ਦੁੱਲਾ ਭੱਟੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦੁੱਲਾ ਭੱਟੀ (ਨਾਂ,ਪੁ) ਸਾਂਦਲਬਾਰ ਦਾ ਵਸਨੀਕ, ਗ਼ਰੀਬਾਂ ਦਾ ਮਦਦਗਾਰ ਅਤੇ ਅਕਬਰ ਰਾਜ ਸਮੇਂ ਹੋਇਆ ਪੰਜਾਬ ਦਾ ਇੱਕ ਬੀਰ-ਨਾਇਕ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4284, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਦੁੱਲਾ ਭੱਟੀ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਦੁੱਲਾ ਭੱਟੀ : ਇਹ ਪੰਜਾਬ ਦਾ ਪ੍ਰਸਿੱਧ ਲੋਕ–ਨਾਇਕ ਹੈ ਜਿਸ ਦਾ ਜ਼ਿਕਰ ਪੰਜਾਬੀ ਕਿੱਸਿਆਂ, ਕਹਾਣੀਆਂ ਅਤੇ ਕਵਿਤਾਵਾਂ ਵਿਚ ਮਿਲਦਾ ਹੈ । ਇਸ ਦੇ ਜੀਵਨ ਉੱਤੇ ਅਧਾਰਿਤ ਪ੍ਰਸਿੱਧ ਪੰਜਾਬੀ ਫ਼ਿਲਮ ‘ਦੁੱਲਾ ਭੱਟੀ' ਵੀ ਬਣੀ । ਲੋਕ ਪ੍ਰਚਲਿਤ ਕਥਾ ਮੁਤਾਬਕ ਦੁੱਲੇ ਦਾ ਜਨਮ ਪਿੰਡੀ ਦੇ ਵਸਨੀਕ ਭੱਟੀ ਰਾਜਪੂਤ ਫ਼ਰੀਦ ਖ਼ਾਨ ਦੇ ਘਰ ਹੋਇਆ । ਇਸ ਦੀ ਮਾਤਾ ਦਾ ਨਾਂ ਲਧੀ ਸੀ । ਜਦੋਂ ਇਹ ਗਭਰੂ ਹੋਇਆ ਤਾਂ ਮਜ਼ਲੂਮਾਂ ਉੱਤੇ ਜ਼ੁਲਮ ਕਰਨ ਵਾਲੇ ਜਾਬਰਾਂ ਨਾਲ ਲੋਹਾ ਲੈਣ ਲੱਗਾ । ਇਹ ਅਮੀਰਾਂ ਨੂੰ ਲੁੱਟ ਕੇ, ਲੁੱਟੀ ਹੋਈ ਦੌਲਤ ਗਰੀਬਾਂ ਵਿਚ ਵੰਡ ਦਿੰਦਾ ਸੀ । ਵਿਰੋਧੀਆਂ ਨੇ ਇਸ ਨੂੰ ਡਾਕੂ ਦੇ ਤੌਰ ਤੇ ਬਦਨਾਮ ਕਰ ਦਿੱਤਾ। ਦੁੱਲੇ ਭੱਟੀ ਵੱਲੋਂ ਇਕ ਮੁਸਲਮਾਨ ਹਾਕਮ ਦੁਆਰਾ ਇਕ ਗ਼ਰੀਬ ਬ੍ਰਾਹਮਣ ਦੀਆਂ ਉਧਾਲੀਆਂ ਲੜਕੀਆਂ ਸੁੰਦਰੀ ਤੇ ਮੁੰਦਰੀ ਨੂੰ ਛਡਵਾਉਣ ਤੇ ਫ਼ਿਰ ਉਨ੍ਹਾਂ ਦਾ ਹੱਥੀ ਵਿਆਹ ਕਰਨ ਦੀ ਕਹਾਣੀ ਅੱਜ ਵੀ ਇਕ ਲੋਕ–ਗੀਤ ਦੇ ਰੂਪ ਵਿਚ ਪ੍ਰਚਲਿਤ ਹੈ –

          ਸੁੰਦਰ, ਮੁੰਦਰੀਏ, ਤੇਰਾ ਕੌਣ ਵਿਚਾਰਾ ਹੋ

          ਦੁੱਲਾ ਭੱਟੀ ਵਾਲਾ ਹੋ …………

ਦੁੱਲੇ ਦਾ ਚਾਚਾ ਜਲਾਲੁੱਦੀਨ ਇਸ ਨਾਲ ਖਾਰ ਖਾਂਦਾ ਸੀ। ਉਸ ਨੇ ਬਾਦਸ਼ਾਹ ਅਕਬਰ ਕੋਲ ਸ਼ਿਕਾਇਤ ਕੀਤੀ ਕਿ ਦੁੱਲੇ ਨੇ ਸਾਂਦਲ ਬਾਰ ਦੇ ਇਲਾਕੇ ਵਿਚ ਲੁੱਟ ਮਾਰ ਮਚਾਈ ਹੋਈ ਹੈ। ਬਾਦਸ਼ਾਹ ਨੇ ਮਿਰਜ਼ਾ ਅਲਾਉੱਦੀਨ ਨੂੰ ਬਾਰਾਂ ਹਜ਼ਾਰ ਸੈਨਿਕ ਦੇ ਕੇ ਦੁੱਲੇ ਵਿਰੁੱਧ ਮੁਹਿੰਮ ਤੇ ਭੇਜਿਆ। ਅਲਾੳੱਦੀਨ ਨੇ ਆਪਣੀ ਸੈਨਿਕ ਟੁਕੜੀ ਨੂੰ ਦੋ ਹਿੱਸਿਆਂ ਵਿਚ ਵੰਡਿਆ। ਇਕ ਟੁਕੜੀ ਅਪਣੇ ਪਾਸ ਰੱਖੀ ਤੇ ਨੈਨਾਬਾਸ ਨਾਂ ਦੇ ਪਿੰਡ ਪਹੁੰਚਿਆ ਜਿਥੇ ਦੁੱਲਾ ਹੋਲੀ ਮਨਾ ਰਿਹਾ ਸੀ ਅਤੇ ਦੂਜੀ ਟੁਕੜੀ ਜ਼ਿਆਉੱਦੀਨ ਦੀ ਕਮਾਨ ਹੇਠਾਂ ਪਿੰਡੀ ਨੂੰ ਭੇਜੀ । ਨੈਨਾਬਾਸ ਵਿਖੇ ਇਕ ਗਵਾਲਣ ਨੇ (ਜਿਸ ਉੱਪਰ ਦੁੱਲੇ ਨੇ ਕਾਫ਼ੀ ਪਰਉਪਕਾਰ ਕੀਤੇ ਹੋਏ ਸਨ ) ਅਲਾਉੱਦੀਨ ਨੂੰ ਆਪਣੀਆਂ ਅਦਾਵਾਂ ਨਾਲ ਮੋਹਿਤ ਕਰ ਕੇ ਕਤਲ ਕਰ ਦਿੱਤਾ। ਦੂਜੇ ਪਾਸ ਜ਼ਿਆਉੱਦੀਨ ਨੇ  ਦੁੱਲੇ ਦੇ ਸਾਰੇ ਪਰਿਵਾਰ ਨੂੰ ਬੰਦੀ ਬਣਾ ਲਿਆ। ਜਦ ਦੁੱਲੇ ਦੇ ਸਾਥੀ ਮੇਹਰੂ ਪੋਸਤੀ ਰਾਹੀਂ ਦੁੱਲੇ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਇਸ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਸ਼ਾਹੀ ਸੈਨਾ ਉੱਤੇ ਹੱਲਾ ਬੋਲ ਦਿੱਤਾ ਤੇ ਜਿੱਤ ਪ੍ਰਾਪਤ ਕਰ ਕੇ ਆਪਣੇ ਪਰਿਵਾਰ ਨੂੰ ਮੁਕਤ ਕਰਵਾਇਆ। ਇਹ ਵੀ ਪ੍ਰਚਲਿਤ ਹੈ ਕਿ ਅਕਬਰ ਬਾਦਸ਼ਾਹ ਨੇ ਇਸ ਨੁੰ ਧੋਖੇ ਨਾਲ ਕੈਦ ਕਰ ਕੇ ਕਤਲ ਕਰਵਾ ਦਿੱਤਾ ਸੀ ।

ਪ੍ਰਸਿੱਧ ਨਾਟਕਕਾਰ ਗੁਰਸ਼ਰਨ ਸਿੰਘ ਨੇ ਆਪਣੇ ਨਾਟਕ ‘ਧਮਕ ਨਗਾਰੇ ਦੀ' ਵਿਚ ਦੁੱਲਾ ਭੱਟੀ ਨੂੰ ਰਜਵਾੜਾਸ਼ਾਹੀ ਜ਼ੁਲਮਾਂ ਦੇ ਖਿਲਾਫ਼ ਉਭਰੀ ਕਿਸਾਨੀ ਲਹਿਰ ਦੇ ਆਗੂ ਵੱਜੋਂ ਚਿਤਰਿਆ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2537, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-25-03-05-39, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਲੋ. ਵਿ. ਕੋ. ਵਣਜਾਰਾ ਬੇਦੀ; ਪੰ. ਸਾ. ਸੰ. ਕੋ. ਡਾ. ਰਤਨ ਸਿੰਘ ਜੱਗੀ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.