ਜਾਲ੍ਹਸਾਜ਼ੀ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Forgery_ਜਾਲ੍ਹਸਾਜ਼ੀ: ਭਾਰਤੀ ਦੰਡ ਸੰਘਤਾ ਦੀ ਧਾਰਾ 463 ਵਿਚ ਜਾਲ੍ਹਸਾਜ਼ੀ ਦਾ ਅਪਰਾਧ ਪਰਿਭਾਸ਼ਤ ਕੀਤਾ ਗਿਆ ਹੈ। ਉਸ ਧਾਰਾ ਅਨੁਸਾਰ, ਜੋ ਕੋਈ-
(1) ਲੋਕਾਂ ਨੂੰ, ਜਾਂ ਕਿਸੇ ਵਿਅਕਤੀ ਨੂੰ ਕੋਈ ਨੁਕਸਾਨ ਜਾਂ ਹਾਨੀ ਕਾਰਤ ਕਰਨ ਦੇ ਇਰਾਦੇ ਨਾਲ , ਜਾਂ
(2) ਕਿਸੇ ਵਿਅਕਤੀ ਦੁਆਰਾ ਆਪਣੀ ਸੰਪਤੀ ਛੱਡ ਦੇਣਾ ਕਾਰਤ ਕਰਾਉਣ ਦੇ ਇਰਾਦੇ ਨਾਲ, ਜਾਂ
(3) ਕਿਸੇ ਵਿਅਕਤੀ ਨੂੰ ਕੋਈ ਅਭਿਵਿਅਕਤ ਜਾਂ ਅਰਥਾਵਾਂ ਮੁਆਇਦਾ ਕਰਨਾ ਕਾਰਤ ਕਰਾਉਣ ਦੇ ਇਰਾਦੇ ਨਾਲ; ਜਾਂ
(4) ਕਿਸੇ ਦਾਅਵੇ ਜਾਂ ਹੱਕ ਦਾ ਸਮਰਥਨ ਕਰਨ ਦੇ ਇਰਾਦੇ ਨਾਲ, ਜਾਂ
(5) ਕੋਈ ਕਪਟ ਕਰਨ ਦੇ ਇਰਾਦੇ ਨਾਲ ਜਾਂ ਇਸ ਇਰਾਦੇ ਨਾਲ ਕਿ ਕੋਈ ਕਪਟ ਕੀਤਾ ਜਾ ਸਕੇ ,
ਝੂਠੀ ਦਸਤਾਵੇਜ਼ ਜਾਂ ਝੂਠਾ ਬਿਜਲਾਣਵੀਂ ਰਿਕਾਰਡ ਰਚਦਾ ਹੈ, ਉਹ ਜਾਲ੍ਹਸਾਜ਼ੀ ਕਰਦਾ ਹੈ।
ਇਸ ਤਰ੍ਹਾਂ ਉਪਰ ਦਸੇ ਇਰਾਦਿਆਂ ਵਿਚੋਂ ਕਿਸੇ ਨਾਲ ਝੂਠੀ ਦਸਤਾਵੇਜ਼ ਜਾਂ ਝੂਠਾ ਬਿਜਲਾਣਵੀਂ ਰਿਕਾਰਡ ਰਚਨਾ ਜਾਲ੍ਹਸਾਜ਼ੀ ਹੈ।
ਕਿਸੇ ਦਸਤਾਵੇਜ਼ ਨੂੰ ਝੂਠੀ ਦਸਤਾਵੇਜ਼ ਦਾ ਨਾਂ ਦੇਣ ਲਈ ਜ਼ਰੂਰੀ ਹੈ ਕਿ ਉਹ ਇਹ ਵਿਸ਼ਵਾਸ ਕਾਰਤ ਕਰਨ ਲਈ ਰਚੀ ਗਈ ਹੋਵੇ ਕਿ ਉਹ ਦਸਤਾਵੇਜ਼ ਕਿਸੇ ਉਸ ਵਿਅਕਤੀ ਦੁਆਰਾ ਜਾਂ ਉਸ ਵਿਅਕਤੀ ਦੀ ਸੱਤਾ ਦੁਆਰਾ ਰਚੀ ਗਈ ਸੀ ਜਿਸ ਨੇ ਉਹ ਨਹੀਂ ਰਚੀ ਜਾਂ ਜਿਸ ਨੇ ਉਸ ਦੇ ਰਚੇ ਜਾਣ ਦੀ ਸੱਤਾ ਨਹੀਂ ਦਿੱਤੀ। ਝੂਠੀ ਦਸਤਾਵੇਜ਼ ਹੋਣ ਲਈ ਦਸਤਾਵੇਜ਼ ਉਸ ਵਿਅਕਤੀ ਦੁਆਰਾ ਰਚੀ, ਦਸਖ਼ਤੀ, ਤਕਮੀਲੀ ਜਾਂ ਮੁਹਰ ਲਾਈ ਗਈ ਤਾਤਪਰਜਤ ਹੋਣੀ ਚਾਹੀਦੀ ਹੈ, ਜਿਸ ਨੇ ਉਹ ਨਹੀਂ ਰਚੀ, ਨਹੀਂ ਦਸਖ਼ਤੀ, ਤਕਮੀਲੀ ਨਹੀਂ ਜਾਂ ਮੁਹਰ ਨਹੀਂ ਲਾਈ। ਕੋਈ ਚਿੱਤਰ ਜਿਸ ਉਤੇ ਕਿਸੇ ਨਾਮਵਰ ਚਿੱਤਰਕਾਰ ਦੇ ਜਾਲ੍ਹੀ ਦਸਖ਼ਤ ਕੀਤੇ ਹੋਣ, ਉਹ ਝੂਠੀ ਦਸਤਾਵੇਜ਼ ਅਖਵਾਏਗੀ।
ਇਸ ਤਰ੍ਹਾਂ ਕਿਸੇ ਦਸਤਾਵੇਜ਼ ਜਾਂ ਬਿਜਲਾਣਵੀ ਰਿਕਾਰਡ ਨੂੰ ਤਦ ਹੀ ਝੂਠੀ ਦਸਤਾਵੇਜ਼ ਕਿਹਾ ਜਾ ਸਕਦਾ ਹੈ ਜੇ ਇਕ ਤਾਂ ਉਹ ਦਸਤਾਵੇਜ਼ ਬੇਈਮਾਨੀ ਨਾਲ ਜਾਂ ਕਪਟ-ਪੂਰਬਕ ਰਚਿਆ ਗਿਆ ਹੋਵੇ ਅਤੇ ਦੂਜੇ ਇਹ ਕਿ ਉਹ ਦਸਤਾਵੇਜ਼ ਇਹ ਵਿਸ਼ਵਾਸ ਕਾਰਤ ਕਰਨ ਦੇ ਇਰਾਦੇ ਨਾਲ ਰਚਿਆ ਗਿਆ ਹੋਵੇ ਕਿ ਉਹ ਕਿਸੇ ਅਜਿਹੇ ਵਿਅਕਤੀ ਦੁਆਰਾ ਜਾਂ ਉਸ ਦੀ ਸੱਤਾ ਦੁਆਰਾ ਰਚਿਆ ਗਿਆ ਜਾਂ ਤਕਮੀਲ ਕੀਤਾ ਗਿਆ ਸੀ, ਜਿਸ ਨੇ ਉਹ ਨਹੀਂ ਰਚਿਆ ਅਤੇ ਨ ਤਕਮੀਲ ਕੀਤੀ ਸੀ। ਐਸ.ਦੱਤ ਬਨਾਮ ਉੱਤਰ ਪ੍ਰਦੇਸ਼ ਰਾਜ (ਏ ਆਈ ਆਰ 1966 ਐਸ ਸੀ 523) ਵਿਚ ਸਰਵ ਉੱਚ ਅਦਾਲਤ ਅਨੁਸਾਰ ਬੇਈਮਾਨੀ ਅਤੇ ਕਪਟ ਦੀ ਅਣਹੋਂਦ ਵਿਚ ਝੂਠੀ ਦਸਤਾਵੇਜ਼ ਦੀ ਰਚਨਾ ਨਾਲ ਕੋਈ ਅਪਰਾਧ ਗਠਤ ਨਹੀਂ ਹੁੰਦਾ। ਭਾਰਤੀ ਦੰਡ ਸੰਘਤਾ ਦੀ ਧਾਰਾ 464 ਵਿਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਕਿਸੇ ਦਸਤਾਵੇਜ਼ ਦੇ ਝੂਠੀ ਦਸਤਾਵੇਜ਼ ਹੋਣ ਲਈ ਇਹ ਜ਼ਰੂਰੀ ਨਹੀਂ ਕਿ ਉਹ ਸਾਰੀ ਦੀ ਸਾਰੀ ਰਚੀ ਜਾਵੇ ਸਗੋਂ ਉਦੋਂ ਵੀ ਝੂਠੀ ਦਸਤਾਵੇਜ਼ ਰਚੀ ਗਈ ਕਹੀ ਜਾਵੇਗੀ ਜਦੋਂ ਕਿਸੇ ਦਸਤਾਵੇਜ਼ ਦੇ ਅਹਿਮ ਭਾਗ ਨੂੰ ਕਾਨੂੰਨ-ਪੂਰਨ ਸੱਤਾ ਤੋਂ ਬਿਨਾਂ, ਬੇਈਮਾਨੀ ਨਾਲ ਜਾਂ ਕਪਟ ਪੂਰਬਕ ਮਨਸੂਖ਼ ਕਰਕੇ ਜਾਂ ਹੋਰਵੇਂ , ਉਸ ਸਮੇਂ ਤੋਂ ਪਿਛੋਂ ਬਦਲਿਆ ਜਾਂਦਾ ਹੈ ਜਦੋਂ ਉਹ ਰਚੀ ਜਾਂ ਤਕਮੀਲੀ ਗਈ ਸੀ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1392, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First