ਜਾਤੀ ਮਲਿਕ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਜਾਤੀ ਮਲਿਕ (ਮ. 1642 ਈ.): ਇਹ ਸੋਢੀਆਂ ਦੇ ਪੁਰੋਹਿਤ ਭਾਈ ਸਿੰਘਾ ਦਾ ਪੁੱਤਰ ਸੀ। ਇਸ ਨੇ ਗੁਰੂ ਹਰਿਗੋਬਿੰਦ ਸਾਹਿਬ ਤੋਂ ਸਿੱਖੀ ਧਾਰਣ ਕੀਤੀ ਅਤੇ ਸੈਨਿਕ ਸਿਖਲਾਈ ਪ੍ਰਾਪਤ ਕਰਕੇ ਗੁਰੂ ਸਾਹਿਬ ਦੁਆਰਾ ਲੜੇ ਯੁੱਧਾਂ ਵਿਚ ਹਿੱਸਾ ਲਿਆ। ਇਸ ਦਾ ਸ਼ੁਮਾਰ ਮੁਖੀ ਸੈਨਿਕਾਂ ਵਿਚ ਹੁੰਦਾ ਸੀ। ਮੇਹਰਾਜ ਦੀ ਲੜਾਈ ਵਿਚ ਇਹ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਿਆ, ਪਰ ਗੁਰੂ ਜੀ ਦੀ ਮਿਹਰ ਨਾਲ ਬਿਲਕੁਲ ਠੀਕ ਹੋ ਗਿਆ। ਇਸ ਦਾ ਦੇਹਾਂਤ ਸੰਨ 1642 ਈ. ਵਿਚ ਕੀਰਤਪੁਰ ਵਿਚ ਹੋਇਆ। ਇਸ ਦਾ ਪੁੱਤਰ ਦਯਾ ਰਾਮ (ਵੇਖੋ) ਵੀ ਪਰਵਰਤੀ ਗੁਰੂ ਸਾਹਿਬਾਨ ਦੀ ਸੇਵਾ ਵਿਚ ਰਿਹਾ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1477, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਜਾਤੀ ਮਲਿਕ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਜਾਤੀ ਮਲਿਕ : ਗੁਰੂ ਹਰਿਗੋਬਿੰਦ ਸਾਹਿਬ ਦਾ ਇਹ ਸੇਵਕ ਉੱਘਾ ਪੁਰੋਹਿਤ ਅਤੇ ਇਕ ਵੀਰ ਯੋਧਾ ਸੀ। ਅੰਮ੍ਰਿਤਸਰ ਦੀ ਜੰਗ ਵਿਚ ਇਸ ਨੇ ਵੀਰਤਾ ਦਿਖਾਈ। ਇਸ ਦਾ ਪੁੱਤਰ ਦਇਆ ਰਾਮ ਵੀ ਬਹਾਦਰ ਸੂਰਬੀਰ ਹੋਇਆ ਹੈ।

ਤੁਰਕਾਂ ਵਿਰੁੱਧ ਲੜਾਈ ਦੌਰਾਨ ਗੁਰੂ ਜੀ ਨੇ ਭਾਈ ਭਾਨੇ ਤੇ ਸੰਤੂ ਨੂੰ ਹੁਕਮ ਦਿੱਤਾ ਕਿ ਉਹ ਆਪਣੇ ਜੱਥੇ ਲੈ ਕੇ ਲੋਹਗੜ੍ਹ ਵੱਲ ਜਾਣ। ਇਹ ਸੂਰਬੀਰ ਤੁਰਕਾਂ ਨੂੰ ਮਾਰਦੇ ਹੋਏ ਵਧੇ ਤਾਂ ਮੁਫ਼ਲਸ ਖਾਂ ਨੇ ਸਿੱਖਾਂ ਉੱਪਰ ਭਾਰੀ ਹਮਲਾ ਕਰ ਦਿੱਤਾ। ਸਿੱਖ ਪਿੱਛੇ ਹਟਦੇ ਗਏ ਪਰ ਅੰਮ੍ਰਿਤਸਰ ਪੁੱਜ ਕੇ ਸਿੱਖਾਂ ਨੇ ਪਿੱਛੇ ਹਟਣਾ ਮੁਨਾਸਬ ਨਾ ਸਮਝਿਆ। ਭਾਰੀ ਫ਼ੌਜ ਪਹੁੰਚਣ ਨਾਲ ਤੁਰਕ ਇਕ ਵਾਰ ਫ਼ਿਰ ਡਰ ਗਏ। ਅਲੀ ਖਾਂ ਅਤੇ ਹੋਰ ਫ਼ੌਜ ਪਹੁੰਚਣ ਨਾਲ ਤੁਰਕ ਫਿਰ ਅੜ ਗਏ। ਸਿੱਖਾਂ ਨੂੰ ਪਿੱਛੇ ਹਟਦਾ ਦੇਖ ਕੇ ਗੁਰੂ ਜੀ ਨੇ ਭਾਈ ਜੇਠੇ ਨੂੰ ਭਾਰੀ ਫ਼ੌਜ ਦੇ ਕੇ ਭੇਜਿਆ। ਸਿੱਖ ਪੂਰੇ ਜੋਸ਼ ਨਾਲ ਲੜੇ। ਭਾਈ ਬਿਧੀ ਚੰਦ, ਪੈਂਦੇ ਖਾਂ, ਭੱਲਣ, ਜੈਤਾ, ਜੇਠਾ ਅਤੇ ਜਾਤੀ ਮਲਿਕ ਨੇ ਦਿਲਾਵਰ ਖਾਂ ਨੂੰ ਮਾਰ ਸੁਟਿਆ। ਇਸੇ ਤਰ੍ਹਾਂ ਧਰਮ ਯੁੁੱਧ ਕਰਦੇ ਹੋਏ ਕਈ ਸਰਦਾਰ ਮਾਰੇ ਗਏ। ਇਸ ਨੇ ਸ਼ਹੀਦਾਂ ਦਾ ਸੰਸਕਾਰ ਕੀਤਾ ਅਤੇ ਜ਼ਖਮੀਆਂ ਨੂੰ ਨੇੜੇ ਦੇ ਪਿੰਡ ਪਹੁੰਚਾਇਆ। ਸੰਨ 1631 (ਸੰਮਤ 1688) ਵਿਚ ਜਾਤੀ ਮਲਿਕ ਦਾ ਕੀਰਤਪੁਰ ਵਿਖੇ ਦੇਹਾਂਤ ਹੋ ਗਿਆ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 893, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-29-04-08-47, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.: 518.; ਤ. ਗੁ. ਖਾ: 463, 532.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.