ਜਵੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜਵੀ (ਨਾਂ,ਇ) 1 ਪਸ਼ੂਆਂ ਦੇ ਚਾਰੇ ਲਈ ਬੀਜੀ ਜਾਂਦੀ ਛੋਟੇ ਜੌਂਆਂ ਦੀ ਇੱਕ ਕਿਸਮ 2 ਕੁੱਕੜਾਂ ਨੂੰ ਲੱਗਣ ਵਾਲੀ ਬਿਮਾਰੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3693, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਜਵੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜਵੀ [ਨਾਂਇ] ਜੋਂ ਦੀ ਕਿਸਮ ਦਾ ਇੱਕ ਅਨਾਜ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3688, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਜਵੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜਵੀ. ਸੰ. जविन्. ਵਿ—ਤੇਜ਼ ਚਾਲ ਵਾਲਾ. ਚਾਲਾਕ. “ਸੁਨਤ ਦੂਤ ਲੇ ਜਵੀ ਤੁਰੰਗ.” (ਗੁਪ੍ਰਸੂ) ੨ ਜੌਂ (ਯਵ) ਖਾਣ ਵਾਲਾ. ਜੌਂ ਅਹਾਰੀ. “ਜਲਾਸ੍ਰੀ ਜਵੀ.” (ਪਾਰਸਾਵ) ਜਲ ਦੇ ਆਧਾਰ ਰਹਿਣ ਵਾਲੇ ਅਤੇ ਜੌ ਖਾਣ ਵਾਲੇ। ੩ ਸੰਗ੍ਯਾ—ਜੌਂ ਦੀ ਕਿ਼ਸਮ ਦਾ ਇੱਕ ਅਨਾਜ. ਜਈ. ਇਸ ਦੀ ਖ਼ਵੀਦ ਪਸ਼ੂਆਂ ਨੂੰ ਬਹੁਤ ਚਾਰੀ ਜਾਂਦੀ ਹੈ. L. Avena Sativa.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3481, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਜਵੀ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ
ਜਵੀ : ਇਹ ਅਨਾਜ ਦੀ ਇਕ ਪ੍ਰਸਿੱਧ ਫ਼ਸਲ ਹੈ ਜੋ ਐਵੀਨਾ ਪ੍ਰਜਾਤੀ ਨਾਲ ਸਬੰਧਤ ਹੈ। ਇਸ ਦੀ ਜ਼ਿਆਦਾ ਵਰਤੋਂ ਪਸ਼ੂ ਚਾਰੇ ਲਈ ਕੀਤੀ ਜਾਂਦੀ ਹੈ। ਕੁਝ ਹਿੱਸਾ ਮਨੁੱਖੀ ਖੁਰਾਕ ਲਈ ਵੀ ਵਰਤਿਆ ਜਾਂਦਾ ਹੈ। ਜਵੀ ਦੇ ਬੂਟੇ ਪਹਿਲਾਂ-ਪਹਿਲ ਪੱਛਮੀ ਯੂਰਪ ਦੇ ਵੱਖ ਵੱਖ ਖੇਤਰਾਂ ਵਿਚ ਉੱਗੇ ਮਿਲਦੇ ਸਨ। ਪੱਛਮੀ ਯੂਰਪ ਤੋਂ ਜਵੀ ਦੁਨੀਆ ਦੇ ਸੀਤ ਖੰਡੀ ਖੇਤਰਾਂ ਵਿਚ ਫ਼ੈਲ ਗਈ ਅਤੇ ਹੁਣ ਇਹ ਕਈ ਪ੍ਰਕਾਰ ਦੀਆਂ ਵੱਖ ਵੱਖ ਹਾਲਤਾਂ ਵਿਚ ਪੈਦਾ ਕੀਤੀ ਜਾਂਦੀ ਹੈ। ਪਹਿਲਾਂ ਇਹ ਸੋਚਿਆ ਜਾਂਦਾ ਸੀ ਕਿ ਜਵੀ ਦੋ ਜਾਤੀਆਂ, ਜੰਗਲੀ ਜਵੀ ਅਤੇ ਜੰਗਲੀ ਲਾਲ ਜਵੀ ਤੋਂ ਵਿਕਸਿਤ ਹੋਈ। ਅਨਾਜ ਤੇ ਕੰਮ ਕਰਨ ਵਾਲੇ ਕੁਝ ਖੋਜੀ ਇਹ ਮੰਨਦੇ ਸਨ ਕਿ ਚਿੱਟੀ ਜਵੀ ਐਵੀਨਾ ਫੈਚੂਆਂ ਤੋਂ ਅਤੇ ਲਾਲ ਜਵੀ ਐਵੀਨਾ ਸਟੈਰਾਈਲਿਸ ਤੋਂ ਉੱਤਪੰਨ ਹੋਈ। ਕੁਝ ਸਮੇਂ ਬਾਅਦ ਕੁਝ ਖੋਜੀ ਇਸ ਗੱਲ ਵਿਚ ਯਕੀਨ ਰੱਖਣ ਲੱਗ ਗਏ ਕਿ ਐਵੀਨਾ ਸਟੈਰਾਈਲਿਸ ਲਾਲ ਅਤੇ ਚਿੱਟੀ ਜਵੀ ਦੋਹਾਂ ਦਾ ਹੀ ਮੂਲ ਸੀ।
ਜਵੀ ਦੇ ਪੌਦੇ ਦੇ ਫ਼ੁੱਲ ਅਤੇ ਫਲ ਦੀ ਬਣਤਰ ਇਕ ਸਿਰੇ ਵਾਲੀ ਪੈਨਿਕਲ ਹੈ ਜੋ ਆਮ ਤੌਰ ਤੇ ਫੈਲਣ ਵਾਲੀ ਹੁੰਦੀ ਹੈ। ਪੈਨਿਕਲ ਬਹੁਤ ਸਾਰੀਆਂ ਸ਼ਾਖਾਵਾਂ ਅਤੇ ਸਪਾਈਕਲੈੱਟਾਂ ਦੀ ਬਣੀ ਹੁੰਦੀ ਹੈ ਜੋ ਫਿਰ ਵਾਰੀ ਸਿਰ ਦੋ ਕਾਗਜ਼ ਵਰਗੀਆਂ ਗਲਿਊਮਜ਼ ਅਤੇ ਆਮ ਤੌਰ ਤੇ ਦੋ ਫਲੋਰੈੱਟ ਦੀ ਬਣੀ ਹੁੰਦੀ ਹੈ। ਪ੍ਰਾਇਮਰੀ ਅਤੇ ਸੈਕੰਡਰੀ ਫਲੋਰੈੱਟ ਇਕ ਛੋਟੇ ਅਤੇ ਪਤਲੇ ਰੈਕਿਲਾਂ ਦੁਆਰਾ ਇਕੱਠੀਆਂ ਕੀਤੀਆਂ ਹੁੰਦੀਆਂ ਹਨ। ਇਕੱਲੀ-ਇਕੱਲੀ ਫਲੋਰੈੱਟ ਵਿਚ ਇਕ ਲੈਮਾ ਅਤੇ ਪੇਲੀਆ ਹੁੰਦੇ ਹਨ ਜਿਨ੍ਹਾਂ ਵਿਚ ਪੁੰਕੇਸਰ, ਇਕ ਅੰਡਪ-ਪੁੰਜ ਅਤੇ ਦੋ ਲਾੱਡਿਕਿਊਲਜ਼ ਹੁੰਦੇ ਹਨ। ਪਰਾਗਣ ਤੋਂ ਬਾਅਦ ਅੰਡਪ-ਪੁੰਜ ਇਕ ਬੀਜ ਵਰਗੇ ਵਾਧੇ ਵਿਚ ਵਿਕਸਿਤ ਹੋ ਜਾਂਦੀ ਹੈ ਜਿਸਨੂੰ ਕੇਰਿਓਪਸਿਸ ਕਿਹਾ ਜਾਂਦਾ ਹੈ। ਜਵੀ ਦੀ ਪੈਨਿਕਲ 10 ਸੈਂ. ਮੀ. ਤੋਂ 50 ਸੈਂ. ਮੀ. ਲੰਬੀ ਹੁੰਦੀ ਹੈ ਅਤੇ ਇਸ ਵਿਚ 8 ਤੋਂ 10 ਬੀਜ ਜਾਂ ਵੱਧ ਤੋਂ ਵੱਧ 200 ਬੀਜ ਵੀ ਹੋ ਸਕਦੇ ਹਨ। ਜਦੋਂ ਜਵੀ ਦਾ ਇਕ ਬੀਜ ਪੁੰਗਰਦਾ ਹੈ ਤਾਂ ਸਕੂਟੈਲਮ ਲੰਬਾ ਹੋ ਜਾਂਦਾ ਹੈ ਜੋ ਦੂਸਰੇ ਅਨਾਜ ਵਾਲੇ ਦਾਣਿਆਂ ਦੇ ਉਲਟ ਹੈ। ਜਵੀ ਦੇ ਪੱਤੇ ਪਤਲੇ, ਤੰਗ ਅਤੇ ਲੰਬੇ ਹੁੰਦੇ ਹਨ। ਇਸ ਦੇ ਪੱਤੇ ਦੇ ਮੁੱਢ ਤੇ ਕੋਈ ਆਰੀਕਲ ਨਹੀਂ ਹੁੰਦਾ। ਇਸ ਦੇ ਤਣੇ ਸਿਵਾਇ ਗੰਢਾਂ ਤੋਂ ਖ਼ਾਲੀ ਹੀ ਹੁੰਦੇ ਹਨ। ਇਸ ਬੂਟੇ ਦੀਆਂ ਜੜ੍ਹਾਂ ਰੇਸ਼ੇਦਾਰ ਅਤੇ ਗਿਣਤੀ ਵਿਚ ਬਹੁਤ ਹੁੰਦੀਆਂ ਹਨ ਅਤੇ ਇਹ ਜ਼ਮੀਨ ਵਿਚ ਬਹੁਤ ਡੁੰਘਾਈ ਤੱਕ ਧਸ ਜਾਂਦੀਆਂ ਨ।
ਭਾਰਤ ਵਿਚ ਜਵੀ ਥੋੜ੍ਹੇ ਸਮੇਂ ਤੋਂ ਹੀ ਕਾਸ਼ਤ ਵਿਚ ਲਿਆਂਦੀ ਗਈ ਹੈ। ਇਥੇ ਇਹ ਚਾਰੇ ਲਈ ਅਤੇ ਕਦੀ ਕਦਾਈਂ ਅਨਾਜ ਲਈ ਉਗਾਈ ਜਾਂਦੀ ਹੈ। ਇਹ ਘੋੜਿਆਂ ਅਤੇ ਦੁੱਧ ਦੇਣ ਵਾਲੇ ਪਸ਼ੂਆਂ ਲਈ ਬਹੁਤ ਚੰਗੀ ਸਮਝੀ ਜਾਂਦੀ ਹੈ। ਜਵੀ ਦੀ ਕਾਸ਼ਤ ਲਈ ਠੰਢਾ ਮੌਸਮ ਲੋੜੀਂਦਾ ਹੈ ਅਤੇ ਇਸ ਦੀ ਜ਼ਿਆਦਾਤਰ ਕਾਸ਼ਤ ਪੱਛਮੀ ਉੱਤਰ-ਪ੍ਰਦੇਸ਼ ਅਤੇ ਪੰਜਾਬ ਤੱਕ ਹੀ ਸੀਮਿਤ ਹੈ। ਇਸ ਦੀ ਥੋੜ੍ਹੀ ਬਹੁਤ ਕਾਸ਼ਤ ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਬੰਗਾਲ ਵਿਚ ਵੀ ਕੀਤੀ ਜਾਂਦੀ ਹੈ। ਜਵੀ ਸਾਰੇ ਤਰ੍ਹਾਂ ਦੀਆਂ ਜ਼ਮੀਨਾਂ ਤੇ ਹੋ ਜਾਂਦੀ ਹੈ। ਚੰਗੀ ਪੈਦਾਵਾਰ ਚੰਗੀ ਨਿਕਾਸ ਵਾਲੀ, ਭਾਰੀ ਅਤੇ ਭੁਰਭੁਰੀ ਮਲੜ੍ਹ ਜ਼ਮੀਨ ਤੇ ਮਿਲਦੀ ਹੈ।
ਜਵੀ ਆਮ ਤੌਰ ਤੇ ਹਾੜੀ ਵਿਚ ਪੈਦਾ ਕੀਤੀ ਜਾਂਦੀ ਹੈ, ਜਿਥੇ ਇਹ ਸਿੰਜਾਈ ਵਾਲੀ ਫ਼ਸਲ ਵਜੋਂ ਉਗਾਈ ਜਾਂਦੀ ਹੈ। ਬਾਰਸ਼ਾਂ ਬੰਦ ਹੋ ਜਾਣ ਪਿੱਛੋਂ ਖੇਤਾਂ ਨੂੰ ਤਿੰਨ-ਚਾਰ ਵਾਰ ਵਾਹਿਆ ਜਾਂਦਾ ਹੈ। ਜਵੀ ਨੂੰ ਕਿਸੇ ਡੂੰਘੀ ਜੜ੍ਹਾਂ ਵਾਲੀ ਫ਼ਸਲ ਤੋਂ ਬਾਅਦ ਬੀਜਿਆ ਜਾਣਾ ਚਾਹੀਦਾ ਹੈ। ਬਹੁਤ ਸਾਰੇ ਇਲਾਕੇ ਵਿਚ ਇਹ ਫ਼ਸਲ ਇਕੱਲੀ ਹੀ ਬੀਜੀ ਜਾਂਦੀ ਹੈ ਪਰ ਜੇਕਰ ਇਸ ਦੀ ਤੋਰੀਆ, ਸੇਂਜੀ, ਲੂਸਣ ਜਾਂ ਬਰਸੀਮ ਆਦਿ ਫ਼ਸਲ ਨਾਲ ਬੀਜਾਈ ਕੀਤੀ ਜਾਣੀ ਹੋਵੇ ਤਾਂ ਇਸ ਤੋਂ ਪਹਿਲਾਂ ਵਾਲੀ ਫ਼ਸਲ ਨੂੰ ਰੂੜੀ ਪਾ ਦੇਣੀ ਚੰਗੀ ਰਹਿੰਦੀ ਹੈ। ਇਸ ਤਰ੍ਹਾਂ ਨਾਲ ਫ਼ਸਲ ਡਿੱਗਣ ਤੋਂ ਬਚ ਜਾਂਦੀ ਹੈ। ਚਾਰੇ ਵਾਲੀਆਂ ਫ਼ਸਲਾਂ ਚੋਂ ਲਾਭ ਲੈਣ ਲਈ ਇਸ ਵਿਚ ਅਮੋਨੀਅਮ ਸਲਫ਼ੇਟ ਜਾਂ ਖਲ 40 ਤੋਂ 45 ਕਿ. ਗ੍ਰਾ. ਪ੍ਰਤਿ ਹੈਕਟੇਅਰ ਦੇ ਹਿਸਾਬ ਦੋ ਵਾਰੀ ਵੰਡ ਕੇ ਪਾਉਣੀ ਚਾਹੀਦੀ ਹੈ। ਜਵੀ ਦੀ ਬੀਜਾਈ ਅਕਤੂਬਰ ਤੋਂ ਦਸੰਬਰ ਤੱਕ ਕੀਤੀ ਜਾਂਦੀ ਹੈ। ਚਾਰੇ ਵਾਲੀ ਫ਼ਸਲ ਛੱਟਾ ਦੇ ਕੇ ਅਤੇ ਅਨਾਜ ਵਾਲੀ ਫ਼ਸਲ 23 ਤੋਂ 30 ਸੈਂ. ਮੀ. ਦੀ ਵਿੱਥ ਤੇ ਕਤਾਰਾਂ ਵਿਚ ਬੀਜੀ ਜਾਂਦੀ ਹੈ। ਜਵੀ ਨੂੰ ਤਿੰਨ ਜਾਂ ਚਾਰ ਵਾਰ ਪਾਣੀ ਦੇਣ ਦੀ ਲੋੜ ਪੈਂਦੀ ਹੈ। ਇਸ ਦੀ ਅਮ ਤੌਰ ਤੇ ਗੁਡਾਈ ਨਹੀਂ ਕੀਤੀ ਜਾਂਦੀ।
ਜਵੀ ਦੀ ਫ਼ਸਲ ਸਾਢੇ ਤਿੰਨ ਜਾਂ ਚਾਰ ਮਹੀਨਿਆਂ ਵਿਚ ਪੱਕ ਜਾਂਦੀ ਹੈ। ਚਾਰੇ ਵਾਲੀ ਫ਼ਸਲ ਲਈ ਜਨਵਰੀ ਤੋਂ ਮਾਰਚ ਤੱਕ ਤਿੰਨ ਕਟਾਈਆਂ ਲੈ ਲਈਆਂ ਜਾਂਦੀਆਂ ਹਨ ਜਿਸ ਤੋਂ ਬਾਅਦ ਫ਼ਸਲ ਬੀਜ ਲੈਣ ਲਈ ਛੱਡ ਦਿੱਤੀ ਜਾਂਦੀ ਹੈ। ਅਨਾਜ ਅਪ੍ਰੈਲ ਵਿਚ ਪੱਕ ਜਾਂਦਾ ਹੈ। ਕਟਾਈ ਕੁਝ ਹਰੀ ਫ਼ਸਲ ਦੀ ਹੀ ਕਰ ਲਈ ਜਾਂਦੀ ਹੈ ਕਿਉਂਕਿ ਪੂਰੀ ਤਰ੍ਹਾਂ ਪੱਕ ਜਾਣ ਤੇ ਇਸ ਵਿਚੋਂ ਦਾਣਿਆਂ ਦੇ ਝੜ ਜਾਣ ਨਾਲ ਨੁਕਸਾਨ ਹੋਣ ਦਾ ਡਰ ਰਹਿੰਦਾ ਹੈ। ਇਸ ਦੀ ਗਹਾਈ ਕਣਕ ਵਾਂਗ ਹੀ ਕੀਤੀ ਜਾਂਦੀ ਹੈ। ਸਾਧਾਰਨ ਹਾਲਤਾਂ ਵਿਚ ਇਸ ਫ਼ਸਲ ਤੋਂ 450 ਤੋਂ 500 ਕੁਇੰਟਲ ਹਰਾ ਚਾਰਾ ਅਤੇ 2 ਤੋਂ 3 ਕੁਇੰਟਲ ਦਾਣੇ ਪ੍ਰਤੀ ਹੈਕਟੇਅਰ ਦੇ ਹਿਸਾਬ ਮਿਲਦੇ ਹਨ। ਅਨਾਜ ਪੈਦਾ ਕਰਨ ਵਾਲੀ ਫ਼ਸਲ 36 ਕੁਇੰਟਲ ਦਾਣੇ ਅਤੇ 25 ਤੋਂ 30 ਕੁਇੰਟਲ ਤੂੜੀ ਪੈਦਾ ਕਰ ਸਕਦੀ ਹੈ। ਇਸ ਫ਼ਸਲ ਦੀਆਂ ਕਈ ਕਿਸਮਾਂ ਜਿਵੇਂ ਕੈਂਟ, ਵੈਸਟਰਨ 11, ਫਲੇਮਿੰਗ ਗੋਲਡ ਆਦਿ ਪ੍ਰਸਿੱਧ ਹਨ।
ਜਵੀ ਦੇ ਦਾਣਿਆਂ ਵਿਚ ਪ੍ਰੋਟੀਨ ਅਤੇ ਚਿਕਨਾਹਟ ਬਹੁਤ ਜ਼ਿਆਦਾ ਮਾਤਰਾ ਵਿਚ ਹੁੰਦੀ ਹੈ। ਇਹ ਵਿਟਾਮਿਨ ਬੀਜ ਦਾ ਵੀ ਇਕ ਸੋਮਾ ਹੈ ਅਤੇ ਇਸ ਵਿਚ ਰਿਬੋਫਲੋਵਿਨ, ਨਿਆਸਿਨ, ਕੋਲੀਨ ਥੈਨਿਕ ਐਸਿਡ ਅਤੇ ਵਿਟਾਮਿਨ-ਈ ਵੀ ਕਾਫ਼ੀ ਮਾਤਰਾ ਵਿਚ ਹੁੰਦੇ ਹਨ। ਇਸ ਵਿਚ ਵਿਟਾਮਿਨ ਸੀ ਅਤੇ ਡੀ ਬਿਲਕੁਲ ਨਹੀਂ ਹੁੰਦੇ। ਇਸ ਫ਼ਸਲ ਦਾ ਬਹੁਤ ਥੋੜ੍ਹਾ ਹਿੱਸਾ ਉਦਯੋਗ ਵਿਚ ਦਾਖ਼ਲ ਹੁੰਦਾ ਹੈ। ਇਸ ਤੋਂ ਪ੍ਰਮੁੱਖ ਉਦਯੋਗਿਕ ਉਪਜ ਤਰਲ ਐਲਡਿਹਾਈਡ ਮਿਲਦਾ ਹੈ ਜਿਸ ਨੂੰ ਫਰਫਿਉਰਲ ਕਿਹਾ ਜਾਂਦਾ ਹੈ। ਫਰਫਿਊਰਲ ਦੀ ਵਰਤੋਂ ਪੇਂਟ ਲਾਹੁਣ, ਲੈਕੁਅਰ ਸਾਲਵੈਂਟ, ਐਂਡੀਪੋਨਾਈਟਰਾਈਲ ਬਣਾਉਣ ਵਿਚ ਕੀਤੀ ਜਾਂਦੀ ਹੈ।
ਸੰਨ 1991 ਵਿਚ ਦੁਨੀਆ-ਭਰ ਵਿਚ ਇਸ ਦੀ ਪੈਦਾਵਾਰ 34,186,000 ਟਨ ਸੀ, ਜਿਸਦੀ 20,878,000 ਹੈਕ. ਭੂਮੀ ਤੇ ਕਾਸ਼ਤ ਕੀਤੀ ਗਈ ਸੀ। ਇਸ ਦੀ ਜ਼ਿਆਦਾ ਉਪਜ ਸੰਯੁਕਤ ਰਾਜ ਅਮਰੀਕਾ, ਰੂਸ, ਕੈਨੇਡਾ, ਫ਼ਰਾਂਸ, ਪੋਲੈਂਡ, ਇੰਗਲੈਂਡ ਅਤੇ ਜਰਮਨੀ ਵਿਚ ਹੁੰਦੀ ਹੈ। ਇਸ ਦਾ ਕੁਝ ਹਿੱਸਾ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚ ਵੀ ਪੈਦਾ ਹੁੰਦਾ ਹੈ।
ਹ. ਪੁ.––ਐਨ. ਬ੍ਰਿ. 16 : 816; ਹੈਂ. ਬੁ. ਐਕ. : 139
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2229, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-30, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First