ਢਾਡੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਢਾਡੀ (ਨਾਂ,ਪੁ) ਢੱਡ ਵਜਾ ਕੇ ਯੋਧਿਆਂ ਦਾ ਕੀਰਤੀ ਜੱਸ ਗਾਉਣ ਵਾਲਾ ਗਮੰਤਰੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7753, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਢਾਡੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਢਾਡੀ [ਨਾਂਪੁ] ਢੱਡ ਵਜਾਉਣ ਵਾਲ਼ਾ ਵਿਅਕਤੀ; ਢੱਡ ਵਜਾ ਕੇ ਸੂਰਮਿਆਂ ਦੀਆਂ ਵਾਰਾਂ ਗਾਉਣ ਵਾਲ਼ਾ ਕਲਾਕਾਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7717, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਢਾਡੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਢਾਡੀ. ਸੰਗ੍ਯਾ—ਢੱਡ ਬਜਾਉਣ ਵਾਲਾ. ਦੇਖੋ, ਢਾਢਿਸੈਨ ਅਤੇ ਢਾਢੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7561, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਢਾਡੀ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ
ਢਾਡੀ : ਇਕ ਸੰਗੀਤਕ ਸਾਜ਼ ਢੱਡ ਜਿਹੜੀ ਇਕ ਕਿਸਮ ਦੀ ਛੋਟੀ ਢੋਲਕੀ ਵਰਗੀ ਹੁੰਦੀ ਹੈ ਅਤੇ ਪਾਸਿਆਂ ਤੋਂ ਵਜਾਈ ਜਾ ਸਕਦੀ ਹੈ, ਨੂੰ ਵਜਾ ਕੇ ਗਾਉਣ ਵਾਲੇ ਕਲਾਕਾਰਾਂ ਨੂੰ ਢਾਡੀ ਆਖਿਆ ਜਾਂਦਾ ਹੈ। ਇਹ ਢਾਡੀ ਆਮ ਕਰਕੇ ਵੀਰਾਂ ਯੋਧਿਆਂ ਦੇ ਉਤਸ਼ਾਹ ਵਧਾਉਣ ਵਾਲੇ ਕਾਰਨਾਮਿਆਂ ਨੂੰ ਵਿਖਿਆਨ ਤੇ ਵਾਰਾਂ ਦੇ ਰੂਪ ਵਿਚ ਓਜਪੂਰਨ ਸ਼ੈਲੀ ਵਿਚ ਗਾ ਕੇ ਸ੍ਰੋਤਿਆਂ ਵਿਚ ਵੀਰ ਭਾਵਨਾ ਤੇ ਉਤਸ਼ਾਹ ਭਰਦੇ ਹਨ। ਢਾਡੀ ਜਥਾ ਆਮ ਤੌਰ ਤੇ ਚਾਰ ਕਲਾਕਾਰਾਂ ਦਾ ਹੁੰਦਾ ਹੈ। ਦੋ ਢੱਡ ਵਜਾਉਂਦੇ ਹਨ, ਇਕ ਸਾਰੰਗੀ (ਜਾਂ ਰਬਾਬ) ਵਜਾਉਂਦਾ ਹੈ ਅਤੇ ਚੌਥਾ ਵਿਖਿਆਨ ਕਰਦਾ ਹੈ ਤੇ ਇਤਿਹਾਸ ਸੁਣਾਉਂਦਾ ਹੈ। ਦੋ ਦੱਡ ਵਜਾਉਣ ਵਾਲੇ ਬੀਰ ਰਸ ਪੈਦਾ ਕਰਨ ਲਈ ਖ਼ੂਬ ਉੱਚੀ ਤੇ ਕੜਕਵੀਂ ਆਵਾਜ਼ ਵਿਚ ਵਾਰ ਦੀ ਤਰਜ਼ ਤੇ ਪਉੜੀ ਗਾਉਂਦੇ ਹਨ। ਸਾਰੰਗੀ ਵਾਲਾ ਆਮ ਕਰਕੇ ਸਾਜ਼ ਹੀ ਵਜਾਉਂਦਾ ਹੈ ਆਪ ਨਹੀਂ ਗਾਉਂਦਾ। ਇਹ ਢਾਡੀ ਕਲਾਕਾਰ ਅਕਸਰ ਯੋਧਿਆਂ ਦਾ ਜਸ ਗਾਉਂਦੇ ਹਨ ਜਿਸ ਕਾਰਨ ਢਾਡੀ ਦੇ ਅਰਥ ਜਸ ਗਾਉਣ ਵਾਲਾ, ਗੁਣ ਗਾਉਣ ਵਾਲਾ, ਕੀਰਤੀ ਕਰਨ ਵਾਲਾ ਆਦਿ ਪ੍ਰਚੱਲਤ ਹੋ ਗਏ। ਸੂਰਦਾਸ ਨੇ ਵੀ ਆਪਣੇ ਆਪ ਨੂੰ ਢਾਡੀ ਕਿਹਾ ਹੈ–
‘ਹਉਂ ਤੋਂ ਤੇਰੇ ਕੋ ਢਾਡੀ ਸੂਰਦਾਸ ਮੇਰੋ ਨਾਉਂ
ਗੁਰੂ ਨਾਨਕ ਤੇ ਉਨ੍ਹਾਂ ਤੋਂ ਮਗਰਲੇ ਗੁਰੂ ਸਾਹਿਬਾਨ ਨੇ ਵੀ
ਆਪਣੇ ਆਮ ਨੂੰ ਪਰਮਾਤਮਾ ਦੇ ਢਾਡੀ ਆਖਿਆ ਹੈ–
–ਢਾਡੀ ਕਥੇ ਅਕਥੁ ਸਬਦਿ ਸੁਣਾਇਆ ‖
(ਵਾਰ ਮਾ. ਮਹਲਾ ੧)
–ਢਾਡੀ ਕਰੇ ਪੁਕਾਰ ਪ੍ਰਭੁ ਸੁਣਾਇਸੀ ‖
(ਵਾਰ ਗੂਜਰੀ ਮਹਲਾ ੩)
–ਢਾਡੀ ਦਰਿ ਪ੍ਰਭੂ ਮੰਗਣਾ ਦਰੁ ਕਦੇ ਨਾ ਛੋੜੇ ‖
(ਵਾਰ ਗਉੜੀ ਮਹਲਾ ੫)
ਵੀਰਾਂ ਦੀ ਉਤਸ਼ਾਹ ਪੂਰਨ ਗਾਥਾ ਨੂੰ ਗਾਉਣ ਦੀ ਪ੍ਰਥਾ ਬੜੀ ਪੁਰਾਣੀ ਹੈ। ਚਾਰਣ-ਭੱਟ-ਢਾਡੀ ਆਦਿ ਜੁਗਾਦਿ ਤੋਂ ਵੀਰ ਗਾਥਾ ਗਾਉਂਦੇ ਆਏ ਹਨ। ਬਹਤੀਆਂ ਵਾਰਾਂ ਇਨ੍ਹਾਂ ਦੀਆਂ ਆਪਣੀਆਂ ਕਿਰਤਾਂ ਸਨ–ਢਾਡੀ ਦਾਸ ਵਖਾਣੀ ਪਉੜੀ ਰਾਗ ਕੀ-ਇਸ ਦਾ ਇਕ ਪ੍ਰਮਾਣ ਹੈ। ਇਹ ਭਾਵੇਂ ਅਨਪੜ੍ਹ ਹੁੰਦੇ ਸਨ ਪਰ ਇਨ੍ਹਾਂ ਦਾ ਜੀਵਨ ਅਨੁਭਵ ਬੜਾ ਵਿਸ਼ਾਲ ਹੁੰਦਾ ਸੀ ਜਿਸ ਕਾਰਨ ਇਹ ਵਾਰਾਂ ਰਚਦੇ ਸਨ ਤੇ ਜ਼ਬਾਨੀ ਯਾਦ ਰੱਖਦੇ ਸਨ। ਇਹ ਵਾਰਾਂ ਮਗਰੋਂ ਸੀਨਾ-ਬ-ਸੀਨਾ ਮੌਖਿਕ ਪਰੰਪਰਾ ਅਨੁਸਾਰ ਜੀਵਤ ਰਹੀਆਂ।
ਮਰਾਸੀ/ਡੂਮ ਆਮ ਤੌਰ ਤੇ ਗਵੱਈਏ ਸਨ। ਇਨ੍ਹਾਂ ਦੇ ਪ੍ਰਮੁੱਖ ਦੋ ਭਾਈਚਾਰਕ ਵਰਗ ਸਨ– ਰਬਾਬੀ ਤੇ ਢਾਡੀ । ਰਬਾਬੀ ਰਾਜ ਦਰਬਾਰਾਂ ਅਤੇ ਰਈਸਾਂ ਦੀਆਂ ਮਹਿਫ਼ਲਾਂ ਵਿਚ ਰਾਗ ਵਿਦਿਆ ਦੇ ਜੌਹਰ ਵਿਖਾਉਂਦੇ ਸਨ ਤੇ ਢਾਡੀ ਜੋਧਿਆਂ, ਵੀਰਾਂ ਦੇ ਜਸ ਗਾਇਨ ਦਾ ਕੰਮ ਕਰਦੇ ਸਨ। ਇਨ੍ਹਾਂ ਦਾ ਰਾਜ ਦਰਬਾਰਾਂ ਵਿਚ ਬਹੁਤ ਮਾਣ ਸਤਿਕਾਰ ਸੀ। ਕਈ ਮਰਾਸੀ ਰਬਾਬੀ ਵੀ ਸਨ ਤੇ ਢਾਡੀ ਵੀ। ਪੰਜਾਬ ਤੇ ਰਾਜਸਥਾਨ ਦੇ ਰਾਜ ਦਰਬਾਰਾਂ ਵਿਚ ਭੱਟ, ਚਾਰਣ ਤੇ ਢਾਡੀਆਂ ਦਾ ਬੜਾ ਮਾਣ ਸਤਿਕਾਰ ਸੀ। ਇਹ ਲੋਕ ਸੰਗੀਤ ਕਲਾ ਤੇ ਭਾਸ਼ਣ ਕਲਾ ਵਿਚ ਬੜੇ ਪ੍ਰਬੀਨ ਹੁੰਦੇ ਸਨ। ਇਹ ਯੁੱਧ ਦਾ ਦ੍ਰਿਸ਼ ਵਰਣਨ ਇਉਂ ਕਰਦੇ ਸਨ ਕਿ ਸ਼ਰੋਤੇ ਨੂੰ ਜਾਪਣ ਲਗ ਪੈਂਦਾ ਸੀ ਕਿ ਮੇਰੇ ਸਾਹਮਣੇ ਸਭ ਕੁਝ ਵਾਪਰ ਰਿਹਾ ਹੈ। ਇਹ ਬੜੇ ਦਲੇਰ ਹੁੰਦੇ ਸਨ। ਇਹ ਯੁੱਧ ਦੌਰਾਨ ਫੌਜਾਂ ਨਾਲ ਗਾਉਂਦੇ ਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਦੇ ਸਨ। ਇਨ੍ਹਾਂ ਨੇ ਯੁੱਧ ਦਾ ਨਜ਼ਾਰਾ ਅੱਖੀਂ ਵੇਖਿਆ ਹੁੰਦਾ ਸੀ ਜਿਸ ਕਾਰਨ ਇਨ੍ਹਾਂ ਦਾ ਬਿਆਨ ਬੜਾ ਸਜੀਵ ਹੁੰਦਾ ਸੀ।
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਉਪਰੰਤ ਸਿੱਖ ਨੀਤੀ ਵਿਚ ਬੜਾ ਵੱਡਾ ਪਰਿਵਰਤਨ ਆਇਆ। ਭਗਤੀ ਨਾਲ ਸ਼ਕਤੀ ਦਾ ਸੁਮੇਲ ਕਰ ਦਿਤਾ ਗਿਆ। ਗੁਰੂ ਹਰਿਗੋਬਿੰਦ ਸਾਹਿਬ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਾ ਲਈਆਂ। ਕੀਰਤਨ ਦੇ ਨਾਲ ਨਾਲ ਦੁਪਹਿਰ ਮਗਰੋਂ ਢਾਡੀਆਂ ਦੇ ਦਰਬਾਰ ਲੱਗਣ ਲੱਗੇ। ਇਸ ਵਿਚ ਵੀਰਾਂ ਦੀ ਦਲੇਰੀ ਦਾ ਜਸ ਗਾਇਨ ਕੀਤਾ ਜਾਂਦਾ। ਮੀਰ ਅਬਦੁਲਾ ਤੇ ਨੱਥਾ ਗੁਰੂ ਹਰਿਗੋਬਿੰਦ ਜੀ ਦੇ ਦਰਬਾਰ ਵਿਚ ਦੋ ਪ੍ਰਸਿੱਧ ਢਾਡੀ ਸਨ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਢਾਡੀਆਂ ਦਾ ਮਾਣ ਸਤਿਕਾਰ ਹੋਰ ਵੀ ਵਧਿਆ। ਯੁੱਧਾਂ ਲਈ ਚਾਅ ਪੈਦਾ ਕਰਨ ਲਈ ਢਾਡੀ ਵੀਰ ਰਸੀ ਵਾਰਾਂ ਗਾਉਂਦੇ ਤੇ ਲੋਕਾਂ ਵਿਚ ਦੇਸ਼-ਕੌਮ ਦੀ ਖ਼ਾਤਰ ਸ਼ਹੀਦੀਆਂ ਪਾਉਣ ਲਈ ਉਤਸ਼ਾਹ ਪੈਦਾ ਕਰਦੇ। ਗੁਰੂ ਸਾਹਿਬ ਦੇ ਦਰਬਾਰ ਦੇ ਪ੍ਰਸਿੱਧ ਢਾਡੀ ਮੀਰ ਮੁਸ਼ਕੀ ਤੇ ਛਬੀਲਾ ਸਨ। ਇਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਦੀ ਉਪਮਾ ਬਹੁਤ ਹੀ ਸੁੰਦਰ ਢੰਗ ਨਾਲ ਕੀਤੀ ਹੈ। ਇਨ੍ਹਾਂ ਦੀਆਂ ਰਚਨਾਵਾਂ ਉਪਲੱਬਧ ਨਹੀਂ ਸਨ।
ਇਹ ਢਾਡੀ ਹੁਣ ਤਕ ਸੰਗਤਾਂ ਨੂੰ ਨਿਹਾਲ ਕਰਦੇ ਹਨ। ਪਹਿਲਾਂ ਕੇਵਲ ਮਰਾਸੀ ਹੀ ਢਾਡੀ ਸਨ ਪਰ ਮਗਰੋਂ ਬਹੁਤ ਸਾਰੇ ਕਲਾਕਾਰਾਂ ਨੇ ਇਹ ਪੇਸ਼ਾ ਅਪਣਾ ਲਿਆ। ਪੰਜਾਬ ਦੇ ਕੁਝ ਬੜੇ ਪ੍ਰਸਿੱਧ ਢਾਡੀ ਹੋਏ ਹਨ ਜਿਵੇਂ ਮੀਰ ਅਬਦੁੱਲਾ, ਮੀਰ ਨੱਥਾ ਮਲ, ਮੀਰ ਛਬੀਲਾ, ਮੀਰ ਮੁਸ਼ਕੀ, ਭਾਈ ਸ਼ੇਰੂ, ਭਾਈ ਲਭੂ, ਭਾਈ ਕਾਲੂ, ਭਾਈ ਅਤਰਾ, ਭਾਈ ਚਤਰਾ, ਭਾਈ ਸੰਤ ਸਿੰਘ, ਭਾਈ ਰੂੜਾ, ਭਾਈ ਮੀਰੂ, ਭਾਈ ਲਾਭ ਸਿੰਘ, ਭਾਈ ਹੁਕਮਾ, ਭਾਈ ਫੇਰੂ, ਭਾਈ ਲਸ਼ਕਰੀਆ, ਭਾਈ ਵਲਾਇਤੀ, ਭਾਈ ਸ਼ੇਰ ਸਿੰਘ, ਭਾਈ ਸੁੰਦਰ ਸਿੰਘ, ਭਾਈ ਮੱਸਾ ਸਿੰਘ, ਭਾਈ ਦਇਆ ਸਿੰਘ ਦਿਲਬਰ, ਭਾਈ ਉੱਤਮ ਸਿੰਘ ਪਤੰਗ, ਭਾਈ ਸੋਹਣ ਸਿੰਘ ਸੀਤਲ, ਭਾਈ ਪਾਲ ਸਿੰਘ ਪੰਛੀ ਆਦਿ।
ਪੰਜਾਬ ਦੇ ਢਾਡੀਆਂ ਦੀ ਇਕ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਨ੍ਹਾਂ ਨੇ ਮਾਇਆ ਦੇ ਲੋਭ ਵਸ ਕਿਸੇ ਦੀ ਸਿਫ਼ਤ ਨਹੀਂ ਕੀਤੀ ਕੇਵਲ ਉਨ੍ਹਾਂ ਵੀਰਾਂ, ਗੁਰੂਆਂ, ਪੀਰਾਂ ਦਾ ਜਸ ਗਾਇਆ ਹੈ ਜਿਨ੍ਹਾਂ ਨੇ ਵਾਕਿਆ ਹੀ ਕੁਝ ਅਜਿਹੇ ਕਾਰਨਾਮੇ ਕੀਤੇ ਸਨ ਜਿਨ੍ਹਾਂ ਤੋਂ ਆਮ ਲੋਕ ਸੇਧ ਤੇ ਉਤਸ਼ਾਹ ਲੈ ਸਕਦੇ ਸਨ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5812, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-03-03-03-53-51, ਹਵਾਲੇ/ਟਿੱਪਣੀਆਂ: ਹ. ਪੁ. ਅਣਪਛਾਤੀ ਰਾਹ-ਪ੍ਰਿ. ਗੁਰਬਚਨ ਸਿੰਘ ਤਾਲਿਬ ; ਮਿਰਾਸੀਆਂ ਦਾ ਪਿਛੋਕੜ ਤੇ ਭਾੲੀ ਮਰਦਾਨਾ-ਸ਼ਮਸ਼ੇਰ ਸਿੰਘ ਅਸ਼ੋਕ ; ਸ੍ਰੀ ਗੁਰੂ ਗ੍ਰੰਥ ਕੋਸ਼-ਖਾਲਸਾ ਟ੍ਰੈਕਟ ਸੁਸਾਇਟੀ, ਅੰਮ੍ਰਿਤਸਰ ; ਪੰਜਾਬ ਦੀਆਂ ਵਾਰਾਂ- ਡਾ. ਗੰਡਾ ਸਿੰਘ; ਪੰਜਾਬੀ ਵਾਰਾਂ-ਪਿਆਰਾ ਸਿੰਘ ਪਦਮ.
ਢਾਡੀ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਢਾਡੀ : ਇਹ ਭਾਰਤ ਦੀ ਇਕ ਦੇਸੀ ਰਿਆਸਤ ਜੱਬਲ ਦੀ ਇੱਕ ਛੋਟੀ ਜਿਹੀ ਨਿਜ਼ਾਮਤ ਹੁੰਦੀ ਸੀ । ਰਾਜਾਂ ਦੇ ਪੁਨਰਗਠਨ ਸਮੇਂ ਇਹ ਪੰਜਾਬ ਰਾਜ ਵਿਚ ਸ਼ਾਮਲ ਕਰ ਦਿੱਤੀ ਗਈ । ਸੰਨ 1966 ਵਿਚ ਪੰਜਾਬ ਰਾਜ ਦੀ ਵੰਡ ਕਾਰਨ ਇਸ ਨਿਜ਼ਾਮਤ ਦਾ ਕੁਝ ਇਲਾਕਾ ਹਿਮਾਚਲ ਪ੍ਰਦੇਸ਼ ਅਧੀਨ ਚਲਾ ਗਿਆ। ਇਹ ਪਹਿਲਾਂ ਧਰੋਰ ਰਿਆਸਤ ਅਧੀਨ ਸੀ ਅਤੇ ਫਿਰ ਬਸ਼ਹਰ ਰਿਆਸਤ ਵਿਚ ਰਹੀ। ਗੋਰਖਿਆਂ ਦੀ ਹਕੂਮਤ ਸਮੇਂ ਢਾਡੀ ਨੂੰ ਰਵੈਨ ਵਿਚ ਸ਼ਾਮਲ ਕੀਤਾ ਗਿਆ ਅਤੇ 1896 ਈ. ਵਿਚ ਇਸ ਨੂੰ ਜੱਬਲ ਰਿਆਸਤ ਅਧੀਨ ਇਕ ਰਿਆਸਤ ਬਣਾ ਦਿੱਤਾ ਗਿਆ । ਠਾਕੁਰ ਧਰਮ ਸਿੰਘ ਨਾਂ ਦਾ ਇਕ ਰਾਜਪੂਤ ਇਸ ਰਿਆਸਤ ਦਾ ਮਾਲਕ ਸੀ । ਇਸ ਦੇ ਨਾਬਾਲਗ ਹੋਣ ਕਾਰਨ ਸਾਰਾ ਪ੍ਰਬੰਧ ਇਸ ਦੇ ਰਿਸ਼ਤੇਦਾਰਾਂ ਅਧੀਨ ਸੀ । ਨਿਜ਼ਾਮਤ ਦੇ ਸਰਦਾਰਾਂ ਨੂੰ ਸਾਰੇ ਪ੍ਰਬੰਧਕੀ ਹੱਕ ਪ੍ਰਾਪਤ ਸਨ ਪਰ ਕਿਸੇ ਨੂੰ ਮੌਤ ਦੀ ਸਜ਼ਾ ਦੇਣ ਲਈ ਸ਼ਿਮਲਾ ਦੇ ਸੁਪਰਡੈਂਟ ਤੋਂ ਆਗਿਆ ਲੈਣੀ ਪੈਂਦੀ ਸੀ ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5448, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-19-11-26-38, ਹਵਾਲੇ/ਟਿੱਪਣੀਆਂ: ਹ. ਪੁ. –ਇੰਪ. ਗ. ਇਡ. 11: 281.
ਢਾਡੀ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਢਾਡੀ (ਢਾਢੀ ) : ਢਾਡੀ ਸ਼ਬਦ ਢੱਡ ਤੋਂ ਨਿਕਲਿਆ ਹੈ ਅਤੇ ਇਹ ਇਕ ਵਿਸ਼ੇਸ਼ ਪ੍ਰਕਾਰ ਦੇ ਸੰਗੀਤ ਕਲਾਕਾਰ ਲਈ ਵਰਤਿਆ ਜਾਂਦਾ ਹੈ। ਉਹ ਕਲਾਕਾਰ ਜਿਹੜੇ ਢੱਡ ਵਜਾ ਕੇ ਗਾਉਂਦੇ ਹਨ, ਨੂੰ ਢਾਡੀ ਕਿਹਾ ਜਾਂਦਾ ਹੈ ਜਿਵੇਂ ਰਬਾਬ ਵਜਾਉਣ ਵਾਲਿਆਂ ਨੂੰ ਰਬਾਬੀ ਕਿਹਾ ਜਾਂਦਾ ਹੈ।
ਢੱਡ, ਡਮਰੂ ਦੀ ਸ਼ਕਲ ਦਾ ਇਕ ਤਾਲ ਸਾਜ਼ ਹੈ । ਇਸ ਦੇ ਦੋਵੇਂ ਮੂੰਹਾਂ ਉੱਤੇ ਚਮੜਾ ਮੜ੍ਹਿਆ ਹੁੰਦਾ ਹੈ । ਇਸ ਨੂੰ ਖੱਬੇ ਹੱਥ ਵਿਚ ਫੜ੍ਹ ਕੇ, ਸੱਜੇ ਹੱਥ ਦੀਆਂ ਉਂਗਲਾਂ ਨਾਲ ਚੋਟਾਂ ਮਾਰ ਕੇ ਵਜਾਇਆ ਜਾਂਦਾ ਹੈ । ਖੱਬੇ ਹੱਥ ਦੀਆਂ ਉਂਗਲਾਂ ਅਤੇ ਅੰਗੂਠੇ ਨਾਲ ਇਸ ਦੀਆਂ ਤਣੀਆਂ ਨੂੰ ਦਬਾ ਕੇ ਤੇ ਢਿੱਲਾ ਛੱਡ ਕੇ ਇਸ ਦੀ ਆਵਾਜ਼ ਵਿਚ ਅੰਤਰ ਪੈਦਾ ਕੀਤਾ ਜਾਂਦਾ ਹੈ।
ਢਾਡੀ ਆਮ ਤੌਰ ਤੇ ਤਿੰਨ ਜਾਂ ਚਾਰ ਵਿਅਕਤੀਆਂ ਦੀ ਟੋਲੀ ਦੇ ਰੂਪ ਵਿਚ ਗਾਉਂਦੇ ਹਨ ਜਿਸ ਨੂੰ ਢਾਡੀ ਜੱਥਾ ਕਿਹਾ ਜਾਂਦਾ ਹੈ। ਦੋ ਵਿਅਕਤੀ ਢੱਡ ਵਜਾ ਕੇ ਗਾਉਂਦੇ ਹਨ । ਇਕ ਸਾਰੰਗੀ ਵਜਾਉਂਦਾ ਹੋਇਆ ਗਾਉਂਦਾ ਹੈ ਅਤੇ ਇਕ ਵਿਆਖਿਆ ਜਾਂ ਵਖਿਆਨ ਕਰਦਾ ਹੈ। ਵਿਦਵਾਨਾਂ ਨੇ ਢਾਡੀ ਪਰੰਪਰਾ ਦਾ ਸਬੰਧ ਯੂਨਾਨੀ ਪਰੰਪਰਾ ਨਾਲ ਜੋੜਿਆ ਹੈ । ਪ੍ਰਿੰਸੀਪਲ ਤੇਜਾ ਸਿੰਘ ਅਨੁਸਾਰ ਯੂਨਾਨ ਵਿਚ ਵੀ ਪੰਜਾਬ ਦੇ ਢਾਡੀ ਜੱਥਿਆਂ ਵਾਂਗ ਗਾਉਣ ਵਾਲੀਆਂ ਟੋਲੀਆਂ ਹੁੰਦੀਆਂ ਹਨ। ਉਨ੍ਹਾਂ ਕੋਲ ਵੀ ਢਾਡੀਆਂ ਜਿਹੇ ਸਾਜ਼ ਹੁੰਦੇ ਹਨ । ਗਾਉਣ ਦਾ ਢੰਗ ਵੀ ਕੁਝ ਮਿਲਦਾ ਜੁਲਦਾ ਹੈ । ਓਡ ਦੇ ਤਿੰਨ ਭਾਗ ਹੁੰਦੇ ਹਨ, ਇਕ ਸਟਰਾਫੀ, ਦੂਜਾ ਐਂਟੀ ਸਟਰਾਫੀ ਅਤੇ ਤੀਜਾ ਈਪੋਡ । ਸਟਰਾਫੀ ਇਕ ਵਿਅਕਤੀ ਗਾਉਂਦਾ ਹੈ, ਐਂਟੀ ਸਟਰਾਫੀ ਦੂਜਾ ਵਿਅਕਤੀ ਗਾਉਂਦਾ ਹੈ ਪਰ ਈਪੋਡ ਨੂੰ ਦੋਵੇਂ ਰਲ ਕੇ ਗਾਉਂਦੇ ਹਨ। ਪੰਜਾਬ ਵਿਚ ਵੀ ਢਾਡੀ ਵਾਰਾਂ ਕੁਝ ਇਸ ਤਰ੍ਹਾਂ ਹੀ ਗਾਇਨ ਕਰਦੇ ਹਨ । ਭਾਵੇਂ ਢਾਡੀਆਂ ਦੀ ਵਾਰ ਗਾਇਨ ਦਾ ਢੰਗ ਕੁਝ ਵਖਰਾ ਹੈ ਪਰ ਰਾਗੀਆਂ ਵਿਚ ਵਾਰ ਗਾਇਨ ਦੀ ਵਿਧੀ ਲਗਭਗ ਇਹੋ ਹੀ ਹੈ ਖਾਸ ਕਰਕੇ ਆਸਾ ਦੀ ਵਾਰ ਦਾ ਗਾਇਨ ਢੰਗ ਇਸ ਪੱਖੋਂ ਉਲੇਖਯੋਗ ਹੈ । ਆਸਾ ਦੀ ਵਾਰ ਨੂੰ ਟੁੰਡੇ ਅਸਰਾਜੇ ਦੀ ਵਾਰ ਧੁਨੀ ਉੱਤੇ ਗਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਸ ਵਾਰ ਨੂੰ ਗਾਉਣ ਲਗਿਆਂ ਪਹਿਲਾਂ ਇਕ ਵਿਅਕਤੀ ਇਕ ਸਲੋਕ ਗਾਉਂਦਾ ਹੈ, ਫਿਰ ਦੂਜਾ ਵਿਅਕਤੀ ਦੂਜਾ ਸਲੋਕ ਗਾਉਂਦਾ ਹੈ ਅਤੇ ਪਉੜੀ ਨੂੰ ਸਾਰੇ ਰਲ ਕੇ ਗਾਉਂਦੇ ਹਨ ।
ਢਾਡੀ ਆਮ ਤੌਰ ਤੇ ਬੀਰ ਰਸੀ ਕਾਵਿ ਗਾ ਕੇ ਲੋਕਾਂ ਵਿਚ ਜੋਸ਼ ਪੈਦਾ ਕਰਦੇ ਹਨ। ਪਿਆਰਾ ਸਿੰਘ ਪਦਮ ਅਨੁਸਾਰ ਪੁਰਾਣੇ ਜ਼ਮਾਨੇ ਵਿਚ ਹਰ ਬਹਾਦਰ ਕਬੀਲੇ ਦਾ ਜਸ ਗਾਉਣ ਵਾਲਾ ਭੱਟ ਜਾਂ ਢਾਡੀ ਹੁੰਦਾ ਸੀ ਜੋ ਆਪਣੇ ਮਾਲਕ ਅਤੇ ਉਸ ਦੇ ਬਜ਼ੁਰਗਾਂ ਦੀ ਵਡਿਆਈ ਗਾ ਕੇ ਸੁਣਾਉਂਦਾ ਸੀ ਅਤੇ ਲੋਕਾਂ ਨੂੰ ਉਸ ਦੇ ਪੂਰਨਿਆਂ ਉਤੇ ਚੱਲਣ ਦੀ ਪ੍ਰੇਰਣਾ ਦਿੰਦਾ ਸੀ । ਜੱਸ ਸੁਣਨ ਵਾਲੇ ਢਾਡੀ ਦੇ ਗਾਇਨ ਤੋਂ ਖੁਸ਼ ਹੋ ਕੇ ਉਸ ਨੂੰ ਗਹਿਣੇ, ਬਸਤਰ ਤੇ ਨਕਦ ਇਨਾਮ ਦਿੰਦੇ ਸਨ । ਕਈ ਉਨ੍ਹਾਂ ਨੂੰ ਜਾਗੀਰਾਂ ਵੀ ਦਿੰਦੇ ਸਨ। ਇਸ ਗਾਇਨ ਕੀਤੇ ਜਾਣ ਵਾਲੇ ਕਾਵਿ-ਰੂਪ ਨੂੰ ਵਾਰ ਕਿਹਾ ਜਾਂਦਾ ਹੈ। ਵਾਰ ਗਾਉਣਾ ਮੁੱਖ ਤੌਰ ਤੇ ਢਾਡੀਆਂ ਨਾਲ ਹੀ ਜੁੜਿਆ ਹੈ । ਪੰਜਾਬ ਵਿਚ ਢਾਡੀਆਂ ਦੀ ਪੁਰਾਤਨ ਪਰੰਪਰਾ ਦੇ ਅਨੇਕਾਂ ਸੰਕੇਤ ਮਿਲਦੇ ਹਨ। ਪੰਜਾਬੀ ਵਿਚ ਬੀਰ ਕਾਵਿ ਢਾਡੀਆਂ ਕਾਰਨ ਹੀ ਰਚਿਆ ਗਿਆ ਜਾਪਦਾ ਹੈ।
ਇਨ੍ਹਾਂ ਰਾਹੀਂ ਰਚੀਆਂ ਵਾਰਾਂ ਪੰਜਾਬ ਵਿਚ ਬਹੁਤ ਪ੍ਰਚੱਲਤ ਰਹੀਆਂ ਹਨ । ਇਨ੍ਹਾਂ ਵਾਰਾਂ ਦੀਆਂ ਧੁਨੀਆਂ (ਤਰਜਾਂ) ਲੋਕਾਂ ਨੂੰ ਬਹੁਤ ਟੁੰਬਦੀਆਂ ਸਨ। ਇਸੇ ਲਈ ਗੁਰੂ ਸਾਹਿਬਾਨ ਨੇ ਆਪਣੀਆਂ ਕੁਝ ਵਾਰਾਂ ਇਨ੍ਹਾਂ ਢਾਡੀਆਂ ਰਾਹੀਂ ਰਚੀਆਂ ਵਾਰਾਂ ਦੀਆਂ ਧੁਨੀਆਂ ਉੱਤੇ ਗਾਉਣ ਦੇ ਨਿਰਦੇਸ਼ ਦਿੱਤੇ ਹਨ ਜਿਵੇਂ :-
1. ਵਾਰ ਮਾਝ ਕੀ ਤਥਾ ਸਲੋਕ
ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ ਗਾਵਣੀ
2. ਗਉੜੀ ਕੀ ਵਾਰ ਮਹਲਾ ਪੰਜਵਾਂ
ਰਾਇ ਕਮਾਲ ਦੀ ਮੋਜਦੀ ਕੀ ਵਾਰ ਕੀ ਧੁਨੀ
3. ਆਸਾ ਮਹਲਾ ਪਹਿਲਾ ਵਾਰ ਸਲੋਕਾ ਨਾਲ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸਰਾਜੇ ਕੀ ਧੁਨੀ
4. ਗੂਜਰੀ ਜੀ ਵਾਰ ਮਹਲਾ ਤੀਜਾ
ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ
5. ਵਡਹੰਸ ਕੀ ਵਾਰ ਮਹਲਾ ਪੰਜਵਾਂ
ਲਲਾ ਬਹਿਲੀਮਾ ਕੀ ਧੁਨੀ ਗਾਵਣੀ
6. ਰਾਮਕਲੀ ਦੀ ਵਾਰ ਮਹਲਾ ਤੀਜਾ
ਜੋਧੇ ਵੀਰੈ ਪੂਰਬਾਣੀ ਕੀ ਧੁਨੀ
7. ਸਾਰੰਗ ਕੀ ਵਾਰ ਮਹਲਾ ਚੌਥਾ
ਰਾਇ ਮਹਮੇ ਹਸਨੇ ਕੀ ਧੁਨੀ
8. ਵਾਰ ਮਲਾਰ ਕੀ ਮਹਲਾ ਪਹਿਲਾ
ਰਾਏ ਕੈਲਾਸ ਤਥਾ ਮਾਲਦੇ ਕੀ ਧੁਨੀ
9. ਕਾਨੜੇ ਕੀ ਵਾਰ ਮਹਲਾ ਚੌਥਾ
ਮੂਸੇ ਕੀ ਵਾਰ ਕੀ ਧੁਨੀ
ਢਾਡੀਆਂ ਦਾ ਸਮਾਜ ਵਿਚਾ ਰੁਤਬਾ ਕਾਫੀ ਉਚੇਰਾ ਅਤੇ ਪ੍ਰਚੱਲਿਤ ਸੀ। ਇਸ ਦਾ ਸਬੂਤ ਇਸ ਗੱਲ ਤੋਂ ਵੀ ਮਿਲਦਾ ਹੈ ਕਿ ਗੁਰੂ ਸਾਹਿਬਾਨ ਆਪਣੇ ਆਪ ਨੂੰ ਢਾਡੀ (ਢਾਢੀ) ਕਹਿੰਦੇ ਹਨ। ਗੁਰਬਾਣੀ ਵਿਚ ਅਨੇਕ ਤੁਕਾਂ ਅਜਿਹੀਆਂ ਮਿਲਦੀਆਂ ਹਨ ਜਿਨ੍ਹਾਂ ਵਿਚ ਗੁਰੂ ਕਵੀ ਆਪਣੇ ਆਪ ਨੂੰ ਪ੍ਰਮਾਤਮਾ ਦਾ ਜਸ ਗਾਇਨ ਕਰਨ ਵਾਲਾ ਢਾਡੀ ਕਹਿ ਕੇ ਪੁਕਾਰਦੇ ਹਨ:
1. ਹਉ ਢਾਢੀ ਵੇਕਾਰੁ ਕਾਰੈ ਲਾਇਆ ॥
( ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 150)
2. ਹਮ ਢਾਢੀ ਹਰਿ ਪ੍ਰਭ ਖਸਮ ਕੇ ਨਿਤ ਗਾਵਹ ਹਰਿ ਗੁਣ ਛੰਤਾ ॥
ਹਰਿ ਕੀਰਤਨੁ ਕਰਹ ਹਰਿ ਜਸੁ ਸੁਣਹ ਤਿਸੁ ਕਵਲਾ ਕੰਤਾ ॥
( ਗੁਰੂ ਰਾਮਦਾਸ ਜੀ , ਸ੍ਰੀ ਗੁਰੂ ਗ੍ਰੰਥ ਸਾਹਿਬ , ਪੰਨਾ 650)
ਪੰਜਾਬ ਵਿਚ ਜਿਵੇਂ ਪੁਰਾਤਨ ਵਾਰਾਂ ਦੇ ਸੰਕੇਤ ਮਿਲਦੇ ਹਨ ਉਸੇ ਤਰ੍ਹਾਂ ਢਾਡੀਆਂ ਦੇ ਨਾਮ ਵੀ ਮਿਲ ਜਾਂਦੇ ਹਨ।
ਗੁਰੂ ਹਰਿਗੋਬਿੰਦ ਸਿੰਘ ਨੇ ਢਾਡੀਆਂ ਦੀ ਗਾਇਨ ਸ਼ੈਲੀ ਨੂੰ ਬਹੁਤ ਉਤਸ਼ਾਹਿਤ ਕੀਤਾ। ਉਹ ਹਰ ਰੋਜ਼ ਸ਼ਾਮ ਨੂੰ ਜਿਹੜਾ ਦੀਵਾਨ ਸਜਾਉਂਦੇ ਸਨ ਉਸ ਵਿਚ ਢਾਡੀ ਬਹਾਦਰੀ ਦੇ ਕਿੱਸੇ ਸੁਣਾ ਕੇ ਸਿੱਖਾਂ ਵਿਚ ਜੋਸ਼ ਭਰਦੇ ਸਨ । ਉਸ ਸਮੇਂ ਦੇ ਨੱਥਾ ਅਤੇ ਅਬਦੁੱਲਾ ਪ੍ਰਸਿੱਧ ਢਾਡੀ ਹੋਏ ਹਨ ।
ਗੁਰੂ ਕਾਲ ਤੋਂ ਬਾਅਦ ਵੀ ਢਾਡੀ ਪਰੰਪਰਾ ਜਾਰੀ ਰਹੀ ਹੈ । ਕੁਝ ਢਾਡੀਆਂ ਦੇ ਨਾਮ ਇਸ ਪ੍ਰਕਾਰ ਹਨ-ਬਾਬਾ ਬਾਹੂ, ਮੋਦਨ ਢਾਡੀ, ਮੌਲਾ ਬਖਸ਼ ਆਦਿ ।
ਸਿੰਘ ਸਭਾ ਲਹਿਰ ਨੇ ਅਨੇਕ ਢਾਡੀਆਂ ਨੂੰ ਸਰਪ੍ਰਸਤੀ ਦਿੱਤੀ ਜਿਵੇਂ ਭਾਈ ਲਾਲ ਸਿੰਘ , ਕਿਸ਼ਨ ਸਿੰਘ ਕੜਤੋੜ, ਸੋਹਣ ਸਿੰਘ ਭੀਲਾ, ਸੋਹਣ ਸਿੰਘ ਘੁਕੇਵਾਲੀਆ, ਨਰਵੈਰ ਪਾਲ, ਊਧਮ ਸਿੰਘ ਅਤੇ ਜੂਝਾਰ ਸਿੰਘ । ਅਜੋਕੇ ਯੁੱਗ ਵਿਚ ਸੋਹਣ ਸਿੰਘ ਸੀਤਲ (ਸਵਰਗਵਾਸੀ), ਦਇਆ ਸਿੰਘ ਦਿਲਬਰ , ਈਦੂ ਖ਼ਾਨ, ਦੇਸ ਰਾਜ ਲਚਕਾਣੀ ਆਦਿ ਅਨੇਕਾਂ ਢਾਡੀ ਜਥਿਆਂ ਨੇ ਇਸ ਪਰੰਪਰਾ ਨੂੰ ਅੱਗੇ ਤੋਰਿਆ।
ਉਪਰੋਕਤ ਦੇ ਨਾਲ ਨਾਲ ਲੋਕ ਕਾਵਿ ਅਤੇ ਲੋਕ ਸੰਗੀਤ ਦੇ ਖੇਤਰ ਵਿਚ ਵੀ ਢਾਡੀਆਂ ਦਾ ਵਰਣਨ ਯੋਗ ਸਥਾਨ ਰਿਹਾ ਹੈ। ਇਹ ਢਾਡੀ ਪੰਜਾਬ ਵਿਚ ਲਗਦੇ ਮੇਲਿਆਂ ਉੱਤੇ ਆਪਣੇ ਤੌਰ ਤੇ ਹੀ ਪਹੁੰਚ ਕੇ ਲੋਕ ਕਾਵਿ ਸੁਣਾ ਕੇ ਲੋਕਾਂ ਦਾ ਮਨੋਰੰਜਨ ਕਰਦੇ ਸਨ । ਇਹ ਪਿਰਤ ਜਰਗ ਆਦਿ ਦੇ ਮੇਲਿਆਂ ਉੱਤੇ ਅਜੇ ਵੀ ਵੇਖਣ ਨੂੰ ਮਿਲਦੀ ਹੈ । ਢਾਡੀਆਂ ਰਾਹੀਂ ਗਾਇਨ ਕੀਤੇ ਲੋਕ ਕਾਵਿ ਦੇ ਕੁਝ ਰਿਕਾਰਡ ਮਿਲ ਜਾਂਦੇ ਹਨ । ਇਸ ਖੇਤਰ ਵਿਚ ਢਾਡੀ ਦੀਦਾਰ ਸਿੰਘ ਅਤੇ ਅਮਰ ਸਿੰਘ ਸ਼ੌਂਕੀ ਦਾ ਨਾਮ ਕਾਫੀ ਉੱਘਾ ਰਿਹਾ ਹੈ। ਅਜੋਕੇ ਦੌਰ ‘ਚ ਪ੍ਰਚੱਲਿਤ ਹੋਏ ਸਭਿਆਚਾਰਕ ਮੇਲਿਆਂ ਉੱਤੇ ਵੀ ਢਾਡੀ ਜੱਥੇ ਆਪਣੀ ਕਲਾ ਦੇ ਜੌਹਰ ਦਿਖਾਉਂਦੇ ਅਕਸਰ ਮਿਲ ਜਾਂਦੇ ਹਨ।
ਲੇਖਕ : ਡਾ. ਜਗੀਰ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5446, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-19-11-27-43, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First