ਧਨ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧਨ (ਨਾਂ,ਪੁ) ਰੁਪਈਆ ਪੈਸਾ; ਦੌਲਤ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23817, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਧਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧਨ [ਨਾਂਪੁ] ਦੌਲਤ, ਪੂੰਜੀ, ਰਕਮ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23806, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਧਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧਨ. ਸੰ. धन्. ਧਾ—ਸ਼ਬਦ ਕਰਨਾ, ਪੈਦਾ ਕਰਨਾ, ਫਲਣਾ। ੨ ਸੰਗ੍ਯਾ—ਦੌਲਤ. “ਧਨ ਦਾਰਾ ਸੰਪਤਿ ਸਗਲ.” (ਸ: ਮ: ੯) ੩ ਪ੍ਯਾਰੀ ਵਸ੍ਤੁ। ੪ ਸੰਪੱਤਿ. ਵਿਭੂਤੀ। ੫ ਸੰ. ਧਨਿਕਾ. ਜੁਆਨ ਇਸਤ੍ਰੀ. “ਧਨ ਪਿਰੁ ਏਹਿ ਨ ਆਖੀਅਨਿ.” (ਮ: ੩ ਵਾਰ ਸੂਹੀ) ੬ ਭਾਵ—ਰੂਹ. “ਸਾ ਧਨ ਪਕੜੀ ਏਕ ਜਨਾ.” (ਗਉ ਮ: ੧) ੭ ਸ਼ਰੀਰ. ਦੇਹ. “ਜਾ ਸਾਥੀ ਉਠੀ ਚਲਿਆ ਤਾ ਧਨ ਖਾਕੂ ਰਾਲਿ.” (ਸ੍ਰੀ ਮ: ੫) “ਪ੍ਰਿਉ ਦੇ ਧਨਹਿ ਦਿਲਾਸਾ ਹੇ.” (ਮਾਰੂ ਸੋਲਹੇ ਮ: ੫) ਪ੍ਰਿਯ (ਪਤਿ) ਤੋਂ ਭਾਵ ਜੀਵਾਤਮਾ ਅਤੇ ਧਨ ਤੋਂ ਦੇਹ ਹੈ। ੮ ਸੰ. ਧਨ੍ਯ. ਵਿ—ਸਲਾਹੁਣ ਯੋਗ੍ਯ. “ਧਨ ਓਹੁ ਮਸਤਕ.” (ਗਉ ਮ: ੫) ੯ ਵ੍ਯ—ਵਾਹ! ਖੂਬ! “ਪਿਰ ਵਾਤੜੀ ਨ ਪੁਛਈ, ਧਨ ਸੋਹਾਗਣਿ ਨਾਉ!” (ਸ. ਫਰੀਦ) ੧੦ ਦੇਖੋ, ਧਨੁ ੪। ੧੧ ਧ੍ਵੰਸਨ (ਨਾਸ਼ ਕਰਨ) ਦੀ ਥਾਂ ਭੀ ਧਨ ਸ਼ਬਦ ਆਇਆ ਹੈ, ਯਥਾ—“ਨਾਮ ਮ੍ਰਿਗਨ ਸਬ ਕਹਿ ਧਨ ਸਬਦ ਉਚਾਰੀਐ.” (ਸਨਾਮਾ) ਮ੍ਰਿਗ ਨੂੰ ਕੱਟਣ ਵਾਲਾ ਖੜਗ । ੧੨ ਨਿਧਨ (ਵਿਨਾਸ਼) ਦਾ ਸੰਖੇਪ ਭੀ ਧਨ ਸ਼ਬਦ ਹੋ ਸਕਦਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23509, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-01, ਹਵਾਲੇ/ਟਿੱਪਣੀਆਂ: no

ਧਨ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਧਨ (ਸੰ.। ਸੰਸਕ੍ਰਿਤ ਧਨੰ) ੧. ਦੌਲਤ। ਯਥਾ-‘ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ’। ਧਨ ਇਸਤ੍ਰੀ ਤੇ ਪਦਾਰਥ (ਮਕਾਨਾਦਿ) ਸਭ ਨੂੰ ਅਪਣੀ ਕਰਕੇ ਨਾ ਮੰਨ ।           

ਦੇਖੋ, ‘ਧਨਵੰਤੇ’

੨. (ਸੰਸਕ੍ਰਿਤ ਧਨੀਕਾ=ਜੁਆਨ ਇਸਤ੍ਰੀ*) ਇਸਤ੍ਰੀ, ਵਹੁਟੀ। ਯਥਾ-‘ਧਨ ਵਾਂਢੀ ਝੂਰੇਇ’। ਵਿਛੜੀ ਹੋਈ ਇਸਤ੍ਰੀ ਝੂਰਦੀ ਹੈ। ਤਥਾ-‘ਧਨ ਪਿਰੁ ਏਹਿ ਨ ਆਖੀਅਨਿ’। ਤਥਾ-‘ਜਿਤੁ ਦਿਹਾੜੈ ਧਨ ਵਰੀ ’। ਜਿਸ ਦਿਨ ਇਸਤ੍ਰੀ (ਵਰ) ਵਿਆਹੀ ਜਾਏਗੀ, (ਉਹ ਸਾਹੇ ਲਿਖੇ ਗਏ)।           

ਦੇਖੋ, ‘ਸਾਧਨ’, ‘ਧਨ ਵਾਢੀ’

੩. (ਸੰਸਕ੍ਰਿਤ ਧਨ੍ਯ:) ਉਸਤਤਿ ਜੋਗ , ਉਪਮਾ ਜੋਗ। ਯਥਾ-‘ਧਨੁ ਧੰਨਿ ਓ ਰਾਮ ਬਨੇੁ ਬਾਜੈ ’। ੨. ਸ਼ੁਕਰ

----------

* ਗੋਧਨ, ਪ੍ਰਾਣ ਧਨ, ਜੀਵਨ ਧਨ, ਇਸਤ੍ਰੀ ਧਨ ਆਦਿ ਪਦ ਵਰਤੀਂਦੇ ਰਹੇ ਹਨ, ਹੋ ਸਕਦਾ ਹੈ ਕਿ ਇਸਤ੍ਰੀ ਧਨ ਤੋਂ ਇਸਤ੍ਰੀ ਪਦ ਗਿਰ ਗਿਆ ਤੇ ਧਨ ਵਰਤੋਂ ਵਿਚ ਰਹਿ ਗਿਆ। ਹੁਣ ਤਕ ਬੀ ਬੋਲ ਚਾਲ ਵਿਚ ਹੈ -ਇਹ ਧੀ ਦਾ ਧਨ ਹੈ-, ਇਸ ਤੋਂ ਮੁਰਾਦ ਕੇਵਲ ਪਿਆਰੀ ਵਸਤੂ ਯਾ ਵਸਤੂ ਮਾਤ੍ਰ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 23475, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਧਨ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

ਧਨ : ਧਨ (wealth) ਅਰਥ-ਵਿਗਿਆਨ ਦੀ ਮੁੱਢਲੀ ਅਤੇ ਮਹੱਤਵਪੂਰਨ ਧਾਰਨਾ ਹੈ। ਕਲਾਸੀਕਲ ਅਰਥ- ਵਿਗਿਆਨੀ ਐਡਮ ਸਮਿੱਥ  (Adam Smith) , ਜੇ ਐੱਸ. ਮਿਲ  (J.S. Mill)  ਅਤੇ ਜੇ.ਬੀ.ਸੇ  (J.B.Say) ਅਰਥ-ਵਿਗਿਆਨ ਨੂੰ ਧਨ ਦਾ ਵਿਗਿਆਨ ਹੀ ਮੰਨਦੇ ਸਨ ਪਰ ਮਾਰਸ਼ਲ  (Alfred Marshall)  ਨੇ ਧਨ ਨੂੰ ਮਨੁੱਖੀ ਲੋੜਾਂ ਦੀ ਪੂਰਤੀ ਦਾ ਸਾਧਨ ਮੰਨਿਆ। ਉਸ ਅਨੁਸਾਰ ਕਿਸੇ ਦੇਸ ਜਾਂ ਮਨੁੱਖ ਕੋਲ ਵਧੇਰੇ ਧਨ ਹੋਣਾ ਉਸ ਦੇਸ ਜਾਂ ਮਨੁੱਖ ਦੀ ਅਮੀਰੀ, ਸ਼ਕਤੀ ਤੇ ਆਰਥਿਕ ਪ੍ਰਗਤੀ ਦਾ ਪ੍ਰਤੀਕ ਹੈ। ਆਮ ਲੋਕਾਂ ਲਈ ਧਨ ਦਾ ਅਰਥ ਸੰਪਤੀ (ਜ਼ਮੀਨ, ਮਕਾਨ, ਮਸ਼ੀਨ, ਕਾਰ ਆਦਿ), ਸੋਨਾ/ਚਾਂਦੀ ਅਤੇ ਮੁਦਰਾ (ਰੁਪਏ/ਪੈਸੇ) ਦੀ ਮਲਕੀਅਤ ਅਤੇ ਪ੍ਰਾਪਤੀ ਤੋਂ ਹੀ ਹੈ। ਪਰ ਅਰਥ-ਵਿਗਿਆਨ ਵਿੱਚ ਧਨ ਸ਼ਬਦ ਦਾ ਪ੍ਰਯੋਗ ਵਿਸ਼ਾਲ ਅਰਥਾਂ ਦੇ ਰੂਪ ਵਿੱਚ ਕੀਤਾ ਜਾਂਦਾ ਹੈ।

ਸ਼ੁਰੂ ਵਿੱਚ ਧਨ ਸੰਬੰਧੀ ਅਰਥ-ਵਿਗਿਆਨੀਆਂ ਵਿੱਚ ਮਤਭੇਦ ਰਹੇ ਹਨ। ਕਲਾਸੀਕਲ ਅਰਥ-ਵਿਗਿਆਨੀ ਕੇਵਲ ਭੌਤਿਕ ਵਸਤੂਆਂ  (tangible/material goods) , ਜਿਨ੍ਹਾਂ ਨੂੰ ਵੇਖ ਕੇ ਜਾਂ ਛੋਹ ਕੇ ਅਨੁਭਵ ਕੀਤਾ ਜਾ ਸਕਦਾ ਹੈ, ਨੂੰ ਹੀ ਧਨ ਵਿੱਚ ਸ਼ਾਮਲ ਕਰਦੇ ਸਨ। ਇਸਦਾ ਮੁੱਖ ਕਾਰਨ ਸੀ ਕਿ ਉਹ ਧਨ ਨੂੰ ਵਸਤੂਆਂ ਦਾ ਭੰਡਾਰ  (stock)  ਮੰਨਦੇ ਸਨ ਅਤੇ ਇਸ ਵਸਤੂ ਭੰਡਾਰ ਦਾ ਸਹੀ ਅਨੁਮਾਨ ਲਗਾਉਣਾ ਸੰਭਵ ਸੀ। ਅਜਿਹੇ ਅਰਥ-ਵਿਗਿਆਨੀ, ਸੇਵਾਵਾਂ  (services)  ਜਿਵੇਂ ਅਧਿਆਪਕ, ਡਾਕਟਰ, ਵਕੀਲ, ਘਰੇਲੂ ਨੌਕਰ ਆਦਿ ਦੀਆਂ ਸੇਵਾਵਾਂ ਨੂੰ ਧਨ ਦਾ ਭਾਗ ਨਹੀਂ ਮੰਨਦੇ ਸਨ, ਕਿਉਂਕਿ ਸੇਵਾਵਾਂ ਵਹਿਣ  (flow)  ਦੀ ਧਾਰਨਾ ਨਾਲ ਸੰਬੰਧਿਤ ਹਨ। ਇਹਨਾਂ ਨੂੰ ਵਸਤੂਆਂ ਵਾਂਗ ਜਮ੍ਹਾਂ ਨਹੀਂ ਕੀਤਾ ਜਾ ਸਕਦਾ ਅਤੇ ਸੇਵਾਵਾਂ ਦਾ ਜਿਉਂ ਹੀ ਉਤਪਾਦਨ ਹੁੰਦਾ ਹੈ, ਉਸੀ ਸਮੇਂ ਉਪਭੋਗ ਹੋ ਜਾਂਦਾ ਹੈ। ਇਸ ਕਰਕੇ ਸੇਵਾਵਾਂ ਦੇ ਉਤਪਾਦਨ ਦਾ ਸਹੀ ਅਨੁਮਾਨ ਲਗਾਉਣਾ ਜਾਂ ਮਿਣਨਾ ਸੰਭਵ ਨਹੀਂ ਸੀ।

ਪਰ ਆਧੁਨਿਕ ਅਰਥ-ਵਿਗਿਆਨੀ ਸਾਰੀਆਂ ਆਰਥਿਕ ਵਸਤੂਆਂ ਤੇ ਸੇਵਾਵਾਂ, ਜਿਨ੍ਹਾਂ ਦਾ ਮੰਡੀ ਵਿੱਚ ਮੁੱਲ ਹੋਵੇ ਅਤੇ ਜੋ ਮਨੁੱਖੀ ਲੋੜਾਂ ਨੂੰ ਸੰਤੁਸ਼ਟ ਕਰਨ ਦੀ ਸਮਰੱਥਾ ਰੱਖਦੀਆਂ ਹੋਣ, ਨੂੰ ਧਨ ਵਿੱਚ ਸ਼ਾਮਲ ਕਰਦੇ ਹਨ। ਆਰਥਿਕ ਵਸਤੂਆਂ/ਸੇਵਾਵਾਂ, ਉਹ ਹੁੰਦੀਆਂ ਹਨ, ਜਿਨ੍ਹਾਂ ਵਿੱਚ ਸਾਡੀਆਂ ਲੋੜਾਂ ਪੂਰਾ ਕਰਨ ਦੀ ਉਪਯੋਗਤਾ  (utility) , ਦੁਰਲੱਭਤਾ  (scarcity)  ਅਤੇ ਮੁੱਲ ਤਬਦੀਲੀ  (value transferability)  ਦੇ ਗੁਣ ਪਾਏ ਜਾਂਦੇ ਹੋਣ। ਅਸਲ ਵਿੱਚ ਸਾਰੀਆਂ ਵਸਤੂਆਂ (ਟੈਲੀਫੂਨ, ਮੋਟਰ ਸਾਈਕਲ, ਮੋਬਾਇਲ ਆਦਿ) ਅਤੇ ਸੇਵਾਵਾਂ (ਅਧਿਆਪਕ, ਜੱਜ, ਵਕੀਲ ਆਦਿ) ਜਿਨ੍ਹਾਂ ਵਿੱਚ ਇਹ ਤਿੰਨੋਂ ਗੁਣ ਪਾਏ ਜਾਂਦੇ ਹੋਣ, ਧਨ ਕਹਾਉਂਦੀਆਂ ਹਨ। ਇਸ ਲਈ, ਅਰਥ-ਵਿਗਿਆਨ ਵਿੱਚ ਸਾਰੀਆਂ ਆਰਥਿਕ ਵਸਤੂਆਂ ਤੇ ਸੇਵਾਵਾਂ ਧਨ ਦਾ ਰੂਪ ਹਨ।

ਧਨ ਦੀ ਮੁੱਖ ਵਿਸ਼ੇਸ਼ਤਾ ਹੈ ਕਿ ਇਸ ਨੂੰ ਬਜ਼ਾਰ ਦੇ ਮੁੱਲ ਤੇ ਖ਼ਰੀਦਿਆ ਤੇ ਵੇਚਿਆ ਜਾ ਸਕਦਾ ਹੈ। ਕਿਸੇ ਵਸਤੂ/ਸੇਵਾ ਦਾ ਮੰਡੀ ਵਿੱਚ ਮੁੱਲ ਤਾਂ ਹੀ ਹੁੰਦਾ ਹੈ, ਜਦੋਂ ਇਸ ਵਿੱਚ ਹੇਠ ਲਿਖੇ ਤਿੰਨ ਗੁਣ ਪਾਏ ਜਾਣ:

1. ਉਪਯੋਗਤਾ : ਕਿਸੇ ਵਸਤੂ/ਸੇਵਾ ਨੂੰ ਧਨ ਬਣਨ ਲਈ ਉਸ ਵਸਤੂ/ਸੇਵਾ ਵਿੱਚ ਸਾਡੀਆਂ ਲੋੜਾਂ ਨੂੰ ਸੰਤੁਸ਼ਟ ਕਰਨ ਦੀ ਸ਼ਕਤੀ ਜਾਂ ਉਪਯੋਗਤਾ ਹੋਣੀ ਚਾਹੀਦੀ ਹੈ। ਇਸ ਉਪਯੋਗਤਾ ਕਾਰਨ ਹੀ ਉਸ ਵਸਤੂ/ਸੇਵਾ ਦੀ ਮੰਡੀ ਵਿੱਚ ਮੰਗ ਹੈ। ਉਦਾਹਰਨ ਦੇ ਤੌਰ ਤੇ, ਕਾਪੀ, ਕਿਤਾਬ, ਮਸ਼ੀਨਾਂ ਆਦਿ ਧਨ ਹਨ, ਕਿਉਂਕਿ ਇਹਨਾਂ ਵਸਤੂਆਂ ਦੀ ਉਪਯੋਗਤਾ ਹੈ, ਪਰ ਗਲੇ ਹੋਏ ਸੇਬ ਜਾਂ ਟੁੱਟੇ ਟੈਲੀਵੀਜ਼ਨ ਨੂੰ ਧਨ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਹਨਾਂ ਦੀ ਹੁਣ ਉਪਯੋਗਤਾ ਨਹੀਂ।

2. ਦੁਰਲੱਭਤਾ : ਕਿਸੇ ਵਸਤੂ/ਸੇਵਾ ਨੂੰ ਧਨ ਬਣਨ ਲਈ ਜ਼ਰੂਰੀ ਹੈ ਕਿ ਉਹ ਵਸਤੂ/ਸੇਵਾ ਦੀ ਮੰਗ ਉਸਦੀ ਪੂਰਤੀ ਤੋਂ ਵਧੇਰੇ ਹੋਵੇ, ਭਾਵ ਵਸਤੂ/ਸੇਵਾ ਦੁਰਲੱਭ ਹੋਵੇ। ਦੁਰਲੱਭ ਵਸਤੂਆਂ ਦਾ ਇਸ ਕਾਰਨ ਇੱਕ ਮੁੱਲ ਹੁੰਦਾ ਹੈ, ਜਿਵੇਂ ਕਾਰ, ਸਕੂਟਰ ਆਦਿ ਨੂੰ ਧਨ ਕਹਾਂਗੇ ਕਿਉਂਕਿ ਇਹ ਉਪਯੋਗੀ ਅਤੇ ਦੁਰਲੱਭ ਹਨ। ਦੂਸਰੇ ਪਾਸੇ ਹਨ, ਧੁੱਪ, ਹਵਾ ਤੇ ਪਾਣੀ ਧਨ ਨਹੀਂ ਹਨ, ਕਿਉਂਕਿ ਇਹਨਾਂ ਵਸਤੂਆਂ ਦੀ ਉਪਯੋਗਤਾ ਤਾਂ ਹੈ ਪਰ ਇਹ ਦੁਰਲੱਭ ਨਹੀਂ ਹਨ। ਇਹ ਵਸਤੂਆਂ ਸਾਨੂੰ ਮੁਫ਼ਤ ਮਿਲ ਜਾਂਦੀਆਂ ਹਨ ਅਤੇ ਸਾਨੂੰ ਕੋਈ ਮੁੱਲ ਨਹੀਂ ਦੇਣਾ ਪੈਂਦਾ।

3. ਮੁੱਲ ਤਬਦੀਲੀ : ਤੀਜਾ ਗੁਣ ਮੁੱਲ ਤਬਦੀਲੀ ਨਾਲ ਸੰਬੰਧਿਤ ਹੈ। ਮੁੱਲ ਤਬਦੀਲੀ ਦਾ ਅਰਥ ਹੈ ਕਿਸੇ ਵਸਤੂ/ਸੇਵਾ ਨੂੰ ਹੋਰਨਾਂ ਵਸਤੂਆਂ ਜਾਂ ਮੁਦਰਾ ਬਦਲੇ ਕਿਸੇ ਹੋਰ ਨੂੰ ਸੌਂਪਿਆ ਜਾ ਸਕਦਾ ਹੋਵੇ। ਇਸ ਤਰ੍ਹਾਂ ਜੋ ਵਸਤੂ ਪਹਿਲਾਂ ਤੁਹਾਡੀ ਮਲਕੀਅਤ ਅਧੀਨ ਸੀ, ਹੁਣ ਕਿਸੇ ਹੋਰ ਵਿਅਕਤੀ ਦੀ ਮਲਕੀਅਤ ਵਿੱਚ ਚਲੀ ਗਈ ਹੈ।

ਇਸ ਤਰ੍ਹਾਂ ਉਹ ਸਭ ਆਰਥਿਕ ਵਸਤੂਆਂ ਅਤੇ ਸੇਵਾਵਾਂ, ਜਿਨ੍ਹਾਂ ਵਿੱਚ ਉਪਯੋਗਤਾ, ਦੁਰਲੱਭਤਾ ਅਤੇ ਮੁੱਲ ਤਬਦੀਲੀ ਦੇ ਗੁਣ ਪਾਏ ਜਾਂਦੇ ਹੋਣ, ਧਨ ਵਿੱਚ ਸ਼ਾਮਲ ਹੁੰਦੀਆਂ ਹਨ। ਇਸ ਕਰਕੇ ਧਨ ਦਾ ਖੇਤਰ ਕਾਫ਼ੀ ਵਿਸ਼ਾਲ ਹੈ। ਉਦਾਹਰਨ ਵੱਜੋਂ, ਸਭ ਆਰਥਿਕ ਵਸਤੂਆਂ ਤੇ ਸੇਵਾਵਾਂ ਦੇ ਨਾਲ-ਨਾਲ ਕੰਪਨੀਆਂ ਦੇ ਸ਼ੇਅਰ, ਬਚਤ ਸਰਟੀਫਿਕੇਟ, ਕਾਪੀ ਰਾਈਟ ਜਾਂ ਪੇਟੈਂਟ, ਵਪਾਰ ਦੀ ਸ਼ਾਖ਼ ਆਦਿ ਵੀ ਧਨ ਵਿੱਚ ਸ਼ਾਮਲ ਹਨ।

ਅਸਲ ਵਿੱਚ, ਧਨ ਦੇ ਕਈ ਰੂਪ ਜਾਂ ਕਿਸਮਾਂ ਹਨ। ਆਧੁਨਿਕ ਅਰਥ-ਵਿਗਿਆਨੀ ਧਨ ਦੀਆਂ ਮੁੱਖ ਕਿਸਮਾਂ ਦਾ ਵਰਗੀਕਰਨ (ਚਿੱਤਰ : 1) ਹੇਠ ਲਿਖੇ ਅਨੁਸਾਰ ਕਰਦੇ ਹਨ :

1. ਨਿੱਜੀ ਧਨ : ਉਹ ਧਨ, ਜਿਸ ਉੱਪਰ ਕਿਸੇ ਇੱਕ ਮਨੁੱਖ ਜਾਂ ਪਰਿਵਾਰ ਦਾ ਅਧਿਕਾਰ ਹੁੰਦਾ ਹੈ, ਨਿੱਜੀ ਧਨ ਅਖਵਾਉਂਦਾ ਹੈ। ਭੂਮੀ, ਮਕਾਨ, ਕਾਰ, ਕੰਪਿਊਟਰ, ਫਰਨੀਚਰ ਆਦਿ ਨਿੱਜੀ ਧਨ ਦੀਆਂ ਉਦਾਹਰਨਾਂ ਹਨ।

2. ਸਰਬ-ਜਨਿਕ ਧਨ : ਇਹ ਉਹ ਧਨ ਹੈ ਜਿਸ ਉੱਪਰ ਕਿਸੇ ਦੇਸ ਦੀ ਸਰਕਾਰ ਦਾ ਅਧਿਕਾਰ ਹੁੰਦਾ ਹੈ। ਇਸਦਾ ਉਪਭੋਗ ਸਾਰਾ ਸਮਾਜ ਕਰਦਾ ਹੈ ਜਾਂ ਕਰ ਸਕਦਾ ਹੈ। ਇਸ ਲਈ ਇਸਨੂੰ ਜਨਤਕ ਜਾਂ ਸਮਾਜਿਕ ਧਨ ਵੀ ਕਹਿੰਦੇ ਹਨ। ਉਦਾਹਰਨ ਵੱਜੋਂ ਸੜਕਾਂ, ਨਹਿਰਾਂ, ਪਾਰਕ, ਸਰਕਾਰੀ ਕਾਲਜ/ਸਕੂਲ, ਸਰਕਾਰੀ ਸਿਹਤ ਸੰਸਥਾਵਾਂ ਆਦਿ।

3. ਰਾਸ਼ਟਰੀ ਧਨ : ਕਿਸੇ ਦੇਸ਼ ਦੇ ਕੁੱਲ ਨਿੱਜੀ ਧਨ ਅਤੇ ਸਰਬ-ਜਨਿਕ ਧਨ ਦੇ ਜੋੜ ਨੂੰ ਰਾਸ਼ਟਰੀ ਧਨ ਕਿਹਾ ਜਾਂਦਾ ਹੈ। ਜਿਵੇਂ ਸਾਡੇ ਦੇਸ਼ ਵਿੱਚ ਨਿੱਜੀ ਤੇ ਸਰਕਾਰੀ ਇਮਾਰਤਾਂ, ਕਾਰਖ਼ਾਨੇ, ਦਰਿਆ, ਪਹਾੜ, ਜੰਗਲ, ਖਣਿਜ ਪਦਾਰਥ ਆਦਿ ਰਾਸ਼ਟਰੀ ਧਨ ਦਾ ਹਿੱਸਾ ਹਨ।

4. ਅੰਤਰਰਾਸ਼ਟਰੀ ਧਨ : ਸੰਸਾਰ ਦੇ ਸਾਰੇ ਦੇਸ਼ਾਂ ਦੇ ਰਾਸ਼ਟਰੀ ਧਨ ਦੇ ਜੋੜ ਨੂੰ ਅਤੇ ਉਹ ਧਨ ਜਿਸ ਉੱਪਰ ਸਾਰੇ ਦੇਸ਼ਾਂ ਦਾ ਸਾਂਝਾ ਅਧਿਕਾਰ ਹੁੰਦਾ ਹੈ, ਅੰਤਰਰਾਸ਼ਟਰੀ ਧਨ ਕਿਹਾ ਜਾਂਦਾ ਹੈ। ਜਿਵੇਂ ਸਾਰੇ ਦੇਸ਼ਾਂ ਦਾ ਰਾਸ਼ਟਰੀ ਧਨ, ਸੰਯੁਕਤ ਰਾਸ਼ਟਰ ਸੰਘ ਦੀ ਸੰਪਤੀ, ਅੰਤਰਰਾਜੀ ਦਰਿਆ, ਸਮੁੰਦਰ ਆਦਿ।

 

5. ਸੰਭਾਵਿਤ ਧਨ : ਇਹ ਉਹ ਧਨ ਹੈ, ਜਿਸ ਦਾ ਸਾਨੂੰ ਇਸ ਸਮੇਂ ਪੂਰਨ ਗਿਆਨ ਨਹੀਂ ਜਾਂ ਸਾਨੂੰ ਪ੍ਰਾਪਤ ਨਹੀਂ, ਪਰ ਭਵਿੱਖ ਵਿੱਚ ਪ੍ਰਾਪਤ ਹੋਣ ਦੀ ਸੰਭਾਵਨਾ ਹੈ ਜਿਵੇਂ ਨਵੀਆਂ ਕਾਢਾਂ, ਧਰਤੀ ਜਾਂ ਸਮੁੰਦਰ ਵਿੱਚੋਂ ਨਵੇਂ ਖਣਿਜ ਪਦਾਰਥ ਮਿਲਣ ਦੀ ਸੰਭਾਵਨਾ ਨੂੰ ਸੰਭਾਵਿਤ ਧਨ ਵਿੱਚ ਸ਼ਾਮਲ ਕੀਤਾ ਜਾਂਦਾ ਹੈ।

6. ਮਨੁੱਖੀ ਧਨ : ਮਨੁੱਖੀ ਧਨ ਵਿੱਚ ਮਨੁੱਖ ਦੇ ਅਭੌਤਿਕ ਗੁਣਾਂ (ਗਿਆਨ, ਬੁੱਧੀ ਤੇ ਹੋਰ ਗੁਣ) ਅਤੇ ਕਾਰਜਕੁਸ਼ਲਤਾ ਨੂੰ ਸ਼ਾਮਲ ਕੀਤਾ ਜਾਂਦਾ ਹੈ। ਵਧੀਆ ਵਿਚਾਰ, ਗਿਆਨ ਭਰਪੂਰ, ਪੜ੍ਹੇ ਲਿਖੇ ਅਤੇ ਵੱਧ ਕਾਰਜਕੁਸ਼ਲਤਾ ਵਾਲੇ ਮਨੁੱਖ ਦੇਸ਼ ਵਿੱਚ ਨਿੱਜੀ ਤੇ ਸਰਬ-ਜਨਿਕ ਧਨ ਵਿੱਚ ਵਾਧੇ ਦਾ ਮੁੱਖ ਸ੍ਰੋਤ ਹਨ।

ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਅਰਥ- ਵਿਗਿਆਨ ਵਿੱਚ ਧਨ ਦੇ ਵਿਸ਼ਾਲ ਅਰਥ ਹਨ ਅਤੇ ਉਹ ਸਾਰੇ ਆਰਥਿਕ ਪਦਾਰਥ (ਵਸਤੂਆਂ ਅਤੇ ਸੇਵਾਵਾਂ), ਜੋ ਵਰਤਮਾਨ ਸਮੇਂ ਵਿੱਚ ਲੋਕਾਂ ਨੂੰ ਪ੍ਰਾਪਤ ਹਨ ਜਾਂ ਭਵਿੱਖ ਵਿੱਚ ਪ੍ਰਾਪਤ ਹੋਣ ਦੀ ਸੰਭਾਵਨਾ ਹੈ ਅਤੇ ਜਿਨ੍ਹਾਂ ਦਾ ਬਜ਼ਾਰ ਵਿੱਚ ਮੁੱਲ ਹੋਵੇ, ਧਨ ਵਿੱਚ ਸ਼ਾਮਲ ਹੁੰਦੇ ਹਨ।


ਲੇਖਕ : ਨਵਜੀਤ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 10063, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-03-25-10-12-40, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.