ਜਿਸਤ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Zinc (ਜ਼ਿੰਙਕ) ਜਿਸਤ: ਇਕ ਸਖ਼ਤ ਅਸਮਾਨੀ ਚਿੱਟੀ ਰਸਾਇਣਿਕ ਖੁਰਨ ਰਹਿਤ ਧਾਤ ਹੈ। ਇਹ ਅਸਲ ਵਿੱਚ ਉਥੇ ਪਾਈ ਜਾਂਦੀ ਹੈ, ਜਿਥੇ ਸਿੱਕਾ (lead) ਅਤੇ ਚਾਂਦੀ (silver) ਦੇ ਖਣਿਜ ਪਾਏ ਜਾਂਦੇ ਹਨ। ਲੋਹੇ (iron) ਨੂੰ ਜੰਗ (rust) ਲਗਣ ਤੋਂ ਬਚਾਉਣ ਲਈ ਇਸ ਧਾਤ ਦੀ ਪਤਾਈ (coating) ਕੀਤੀ ਜਾਂਦੀ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6973, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਜਿਸਤ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜਿਸਤ [ਨਾਂਪੁ] (ਗਣਿ) ਉਹ ਸੰਖਿਆ ਜੋ ਦੋ ਉੱਤੇ ਵੰਡੀ ਜਾਵੇ [ਨਾਂਇ] (ਵਿਗਿ) ਇੱਕ ਧਾਤਵੀ ਤੱਤ ਜੋ ਪਿੱਤਲ ਦਾ ਸੰਘਟਕ ਹੈ ਅਤੇ ਬੈਕਟੀਰੀਆ ਦੇ ਇਲੈਕਟ੍ਰੋਡਾਂ ਵਿੱਚ ਵਰਤਿਆ ਜਾਂਦਾ ਹੈ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6964, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਜਿਸਤ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜਿਸਤ. ਸੰਗ੍ਯਾ—ਸਮ. ਵਿਖਮ ਦੇ ਵਿਰੁੱਧ. ਜੋ ਟੌਂਕ ਨਹੀਂ. ਜੈਸੇ ਦੋ, ਚਾਰ, ਅੱਠ ਆਦਿ. ਜਸਤ। ੨ ਸੰ. ਜਸਦ. ਇੱਕ ਧਾਤੁ. ਜਸ੍ਤਾ. Zinc। ੩ ਦੇਖੋ, ਜ਼ਿਸ਼੍ਤ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6839, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਜਿਸਤ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ
ਜਿਸਤ : ਇਸ ਧਾਤਵੀ ਤੱਤ ਦਾ ਪਰਮਾਣੂ ਕ੍ਰਮ ਅੰਕ 30 ਅਤੇ ਪਰਮਾਣੂ ਭਾਰ 65.38 ਹੈ। ਇਸ ਦਾ ਰਸਾਇਣਿਕ ਚਿੰਨ੍ਹ Zn ਹੈ। ਰੋਮਨ ਕਾਲ ਵਿਚ ਇਹ ਤਾਂਬੇ ਨਾਲ ਰਲੀ ਮਿਸ਼ਰਿਤ-ਧਾਤ ਪਿੱਤਲ ਦੇ ਰੂਪ ਵਿਚ ਮਿਲਦੀ ਸੀ ਪਰੰਤੂ ਇਸ ਦੇ ਅਜੋਕੇ ਨਾਂ ਜਿਸਤ ਬਾਰੇ 16ਵੀਂ ਸਦੀ ਵਿਚ ਪੈਰਾਸੈਲਸਸ ਨੇ ਪਤਾ ਲਾਇਆ ਅਤੇ ਇਸ ਨੂੰ ਜ਼ਿੰਕਕੱਮ ਜਾਂ ਤਾਂਬੇ ਦਾ ਨਕਲੀ ਜਾਂ ਖੋਟਾ ਰੂਪ ਦੱਸਿਆ। ਸੰਨ 1661 ਵਿਚ ਸਪੈਲਟਰ ਸ਼ਬਦ ਦੀ ਵਰਤੋਂ ਡੱਚ ਸ਼ਬਦ ਸਪਾਈਆਟਰ ਤੋਂ ਹੋਣ ਲੱਗੀ, ਜਿਸ ਦਾ ਅਰਥ ਜਿਸਤ ਅਤੇ ਪੀਟਰ ਦੋਵੇਂ ਸੀ।
ਧਾਤ ਦੇ ਰੂਪ ਵਿਚ ਜਿਸਤ ਕੁਦਰਤ ਵਿਚ ਨਹੀਂ ਮਿਲਦਾ ਪ੍ਰੰਤੂ ਇਸ ਦੇ ਖਣਿਜ ਬਹੁਤ ਮਿਲਦੇ ਹਨ। ਜਿਸਦ ਦੀ ਮੁੱਖ ਕੱਚੀ-ਧਾਤ ਜਿੰਕ ਬਲੈਂਡ (ZnS) ਜਾਂ ਸਫ਼ੈਲਰਾਈਟ ਹੈ, ਜਿਸਤ ਦੇ ਬਹੁਤ ਵਪਾਰਕ ਡਿਪਾਜ਼ਿਟ ਚੂਨਾ-ਪੱਥਰ ਅਤੇ ਡੋਲਮਾਈਟ ਵਿਚ ਮਿਲਦੇ ਹਨ। ਸਫ਼ੈਲਰਾਈਟ ਵਿਚ ਆਮ ਕਰਕੇ ਸਿੱਕੇ ਦਾ ਸਲਫ਼ਾਈਡ ਗੈਲੀਨਾ ਮਿਲਿਆ ਹੁੰਦਾ ਹੈ। ਇਹ ਤਾਂਬੇ ਜਾਂ ਦੂਸਰੀਆਂ ਖਾਰੀਆਂ ਧਾਤਾਂ ਦੇ ਸਲਫ਼ਾਈਡਾਂ ਨਾਲ ਰਲਿਆ ਵੀ ਮਿਲਦਾ ਹੈ। ਹੋਰ ਕੱਚੀਆਂ-ਧਾਤਾਂ ਕੈਲਾਮੀਨ, ਸਮਿਥੇਨੋਨਾਈਟ, ਵਿਲੈਮਾਈਟ ਜ਼ਿੰਕਾਈਟ ਅਤੇ ਫਰੈਂਕ ਲੀਨਾਈਟ ਹਨ। ਧਰਤੀ ਦੀ ਪੇਪੜੀ ਵਿਚ 0.004% ਜਿਸਤ ਮਿਲਦਾ ਹੈ।
ਸ਼ੁੱਧ ਅਤੇ ਤਾਜ਼ਾ ਪਾਲਿਸ਼ ਕੀਤੀ ਜਿਸਤ ਨੀਲੀ, ਚਿੱਟੀ ਅਤੇ ਚਮਕਦਾਰ ਹੁੰਦੀ ਹੈ। ਸਿੱਲੀ ਹਵਾ ਨਾਲ ਇਸ ਦਾ ਰੰਗ ਭੂਸਲਾ ਹੋ ਜਾਂਦਾ ਹੈ। ਸ਼ੁੱਧ ਜਿਸਤ ਕੁਟੀਣਯੋਗ ਅਤੇ ਖਿਚੀਣਯੋਗ ਹੁੰਦੀ ਹੈ। ਇਸ ਵਿਚ ਹੋਰ ਧਾਤਾਂ ਦੀ ਮਿਲਾਵਟ ਕਾਰਨ ਇਹ ਕਈ ਵਾਰੀ ਭੁਰਭੁਰੀ ਹੋ ਜਾਂਦੀ ਹੈ। ਇਸ ਦਾ ਪਿਘਲਾਉ-ਦਰਜਾ 906° ਸੈਂ. ਹੈ। ਇਸ ਦੀ ਘਣਤਾ 7.13 ਹੈ। ਜਿਸਤ ਦੇ ਤੇਰਾਂ ਸਮਸਥਾਨਕ ਹਨ, ਜਿਨ੍ਹਾਂ ਵਿਚੋਂ 64,66,67,68 ਅਤੇ 70 ਪਰਮਾਣਵੀ ਭਾਰ ਵਾਲੇ ਪੰਜ ਸਥਾਈ ਹਨ।
ਜਿਸਤ ਕਾਫ਼ੀ ਕਿਰਿਆਸ਼ੀਲ ਧਾਤ ਹੈ। ਇਸ ਨੂੰ ਥੋੜ੍ਹੀ ਮੁਸ਼ਕਿਲ ਨਾਲ ਹਵਾ ਵਿਚ ਜਲਾਇਆ ਜਾ ਸਕਦਾ ਹੈ ਅਤੇ ਇਸ ਦੀ ਲਾਟ ਨੀਲੀ ਹਰੀ ਹੁੰਦੀ ਹੈ। ਜਿਸਤ ਅਤੇ ਹਲਕੇ ਤੇਜ਼ਾਬ ਦੀ ਕਿਰਿਆ ਆਮ ਕਰੇ ਪ੍ਰਯੋਗਸ਼ਾਲਾ ਵਿਚ ਹਾਈਡ੍ਰੋਜਨ ਤਿਆਰ ਕਰਨ ਲਈ ਵਰਤੀ ਜਾਂਦੀ ਹੈ। ਸੋਡੀਅਮ ਹਾਈਡ੍ਰਾੱਕਸਾਈਡ ਵਰਗੀਆਂ ਤੇਜ਼ ਖਾਰਾਂ ਵਿਚ ਜਿਸਤ ਘੁਲ ਕੇ ਹਾਈਡ੍ਰੋਜਨ ਉਤਪੰਨ ਕਰਦੀ ਹੈ ਅਤੇ ਡਾਈਨੈਗੇਟਿਵ ਚਾਰਜਿਤ ਟੈਟ੍ਰਾਹਾਈਡ੍ਰਾੱਕਸੋਜ਼ਿੰਕੇਟ ਆਇਨ ਬਣਦੇ ਹਨ। ਜਲੀ ਘੋਲਾਂ ਵਿਚ ਜਿਸਤ ਆਇਨ Zn (NH3) 4++ ਅਤੇ Zn (CH)4– – ਵਰਗੇ ਕੰਪਲੈਕਸ ਆਇਨ ਬਣਾਉਂਦੀ ਹੈ।
ਜਿਸਤ ਦੇ ਲਾਭ––ਇਸ ਦਾ ਸਭ ਤੋਂ ਮੁੱਖ ਲਾਭ ਦੂਸਰੀਆਂ ਧਾਤਾਂ ਉੱਤੇ ਰੱਖਿਅਕ ਤਹਿ ਚਾੜ੍ਹਣਾ ਹੈ। ਲੋਹੇ ਜਾਂ ਸਟੀਲ ਉੱਤੇ ਜਿਸਤ ਦੀ ਤਹਿ ਚਾੜ੍ਹਣ ਨੂੰ ਗੈਲਵੇਨਾਈਜ਼ਿੰਗ ਜਾਂ ਜਿਸਤ ਚਾੜ੍ਹਣਾ ਕਿਹਾ ਜਾਂਦਾ ਹੈ ਅਤੇ ਇਹ ਕਿਰਿਆ ਚੀਜ਼ ਨੂੰ ਪਿਘਲੇ ਹੋਏ ਜਿਸਤ ਵਿਚ ਡੁਬੋਣ ਨਾਲ ਕੀਤੀ ਜਾਂਦੀ ਹੈ। ਇਸ ਵਿਧੀ ਨੂੰ ਹਾਟ ਡਿਪ ਪ੍ਰੋਸੈੱਸ ਕਿਹਾ ਜਾਂਦਾ ਹੈ। ਅਜਿਹਾ ਕਰਨ ਦੇ ਹੋਰ ਢੰਗ ਇਲੈੱਕਟ੍ਰੋਗੈਲਵੇਨਾਈਜਿੰਗ, ਸੀਰਾਰਡਾਈਜ਼ਿੰਗ ਅਤੇ ਮੈਟਾਲਾਈਜਿੰਗ ਹਨ।(ਵਿਸਥਾਰ ਲਈ ਵੇਖੋ ਜਿਸਤੀ ਲੋਹਾ ਅਤੇ ਸਟੀਲ) ਜਿਸਤ ਦੀ ਹੋਰ ਵਰਤੋਂ ਪਿੱਤਲ ਅਤੇ ਜਿਸਤ ਡਾਈਕਾਸਟਿੰਗ ਮਿਸ਼ਰਿਤ ਧਾਤਾਂ ਵਿਚ ਜਿਸਤ ਦੀ ਚਾਦਰ ਅਤੇ ਪੱਤੀ ਵਿਚ, ਬਿਜੱਲਈ ਖੁਸ਼ਕ ਸੈਲਾਂ ਵਿਚ ਜਿਸਤ ਦੇ ਕੁਝ ਵਿਸ਼ੇਸ਼ ਯੋਗਿਕ ਬਣਾਉਣ ਲਈ ਅਤੇ ਰਸਾਇਣਿਕ ਵਿਧੀਆਂ ਵਿਚ ਲਘੂ ਕਾਰਕ ਦੇ ਤੌਰ ਤੇ ਕੀਤੀ ਜਾਂਦੀ ਹੈ। ਜਿਸਤ ਪੌਦਿਆਂ ਅਤੇ ਪਸ਼ੂਆਂ ਦੇ ਆਰਗੈਨਿਜ਼ਮਾਂ ਦੇ ਵਾਧੇ ਲਈ ਵੀ ਜ਼ਰੂਰੀ ਤੱਤ ਹੈ। ਇਨਸੁਲਿਨ ਯੋਗਿਕ ਇਕ ਜਿਸਤ ਮਿਲਿਆ ਪ੍ਰੋਟੀਨ ਹੈ।
ਜਿਸਤ ਦੇ ਮੁੱਖ ਯੋਗਿਕਾਂ ਵਿਚੋਂ ਜ਼ਿੰਕ ਆੱਕਸਾਈਡ ਇਕ ਚਿੱਟਾ ਪਿਗਮੈਂਟ ਹੈ ਜਿਸ ਦੀ ਵਰਤੋਂ ਉਦਯੋਗ ਵਿਚ ਕੀਤੀ ਜਾਂਦੀ ਹੈ। ਚੀਨੀ-ਮਿੱਟੀ ਅਤੇ ਸ਼ਿੰਗਾਰ ਸਮੱਗਰੀ ਵਿਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਜ਼ਿੰਕ ਪਰਆੱਕਸਾਈਡ ਇਕ ਅਨਿਸ਼ਚਿਤ ਰਚਨਾ ਵਾਲਾ ਯੋਗਿਕ ਹੈ ਅਤੇ ਬਹੁਤ ਚੰਗਾ ਰੋਗਾਣੂਨਾਸ਼ਕ ਹੈ। ਇਸ ਦੀ ਵਰਤੋਂ ਵਧੇਰੇ ਕਰਕੇ ਚਮੜੀ ਦੇ ਰੋਗਾਂ ਦੇ ਇਲਾਜ ਲਈ ਕੀਤੀ ਜਾਂਦੀ ਹੈ। ਜ਼ਿੰਕ ਕਲੋਰਾਈਡ ਤਿਆਰ ਕਰਨ ਲਈ ਧਾਤਵੀ ਜਿਸਤ ਨੂੰ ਖੁਸ਼ਕ ਕਲੋਰੀਨ ਗੈਸ ਵਿਚ ਗਰਮ ਕੀਤਾ ਜਾਂਦਾ ਹੈ। ਜ਼ਿੰਕ ਕਲੋਰਾਈਡ ਦੇ ਗਾੜ੍ਹੇ ਘੋਲ ਟਾਂਕੇ ਲਾਉਣ ਵਿਚ ਫਲੱਕਸ ਦੇ ਤੌਰ ਤੇ ਵਰਤੇ ਜਾਦੇ ਹਨ। ਇਸ ਵਿਚ ਆੱਕਸਾਈਡ ਘੁਲ ਕੇ ਆੱਕਸੀਕਲੋਰਾਈਡ ਬਣਾਉਂਦੇ ਹਨ, ਜਿਹੜਾ ਕਿ ਦੰਦ ਸਾਜ਼ੀ ਵਿਚ ਭਰਾਈ ਲਈ ਵਰਤਿਆ ਜਾਂਦਾ ਹੈ। ਜ਼ਿੰਕ ਕਲੋਰਾਈਡ ਦੀ ਵਰਤੋਂ ਅੱਗ ਪ੍ਰੂਫ਼ ਲੱਕੜੀ ਦੀ ਸੰਭਾਲ ਲਈ ਵੀ ਕੀਤੀ ਜਾਂਦੀ ਹੈ।
ਦਵਾਈ ਵਿਚ ਜਿਸਤ ਦੀ ਵਰਤੋਂ ਕਈ ਲੂਣਾਂ ਦੇ ਰੂਪ ਵਿਚ ਕੀਤੀ ਜਾਂਦੀ ਹੈ ਜਿਨ੍ਹਾਂ ਵਿਚੋਂ ਵਧੇਰੇ ਰੋਗਾਣੂਨਾਸ਼ਕ, ਕਾਸਟਿਕ, ਜ਼ਹਿਰੀਲੇ ਖ਼ੂਨ ਦੇ ਪ੍ਰਵਾਹ ਨੂੰ ਰੋਕਣ ਵਾਲੇ ਅਤੇ ਉੱਤੇਜਨਾ ਪੈਦਾ ਕਰਨ ਵਾਲੇ ਹੁੰਦੇ ਹਨ। ਜਿਸਤ ਦੀਆਂ ਅਲਕੋਹਲ ਜਾਂ ਪਾਣੀ ਵਿਚ ਬਣੀਆਂ ਦਵਾਈਆਂ ਦੀ ਵਰਤੋਂ ਅੱਖਾਂ, ਕੰਨ ਅਤੇ ਜ਼ਖ਼ਮ ਆਦਿ ਧੋਣ ਲਈ ਕੀਤੀ ਜਾਂਦੀ ਹੈ। ਮਲ੍ਹਮਾਂ ਅਤੇ ਸਾਫ਼ ਕਰਨ ਵਾਲੇ ਪਾਊਡਰ ਆਮ ਤੌਰ ਤੇ ਜ਼ਿੰਕ ਆੱਕਸਾਈਡ ਜਾਂ ਸਟੀਐਰੇਟ ਤੋਂ ਬਣਾਏ ਜਾਂਦੇ ਹਨ। ਜਿਸਤ ਦੇ ਜਲਣ ਪੈਦਾ ਕਰਨ ਵਾਲੇ ਅਤੇ ਕਾਸਟਿਕ ਲੂਣ ਖਾਣ ਲਈ ਬਹੁਤ ਖ਼ਤਰਨਾਕ ਹਨ ਅਤੇ ਮੌਤ ਵੀ ਹੋ ਸਕਦੀ ਹੈ।
ਹ. ਪੁ.––ਮੈਕ. ਐਨ. ਸ. ਟ. 14 : 611
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4944, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-30, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First