਲ ਮੁੰਡੀ ਦੇ ਸਕੂਲ ਤੋਂ ਦਸਵੀਂ ਪਾਸ ਕਰਕੇ ਮਾਹਿਲਪੁਰ ਦੇ ਖ਼ਾਲਸਾ ਕਾਲਜ ਵਿਚ ਦਾਖ਼ਲ ਹੋਇਆ। ਕਾਲਜ ਪੜ੍ਹਦਿਆਂ ਇਸ ਨੇ ਤਿੰਨ ਵਾਰ ਅੰਤਰ-ਯੂਨੀਵਰਸਿਟੀ ਮੁਕਾਬਲਿਆਂ ਵਿਚ ਪੰਜਾਬ ਯੂਨੀਵਰਸਿਟੀ ਦੀ ਪ੍ਰਤਿਨਿਧਤਾ ਕੀਤੀ। ਕਾਲਜ ਦੀ ਪੜ੍ਹਾਈ ਤੋਂ ਬਾਦ ਇਸ ਨੇ ਨੈਸ਼ਨਲ ਇਨਸਟੀਚਿਊਟ ਆਫ਼ ਸਪੋਰਟਸ, ਪਟਿਆਲਾ ਵਿਚ ਫੁਟਬਾਲ ਕੋਚ ਦੀ ਸਿਖਲਾਈ ਹਾਸਲ ਕੀਤੀ।

            ਜਰਨੈਲ ਸਿੰਘ ਨੇ ਸੰਨ 1958 ਈ. ਵਿਚ ਰਾਜਸਥਾਨ ਕਲੱਬ ਵਲੋਂ ਆਪਣੇ ਖੇਡ ਜੀਵਨ ਦੀ ਪਾਰੀ ਸ਼ੁਰੂ ਕੀਤੀ ਅਤੇ ਅਗਲੇ ਸਾਲ ਉਹ ਕਲਕੱਤੇ ਦੀ ਪ੍ਰਸਿੱਧ ਫੁਟਬਾਲ ਟੀਮ ‘ਮੋਹਨ ਬਗਾਨ’ ਦਾ ਮੈਂਬਰ ਬਣ ਗਿਆ ਅਤੇ ਉਸ ਟੀਮ ਨੂੰ ਕਾਮਯਾਬੀ ਦੇ ਸਿਖਰਾਂ ਤਕ ਪਹੁੰਚਾਇਆ। ਅੰਤਰ-ਰਾਸ਼ਟਰੀ ਪੱਧਰ ਉਤੇ ਇਸ ਨੇ ਸੰਨ 1958 ਈ. ਤੋਂ 1967 ਈ. ਤਕ ਭਾਰਤੀ ਟੀਮ ਦੀ ਪ੍ਰਤਿਨਿਧਤਾ ਕੀਤੀ। ਸੰਨ 1960 ਈ. ਦੀਆਂ ਰੋਮ ਵਿਚ ਖੇਡੀਆਂ ਗਈਆਂ ਓਲੰਪਿਕ ਖੇਡਾਂ ਵਿਚ ਇਸ ਨੇ ਆਪਣੀ ਖੇਡ ਕਲਾ ਦਾ ਚਮਤਕਾਰ ਵਿਖਾਇਆ ਅਤੇ ‘ਬੈਸਟ ਡਿਫੈਂਡਰ’ ਹੋਣ ਦਾ ਮਾਣ ਪ੍ਰਾਪਤ ਕੀਤਾ। ਸੰਨ 1962 ਈ. ਵਿਚ ਹੋਈਆਂ ਏਸ਼ਿਆਈ ਖੇਡਾਂ ਵਿਚ ਸੋਨ-ਤਗ਼ਮਾ ਜਿਤਣ ਵਿਚ ਇਸ ਨੇ ਅਹਿਮ ਭੂਮਿਕਾ ਨਿਭਾਈ। ਸੰਨ 1960 ਈ. ਵਿਚ ਪ੍ਰੀ-ਓਲੰਪਿਕ ਮੁਕਾਬਲੇ ਵਿਚ ਹਿੱਸਾ ਲੈਣ ਵਾਲੀ ਟੀਮ ਦਾ ਵੀ ਇਹ ਮੈਂਬਰ ਰਿਹਾ। ਸੰਨ 1966 ਈ. ਵਿਚ ਬੈਂਕਾਕ ਵਿਚ ਹੋਈਆਂ ਏਸ਼ਿਆਈ ਖੇਡਾਂ ਵਿਚ ਜਰਨੈਲ ਸਿੰਘ ਭਾਰਤੀ ਟੀਮ ਦਾ ਕਪਤਾਨ ਚੁਣਿਆ ਗਿਆ। ਉਸ ਤੋਂ ਬਾਦ ਇਸ ਨੂੰ ਸੰਨ 1965, 1966 ਅਤੇ 1967 ਈ. ਤਕ ਭਾਰਤੀ ਟੀਮ ਦਾ ਕਪਤਾਨ ਬਣਿਆ ਰਿਹਾ। ਇਸ ਤੋਂ ਇਲਾਵਾ ਸੰਨ 1966 ਈ. ਵਿਚ ਇਸ ਨੂੰ ਏਸ਼ੀਅਨ ਆਲ ਸਟਾਰ ਟੀਮ ਦਾ ਵੀ ਕਪਤਾਨ ਬਣਾਇਆ ਗਿਆ। ਸੰਨ 1967 ਈ. ਵਿਚ ਇਸ ਦੀ ਲਤ ਦਾ ਮਸਲ ਖਿਚਿਆ ਗਿਆ, ਜਿਸ ਕਰਕੇ ਇਸ ਦੀ ਖੇਡ-ਕੁਸ਼ਲਤਾ ਉਤੇ ਅਸਰ ਹੋਇਆ।

            ਸੰਨ 1970 ਈ. ਤੋਂ ਇਹ ਬੰਗਾਲ ਤੋਂ ਪੰਜਾਬ ਵਲ ਪਰਤਿਆ ਅਤੇ ਖੇਡ ਵਿਭਾਗ ਵਿਚ ਨੌਕਰੀ ਸ਼ੁਰੂ ਕਰ ਲਈ। ਇਸ ਨੇ ਬੜੇ ਹਿਤ ਨਾਲ ਪੰਜਾਬੀਆਂ ਨੂੰ ਫੁਟਬਾਲ ਦੀ ਕੋਚਿੰਗ ਦਿੱਤੀ। ਪੰਜਾਬ ਨੂੰ ਫੁਟਬਾਲ ਦੀ ਖੇਡ ਵਿਚ ਚਮਕਾਇਆ।

            ਰਾਸ਼ਟਰੀ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਵਿਚ ਬੰਗਾਲ ਦੀ ਟੀਮ ਨੂੰ 6-0 ਦੇ ਫ਼ਰਕ ਨਾਲ ਹਰਾ ਕੇ ਪੰਜਾਬ ਦਾ ਸਿਰ ਉੱਚਾ ਕੀਤਾ। ਉਸ ਤੋਂ ਬਾਦ ਪੰਜਾਬ ਦਾ ਨਾਂ ਫੁਟਬਾਲ ਦੀ ਖੇਡ ਵਿਚ ਉਭਰ ਕੇ ਸਾਹਮਣੇ ਆ ਗਿਆ। ਇਸ ਨੇ ਖੇਡ ਵਿਭਾਗ ਅਤੇ ਪੰਜਾਬ ਯੂਨੀਵਰਸਿਟੀ ਵਿਚ ਨੌਕਰੀ ਦੌਰਾਨ ਵੀ ਪੰਜਾਬ ਦੀ ਫੁਟਬਾਲ ਟੀਮ ਦੀ ਅਗਵਾਈ ਕੀਤੀ। ਸੇਵਾ-ਮੁਕਤੀ ਤੋਂ ਬਾਦ ਵੀ ਇਸ ਨੇ ਫੁਟਬਾਲ ਦੀ ਖੇਡ ਦੇ ਵਿਕਾਸ ਵਿਚ ਪੂਰੀ ਸ਼ਿਦਤ ਨਾਲ ਰੁਚੀ ਲਈ।

            ਸੰਨ 2000 ਈ. ਵਿਚ ਇਹ ਆਪਣੇ ਪੁੱਤਰ ਨੂੰ ਮਿਲਣ ਲਈ ਕੈਨੇਡਾ ਚਲਾ ਗਿਆ। 13 ਅਕਤੂਬਰ 2000 ਈ. ਦੀ ਸ਼ਾਮ ਨੂੰ ਉਥੇ ਹੀ ਇਸ ਦਾ ਦੇਹਾਂਤ ਹੋ ਗਿਆ। ਇਸ ਦੀ ਅੰਤਿਮ ਇੱਛਾ ਅਨੁਸਾਰ ਇਸ ਦੀ ਦੇਹ ਨੂੰ ਪਨਾਮ ਪਿੰਡ ਲਿਆ ਕੇ ਸਰਕਾਰੀ ਸਨਮਾਨਾਂ ਨਾਲ ਅਗਨ-ਭੇਂਟ ਕੀਤਾ ਗਿਆ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2266, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਜਰਨੈਲ ਸਿੰਘ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜਰਨੈਲ ਸਿੰਘ : ਇਹ ਭਾਰਤ ਦਾ ਅੰਤਰ-ਰਾਸ਼ਟਰੀ ਪੱਧਰ ਦਾ ਫੁੱਟਬਾਲ ਦਾ ਇਕ ਪ੍ਰਸਿੱਧ ਖਿਡਾਰੀ ਹੈ ਜਿਹੜਾ ਭਾਰਤ ਦਾ ਹੀ ਨਹੀਂ ਸਗੋਂ ਦੋ ਵੇਰ ਏਸ਼ੀਆ ਆਲ ਸਟਾਰ ਫੁੱਟਬਾਲ ਟੀਮ ਦਾ ਕਪਤਾਨ ਰਹਿ ਚੁੱਕਿਆ ਹੈ। ਇਹ ਭਾਰਤੀ ਖਿਡਾਰੀ 1960 ਦੇ ਦਹਾਕੇ ਦੌਰਾਨ ਲਗਾਤਾਰ 10 ਵਾਰੀ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਵਿਚ ਪ੍ਰਤਿਨਿਧਤਾ ਲਈ ਗਿਆ ਅਤੇ ਪੰਜਾਬ (ਭਾਰਤ) ਦਾ ਨਾਂ ਉੱਚਾ ਕੀਤਾ।

          ਜਰਨੈਲ ਸਿੰਘ ਦਾ ਜਨਮ 20 ਫ਼ਰਵਰੀ, 1935 ਨੂੰ ਸ. ਉਜਾਗਰ ਸਿੰਘ ਦੇ ਘਰ ਹੋਇਆ। ਕਾਲਜ ਦੀ ਪੜ੍ਹਾਈ ਕਰਨ ਉਪਰੰਤ ਇਸਨੇ ਪਟਿਆਲਾ ਵਿਖੇ ‘ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਵਿਖੇ ਫੁੱਟਬਾਲ ਕੋਚ ਦੀ ਟ੍ਰੇਨਿੰਗ ਪ੍ਰਾਪਤ ਕੀਤੀ।

          ਜਰਨੈਲ ਸਿੰਘ ਨੇ ਸਭ ਤੋਂ ਪਹਿਲਾ 1959 ਈ. ਦੌਰਾਨ ਭਾਰਤੀ ਟੀਮ ਵਿਚ ਅਫ਼ਗ਼ਾਨਿਸਤਾਨ ਅਤੇ ਇੰਡੋਨੇਸ਼ੀਆ ਨਾਲ ਪੂਰਵ-ਓਲਿੰਪਿਕ ਖੇਡਾਂ ਵਿਚ ਫੁਟਬਾਲ ਦਾ ਮੈਚ ਖੇਡਿਆ। ਇਸ ਪਿਛੋਂ ਇਸੇ ਵਰ੍ਹੇ ਇਸਨੇ ਫੁੱਟਬਾਲ ਟੂਰਨਾਮੈਂਟ ਵਿਚ ਏਸ਼ੀਆ ਕੱਪ ਲਈ ਭਾਰਤ ਦੀ ਪ੍ਰਤਿਨਿਧਤਾ ਕੀਤੀ। ਇਸ ਨੂੰ ਏਸ਼ੀਆ ਦਾ ਉੱਤਮ ਖਿਡਾਰੀ ਕਰਾਰ ਦਿੱਤਾ ਗਿਆ। ਸੰਨ 1960 ਵਿਚ ਫਿਰ ਰੋਮ ਵਿਖੇ ਓਲਿੰਪਿਕ ਖੇਡਾਂ ਵਿਚ ਭਾਰਤੀ ਪ੍ਰਤਿਨਿਧ ਦੇ ਤੌਰ ਤੇ ਖੇਡਿਆ ਤੇ ਦੁਨੀਆ ਦਾ ਸਭ ਤੋਂ ਵਧੀਆ ਸਟਾਪਰ ਬੈਕ (ਗ਼ੈਰ-ਪੇਸ਼ਾਵਰ) ਮੰਨਿਆ ਗਿਆ। ਸੰਨ 1961 ਵਿਚ ਮੋਹਨ ਬਾਗਾਨ ਫੁਟਬਾਲ ਕਲੱਬ ਦੇ ਮੈਂਰ ਦੇ ਤੌਰ ਤੇ ਪੂਰਬੀ ਅਫ਼ਰੀਕਾ ਦੇ ਦੌਰੇ ਤੇ ਗਿਆ। ਸੰਨ 1962 ਵਿਚ ਜਕਾਰਤਾ (ਇੰਡੋਨੇਸ਼ੀਆ) ਵਿਖੇ ਚੌਥੇ ਏਸ਼ੀਆਈ ਖੇਡ ਮੁਕਾਬਲੇ ਵਿਚ ਸ਼ਾਮਲ ਹੋਇਆ ਤੇ ਇਸ ਸਾਲ ਦੇ ਉੱਤਮ ਖਿਡਾਰੀ ਦੇ ਨਾਤੇ ਸੋਨੇ ਦਾ ਤਮਗਾ ਹਾਸਲ ਕੀਤਾ।

          ਸੰਨ 1963 ਵਿਚ ਮਰਡੇਕਾ ਕੱਪ ਮਲੇਸ਼ੀਆ ਫੁਟਬਾਲ ਟੂਰਨਾਮੈਂਟ ਵਿਚ ਪ੍ਰਸਿੱਧੀ ਪ੍ਰਾਪਤ ਕੀਤੀ।

          ਸੰਨ 1964 ਵਿਚ ਇਸਨੂੰ ਕਲਕੱਤੇ ਦਾ ਉੱਤਮ ਫੁਟਬਾਲ ਦਾ ਖਿਡਾਰੀ ਐਲਾਨ ਕੀਤਾ। ਇਸਰਾਈਲ ਵਿਚ ਤਲ ਅਵੀਵ ਵਿਖੇ ਏਸ਼ੀਆਈ ਕੱਪ ਫੁਟਬਾਲ ਟੂਰਨਾਮੈਂਟ ਵਿਚ ਪ੍ਰਤਿਨਿਧਤਾ ਕੀਤੀ। ਅਰਜਨ ਅਵਾਰਡ ਵੀ ਇਸੇ ਵਰ੍ਹੇ ਦਿੱਤਾ ਗਿਆ।

          ਸੰਨ 1965 ਵਿਚ ਭਾਰਤੀ ਫੁੱਟਬਾਲ ਟੀਮ ਦਾ ਕਪਤਾਨ ਬਣਿਆ ਤੇ ਰੂਸ ਦੇ ਮੁਕਾਬਲੇ ਵਿਚ ਚਾਰ ਟੈੱਸਟ ਮੈਚ ਖੇਡੇ। ਇਸੇ ਸਾਲ ਕੁਆਲਾਲੰਪੁਰ (ਮਲੇਸ਼ੀਆ) ਵਿਚ ਹੋਣ ਵਾਲੇ ਫੁੱਟਬਾਲ ਟੂਰਨਾਮੈਂਟ ਵਿਚ ਮਰਡੇਕਾ ਕੱਪ ਖੇਡਿਆ।

          ਸੰਨ 1966 ਵਿਚ ਪੰਜਵੀਆਂ ਏਸ਼ੀਆਈ ਖੇਡਾਂ ਵਿਚ ਬੈਂਕਾਕ ਵਿਖੇ ਭਾਰਤੀ ਫੁੱਟਬਾਲ ਦੇ ਕਪਤਾਨ ਵਜੋਂ ਖੇਡਿਆ ਤੇ ਏਸ਼ੀਆਈ ਆਲ ਸਟਾਰ ਫੁੱਟਬਾਲ ਟੀਮ ਵਿਚ ਚੁਣਿਆ ਗਿਆ ਤੇ ਸਰਬ-ਸੰਮਤੀ ਨਾਲ ਜਰਨੈਲ ਸਿੰਘ ਨੂੰ ਟੀਮ ਦਾ ਕਪਤਾਨ ਥਾਪਿਆ ਗਿਆ।

          ਸੰਨ 1967 ਵਿਚ ਏਸ਼ੀਆਈ ਆਲ ਸਟਾਰ ਫੁੱਟਬਾਲ ਟੀਮ ਦੇ ਇੰਗਲਿਸ਼ ਪ੍ਰੋਫ਼ੈਸਨਲ ਕਲੱਬ ਨਾਲ ਖੇਡੇ ਮੈਂਚਾਂ ਦੀ ਫਿਰ ਕਪਤਾਨ ਵਜੋਂ ਅਗਵਾਈ ਕੀਤੀ। ਸੰਨ 1968 ਵਿਚ ਆਖ਼ਰੀ ਵਾਰ ਮਰਡੇਕਾ ਕੱਪ ਫੁੱਟਬਾਲ ਟੂਰਨਾਮੈਂਟ ਖੇਡ ਕੇ ਇਹ ਸਰਗਰਮ ਖਿਡਾਰੀ ਵਜੋਂ ਸੇਵਾ-ਮੁਕਤ ਹੋ ਗਿਆ।

          ਜਰਨੈਲ ਸਿੰਘ ਭਾਰਤ ਦਾ ਸ਼ਾਇਦ ਇਕੋ ਖਿਡਾਰੀ ਹੈ ਜਿਸਨੂੰ ਦੁਨੀਆ ਦੇ ਬੇਹਤਰੀਨ ਖਿਡਾਰੀਆਂ ਵਿਚੋਂ ਇਕ ਗਿਣਿਆ ਗਿਆ ਹੈ। ਇਸ ਨੂੰ ਹੀ ਇਹ ਮਾਣ ਪ੍ਰਾਪਤ ਹੈ ਜਿਸ ਬਾਰੇ ਉਸ ਸਮੇਂ ਦੀ ਫੈਡਰੇਸ਼ਨ ਇੰਟਰਨੈਸ਼ਨਲ ਫੁੱਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਸਰ ਸਟੈਨਲੇ ਰੂਜ਼ ਨੇ ਜਰਨੈਲ ਸਿੰਘ ਬਾਰੇ ਕਿਹਾ ਸੀ ਕਿ ਜਰਨੈਲ ਸਿੰਘ ਦੁਨੀਆ ਦੇ ਕਿਸੇ ਵੀ ਦੇਸ਼ ਦੀ ਟੀਮ ਵਿਚ ਖੇਡਣ ਦੇ ਕਾਬਲ ਹੈ।

          ਜਰਨੈਲ ਸਿੰਘ ਇਕ ਬਹੁਤ ਸਫ਼ਲ ਕੋਚ ਵੀ ਹੈ। ਇਸ ਨੇ ਉਦੋਂ ਕ੍ਰਿਸ਼ਮਾ ਕਰਕੇ ਵਿਖਾਇਆ ਜਦੋਂ 1970 ਈ. ਵਿਚ ਪੰਜਾਬ ਦੀ ਫੁਟਬਾਲ ਟੀਮ ਤਿਆਰ ਕੀਤੀ ਅਤੇ ਰਾਸ਼ਟਰੀ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਵਿਚ ਬੰਗਾਲ ਦੀ ਮੰਨੀ ਪ੍ਰਮੰਨੀ ਟੀਮ ਨੂੰ 6-0 ਦੇ ਫ਼ਰਕ ਨਾਲ ਹਰਾ ਕੇ ਮਿੱਟੀ ਵਿਚ ਮਿਲਾ ਦਿੱਤਾ। ਇਸ ਤੋਂ ਪਹਿਲਾਂ ਪੰਜਾਬ ਦੀ ਟੀਮ ਨੂੰ ਰਾਸ਼ਟਰੀ ਪੱਧਰ ਤੇ ਘੱਟ ਵੱਧ ਹੀ ਜਾਣਿਆ ਜਾਂਦਾ ਸੀ ਪਰ ਇਸ ਪਿਛੋਂ ਪੰਜਾਬ ਕਈ ਵੇਰ ਇਹ ਚੈਪੀਅਨਸ਼ਿਪ ਜਿੱਤ ਚੁੱਕਿਆ ਹੈ। ਅੱਜਕੱਲ੍ਹ ਜਰਨੈਲ ਸਿੰਘ ਦਾ ਲੜਕਾ ਵੀ ਰਾਸ਼ਟਰੀ ਪੱਧਰ ਦਾ ਫੁਟਬਾਲ ਖਿਡਾਰੀ ਹੈ।

          ਅੱਜਕਲ੍ਹ ਜਰਨੈਲ ਸਿੰਘ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਸਪੋਰਟਸ ਡਾਇਰੈਕਟਰ ਦੀ ਹੈਸੀਅਤ ਵਿਚ ਕੰਮ ਕਰ ਰਿਹਾ ਹੈ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1781, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-26, ਹਵਾਲੇ/ਟਿੱਪਣੀਆਂ: no

ਜਰਨੈਲ ਸਿੰਘ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਜਰਨੈਲ ਸਿੰਘ : ਪੰਜਾਬ ਦੇ ਇਸ ਪ੍ਰਸਿੱਧ ਐਥਲੀਟ ਦਾ ਜਨਮ ਦੁਆਬੇ ਵਿਚ ਮਾਹਿਲਪੁਰ ਪਿੰਡ ਵਿਖੇ ਹੋਇਆ। ਇਸ ਨੇ ਮੁਢਲੀ ਸਿੱਖਿਆ ਪਿੰਡ ਵਿਚ ਹੀ ਪ੍ਰਾਪਤ ਕੀਤੀ। ਇਸ ਨੂੰ ਬਚਪਨ ਤੋਂ ਹੀ ਫੁਟਬਾਲ ਖੇਡਣ ਦਾ ਸ਼ੌਕ ਸੀ। ਇਹ 1958 ਈ. ਵਿਚ ਪੰਜਾਬ ਯੂਨੀਵਰਸਿਟੀ ਦੀ 800 ਮੀ. ਦੀ ਦੌੜ ਜਿੱਤਿਆ ਅਤੇ ਐਥਲੈਟਿਕਸ ਵਿਚ ਪ੍ਰਸਿੱਧੀ ਪ੍ਰਾਪਤ ਕੀਤੀ। ਸੰਨ 1960 ਵਿਚ ਅੰਤਰ-ਯੂਨੀਵਰਸਿਟੀ ਦੇ ਦੋ ਰਿਕਾਰਡ ਕਾਇਮ ਕੀਤੇ। ਇਹ ਰਿਕਾਰਡ 800 ਮੀ. ਦਾ ਇਕ ਮਿੰਟ 55.5 ਸੈਕਿੰਡ ਅਤੇ 1500 ਮੀ. ਦਾ 3 ਮਿੰਟ 53 ਸੈਕਿੰਡ ਸਨ। ਇਸ ਦਾ 800 ਮੀ. ਦਾ ਸਭ ਤੋਂ ਵਧੀਆ ਸਮਾਂ 1 ਮਿੰਟ 50.2 ਸੈਕਿੰਡ ਅਤੇ 1500 ਮੀ. ਦਾ 3 ਮਿੰਟ 52.5 ਸੈਕਿੰਡ ਸੀ। ਇਸ ਸਬੰਧੀ ਇਸ ਨੂੰ ਕਈ ਪੁਰਸਕਾਰ ਮਿਲੇ ਅਤੇ ਮਾਰਸ਼ਲ ਟੀਟੋ ਦਾ ਸੋਨੇ ਦਾ ਤਮਗ਼ਾ ਮਿਲਿਆ।

ਇਹ ਪਹਿਲਾਂ ਪੁਲਿਸ ਵਿਚ ਸਬ-ਇੰਸਪੈਕਟਰ ਅਤੇ ਫਿਰ ਰੇਲਵੇ ਦਾ ਕਰਮਚਾਰੀ ਰਿਹਾ। ਇਹ ਸਾਦਾ ਅਤੇ ਹਸਮੁਖ ਖਿਲਾੜੀ ਸੀ। ਬਿਨਾਂ ਪ੍ਰੈਕਟਿਸ ਕੀਤਿਆਂ ਵੀ ਮੁਕਾਬਲਿਆਂ ਵਿਚ ਅੱਵਲ ਆਉਂਦਾ ਸੀ। ਇਕ ਵਾਰ ਇਹ ਕਰਾਸਕੰਟਰੀ ਦੌੜਨ ਲਈ ਲੁਧਿਆਣੇ ਗਿਆ ਜਿਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨੇੜੇ ਨਹਿਰ ਦੇ ਨਾਲ ਨਾਲ ਇਹ ਦੌੜ ਦੌੜੀ ਗਈ। ਸਾਢੇ ਚੌਂਦਾਂ ਕਿ. ਮੀ. ਦੀ ਦੌੜ ਵਿਚੋਂ 20 ਮੀ. ਬਾਕੀ ਰਹਿੰਦਿਆਂ ਇਹ ਅਚਾਨਕ ਡਿੱਗ ਪਿਆ ਅਤੇ ਸਦਾ ਦੀ ਨੀਂਦ ਸੌ ਗਿਆ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1495, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-29-12-34-05, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਖਿ. –ਸਰਵਣ ਸਿੰਘ : 117

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.