ਤੀਜ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਤੀਜ: ਤੀਜ ਨਵੀਆਂ ਵਿਆਹੀਆਂ ਔਰਤਾਂ ਦਾ ਤਿਉਹਾਰ ਹੈ ਜੋ ਸਾਉਣ ਮਹੀਨੇ ਦੀ ਤੀਜੀ ਤਿੱਥ ਤੋਂ ਪੂਰਨਮਾਸ਼ੀ ਤੱਕ ਮਨਾਇਆ ਜਾਂਦਾ ਹੈ। ਸਾਉਣ ਦੇ ਮਹੀਨੇ ਵਿੱਚ ਮਨਾਇਆ ਜਾਣ ਕਰ ਕੇ ਇਸ ਤਿਉਹਾਰ ਨੂੰ ਸਾਵੇਂ ਵੀ ਕਿਹਾ ਜਾਂਦਾ ਹੈ। ਪੰਜਾਬ ਵਿੱਚ ਇਸ ਤਿਉਹਾਰ ਦਾ ਨਾਂ ਤੀਆਂ ਵੀ ਲਿਆ ਜਾਂਦਾ ਹੈ। ਇੱਕ ਰੀਤ ਅਨੁਸਾਰ ਮਾਪੇ ਆਪਣੀਆਂ ਸਜ ਵਿਆਹੀਆਂ ਧੀਆਂ ਨੂੰ ਸਾਉਣ ਦੇ ਮਹੀਨੇ ਤੋਂ ਪਹਿਲਾਂ ਹੀ ਸਹੁਰੇ ਘਰਾਂ ਤੋਂ ਪੇਕੇ ਘਰ ਲੈ ਆਉਂਦੇ ਹਨ। ਤੀਜ ਤੋਂ ਇੱਕ ਦਿਨ ਪਹਿਲਾਂ ਆਂਢ-ਗੁਆਂਢ ਦੀਆਂ ਕੁੜੀਆਂ ਇਕੱਠੀਆਂ ਹੋ ਕੇ ਹੱਥਾਂ ਤੇ ਮਹਿੰਦੀ ਲਾਉਂਦੀਆਂ ਹਨ ਤੇ ਸਹੁਰੇ ਘਰਾਂ ਤੋਂ ਆਈਆਂ ਮੁਟਿਆਰਾਂ ਘਰ-ਘਰ ਜਾ ਕੇ ਆਪਣੀਆਂ ਸਹੇਲੀਆਂ ਦੀ ਸੁੱਖ-ਸਾਂਦ ਪੁੱਛਦੀਆਂ ਹਨ। ਇਹਨਾਂ ਦਿਨਾਂ ਵਿੱਚ ਹਰ ਘਰ ਵਿੱਚ ਵਿਆਹ ਵਰਗਾ ਮਾਹੌਲ ਹੁੰਦਾ ਹੈ। ਖੀਰ ਰਿੰਨ੍ਹੀ ਜਾਂਦੀ ਹੈ, ਮਾਲ੍ਹ- ਪੂੜੇ ਤੇ ਗੁਲਗੁਲੇ ਪਕਾਏ ਜਾਂਦੇ ਹਨ।

     ਤੀਜ ਵਾਲੇ ਦਿਨ, ਢਲੀ ਦੁਪਹਿਰ ਮੁਟਿਆਰਾਂ ਇਕੱਠੀਆਂ ਹੋ ਕੇ ਨਗਰ-ਖੇੜੇ ਦੀ ਸੁੱਖ ਦੇ ਗੀਤ ਗਾਉਂਦੀਆਂ ਹੋਈਆਂ, ਪਿੰਡ ਦੀ ਪਿੱਪਲਾਂ ਤੇ ਬੋਹੜਾਂ ਵਾਲੀ ਸਾਂਝੀ ਥਾਂ ਵੱਲ ਨੂੰ ਤੁਰ ਪੈਂਦੀਆਂ ਹਨ। ਤੀਆਂ ਵਿੱਚ ਮੋਹਰੀ ਮੁਟਿਆਰਾਂ, ਹੋਰਨਾਂ ਕੁੜੀਆਂ ਵੱਲੋਂ ਕੰਨੀਆਂ ਫੜ ਕੇ ਤਾਣੀ ਹੋਈ ਫੁਲਕਾਰੀ ਦੇ ਚੰਦੋਏ ਹੇਠ ਤੁਰਦੀਆਂ ਹਨ ਜਿਨ੍ਹਾਂ ਵਿੱਚ ਕੁੜੀਆਂ ਤੋਂ ਇਲਾਵਾ ਭਾਬੀਆਂ, ਚਾਚੀਆਂ ਤੇ ਤਾਈਆਂ ਵੀ ਨਵੇਂ ਕੱਪੜੇ ਪਾ ਕੇ ਤੀਆਂ ਵਾਲੀ ਥਾਂ `ਤੇ ਪੁੱਜਦੀਆਂ ਹਨ।

     ਤੀਜ ਨਿਰੋਲ ਕੁਦਰਤ ਦੀ ਪੂਜਾ ਦਾ ਤਿਉਹਾਰ ਹੈ। ਇਸ ਦੀ ਖ਼ੁਸ਼ੀ ਵਿੱਚ ਮੁਟਿਆਰਾਂ ਤੀਆਂ ਦੇ ਪਿੜ ਵਿੱਚ ਜਾ ਕੇ ਹਾਸੇ ਬਿਖੇਰਦੀਆਂ ਹਨ ਅਤੇ ਪੇਕੇ ਘਰ ਆਉਣ ਨੂੰ ਤਾਂਘਦੀਆਂ ਹਨ :

ਮਹੀਨਾ ਸਾਉਣ ਦਾ, ਤੀਆਂ ਦੇ ਦਿਨ ਨੇੜੇ,

ਘੱਲੀਂ ਮਾਏ ਵੱਡੇ ਵੀਰ ਨੂੰ।

ਨਿੱਤ ਕਾਂਗ ਉਡਾਰੀ ਆ ਬਨੇਰੇ,

          ਘੱਲੀਂ ਮਾਏ ਵੱਡੇ ਵੀਰ ਨੂੰ।

     ਕੁੜੀਆਂ ਪਿੱਪਲਾਂ ਤੇ ਪੀਂਘਾਂ ਪਾ ਲੈਂਦੀਆਂ ਹਨ। ਮੁਟਿਆਰਾਂ ਗਿੱਧੇ ਦੇ ਗੋਲ ਪਿੜ ਵਿੱਚ ਖੜੋ ਕੇ ਤਾਲ ਦਿੰਦੀਆਂ ਹਨ। ਇਸ ਗਿੱਧੇ ਵਿੱਚ ਕਿਸੇ ਸਾਜ਼ ਦੀ ਵਰਤੋਂ ਨਹੀਂ ਕੀਤੀ ਜਾਂਦੀ। ਮੁਟਿਆਰਾਂ ਤਾੜੀ ਮਾਰ ਕੇ ਸੁਰ- ਤਾਲ ਪੈਦਾ ਕਰਦੀਆਂ ਹਨ। ਗਿੱਧੇ ਵਿੱਚ ਨੱਚਣ ਵਾਲੀਆਂ ਕੁੜੀਆਂ ਧਰਤੀ ਉੱਤੇ ਅੱਡੀ ਮਾਰ ਕੇ ਤਾਲ ਨਾਲ ਤਾਲ ਮਿਲਾਉਂਦੀਆਂ ਹਨ।

     ਤੀਆਂ ਗਿੱਧੇ ਵਿੱਚ ਨੱਚਣ ਦੀ ਇੱਕ ਬੱਝਵੀ ਪ੍ਰਕਿਰਿਆ ਹੈ। ਪਹਿਲਾਂ ਇੱਕ ਕੁੜੀ ਬੋਲੀ ਪਾਉਂਦੀ ਹੈ। ਦੂਜੀਆਂ ਕੁੜੀਆਂ ਬੋਲੀ ਦੇ ਆਖ਼ਰੀ ਟੱਪੇ ਨੂੰ ਵਾਰ-ਵਾਰ ਦੁਹਰਾ ਕੇ ਬੋਲੀ ਚੁੱਕਦੀਆਂ ਹਨ ਤੇ ਦੋ ਕੁੜੀਆਂ ਦੀ ਜੋੜੀ ਗਿੱਧੇ ਦੇ ਪਿੜ ਵਿੱਚ ਨੱਚਦੀ ਹੈ। ਕਈ ਵਾਰ ਨੱਚਦੀਆਂ- ਨੱਚਦੀਆਂ ਕੁੜੀਆਂ ਮੂੰਹ ਨਾਲ ਭੁਰਕੜੇ ਦੀ ਅਵਾਜ਼ ਵੀ ਕੱਢਦੀਆਂ ਹਨ, ਇਸ ਨੂੰ ‘ਰੂੰ ਪਿੰਜਣਾ` ਕਿਹਾ ਜਾਂਦਾ ਹੈ। ਦਿਨ ਛਿਪਣ ਤੱਕ ਮੁਟਿਆਰਾਂ ਨਵੀਆਂ ਤੋਂ ਨਵੀਆਂ ਬੋਲੀਆਂ ਪਾ ਕੇ, ਭੈਣਾਂ, ਸਹੇਲੀਆਂ, ਨਣਦਾਂ, ਭਰਜਾਈਆਂ, ਦਰਾਣੀਆਂ, ਜਠਾਣੀਆਂ ਬਾਰੋ-ਬਾਰੀ ਨੱਚਦੀਆਂ ਰਹਿੰਦੀਆਂ ਹਨ।

     ਤੀਆਂ ਦਾ ਅਖੀਰਲਾ ਦਿਨ ਬਹੁਤ ਵਿਸ਼ੇਸ਼ ਹੁੰਦਾ ਹੈ। ਇਸ ਦਿਨ ਵਧੀਆ ਨੱਚਣ ਵਾਲੀਆਂ ਤੀਆਂ ਦੀਆਂ ਮੋਹਰੀ ਮੁਟਿਆਰਾਂ ਧੂੰਮ-ਧੜੱਕੇ ਨਾਲ ਨੱਚਦੀਆਂ ਹਨ। ਗਿੱਧੇ ਵਿੱਚ ਆਪਣੇ ਨਗਰ-ਖੇੜੇ, ਬਾਬਲ ਮਾਂ, ਤਾਏ, ਚਾਚੇ ਤੇ ਵੀਰਾਂ ਦੀ ਸਿਫ਼ਤ ਕੀਤੀ ਜਾਂਦੀ ਹੈ। ਵਰੀ ਦੇ ਸੂਟ ਤੇ ਸੋਨੇ-ਚਾਂਦੀ ਦੇ ਗਹਿਣਿਆਂ ਨਾਲ ਸੱਜ ਕੇ ਆਈਆਂ ਮੁਟਿਆਰਾਂ, ਵਿਆਹ ਦੇ ਗੀਤ-ਨਾਟ, ਸੱਸ-ਸਹੁਰੇ, ਜੇਠ-ਦਿਓਰਾਂ ਬਾਰੇ ਗੀਤ-ਨਾਟ ਪੇਸ਼ ਕਰਦੀਆਂ ਹਨ। ਤੀਜ ਵਾਲੇ ਦਿਨ ਗਿੱਧੇ ਦਾ ਸਿਖਰ ਹੁੰਦਾ ਹੈ। ਬੱਲੋਂ ਪਾਈ ਜਾਂਦੀ ਹੈ। ਜਿਹੜੀ ਕੁੜੀ ਕਦੇ ਨਹੀਂ ਨੱਚੀ ਹੁੰਦੀ ਉਸ ਨੂੰ ਵੀ ਸ਼ਗਨ ਵਜੋਂ ਉਸ ਦਿਨ ਨਚਾਇਆ ਜਾਂਦਾ ਹੈ। ਅੰਤ ਵਿੱਚ ਮੁਟਿਆਰਾਂ ਪਿੱਪਲਾਂ, ਬੋਹੜਾਂ ਤੇ ਸਾਉਣ ਦੇ ਮਹੀਨੇ ਦੀ ਸਿਫ਼ਤ ਗਾਉਂਦੀਆਂ ਹਨ। ਕੋਈ ਮੁਟਿਆਰ ਅਕਾਸ਼ ਵੱਲ ਮੂੰਹ ਕਰ ਕੇ ਸ਼ੁਕਰਾਨੇ ਵਜੋਂ ਧਰਤੀ ਨੂੰ ਸੀਸ ਨਿਵਾਉਂਦੀ ਹੋਈ ਬੋਲੀ ਪਾਉਂਦੀ ਹੈ :

ਉਚੇ ਟਿੱਬੇ ਮੈਂ ਨਰਮਾ ਚੁਗਦੀ,

ਚੁਗ-ਚੁਗ ਲਾਵਾਂ ਢੇਰ।

ਤੀਆਂ ਤੀਜ ਦੀਆਂ,

ਵਰ੍ਹੇ ਦਿਨਾਂ ਨੂੰ ਫੇਰ।

          ਤੀਆਂ ਤੀਜ ਦੀਆਂ...

ਇਸ ਬੋਲੀ ਨਾਲ ਤੀਆਂ ਦਾ ਸਾਰਾ ਪਿੜ ਨੱਚ ਉੱਠਦਾ ਹੈ। ਅੰਤ ਸੂਰਜ ਦੀ ਟਿੱਕੀ ਛਿਪਦੀ ਨਾਲ ਮੁਟਿਆਰਾਂ ਪਿੰਡ ਦਾ ਦਰਵਾਜ਼ਾ ਲੰਘ ਕੇ ਆਪੋ-ਆਪਣੇ ਘਰੀਂ ਪਹੁੰਚ ਜਾਂਦੀਆਂ ਹਨ।


ਲੇਖਕ : ਹਰਨੇਕ ਕਲੇਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 18814, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਤੀਜ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੀਜ (ਨਾਂ,ਇ) ਚੰਦਰਮਾ ਪੱਖ ਦੀ ਤੀਜੀ ਤਿਥਿ; ਵੇਖੋ : ਤੀਆਂ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18808, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਤੀਜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੀਜ [ਨਾਂਇ] ਪੂਰਨਮਾਸ਼ੀ ਜਾਂ ਮੱਸਿਆ ਤੋਂ ਮਗਰੋਂ ਤੀਜਾ ਦਿਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18792, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਤੀਜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੀਜ. ਸੰਗ੍ਯਾ— तृतीया —ਤ੍ਰਿਤੀਯਾ. ਚੰਦ੍ਰਮਾ ਦੇ ਪੱਖ ਦੀ ਤੀਜੀ ਤਿਥਿ । ੨ ਸਾਵਨ ਸੁਦੀ ੩, ਤੀਆਂ ਦਾ ਤ੍ਯੋਹਾਰ. ਦੇਖੋ, ਤੀਆਂ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17533, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.