ਤਖ਼ਤੂਪੁਰਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ

ਤਖ਼ਤੂਪੁਰਾ  : ਪੰਜਾਬ ਰਾਜ ਦੇ ਮੋਗਾ ਜ਼ਿਲ੍ਹੇ ਦੀ ਇਸੇ ਹੀ ਨਾਂ ਦੀ ਤਹਿਸੀਲ ਵਿਚ ਮੋਗਾ ਤੋਂ 30 ਕਿ. ਮੀ., ਮੋਗਾ-ਬਰਨਾਲਾ ਸੜਕ ਤੋਂ ਦੋ ਕਿ. ਮੀ. ਦੀ ਵਿਥ ਤੇ ਗੁਰੂ ਗੋਬਿੰਦ ਸਿੰਘ ਮਾਰਗ ਤੇ ਸਥਿਤ ਇਕ ਪਿੰਡ ਹੈ ਜਿਸਦਾ ਇਤਿਹਾਸਕ ਪਿਛੋਕੜ ਬਹੁਤ ਹੀ ਰੋਚਕ ਹੈ। ਖਿਆਲ ਹੈ ਕਿ ਕਦੇ ਇਥੇ ਜੋਗੀਆਂ ਦੇ ਵੱਡੇ-ਵੱਡੇ ਟੋਲੇ ਰਿਹਾ ਕਰਦੇ ਸਨ ਤੇ ਉਨ੍ਹਾਂ ਦੀ ਹਰ ਵੀਹਾਂ ਸਾਲਾਂ ਬਾਅਦ ਬੀਸਵੀਂ (ਮੇਲਾ) ਲੱਗਿਆ ਕਰਦੀ ਸੀ ਜਿਸ ਵਿਚ ਦੂਰ ਦੂਰ ਤੋਂ ਜੋਗੀ ਆਉਂਦੇ ਸਨ। ਭਰਥਰੀ ਨਾਲ ਸਬੰਧਤ ਹੋਣ ਕਰਕੇ ਇਹ ਅਸਥਾਨ ਬਹੁਤ ਪੁਰਾਣਾ ਹੈ। ਜੋਗੀਆਂ ਦਾ ਆਖ਼ਰੀ ਮੇਲਾ 1903 ਈ. ਵਿਚ ਲਗਿਆ ਦੱਸਿਆ ਜਾਂਦਾ ਹੈ ਜਿਹੜਾ ਕਿ ਬਾਅਦ ਵਿਚ ਹੌਲੀ ਹੌਲੀ ਬੰਦ ਹੋ ਗਿਆ। ਅੱਜਕੱਲ੍ਹ ਉਹੀ ਮੇਲਾ ਗੁਰੂ ਗੋਬਿੰਦ ਸਿੰਘ ਦੀ ਯਾਦ ਵਿਚ ਮਾਘੀ ਮੇਲੇ ਦੇ ਰੂਪ ਵਿਚ ਹਰ ਸਾਲ ਲੱਗਣ ਲਗ ਪਿਆ ਹੈ।

ਇਸ ਥਾਂ ਦੀ ਮਹੱਤਤਾ ਸਿੱਖ ਗੁਰੂਆਂ ਕਰਕੇ ਵੀ ਹੈ। ਇਥੇ ਗੁਰੂ ਨਾਨਕ ਦੇਵ ਜੀ ਦੀ ਜੋਗੀਆਂ ਨਾਲ ਗੋਸ਼ਟੀ ਹੋਈ ਸੀ। ਗੋਸ਼ਟੀ ਦੌਰਾਨ ਭਰਥਰੀ ਦੀ ਤਿੱਖੀ ਨਜ਼ਰ ਨਾਲ ਗੁਰੂ ਜੀ ਦੇ ਇਕ ਸੇਵਕ ਭਾਈ ਜੱਕੋ ਦੇ ਮੂੰਹ ਦੇ ਕੁਝ ਹਿੱਸੇ ਦੇ ਕਾਲਾ ਹੋ ਜਾਣ ਦੀ ਕਰਾਮਾਤ ਦਾ ਜ਼ਿਕਰ ਵੀ ਆਉਂਦਾ ਹੈ ਜੋ ਛੱਪੜੀ ਵਿਚੋਂ ਧੋਤੇ ਜਾਣ ਨਾਲ ਠੀਕ ਹੋਇਆ। ਇਹ ਛੱਪੜੀ ਅੱਜਕੱਲ੍ਹ ਸਰੋਵਰ ਦੇ ਰੂਪ ਵਿਚ ਸੁਸ਼ੋਭਿਤ ਹੈ। ਕੋਲ ਹੀ ਭਰਥਰੀ ਦੀ ਜਗ੍ਹਾ ਬਣੀ ਹੋਈ ਹੈ। ਆਮ ਲੋਕਾਂ ਦਾ ਵਿਸ਼ਵਾਸ ਹੈ ਕਿ ਉਥੇ ਲੂਣ ਅਤੇ ਝਾੜੂ ਚੜ੍ਹਾਉਣ ਨਾਲ ਚਮੜੀ ਦੇ ਰੋਗ ਦੂਰ ਹੋ ਜਾਂਦੇ ਹਨ। ਗੁਰੂ ਗੋਬਿੰਦ ਸਿੰਘ ਜੀ ਵੀ ਮੁਕਤਸਰ ਜਾਂਦੇ ਹੋਏ, ਦੀਨਾ ਕਾਂਗੜ ਜਾਣ ਤੋਂ ਪਹਿਲਾਂ, ਇਸ ਛੱਪੜੀ ਵਿਚੋਂ ਦੀ ਘੋੜੇ ਸਮੇਤ ਲੰਘ ਕੇ ਦੂਜੇ ਪਾਸੇ ਜਾ ਬੈਠੇ ਅਤੇ ਆਪਣੀ ਬਚੀ-ਖੁਰੀ ਸੈਨਾ ਨੂੰ ਇੱਕਠਿਆਂ ਕਰਨ ਲਈ ਕਈ ਦਿਨ ਇਥੇ ਟਿਕੇ ਰਹੇ। ਇਨ੍ਹਾਂ ਤੋਂ ਬਿਨਾਂ ਇਹ ਅਸਥਾਨ ਛੇਵੇਂ ਗੁਰੂ ਹਰਿਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਛੋਹ ਤੋਂ ਵੀ ਵਾਂਝਾ ਨਹੀਂ ਹੈ। ਇਨ੍ਹਾਂ ਦੀ ਯਾਦ ਵਿਚ ਇਥੇ ਤਿੰਨ ਗੁਰਦੁਆਰੇ ਬਣੇ ਹੋਏ ਹਨ।

ਇਸ ਅਸਥਾਨ ਦੀ ਇਤਿਹਾਸਕ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਹੀ ਇਥੇ ਗੁਰੂ ਗੋਬਿੰਦ ਸਿੰਘ ਮਾਗਰ ਦੀਆਂ ਵੀਹ ਲਾਠਾਂ ਵਿਚੋਂ ਇਕ ਇਥੇ ਲਗਾਈ ਗਈ ਹੈ।

ਮਾਘੀ ਦਾ ਮੇਲਾ ਇਥੇ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਇਸ  ਦਿਨ ਇਥੇ ਢਾਡੀ ਦਰਬਾਰ ਲਗਦੇ ਹਨ। ਰਾਤ ਨੂੰ ਦੀਪਮਾਲਾ ਕੀਤੀ ਜਾਂਦੀ ਹੈ। ਇਹ ਮੇਲਾ ਤਿੰਨ ਦਿਨ ਚਲਦਾ ਹੈ। ਤਿੰਨਾਂ ਦਿਨਾਂ ਵਿਚ ਰਾਜਨੀਤਕ ਅਤੇ ਧਾਰਮਿਕ ਕਾਨਫੰਰਸਾਂ ਵੀ ਚਲਦੀਆਂ ਰਹਿੰਦੀਆਂ ਹਨ ਜਿਸ ਵਿਚ ਸੰਤ ਲੋਪੋ ਵਾਲਿਆਂ ਦੇ ਧਾਰਮਿਕ ਦੀਵਾਨ ਵਿਸ਼ੇਸ਼ ਥਾਂ ਰੱਖਦੇ ਹਨ।

ਆਬਾਦੀ – 3,474 (1981)

30° 35´ ਉ. ਵਿਥ.; 75° 15´ ਪੂ. ਲੰਬ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 881, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-03-06-02-54-46, ਹਵਾਲੇ/ਟਿੱਪਣੀਆਂ: ਹ. ਪੁ. –ਪੰਜਾਬੀ ਟ੍ਰਿਬਿਊਨ 14:1 87; ਸੈਸਿਸ ਆਫ ਇੰਡੀਆ 1981 ; ਡਿਸਟ੍ਰਿਕਟ ਮੈਸਿਸ ਹੈੱਡ ਬੁੱਕ-ਫਰੀਦਕੋਟ ਡਿਸਟ੍ਰਿਕਟ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.